ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

16 Sept 2019

ਸੁਰ ਸਰੋਦੀ (ਹਾਇਬਨ) ਡਾ. ਹਰਦੀਪ ਕੌਰ ਸੰਧੂ

Image result for hands offering leaves
ਸਾਵੀਂ ਜਿਹੀ ਰੁੱਤ ਸੀ। ਕਾਦਰ ਦੀ ਕੁਦਰਤ ਚੁਫ਼ੇਰੇ ਵਿੱਚ ਬਹੁ-ਭਾਂਤੀਆਂ ਧੁਨੀਆਂ ਉਣਨ ਵਿੱਚ ਮਸ਼ਰੂਫ ਸੀ । ਨਿੰਮੀ ਲੋਅ 'ਚ ਫ਼ੈਲਦੇ ਪੰਛੀਆਂ ਦੇ ਬੋਲ ਕਦੇ ਸੁਰ ਤੇ ਕਦੇ ਸ਼ੋਰ ਦਾ ਰੂਪ ਧਾਰਦੇ ਲੱਗ ਰਹੇ ਸਨ। ਕਰੀਨੇਦਾਰ ਕਾਇਨਾਤ ਦੀ ਇਬਾਰਤ ਕਿਸੇ ਨੇ ਵਿਹੜੇ 'ਚ ਬਿਖੇਰ ਦਿੱਤੀ ਸੀ। ਵਗਦੀਆਂ ਤੇਜ਼ ਹਵਾਵਾਂ 'ਚ ਸਭ ਕੁਝ ਝੋਲ਼ੀ 'ਚ ਸਮੇਟਣਾ ਔਖਾ ਹੋ ਰਿਹਾ ਸੀ। ਟਹਿਣੀਆਂ ਨਾਲ਼ੋਂ ਨਿਖੜੇ ਅੱਧ -ਖਿੜੇ ਫੁੱਲਾਂ ਦਾ ਰੁਦਨ ਸੁਣਨ ਦੀ ਤੌਫ਼ੀਕ ਲੱਗਦੈ ਕਿਸੇ ਨੂੰ ਨਹੀਂ ਸੀ।
ਵਿਹੜੇ ਦੀ ਉਦਾਸੀ ਹੌਲ਼ੀ ਹੌਲ਼ੀ ਰੂਹ 'ਚ ਉਤਰ ਗਈ ਸੀ। ਰੂਹ ਦੀ ਸਰਦਲ 'ਤੇ ਸੁੰਨ ਵਰਤੀ ਪਈ ਸੀ। ਜਿਥੋਂ ਕਦੇ ਕੋਈ ਨਹੀਂ ਪਰਤਿਆ ਅਣਦੱਸੇ ਰਾਹ ਤੁਰਨ ਦੀ ਉਸ ਨੂੰ ਇਹ ਕੇਹੀ ਕਾਹਲ਼ ਸੀ ? ਨਾ ਉਮਰ ਸੀ ਨਾ ਪਹਿਰ ਸੀ। ਉਸ ਦੇ ਸਦਾ ਲਈ ਤੁਰ ਜਾਣ ਦਾ ਹੇਰਵਾ ਅਵਚੇਤਨ ਵਿੱਚ ਬਹੁਤ ਕੁਝ ਧਰ ਗਿਆ ਸੀ।
ਇਹਨੀ ਦਿਨੀਂ ਮੇਰੇ ਅੰਤਰ ਮਨ ਨਾਲ਼ ਮੂਕ ਸੰਵਾਦ ਹਰ ਵੇਲ਼ੇ ਕਾਰਜਸ਼ੀਲ ਰਹਿੰਦਾ ਸੀ। ਸੋਚ ਹਰ ਵੇਲ਼ੇ ਕਿਸੇ ਦੀ ਤਲਾਸ਼ ਵਿੱਚ ਰਹਿੰਦੀ। ਰੂਹ ਕਮੰਡਲ ਵਿੱਚ ਹੁਣ ਅਣਮੁੱਕ ਉਡੀਕ ਸੀ। ਮੈਨੂੰ ਲੱਗਦਾ ਸੀ ਕਿ ਮੇਰੇ ਚੁਫ਼ੇਰੇ ਨੂੰ ਮੇਰੀ ਕੋਈ ਪ੍ਰਵਾਹ ਨਹੀਂ ਸੀ। ਮੇਰੇ ਆਪੇ ਅੰਦਰ ਚੱਲਦੇ ਮਹਾਂ ਯੁੱਧ ਨੂੰ ਉਸ ਦੇ ਸੰਜਮੀ ਸੋਹਲ ਬੋਲਾਂ ਨੇ ਅਚਾਨਕ ਰੋਕ ਦਿੱਤਾ, " ਸ਼ਬਦਾਂ ਨਾਲ਼ ਤਾਂ ਤੇਰੀ ਬਹੁਤ ਬਣਦੀ ਹੈ। ਤੇਰੇ ਲੇਖਣ ਸਫ਼ਰ ਦਾ ਕੀ ਹਾਲ ਹੈ ?" ਹੁਣ ਮੇਰਾ ਮਨ ਅਸਚਰਜ ਸੀ। ਸ਼ਾਇਦ ਉਹ ਮੇਰੀ ਮਨੋ ਸਥਿਤੀ ਤੋਂ ਜਾਣੂੰ ਸੀ ਤੇ ਇਹ ਸੁਆਲ ਉਸ ਮੇਰੀ ਬਿਰਤੀ ਨੂੰ ਝੰਜੋੜਨ ਲਈ ਕੀਤਾ ਹੋਵੇ।
ਕਹਿੰਦੇ ਨੇ ਕਿ ਰੰਗ ਮਿਲਾਪ ਮਿੰਨੇ -ਮਿੰਨੇ ਪਲਾਂ ਦੀ ਰੁਮਕਣੀ ਦਾ ਸ਼ਗਨ ਤਲੀਆਂ 'ਤੇ ਆਪੂੰ ਹੀ ਧਰ ਜਾਂਦਾ ਹੈ। ਉਸ ਨਾਲ਼ ਹੋਈ ਪਹਿਲੀ ਮਿਲਣੀ ਵਿੱਚ ਹੀ ਮੈਨੂੰ ਉਸ ਨਾਲ਼ ਕੋਈ ਵਿਲੱਖਣ ਜਿਹੀ ਸਾਂਝ ਪ੍ਰਤੀਤ ਹੋਈ ਸੀ। ਪਰ ਓਸ ਵੇਲ਼ੇ ਮੈਂ ਏਸ ਨੂੰ ਅਣਗੌਲ਼ਿਆ ਹੀ ਕਰ ਛੱਡਿਆ। ਉਹ ਮਿਲਾਪੜੇ ਸੁਭਾਅ ਦੀ ਮਲਿਕਾ ਹੈ ਜਿਸ ਦੀਆਂ ਗਹਿਰੀਆਂ ਨੀਲੀਆਂ ਅੱਖਾਂ ਕਿਸੇ ਸਕੂਨ ਦੀ ਇਬਾਰਤ ਨੇ। ਰੱਬ ਨੇ ਉਸ ਨੂੰ ਕਲਾ ਦੀ ਲੌਅ ਦਿੱਤੀ ਹੈ।ਰੰਗਾਂ ਨਾਲ ਬਣਾਈਆਂ ਕਲਾ ਕ੍ਰਿਤਾਂ 'ਚੋਂ ਅਸੀਮ ਅਰਥਾਂ ਦੀ ਥਾਹ ਪਾਉਣਾ ਉਸ ਨੂੰ ਆਉਂਦਾ ਹੈ।
ਕਹਿੰਦੇ ਨੇ ਕਿ ਸੰਦਲੀ ਸਾਂਝ ਪਾਉਣਾ ਹਰ ਸੱਭਿਆਚਾਰ ਦਾ ਉਚਾ ਤੇ ਸੁੱਚਾ ਕਰਮ ਹੁੰਦਾ ਹੈ।ਕੁਝ ਅਜਿਹੇ ਹੀ ਕਰਮਯੋਗ ਦੀ ਉਹ ਭਾਗੀ ਹੈ। ਉਸ ਨਾਲ਼ ਮੇਰੀ ਸਾਂਝ ਕੋਈ ਬਹੁਤੀ ਪੁਰਾਣੀ ਨਹੀਂ ਸੀ। ਪਰ ਫ਼ੇਰ ਵੀ ਉਸ ਨੂੰ ਮੇਰੀ ਲੇਖਣੀ ਦਾ ਖ਼ਿਆਲ ਸੀ।ਸੱਭਿਆਚਾਰਕ ਭਿੰਨਤਾ ਦੇ ਬਾਵਜੂਦ ਵੀ ਸਾਡੇ ਦੋਹਾਂ 'ਚ ਬਹੁਤ ਕੁਝ ਸਮਾਨੰਤਰ ਹੈ। ਕਿਸੇ ਸ਼ੋਰੀਲੀ ਮਹਿਫ਼ਲ 'ਚ ਜਾਣ ਦੇ ਸੱਦੇ ਨੂੰ ਜਦੋਂ ਮੈਂ ਇੱਕ ਵਾਰ ਨਕਾਰ ਦਿੱਤਾ ਸੀ ਤਾਂ ਉਸ ਨੇ ਬੜੀ ਸਹਿਜਤਾ ਨਾਲ਼ ਸਹਿਕਰਮੀਆਂ ਨੂੰ ਮੇਰੇ ਹੁਨਰ ਤੋਂ ਜਾਣੂੰ ਕਰਵਾਇਆ,"ਰੰਗ-ਪਰੰਗ ਰੰਗਾਂ ਦੀ ਰੰਗੀਨ ਮਹਿਫ਼ਲਾਂ ਦਾ ਸਬੱਬ ਏਸ ਨੂੰ ਰੱਬ ਦੇਵੇ। ਇਨਕਾਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੋਵੇਗਾ।" ਉਸ ਦਿਨ ਮੈਨੂੰ ਪਤਾ ਲੱਗਾ ਕਿ ਉਹ ਤਾਂ ਮੇਰੀਆਂ ਹੀ ਪੈੜਾਂ ਦੀ ਰਾਹਗੀਰ ਹੈ। ਅਚੇਤ ਰੂਪ ਵਿੱਚ ਸਾਡੀ ਸਾਂਝ ਹੋਰ ਪੀਢੀ ਹੋ ਗਈ ਸੀ।
ਕਹਿੰਦੇ ਨੇ ਕਿ ਫੁੱਲ ਟੁੱਟਣ ਮਗਰੋਂ ਰੂਹ ਦੀ ਖੁਸ਼ਬੂ ਮੂਕ ਸਿਸਕੀਆਂ ਦੀ ਅਉਧ ਹੰਢਾਉਂਦੀ ਹੈ। ਏਸ ਪੀੜ ਭਰੀ ਰਮਜ਼ ਨੂੰ ਜਾਨਣਾ ਬੜਾ ਔਖਾ ਹੈ। ਜਿਸ ਤਨ ਲਾਗੇ ਸੋ ਤਨ ਜਾਣੇ। ਪਰ ਪਰਾਈ ਪੀੜ 'ਚ ਘੁਲਣਾ ਉਸ ਨੂੰ ਆਉਂਦੈ,"ਉਦਾਸੀ ਕਦੇ-ਕਦੇ ਉਦਾਸੀਨਤਾ ਵੀ ਬਣ ਜਾਂਦੀ ਹੈ । ਪਰ ਹੁਣ ਤੂੰ ਜ਼ਿੰਦਗੀ ਨਾਲ਼ ਤਾਲ ਮਿਲਾ ਲਈ ਹੈ। ਤੇਰੀ ਉਪਰਾਮ ਹੋਈ ਬਹਾਰ ਸਹਿਜ ਹੋ ਰਹੀ ਹੈ।" ਉਸ ਦੇ ਪੁਰ -ਖਲੂਸ ਪਲਾਂ ਦੀ ਸਾਂਝ ਨੇ ਛੋਪਲੇ ਜਿਹੇ ਮਿਲਣੀ 'ਚ ਇੱਕ ਤਾਜ਼ਗੀ ਭਰ ਦਿੱਤੀ ਸੀ। ਹਵਾ 'ਚ ਸਹਿਜਤਾ ਆ ਗਈ ਸੀ। ਪੱਤੇ ਹੌਲ਼ੀ ਹੌਲ਼ੀ ਬਿਰਖ ਤੋਂ ਝੜ ਰਹੇ ਸਨ। ਹੁਣ ਮੱਧਮ ਲੌਅ ਵਿੱਚ ਪੱਤਿਆਂ ਦੀ ਸਰਸਰਾਹਟ ਚੁਫ਼ੇਰੇ ਨੂੰ ਕਿਸੇ ਸੁਰੀਲੀ ਗੂੰਜ ਨਾਲ਼ ਭਰਦੀ ਜਾਪ ਰਹੀ ਸੀ। ਇਉਂ ਲੱਗਦਾ ਸੀ ਜਿਵੇਂ ਕਿਸੇ ਅਣਦਿੱਖ ਹੱਥਾਂ ਦੀ ਛੋਹ ਨੇ ਕੋਈ ਸਰੋਦੀ ਸੁਰ ਛੇੜ ਦਿੱਤਾ ਹੋਵੇ।
ਮੱਧਮ ਲੌਅ
ਸਰੋਦੀ ਸੁਰ ਛੇੜੇ
ਹੱਥਾਂ ਦੀ ਛੋਹ।

ਡਾ. ਹਰਦੀਪ ਕੌਰ ਸੰਧੂ