ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

9 Jun 2017

ਫਰਾਈਪੈਨ

Image result for non stick fry pan
21 ਜੂੂਨ ਦਾ ਦਿਨ ਸੀ, ਓਸ ਦਿਨ ਮੇਰੇ ਬੇਟੇ ਦਾ ਜਨਮਦਿਨ ਮਨਾਉਣ ਲਈ ਅਸੀਂ ਚਿਰਾਂ ਤੋਂ ਹੀ ਪੱਬਾਂ ਭਾਰ ਹੋਏ ਫਿਰਦੇ ਸੀ।ਸਾਲ ਦਾ ਸਭ ਤੋਂ ਵੱਡਾ ਤੇ ਗਰਮ ਦਿਨ ਇਸ ਸਾਲ ਵੀ ਪਿੰਡੇ ਨੂੰ ਲੂੰਹਦੀ ਗਰਮੀ ਵਰਸਾ ਰਿਹਾ ਸੀ। ਉਧਰੋਂ ਮੇਰਾ ਪੱਕਾ ਰਸੋਈਆ ਬਾਬੂ ਰਾਮ ਵੀ ਆਪਦੀ ਭੈਣ ਦਾ ਮੁਕਲਾਵਾ ਦੇਣ ਯੂ. ਪੀ. ਗਿਆ ਹੋਇਆ ਸੀ, ਸੋ ਮੈ ਅਜਿਹੇ ਵੇਲੇ ਅਕਸਰ ਸਰਕਾਰੀ ਫਾਰਮ ਦੀ ਕਲੋਨੀ ਵਿੱਚ ਕੰਮ ਕਰਦੇ ਮਾਲੀ ਅਭੈਰਾਜ ਨੂੰ ਮਦਦ ਲਈ ਸੱਦ ਲੈਂਦੀ।
ਕੁਦਰਤ ਦਾ ਵਣਜ਼ਾਰਾ ਅਭੈਰਾਜ ਸਾਰੇ ਫਾਰਮ ਦੇ ਚੌਗਿਰਦੇ ਨੂੰ ਨਵੀਂ ਨਵੇਲੀ ਵਹੁਟੀ ਵਾਂਗ ਸਜਾ ਕੇ ਰੱਖਦਾ। ਚਾਰੋਂ ਪਾਸਿਓਂ ਗੁਲਾਬ, ਗੇਂਦਾ,ਗੁਲਦਾਉਦੀ ਤੇ ਚਮੇਲੀ ਦੀ ਖੁਸ਼ਬੂ ਦੀਆਂ ਲਪਟਾਂ ਸਾਹਾਂ ਨੂੰ ਮਹਿਕਾ ਕੇ ਰੱਖ ਦਿੰਦੀਆਂ। ਬਗੀਚੀਆਂ ਦੇ ਘਾਹ ਨੂੰ ਹਰਾ ਕਚੂਰ ਰੰਗ ਪਤਾ ਨਹੀਂ ਉਹ ਕਿਹੜੀ ਹੱਟ ਤੋਂ ਲਿਆਕੇ ਦਿੰਦਾ। ਕੰਮ ਨੂੰ ਇਸ਼ਕ ਮੰਨਣ ਵਾਲੇ ਉਸ ਸ਼ਖ਼ਸ਼ ਦੀ ਹਰ ਜ਼ੁਬਾਨ 'ਤੇ ਗੱਲ ਹੁੰਦੀl
ਸ਼ਾਮ ਨੂੰ ਖੂਬ ਰੰਗਲੇ ਚਾਅ ਲਾਡ ਤੇ ਖਾਣ ਪੀਣ ਦਾ ਇੰਤਜ਼ਾਮ ਸੀ। ਦੇਰ ਤੱਕ ਬੱਚੇ ਗੁਬਾਰਿਆਂ,ਚਾਕਲੇਟਾਂ ਤੇ ਰਿਟਰਨ ਗਿਫ਼ਟਾਂ ਦੇ ਚਾਅ ਵਿੱਚ ਦੁੜੰਗੇ ਮਾਰਦੇ ਫਿਰਦੇ ਰਹੇ ਤੇ ਮਾਂ ਬਾਪ ਵੀ ਗੁਫਤਗੂ ਵਿੱਚ ਮਸ਼ਰੂਫ ਰਹੇ। ਸੁਭਾਵਿਕ ਹੀ ਦਿਨ ਲੰਬਾ ਤੇ ਥਕਾਨ ਵਾਲਾ ਸੀ। ਪਾਰਟੀ ਤੋਂ ਬਾਅਦ ਮੈਂ ਤੇ ਕੁਲਦੀਪ ਥੱਕੇ ਟੁੱਟੇ ਏ.ਸੀ. ਵਾਲੇ ਕਮਰੇ ਵਿੱਚ ਬੈਠੇ ਸਾਂ ਤਾਂ ਪਸੀਨੇ ਨਾਲ ਗੜੁੱਚ ਅਭੈਰਾਜ ਨੇ ਕੁੰਡਾ ਖੜਕਾਇਆ ਤੇ ਬਿਨਾਂ ਸੁਆਲ ਦਾ ਜੁਆਬ ਉਡੀਕਦਿਆਂ ਅੰਦਰ ਆ ਕੇ ਬੋਲਿਆ, "ਸਾਰੇ ਪੰਡੇ ਭਾਂਡੇ ਸਾਫ ਕਰ ਦੀਏ, ਅਬ ਮੈਂ ਜਾਊਂ ਬੀਬੀ ਜੀ..?"
ਸ਼ੁਕਰੀਆ ਵਈ ਬਹੁਤ ਬਹੁਤ, ਸੌ ਦਾ ਨੋਟ ਉਹਦੇ ਹੱਥ ਫੜਾਉਂਦਿਆਂ ਮੈਂ ਕਿਹਾ।
ਆਹ ਥੋਡਾ ਬਾਬੂ ਰਾਮ ਅਬ ਮਨ ਸੇ ਕਾਮ ਨਹੀਂ ਕਰਤਾ ਬੀਬੀ ਜੀ।
"ਕਿਉਂ ? " ਮੈਂ ਪੁੱਛਿਆ ।
ਤੌਬਾ ਤੌਬਾ ਤੌਬਾ,ਇਤਨੇ ਗੰਦੇ ਪੰਡੇ। ਕੈਸੇ ਖਾਤੇ ਹੋ ਇਨ ਮੇਂ। ਖੁਦ ਕਰ ਲੀਆ ਕਰੋ,ਵਰਨਾ ਬੀਮਾਰ ਪੜ ਜਾਓਗੇ," ਮੱਤਾਂ ਦਿੰਦਾ ਅਭੈਰਾਜ ਚੁੱਪ ਹੋਣ ਦਾ ਨਾਮ ਨਹੀਂ ਲੈ ਰਿਹਾ ਸੀ।
ਇਹੋ ਜਿਹੀ ਤਾਂ ਕੋਈ ਗੱਲ ਨਹੀਂ ਮੈਂ ਕਦੇ ਵੇਖੀ। ਤੈਨੂੰ ਉਂਜ ਹੀ ਲੱਗਿਆ। " ਕੁਲਦੀਪ ਮੂਹਰੇ ਮੈਂ ਕੱਚੀ ਜਿਹੀ ਹੁੰਦੀ ਨੇ ਕਿਹਾl
"ਮੈਂ ਕੌਨਸਾ ਨਯਾ ਹੂੰ। ਜਬ ਸੇ ਹੋਸ਼ ਸੰਭਾਲਾ, ਯਹੀ ਕਾਮ ਧੰਦਾ ਕਰਤਾ ਹੂੰ....ਆਓੁ ਦਿਖਾਊਂ," ਕਹਿ ਕੇ ਉਹ ਮੂਹਰੇ ਤੇ ਮੈਂ ਵੀ ਉਹਦੇ ਮਗਰੇ ਰਸੋਈ ਵੱਲ ਨੂੰ ਹੋ ਤੁਰੀ।
ਵਾਰਤਾਲਾਪ ਰੌਚਿਕ ਜਿਹੀ ਹੁੰਦੀ ਵੇਖ ਕੁਲਦੀਪ ਵੀ ਸੁਆਦ ਲੈਣ ਮਗਰੇ ਆ ਗਏ।
ਚਾਂਦੀ ਵਾਙੰ ਚਮਕਾਇਆ ਫਰਾਈਪੈਨ ਮੇਰੇ ਮੂਹਰੇ ਕਰਕੇ ਬੋਲਿਆ,"ਯਿਹ ਦੇਖੋ.... ਕਾਲਾ ਤਵੇ ਜੈਸਾ ਥਾ."
"ਬੂੂ ਵੇ ਇਹ ਤਾਂ ਮੇਰਾ ਅੱਜ ਹੀ ਨਵਾਂ ਲਾਇਆ ਨਾਨ ਸਟਿੱਕ ਪੈਨ ਸੀ। "
ਮੇਰੇ ਸੱਤੀਂ ਕੱਪੜੀ ਅੱਗ ਲੱਗੀ ਵੇਖ ਕੇ ਕੁਲਦੀਪ ਨੇ ਮੌਕਾ ਸੰਭਾਲਿਆ ਕਿ ਉਸ ਤੋਂ ਪਹਿਲਾਂ ਮੈਂ ਹੋਰ ਗੁੱਸਾ ਉਗਲਦੀ,"ਹਰਕੀਰਤ ਤੈਨੂੰ ਮੈਂ ਨਵਾਂ ਫਰਾਈਪੈਨ ਲਿਆਕੇ ਦਿੰਨਾਂ। ਤੂੰ ਏਨਾਂ ਚਮਕਾ ਕੇ ਵਿਖਾਈਂ। "
"ਬੀਬੀ ਜੀ ਈਂਂਟ ਸੇ ਚਮਕਾਨਾ, ਫਿਨ ਦੇਖਨਾ... ਮੇਰੇ ਕੋ ਤੋ ਪੂਰਾ ਏਕ ਘੰਟਾ ਲਗਾ."ਸੌ ਦੇ ਨੋਟ ਨੂੰ ਅਜੇ ਵੀ ਹੱਥਾਂ ਵਿੱਚ ਵੱਟਦਾ ਆਪਣੀ ਗਲਤੀ ਤੋਂ ਅਣਜਾਣ ਫਖ਼ਰ ਨਾਲ ਬੋਲ ਰਿਹਾ ਸੀ।
ਈਂਟ ਲਿਆ ਤਾਂ ਸਹੀ ਤੈਨੂੰ ਦੇਵਾਂ ਪਤਾ। ਕਹਿਣ ਨੂੰ ਮਨ ਕੀਤਾ ਹੀ ਸੀ ਤਾਂ ਥਾਪੜਾ ਦਿੰਦੇ ਕੁਲਦੀਪ ਬੋਲ ਰਹੇ ਸੀ,"ਬਹੁਤ ਅੱਛੇ ਅਭੈਰਾਜ... ਤੇਰੇ ਜੈਸਾ ਯਹਾਂ ਕੋਈ ਨਹੀਂ ਹੈ। "
ਛਾਤੀ ਚੌੜੀ ਕਰੀ ਸਾਬ ਤੋਂ ਸ਼ਾਬਾਸ਼ ਲਈ ਉਹ ਘਰੋਂ ਬਾਹਰ ਜਾ ਰਿਹਾ ਸੀ ਤੇ ਮੈਂ ਫਰਾਈਪੈਨ ਵੱਲ ਝਾਕ ਰਹੀ ਸੀ। ਆਖਿਰ ਕਸੂਰ ਤਾਂ ਮੇਰਾ ਹੀ ਸੀ।
ਡੇਢ ਦਹਾਕੇ ਬਾਅਦ ਸੱਤ ਸਮੁੰਦਰੋਂ ਪਾਰ ਅੱਜ ਵੀ ਉਹ ਮੇਰੀ ਰਸੋਈ ਵਿੱਚ ਫਰਾਈਪੈਨ ਬਣਕੇ ਰਹਿੰਦਾ ਹੈ। ਭਾਂਡੇ ਮਾਂਜਣ ਨੂੰ ਅੌਖ ਮੰਨਦੀ ਵੀ ਅਕਸਰ ਮੈਂ ਹੱਸ ਕੇ ਕਹਿ ਦਿੰਦੀ ਹਾਂ," ਲਾਓ ਜੀ ਮੈਂ ਕਰ ਦਿਊਂ ਪੰਡੇ ਸਾਫ। "
ਬਹੁਤੀ ਪੜੀ ਲਿਖੀ ਨੇ ਇੱਕ ਗੱਲ ਸਿੱਖੀ ਹੈ ਕਿ ਕਿਸੇ ਦੇ ਜ਼ਹਿਨ ਵਿੱਚ ਕੁੱਲੀ ਪਾਉਣ ਲਈ ਸਦਾ ਸਿਆਣਪ ਹੀ ਨਹੀਂ ਸਗੋਂ ਭੋਲੇਪਣ 'ਚ ਕੀਤੀ ਗੁਸਤਾਖ਼ੀ ਵੀ ਕਾਰਗਾਰ ਸਿੱਧ ਹੋ ਜਾਂਦੀ ਹੈ।ਹਰਕੀਰਤ ਚਹਿਲ

ਨੋਟ : ਇਹ ਪੋਸਟ ਹੁਣ ਤੱਕ 70 ਵਾਰ ਪੜ੍ਹੀ ਗਈ ਹੈ। 

3 comments:

 1. ਜਗਰੂਪ ਕੌਰ10.6.17

  ਨਾਨਸਟਿਕ ਭਾਂਡਿਆਂ ਨੇ ਤਾਂ ਮੇਰੀ ਜਾਨ ਸੁੱਕਣੀ ਪਾਈ ਰੱਖੀ ਆ ਹਾਲੇ ਤੱਕ , ਆਇਆ ਗਿਆ ਬੈਠਾ ਹੁੰਦਾ ਤੇ ਮੈਂ ਫਟਾਫਟ ਭੱਜਦੀ ਹਾਂ ਰਸੋਈ ਵੱਲ " ਮਤਿਆਂ ਮੇਰੇ ਪੈਨ ਵੀ ਚਾਂਦੀ ਰੰਗੇ ਨਾ ਬਣ ਜਾਣ । ਸਟੀਲ ਦਾ ਸਕਰਬਰ ਵੀ ਮੈਨੂੰ ਲੁਕੋ ਕੇ ਰੱਖਣਾ ਪੈਂਦਾ ਹੈ ।

  ReplyDelete
 2. ਰੌਚਕ ਲਗਾ ਫਰਾਈਪੈਨ । ਹਰਕੀਰਤ ਚਹਿਲ ਜੀ । ਸਵਾਗਤ ਹੈ ਇਸ ਸਫਰ ਸਾਂਝ ਮੇਂ ।

  ReplyDelete
 3. ਸਭ ਤੋਂ ਪਹਿਲਾਂ ਤਾਂ ਮੈਂ ਹਰਕੀਰਤ ਚਹਿਲ ਜੀ ਦਾ ਸਫਰਸਾਂਝ ਮੰਚ 'ਤੇ ਸੁਆਗਤ ਕਰਦੀ ਹਾਂ।
  ਨਾਨਸਟਿਕ ਭਾਂਡਿਆਂ ਦੀ ਹੋਈ ਦੁਰਦਸ਼ਾ ਬਾਰੇ ਮੈਂ ਪਹਿਲਾਂ ਵੀ ਕਈ ਰੌਚਿਕ ਕਿੱਸੇ ਪੜ੍ਹੇ ਸੁਣੇ ਨੇ। ਇਹ ਹਾਇਬਨ ਵੀ ਕੁਝ ਇਸੇ ਤਰਾਂ ਦੇ ਬਿਰਤਾਂਤ ਨੂੰ ਦਰਸਾਉਂਦਾ ਹੈ। ਵਧੀਆ ਢੰਗ ਨਾਲ ਸਰਕਾਰੀ ਫਾਰਮ ਦੇ ਮਾਲੀ ਦੇ ਕਿੱਸੇ ਨੂੰ ਪਾਠਕਾਂ ਅੱਗੇ ਪਰੋਸਿਆ ਹੈ। ਉਹ ਫਾਰਮ ਹਾਊਸ ਤਾਂ ਆਪ ਕਦੋਂ ਦਾ ਛੱਡ ਆਏ ਨੇ ਪਰ ਅਭੈ ਰਾਜ ਅਜੇ ਵੀ ਆਪ ਦੀ ਰਸੋਈ 'ਚ ਨਿੱਤ ਆਉਂਦੈ।
  ਸੋਹਣੀ ਰਚਨਾ -'ਫਰਾਈਪੈਨ' ਹਾਇਬਨ ਲਈ ਆਪ ਵਧਾਈ ਦੇ ਪਾਤਰ ਨੇ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ