ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

3 Apr 2015

ਰੋਈਆਂ ਯਾਦਾਂ (ਹਾਇਬਨ)

ਅੱਜ ਟੀ. ਵੀ. 'ਤੇ ਦੂਜੇ ਵਿਸ਼ਵ ਯੁੱਧ ਬਾਰੇ ਇੱਕ ਡਾਕੂਮੈਂਟਰੀ ਵੇਖਦਿਆਂ ਮੇਰੀਆਂ ਧੁੰਦਲੀਆਂ ਪੈ ਚੁੱਕੀਆਂ ਸਾਰੀਆਂ ਯਾਦਾਂ ਉਭਰ ਆਈਆਂ ਤੇ ਮੇਰੇ ਰੌਂਗਟੇ ਖੜੇ ਹੋ ਗਏ। .......1947 ਦੇ ਅੱਧ ਦੇ ਲਾਗੇ ਭਾਵ ਅੱਜ ਤੋਂ ਲੱਗਭੱਗ 66-67 ਸਾਲ ਪਹਿਲਾਂ ਦੂਸਰਾ ਵਿਸ਼ਵ  ਯੁੱਧ ਅਜੇ ਖਤਮ ਹੀ ਹੋਇਆ ਸੀ..... ਇਸ ਵਿੱਚ ਹੋਈ ਤਬਾਹੀ ਦੇ ਦਾਗ ਲੋਕਾਂ ਦੇ ਦਿਲਾਂ ਤੋਂ ਨਹੀਂ ਸਨ ਗਏ  ਕਿ ਇੱਕ ਹੋਰ ਨਾ ਭੁੱਲਣ ਵਾਲਾ ਘੱਲੂਘਾਰਾ ਵਾਪਰਿਆ।ਦੁਨੀਆਂ ਦੇ ਨਕਸ਼ੇ 'ਤੇ ਕਈ ਨਵੇਂ ਮੁਲਕ ਹੋਂਦ ਵਿੱਚ ਆਏ ਤੇ ਆਉਂਦੇ ਰਹਿਣਗੇ ਪਰ ਏਦਾਂ ਕਦੀ ਨਹੀਂ ਹੋਇਆ ਕਿ ਮੁਲਕ ਦੇ ਦੋ ਹਿੱਸੇ ਹੋਣ ਤੇ ਨਾਲ ਹੀ ਲੋਕਾਂ ਦੀ ਮਜ਼ਬ ਦੇ ਅਧਾਰ 'ਤੇ ਅਦਲਾ-ਬਦਲੀ ਹੋਈ ਹੋਵੇ । ਪਰ ਇਹ ਹੇਇਆ ........ਤੇ ਇਸ "ਹੋਣ" ਵਿੱਚ  ਮੈਂ ਖੁਦ ਗਵਾਹ ਹਾਂ। ਇਹ ਸਭ ਮੈਂ ਹੱਡ ਹੰਡਾਇਆ ਹੈ ।
            ਇਹੋ ਜਿਹਾ ਝੱਖੜ ਹੁਣ ਦੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਾਸੀਆਂ 'ਤੇ ਝੁੱਲਿਆ,ਜਿਹੋ ਜਿਹਾ ਸਾਰੀ ਦੁਨੀਆਂ ਵਿੱਚ ਅੱਜ ਤੱਕ ਨਹੀਂ ਵਾਪਰਿਆ ਤੇ ਨਾ ਹੀ ਸ਼ਾਇਦ ਅੱਗੋਂ ਕਦੀ ਵਾਪਰੇ ।ਅਫਵਾਹਾਂ ਜ਼ੋਰਾਂ 'ਤੇ ਸਨ  ਕਿ ਹਿੰਦੂ ਮੁਸਲਮਾਨਾਂ ਦੀ ਲੜਾਈ ਛਿੜ ਜਾਣੀ ਹੈ....ਤੇ ਹਿੰਦੂ-ਸਿੱਖਾਂ ਦੇ ਪਿੰਡਾਂ 'ਤੇ ਮੁਸਲਮਾਨਾਂ  ਨੇ ਹਮਲੇ ਕਰ ਦੇਣੇ ਨੇ... ਪਾਕਿਸਤਾਨ ਬਣ ਜਾਣਾ ਹੈ ਤੇ ਪਾਕਿਸਤਾਨ ਵਿਚ ਆਓਂਦੇ ਹਿੰਦੂ-ਸਿੱਖਾਂ ਦੇ ਪਿੰਡਾਂ ਤੇ ਹਮਲੇ ਹੋਣੇ ਹਨ । ਪਿੰਡਾਂ ਵਿਚ ਬੇਚੈਨੀ ਫੈਲਣ ਲੱਗੀ ਤੇ ਪਿੰਡਾਂ ਦੇ ਗੱਭਰੂ ਆਪੋੋ ਆਪਣੇ ਘਰਾਂ ਵਿੱਚ ਬਰਛੇ,ਟਕੂਏ, ਤਲਵਾਰਾਂ,ਦਾਤਰ,ਕੁਹਾੜੇ ਆਦਿ 'ਕੱਠੇ ਕਰਨ ਲੱਗ ਪਏ। ਏਥੋਂ ਤੱਕ ਕਿ ਦੇਸੀ ਬੰਦੂਕਾਂ ਬਣਾਂ, ਗੱਡਿਆਂ 'ਤੇ ਫਿੱਟ ਕਰਕੇ ਬਰੂਦ ਤੇ ਕਾਚਰਾਂ ਮਿਲਾ, ਫੀਤਾ ਲਗਾ, ਫਾਇਰਿੰਗ ਕਰਨ ਦੇ ਅਭਿਆਸ ਕਰਨ ਲੱਗ ਪਏ ।


ਟੀ.ਵੀ.'ਤੇ ਯੁੱਧ -      
ਘਰਾਂ 'ਚ ਵੱਢ -ਟੁੱਕ 
ਰੋਈਆਂ ਯਾਦਾਂ । 

ਇੰਜ: ਜੋਗਿੰਦਰ ਸਿੰਘ 'ਥਿੰਦ'
ਸਿਡਨੀ -ਅੰਮ੍ਰਿਤਸਰ 
ਨੋਟ : ਇਹ ਪੋਸਟ ਹੁਣ ਤੱਕ 26 ਵਾਰ ਪੜ੍ਹੀ ਗਈ। 

3 comments:

 1. ਬੀਤੇ ਦੀਆਂ ਕੌੜੀਆਂ ਸਚਾਈਆਂ , ਜਿੰਨ੍ਹਾ ਨੇ ਹੰਢਾਈਆਂ , ਉਹਨਾਂ ਦੀ ਜ਼ਿੰਦਗੀ ਦੇ ਨਾਲ ਨਾਲ ਚਲਦੀਆਂ ਹਨ ਬਾਕੀ ਸਾਰਿਆਂ ਲਈ ਇਤਹਾਸ ਦੇ ਕੁਝ ਪੰਨੇ ਹਨ । ਚੰਗੀ ਲਿਖਤ ।

  ReplyDelete
 2. ਆਪ ਦਾ ਹਾਇਬਨ ਪੜ੍ਹ ਕੇ ਸਭ ਕੁਝ ਸਾਹਮਣੇ ਹੁੰਦਾ ਪ੍ਰਤੀਤ ਹੋਣ ਲੱਗਾ, ਕੰਬਣੀ ਜਿਹੀ ਛਿੜਦੀ ਹੈ , ਜਿਸ ਨੇ ਇਹ ਸਭ ਕੁਝ ਅੱਖੀਂ ਵੇਖਿਆ ਹੋਵੇ ਉਸ ਦੇ ਮਨ ਦੀ ਅਵਸਥਾ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ। ਅੰਤ 'ਚ ਲਿਖਿਆ ਹਾਇਕੁ ਘਟਨਾਵਾਂ ਨੂੰ ਹੋਰ ਵਿਸਥਾਰ ਦੇ ਗਿਆ। ਸਾਰਥਕ ਲਿਖਤ ਲਈ ਵਧਾਈ ਦੇ ਪਾਤਰ ਹੋ।

  ReplyDelete
 3. It is the tail and histry of two broken hearts such as panjab and pak
  Chawla

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ