ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Mar 2016

ਫੱਗਣੀ ਪੌਣਾਂ







Click on the arrow to listen ਫੱਗਣੀ ਪੌਣਾਂ
ਫੱਗਣ ਦਾ ਮਹੀਨਾ  ਸੀ।ਫੱਗਣੀ ਪੌਣਾਂ 'ਚ ਫੱਗਣੀ ਗੀਤਾਂ ਦੇ ਸੁਰ ਸੁਣਾਈ ਦੇ ਰਹੇ ਸਨ। ਗਤੀਸ਼ੀਲ ਸਮੇਂ ਦੇ ਛਣਕਦੇ ਪਲਾਂ 'ਚ ਅੱਜ ਤੋਂ ਕੋਈ ਇੱਕ ਦਹਾਕਾ ਪਹਿਲਾਂ ਓਨੀਂ ਦਿਨੀਂ ਜ਼ਿੰਦਗੀ ਦੀਆਂ ਬਹੁਮੁੱਲੀਆਂ ਪਗਡੰਡੀਆਂ 'ਤੇ ਤੁਰਦਿਆਂ ਅਸੀਂ ਨਵੀਂ ਮੰਜ਼ਿਲ ਵੱਲ ਉਡਾਣ ਭਰੀ ਸੀ। ਬੱਚਿਆਂ ਸਮੇਤ ਮੈਂ ਮਲੇਸ਼ੀਆ ਹਵਾਈ ਅੱਡੇ 'ਤੇ ਅਗਲੇਰੀ ਉਡਾਣ ਦੀ ਉਡੀਕ ਕਰ ਰਹੀ ਸਾਂ। ਮੇਰੀਆਂ ਅੱਖਾਂ ਸਾਹਵੇਂ ਖਿੱਲਰਿਆ ਪੰਧ ਕਦੇ ਬੋਝਲ ਸੋਚਾਂ ਹੇਠ ਗੁਆਚ ਜਾਂਦਾ ਤੇ ਕਦੇ ਜ਼ਿੰਦਗੀ ਦੇ ਕਿਸੇ ਅਲੌਕਿਕ ਮੋੜ 'ਤੇ  ਆ ਖਲੋਂਦਾ। "ਤੁਸੀਂ ਵੀ ਸਿਡਨੀ ਜਾ ਰਹੇ ਹੋ?" ਇੱਕ ਝੀਣੀ ਜਿਹੀ ਆਵਾਜ਼ ਨੇ ਮੈਨੂੰ ਮੇਰੀਆਂ ਸੋਚਾਂ ਦੇ ਕਾਫ਼ਲੇ 'ਚੋਂ ਮੋੜ ਲਿਆਂਦਾ। 
       ਸਾਂਵਲੇ ਜਿਹੇ ਰੰਗ ਦੀ ਤਿੱਖੇ ਨੈਣ ਨਕਸ਼ਾਂ ਵਾਲੀ ਕੁੜੀ ਮੇਰੇ ਸਾਹਮਣੇ ਖੜੀ ਸੀ। ਉਹ ਆਪਣੀਆਂ ਦੋ ਹੋਰ ਸਾਥਣਾਂ ਨਾਲ ਵਿਦਿਆਰਥੀ ਵੀਜ਼ੇ 'ਤੇ ਪਹਿਲੀ ਵਾਰ ਵਿਦੇਸ਼ ਜਾ ਰਹੀ ਸੀ।ਉਸ ਦੀਆਂ ਅੱਖਾਂ ਤੇ ਚਿਹਰੇ 'ਤੇ ਛਾਈ ਘੋਰ ਉਦਾਸੀ ਦੀ ਇਬਾਰਤ ਸਾਫ਼ ਪੜ੍ਹੀ ਜਾ ਸਕਦੀ ਸੀ। ਉਸ ਦੀਆਂ ਸਾਥਣਾਂ ਆਪਣੇ -ਆਪ ਨੂੰ ਸਾਂਵਾ ਰੱਖਣ ਲਈ ਮੇਰੇ ਬੱਚਿਆਂ ਨਾਲ ਗੱਲੀਂ ਰੁੱਝ ਗਈਆਂ । ਪਰ ਉਹ ਤਾਂ ਸਿੱਲ੍ਹੀ ਰੇਤ ਨਾਲ ਥੱਪੇ ਬੁੱਤ ਵਰਗੀ ਜਾਪਦੀ ਸੀ।ਲੱਗਦਾ ਸੀ ਕਿ ਤਿੱਖੀ ਧੁੱਪ ਨੇ ਉਸ ਵਿਚਲੀ ਸਾਰੀ ਨਮੀ ਸੋਖ ਲਈ ਹੈ ਤੇ ਹੁਣ ਉਹ ਕਿਸੇ ਵੀ ਵੇਲੇ  ਭੁਰਨ ਨੂੰ ਤਿਆਰ ਸੀ। 
      ਨਿੱਘੀ ਦੋਸਤੀ ਦੇ ਘੇਰੇ ਨੂੰ ਹੋਰ ਮੋਕਲਾ ਕਰਦਿਆਂ ਮੈਂ ਉਹਨਾਂ ਨੂੰ ਆਪਣੀ ਭਾਵਕ ਸਾਂਝ ਦੇ ਕਲਾਵੇ 'ਚ ਲੈ ਲਿਆ ਸੀ। ਜਹਾਜੀ ਸਫਰ ਦੌਰਾਨ ਅਸੀਂ ਸੀਟਾਂ ਵੀ ਨਾਲ -ਨਾਲ ਕਰਵਾ ਲਈਆਂ ਸਨ। ਦੂਰ ਖਲੋਤੀ ਭਵਿੱਖ ਝੰਜੋੜੂ ਮੰਜ਼ਿਲ 'ਚ ਚਾਹੇ ਅਜੇ ਮੈਂ ਆਪਣਾ ਟਿਕਾਣਾ ਲੱਭਣਾ ਸੀ ਪਰ ਫਿਰ ਵੀ ਅਗਾਉਂ ਦਿਨਾਂ 'ਚ ਉਹਨਾਂ ਦੀ ਜ਼ਿੰਦਗੀ 'ਚ ਆਉਣ ਵਾਲੇ ਕਿਸੇ ਵੀ ਤਰਾਂ ਦੇ ਸੰਭਾਵੀ ਤੱਤੇ -ਠੰਡੇ ਬੁੱਲ੍ਹਿਆਂ ਨੂੰ ਥੰਮਣ ਦਾ ਹੁੰਗਾਰਾ ਮੈਂ ਭਰ ਦਿੱਤਾ ਸੀ। ਮੰਜ਼ਿਲ 'ਤੇ ਪਹੁੰਚ ਅਸੀਂ ਇੱਕ ਦੂਜੇ ਨੂੰ ਅਲਵਿਦਾ ਆਖ ਜੁਦਾ ਹੋ ਗਏ। 
       ਜ਼ਿੰਦਗੀ ਦੇ ਸਫ਼ਰ 'ਚ ਮਸ਼ਰੂਫ ਮੈਂ ਤਾਂ ਉਹਨਾਂ ਚਿਹਰਿਆਂ ਨੂੰ ਭੁੱਲੀ ਨਹੀਂ ਸਾਂ ਪਰ ਮੈਨੂੰ ਯਾਦ ਰੱਖਣ ਦੀ ਕੋਈ ਵਜ੍ਹਾ ਸ਼ਾਇਦ ਹੀ ਉਹਨਾਂ ਕੋਲ ਹੋਵੇ।ਤਕਰੀਬਨ ਦੋ ਕੁ ਮਹੀਨਿਆਂ ਬਾਅਦ ਅਚਾਨਕ ਇੱਕ ਦਿਨ ਫੋਨ ਦੀ ਘੰਟੀ ਉਹਨਾਂ ਦੇ ਹੁਣ ਦੇ ਬੀਤਦੇ ਖਰਵੇ ਪਲਾਂ ਨੂੰ ਬਿਆਨ ਕਰ  ਗਈ," ਅਸੀਂ ਤਾਂ ਰਾਤ ਦੀਆਂ ਸੜਕ 'ਤੇ ਬੈਠੀਆਂ ਹਾਂ। ਕੀ ਤੁਸੀਂ ਸਾਡੀ ਕੋਈ ਮਦਦ ਕਰ ਸਕਦੇ ਹੋ ?" ਉਹਨਾਂ ਦੇ ਸਿਰ ਉੱਤਲੀ ਆਰਜ਼ੀ ਛੱਤ ਖੁੱਸ ਗਈ ਸੀ।  ਪਤਾ ਨਹੀਂ ਉਹ ਕਿਹੜੀ ਡੋਰੀ ਸੀ ਜਿਸ ਨੇ ਮੈਨੂੰ ਉਹਨਾਂ ਦੇ ਚੇਤਿਆਂ 'ਚ ਪਰੋਈ ਰੱਖਿਆ ਸੀ। ਕਹਿੰਦੇ ਨੇ ਕਿ ਜੋ ਕੋਈ ਤੁਹਾਨੂੰ ਦਿਲੋਂ ਮੋਹ ਕਰਦਾ ਹੈ ਉਹ ਔਖੇ ਵੇਲੇ ਜ਼ਰੂਰ ਚੇਤੇ ਆਉਂਦਾ ਹੈ। ਸ਼ਾਇਦ ਇਸੇ ਕਰਕੇ ਏਸ ਔਖੀ ਘੜੀ 'ਚ ਆਪਣੇ ਹੋਰਾਂ ਜਾਣੂਆਂ ਨੂੰ ਛੱਡ ਕੇ ਉਹਨਾਂ ਮੈਨੂੰ ਹੀ ਚਿਤਵਿਆ ਸੀ। 
      ਘਰੇ ਸਲਾਹ ਕਰਿਆਂ ਬਗੈਰ ਹੀ ਤੇ ਬਿਨਾਂ ਕੋਈ ਹੋਰ ਸੁਆਲ ਕੀਤਿਆਂ ਮੈਂ ਉਹਨਾਂ ਨੂੰ ਘਰ ਲੈ ਆਈ। ਤਕਰੀਬਨ ਡੇਢ ਕੁ ਮਹੀਨਾ ਆਪਣੇ ਕੋਲ ਰੱਖਿਆ ਤੇ ਉਹਨਾਂ ਦੀ ਟੋਟੇ -ਟੋਟੇ ਹੋਈ ਦਸ਼ਾ ਨੂੰ ਹਰ ਹੀਲੇ ਪੂਰਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੇ ਸੱਖਣੇ ਮਨ ਦੇ ਵਿਹੜਿਆਂ 'ਚ ਖਿੜੀਆਂ ਬਹਾਰਾਂ ਦੇ ਸੁਖਦ ਪਲ ਫਿਰ ਮੋੜ ਲਿਆਂਦੇ। 
            ਹੁਣ ਉਹ ਆਪਣੇ ਘਰੀਂ ਰੰਗੀ ਵੱਸਦੀਆਂ ਨੇ।ਮੋਹ ਦੇ ਰਿਸ਼ਤਿਆਂ ਦੀਆਂ ਗੰਢਾਂ  ਨੂੰ ਹੋਰ ਪੀਢੀਆਂ ਕਰਦਿਆਂ ਉਹ ਆਪਣੇ ਸਕੇ ਸੰਬੰਧੀਆਂ ਨਾਲ ਮੈਨੂੰ ਮਿਲਣ ਆਉਂਦੀਆਂ ਰਹੀਆਂ ਤੇ ਇਹ ਸਿਲਸਿਲਾ ਹੁਣ ਵੀ ਜਾਰੀ ਹੈ । ਕਈ ਵਾਰ ਕੁਦਰਤ ਵੀ ਸਾਨੂੰ ਹੈਰਾਨ ਕਰ ਦਿੰਦੀ ਹੈ ਤੇ ਅਛੋਪਲੇ ਹੀ ਨਵੀਂਆਂ ਸਾਂਝਾਂ ਪੁਆ ਜਾਂਦੀ ਹੈ। ਸਾਡੀ ਕੁਝ ਪਲਾਂ ਦੀ ਅਰਸ਼ੀ ਮਿਲਣੀ ਉਮਰਾਂ ਲੰਬੀ ਸਾਂਝ ਪਾ ਗਈ ਸੀ ਜੋ ਫੱਗਣ ਦੀਆਂ ਪੌਣਾਂ ਬਣ ਅੱਜ ਵੀ ਮੇਰੇ ਮਨ ਦੇ ਮੌਸਮਾਂ 'ਚ ਮਹਿਕ ਘੋਲ ਰਹੀ ਹੈ। 

ਮਹਿਕੇ ਸਾਹ -
ਇਤਰ ਸੰਜੋਈਆਂ 
ਫੱਗਣੀ ਪੌਣਾਂ। 

ਡਾ. ਹਰਦੀਪ ਕੌਰ ਸੰਧੂ 

ਨੋਟ: ਇਹ ਪੋਸਟ ਹੁਣ ਤੱਕ 116 ਵਾਰ ਪੜ੍ਹੀ ਗਈ 

25 Mar 2016

ਬੁੱਢਾ ਰੁੱਖ (ਹਾਇਬਨ )

        ਗੱਲ ਪੰਦਰਾਂ ਸਾਲ ਪੁਰਾਣੀ ਹੈ  । ਮੈਂ ਦਿੱਲੀ ਤੋਂ  ਸ਼ਿਕਾਗੋ  ਜਾ ਰਿਹਾ ਸੀ ਅਤੇ ਜਹਾਜ਼ ਲੰਦਨ ਹੀਥਰੋ ਹਵਾਈ ਅੱਡੇ ਤੋ ਬਦਲੀ ਕਰਨਾ ਸੀ  । ਦਿੱਲੀ ਹਵਾਈ ਅੱਡੇ 'ਤੇ ਮੈਂ ਚੈਕ -ਇਨ  ਕਾਉਂਟਰ ਵੱਲ  ਜਾ ਰਿਹਾ ਸੀ  ਅਤੇ ਮੇਰੇ  ਪਿੱਛੇ ਪਿੱਛੇ ਇੱਕ ਬਜੁਰਗ ਇੱਕ ਹੋਰ ਆਦਮੀ  ਨਾਲ  ਮੇਰੇ ਵਾਲੇ ਕਾਉਂਟਰ ਵੱਲ ਹੀ ਆ ਰਹੇ ਸਨ । ਬਜ਼ੁਰਗ ਕਿਸੇ  ਪਿੰਡ ਦਾ  ਰਹਿਣ ਵਾਲਾ ਲੱਗਦਾ ਸੀ। ਸਿਰ ਤੇ ਢਿੱਲੀ ਜਿਹੀ ਚਿੱਟੀ ਪਗੜੀ ਸੀ ਅਤੇ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ ਸੀ । ਦਾੜੀ ਸਾਰੀ ਚਿੱਟੀ ਅਤੇ ਖੁੱਲੀ ਸੀ  । ਬਜ਼ੁਰਗ  ਵਾਰ ਵਾਰ  ਪਿੱਛੇ ਮੁੜ ਮੁੜ ਦੇਖ ਰਿਹਾ ਸੀ  ਅਤੇ ਉੱਚੀ ਉੱਚੀ  ਬੋਲੀ ਜਾ ਰਿਹਾ ਸੀ , " ਸਵਰਨ ਸਿੰਘ ਅੰਦਰ ਕਿਉਂ ਨਹੀਂ ਆਇਆ ? ਉਹ ਕਿੱਥੇ ਰਹਿ ਗਿਆ ਹੈ , ਉਸ ਮੇਰੇ ਨਾਲ ਜਾਣਾ  ਸੀ ।" ਬਜ਼ੁਰਗ  ਵਾਰ ਵਾਰ ਪਿਛਾਂ  ਨੂੰ ਜਾਣ ਦੀ ਕੋਸ਼ਿਸ਼ ਕਰਦਾ ਸੀ ਅਤੇ ਉਸਦਾ ਸਾਥੀ ਉਸ ਦੀ  ਬਾਂਹ ਫੜ ਕੇ ਰੋਕ ਕੇ ਕਹਿੰਦਾ ਸੀ ,"ਸਵਰਨ ਸਿੰਘ  ਬੱਸ ਆ ਰਿਹਾ , ਉਹ ਕਿਸੇ ਕੰਮ ਜ਼ਰਾ  ਕੁ ਰੁਕ ਗਿਆ , ਤੂੰ ਚੱਲ  ਆਪਣਾ  ਚੈਕ - ਇਨ ਕਰਵਾ ।"
       ਮੈਂ ਚੈਕ -ਇਨ ਅਤੇ ਸਕਿਉਰਿਟੀ -ਚੈਕ ਤੋਂ ਬਾਦ , ਗੇਟ ਕੋਲ ਜਾ ਕੇ ਕੁਰਸੀ 'ਤੇ ਬੈਠ ਗਿਆ ਅਤੇ ਉਹ ਵੀ ਦੋਵੇਂ ਉੱਥੇ ਪਹੁੰਚ ਗਏ। ਬਜ਼ੁਰਗ ਦਾ ਸਾਥੀ ਮੇਰੇ ਕੋਲ ਹੀ ਕੁਰਸੀ 'ਤੇ ਬੈਠ ਗਿਆ।  ਉਹ ਬਜ਼ੁਰਗ ਇਧਰ ਉਧਰ ਬੇਚੈਨ ਘੁੰਮ ਰਿਹਾ ਸੀ ਅਤੇ ਮੂੰਹ ਵਿਚ ਬੁੜ ਬੁੜ ਕਰੀ ਜਾ ਰਿਹਾ ਸੀ   ।
      ਮੈਂ  ਕੋਲ ਬੈਠੇ ਸੱਜਣ ਕੋਲੋਂ ਅਖੀਰ ਪੁੱਛ ਹੀ ਲਿਆ ਕਿ ਮਾਮਲਾ ਕੀ ਹੈ । ਉਸ ਦੱਸਿਆ  ,"ਇਹ ਬਜ਼ੁਰਗ ਮੇਰੇ ਹੀ ਪਿੰਡ ਦੇ ਨੇ । ਇਹਨਾਂ ਦੇ ਦੋ ਪੁੱਤਰ ਹਨ , ਸਵਰਨ ਸਿੰਘ ਪਿੰਡ ਹੀ ਖੇਤੀ ਕਰਦਾ ਹੈ ਅਤੇ ਦੂਸਰਾ ਕੈਨੇਡਾ ਰਹਿੰਦਾ ਹੈ ।ਇਸ ਦੀ ਦਿਮਾਗੀ ਹਾਲਤ ਕੁਝ ਠੀਕ ਨਹੀਂ । ਜ਼ਮੀਨ ਦੋਵੇਂ ਪੁੱਤਰਾਂ ਆਪਣੇ  ਨਾਂ ਕਰਵਾ ਲਈ ਹੋਈ ਹੈ।  ਦੋਵੇਂ ਹੀ  ਇਸ ਨੂੰ ਆਪਣੇ ਕੋਲ ਰੱਖ ਕੇ ਰਾਜ਼ੀ ਨਹੀਂ ।ਕੈਨੇਡਾ ਵਾਲਾ ਇੰਡੀਆ ਭੇਜ ਦੇਂਦਾ ਹੈ ਅਤੇ ਇੰਡੀਆ ਵਾਲਾ ਕੈਨੇਡਾ ਨੂੰ ਤੋਰ ਦੇਂਦਾ ਹੈ । ਮੈਂ ਵਾਪਿਸ ਕੈਨੇਡਾ ਜਾ ਰਿਹਾ ਹਾਂ ਅਤੇ ਪੁੱਤਰ ਨੇ ਮੇਰੇ ਨਾਲ ਇਸ ਨੂੰ ਤੋਰ ਦਿੱਤਾ ਹੈ । ਬਜ਼ੁਰਗ ਜਾਣਾ ਨਹੀਂ  ਚਾਹੁੰਦਾ |ਸਵਰਨ ਸਿੰਘ ਨੇ ਝੂਠ ਬੋਲ ਕੇ ਕਿ ਉਹ ਵੀ  ਬਾਪੂ ਨਾਲ ਜਾ ਰਿਹਾ ਹੈ  , ਇਸ ਨੂੰ ਜਾਣ ਲਈ  ਤਿਆਰ ਕੀਤਾ ।ਮੇਰੇ ਨਾਲ ਹਵਾਈ -ਅੱਡੇ ਅੰਦਰ ਵਾੜ ਕੇ , ਖੁਦ ਝੂਠ ਬੋਲ ਕੇ  ਕਿ ਤੂੰ ਅੰਦਰ ਚੱਲ ਮੈਂ ਇੱਕ ਕੰਮ ਨਿਪਟਾ ਕੇ  ਪਿੱਛੇ  ਆਉਂਦਾ ਹਾਂ । ਹੁਣ ਇਹ ਬੇਚੈਨ ਏਂ  ਕਿ ਸਵਰਨ ਸਿੰਘ ਨਹੀਂ ਆਇਆ । ਉਹ ਪਿੰਡ ਵਾਪਿਸ ਮੁੜ ਗਿਆ ਹੈ।"
   
       ਸਾਰੀ ਉਡਾਣ ਦੌਰਾਨ  ਉਹ ਬਜੁਰਗ ਆਪਣੀ ਸੀਟ 'ਤੇ ਟਿਕ ਕੇ ਨਹੀਂ ਬੈਠਾ ਅਤੇ ਹਵਾਈ ਜਹਾਜ਼ ਵਿੱਚ ਇਧਰ ਉਧਰ ਫਿਰਦਾ ਰਿਹਾ ਅਤੇ ਸਵਰਨ ਸਿੰਘ ਨੂੰ ਬੁਰਾ ਭਲਾ ਕਹਿੰਦਾ ਰਿਹਾ । ਜੋ ਵੀ ਸਵਾਰੀ ਕਿਸੇ ਕੰਮ ਲਈ ਆਪਣੀ ਸੀਟ ਤੋਂ ਉੱਠੇ , ਉਸਦੀ ਸੀਟ 'ਤੇ ਜਾ ਬੈਠੇ ਅਤੇ ਬੜੀ ਮੁਸ਼ਕਲ ਨਾਲ ਉਸ ਨੂੰ ਸੀਟ 'ਤੋਂ ਉਠਾਇਆ ਜਾਵੇ। ਉਸ ਦਾ ਸਾਥੀ ਵੀ ਹਾਰ ਕੇ ,ਚੁੱਪ ਕਰਕੇ  ਤਮਾਸ਼ਾ ਦੇਖਦਾ ਰਿਹਾ ।
 ਹਵਾਈ ਜਹਾਜ਼ ਹੀਥਰੋ ਹਵਾਈ -ਅੱਡੇ 'ਤੇ ਪਹੁੰਚਿਆ ਅਤੇ ਸਵਾਰੀਆਂ ਉਤਰਨ ਦੀ ਤਿਆਰੀ ਕਰਣ ਲੱਗੀਆਂ। ਉਹ ਬਜ਼ੁਰਗ ਜਹਾਜ਼ ਦੇ ਫਰਸ਼  'ਤੇ ਲੰਮਾਂ  ਪੈ ਗਿਆ ਅਤੇ ਉੱਚੀ ਉੱਚੀ  ਬੋਲਣ ਲੱਗਾ, " ਮੈਂ ਨਹੀਂ ਉਤਰਨਾ , ਮੇਰੇ ਪੁੱਤਰ ਨੇ ਮੇਰੇ ਨਾਲ ਧੋਖਾ  ਕੀਤਾ ਹੈ।" ਸਵਾਰੀਆਂ ਨੇ ਉਸ ਨੂੰ ਸਮਝਾਉਣ ਦੀ  ਕੋਸ਼ਿਸ਼ ਕੀਤੀ , ਪਰ ਉਹ ਆਪਣੀ ਜ਼ਿੱਦ 'ਤੇ ਅੜਿਆ ਰਿਹਾ । ਉਸਦਾ ਸਾਥੀ ਦੜ ਵੱਟ ਗਿਆ  । ਕਪਤਾਨ ਨੇ ਸਵਾਰੀਆਂ ਨੂੰ ਉੱਤਰਨ ਤੋਂ ਰੋਕ ਦਿੱਤਾ  ਅਤੇ ਪੁਲੀਸ  ਬੁਲਾ ਲਈ। ਪੁਲੀਸ ਆਈ ਅਤੇ ਉਸ ਬਜ਼ੁਰਗ  ਨੂੰ ਆਪਣੇ  ਤਰੀਕੇ ਨਾਲ ਜਹਾਜ਼ ਤੋਂ ਲੈ ਗਈ ।

ਸੁੱਕਿਆ ਰੁੱਖ
ਝੁੱਲੇ ਪਿਆ  ਝੱਖੜ
ਡਿੱਗਾ ਕਿ ਡਿੱਗਾ ।

ਦਿਲਜੋਧ ਸਿੰਘ 
(ਨਵੀਂ ਦਿੱਲੀ )

ਨੋਟ: ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ 
                                                            

22 Mar 2016

ਯਾਦ ਸਤਾਵੇ (ਸੇਦੋਕਾ)

1.
ਚੱਲ ਮਨਾ ਵੇ
ਫਰੋਲੀਏ ਵਕਤ
ਲੱਭੀਏ  ਬਚਪਨ
ਖੇਡ- ਖਿਡੌਣੇ 
ਫੱਟੀ ਬਸਤਾ ਕੈਦੇ
ਦਿਨ ਗੀਤ ਗਾਉਂਦੇ।

2.
ਯਾਦ ਸਤਾਵੇ
ਦੇਸ਼ ਪਿਆਰੇ ਤੇਰੀ
ਕਾਹਨੂੰ ਹੋਏ ਵੱਡੇ 
ਰਿਜਕ ਮਾਰੇ
ਆ ਬੈਠੇ ਪਰਦੇਸ
ਬਣ ਕੇ ਬਣਜਾਰੇ ।

ਕਮਲਾ ਘਟਾਔਰਾ 
ਯੂ ਕੇ 

ਨੋਟ: ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ 

20 Mar 2016

ਤਨ ਚਮੜਾ (ਤਾਂਕਾ)

1.
ਦੁੱਖਾਂ ਦਾ ਗਜ਼ 
ਆਦਰ ਦੀਆਂ ਤਾਰਾਂ 
ਤਨ ਚਮੜਾ 
ਖਿੱਚ -ਖਿੱਚ ਮੜ੍ਹਿਆ 
ਰੁੱਖ ਰਬਾਬ ਬਣੇ। 
2.
ਬੜਾ ਸੰਤਾਪ 
ਬਿਮਾਰ ਪੁੱਤਰ ਦੀ 
ਬਾਂਹ ਫੜ੍ਹ ਕੇ 
ਸੜਕ ਲੰਘਾਉਂਦਾ 
ਇੱਕ ਬਿਰਧ ਬਾਪ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਜ਼ਿਲ੍ਹਾ -ਹੁਸ਼ਿਆਰਪੁਰ 
ਨੋਟ: ਇਹ ਪੋਸਟ ਹੁਣ ਤੱਕ 162 ਵਾਰ ਪੜ੍ਹੀ ਗਈ 

17 Mar 2016

ਅਣਪੁੱਗੀ ਰੀਝ


ਭਾਦੋਂ ਦੀ ਸਵੇਰ ਸੀ।  ਪੰਛੀ ਆਪਣੀਆਂ ਸੁਰੀਲੀਆਂ ਆਵਾਜ਼ਾਂ ਨਾਲ ਜਸ਼ਨ ਮਨਾਉਂਦੇ ਜਾਪਦੇ ਸਨ। ਮੂੰਹ ਹਨ੍ਹੇਰਾ ਜਿਹਾ ਹੋਣ ਕਰਕੇ ਮੌਸਮ 'ਚ ਅਜੇ ਠੰਡਕ ਸੀ। ਮੈਂ ਚਾਹ ਦੀਆਂ ਮਸੀਂ ਦੋ ਕੁ ਘੁੱਟਾਂ ਹੀ ਭਰੀਆਂ ਹੋਣਗੀਆਂ ਜਦੋਂ ਉਸ ਨੇ ਬੂਹੇ 'ਤੇ  ਦਸਤਕ ਦਿੱਤੀ। ਮੈਂ ਉਸ ਨੂੰ ਹੀ ਉਡੀਕ ਰਹੀ ਸਾਂ।ਸਤਾਰਾਂ  ਕੁ ਸਾਲਾਂ ਨੂੰ ਢੁੱਕੀ, ਖੁਸ਼ ਮਿਜਾਜ਼, ਮੱਧਰੇ ਜਿਹੇ ਕੱਦ ਦੀ  ਚੁਲਬੁਲੀ ਜਿਹੀ ਕੁੜੀ। ਕੱਚੇ ਫੁੱਲਾਂ ਵਰਗੀ ਹਾਸੀ ਡੋਲ੍ਹਦੀ ਉਹ ਬੂਹਿਓਂ ਪਾਰ ਲੰਘ ਆਈ। 
           ਉਸ ਦੇ ਕਾਲਜ 'ਚ ਅੱਜ ਬਹੁ ਸੱਭਿਆਚਾਰਕ ਦਿਵਸ ਮਨਾਇਆ ਜਾਣਾ ਸੀ। ਵਿਦਿਆਰਥੀਆਂ ਨੇ ਆਪਣੇ -ਆਪਣੇ ਸੱਭਿਆਚਾਰ ਨੂੰ ਪ੍ਰਗਟਾਉਂਦਾ ਲਿਬਾਸ ਪਹਿਨਣਾ ਸੀ। ਉਸ ਨੇ ਸਾੜੀ ਚੁਣੀ ਸੀ ਜਿਸ ਨੂੰ ਪਹਿਨਣਾ ਇੱਕ ਖਾਸ ਹੁਨਰ ਨਿਪੁੰਨਤਾ ਦੀ ਮੰਗ ਕਰਦਾ ਹੈ। ਪਰ ਅਜੇ ਉਹ ਏਸ ਹੁਨਰ ਤੋਂ ਵਿਹੂਣੀ ਸੀ ਤੇ ਮੈਥੋਂ ਸਹਿਯੋਗ ਦੀ ਮੰਗ ਕੀਤੀ ਸੀ। ਮੈਂ ਵੀ ਹੁਣ ਤੱਕ ਏਸ ਹੁਨਰ ਤੋਂ ਅਣਜਾਣ ਹੀ ਸਾਂ। ਮੈਂ ਨਾ ਕਦੇ ਖੁਦ ਸਾੜੀ ਬੰਨੀ, ਨਾ ਹੀ ਕਦੇ ਕਿਸੇ ਨੂੰ ਬੰਨਦੇ ਤੱਕਿਆ ਸੀ ਤੇ ਨਾ ਹੀ ਕਦੇ ਮੈਨੂੰ ਸਿੱਖਣ ਦੀ ਲੋੜ ਹੀ ਭਾਸੀ ਸੀ। ਪਰ ਆਪਣੇ ਸਵੈ -ਭਰੋਸੇ ਦੇ ਜਗਦੇ ਦੀਵਿਆਂ ਦੀ ਲੌਅ 'ਚ ਮੈਂ ਉਸ ਦੇ ਸਾੜੀ ਬੰਨਣ ਦੀ ਹਾਮੀ ਭਰ ਦਿੱਤੀ ਸੀ। ਮੇਰੀ ਅਣਭਿੱਜਤਾ ਦੇ ਬਾਵਜੂਦ ਵੀ ਉਸ ਨੇ ਖੁਸ਼ੀ -ਖੁਸ਼ੀ ਮੇਰੇ ਕੋਲ ਆਉਣਾ ਮੰਨ ਲਿਆ ਸੀ। 
      " ਅੱਜ ਉਸ ਨੂੰ ਮਾਂ ਬੜੀ ਚੇਤੇ ਆਈ ਹੋਵੇਗੀ" ਉਸ ਦੀ ਮਾਂ ਦੀ ਅਣਹੋਂਦ ਦਾ ਇਹ ਦਰਦੀਲਾ ਅਹਿਸਾਸ ਮੈਨੂੰ ਅੰਦਰ ਤੱਕ ਝੰਜੋੜ ਗਿਆ। ਉਸ ਦੀ ਮਾਂ ਨੂੰ ਵਿਛੜਿਆਂ ਪੂਰੇ ਦੋ ਵਰ੍ਹੇ ਹੋ ਗਏ ਨੇ। ਮਾਂਵਾਂ ਠੰਡੀਆਂ ਛਾਵਾਂ - ਬਿਨਾਂ ਮਾਂ ਮੁਥਾਜ ਬਣੀ ਅੱਜ ਉਹ ਜ਼ਿੰਦਗੀ ਨੂੰ ਕਿਸੇ ਡੂੰਘੀ ਪੀੜਾ ਦੇ ਰੂਪ 'ਚ ਹੰਢਾ ਰਹੀ ਹੈ। ਪਰ ਏਸ ਪੀੜਾ ਨੂੰ ਆਪਣੀ ਦੁੱਧ ਰੰਗੀ ਹਾਸੀ 'ਚ ਘੋਲ ਕੇ ਉਹ ਸਹਿਜੇ ਹੀ ਪੀ ਜਾਂਦੀ ਹੈ। 
       ਇੱਕ ਖਾਸ ਜਿਹੀ ਉਤੇਜਨਾ ਅੱਜ ਉਸ 'ਤੇ ਹਾਵੀ ਸੀ। ਪਰ ਮੈਂ ਇੱਕ ਅਜੀਬ ਜਿਹੇ ਭੈਅ ਦੀ ਹੁੰਮਸ 'ਚ ਅਣਸੁਖਾਵਾਂ ਜਿਹਾ ਮਹਿਸੂਸ ਕਰ ਰਹੀ ਸਾਂ। ਸੋਚ ਰਹੀ ਸਾਂ ਕਿ ਸੀਮਿਤ ਜਿਹੇ ਸਮੇਂ 'ਚ ਕੀਤੀ ਮੇਰੀ ਪਲੇਠੀ ਕੋਸ਼ਿਸ਼ ਦੇ ਅਸਫਲ ਹੋਣ ਕਰਕੇ ਕਿਤੇ ਉਸ ਦੇ ਚਾਅ ਮਾਂਦੇ ਹੀ ਨਾ ਪੈ ਜਾਣ। ਉਹ ਕਿਸੇ ਅਣਦੱਸੇ ਸਿਰਨਾਵੇਂ ਵੱਲ ਬਿਨ ਖੰਭਾਂ ਦੇ ਉਡਾਰੀ ਭਰਨਾ ਲੋਚਦੀ ਸੀ। ਮਾਂ ਦੀ ਖਰੀਦੀ ਮੋਰ ਖੰਭੀ ਰੰਗ ਵਾਲੀ ਚਮਕੀਲੀ ਸਾੜੀ ਉਸ ਮੇਰੇ ਮੂਹਰੇ ਲਿਆ ਧਰੀ। ਮੈਂ ਆਪਣੀ ਅੰਦਰੂਨੀ ਹੁੰਮਸ ਦੇ ਘੇਰੇ ਨੂੰ ਤੋੜਦੀ ਉਸ ਦੇ ਸਾੜੀ ਬੰਨਣ ਲੱਗੀ। ਉਹ ਆਪਣੇ ਖੁਸ਼ਬੂ ਭਰੇ ਬੋਲਾਂ ਨਾਲ ਸਾੜੀ ਦੇ ਪੱਲੇ ਦੇ ਹਰ ਵਲੇਟੇ ਨਾਲ ਆਪਣੀ ਮਾਂ ਦੀਆਂ ਮਿੱਠੀਆਂ ਮੋਹ ਭਰੀਆਂ ਯਾਦਾਂ ਦੇ ਤੰਦ  ਪਾਉਂਦੀ ਮੈਨੂੰ ਭਾਵਕ ਕਰਦੀ ਗਈ। 
         ਉਸ ਦੇ ਮੁੱਖੜੇ 'ਤੇ ਹੁਣ ਸੰਧੂਰੀ ਖੇੜਾ ਸੀ। ਉਸ ਦੇ ਚਾਅ ਚੰਨ ਦੇ ਪਰਛਾਵਿਆਂ ਵਾਂਗ ਮਨ ਦੀਆਂ ਕੰਨੀਆਂ 'ਤੇ ਵਿਛੇ ਪਏ ਸਨ। ਖੂਬਸੂਰਤ ਰੰਗੀਨ ਸਾੜੀ ਪਾਈ ਬੈਠੀ ਮੈਨੂੰ ਉਹ ਆਪਣੀ ਮਾਂ ਦੀ ਨਿੱਘੀ ਬੁੱਕਲ ਦਾ ਅਨੰਦ ਮਾਣਦੀ ਜਾਪ ਰਹੀ ਸੀ । ਸਾੜੀ ਦੇ ਰੇਸ਼ੇ -ਰੇਸ਼ੇ 'ਚੋਂ ਸ਼ਾਇਦ ਉਹ ਆਪਣੀ ਮਾਂ ਦੇ ਹੱਥਾਂ ਦੀ ਛੋਹ ਨੂੰ ਮਹਿਸੂਸ ਕਰਦੀ ਹੋਵੇਗੀ । ਦੁਨੀਆਂ ਦੀ ਕੋਈ ਵੀ ਸ਼ੈਅ ਉਸ ਦੀ ਮਾਂ ਦੀ ਕਮੀ ਤਾਂ ਪੂਰੀ ਨਹੀਂ ਕਰ ਸਕਦੀ। ਪਰ ਨਿੱਕੀ ਜਿਹੀ ਇੱਕ ਅਣਪੁੱਗੀ ਰੀਝ ਨੂੰ ਉਸ ਦੀ ਝੋਲੀ ਪਾਉਣਾ ਮੈਨੂੰ ਡਾਢਾ ਸਕੂਨ ਦੇ ਗਿਆ। 

ਹਵਾ ਦਾ ਬੁੱਲਾ  
ਪੱਤਿਆਂ ਨੇ ਛੇੜਿਆ 
ਰਾਗ ਸੁਰੀਲਾ। 
ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 103 ਵਾਰ ਪੜ੍ਹੀ ਗਈ 

15 Mar 2016

ਸੱਜਣਾਂ ਮੇਲੇ

1.
ਘੁਲੇ ਬੱਦਲ
ਲੈ ਛਤਰੀ ਨਿਕਲੀ
ਦੇਖੇ ਸੂਰਜ ।

2.
ਪੇੜਾ ਭੁੜਕੇ 
ਦਿਨ ਖਿੜਿਆ ਜਾਪੇ 
ਸੱਜਣਾਂ ਮੇਲੇ। 

3.
ਮੀਂਹ ਦੀ ਰੁੱਤ
ਪਾਣੀ ਵਹੇ ਪਹਾੜੋਂ 
ਝਰਨਾ ਬਣ।


ਕਮਲਾ ਘਟਾਔਰਾ 
ਯੂ. ਕੇ.

ਨੋਟ: ਇਹ ਪੋਸਟ ਹੁਣ ਤੱਕ 36 ਵਾਰ ਪੜ੍ਹੀ ਗਈ 

12 Mar 2016

ਸੱਜਰੀ ਧੁੱਪ (ਤਾਂਕਾ)

1.

ਸ਼ੌਕ ਅਨੋਖਾ

ਤੜਕੇ ਲੱਸੀ ਪੀ ਕੇ

ਫੜੇ ਬੰਦੂਕ

ਧੁਸੀ ਲੱਭੇ ਸ਼਼ਿਕਾਰ

ਮੁੜਦਾ ਪੱਲੇ ਝਾੜ। 


2.
ਪੰਛੀ ਗਾਉਣ 

ਵਗਦੀ ਮਿੱਠੀ ਪੌਣ

ਸੱਜਰੀ ਧੁੱਪ

ਟ੍ਰੈਕਟਰ ਘੂਕਣ

ਟਿਊਵੈਲ ਛੂਕਣ। 


3.
ਨਵੀਂ ਸੜਕ

ਪਹੁੰਚੀ ਪਿੰਡੋ ਪਿੰਡ

ਮੌਜਾਂ ਲੱਗੀਆਂ 

ਸਾਈਕਲ ਦੀ ਥਾਂ 'ਤੇ

ਸਕੂਟਰ ਤੇ ਕਾਰਾਂ। 

ਇੰਜ: ਜੋਗਿੰਦਰ ਸਿੰਘ "ਥਿੰਦ "
  (ਸਿਡਨੀ)

ਨੋਟ: ਇਹ ਪੋਸਟ ਹੁਣ ਤੱਕ 34 ਵਾਰ ਪੜ੍ਹੀ ਗਈ 

10 Mar 2016

ਧਰਤ

         ਖੇਤ ਪਹੁੰਚ ਕੇ ਮੈਂ ਦੂਰ ਤੱਕ ਨਿਗ੍ਹਾ ਘੁਮਾਈ। ਹੁਣ ਕਣਕ ਨਿੱਸਰ ਚੁੱਕੀ ਸੀ,ਭਰ ਜੋਬਨ 'ਤੇ ਸੀ। ਨਿੱਕਾ ਜਿਹਾ ਬੀਜ ਧਰਤੀ ਦੀ ਕੁੱਖ 'ਚੋਂ  ਸਿੱਲ੍ਹ ਲੈ ਅੰਗੂਰਦਾ ਹੈ, ਵਧਦਾ ਫੁੱਲਦਾ ਹੈ । ਨਿੱਕਾ ਜਿਹਾ ਬੀਜ ਆਪਣਾ ਜੀਵਨ ਜਿਉਂਦਾ ਕਿੰਨੇ ਪਲ ਹੰਢਾਉਂਦਾ । ਕਣਕ ਨੇ ਹਰੀ ਤੋਂ ਸੁਨਹਿਰੀ ਹੋਣਾ ਹੈ, ਕਣਕ ਦੇ ਸਿੱਟਿਆਂ 'ਚ ਸੋਨਾ ਭਰਨਾ ਹੈ ਕੁਦਰਤ ਨੇ। ਮੈਂ ਧਰਤੀ ਸ਼ਿੰਗਾਰਦਾ ਹਾਂ, ਫਸਲਾਂ ਨੂੰ ਧੀਆਂ ਪੁੱਤਰਾਂ  ਵਾਂਗ ਪਿਆਰਦਾ ਹਾਂ, ਰੁੱਤਾਂ ਮੌਸਮਾਂ ਨੂੰ ਬਜੁਰਗਾਂ ਵਾਂਗ ਸਤਿਕਾਰਦਾ ਹਾਂ, ਮੈਂ ਕਿਰਸਾਣ ਹਾਂ । ਮਨ 'ਚ ਇਹ ਖਿਆਲ ਆਉਂਦਿਆਂ ਹੀ ਹਿਕੜੀ 'ਚ ਦਿਲ ਦੇ ਵਿਹੜੇ ਖੁਸ਼ੀ ਨੱਚ ਉੱਠੀ ਸੀ। 
        ਕਿਸੇ ਨੇ ਠੀਕ ਕਿਹਾ ਹੈ ਕਿ ਘਰ, ਆਲ੍ਹਣੇ, ਰੈਣ ਬਸੇਰੇ ਨੂੰ ਹਰ ਕੋਈ ਲੋਚਦਾ । ਹਰ ਘਰ 'ਚ ਇੱਕ ਲਾਣੇਦਾਰ, ਹਰ ਝੁੰਡ 'ਚ ਇੱਕ ਮੋਹਰੀ ਹੁੰਦਾ । ਮਧੂਮੱਖੀਆ ਦੇ ਝੁੰਡ, ਸ਼ੇਰਾਂ ਦੇ ਝੁੰਡ । ਕਿਸੇ ਵੀ ਤਰਾਂ ਦਾ ਕੰਮ ਹੋਵੇ, ਹਰ ਸ਼ੈਅ ਕਿਸੇ ਨਾ ਕਿਸੇ ਦੇ ਕੰਟਰੋਲ 'ਚ ਹੈ । ਕੀ ਕੁਦਰਤ ਦੀ ਖੂਬਸੂਰਤੀ ਨਾਲ ਸ਼ਿੰਗਾਰਿਆ ਸਾਡਾ ਗ੍ਰਹਿ ਨੀਲਾ ਤਾਰਾ  ਵੀ ਕਿਸੇ ਅਸੀਮ ਸ਼ਕਤੀ ਦੇ ਵੱਸ 'ਚ ਹੈ ? ਇਹ ਸੁਆਲ ਮੈਨੂੰ ਸੋਚੀਂ ਪਾ ਗਿਆ। 
    ਮੇਰੇ ਖਿਆਲ ਮੈਨੂੰ ਮੇਰੇ ਨਾਨਕੇ ਪਿੰਡ ਲੈ ਗਏ। ਚੱਕ 14 ਪੀ ਪਤਰੋੜਾ, ਮੇਰੇ ਮਾਮਿਆਂ ਦਾ ਪਿੰਡ , ਸ਼੍ਰੀ ਗੰਗਾ ਨਗਰ,ਰਾਜਸਥਾਨ। ਇਹ ਪਿੰਡ ਮੇਰੇ ਦਿਲ ਵੱਸਦਾ ਧੜਕਦਾ । ਕੱਚੇ ਰਾਹ, ਰੇਤ ਦੇ ਟਿੱਬੇ, ਮਲ੍ਹੇ ਝਾੜੀਆਂ, ਸਰੋਂ ਦੇ ਫੁੱਲਾਂ ਸੰਗ ਭਰੇ ਖੇਤ, ਕਰੀਰ ਦੇ ਰੁੱਖ। ਇੱਥੇ ਕੁਦਰਤ ਦੀ ਬੁੱਕਲ ਦਾ ਨਿੱਘ ਮਿਲਦਾ, ਪਿਆਰ ਮਿਲਦਾ । ਕੁਦਰਤ ਐਵੇਂ ਪਿਆਰਦੀ ਲੱਗਦੀ ਏ ਜਿਵੇਂ  ਮਾਂ ਨਿੱਕੇ ਜਿਹੇ ਲਾਡਲੇ ਪੁੱਤ ਨੂੰ ਪਿਆਰਦੀ ਹੋਵੇ । 
             ਕਿਸ ਨੇ  ਸ਼ਿੰਗਾਰਿਆ ਹੋਣਾ ਇਸ ਧਰਤ ਨੂੰ ? ਤੂੰ ਅਸੀਮ ਹੈ, ਦੂਰ ਹੈ ਕਰੀਬ ਹੈ ਭੇਦ ਹੈ ਡੂੰਘਾ। 


ਜੋਬਨ ਰੁੱਤ -
ਫੁੱਲਾਂ ਸੰਗ ਭਰਿਆ 
ਸਰੋਂ ਦਾ ਖੇਤ। 

ਬਾਜਵਾ ਸੁਖਵਿੰਦਰ 

ਨੋਟ: ਇਹ ਪੋਸਟ ਹੁਣ ਤੱਕ 71 ਵਾਰ ਪੜ੍ਹੀ ਗਈ 

8 Mar 2016

ਤੇਰੇ ਨਾਮ(ਤਾਂਕਾ)

1.
ਅੱਜ ਦਾ ਦਿਨ  
ਉਦਾਸੀ ਭਰੀ ਸ਼ਾਮ 
ਕਰ ਚੱਲੇ ਹਾਂ 
ਇਹ ਆਖਰੀ ਸ਼ਾਮ 
ਸੱਜਣਾਂ ਤੇਰੇ ਨਾਮ। 
2.
ਤਨ ਮੁੱਕਿਆ 
ਹੱਡੀਆਂ ਦਾ ਪਿੰਜਰ 
ਸੀਨੇ ਖੰਜਰ 
ਵੇਖ ਬੰਦੇ ਦੀ ਹੋਣੀ 
ਤਬਾਹੀ ਦਾ ਮੰਜਰ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਜਿਲ੍ਹਾ :ਹੁਸ਼ਿਆਰਪੁਰ 
ਨੋਟ: ਇਹ ਪੋਸਟ ਹੁਣ ਤੱਕ 112 ਵਾਰ ਪੜ੍ਹੀ ਗਈ    

6 Mar 2016

ਦਿਨ ਬਸੰਤੀ (ਤਾਂਕਾ )

1.
ਮੋਹ ਗਲੋਟੇ 
ਚਾਵਾਂ ਨਾਲ ਅਟੇਰੇ
ਉਲਝੇ ਤੰਦ
ਚੜ ਮਚੀ ਸ਼ਰੀਕੇ
ਹੋਈ ਜੱਗ ਹਸਾਈ। 

2.
ਲਿਪਦੀ ਫਿਰਾਂ
ਦਲਾਨ ਕੋਠੜੀਆਂ
ਚੜਦੀ ਧੁੱਪੇ
ਦਿਨ ਬਸੰਤੀ ਆਏ
ਰੰਗ ਪਿਆਰ ਵਾਲੇ।

ਕਮਲਾ ਘਟਾਔਰਾ 
ਯੂ ਕੇ 

ਨੋਟ: ਇਹ ਪੋਸਟ ਹੁਣ ਤੱਕ 44 ਵਾਰ ਪੜ੍ਹੀ ਗਈ    



4 Mar 2016

ਮੈਪਲ ਪੱਤੇ

ਪੱਤਝੜ ਰੁੱਤ ਦੀ ਢਲਦੀ ਸ਼ਾਮ ਸੀ ਪਰ ਅੰਤਾਂ ਦੀ ਗਰਮੀ ਵੀ । ਵਧ ਰਹੀ ਘੁਟਨ ਕਾਰਨ ਮੇਰਾ ਬਾਹਰ ਸੈਰ ਕਰਨ ਨੂੰ ਮਨ ਲੋਚਿਆ।  ਤੁਰਦੇ ਤੁਰਦੇ ਮੇਰੀ ਨਜ਼ਰ ਰੁੱਖਾਂ ਦੇ ਰੰਗ ਵਟਾਉਂਦੇ ਪੱਤਿਆਂ 'ਤੇ ਪਈ। ਰੁੰਡ -ਮੁੰਡ ਹੋਣ ਤੋਂ ਪਹਿਲਾਂ ਮੈਪਲ ਰੁੱਖਾਂ ਦਾ ਜੋਬਨ ਝੱਲਿਆ ਨਹੀਂ ਸੀ ਜਾ ਰਿਹਾ । ਕੁਦਰਤ ਦੀ ਇਸ ਅਲੌਕਿਕ ਲੀਲ੍ਹਾ ਨੂੰ ਤੱਕਦਿਆਂ ਮੇਰੀ ਸੋਚ ਦਾ  ਪੰਛੀ ਮੈਨੂੰ ਸੱਤ ਸਮੁੰਦਰੋਂ ਪਾਰ ਲੈ ਉੱਡਿਆ ।ਅਗਲੇ ਹੀ ਪਲ ਮੈਂ ਉਸ ਦੇ ਵਿਹੜੇ ਜਾ ਬੈਠੀ ਜਿੱਥੇ ਉਹ ਜ਼ਿੰਦਗੀ ਦੀ ਤਪਸ਼ ਝੱਲਦੀ ਅੱਜ ਇਹਨਾਂ ਮੈਪਲ ਪੱਤਿਆਂ ਵਾਂਗ ਖਿੜੀ ਰੰਗ ਬਿਖੇਰ ਰਹੀ ਹੈ। 
          ਹੱਲਿਆਂ ਵੇਲੇ ਉਹ ਮਸੀਂ ਸੱਤਾਂ -ਅੱਠਾਂ ਵਰ੍ਹਿਆਂ ਦੀ ਹੋਵੇਗੀ। ਓਸ ਮਨਹੂਸ ਵੇਲੇ ਦੀ ਤ੍ਰਾਸਦੀ ਭਾਵੇਂ ਉਸ ਨੇ ਅੱਖੀਂ ਤਾਂ ਨਹੀਂ ਦੇਖੀ ਸੀ ਪਰ ਜ਼ਿੰਦ ਵਲੂੰਧਰਦੇ ਕਲਜੋਗੀ ਸਮੇਂ ਦਾ ਅਸਰ ਮਨ ਦੇ ਚੇਤਿਆਂ 'ਤੇ ਅਮਿੱਟ ਛਾਪ ਛੱਡ ਗਿਆ ਸੀ। ਉਹ ਰਾਤਾਂ ਨੂੰ ਤ੍ਰਭਕ -ਤ੍ਰਭਕ ਉੱਠ ਬਹਿੰਦੀ ਜਦੋਂ ਸੁਪਨਿਆਂ 'ਚ ਚੈਨ ਲਈ ਭਟਕਦੀਆਂ ਫਿਰਦੀਆਂ ਰੂਹਾਂ ਵਿਖਾਈ ਦਿੰਦੀਆਂ। ਇਹ ਨਰਕਈ ਭੈਅ  ਅਵਚੇਤਨਤਾ 'ਚ ਹਰ ਪਲ ਉਸ ਦੇ ਨਾਲ ਨਾਲ ਹੀ ਤੁਰਦਾ ਗਿਆ। ਰੱਤੀ ਭਰ ਖਤਰੇ ਦੀ ਕਲਪਨਾ ਕਰਦਿਆਂ ਹੀ ਅੱਜ ਵੀ ਉਸਦੀ ਰੂਹ ਕੰਬ ਜਾਂਦੀ ਹੈ।   
ਜ਼ਿੰਦਗੀ ਦਾ ਵਹਿਣ ਆਪਣੇ ਰੋੜ੍ਹ ਨਾਲ ਉਸ ਨੂੰ ਸਾਹਿਤਕ ਦਹਿਲੀਜ਼ 'ਤੇ ਲੈ ਆਇਆ ਜਿੱਥੇ ਸਾਡਾ ਇਹ ਸੁੱਚਾ ਮਿਲਣ ਹੋਇਆ। ਨਾ ਸਾਡਾ ਕੋਈ ਖੂਨ ਦਾ ਰਿਸ਼ਤਾ ਹੈ ਤੇ ਨਾ ਹੀ ਅਜੇ ਤੱਕ ਸਾਡੀ ਕੋਈ ਰਸਮੀ ਮੁਲਾਕਾਤ ਹੀ ਹੋਈ ਹੈ। ਪਰ ਫਿਰ ਵੀ ਅਸੀਂ ਇੱਕ ਦੂਜੇ ਨਾਲ ਨਿੱਤ ਢੇਰ ਗੱਲਾਂ ਕਰਦੇ ਹਾਂ। 
         ਕਹਿੰਦੇ ਨੇ ਦਿਲੀ ਸਾਂਝ ਦਾ ਰਿਸ਼ਤਾ ਉਮਰਾਂ ਨਾਲ ਨਹੀਂ ਮਾਪਿਆ ਜਾਂਦਾ ਸਗੋਂ ਇਹ ਤਾਂ ਸੁਹਜ ਸੋਚ ਦੀ ਇਕਸੁਰਤਾ ਦਾ ਵਹਾਓ ਹੁੰਦਾ ਹੈ। ਸ਼ਾਇਦ ਇਸੇ ਗੱਲ ਦੀ ਹਾਮੀ ਭਰਦਾ ਹੈ ਸਾਡਾ ਇਹ ਗੂੜ੍ਹਾ ਰਿਸ਼ਤਾ। ਇੱਕ ਪਾਸੇ ਦੀ ਚੁੱਪੀ ਦੂਜੇ ਨੂੰ ਬੇਚੈਨ ਕਰ ਦਿੰਦੀ ਹੈ। ਤਾਂਹੀਓ ਤਾਂ ਕਦੇ ਉਹ ਮੈਨੂੰ ਸੰਸਿਆਂ ਦੀਆਂ ਕੰਧਾਂ ਉਹਲੇ ਖੜੋਤੀ ਆਪਮਤੇ ਜਿਹੇ ਗੱਲਾਂ ਕਰਦੀ ਜਾਪਦੀ ਹੈ , "ਪੱਕੇ ਫਲ ਦਾ ਕੀ ਭਰੋਸਾ ਕਦੋਂ ਟਹਿਣੀਓਂ ਝੜ ਜਾਵੇ। " ਤੇ ਕਦੇ ਮੋਹ ਤੇ ਅਪਣੱਤ 'ਚ ਭਿੱਜੀ ਆਪਣਾ ਆਪਾ ਮੇਰੇ ਮੂਹਰੇ ਲਿਆ ਖਿਲਾਰਦੀ ਹੈ, "ਸੱਚੇ ਦਿਲ ਦੀ ਨੇੜਤਾ 'ਚ ਇੱਕ ਮਿੱਕ ਹੋ ਤੇਰੇ ਨਾਲ ਗੱਲਾਂ ਕਰਦਿਆਂ ਕੋਈ ਓਹਲਾ ਨਹੀਂ ਰਿਹਾ। ਤੇਰੇ ਨਾਲ ਗੱਲਾਂ ਕਰਦੀ ਮੈਨੂੰ ਇਓਂ ਲੱਗਦਾ ਹੈ ਜਿਵੇਂ ਮੈਂ ਮੇਰੇ ਆਪੇ ਨਾਲ ਹੀ ਗੱਲਾਂ ਕਰ ਰਹੀ ਹੋਵਾਂ। ਮੇਰੇ ਅੰਦਰ ਦੇ ਸੁੱਤੇ ਕਲਾਕਾਰ ਨੂੰ ਜਗਾ ਕਲਮ ਫੜਾਉਣ ਵਾਲੀ ਤੂੰ ਹੀ ਤਾਂ ਹੈਂ।" 
          ਉਮਰਾਂ ਦੇ ਸਿਖਰਲੇ ਪੜਾਅ 'ਤੇ ਹੁਣ ਉਹ ਪਹੁੰਚ ਚੁੱਕੀ ਏ। ਕਿਸੇ ਸਧਾਰਨ ਜਿਹੇ ਰੋਗ ਦੀ ਪੀੜਾ 'ਚ ਉਸ ਮੈਨੂੰ ਆਪਣੇ ਖਿਆਲਾਂ 'ਚ ਵੀ ਚਿਤਵਿਆ। ਅਛੋਪਲੇ ਹੀ ਮੈਂ ਉਸ ਦੀ ਸੁਪਨ ਨਗਰੀ ਦੀਆਂ ਬਰੂਹਾਂ 'ਤੇ ਜਾ ਖਲੋਈ ਸਾਂ । ਕਿਸੇ ਅਰਸ਼ੀ ਫਰਿਸ਼ਤੇ ਸੰਗ, ਜਿਸ ਦੀ ਹਾਜ਼ਰੀ 'ਚ ਉਸਨੇ ਸਾਡੇ ਮੋਹ ਦੇ ਰਿਸ਼ਤੇ ਦੀ ਗੰਢ  ਨੂੰ ਹੋਰ ਪੀਢੀ ਕੀਤਾ ਸੀ। ਉਸਦੇ ਮਨ ਦੇ ਬੁਝੂੰ -ਬੁਝੂੰ  ਕਰਦੇ ਦੀਵੇ ਉੱਚੀਆਂ ਲਾਟਾਂ ਨਾਲ ਜਗਣ ਲੱਗ ਪਏ ਸਨ। 
          ਪੈਰਾਂ ਹੇਠ ਆਏ ਪੱਤਿਆਂ ਦੀ ਖੜ -ਖੜ ਨੇ ਮੈਨੂੰ ਮੇਰੇ ਖਿਆਲਾਂ ਦੀ ਡਗਰ 'ਚੋਂ ਮੋੜ ਲਿਆਂਦਾ। ਹੁਣ ਮੈਂ ਤਰੋ -ਤਾਜ਼ਾ ਮਹਿਸੂਸ ਕਰ ਰਹੀ ਸਾਂ। ਕੁਦਰਤ ਨਾਲ ਲਿਵਲੀਨ ਹੁੰਦੀ ਮੈਂ ਕਾਇਨਾਤ ਦੇ ਅਲਬੇਲੇ ਰੰਗਾਂ ਨੂੰ ਮੁੜ ਤੋਂ ਨਿਹਾਰਨ ਲੱਗੀ। 

ਸੂਹੇ -ਰੰਗਲੇ 
ਝੜਨ ਤੋਂ ਪਹਿਲਾਂ 
ਮੈਪਲ ਪੱਤੇ।                                                                                                                                    ਡਾ . ਹਰਦੀਪ ਕੌਰ ਸੰਧੂ      

   ਨੋਟ: ਇਹ ਪੋਸਟ ਹੁਣ ਤੱਕ 55 ਵਾਰ ਪੜ੍ਹੀ ਗਈ                                                                                                                                                                                                                                                    

2 Mar 2016

ਚੰਨ ਮਾਹੀਆ (ਸੇਦੋਕਾ)

1.
ਯਾਦਾਂ ਦੀ ਗੰਢ 
ਸੀਨੇ ਛੁਪਾਈ ਸਾਂਭੀ
ਨਿੱਤ ਰਾਤਾਂ ਨੂੰ ਖੋਲ੍ਹੀ । 
ਛੁਪ ਛੁਪ ਕੇ 
ਤਾਰਿਆਂ ਆ ਆ ਦੇਖੀ
ਹਾਸੀ ਬੜੀ ਉੜਾਈ। 

2
ਸੁੱਕੇ ਅੱਥਰੂ 
ਦਿਲ ਕਿਵੇਂ ਵਰਾਵਾਂ 
'ਕੱਲਾ ਠਾਠਾਂ ਮਾਰਦਾ
ਲਾਵੀਂ ਨਾ ਦੇਰ
ਚੰਨ ਮਾਹੀਆ ਵੇਖ
ਚਾਂਦਨੀ ਫਿੱਕੀ -ਫਿੱਕੀ। 

ਕਮਲਾ ਘਟਾਔਰਾ 
ਯੂ. ਕੇ. 
ਨੋਟ: ਇਹ ਪੋਸਟ ਹੁਣ ਤੱਕ 52 ਵਾਰ ਪੜ੍ਹੀ ਗਈ