ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 Oct 2018

ਰੱਬ ਦਾ ਹਾਣੀ (ਡਾ. ਹਰਦੀਪ ਕੌਰ ਸੰਧੂ)

Image result for hands giving drawing
ਉਹ ਸ਼ਹਿਰ ਦੀ ਇੱਕ ਛੋਟੀ ਜਿਹੀ ਬਸਤੀ 'ਚ ਇੱਕ ਆਲੀਸ਼ਾਨ ਮਕਾਨ ਵਿੱਚ ਰਹਿੰਦਾ ਹੈ। ਉਹ ਇੱਕ ਅਜੀਬ ਜਿਹੀ ਅਦਾ ਦਾ ਮਾਲਕ ਹੈ।ਨਿੱਤ ਟਿੱਕੀ ਚੜ੍ਹਦਿਆਂ ਪਹਿਲਾਂ ਰਾਮ -ਰਾਮ ਕਰਦਾ ਮੰਦਰ ਦੀ ਘੰਟੀ ਜਾ ਖੜਕਾਉਂਦਾ ਤੇ ਫ਼ੇਰ ਬਾਖ਼ਰੂ -ਬਾਖ਼ਰੂ ਕਰਦਾ ਗੁਰਦੁਆਰੇ ਝਾੜੂ ਲਾਉਣ ਤੁਰ ਜਾਂਦਾ ਹੈ।ਅਸਲ ਵਿੱਚ ਜੋ ਉਹ ਵਿਖਾਈ ਦਿੰਦਾ ਹੈ ਉਹ ਹੈ ਹੀ ਨਹੀਂ ਹੈ ਤੇ ਜੋ ਹੈ ਉਹ ਤਾਂ ਕਦੇ ਕਿਸੇ ਵੇਖਿਆ ਹੀ ਨਹੀਂ। ਰੰਗੀਨ ਮਖੌਟੇ ਪਿੱਛੇ ਲੁਕਿਆ ਉਸ ਦਾ ਆਪਾ ਨਾ ਜਾਣੇ ਕਿਹੋ ਜਿਹਾ ਹੋਵੇਗਾ ? ਪਤਾ ਨਹੀਂ ਉਹ ਕੋਈ ਧਰਮੀ ਹੈ ਵੀ ਜਾਂ ਧਾਰਮਿਕ ਹੋਣ ਦਾ ਸਿਰਫ਼ ਵਿਖਾਵਾ ਹੀ ਕਰਦੈ। ਕੋਈ ਨਹੀਂ ਜਾਣਦਾ ਕਿ ਉਹ ਰਾਮ ਦੇ ਮਖੌਟੇ ਪਿੱਛੇ ਲੁਕਿਆ ਰਾਵਣ ਹੈ ਜਾਂ ਰਾਵਣ ਦੇ ਮਖੌਟੇ ਪਿੱਛੇ ਰਾਮ। ਜ਼ਿੰਦਗੀ ਦਾ ਬਹੁਤਾ ਹਿੱਸਾ ਉਸ ਨੇ ਪੈਸੇ ਦੀ ਦੌੜ ਵਿੱਚ ਹੀ ਗੁਜ਼ਾਰਿਆ ਹੈ। ਨਿੱਤ ਸਵੇਰੇ ਝੋਲ਼ੀ ਅੱਡ ਕੇ ਮੰਗਦੈ,"ਕੀ ਹੋਇਆ ਜੇ ਠੱਗੀ -ਠੋਰੀ ਕਰੇਂਦੇ ਆਂ ਪਰ ਨਿੱਤ ਤੇਰਾ ਨਾਮ ਵੀ ਤਾਂ ਜਪੇਂਦੇ ਆਂ।" ਨੇਮ ਨਾਲ਼ ਆਥਣ ਨੂੰ ਆਪਣੇ ਨਾਮ ਦੀ ਪਰਚੀ ਲਾ ਓਸੇ ਰੱਬ ਨੂੰ ਚੜ੍ਹਾਵਾ ਚੜ੍ਹਾ ਉਸ ਦਾ ਹਾਣੀ ਬਣਨ ਦਾ ਭਰਮ ਪਾਲਦਾ ਹੈ।  
* ਮਿੰਨੀ ਕਹਾਣੀ ਸੰਗ੍ਰਹਿ 'ਚੋਂ 

18 Oct 2018

ਅੰਗਦਾਨ 17 Oct 2018

ਰੋਜ਼ਾਨਾ ਸਪੋਕਸਮੈਨ ਦੇ 17 ਅਕਤੂਬਰ 2018 ਦੇ ਕਹਾਣੀ ਅੰਕ 'ਚ ਮੇਰੀ ਮਿੰਨੀ ਕਹਾਣੀ 'ਅੰਗਦਾਨ' ਨੂੰ ਪ੍ਰਕਾਸ਼ਿਤ ਕਰਨ ਵੇਲ਼ੇ ਇਸ ਭਾਗ ਨੂੰ ਸੋਧ ਕਰਨ ਵਾਲ਼ੇ ਸਬੰਧਿਤ ਅਧਿਕਾਰੀ ਨੇ ਕਹਾਣੀ ਦੇ ਸ਼ਬਦਾਂ ਨੂੰ ਸੋਧਣ ਵੇਲ਼ੇ ਆਮ ਬੋਲਚਾਲ ਦੀ ਬੋਲੀ 'ਚ ਲਿਖੀ ਵਾਰਤਾਲਾਪ ਨੂੰ ਟਕਸਾਲੀ ਰੂਪ ਦੇ ਦਿੱਤਾ। ਕਹਾਣੀ ਵਿੱਚ ਕਾਗਜ਼ ਨੂੰ ਕਾਗਤ, ਪੁੱਛ (ਪੁੱਸ), ਪਿੱਛੋਂ (ਪਿੱਸੋਂ),ਸਾਈਨ (ਸੈਨ) , ਦਿਮਾਗ (ਡਮਾਕ) ਆਦਿ ਲਿਖਿਆ ਸੀ, ਇਹ ਸ਼ਬਦ ਕਹਾਣੀ ਦੇ ਪਾਤਰਾਂ ਨੂੰ ਪ੍ਰਭਾਸ਼ਿਤ ਕਰਦੇ ਸਨ।ਮੂਲ ਸ਼ਬਦਾਂ ਨੂੰ ਬਦਲਣ ਨਾਲ਼ ਮਾਹੌਲ, ਸਮਾਂ ਤੇ ਕਿਰਦਾਰ ਸਭ ਕੁਝ ਬਦਲ ਗਿਆ। ਕਈ ਸ਼ਬਦਾਂ ਤੋਂ ਲੋੜੀਂਦੀ ਅੱਧਕ ਹਟਾ ਲਈ ਗਈ ਹੈ। ਅਖ਼ਬਾਰ ਦਾ ਅੰਕ ਵੇਖਣ ਲਈ ਇੱਥੇ ਕਲਿੱਕ ਕਰੋ ਜੀ

15 Oct 2018

ਗਵਾਰ ਕੌਣ ? (ਮਿੰਨੀ ਕਹਾਣੀ) ਡਾ. ਹਰਦੀਪ ਕੌਰ ਸੰਧੂ

Image result for baba budha ji pic
ਇਲਾਹੀ ਬਾਣੀ ਦਾ ਕੀਰਤਨ ਹੋ ਰਿਹਾ ਸੀ। ਰਾਗੀ ਸਿੰਘ ਗੁਰਮਤਿ ਸਾਖੀਆਂ ਸੁਣਾ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਮਾਂ ਦੀ ਮਹਾਨਤਾ ਨੂੰ ਦਰਸਾਉਣ ਲਈ 'ਪੂਤਾ ਮਾਤਾ ਕੀ ਅਸੀਸ' ਸ਼ਬਦ ਪੜ੍ਹਨ ਤੋਂ ਪਹਿਲਾਂ ਤੁਲਸੀਦਾਸ ਲਿਖਤ "ਸ਼ੂਦਰ, ਗਵਾਰ, ਢੋਰ ਅਰ ਨਾਰੀ ਇਹ ਸਭ ਤਾੜਣ ਕੇ ਅਧੀਕਾਰੀ" ਦੇ ਅਰਥ ਕਰਦਿਆਂ ਕਹਿਣ ਲੱਗੇ, " ਢੋਰ ਜਾਣੀ ਪਸ਼ੂ ਤੇ ਗਵਾਰ ਜਾਣੀ ਪੇਂਡੂ।" 
ਗੁਰਬਾਣੀ ਦਾ ਵਿਸਤ੍ਰਿਤ ਬਖਿਆਨ ਹੁੰਦਾ ਰਿਹਾ ਪਰ ਮੇਰੀ ਸੋਚ ਗਵਾਰ ਦੇ ਦਰਸਾਏ ਅਰਥਾਂ 'ਤੇ ਅਟਕ ਗਈ ਸੀ।ਗੁਰਬਾਣੀ ਤਾਂ ਕਿਤੇ 'ਮਨਮੁਖ ਅੰਧ ਗਵਾਰ' ਤੇ ਕਿਤੇ 'ਪਾਥਰੁ ਲੇ ਪੂਜਹਿ ਮੁਗਧ ਗਵਾਰਕਹਿੰਦੀ ਹੈ। ਗਵਾਰ ਤਾਂ  ਬੇਸਮਝ ਮੂਰਖ ਹੁੰਦੈ ਉਹ ਭਾਵੇਂ ਕਿਸੇ ਪਿੰਡ 'ਚ ਹੋਵੇ ਚਾਹੇ ਕਿਸੇ ਸ਼ਹਿਰ ਵਿੱਚ। ਉਥੇ ਆਈ ਵਧੇਰੀ ਸੰਗਤ ਪੇਂਡੂ ਹੀ ਤਾਂ ਸੀ। ਪਿੰਡਾਂ ਵਿੱਚ ਤਾਂ ਸਾਡੇ ਗੁਰੂ  ਸਾਹਿਬਾਨ ਤੇ ਬਾਬਾ ਬੁੱਢਾ ਜੀ ਵਰਗੇ ਮਹਾਂ ਪੁਰਖ ਵੀ ਰਹੇ ਨੇ। ਫ਼ੇਰ ਕੋਈ ਪੇਂਡੂ ਗਵਾਰ ਕਿਵੇਂ ਹੋਇਆ ? ਉਸ ਦਿਨ ਹੁੰਦੇ ਅਨਰਥ ਨੂੰ ਮੈਂ ਚਾਹ ਕੇ ਵੀ ਰੋਕ ਨਾ ਸਕੀ। 
*ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ 

11 Oct 2018

ਇੱਕ ਕੋਝਾ ਸਵਾਂਗ (ਮਿੰਨੀ ਕਹਾਣੀ ) ਡਾ. ਹਰਦੀਪ ਕੌਰ ਸੰਧੂ

Image result for a beauty contest sketch
ਸੁੰਦਰਤਾ ਮੁਕਾਬਲਾ ਚੱਲ ਰਿਹਾ ਸੀ। ਸੂਰਤ ਦੇ ਨਾਲ਼ ਨਾਲ਼ ਸੀਰਤ ਵੀ ਨਾਪੀ ਜਾਣੀ ਸੀ। ਖੁੱਲ੍ਹੇ ਮੰਚ 'ਤੇ ਖਲ੍ਹਾਰ ਕੇ ਦੱਸਿਆ ਜਾ ਰਿਹਾ ਸੀ ਕਿਸ ਮੁਟਿਆਰ ਨੂੰ ਸਹੀ ਹੱਸਣਾ ਆਉਂਦੈ ਤੇ ਕਿਸ ਨੂੰ ਬੋਲਣ ਦੀ ਲਿਆਕਤ ਏ। ਜਿਸਮਾਂ ਦੀ ਨੁਮਾਇਸ਼ 'ਚ ਸਰੀਰਕ ਬਣਤਰ ਦੀ ਤਾਰੀਫ਼ ਹੋ ਰਹੀ ਸੀ। ਉਹ ਰੂਪਵੰਤੀਆਂ ਪੂਰਾ ਤਾਣ ਲਾ ਕੇ ਆਪਣਾ ਨਿੱਜੀ ਹੁਨਰ ਪੇਸ਼ ਕਰ ਰਹੀਆਂ ਸਨ। ਰਚਾਏ ਸਵਾਂਗ 'ਚ ਅੱਲ੍ਹੜਾਂ ਨੂੰ ਵਹੁਟੀਆਂ ਬਣਾ ਵਿਆਹ ਤੋਂ ਪਹਿਲਾਂ ਹੀ ਵਿਦਾ ਕੀਤਾ ਜਾ ਰਿਹਾ ਸੀ। ਰੰਗਲੀ ਮਹਿਫ਼ਿਲ ਦੀ ਚਕਾਚੌਂਧ ਵਿੱਚ ਸੱਭਿਅਤਾ ਚੁੱਪ ਚਾਪ ਨੀਲਾਮ ਹੋ ਰਹੀ ਸੀ। ਚੁੰਧਿਆਉ ਲਿਸ਼ਕੋਰ 'ਚ ਦਰਸ਼ਕਾਂ ਦੀ ਗ੍ਰਹਿਣੀ ਸੋਚ ਰੋਮਾਂਚਿਤ ਹੋ ਰਹੀ ਸੀ। ਤਾੜੀਆਂ ਦੀ ਗੂੰਜ ਵਿੱਚ ਵਿਰਸਾ ਸ਼ਰ੍ਹੇਆਮ ਕਤਲ ਹੋ ਰਿਹਾ ਸੀ। 
* ਮਿੰਨੀ ਕਹਾਣੀ ਸੰਗ੍ਰਹਿ 'ਚੋਂ 

8 Oct 2018

ਲਾਪਤਾ (ਮਿੰਨੀ ਕਹਾਣੀ ) ਡਾ. ਹਰਦੀਪ ਕੌਰ ਸੰਧੂ

ਧੁੱਪ ਉਦਾਸ ਸੀ। ਪੱਤਝੜ ਵਿਹੜੇ 'ਚ ਨਹੀਂ ਹਰ ਚਿਹਰੇ 'ਤੇ ਉਗ ਆਈ ਸੀ। ਕਿਤੇ ਸੁੰਨੀਆਂ ਅੱਖਾਂ 'ਚੋਂ ਬੇਵਸੀ ਟਪਕ ਰਹੀ ਸੀ ਤੇ ਕਿਤੇ ਧੁਰ ਅੰਦਰੋਂ ਉਠਦੀ ਟੀਸ ਇੱਕਲਤਾ ਵਿੱਚ ਨਮੂਦਾਰ ਹੋ ਰਹੀ ਸੀ। ਨਾ ਉਮੀਦੀ ਦੀ ਛਾਈ ਪਿਲੱਤਣੀ ਰੁੱਤ ਵਿੱਚ ਘਰੋਂ ਘਰੀ ਮੇਰਾ ਸਫ਼ਰ ਜਾਰੀ ਸੀ।"ਜੇ ਮੈਂ ਆਪਣਾ ਪੁੱਤ ਨਾ ਗਵਾਇਆ ਹੁੰਦਾ ਤਾਂ ਆਪਾਂ ਇਓਂ ਥੋੜੇ ਕਦੇ ਮਿਲਣਾ ਸੀ ਵੇ ਪੁੱਤ," ਬੇਬੇ ਨੇ ਚੁੰਨੀ ਦੇ ਲੜ ਨਾਲ਼ ਆਪਣੇ ਮੋਏ ਪੁੱਤ ਦੀ ਫ਼ੋਟੋ ਪੂੰਝਦਿਆਂ ਭਰਿਆ ਮਨ ਮੇਰੇ ਸਾਹਵੇਂ ਡੋਲ੍ਹ ਦਿੱਤਾ ਸੀ। 
" ਚਹੁੰ ਪਾਸੀਂ ਡਰ ਸੀ। ਜੁਆਨ ਪੁੱਤਾਂ ਨੂੰ ਪੁਲਿਸ ਅਕਾਰਣ ਹੀ ਚੁੱਕ ਲੈ ਜਾਂਦੀ। ਫ਼ੇਰ ਲਾਸ਼ਾਂ ਹੀ ਥਿਆਉਂਦੀਆਂ।ਲਾਵਾਰਿਸ ਆਖ ਪੁਲਿਸ ਆਪੂੰ ਹੀ ਲਾਂਬੂ ਲਾ ਦਿੰਦੀ।ਚੁੱਲ੍ਹਿਆਂ 'ਤੇ ਧਰੀਆਂ ਖੀਰਾਂ ਤੁਰ ਗਿਆਂ ਨੂੰ ਅੱਜ ਵੀ 'ਡੀਕਦੀਆਂ ਨੇ।" ਹੁਣ ਕੰਬਦੀਆਂ ਝੁਰੜੀਆਂ 'ਚ ਹੰਝੂ ਕਿਤੇ ਜੰਮ ਗਏ ਸਨ। "ਪੀੜ ਪੀੜ ਹੋਏ ਉਹਨਾਂ ਪਲਾਂ ਦੀ ਚਸਕ ਅਜੇ ਕਦੋਂ ਮੁੱਕਣੀ ਏ?" ਮੇਰੇ ਕੰਨਾਂ 'ਚੋਂ ਹੁਣ ਸੇਕ ਨਿਕਲ਼ ਰਿਹਾ ਸੀ। 
*ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ 

5 Oct 2018

ਬਾਪ ਦੀ ਕੁੱਖ (ਮਿੰਨੀ ਕਹਾਣੀ) ਡਾ. ਹਰਦੀਪ ਕੌਰ ਸੰਧੂ

Image result for mothers womb sketch
ਮੇਰਾ ਤਲਾਕ ਹੋ ਗਿਆ ਸੀ । ਜੱਜ ਦੀ ਕੁਸਰੀ 'ਤੇ ਬੈਠਾ ਇੱਕ ਅਜਨਬੀ ਬੰਦਾ ਮੈਨੂੰ ਫ਼ੈਸਲਾ ਸੁਣਾ ਰਿਹਾ ਸੀ ਕਿ ਮੇਰੇ ਬੱਚੇ ਮੈਨੂੰ ਕਦੋਂ ਤੇ ਕਿੱਥੇ ਮਿਲ ਸਕਦੇ ਨੇ। ਇਉਂ ਲੱਗਦਾ ਸੀ ਜਿਵੇਂ ਤੁਪਕਾ ਤੁਪਕਾ ਕਰਕੇ ਕੋਈ ਮੇਰੇ ਕੰਨਾਂ 'ਚ ਪਾਰਾ ਪਾ ਰਿਹਾ ਹੋਵੇ। ਮੇਰੀ ਸੁਰਤ ਹਸਪਤਾਲ ਦੇ ਜਣੇਪਾ ਗ੍ਰਹਿ 'ਚ ਪਹੁੰਚ ਚੁੱਕੀ ਸੀ। ਜਣੇਪੇ ਦੀਆਂ ਪੀੜਾਂ ਨੂੰ ਮੱਧਮ ਕਰਨ ਲਈ ਮੇਰੇ ਬੱਚਿਆਂ ਦੀ ਸੰਭਾਵੀ ਮਾਂ ਨੂੰ ਡਾਕਟਰਾਂ ਨੇ ਟੀਕਾ ਲਾ ਨੀਮ ਬੇਹੋਸ਼ ਜਿਹਾ ਕਰ ਦਿੱਤਾ ਸੀ ਪਰ ਉਨਾਂ ਪਲਾਂ 'ਚ ਮੈਂ ਪੀੜਾਗ੍ਰਸਤ ਰਿਹਾ। 
ਅੱਜ ਬੱਚੇ ਮੈਨੂੰ ਮਿਲਣ ਆਏ ਸਨ। ਆਥਣ ਹੋ ਗਿਆ ਸੀ ਤੇ ਉਹਨਾਂ ਦੇ ਜਾਣ ਦਾ ਵੇਲ਼ਾ। ਮੇਰੀ ਬੁੱਕਲ਼ 'ਚ ਨਿੱਕੀ ਰੋਣਹਾਕੀ ਹੋਈ ਬੈਠੀ ਸੀ, " ਪਾਪਾ ! ਆਪਾਂ 'ਕੱਠੇ ਕਿਉਂ ਨੀ ਰਹਿ ਸਕਦੇ?" ਮੇਰੀ ਰੂਹ ਦੀ ਕੁੱਖ ਅੱਜ ਫ਼ੇਰ ਉਹੀਓ ਜਨਣ ਪੀੜਾਂ ਮਹਿਸੂਸ ਕਰ ਰਹੀ ਸੀ। 
*ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ