ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 Jul 2018

ਸੂਹੀ ਮਹਿੰਦੀ (ਹਾਇਬਨ) ਡਾ. ਹਰਦੀਪ ਕੌਰ ਸੰਧੂ


Image result for henna hands brideਸਿਆਲ ਰੁੱਤ ਨੇ ਅਜੇ ਪੂਰੀ ਤਰਾਂ ਦਸਤਕ ਨਹੀਂ ਦਿੱਤੀ ਸੀ। ਅਗੇਤੀ ਧੁੰਦ ਨਾਲ਼ ਅੱਟੇ ਚੁਫ਼ੇਰੇ ਵਿੱਚ ਸੜਕੀ ਖੰਭਿਆਂ ਤੋਂ ਡਿੱਗਦਾ ਚਾਨਣ ਦੂਧੀਆ ਧੁੰਦ 'ਚ ਫ਼ੈਲਣ ਦੀ ਅਣਥੱਕ ਕੋਸ਼ਿਸ਼ ਕਰਦਾ ਜਾਪ ਰਿਹਾ ਸੀ। ਰੁੰਡ ਮਰੁੰਡ ਹੋਏ ਰੁੱਖ ਪੈਲਾਂ ਪਾਉਂਦੀ ਫੱਗਣੀ ਬਹਾਰ ਨੂੰ ਉਡੀਕ ਰਹੇ ਸਨ। ਸੁੱਕੇ ਘਾਹ ਦੀਆਂ ਤਿੜਾਂ ਭੂਰੇ ਪੱਤਿਆਂ ਸੰਗ ਆਪਾ ਫਰੋਲ਼ਦੀਆਂ ਪ੍ਰਤੀਤ ਹੁੰਦੀਆਂ ਸਨ। ਪਰ ਏਸ ਕਰਤਾਰੀ ਦੁਨੀਆਂ ਦਾ ਦੂਜਾ ਸਿਰਾ ਹੁਨਾਲ਼ਾਂ ਦੀ ਤਪਸ਼ ਹੰਢਾ ਰਿਹਾ ਸੀ। ਤਪਦੀਆਂ ਲੂਆਂ 'ਚ ਤਿਹਾਈ ਧਰਤ ਵਾਂਗਰ ਉਹ ਵੀ ਕਿਸੇ ਤਾਂਘ ਨੂੰ ਚਿਤਵਦੀ ਵਿਆਕੁਲ ਹੋ ਰਹੀ ਸੀ। ਸਾਦਾ ਪਹਿਰਾਵਾ,ਸੋਹਣੇ ਜਿਹੇ ਨੈਣ ਨਕਸ਼ ਤੇ ਹੱਸਮੁੱਖ ਸੁਭਾਅ ਦੀ ਮਲਿਕਾ।  
ਹੁਣੇ ਹੁਣੇ ਅੱਗ ਦੀ ਰੁੱਤ ਨੇ ਕਰਵੱਟ ਲੈ ਲਈ ਸੀ। ਕੁਦਰਤ ਦੇ ਝਰਨੇ 'ਚੋਂ ਸਵਾਂਤੀ ਬੂੰਦਾਂ ਝਰਨ ਲੱਗੀਆਂ ਸਨ। ਉਸ ਨੇ ਏਸ ਵਿਹੜੇ ਦਾ ਭਾਗ ਬਣਨਾ ਸੀ। ਪਤਾ ਨਹੀਂ ਉਹ ਆਪਣੀ ਰੂਹ ਨੂੰ ਜਾਂ ਏਸ ਵਿਹੜੇ ਦੀ ਤਪਸ਼ ਨੂੰ ਠਾਰਨ ਆ ਰਹੀ ਸੀ,ਇਹ ਤਾਂ ਉਸ ਦਾ ਰੱਬ ਹੀ ਜਾਣਦਾ ਸੀ। ਇਓਂ ਲੱਗਦਾ ਸੀ ਜਿਵੇਂ ਚਾਤ੍ਰਿਕ ਨੂੰ ਆਪਣੀ ਤ੍ਰਿਪਤੀ ਦਾ ਕੋਈ ਰਾਹ ਮਿਲ਼ ਗਿਆ ਹੋਵੇ। ਲੂਹੇ ਹੋਏ ਰੁੱਖਾਂ ਦੀ ਟਹਿਣੀਆਂ ਨਵਾਂ ਨਕੋਰ ਹੁਸਨ ਲੈ ਕੇ ਆਉਣ ਦੀਆਂ ਤਿਆਰੀਆਂ 'ਚ ਰੁੱਝੀਆਂ ਹੋਈਆਂ ਸਨ। ਉਹ ਅਗਰਬੱਤੀ ਦੀ ਸੁਗੰਧ ਬਣ ਕੇ ਖਿਲਰਣਾ ਤੇ ਸ਼ਹਿਨਾਈ ਦੀ ਕੋਈ ਗੂੰਜ ਹੋਣਾ ਲੋਚਦੀ ਸੀ। 
ਕਹਿੰਦੇ ਨੇ ਕਿ ਹਰ ਰਿਸ਼ਤਾ ਭਾਵਕ ਸਾਂਝ ਦੀ ਬੁਨਿਆਦ 'ਤੇ ਹੀ ਪਣਪਦਾ ਹੈ। ਮੇਰਾ ਉਸ ਨਾਲ਼ ਨਾਂ ਦਾ ਰਿਸ਼ਤਾ ਤਾਂ ਜੁੜ ਚੁੱਕਿਆ ਸੀ ਪਰ ਭਾਵਨਾਵਾਂ ਦੀਆਂ ਤੰਦਾਂ ਜੁੜਨੀਆਂ ਅਜੇ ਬਾਕੀ ਸਨ। ਕੋਈ ਅਣਬੁੱਝ ਹਿਚਕਿਚਾਹਟ ਵਾਰ ਵਾਰ ਮੇਰਾ ਰਾਹ ਰੋਕ ਰਹੀ ਸੀ। ਮੈਂ ਸਿਆਲਾਂ 'ਚ ਹੁਨਾਲਾਂ ਨੂੰ ਮਿਲਣਾ ਲੋਚਦੀ ਸਾਂ। ਖ਼ਿਆਲ ਰੰਗ 'ਚੋਂ ਬਾਹਰ ਨਿਕਲ਼ ਏਸ ਰੁੱਤ ਲਲਾਰਨ ਤੋਂ ਸੂਹੇ ਰੰਗ ਉਧਾਰੇ ਲੈ ਮੈਂ ਉਸ ਦੀ ਝੋਲ਼ੀ ਪਾਉਣਾ ਚਾਹੁੰਦੀ ਸਾਂ। ਇਸੇ ਉਧੇੜ ਬੁਣ 'ਚ ਦਿਨ ਸਰਕਦਾ ਗਿਆ। ਅਖ਼ੀਰ ਮੇਰੀ ਝਿਜਕ ਹੌਲ਼ੀ ਹੌਲ਼ੀ ਦੁਆ ਸਲਾਮ ਤੇ ਫ਼ੇਰ ਖ਼ਿਆਲੀ ਚੁੱਪ ਫ਼ੋਨ ਦੇ ਬੋਲ ਹੁੰਗਾਰਿਆਂ 'ਚ ਬਦਲ ਗਈ। 
ਹੁਣ ਉਹ ਮੇਰੇ ਐਨ ਕੋਲ਼ ਆ ਬੈਠੀ ਸੀ, "ਸੁਰਾਂ ਦੀ ਛਹਿਬਰ ਚੰਨ ਰਿਸ਼ਮਾਂ ਚਹੁੰ ਤਰਫ਼ੀ ਕਰਮਾਂ ਦੀ ਮਹਿੰਦੀ ਦਾ ਚੜ੍ਹੇ ਰੰਗ ਸ਼ਿੰਗਰਫ਼ੀ।" ਉਹ ਆਪਣੀਆਂ ਤਲੀਆਂ 'ਤੇ ਸ਼ਗਨਾਂ ਦੀ ਮਹਿੰਦੀ ਹੀ ਲਵਾ ਰਹੀ ਸੀ। ਅਸੀਂ ਦੋਵੇਂ ਹੀ ਇੱਕ ਦੂਜੇ ਲਈ ਅਣਜਾਣ ਸਾਂ ਪਰ ਇਓਂ ਲੱਗਦਾ ਸੀ ਜਿਵੇਂ ਸਾਡੀ ਕੋਈ ਪੁਰਾਣੀ ਸਾਂਝ ਹੋਵੇ। ਉਸ ਦੀਆਂ ਗੱਲਾਂ 'ਚ ਮੈਂ ਕਿਧਰੇ ਗੁਆਚ ਰਹੀ ਸਾਂ "ਤੇਰਾ ਵਿਕਦਾ ਜੈ ਕੁਰੇ ਪਾਣੀ ਲੋਕਾਂ ਦਾ ਨਾ ਦੁੱਧ ਵਿਕਦਾ।"
ਅੱਜ ਉਹ ਆਪਣੀਆਂ ਸੱਧਰਾਂ ਦੀ ਹਾਨਣ ਬਣੀ ਕਿਸੇ ਸਹਿਜ ਸਫ਼ਰ ਨੂੰ ਸ਼ੁਰੂ ਕਰਨ ਦੇ ਆਹਰ 'ਚ ਸੀ। ਮੈਂ ਸੱਤ ਸਮੁੰਦਰ ਪਾਰ ਬੈਠੀ ਉਸ ਦੀ ਸ਼ਗਨਾਂ ਦੀ ਫੁਲਕਾਰੀ 'ਚ ਚਾਵਾਂ ਦੇ ਫ਼ੁੱਲ ਗੁੰਦ ਰਹੀ ਸਾਂ ਜਦੋਂ ਕਿਸੇ ਨੇ ਮੈਨੂੰ ਪਿੱਛੋਂ ਆਵਾਜ਼ ਦਿੱਤੀ। ਕਿਸੇ ਚੀਚ ਵਹੁਟੀ ਵਾਂਗ ਮਖ਼ਮਲੀ ਸ਼ਾਲੂ 'ਚ ਲਿਪਟੀ ਮੈਨੂੰ ਉਹੀਓ ਨਜ਼ਰ ਆਈ। ਉਸ ਦੇ ਅਪਣੱਤ ਭਰੇ ਬੋਲ ਅਜੇ ਵੀ ਮੈਨੂੰ ਗਲਵੱਕੜੀ ਪਾਈ ਬੈਠੇ ਸਨ। ਮੈਂ ਬਾਹਰ ਝਾਤੀ ਮਾਰੀ। ਕੋਸੀ ਧੁੱਪ ਖਿੜਨ ਨਾਲ਼ ਧੁੰਦ ਛਟ ਗਈ ਸੀ। ਨਿੱਘ ਤੇ ਰੌਸ਼ਨੀ ਦੇ ਸੁਮੇਲ 'ਚ ਮਟਕ ਮਟਕ ਕੇ ਕੋਈ ਚਾਨਣੀ ਰੁੱਤ ਉਤਰ ਰਹੀ ਸੀ। 

ਰੁੱਤ ਕਠੋਰ - 
ਧੁੱਪ ਦੀ ਚਿਲਕੋਰ 
ਹਵਾ 'ਚ ਲੋਰ। 
* ਮੇਰੇ ਹਾਇਬਨ ਸੰਗ੍ਰਹਿ ਵਿੱਚੋਂ 



2 Jul 2018

ਆਤਮ ਨਾਟ (ਮਿੰਨੀ ਕਹਾਣੀ )- ਡਾ. ਹਰਦੀਪ ਕੌਰ ਸੰਧੂ

Image result for tap dance sketch
ਉਹ ਕਦੰਬ ਦੇ ਰੁੱਖ ਹੇਠ ਚਿਰਾਂ ਤੋਂ ਇੱਕਲਾ ਹੀ ਖੜ੍ਹਾ ਸੀ। ਉਸ ਰੁੱਖ ਦੀਆਂ ਝੁਕੀਆਂ ਟਹਿਣੀਆਂ ਕਲਾਵੇ 'ਚ ਲੈਂਦੀਆਂ ਉਸ ਦੀ ਇੱਕਲਤਾ ਨੂੰ ਭਰਨ ਦੀ ਅਸਫ਼ਲ ਕੋਸ਼ਿਸ਼ ਕਰਦੀਆਂ ਰਹਿੰਦੀਆਂ। ਅਜੇ ਉਸ ਚੰਗੂ ਤੁਰਨਾ ਵੀ ਨਹੀਂ ਸਿੱਖਿਆ ਸੀ ਜਦੋਂ ਦੋ ਦਹਾਕੇ ਪਹਿਲਾਂ ਕਿਸੇ ਚੰਦਰੀ ਘੜੀ ਨੂੰ ਉਹ ਅਚਾਨਕ ਮਾਂ ਹੱਥੋਂ ਛੁਟ ਭੁੰਜੇ ਜਾ ਡਿੱਗਿਆ। ਉਸ ਦੇ ਘੁੰਗਰੂਆਂ ਦੇ ਬੋਰ ਉਲਝ ਗਏ। ਬੋਲ ਅਬੋਲੇ ਬਣ ਉਸ ਦਾ ਸਾਥ ਛੱਡ ਗਏ। ਉਹ ਕਿਸੇ ਖਲਾਅ 'ਚ ਜਿਉਣ ਲੱਗਾ ਜਿੱਥੇ ਕਿਸੇ ਤਰ੍ਹਾਂ ਦੇ ਸੁਰ ਸੰਚਾਰ ਦੀ ਕੋਈ ਸੰਭਾਵਨਾ ਹੀ ਨਹੀਂ ਸੀ। ਪਤਾ ਨਹੀਂ ਅੱਖਾਂ ਥੀਂ ਉਹ ਕਿੰਝ ਸੁਣਦਾ ਹੋਵੇਗਾ ? ਹਾਣੀਆਂ ਦੇ ਦੁਰਕਾਰਨ 'ਤੇ ਰੋਂਦਾ ਰੋਂਦਾ ਉਹ ਮਾਂ ਦੀ ਬੁੱਕਲ਼ 'ਚ ਆ ਸਿਮਟਦਾ ਤੇ ਨਿੱਤ ਪੀੜ-ਪੀੜ ਹੁੰਦਾ ਰਹਿੰਦਾ। ਅਣਕਹੇ ਭਾਵਾਂ ਦੇ ਸਮੁੰਦਰ 'ਚ ਵਹਿੰਦਾ ਪਤਾ ਨਹੀਂ ਉਹ ਕਿੰਨੀ ਵਾਰ ਮਰਦਾ ਹੋਣੈ । ਮਾਂ ਉਸ ਦੀ ਬੇਚੈਨੀ ਤੋਂ ਬੇਜ਼ਾਰ ਹੋਈ ਆਪਣੀ ਬੇਵੱਸੀ 'ਤੇ ਝੂਰਦੀ ਰਹਿੰਦੀ। 
.... ਤੇ ਫ਼ੇਰ ਇੱਕ ਦਿਨ ਕੋਈ ਫ਼ਰਿਸ਼ਤਾ ਉਸ ਦੇ ਆਪੇ ਅੰਦਰ ਚਿਰਾਂ ਤੋਂ ਪੁੰਗਰਦੇ ਬੀਜ ਨੂੰ ਸਿੰਜਣ ਆ ਉਤਰਿਆ। ਪੀੜਾ ਨੂੰ ਕਾਬੂ ਕਰ ਵੱਸੋਂ ਬਾਹਰੀ ਤਾਂਘ ਨੂੰ ਉਸ ਦੇ ਆਪੇ ਅੰਦਰ ਮਘਣ ਲਾ ਦਿੱਤਾ। ਹੁਣ ਤੱਕ ਸੁੱਤੀ ਉਸ ਦੀ ਸੰਗੀਤ ਪ੍ਰੀਤ ਅੰਗੜਾਈਆਂ ਭਰਨ ਲੱਗੀ। ਅਣਗਾਹੇ ਬਣਾਂ 'ਚ ਭਾਉਂਦਿਆਂ ਅੰਤਰੀਵ ਇਸ਼ਟ ਦੇ ਮਿਲਾਪ ਨੇ ਉਸ ਨੂੰ ਨ੍ਰਿਤ ਦੀਆਂ ਸੰਗੀਤਕ ਲਿੱਪੀਆਂ ਦਾ ਹਾਣੀ ਬਣਾ ਦਿੱਤਾ। ਹੁਣ ਉਸ ਦੇ ਮਨੋਭਾਵ ਸੁਰਾਂ ਸੰਗ ਥਿਰਕਣ ਲੱਗੇ।
ਅੱਜ ਉਸ ਦੀਆਂ ਜੀਵਨ ਨਾੜੀਆਂ ਅੰਦਰ ਕਿਸੇ ਨਵੀਂ ਰੁੱਤ ਦਾ ਸੰਚਾਰ ਹੋ ਰਿਹਾ ਸੀ। ਉਹ ਖੁੱਲ੍ਹੀਆਂ ਅੱਖਾਂ ਨਾਲ਼ ਖੁਦ ਕੋਈ ਸੁਪਨਾ ਵੇਖ ਰਿਹਾ ਸੀ ਜਾਂ ਉਸ ਸੁਪਨਮਈ ਲੋਕ ਦਾ ਉਹ ਆਪ ਹਿੱਸਾ ਬਣ ਗਿਆ ਸੀ। ਕਦੇ ਲੱਗਦਾ ਸੀ ਕਿ ਜਿਵੇਂ ਉਹ ਚੁਫ਼ੇਰੇ  ਨੂੰ ਅਸਚਰਜ ਕਰ ਰਿਹਾ ਹੋਵੇ ਜਾਂ ਫ਼ੇਰ ਉਸ ਦਾ ਆਪਾ ਖੁਦ ਅਚੰਭਿਤ ਹੋ ਰਿਹਾ ਸੀ। ਅੱਜ ਉਹ ਨੈਣਾਂ ਰਾਹੀਂ ਡੀਕ ਲਾ ਕੇ ਸਭ ਕੁਝ ਪੀ ਜਾਣਾ ਲੋਚਦਾ ਸੀ। ਅੱਖਾਂ ਦੀ ਆਰਸੀ 'ਚ ਉਸ ਦੇ ਨਿਰਮਲ ਹਿਰਦੇ ਦਾ ਅਕਸ ਸਾਫ਼ ਦਿਖਾਈ ਦੇ ਰਿਹਾ ਸੀ। ਬਿਨਾਂ ਕੋਈ ਸੁਰ ਸੁਣੇ ਦਿਲ ਧੜਕਣ 'ਚ ਸਮਾਈ ਤਾਲ ਦੀ ਲੈਅ 'ਤੇ ਆਤਮ ਤਲ ਦੇ ਮਹਾਂ ਸੰਗੀਤ ਰਾਹੀਂ ਕੋਈ ਮਹਾਂ ਨਾਟ ਦ੍ਰਿਸ਼ਟੀਮਾਨ ਹੋ ਰਿਹਾ ਸੀ। ਇਓਂ ਲੱਗਦਾ ਸੀ ਕਿ ਕਿਸੇ ਨ੍ਰਿਤਕ ਹੂਕ ਨੇ ਉਸ ਨੂੰ ਰੱਬ ਦੀ ਜੂਹੇ ਲਿਆ ਖੜ੍ਹਾ ਕੀਤਾ ਹੋਵੇ ਜਿੱਥੇ ਅੱਜ ਉਸ ਨੇ ਖੁਦ 'ਚੋਂ ਖੁਦਾ ਨੂੰ ਪਾ ਲਿਆ ਸੀ। ਕਦੰਬ ਦੇ ਰੁੱਖ ਦੀ ਛਾਂ ਨੂੰ ਮਾਣਦਾ ਸਗਲ ਸ੍ਰਿਸ਼ਟੀ ਨਾਲ਼ ਨੱਚਦਾ ਹੁਣ ਉਹ ਪੂਰਣਤਾ ਨੂੰ ਜਾਂਦੇ ਰਾਹ ਵੱਲ ਪੁਲਾਂਘਾ ਭਰ ਰਿਹਾ ਸੀ। 
ਡਾ. ਹਰਦੀਪ ਕੌਰ ਸੰਧੂ 
* ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ