Click on the arrow to listen ਫੱਗਣੀ ਪੌਣਾਂ
ਫੱਗਣ ਦਾ ਮਹੀਨਾ ਸੀ।ਫੱਗਣੀ ਪੌਣਾਂ 'ਚ ਫੱਗਣੀ ਗੀਤਾਂ ਦੇ ਸੁਰ ਸੁਣਾਈ ਦੇ ਰਹੇ ਸਨ। ਗਤੀਸ਼ੀਲ ਸਮੇਂ ਦੇ ਛਣਕਦੇ ਪਲਾਂ 'ਚ ਅੱਜ ਤੋਂ ਕੋਈ ਇੱਕ ਦਹਾਕਾ ਪਹਿਲਾਂ ਓਨੀਂ ਦਿਨੀਂ ਜ਼ਿੰਦਗੀ ਦੀਆਂ ਬਹੁਮੁੱਲੀਆਂ ਪਗਡੰਡੀਆਂ 'ਤੇ ਤੁਰਦਿਆਂ ਅਸੀਂ ਨਵੀਂ ਮੰਜ਼ਿਲ ਵੱਲ ਉਡਾਣ ਭਰੀ ਸੀ। ਬੱਚਿਆਂ ਸਮੇਤ ਮੈਂ ਮਲੇਸ਼ੀਆ ਹਵਾਈ ਅੱਡੇ 'ਤੇ ਅਗਲੇਰੀ ਉਡਾਣ ਦੀ ਉਡੀਕ ਕਰ ਰਹੀ ਸਾਂ। ਮੇਰੀਆਂ ਅੱਖਾਂ ਸਾਹਵੇਂ ਖਿੱਲਰਿਆ ਪੰਧ ਕਦੇ ਬੋਝਲ ਸੋਚਾਂ ਹੇਠ ਗੁਆਚ ਜਾਂਦਾ ਤੇ ਕਦੇ ਜ਼ਿੰਦਗੀ ਦੇ ਕਿਸੇ ਅਲੌਕਿਕ ਮੋੜ 'ਤੇ ਆ ਖਲੋਂਦਾ। "ਤੁਸੀਂ ਵੀ ਸਿਡਨੀ ਜਾ ਰਹੇ ਹੋ?" ਇੱਕ ਝੀਣੀ ਜਿਹੀ ਆਵਾਜ਼ ਨੇ ਮੈਨੂੰ ਮੇਰੀਆਂ ਸੋਚਾਂ ਦੇ ਕਾਫ਼ਲੇ 'ਚੋਂ ਮੋੜ ਲਿਆਂਦਾ।
ਸਾਂਵਲੇ ਜਿਹੇ ਰੰਗ ਦੀ ਤਿੱਖੇ ਨੈਣ ਨਕਸ਼ਾਂ ਵਾਲੀ ਕੁੜੀ ਮੇਰੇ ਸਾਹਮਣੇ ਖੜੀ ਸੀ। ਉਹ ਆਪਣੀਆਂ ਦੋ ਹੋਰ ਸਾਥਣਾਂ ਨਾਲ ਵਿਦਿਆਰਥੀ ਵੀਜ਼ੇ 'ਤੇ ਪਹਿਲੀ ਵਾਰ ਵਿਦੇਸ਼ ਜਾ ਰਹੀ ਸੀ।ਉਸ ਦੀਆਂ ਅੱਖਾਂ ਤੇ ਚਿਹਰੇ 'ਤੇ ਛਾਈ ਘੋਰ ਉਦਾਸੀ ਦੀ ਇਬਾਰਤ ਸਾਫ਼ ਪੜ੍ਹੀ ਜਾ ਸਕਦੀ ਸੀ। ਉਸ ਦੀਆਂ ਸਾਥਣਾਂ ਆਪਣੇ -ਆਪ ਨੂੰ ਸਾਂਵਾ ਰੱਖਣ ਲਈ ਮੇਰੇ ਬੱਚਿਆਂ ਨਾਲ ਗੱਲੀਂ ਰੁੱਝ ਗਈਆਂ । ਪਰ ਉਹ ਤਾਂ ਸਿੱਲ੍ਹੀ ਰੇਤ ਨਾਲ ਥੱਪੇ ਬੁੱਤ ਵਰਗੀ ਜਾਪਦੀ ਸੀ।ਲੱਗਦਾ ਸੀ ਕਿ ਤਿੱਖੀ ਧੁੱਪ ਨੇ ਉਸ ਵਿਚਲੀ ਸਾਰੀ ਨਮੀ ਸੋਖ ਲਈ ਹੈ ਤੇ ਹੁਣ ਉਹ ਕਿਸੇ ਵੀ ਵੇਲੇ ਭੁਰਨ ਨੂੰ ਤਿਆਰ ਸੀ।
ਨਿੱਘੀ ਦੋਸਤੀ ਦੇ ਘੇਰੇ ਨੂੰ ਹੋਰ ਮੋਕਲਾ ਕਰਦਿਆਂ ਮੈਂ ਉਹਨਾਂ ਨੂੰ ਆਪਣੀ ਭਾਵਕ ਸਾਂਝ ਦੇ ਕਲਾਵੇ 'ਚ ਲੈ ਲਿਆ ਸੀ। ਜਹਾਜੀ ਸਫਰ ਦੌਰਾਨ ਅਸੀਂ ਸੀਟਾਂ ਵੀ ਨਾਲ -ਨਾਲ ਕਰਵਾ ਲਈਆਂ ਸਨ। ਦੂਰ ਖਲੋਤੀ ਭਵਿੱਖ ਝੰਜੋੜੂ ਮੰਜ਼ਿਲ 'ਚ ਚਾਹੇ ਅਜੇ ਮੈਂ ਆਪਣਾ ਟਿਕਾਣਾ ਲੱਭਣਾ ਸੀ ਪਰ ਫਿਰ ਵੀ ਅਗਾਉਂ ਦਿਨਾਂ 'ਚ ਉਹਨਾਂ ਦੀ ਜ਼ਿੰਦਗੀ 'ਚ ਆਉਣ ਵਾਲੇ ਕਿਸੇ ਵੀ ਤਰਾਂ ਦੇ ਸੰਭਾਵੀ ਤੱਤੇ -ਠੰਡੇ ਬੁੱਲ੍ਹਿਆਂ ਨੂੰ ਥੰਮਣ ਦਾ ਹੁੰਗਾਰਾ ਮੈਂ ਭਰ ਦਿੱਤਾ ਸੀ। ਮੰਜ਼ਿਲ 'ਤੇ ਪਹੁੰਚ ਅਸੀਂ ਇੱਕ ਦੂਜੇ ਨੂੰ ਅਲਵਿਦਾ ਆਖ ਜੁਦਾ ਹੋ ਗਏ।
ਜ਼ਿੰਦਗੀ ਦੇ ਸਫ਼ਰ 'ਚ ਮਸ਼ਰੂਫ ਮੈਂ ਤਾਂ ਉਹਨਾਂ ਚਿਹਰਿਆਂ ਨੂੰ ਭੁੱਲੀ ਨਹੀਂ ਸਾਂ ਪਰ ਮੈਨੂੰ ਯਾਦ ਰੱਖਣ ਦੀ ਕੋਈ ਵਜ੍ਹਾ ਸ਼ਾਇਦ ਹੀ ਉਹਨਾਂ ਕੋਲ ਹੋਵੇ।ਤਕਰੀਬਨ ਦੋ ਕੁ ਮਹੀਨਿਆਂ ਬਾਅਦ ਅਚਾਨਕ ਇੱਕ ਦਿਨ ਫੋਨ ਦੀ ਘੰਟੀ ਉਹਨਾਂ ਦੇ ਹੁਣ ਦੇ ਬੀਤਦੇ ਖਰਵੇ ਪਲਾਂ ਨੂੰ ਬਿਆਨ ਕਰ ਗਈ," ਅਸੀਂ ਤਾਂ ਰਾਤ ਦੀਆਂ ਸੜਕ 'ਤੇ ਬੈਠੀਆਂ ਹਾਂ। ਕੀ ਤੁਸੀਂ ਸਾਡੀ ਕੋਈ ਮਦਦ ਕਰ ਸਕਦੇ ਹੋ ?" ਉਹਨਾਂ ਦੇ ਸਿਰ ਉੱਤਲੀ ਆਰਜ਼ੀ ਛੱਤ ਖੁੱਸ ਗਈ ਸੀ। ਪਤਾ ਨਹੀਂ ਉਹ ਕਿਹੜੀ ਡੋਰੀ ਸੀ ਜਿਸ ਨੇ ਮੈਨੂੰ ਉਹਨਾਂ ਦੇ ਚੇਤਿਆਂ 'ਚ ਪਰੋਈ ਰੱਖਿਆ ਸੀ। ਕਹਿੰਦੇ ਨੇ ਕਿ ਜੋ ਕੋਈ ਤੁਹਾਨੂੰ ਦਿਲੋਂ ਮੋਹ ਕਰਦਾ ਹੈ ਉਹ ਔਖੇ ਵੇਲੇ ਜ਼ਰੂਰ ਚੇਤੇ ਆਉਂਦਾ ਹੈ। ਸ਼ਾਇਦ ਇਸੇ ਕਰਕੇ ਏਸ ਔਖੀ ਘੜੀ 'ਚ ਆਪਣੇ ਹੋਰਾਂ ਜਾਣੂਆਂ ਨੂੰ ਛੱਡ ਕੇ ਉਹਨਾਂ ਮੈਨੂੰ ਹੀ ਚਿਤਵਿਆ ਸੀ।
ਘਰੇ ਸਲਾਹ ਕਰਿਆਂ ਬਗੈਰ ਹੀ ਤੇ ਬਿਨਾਂ ਕੋਈ ਹੋਰ ਸੁਆਲ ਕੀਤਿਆਂ ਮੈਂ ਉਹਨਾਂ ਨੂੰ ਘਰ ਲੈ ਆਈ। ਤਕਰੀਬਨ ਡੇਢ ਕੁ ਮਹੀਨਾ ਆਪਣੇ ਕੋਲ ਰੱਖਿਆ ਤੇ ਉਹਨਾਂ ਦੀ ਟੋਟੇ -ਟੋਟੇ ਹੋਈ ਦਸ਼ਾ ਨੂੰ ਹਰ ਹੀਲੇ ਪੂਰਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੇ ਸੱਖਣੇ ਮਨ ਦੇ ਵਿਹੜਿਆਂ 'ਚ ਖਿੜੀਆਂ ਬਹਾਰਾਂ ਦੇ ਸੁਖਦ ਪਲ ਫਿਰ ਮੋੜ ਲਿਆਂਦੇ।
ਘਰੇ ਸਲਾਹ ਕਰਿਆਂ ਬਗੈਰ ਹੀ ਤੇ ਬਿਨਾਂ ਕੋਈ ਹੋਰ ਸੁਆਲ ਕੀਤਿਆਂ ਮੈਂ ਉਹਨਾਂ ਨੂੰ ਘਰ ਲੈ ਆਈ। ਤਕਰੀਬਨ ਡੇਢ ਕੁ ਮਹੀਨਾ ਆਪਣੇ ਕੋਲ ਰੱਖਿਆ ਤੇ ਉਹਨਾਂ ਦੀ ਟੋਟੇ -ਟੋਟੇ ਹੋਈ ਦਸ਼ਾ ਨੂੰ ਹਰ ਹੀਲੇ ਪੂਰਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੇ ਸੱਖਣੇ ਮਨ ਦੇ ਵਿਹੜਿਆਂ 'ਚ ਖਿੜੀਆਂ ਬਹਾਰਾਂ ਦੇ ਸੁਖਦ ਪਲ ਫਿਰ ਮੋੜ ਲਿਆਂਦੇ।
ਹੁਣ ਉਹ ਆਪਣੇ ਘਰੀਂ ਰੰਗੀ ਵੱਸਦੀਆਂ ਨੇ।ਮੋਹ ਦੇ ਰਿਸ਼ਤਿਆਂ ਦੀਆਂ ਗੰਢਾਂ ਨੂੰ ਹੋਰ ਪੀਢੀਆਂ ਕਰਦਿਆਂ ਉਹ ਆਪਣੇ ਸਕੇ ਸੰਬੰਧੀਆਂ ਨਾਲ ਮੈਨੂੰ ਮਿਲਣ ਆਉਂਦੀਆਂ ਰਹੀਆਂ ਤੇ ਇਹ ਸਿਲਸਿਲਾ ਹੁਣ ਵੀ ਜਾਰੀ ਹੈ । ਕਈ ਵਾਰ ਕੁਦਰਤ ਵੀ ਸਾਨੂੰ ਹੈਰਾਨ ਕਰ ਦਿੰਦੀ ਹੈ ਤੇ ਅਛੋਪਲੇ ਹੀ ਨਵੀਂਆਂ ਸਾਂਝਾਂ ਪੁਆ ਜਾਂਦੀ ਹੈ। ਸਾਡੀ ਕੁਝ ਪਲਾਂ ਦੀ ਅਰਸ਼ੀ ਮਿਲਣੀ ਉਮਰਾਂ ਲੰਬੀ ਸਾਂਝ ਪਾ ਗਈ ਸੀ ਜੋ ਫੱਗਣ ਦੀਆਂ ਪੌਣਾਂ ਬਣ ਅੱਜ ਵੀ ਮੇਰੇ ਮਨ ਦੇ ਮੌਸਮਾਂ 'ਚ ਮਹਿਕ ਘੋਲ ਰਹੀ ਹੈ।
ਮਹਿਕੇ ਸਾਹ -
ਇਤਰ ਸੰਜੋਈਆਂ
ਫੱਗਣੀ ਪੌਣਾਂ।
ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 116 ਵਾਰ ਪੜ੍ਹੀ ਗਈ
ਨੋਟ: ਇਹ ਪੋਸਟ ਹੁਣ ਤੱਕ 116 ਵਾਰ ਪੜ੍ਹੀ ਗਈ