ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Apr 2013

ਧੜਕੇ ਦਿਲ (ਸੇਦੋਕਾ)

ਬੇਦਾਗ ਓਹ
ਲੱਗਿਆ ਦਾਗ ਕਿਵੇਂ
ਹੁਣ ਸੋਚਣ ਲੱਗਾ।
ਧੜਕੇ ਦਿਲ
ਤਸਦੀਕ ਕਰੇਂਦਾ
ਕਰ ਪ੍ਰੇਮਪੂਰਣ । 

ਉਦਯ ਵੀਰ ਸਿੰਘ
(ਗੋਰਖਪੁਰ-ਉ: ਪ੍ਰਦੇਸ) 
********************************************




28 Apr 2013

ਫੈਲੀ ਚਾਂਦਨੀ

1.
ਆਥਣ ਵੇਲ਼ਾ
ਤਟ ਸੀ ਸੁੰਨਸਾਨ
ਫਿਰਾਂ ਇੱਕਲਾ ।

2.
ਘੁੱਪ ਹਨ੍ਹੇਰਾ
ਜਦ ਫੈਲੇ ਜੱਗ 'ਤੇ
ਚੰਦ ਚੜ੍ਹਦਾ  ।


3.
ਫੈਲੀ ਚਾਂਦਨੀ
ਅਕਾਸ਼ ਤੋਂ ਧਰਤ
ਜਿਵੇਂ ਚਾਦਰ ।

ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ'
(ਨਵੀਂ ਦਿੱਲੀ) 
ਨੋਟ: ਇਹ ਪੋਸਟ ਹੁਣ ਤੱਕ 36 ਵਾਰ ਖੋਲ੍ਹ ਕੇ ਪੜ੍ਹੀ ਗਈ।

ਪੁਆ ਆਲ੍ਹਣੇ(ਸੇਦੋਕਾ)

1.

ਵੈਰੀ ਚਿੜੀ ਦੇ
ਮੋਬਾਈਲ ਟਾਵਰ
ਸਾਰੇ ਆਂਡੇ ਮਰਗੇ।
ਵਾਂਗ ਕੁੜੀ ਦੇ
ਅਸਾਂ ਮਾਰੀ ਆਂਡੇ 'ਚ
ਹੁਣ ਕੰਜਕ ਚਿੜੀ।


2.
ਘਰ ਦੇ ਜੀਅ
ਸਮਝ ਤੂੰ ਚਿੜੀਆਂ
ਪੁਆ ਦੇ ਤੂੰ ਆਲ੍ਹਣੇ
ਨਿੱਕੀ ਚਿੜੀਬਸੇਰਾ
ਪੁੰਨ ਹੋਵੇਗਾ ਤੇਰਾ।

ਸ਼ਿਆਮ ਸੁੰਦਰ ਅਗਰਵਾਲ
(ਕੋਟਕਪੂਰਾ)




27 Apr 2013

ਲਾਪਤਾ ਨੇ ਚਿੜੀਆਂ

1.

ਨਿੱਕੀ ਚਿੜੀਏ
ਬਹਿ ਸਾਡੇ ਵਿਹੜੇ
ਮਸਾਂ ਦਿਸੀਂ ਐਂ।


2.

ਖੇਤ 'ਚ ਅੱਗ
ਸੜਗੇ ਦਾਣੇ-ਕੀੜੇ
ਚਿੜੀ ਕੀ ਖਾਵੇ



ਸ਼ਿਆਮ ਸੁੰਦਰ ਅਗਰਵਾਲ਼
(ਕੋਟਕਪੂਰਾ)

ਨੋਟ: ਇਹ ਪੋਸਟ ਹੁਣ ਤੱਕ 19 ਵਾਰ ਖੋਲ੍ਹ ਕੇ ਪੜ੍ਹੀ ਗਈ।

26 Apr 2013

ਖਾਮੋਸ਼ ਅੱਖਾਂ

ਚੁੱਪੀ ਦੇ ਆਲਮ 'ਚ ਬੀਤਿਆ ਸਮਾਂ ਆਮ ਤੌਰ 'ਤੇ ਜ਼ਿੰਦਗੀ ਦੇ ਝਮੇਲਿਆਂ 'ਚ ਉਲਝਿਆ ਵਿਖਾਈ ਦਿੰਦਾ ਹੈ। ਇਸ ਤੇਜ਼ ਰਫ਼ਤਾਰ ਜੀਵਨ 'ਚ ਕਿਸੇ ਕੋਲ਼ ਵੀ ਐਨਾ ਵਕਤ ਨਹੀਂ ਕਿ ਉਹ ਕਿਸੇ ਦੇ ਕੋਈ ਕੰਮ ਆ ਸਕੇ, ਇਸ ਤਾਣੇ ਨੂੰ ਸੁਲਝਾਉਣ ਦੇ ਰਾਹੇ ਪਾਏ। ਸੱਚ ਜਾਣਿਓ ਜਿਸ ਕਿਸੇ ਨੇ ਵੀ ਸ਼ਬਦਾਂ ਨੂੰ ਆਵਦਾ ਸਾਥੀ ਮੰਨਿਆ ਹੈ ਉਸ ਨੂੰ ਕਦੇ ਵੀ ਕਿਸੇ ਦੀ ਕਮੀ ਨਹੀਂ ਰੜਕੀ। ਪਰ ਇਸ ਦਾ ਇਹ ਕਤਈ ਮਤਲਬ ਨਹੀਂ ਕਿ ਕਿਸੇ ਨਾਲ਼ ਸਾਂਝ ਹੀ ਨਾ ਪਾਓ। ਸਾਂਝ ਅਜਿਹੀ ਪਾਓ ਕਿ ਅਗਲਾ ਓਸ ਸਾਂਝੀਦਾਰ ਦੀ ਅੱਡੀਆਂ ਚੁੱਕ-ਚੁੱਕ ਰਾਹ ਵੇਖੇ। ਹਾਇਕੁ-ਲੋਕ ਦੇ ਸਾਂਝੀਦਾਰਾਂ ਦੀ ਵੀ ਬੜੀ ਬੇਸਬਰੀ ਨਾਲ਼ ਉਡੀਕ ਰਹਿੰਦੀ ਹੈ ਕਿਉਂਕਿ ਉਹਨਾਂ ਬਿਨਾਂ ਵਿਹੜਾ ਭਾਂ-ਭਾਂ ਕਰਨ ਲੱਗਦਾ ਹੈ। ਲੰਬੇ ਅਰਸੇ ਪਿੱਛੋਂ ਸਾਡੀ ਇੱਕ ਹਾਇਕੁ ਕਲਮ ਨੇ ਚੁੱਪੀ ਤੋੜੀ ਹੈ। ਲਓ ਪੇਸ਼ ਹੈ ਉਸ ਹਾਇਕੁ ਕਲਮ ਦੇ ਭਾਵ ਤੇ ਓਸੇ ਸਿਆਹੀ 'ਚੋਂ ਡੋਂਕਾ ਲਾ ਲਿਖੀ ਜੁਗਲਬੰਦੀ!
ਗੱਲਾਂ 'ਚੋਂ ਗੱਲ ਅੱਗੇ ਤੋਰਦੇ ਹੋਏ ਸਾਡੀਆਂ ਦੋ ਹੋਰ ਹਾਇਕੁ ਕਲਮਾਂ ਨਾਲ਼ ਆ ਰਲ਼ੀ ਹੁੰਗਾਰਾ ਭਰਨ। ਅਜਿਹੇ ਹੁੰਗਾਰਿਆਂ ਨਾਲ਼ ਹੀ ਹਾਇਕੁ-ਲੋਕ ਮੰਚ ਵਿਹੜੇ ਲੱਗੀ ਰੌਣਕ ਫੱਬਦੀ ਹੈ। 

1.
ਕਰਾਂ ਉਡੀਕ
ਝਾਉਲ਼ਾ ਪਰਛਾਵਾਂ
ਆਇਆ ਓਹੀ ।........ਹ. ਕੌਰ

ਥੱਕੀਆਂ ਅੱਖਾਂ
ਸਹਿਕਦੀਆਂ ਆਸਾਂ
ਕਲੱਮ ਕੱਲੇ।.........ਜ. ਸਿੰਘ

ਤਨ ਬਦਨ
ਨਿੱਤ-ਦਿਨ ਟੁੱਟਦਾ
ਆਪੇ ਜੁੜਦਾ.........ਵ. ਸਿੰਘ

2.

ਖਾਮੋਸ਼ ਅੱਖਾਂ
ਉਦਾਸਿਆ ਚਿਹਰਾ
ਕੇਰਦਾ ਹੰਝੂ ।.........ਹ. ਕੌਰ 

ਸੋਚਾਂ ਦੀ ਭੀੜ
ਗਵਾਚੇ ਨੇ ਸੁਪਨੇ
ਲੱਭਣ ਕਿੱਥੋਂ।.........ਜ. ਸਿੰਘ 

ਲੱਭੇ ਕਿਨਾਰਾ
ਅੱਜ ਹੈ ਬੇਸਹਾਰਾ
ਮਨ ਵਿਚਾਰਾ.........ਵ. ਸਿੰਘ 


ਡਾ.ਹਰਦੀਪ ਕੌਰ ਸੰਧੂ (ਬਰਨਾਲ਼ਾ-ਸਿਡਨੀ) 
ਜੋਗਿੰਦਰ ਸਿੰਘ ਥਿੰਦ (ਅੰਮ੍ਰਿਤਸਰ- ਸਿਡਨੀ) 
ਵਰਿੰਦਰਜੀਤ ਸਿੰਘ ਬਰਾੜ (ਬਰਨਾਲ਼ਾ) 

ਨੋਟ: ਇਹ ਪੋਸਟ ਹੁਣ ਤੱਕ 30 ਵਾਰ ਖੋਲ੍ਹ ਕੇ ਪੜ੍ਹੀ ਗਈ ।

24 Apr 2013

ਕੰਨ ਸੁਨੇਹੇ


1.

ਮਾਇਆਧਾਰੀ
ਗਰੀਬੀ ਹੰਡਾਉਂਦਾ
ਇਓਂ ਉਮਰਾਂ ਸਾਰੀ
ਪਾਂਧੀ ਲੰਘਿਆ
ਪਗਡੰਡੀ ਬਣਾ ਕੇ
ਰਾਹ ਆਪੇ ਬਣਿਆ। 

2.

ਯੁੱਗ ਬਦਲੇ
ਖਤਾਂ ਦੀ ਥਾਂ ਆਉਣ
ਹੁਣ ਕੰਨ ਸੁਨੇਹੇ
ਅੱਗ ਦੀ ਲਾਟ
ਘੁੰਡ ਵਿੱਚ ਮੱਚਦੀ


ਕਰਦੀ ਸਭ ਰਾਖ ।


ਹਰਭਜਨ ਸਿੰਘ ਖੇਮਕਰਨੀ
( ਅੰਮ੍ਰਿਤਸਰ) 
ਨੋਟ: ਇਹ ਪੋਸਟ ਹੁਣ ਤੱਕ 22 ਵਾਰ ਖੋਲ੍ਹ ਕੇ ਪੜ੍ਹੀ ਗਈ। 

22 Apr 2013

ਧਰਤੀ ਦਿਵਸ - 2

ਜੋਗਿੰਦਰ ਸਿੰਘ 'ਥਿੰਦ' ਨੇ ਆਪਣੇ-ਆਲ਼ੇ ਦੁਆਲ਼ੇ ਨੂੰ ਜ਼ਿੰਦਗੀ ਦੀ ਭੱਠੀ 'ਤੇ ਪੱਕਦੇ ਤਜ਼ਰਬਿਆਂ ਵਿੱਚੋਂ ਦੀ ਵਾਚਦੇ ਹੋਏ ਅਜੋਕੀ ਧਰਤੀ ਦਾ ਰੂਪ ਬਿਆਨਿਆ ਤੇ ਫਿਰ ਸੋਹਣੇ ਚੌਗਿਰਦੇ ਦੀ ਕਲਪਨਾ ਕੀਤੀ। ਧਰਤੀ ਦਿਵਸ 'ਤੇ ਮਿਲ਼ੇ ਉਨ੍ਹਾਂ ਦੇ ਹਾਇਕੁ ਹੁੰਗਾਰਿਆਂ ਨੂੰ ਪਾਠਕਾਂ ਨਾਲ਼ ਸਾਂਝੇ ਕਰਨ ਦੀ ਖੁਸ਼ੀ ਲੈ ਰਹੀ ਹਾਂ। 

1.
ਧਰਤੀ ਚੁੱਕੇ
ਲੱਖਾਂ ਪਾਪ -ਸਰਾਪ 
ਦਿਨ ਤੇ ਰਾਤ



2.
ਸੱਚ ਅਲੋਪ
ਸਾਧ ਕਰੇ ਕਰੋਪ
ਡੇਰੇ ਵਧੇਰੇ


3.
ਚੰਦਰ ਮਾਮਾ
ਧਰਤੀ ਲੈ ਆਈਏ
ਸਣੇ ਸਿਤਾਰੇ

4.
ਨਿੱਕੇ ਬੱਚਿਆਂ 
ਇੱਕ-ਇੱਕ ਵੰਡੀਏ
ਸਾਰੇ ਸਿਤਾਰੇ

5.
ਵੰਡੇ ਖੁਸ਼ੀਆ
ਸੁਥਰਾ ਹਵਾ-ਪਾਣੀ
ਧਰਤੀ ਰਾਣੀ

ਜੋਗਿੰਦਰ ਸਿੰਘ 'ਥਿੰਦ'
(ਅੰਮ੍ਰਿਤਸਰ) 

ਧਰਤੀ ਦਿਵਸ 'ਤੇ ਵਿਸ਼ੇਸ਼

22 ਅਪ੍ਰੈਲ ਦਾ ਦਿਨ ਦੁਨੀਆਂ ਭਰ 'ਚ ਧਰਤੀ ਦਿਵਸ (Earth Day) ਵਜੋਂ ਮਨਾਇਆ ਜਾਂਦਾ ਹੈ ਜਿਸ ਦੀ ਸ਼ੁਰੂਆਤ 1970 'ਚ ਹੋਈ ਸੀ। ਕੁਦਰਤ ਦੇ ਸੰਤੁਲਨ ਨੂੰ ਵਿਗੜਨ ਤੋਂ ਬਚਾਉਂਦੇ ਹੋਏ ਆਓ ਆਪਾਂ ਸਾਰੇ ਰਲ਼ ਕੇ ਕੁਦਰਤ ਦੇ ਸੁਹੱਪਣ ਦਾ ਆਨੰਦ ਮਾਣੀਏ । ਸਾਡੇ ਪਾਠਕਾਂ ਤੇ ਲੇਖਕਾਂ ਨੂੰ ਧਰਤੀ ਦਿਵਸ 'ਤੇ ਹਾਇਕੁ ਯੋਗਦਾਨ ਪਾਉਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। 



1.
ਚੜ੍ਹਦਾ ਦਿਨ
ਉੱਡਦੇ ਨੇ ਪਰਿੰਦੇ
ਛੱਡ ਆਲ੍ਹਣਾ

2.
ਚੱਪਾ ਕੁ ਚੰਨ
ਤਾਰਿਆਂ ਭਰੀ ਰਾਤ
ਪਾਉਂਦੇ ਬਾਤ

3.
ਫੁੱਲ ਹੀ ਫੁੱਲ
ਮਹਿਕਦਾ ਚੁਫੇਰਾ
ਖਿੜੀ ਬਹਾਰ

4.
ਅੰਬਰ ਚੁੰਨੀ
ਮੀਂਹ ਧਾਗਿਆਂ ਨਾਲ਼
ਕੱਢੀ ਫੱਬਦੀ

5.
ਪੈਂਦੀ ਬਰਫ਼
ਦੁੱਧ-ਧੋਤੀ ਚਾਦਰ
ਲੈਂਦੀ ਧਰਤ 

ਡਾ. ਹਰਦੀਪ ਕੌਰ ਸੰਧੂ 
**************************************************************
ਹਾਇਕੁ ਲੋਕ ਮੰਚ ਦੇ ਦਿੱਤੇ ਸੱਦੇ ਨੂੰ ਕਬੂਲਦੀ ਸੁਪ੍ਰੀਤ ਨੇ ਕੁਦਰਤ ਨੂੰ ਆਪਣੇ ਹੀ ਅੰਦਾਜ਼ 'ਚ ਵਾਚਿਆ । ਪੂਰਨਮਾਸ਼ੀ ਨੂੰ ਵੱਖਰੇ ਦ੍ਰਿਸ਼ਟੀਕੋਣ ਤੋਂ ਵੇਖਦੀ ਹੋਈ ਸਾਨੂੰ ਬਹੁਤ ਕੁਝ ਯਾਦ ਕਰਵਾ ਗਈ। 

1.
ਪੂਰਨਮਾਸ਼ੀ
ਕੂਕਦੇ ਨੇ ਗਿੱਦੜ
ਵੇਖ ਸ਼ਿਕਾਰ 

2.
ਤੇਜ਼ ਹਵਾਵਾਂ
ਰੁੱਖ ਪਏ ਝੁੱਲਣ
ਡਿੱਗਣ ਪੱਤੇ 

ਸੁਪ੍ਰੀਤ ਕੌਰ ਸੰਧੂ 
ਜਮਾਤ ਨੌਵੀਂ 

ਨੋਟ: ਇਹ ਪੋਸਟ ਹੁਣ ਤੱਕ 22 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।

20 Apr 2013

ਪੰਜਾਬ ਦੀਆਂ ਪੁਰਾਤਨ ਖੇਡਾਂ -1

ਪੰਜਾਬ ਦੀਆਂ ਪੁਰਾਤਨ ਖੇਡਾਂ ਜਿੰਨ੍ਹਾਂ ਨੂੰ ਅਸੀਂ ਵਿਸਰਦੇ ਜਾ ਰਹੇ ਹਾਂ। ਓਹਨਾਂ ਖੇਡਾਂ ਦੀ ਲੰਮੀ ਸੂਚੀ 'ਚੋਂ ਅੱਜ ਦੋ ਖੇਡਾਂ ਨੂੰ ਚਿੱਤਰਤ ਕੀਤਾ ਹੈ। ਪੀਚੋ-ਬੱਕਰੀ ਜਿਸ ਨੂੰ ਕਈ ਇਲਾਕਿਆਂ 'ਚ ਡੀਟੀ ਪਾੜਾ ਜਾਂ ਸਟਾਪੂ ਵੀ ਕਿਹਾ ਜਾਂਦਾ ਹੈ; ਹੁਣ ਵੀ ਕਿਤੇ ਨਾ ਕਿਤੇ ਬੱਚੇ ਖੇਡਦੇ ਨਜ਼ਰੀਂ ਪੈਂ ਜਾਂਦੇ ਹਨ। ਪਰ ਕੋਟਲਾ ਛਪਾਕੀ ਕੋਈ ਨਹੀਂ ਹੁਣ ਖੇਡਦਾ।



ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 449 ਵਾਰ ਵੇਖੀ ਗਈ। 

18 Apr 2013

ਪੈਰਾਂ ਦੇ ਚਿੰਨ

1.
ਤਾਰੇ ਦੀ ਬੋਧੀ 
ਫੜਣ ਦੀ ਖਾਤਿਰ 
ਮਨ ਭਟਕੇ ।



2.
ਰਾਹਾਂ ਦੀ ਮਿੱਟੀ 
ਖਾ ਜਾਂਦੀ ਤੇਰੇ ਮੇਰੇ 
ਪੈਰਾਂ ਦੇ ਚਿੰਨ 



ਦਿਲਜੋਧ ਸਿੰਘ 
(ਨਵੀਂ ਦਿੱਲੀ) 

17 Apr 2013

ਖਿੜਿਆ ਫੁੱਲ

ਅੱਜ ਹਾਇਕੁ-ਲੋਕ ਨਾਲ਼ ਇੱਕ ਹੋਰ ਨਵਾਂ ਨਾਂ ਆ ਜੁੜਿਆ ਹੈ-ਸ਼ਿਆਮ ਸੁੰਦਰ ਅਗਰਵਾਲ 
ਆਪ ਕੋਟਕਪੂਰਾ ਤੋਂ ਹਨ ਤੇ ਕਿੱਤੇ ਵਜੋਂ ਲੋਕ ਨਿਰਮਾਣ ਵਿਭਾਗ, ਪੰਜਾਬ ਤੋਂ ਸੇਵਾਮੁਕਤ ਹਨ।
ਆਪ ਲੇਖਣ ਦੀਆਂ ਸਾਰੀਆਂ ਵਿਧਾਵਾਂ- ਮਿੰਨੀ ਕਹਾਣੀ, ਬਾਲ ਕਹਾਣੀ, ਕਵਿਤਾ, ਵਾਰਤਕ (ਪੰਜਾਬੀ ਅਤੇ ਹਿੰਦੀ ਵਿਚ) ਤੇ ਪਿਛਲੇ ਤੀਹ ਵਰ੍ਹਿਆਂ ਤੋਂ ਪੰਜਾਬੀ ਮਿੰਨੀ ਕਹਾਣੀ ਦੇ ਖੇਤਰ ਵਿਚ ਕਾਰਜਸ਼ੀਲ ਹਨ। ਹੁਣ ਤੱਕ ਪ੍ਰਕਾਸ਼ਿਤ ਪੁਸਤਕਾਂ-‘ਨੰਗੇ ਲੋਕਾਂ ਦਾ ਫਿਕਰ’ ਅਤੇ ‘ਮਾਰੂਥਲ ਦੇ ਵਾਸੀ’ (ਮਿੰਨੀ ਕਹਾਣੀ ਸੰਗ੍ਰਹਿ), 26 ਮਿੰਨੀ ਕਹਾਣੀ ਸੰਗ੍ਰਹਿ ਪੰਜਾਬੀ ਵਿੱਚ ਅਤੇ 3 ਸੰਗ੍ਰਹਿ ਹਿੰਦੀ 'ਚ ਸੰਪਾਦਿਤ ਕੀਤੇ ।ਚੋਣਵੀਆਂ ਲਘੁਕਥਾਵਾਂ ਦੀਆਂ 4 ਪੁਸਤਕਾਂ ਦਾ ਅਨੁਵਾਦ।ਸਾਲ 1988 ਤੋਂ ਨਿਰੰਤਰ ਪੰਜਾਬੀ ਤ੍ਰੈਮਾਸਿਕ ‘ਮਿੰਨੀ’ ਦਾ ਸੰਪਾਦਨ ।ਆਪ ਦੀਆਂ ਅਨੇਕਾਂ ਮਿੰਨੀ ਕਹਾਣੀਆਂ/ਲਘੁਕਥਾਵਾਂ ਨੂੰ ਇਨਾਮ/ ਪੰਜਾਬ ਦੀਆਂ ਕਈ ਸੰਸਥਾਵਾਂ ਵੱਲੋਂ ਸਨਮਾਨਤ।
ਹਿੰਦੀ ਹਾਇਕੁ ਨਾਲ਼ ਤਾਂ ਆਪ ਪਹਿਲਾਂ ਹੀ ਜੁੜ ਚੁੱਕੇ ਹਨ ਤੇ ਅੱਜ ਆਪਣੀ ਸਾਂਝ ਹਾਇਕੁ-ਲੋਕ ਨਾਲ਼ ਪਾਈ ਹੈ। ਮੈਂ ਆਪ ਦਾ ਹਾਇਕੁ-ਲੋਕ ਪਰਿਵਾਰ ਵਲੋਂ ਨਿੱਘਾ ਸੁਆਗਤ ਕਰਦੀ ਹਾਂ।ਅੱਜ ਆਪ ਨੇ ਬਸੰਤੀ ਸੇਦੋਕਾ ਲਿਖ ਕੇ ਹਾਇਕੁ ਲੋਕ ਵਿਹੜੇ ਬਸੰਤੀ ਖੇੜਾ ਲਿਆਂਦਾ ਹੈ। 
1.
ਫੁੱਲ ਖਿੜੇ ਨੂੰ
ਵੇਖ ਨਜ਼ਰ ਭਰ
ਹੁਣ ਖਿੜਨਾ ਸਿੱਖ।
ਖਿੜਿਆ ਫੁੱਲ
ਸਦਾ ਮੁਸਕਰਾਏ
ਵੇਖ ਖੁਸ਼ੀ ਫੈਲਾਏ।

2.
ਫੁੱਲ ਸਿਖਾਵੇ
ਖੁਸ਼ਬੋਈ ਵੰਡਣਾ
ਬੱਸ ਖੁਸ਼ੀਆਂ ਦੇਣਾ।
ਨਿੱਕਾ ਜੀਵਨ
ਇੱਕ ਦਿਨ ਭਰ ਦਾ
ਪਰ ਫੁੱਲ ਨਾ ਰੋਵੇ।



ਸ਼ਿਆਮ ਸੁੰਦਰ ਅਗਰਵਾਲ਼
(ਕੋਟਕਪੂਰਾ) 

(ਨੋਟ: ਇਹ ਪੋਸਟ ਹੁਣ ਤੱਕ 30 ਵਾਰ ਖੋਲ੍ਹ ਕੇ ਪੜ੍ਹੀ ਗਈ)

16 Apr 2013

ਪਿੰਡ ਦੀ ਸਵੇਰ - 2

ਪੰਜਾਬ ਦੇ ਪਿੰਡ ਦੀ ਜਿਸ ਸਵੇਰ ਨੂੰ ਯਾਦ ਕਰਦਿਆਂ ਹੀ ਰੂਹ ਨੂੰ ਸਕੂਨ ਮਿਲ਼ਦਾ ਹੋਵੇ ਤਾਂ ਭਲਾ ਸੋਚੋ ਅਜਿਹੀ ਸਵੇਰ 'ਚ ਵਿਚਰਦਿਆਂ ਕਿੰਨਾ ਲੁਤਫ਼ ਆਉਂਦਾ ਹੋਵੇਗਾ। ਸਮੇਂ ਦੇ ਬਦਲਾਵ ਨਾਲ਼ ਸਭ ਕੁਝ ਬਦਲ ਜਾਂਦਾ ਹੈ। ਪੰਜਾਬ ਦੇ ਪਿੰਡ ਵੀ ਹੁਣ ਬਦਲ ਰਹੇ ਹਨ। ਪ੍ਰੋ. ਹਰਿੰਦਰ ਕੌਰ ਸੋਹੀ ਨੇ ਆਪਣੀ ਪੁਸਤਕ - "ਪੰਜਾਬੀ ਸੱਭਿਆਚਾਰ-ਬਦਲਦਾ ਮੁਹਾਂਦਰਾ" 'ਚ ਵੀ ਇਸੇ ਬਦਲਾਓ ਦੀ ਗੱਲ ਕੀਤੀ ਹੈ। ਪਰ ਅੱਜ ਬੀਤੇ ਸਾਲਾਂ 'ਚ ਪੰਜਾਬ ਦੇ ਪਿੰਡਾਂ ਦੇ ਸਵੇਰ ਦੇ ਨਜ਼ਾਰਿਆਂ ਨੂੰ ਸਾਡੀਆਂ ਹਾਇਕੁ ਕਲਮਾਂ ਨੇ ਹਾਇਕੁ-ਲੋਕ ਮੰਚ 'ਤੇ ਲਿਆ ਰੂਪਮਾਨ ਕੀਤਾ ਹੈ। ਆਓ ਤੁਹਾਨੂੰ ਵੀ ਇਸ 'ਚ ਸ਼ਾਮਿਲ ਕਰ ਲਈਏ। 

1.
ਚਿੜੀਆਂ ਚੀਂ-ਚੀਂ
ਬੈਲਾਂ ਗੱਲ਼ ਟੱਲੀਆਂ 
ਅੰਮ੍ਰਿਤ ਵੇਲ਼ਾ ।


2.
ਬਾਹੀਂ ਚੂੜੀਆਂ
ਨੱਢੀ ਦੁੱਧ ਰਿੜਕੇ
ਪੀੜ੍ਹੇ ਸੱਜਦੀ ।

ਪ੍ਰੋ. ਹਰਿੰਦਰ ਕੌਰ ਸੋਹੀ
( ਕਨੇਡਾ) 
*********************
1.
ਕੁੱਕੜ ਬਾਂਗ
ਚਹਿਕਣ ਚਿੜੀਆਂ
ਸਰਘੀ ਵੇਲ਼ਾ

2.
ਕੱਖ ਪੱਠਾ ਪਾ
ਸੁਆਣੀ ਧਾਰਾਂ ਚੋਵੇ
ਚੜ੍ਹਦੀ ਟਿੱਕੀ 

ਡਾ. ਹਰਦੀਪ ਕੌਰ ਸੰਧੂ 
(ਸਿਡਨੀ) 
*********************

1.
ਉੱਠ ਸਵੇਰੇ
ਤਾਰਿਆਂ ਦੀ ਚੰਗੇਰ
ਚੱਲਣ ਹੱਲ਼




2.
ਟੱਲ- ਟੱਲੀਆਂ
ਸੰਖ,ਕੁੱਕੜ ਬਾਂਗਾਂ
ਗੱਡੇ ਚੀਕਣ

3.
ਪਹੁ ਫੁਟਾਲਾ
ਪੰਛੀ ਛੱਡ ਟਿਕਾਣੇ
ਲੱਭਣ ਦਾਣੇ

4. 
ਭੱਤਾ ਸਿਰ 'ਤੇ

ਸ਼ਾਹ ਵੇਲੇ ਸੁਆਣੀ 
ਮਿਲ਼ੇ ਮਾਹੀ ਨੂੰ

5. 
ਪੰਛੀ ਆਵਣ
ਉੱਡ ਡਾਰਾਂ ਹੀ ਡਾਰਾਂ
ਸ਼ਹਿਰਾਂ ਵਲੋਂ



ਜੋਗਿੰਦਰ ਸਿੰਘ ਥਿੰਦ
( ਅੰਮ੍ਰਿਤਸਰ )

(ਨੋਟ: ਇਹ ਪੋਸਟ ਹੁਣ ਤੱਕ 30 ਵਾਰ ਖੋਲ੍ਹ ਕੇ ਪੜ੍ਹੀ ਗਈ)

15 Apr 2013

ਆਈ ਵਿਸਾਖੀ

13 ਅਪ੍ਰੈਲ ਦੀ ਵਿਸਾਖੀ ਹਾਇਕੁ ਪੋਸਟ ਪੜ੍ਹ ਕੇ ਸਾਡੀਆਂ ਹੋਰ ਹਾਇਕੁ ਕਲਮਾਂ ਨੇ ਵਿਸਾਖੀ ਦੇ ਰੰਗ ਨੂੰ ਆਪਣੇ ਹੀ ਅੰਦਾਜ਼ 'ਚ ਚਿੱਤਰਿਆ ਹੈ। ਲਓ ਪੇਸ਼ ਹਨ ਵਿਸਾਖੀ ਦੇ ਹੋਰ ਨਜ਼ਾਰੇ..............

1.
ਆਈ ਵਿਸਾਖੀ
ਪੈਣ ਗਿੱਧੇ- ਭੰਗੜੇ
ਖੁਸ਼ੀ ਮਾਣੀਏ 

2.
ਖੇਤਾਂ ਦੇ ਵਿੱਚ
ਲਹਿਰਾਣ ਬੱਲੀਆਂ
ਕਣਕ ਹੱਸੀ 

ਹਰਕੀਰਤ ਹੀਰ 
ਅਸਾਮ-ਗੁਹਾਟੀ 
**********************
1.
ਘੁੰਮਣ ਫਲ੍ਹੇ
ਤੱੜ ਤਿੜਕੇ ਨਾੜ 
ਲਗਣ ਧੜਾਂ

2.
ਤੰਗਲ਼ੀ ਫੜ
ਕਾਮੇ ਉਡਾਣ ਤੂੜੀ
ਪੈਰੀਂ ਕਣਕ 

3.
ਚੱਲੇ ਗੱਭਰੂ
ਵਿਸਾਖੀ ਨਹਾਉਣ
ਮੋਢੇ 'ਤੇ ਡਾਂਗਾਂ 

ਜੋਗਿੰਦਰ ਸਿੰਘ 'ਥਿੰਦ'
(ਅੰਮ੍ਰਿਤਸਰ) 

14 Apr 2013

ਉੱਚੀ ਉਡਾਰੀ

1.
ਜੁਗਨੂੰ ਫੜੇ
ਮੰਡਲ ਮੰਡਲ ਜਾ 

ਮਨ ਬਾਂਵਰਾ


2.
ਉੱਚੀ ਉਡਾਰੀ
ਫੜਫੜਾ ਡਿੱਗਦਾ
ਪਛਤਾਉਂਦਾ 


ਜੋਗਿੰਦਰ ਸਿੰਘ 'ਥਿੰਦ'
(ਅੰਮ੍ਰਿਤਸਰ) 

13 Apr 2013

ਵਿਸਾਖੀ- 2013

ਅੱਜ ਵਿਸਾਖੀ ਹੈ। ਵਿਸਾਖੀ ਦਾ ਨਾਂ ਸੁਣਦੇ ਹੀ ਸਾਨੂੰ ਵਿਸਾਖੀ ਮੇਲੇ ਦੀ ਤਸਵੀਰ ਦਿਖਣ ਲੱਗਦੀ ਹੈ ਜਿੱਥੇ  ਢੋਲ ਵੱਜਦੇ ਹੋਣ ਤੇ ਭੰਗੜੇ-ਗਿੱਧੇ ਪੈਂਦੇ ਹੋਣ। ਪੰਜਾਬ ਦੇ ਖੇਤਾਂ ਦੀ ਗੱਲ ਕਰਨੀ ਵੀ ਜ਼ਰੂਰ ਬਣਦੀ ਹੈ, ਜਿਸ ਨੂੰ ਮੈਂ ਹਾਇਕੁ ਕਲਮ ਰਾਹੀਂ ਬਿਆਨਣ ਦਾ ਯਤਨ ਕੀਤਾ ਹੈ। ਹਾਇਕੁ-ਲੋਕ ਵਲੋਂ ਸਾਰਿਆਂ ਨੂੰ ਵਿਸਾਖੀ ਦੀ ਲੱਖ-ਲੱਖ ਵਧਾਈ ਹੋਵੇ।

1.
ਚੜ੍ਹੇ ਵਿਸਾਖ
ਸੁਨਹਿਰੀ ਬੱਲੀਆਂ
ਖੇਤੀਂ ਝੂਮਣ

2.
ਚੁੰਮਦੀ ਦਾਤੀ
ਕਣਕ ਸੋਨੇ-ਰੰਗੀ
ਬਿਖਰੇ ਮੋਤੀ

3.
ਪੱਕੀ ਕਣਕ
ਬੱਦਲ਼ ਗਰਜਣ
ਡਰਦਾ ਮਨ

4.
ਉਡਾਵੇ ਕਾਮਾ
ਕਣਕ ਦਾ ਬੋਹਲ਼
ਛਜਲ਼ੀ ਫੜ 

ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ-ਸਿਡਨੀ)
(ਨੋਟ: ਇਹ ਪੋਸਟ ਹੁਣ ਤੱਕ 31 ਵਾਰ ਖੋਲ੍ਹ ਕੇ ਪੜ੍ਹੀ ਗਈ)


11 Apr 2013

ਸੁਪਨੇ ਦੇਖ



ਬਾਪੂ ਝਿੜਕੇ 
ਬੱਚਾ ਖਿੜਖਿੜਾਵੇ
ਵੇਖ ਮਾਂ ਪਰੇਸ਼ਾਨ  
ਸੁਪਨੇ ਦੇਖ
ਨਾਲੇ ਅੱਖਾਂ 'ਚ ਸਾਂਭ
ਲੱਭਣ ਤੁਰ ਪਿਆ। 


ਡਾ. ਸ਼ਿਆਮ ਸੁੰਦਰ ਦੀਪਤੀ
( ਅੰਮ੍ਰਿਤਸਰ) 

9 Apr 2013

ਆਖੇ ਬਗੀਚਾ (ਸੇਦੋਕਾ)

1.
ਲਿਖਦਾ ਗਿਆ 
ਦਿਲ ਦੀਆਂ ਗੱਲਾਂ ਨੂੰ 
ਇਓਂ ਹੰਝੂਆਂ ਨਾਲ 
ਤੇਰਾ ਸਿਤਮ 
ਲੱਗਦਾ ਏ ਪਿਆਰਾ 
ਕਰਦੇ ਰਿਹਾ ਕਰੋ। 

3.
ਉੱਤੇ ਹੈ ਡੋਡੀ  
ਰਾਖੀ ਕਰਨ ਕੰਡੇ 
ਆਖਦਾ ਏ  ਬਗੀਚਾ 
ਪੰਜਾਬ 'ਕੱਲਾ 
ਪੰਜਾਬੀ ਤਾਂ ਵਧੇਰੇ
ਓਨ੍ਹਾਂ ਸ਼ਾਨ ਵੱਖਰੀ। 

ਉਦਯ ਵੀਰ ਸਿੰਘ 
( ਗੋਰਖ ਪੁਰ - ਉ. ਪ੍ਰਦੇਸ਼)

7 Apr 2013

ਬਦਲੇ ਰੰਗ

 ਅੱਜ ਹਾਇਕੁ-ਲੋਕ ਨਾਲ਼ ਇੱਕ ਹੋਰ ਨਵਾਂ ਨਾਂ ਆ ਜੁੜਿਆ ਹੈ- ਕਸ਼ਮੀਰੀ ਲਾਲ ਚਾਵਲਾ। ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਪ੍ਰਕਾਸ਼ਿਤ ਹੁੰਦੇ ਪਰਚੇ ਅਦਬੀ ਪਰਿਕਰਮਾ ਦੇ ਆਪ ਸੰਪਾਦਕ ਹਨ। ਇਹ ਪਰਚਾ ਤਿੰਨ ਭਾਸ਼ਾਵਾਂ- ਅਦਬੀ ਪਰਿਕਰਮਾ (ਪੰਜਾਬੀ), ਅਦਬੀ ਮਾਲ਼ਾ (ਹਿੰਦੀ) ਤੇ ਵਰਡ ਟੂ ਵਰਡ (ਅੰਗਰੇਜ਼ੀ) 'ਚ ਪ੍ਰਕਾਸ਼ਿਤ ਹੁੰਦਾ ਹੈ, ਜਿਸ ਵਿੱਚ ਸਮੇਂ-ਸਮੇਂ 'ਤੇ ਹਾਇਕੁ ਦੇ ਵਿਸ਼ੇਸ਼ ਅੰਕ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਆਪ ਦੀਆਂ ਹੁਣ ਤੱਕ ਕਈ ਹਾਇਕੁ ਪੁਸਤਕਾਂ ਪੰਜਾਬੀ ਤੇ ਹਿੰਦੀ ਦੋਹਾਂ ਭਾਸ਼ਾਵਾਂ 'ਚ ਆ ਚੁੱਕੀਆਂ ਹਨ- 
ਹਾਇਕੁ ਯਾਤਰਾ (ਪੰਜਾਬੀ/ਹਿੰਦੀ ਹਾਇਕੁ ਸੰਗ੍ਰਹਿ) -  2007
ਯਾਦੇਂ (ਪੰਜਾਬੀ/ਹਿੰਦੀ ਹਾਇਕੁ ਸੰਗ੍ਰਹਿ) -  2008
ਬਾਂਕੇ ਦਰਿਆ(ਪੰਜਾਬੀ/ਹਿੰਦੀ ਹਾਇਕੁ ਸੰਗ੍ਰਹਿ)- 2013
ਪੰਜਾਬੀ ਹਾਇਕੁ - ਕਸ਼ਮੀਰੀ ਲਾਲ ਚਾਵਲਾ ਤੇ ਜਰਨੈਲ ਸਿੰਘ ਭੁੱਲਰ – 2005

ਆਪ ਹਾਇਕੁ ਤੇ ਤਾਂਕਾ ਲਿਖਦੇ ਹਨ ਤੇ ਅੱਜ ਸਾਡੇ ਨਾਲ਼ ਆਪਣੇ ਤਾਂਕਾ ਸਾਂਝੇ ਕਰ ਰਹੇ ਹਨ। ਮੈਂ ਆਪ ਜੀ ਦਾ ਹਾਇਕੁ-ਲੋਕ ਮੰਚ 'ਤੇ ਨਿੱਘਾ ਸੁਆਗਤ ਕਰਦੀ ਹਾਂ। 

1.
ਇੱਕ ਕਿਤਾਬ
ਉਸ ਦਾ ਜੋ ਚਿਹਰਾ
ਬਦਲੇ ਰੰਗ
ਪੰਨਾ-ਪੰਨਾ ਬੋਲਦਾ
ਇਤਿਹਾਸ ਬੋਲਦਾ 

2.
ਤੇਰਾ ਚਿਹਰਾ
ਪੱਤਝੜ ਵਿੱਚ ਵੀ
ਫੁੱਲ ਗੁਲਾਬ
ਜਿਵੇਂ ਰੋਹੀ ਦਾ ਫੁੱਲ
ਬਖਸ਼ਦਾ ਤਾਜ਼ਗੀ  

ਕਸ਼ਮੀਰੀ ਲਾਲ ਚਾਵਲਾ
( ਸ੍ਰੀ ਮੁਕਤਸਰ ਸਾਹਿਬ) 

ਨੋਟ: ਇਹ ਪੋਸਟ ਹੁਣ ਤੱਕ 27 ਵਾਰ ਖੋਲ੍ਹ ਕੇ ਪੜ੍ਹੀ ਗਈ ।

6 Apr 2013

ਯਾਦਾਂ ਦੇ ਹਮਸਾਏ (ਚੋਕਾ)


ਬੰਦ ਬੈਠਕ
ਕੋਲ ਕੋਈ ਨਹੀਂ ਏ
ਹਵਾਲਾਤ ਹੀ
ਬਣਦੀ ਜਾ ਰਹੀ ਏ
ਖੁਸ਼ਕ ਅੱਖਾਂ
ਖੁੱਲ੍ਹੇ- ਖੁੱਲ੍ਹੇ ਨੇ ਲੱਬ
ਚਿਹਰੇ ਉੱਤੇ
ਸਮੇਂ ਦੀਆਂ ਝਲਕਾਂ
ਹੋਰ ਉਭਰੇ
ਕਾਲੇ਼- ਕਾਲੇ਼ ਦਾਇਰੇ
ਹਵਾ ਹੋ ਗਏ
ਯਾਦਾਂ ਦੇ ਹਮਸਾਏ
ਤੜੱਕ ਟੁੱਟੀ
ਰਿਸ਼ਤਿਆਂ ਦੀ ਡੋਰ
ਤੜਫੜਾ ਕੇ
ਡਿੱਗਾ ਅਰਸ਼ੋਂ ਪੰਛੀ
ਤਨਹਾਈ ਦੇ
ਜਾ਼ਲ ਚਾਰ ਚੁਫੇ਼ਰੇ
ਸਹਿਕੇ ਰੂਹ
ਉੱਡ ਜਾਣ ਦੇ ਡਰੋਂ
ਬੁਹਤ ਘੱਟ
ਆਸ ਏ ਪਾਸ ਹੁਣ
ਜਾਂ ਫਿਰ ਕੋਈ
ਮਸੀਹਾ ਆ ਕੇ ਆਰ
ਕਰੇ ਫੜਕੇ ਪਾਰ


ਜੋਗਿੰਦਰ ਸਿੰਘ  ਥਿੰਦ
(ਅੰਮ੍ਰਿਤਸਰ)

*ਚੋਕਾ(ਲੰਬੀ ਕਵਿਤਾ) ਜਪਾਨੀ ਕਾਵਿ ਵਿਧਾ ਹੈ। ਇਹ ਛੇਵੀਂ ਤੋਂ ਚੌਦਵੀਂ ਸ਼ਤਾਬਦੀ ਤੱਕ ਜਪਾਨ ‘ਚ ਬਹੁ- ਪ੍ਰਚੱਲਤ ਕਾਵਿ ਸ਼ੈਲੀ ਸੀ। ਆਮ ਤੌਰ 'ਤੇ ਇਸ ਨੂੰ ਗਾਇਆ ਜਾਂਦਾ ਸੀ। ਇਸ ਵਿੱਚ 5+7+5+7+5……ਦੇ ਅਨੁਸਾਰ ਵਰਣ ਹੁੰਦੇ ਹਨ ਤੇ ਆਖਰੀ ਦੋ ਸਤਰਾਂ ਵਿੱਚ 7+7 ਧੁੰਨੀ ਖੰਡ ਹੁੰਦੇ ਹਨ। 
ਨੋਟ: ਇਹ ਪੋਸਟ ਹੁਣ ਤੱਕ 18 ਵਾਰ ਖੋਲ੍ਹ ਕੇ ਪੜ੍ਹੀ ਗਈ ।

3 Apr 2013

ਕਿਰਤੀ ਭੁੱਖਾ


1.

ਗੀਤ ਨਾ ਗਾਵੀਂ
ਚਿੜੀਏ ਪਿਆਰੀਏ
ਕਾਂ ਨੇ ਸੁਣਦੇ

2.
ਕਿਰਤੀ ਭੁੱਖਾ
ਹੜਤਾਲ ਲਮਕੀ
ਕਲਰਕਾਂ ਦੀ

3.
ਮੂੰਹ ਹਨ੍ਹੇਰੇ
ਕੁੱਤੇ ਪਏ ਭੌਂਕਣ
ਚੋਰ ਫੜਿਆ

ਜਨਮੇਜਾ ਸਿੰਘ ਜੌਹਲ 
(ਲੁਧਿਆਣਾ) 

2 Apr 2013

ਤਾਰਾ ਟੁੱਟਿਆ

 1.
ਆਲਣਾ ਲੱਭੇ
ਅਸਮਾਨਾਂ ਦੇ ਵਿੱਚ
ਮਨ ਦਾ ਪੰਛੀ ।



2.
ਤਾਰਾ ਟੁੱਟਿਆ
ਝੱਲਾ  ਮਨ ਪੰਖੇਰੂ
ਢੂੰਡਣ ਜਾਵੇ ।

ਦਿਲਜੋਧ ਸਿੰਘ 
(ਨਵੀਂ ਦਿੱਲੀ)

ਨੋਟ: ਇਹ ਪੋਸਟ ਹੁਣ ਤੱਕ 29 ਵਾਰ ਖੋਲ੍ਹ ਕੇ ਪੜ੍ਹੀ ਗਈ ।