ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

4 Nov 2018

ਸਿੰਪਲਜ਼ (ਹਾਇਬਨ) ਡਾ. ਹਰਦੀਪ ਕੌਰ ਸੰਧੂ



ਗਰਮੀ ਦੀ ਇੱਕ ਤਪਦੀ ਦੁਪਹਿਰ ਨੂੰ ਸੂਰਜ ਜੋਰਾਂ 'ਤੇ ਭਖ ਰਿਹਾ ਸੀ। ਵਣ ਤ੍ਰਿਣ ਸਭ ਤਿਹਾਇਆ ਜਾਪ ਰਿਹਾ ਸੀ। ਵਗਦੀ ਖੁਸ਼ਕ ਹਵਾ ਚੁਫ਼ੇਰੇ ਦੀ ਰੰਗਤ ਚੂਸ ਰਹੀ ਜਾਪ ਰਹੀ ਸੀ। ਮੌਸਮ ਦੀ ਬੇਰੁਖੀ ਸ਼ਾਇਦ ਕਮਰੇ ਵਿੱਚ ਵੀ ਉਤਰ ਗਈ ਪ੍ਰਤੀਤ ਹੋ ਰਹੀ ਸੀ। ਟੀ. ਵੀ. 'ਤੇ ਚੱਲਦੇ ਇੱਕ ਵਿਗਿਆਪਨ ਨੇ ਚੁਫ਼ੇਰੇ 'ਚ ਅਚਾਨਕ ਇੱਕ ਮਿੱਠੀ ਜਿਹੀ ਝੁਨਕਾਰ ਛੇੜ ਦਿੱਤੀ,"ਸਿੰਪਲਜ਼" ਜਦੋਂ ਨਿੱਕੇ ਜਿਹੇ ਇੱਕ ਮੀਰਕੈਟ ਨੇ ਆਪਣੇ ਵਿਲੱਖਣ ਅੰਦਾਜ਼ 'ਚ ਇੱਕ ਵਾਰ ਫ਼ੇਰ ਸਿੰਪਲਜ਼ ਕਿਹਾ। ਮੇਰੇ ਬੁੱਲਾਂ 'ਤੇ ਮਿੰਨੇ ਮਿੰਨੇ ਪਲਾਂ ਦੀ ਰੁਮਕਣੀ ਖੁਦ-ਬ-ਖੁਦ ਫ਼ੈਲ ਗਈ ਸੀ। 
ਕਹਿੰਦੇ ਨੇ ਕਿ ਹਰ ਸਾਹ ਨਾਲ਼ ਮਨ ਦੇ ਵਿਹੜੇ ਸਰਘੀ ਉਗਾਉਣਾ ਹੀ ਜ਼ਿੰਦਗੀ ਹੈ। ਏਸ ਵਿਗਿਆਪਨ ਵੱਲ ਮੈਂ ਕਦੇ ਬਹੁਤਾ ਧਿਆਨ ਨਹੀਂ ਦਿੱਤਾ ਸੀ ਪਰ ਅੰਤ 'ਚ ਨਿੱਕੇ ਜਿਹੇ ਮੀਰਕੈਟ ਦਾ 'ਸਿੰਪਲਜ਼' ਕਹਿਣਾ ਮੈਨੂੰ ਹਮੇਸ਼ਾਂ ਪ੍ਰਭਾਵਿਤ ਕਰਦਾ ਸੀ। ਮੈਂ ਬੇਧਿਆਨੇ ਹੀ ਓਸ ਦੇ ਸਿੰਪਲਜ਼ ਕਹਿਣ ਤੋਂ ਪਹਿਲਾਂ ਹੀ ਸਿੰਪਲਜ਼ ਕਹਿ ਦਿੰਦੀ ਤੇ ਮੇਰੇ ਦੁਆਲ਼ੇ ਮਿੰਨੀ ਜਿਹੀ ਮੁਸਕਰਾਹਟ ਦੀ ਚਹਿਕਣੀ ਖਿਲਰ ਜਾਂਦੀ। ਹੌਲ਼ੀ ਹੌਲ਼ੀ ਮੇਰੀ ਨਿੱਕੜੀ ਵੀ ਏਸ ਚਹਿਕਣੀ 'ਚ ਸ਼ਾਮਿਲ ਹੋ ਗਈ। ਪਹਿਲਾਂ ਸਾਡੀਆਂ ਨਜ਼ਰਾਂ ਟਕਰਾਉਂਦੀਆਂ ਤੇ ਫ਼ੇਰ ਮਿੱਠੇ ਮਿੱਠੇ ਬੋਲਾਂ 'ਚ ਪਨਪ ਰਹੀ ਲੋਰ ਇੱਕਸੁਰ ਹੋ ਜਾਂਦੀ,"ਸਿੰਪਲਜ਼।" 
ਕਹਿੰਦੇ ਨੇ ਕਿ ਖੁਸ਼ਹਾਲੀ ਦੀ ਕੋਈ ਰੁੱਤ ਨਹੀਂ ਹੁੰਦੀ। ਸਗੋਂ ਇਹ ਤਾਂ ਮੁਸਕਰਾਹਟ ਦੀ ਵਹਿੰਗੀ ਦਾ ਅਮੁੱਲਾ ਗਹਿਣਾ ਹੈ। ਮਨ ਦੇ ਵਿਹੜੇ ਚਾਨਣ ਦੀ ਨੈਂਅ ਦਾ ਵਹਿਣਾ ਹੈ। ਉਸ ਦਿਨ ਨਿੱਕੜੀ ਮੇਰੇ ਸਾਹਵੇਂ ਖੜ੍ਹੀ ਸੀ ਪਿੱਠ ਪਿੱਛੇ ਕੁਝ ਲੁਕੋਈ,"ਥੋੜਾ ਸ਼ਰਮਾਉਂਦੈ ਇਹ।" ਉਸ ਦੇ ਮੁਖੜੇ ਦੀ ਸੰਦਲੀ ਭਾਅ ਤੇ ਅੱਖਾਂ ਦੀ ਚਮਕ ਮੈਨੂੰ ਅਧੀਰ ਕਰ ਰਹੀ ਸੀ,"ਦਿਖਾ ਤਾਂ ਸਹੀ ਕੀ ਲੁਕੋਇਆ ਪਿੱਛੇ।" ਹੁਣ ਉਸ ਦੀ ਮੁਸਕਰਾਹਟ ਨੇ ਫਿਜ਼ਾ ਨੂੰ  ਮਹਿਕਾ ਦਿੱਤਾ ਸੀ,"ਸਿੰਪਲਜ਼।" ਪੱਥਰ ਦੀ ਬਣੀ ਅਤਿ ਮਨਮੋਹਕ ਮੀਰਕੈਟ ਦੀ ਰੰਗੀਨ ਮੂਰਤੀ ਮੇਰੀ ਤਲੀ 'ਤੇ ਟਿਕਾਉਂਦਿਆਂ ਉਸ ਨੇ ਜੀਵਨ ਦੇ ਦਿਸਹੱਦਿਆਂ ਨੂੰ ਅਸੀਮ ਵਿਸਥਾਰ ਦੇ ਦਿੱਤਾ ਸੀ। 
ਕਹਿੰਦੇ ਨੇ ਕਿ ਅਜਿਹੇ ਪਲਾਂ ਦੀ ਭਾਸ਼ਾ ਜਿਸ ਨੂੰ ਸਮਝ ਆ ਜਾਵੇ ਉਹ ਰਸੀਆ ਜ਼ਿੰਦਗੀ ਦੇ ਭਵ ਸਾਗਰ ਤੈਰ ਜਾਵੇ। ਪਤਾ ਨਹੀਂ ਨਿੱਕੜੀ ਨੇ ਮੇਰੀ ਏਸ 'ਸਿੰਪਲਜ਼' ਦੀ ਮੁਸਕਾਨ ਨੂੰ ਆਪਣੀ ਸੂਹੀ ਚੁੰਨੀ ਦੇ ਲੜ ਕਦੋਂ ਬੰਨ ਲਿਆ ਸੀ। ਸੁਪਨੇ 'ਚ ਵੀ ਓਸ ਮੀਰਕੈਟ ਨੂੰ ਲੈਣ ਤੁਰ ਪਈ ਪਰ ਸ਼ਾਇਦ ਓਦੋਂ ਬਣਦੀ ਕੀਮਤ ਅਦਾ ਨਾ ਕਰ ਪਾਈ ਤੇ ਸੱਖਣੀ ਝੋਲ਼ੀ ਮੁੜਨਾ ਪਿਆ। ਏਸ ਸੁਪਨਈ ਅਨੁਭਵ ਨੂੰ ਉਸ ਹਕੀਕਤ 'ਚ ਬਦਲ ਮੇਰੀ ਰੂਹ ਨੂੰ ਖੇੜਿਆਂ ਰੱਤੀ ਕਰ ਦਿੱਤਾ ਸੀ। ਨਿੱਕੜੀ ਹੁਣ ਭਾਵਕ ਵਹਿਣਾ 'ਚ ਵਹਿਣ ਲੱਗੀ,"ਤੂੰ ਪਾਕ ਜਾਪੁ ਜਿਵੇਂ ਕੋਈ ਫ਼ਰਿਸ਼ਤਾ,ਦਿਲ ਭਰੇ ਹੁੰਗਾਰੇ ਏਹੁ ਕੇਹਾ ਰਿਸ਼ਤਾ।" 
ਮੁਸਕਾਨ ਵੰਡਣਾਂ ਕਰਮਯੋਗੀਆਂ ਦੀ ਬੰਦਨਾ ਅਖਵਾਉਂਦੈ। ਇਹਨਾਂ ਹੁਸੀਨ ਪਲਾਂ ਨੇ ਰਿਸ਼ਤਿਆਂ ਦੀ ਖਿੜੀ ਗੁਲਜ਼ਾਰ ਨੂੰ ਖੁਸ਼ਬੂ ਖੁਸ਼ਬੂ ਕਰ ਦਿੱਤਾ ਸੀ। ਨਿੱਕਾ ਮੀਰਕੈਟ ਉਸ ਵਿਗਿਆਪਨ 'ਚੋਂ ਚਾਹੇ ਕਦੇ ਵੀ ਅਲੋਪ ਹੋ ਜਾਵੇ ਪਰ ਮੇਰੀ ਨਿੱਕੜੀ ਨੇ ਉਸ ਨੂੰ ਸੰਦਲੀ ਸਫ਼ਰਨਾਮੇ ਦੀ ਸੁੱਚਮਤਾ 'ਚ ਸ਼ਾਮਿਲ ਕਰ ਲਿਆ ਸੀ। ਮੇਰੇ ਸਾਹਵੇਂ ਪਿਆ ਪੱਥਰ ਦਾ ਮੀਰਕੈਟ 'ਸਿੰਪਲਜ਼' ਕਹਿੰਦਾ ਜੀਵਨ ਸ਼ੈਲੀ ਦੀਆਂ ਤਲੀਆਂ ਨੂੰ ਸ਼ਿੰਗਾਰਦਾ  ਮੁਸਕਾਨ ਦੀ ਮਹਿੰਦੀ ਲਾਉਂਦਾ ਜਾਪ ਰਿਹਾ ਸੀ। ਹੁਣ ਮੌਸਮ 'ਚ ਸੱਚਮੁੱਚ ਸਾਵਾਂਪਣ ਆ ਗਿਆ ਸੀ। ਹਵਾ ਦੀਆਂ ਲਹਿਰਾਂ ਦੀ ਕੂਲ਼ੀ ਛੋਹ ਨੇ ਪੱਤਿਆਂ 'ਚ ਪੈਦਾ ਕੀਤੀ ਕੰਬਣੀ ਸਦਕਾ ਵਾਯੂਮੰਡਲ ਇੱਕ ਨਸ਼ਿਆਈ ਹੋਈ ਗੂੰਜ ਨਾਲ਼ ਭਰ ਗਿਆ ਸੀ। 
ਮੁਸਕਰਾਏ  - 
ਮੇਜ਼ 'ਤੇ ਮੀਰਕੈਟ 
ਨਿੱਕੜੀ ਤੇ ਮੈਂ। 
ਡਾ. ਹਰਦੀਪ ਕੌਰ ਸੰਧੂ