ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

22 May 2017

ਚਪੇੜ

Sukhwinder Singh Sher Gill's Profile Photo, Image may contain: 1 person, hat and closeup ਰਮਨ ਕਾਲਜ ਜਾਣ ਲਈ ਅਜੇ ਬੱਸ ਦੀ ਸੀਟ ੳੁਪਰ ਬੈਠੀ ਹੀ ਸੀ ਕਿ ਨਾਲ਼ ਬੈਠਾ ਅੱਧਖੜ ੳੁਮਰ ਦਾ ਅਾਦਮੀ ਲੱਚਰ ਗਾਣੇ ਦੀ ਲੋਰ 'ਚ ਕੋਝੀਅਾਂ ਹਰਕਤਾਂ ਕਰਨ ਲੱਗ ਪਿਅਾ |
ਸਬਰ ਦਾ ਪੁਲ਼ ਤੋੜ ਕੇ ਰਮਨ ਬੋਲੀ , " ਚਾਚਾ ਜੀ , ਜਦੋਂ ਤੁਹਾਡੀ ਧੀ -ਭੈਣ ਨਾਲ਼ ਬੈਠੀ ਹੁੰਦੀ ਏ, ੳੁਦੋਂ ਵੀ ਤੁਸੀਂ ਇੰਝ ਹੀ ਹੱਥ -ਪੈਰ ਮਾਰਦੇ ਹੁੰਦੇ ਓ |"
ਸ਼ਬਦਾਂ ਦੀ ਚਪੇੜ ਲੱਗਣ ਸਾਰ ਹੀ ਨਹੀਂ - ਨਹੀਂ ਕਹਿੰਦਾ ਉਹ ਇੱਕ ਪਾਸੇ ਹੋ ਗਿਅਾ। ਤਕਰਾਰ ਵੇਖ ਰਹੇ ਡਰਾਈਵਰ ਨੇ ਫੌਰਨ ਗਾਣਾ ਬੰਦ ਕਰ ਦਿੱਤਾ ਤੇ ਸ਼ਰਮਿੰਦਗੀ ਨਾਲ ਮਿੱਟੀ ਹੋ ਗਿਆ। ਸੁਖਵਿੰਦਰ ਸਿੰਘ ਦਾਨਗੜ੍ਹ 94171-80205

20 May 2017

ਨਵਾਂ ਦੁੱਖ (ਮਿੰਨੀ ਕਹਾਣੀ)


Surjit Bhullar's Profile Photo, Image may contain: 1 personਕਾਲਜ ਦੀ ਇੱਕ ਮਹਿਲਾ ਪ੍ਰੋਫੈਸਰ ਆਪਣੇ ਲੈਕਚਰ ਸਮੇਂ ਗਰੈਜੂਏਟ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਬੋਲੀ,'ਬੱਚੀਓ,ਤੁਹਾਥੋਂ ਅੱਜ ਕੁਝ ਜਾਣਨਾ ਚਾਹੁੰਦੀ ਹਾਂ। ਹੈ ਤਾਂ ਇਹ ਤੁਹਾਡੀ ਜ਼ਿੰਦਗੀ ਦੇ ਨਿੱਜ ਬਾਰੇ,ਪਰ ਮੈਂ ਆਪਣੇ ਇੱਕ ਲੇਖ ਲਈ ਇਹ ਜਾਣਕਾਰੀ ਚਾਹੁੰਦੀ ਹਾਂ।ਜੇ ਕਹੋ ਤਾਂ ਪੁੱਛ ਸਕਦੀ ਹਾਂ?'
'ਮੈਡਮ ਜੀ,ਤੁਸੀਂ ਜੋ ਦਿਲ ਚਾਹੇ,ਸਾਥੋਂ ਪੁੱਛੋ।' ਸਾਰੀਆਂ ਨੇ ਇੱਕੋ ਸੁਰ 'ਚ ਜਵਾਬ ਦਿੱਤਾ।
'ਅੱਛਾ!ਇਹ ਦੱਸੋ ਕਿ ਤੁਹਾਡੇ 'ਚੋਂ ਕਿੰਨਿਆਂ ਦੇ ਬੁਆਏ ਫਰੈਂਡਜ਼ ਹਨ?'
ਕਲਾਸ ਰੂਮ ਵਿਚ ਚੁੱਪ ਦੀ ਥਾਂ ਹਾਸਿਆਂ ਦੇ ਫੁਹਾਰੇ ਛੁੱਟ ਪਏ।
ਕੁਝ ਚਿਰ ਪਿੱਛੋਂ ਜਦ ਹਾਲਾਤ ਸਮਾਨ ਹੋਈ ਤਾਂ ਹੌਲੀ ਹੌਲੀ ਸਾਰੀਆਂ ਲੜਕੀਆਂ ਖੜੋ ਗਈਆਂ ਅਤੇ ਬਾਹਾਂ ਉਲਾਰ ਉਲਾਰ ਕਹਿਣ ਲੱਗੀਆਂ,'ਮੈਡਮ ਜੀ,ਤੁਹਾਥੋਂ ਕੀ ਲੁਕਾਉਣਾ।ਸਾਡਾ ਆਪਣਾ ਅਪਣਾ ਬੁਆਏ ਫਰੈਂਡ ਹੈ,ਜੀ।'
ਕਲਾਸ ਵਿੱਚ ਕੇਵਲ ਇੱਕ ਲੜਕੀ ਹੀ ਬੈਠੀ ਰਹਿ ਗਈ ਸੀ, ਜਿਸ ਦਾ ਕੋਈ ਬੁਆਏ ਫਰੈਂਡ ਨਹੀਂ ਸੀ। ਸਹਿ ਪਾਠਣਾਂ ਉਸ ਦਾ ਮਖ਼ੌਲ ਉਡਾਉਣ ਲੱਗੀਆਂ।
ਮੈਡਮ ਸਭ ਨੂੰ ਬੈਠਣ ਦਾ ਇਸ਼ਾਰਾ ਕਰ ਰਹੀ ਸੀ ਅਤੇ ਨਾਲ ਹੀ ਉਸ ਬੈਠੀ ਲੜਕੀ 'ਚੋਂ ਆਪਣੇ ਅਤੀਤ ਨੂੰ ਤੱਕਦੀ ਕਿਸੇ ਡੂੰਘੀ ਸੋਚ 'ਚ ਪੈ ਗਈ ਸੀ। ਸ਼ਾਇਦ ਗੁਆਚਦੇ ਜਾਂਦੇ ਅਤੀਤ ਦੇ ਨਵੇਂ ਦੁੱਖ ਦਾ ਅਹਿਸਾਸ ਹੁਣ ਜਾਗ ਪਿਆ ਸੀ।
ਸੁਰਜੀਤ ਸਿੰਘ ਭੁੱਲਰ
19-05-2017

ਨੋਟ : ਇਹ ਪੋਸਟ ਹੁਣ ਤੱਕ 130 ਵਾਰ ਪੜ੍ਹੀ ਗਈ ਹੈ। 

19 May 2017

ਪਿੰਡ ਦਾ ਵਿਕਾਸ

Surjit Bhullar's Profile Photo, Image may contain: 1 person
ਪਿੰਡ ਵਾਲੇ ਬਹੁਤ ਖ਼ੁਸ਼ ਸਨ ਕਿ ਉਨ੍ਹਾਂ ਦੇ ਪਿੰਡ ਦਾ ਬਿਜਲੀ ਮਹਿਕਮੇ ਚੋਂ ਕੱਢਿਆ ਮੁੰਡਾ ਇਨ੍ਹਾਂ ਇਲੈੱਕਸ਼ਨ ਵਿੱਚ ਜਿੱਤ ਗਿਆ ਹੈ ਅਤੇ ਐਮ. ਐਲ. ਏ ਬਣ ਗਿਆ ਹੈ। ਅੱਗੋਂ ਹੋਰ ਉਸ ਦੀ ਕਿਸਮਤ ਅਜਿਹੀ ਪਲਟੀ ਕਿ ਛੋਟੀ ਵਜ਼ੀਰੀ ਵੀ ਹੱਥ ਲੱਗ ਗਈ।

.
ਵਜ਼ੀਰੀ ਮਿਲਣ ਪਿੱਛੋਂ ਉਹ ਆਪਣੇ ਪਿੰਡ ਪਹਿਲੀ ਵਾਰ ਆਇਆ। ਲੋਕਾਂ ਨੇ ਉਹ ਨੂੰ ਸਿਰਾਂ ਤੇ ਚੁੱਕ ਲਿਆ। ਪਿੰਡ ਦੇ ਵਿਕਾਸ ਦੀ ਗੱਲ ਚੱਲੀ। ਬੜੇ ਵੱਡੇ ਵੱਡੇ ਪਲਾਨ ਘੜੇ ਗਏ। ਸੰਬੰਧਿਤ ਅਫ਼ਸਰਾਂ ਦਾ ਅਮਲਾ ਫੈਲਾ 'ਜੀ ਹਜ਼ੂਰੀਏ' ਰੂਪ 'ਚ ਪੱਬਾਂ ਭਾਰ ਹੋ ਕੇ ਮੁਸਤੈਦੀ ਨਾਲ ਉਸ ਦੀ ਦੇਖ ਰੇਖ ਕਰ ਰਿਹਾ ਸੀ।
.
"ਅੱਜ ਜਿੱਥੇ ਆਪਾਂ ਇਕੱਠੇ ਹੋਏ ਹਾਂ,ਆਪਣੇ ਸਾਰਿਆਂ ਦੇ ਬੈਠਣ ਲਈ ਥਾਂ ਬਹੁਤ ਘੱਟ ਹੈ। ਮੈਂ ਚਾਹੁੰਦਾ ਹਾਂ ਕਿ ਸਕੂਲ ਦੇ ਕੋਲੇ ਪਈ ਪੰਚਾਇਤੀ ਝਿੜੀ ਵਾਲੀ ਜ਼ਮੀਨ ਨੂੰ ਸਾਫ਼ ਕਰ ਕੇ, ਆਪਣੇ ਲੋਕਾਂ ਦੀ ਸਹੂਲਤ ਲਈ ਸੁਹਣਾ ਖੁੱਲ੍ਹਾ ਮੈਦਾਨ ਬਣਾਇਆ ਜਾਵੇ।"  ਉਹ ਜਾਂਦਾ ਜਾਂਦਾ ਲੁਕਵਾਂ ਹੁਕਮ ਕਰ ਗਿਆ।
.


ਉਸ ਦੀ ਝੋਲ਼ੀ-ਚੁੱਕ ਪੰਚਾਇਤ ਨੇ ਨਾਲ ਦੀ ਨਾਲ ਹੀ ਜੈਕਾਰੇ ਛੱਡ ਦਿੱਤੇ। ਜੈਕਾਰਿਆਂ ਦੀ ਗੂੰਜ ਸੁਣ ਕੇ, ਗੋਲ੍ਹੇ ਕਬੂਤਰ ਤੇ ਚਮਗਿੱਦੜ,ਜੋ ਦਰਵਾਜ਼ੇ ਦੀ ਬਾਲਿਆਂ ਵਾਲੀ ਛੱਤ ਦੀਆਂ ਮੋਰੀਆਂ 'ਚ ਬੈਠੇ ਤੇ ਲਟਕਦੇ ਸੀ,ਡਰਦਿਆਂ ਨੇ ਜਾ ਉਡਾਰੀਆਂ ਮਾਰੀਆਂ।

.
ਵਜ਼ੀਰ ਜੀ ਨੇ ਜਾਂਦਿਆਂ ਇਹ ਵੀ ਕਹਿ ਦਿੱਤਾ ਕਿ ਮੇਰੇ ਪਿੰਡ ਵਾਸੀਓ,ਮਾਲੀ ਸਹਾਇਤਾ ਦੀ ਫ਼ਿਕਰ ਨਾ ਕਰਿਓ। ਪਿਛਲੀ ਸਰਕਾਰ ਵਾਂਗ ਗਪੌੜ ਮਾਰਨੇ ਸਾਨੂੰ ਨਹੀਂ ਆਉਂਦੇ। ਤੁਸੀਂ ਦੇਖੋਗੇ ਕਿ ਕਿਵੇਂ ਟਰੱਕ ਭਰ ਭਰ ਇਸ ਪਿੰਡ ਦੇ ਵਿਕਾਸ ਲਈ ਆਉਂਦੇ ਹਨ?
.
ਇਸ ਵਾਰ ਜ਼ੋਰਦਾਰ ਤਾੜੀਆਂ 'ਚ ਸਾਰਿਆਂ ਦੀਆਂ ਆਵਾਜ਼ਾਂ ਰਲ-ਗੱਡ ਹੋ ਗਈਆਂ।
.
ਸੱਚ ਮੁਚ ਹੀ ਅਗਲੀ ਸਵੇਰ ਨੂੰ,ਬੀ. ਡੀ. ਓ ਦੀ ਨਿਗਰਾਨੀ ਹੇਠ,ਮਜ਼ਦੂਰਾਂ ਦੇ ਭਰੇ ਕਈ ਟਰੱਕ ਆ ਪਹੁੰਚੇ। ਪਿੰਡ ਦੀ ਝਿੜੀ ਨੂੰ ਸਪਾਟ ਮੈਦਾਨ ਵਿਚ ਜੋ ਬਦਲਣਾ ਸੀ।
.
ਪਿੰਡ ਦੇ ਕਈ ਅਗਾਂਹਵਧੂ ਨੌਜਵਾਨ ਇਹ ਕਹਿੰਦੇ ਸੁਣੇ ਗਏ ਕਿ ਇਹ ਤਾਂ ਅਜੇ ਸਾਡੇ ਆਪਣੇ ਮੰਤਰੀ ਦੀ ਪਹਿਲੀ ਫੇਰੀ ਦਾ ਵਿਕਾਸ ਦੌਰਾ ਹੈ,ਦੂਜੀ ਫੇਰੀ ਤੇ ਹੈਲੀਕਾਪਟਰ ਦੀ ਪੱਟੀ ਵੀ ਮੁੱਖ ਮੰਤਰੀ ਦੇ ਆਉਣ ਲਈ ਤਿਆਰ ਹੋਈ ਸਮਝੋ। ਚਲੋ, ਲੋਕਤੰਤਰ ਦੀ ਇਸ ਪ੍ਰਣਾਲੀ ਦੇ ਅਧੀਨ ਪਿੰਡ ਦਾ ਨਹੀਂ,ਪਿੰਡ ਵਾਲੇ ਦਾ ਵਿਕਾਸ ਤਾਂ ਹੋ ਜਾਵੇਗਾ।
-0-
ਸੁਰਜੀਤ ਸਿੰਘ ਭੁੱਲਰ-13-05-2017
ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ ਹੈ। 

17 May 2017

ਪਲੇਠੀ ਧੀ

Image result for holding baby handਉਸ ਦੇ ਪਲੇਠੀ ਧੀ ਹੋਈ ਸੀ। "ਭਾਈ ਜੇ ਏਸ ਵਾਰ ਦਾਤਾ ਕੋਈ ਚੰਗੀ ਚੀਜ਼ ਦੇ ਦਿੰਦਾ ਤਾਂ ਅਸੀਂ ਬੇਫ਼ਿਕਰੇ ਹੋ ਜਾਂਦੇ। ਆਵਦੇ ਘਰ ਰੰਗੀਂ ਵੱਸਦੀ।" ਜਵਾਈ ਕੋਲ਼ ਢਿੱਡ ਹੌਲਾ ਕਰਦੀ ਮਾਂ ਦੇ ਮੱਧਮ ਜਿਹੇ ਬੋਲ ਉਸ ਦੇ ਕੰਨੀ ਪਏ।
ਨਿੱਕੜੀ ਦੇ ਮਲੂਕ ਜਿਹੇ ਹੱਥਾਂ ਨੂੰ ਪਲੋਸਦਾ ਉਹ ਬੋਲਿਆ, " ਬੇਬੇ ਵੇਂਹਦੀ ਐਂ ਹਰਵਾਂਹ ਦੀਆਂ ਫ਼ਲੀਆਂ ਅਰਗੀਆਂ ਇਹਦੀਆਂ ਪਤਲੀਆਂ -ਲੰਮੀਆਂ ਉਂਗਲਾਂ ਨੂੰ। ਮੇਰੀ ਧੀ ਤਾਂ ਕੋਈ ਵੱਡੀ ਫ਼ਨਕਾਰ ਬਣੂ।ਤੂੰ ਭੋਰਾ ਸੰਸਾ ਨਾ ਮੰਨ।"
ਸਰਬ ਕਲਾ ਨਿਪੁੰਨ ਉਸ ਦੀ ਹੁਨਰਮੰਦ ਧੀ ਅੱਜ ਬਾਪੂ ਦਾ ਹਰ ਬੋਲ ਪੁਗਾ ਰਹੀ ਸੀ ।
ਡਾ. ਹਰਦੀਪ ਕੌਰ ਸੰਧੂ


ਨੋਟ : ਇਹ ਪੋਸਟ ਹੁਣ ਤੱਕ 311 ਵਾਰ ਪੜ੍ਹੀ ਗਈ ਹੈ। 

16 May 2017

ਵਪਾਰ (ਮਿੰਨੀ ਕਹਾਣੀ )

Sukhwinder Singh Sher Gill's Profile Photo, Image may contain: 1 person, hat and closeupਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੇ ਹਸਪਤਾਲ ਦਾ ਉਦਘਾਟਨ ਸਮਾਰੋਹ ਹੋ ਰਿਹਾ ਸੀ | ਮੁੱਖ ਮਹਿਮਾਨ  ਵਿਚਾਰ ਪੇਸ਼ ਕਰ ਰਹੇ ਸਨ |
ਇੱਕ ਸਮਾਜ ਸੇਵੀ ਬੋਲਿਅਾ , " ਇੱਥੇ  ਹਸਪਤਾਲ ਖੋਲਣ ਦੀ ਨਹੀਂ , ਸਗੋਂ ਭਿਆਨਕ  ਬਿਮਾਰੀਆਂ ਦੀ ਜੜ੍ਹ ਸ਼ਹਿਰ ਲਾਗਲੀ ਫੈਕਟਰੀ ਬੰਦ ਕਰਨ ਦੀ ਲੋੜ ਏ..."
ਅਜੇ ੳੁਸ ਨੇ ਗੱਲ਼ ਪੂਰੀ ਵੀ ਨਹੀਂ ਸੀ ਕੀਤੀ , ਸਟੇਜ ਸੈਕਟਰੀ  ਵਿੱਚੋਂ ਹੀ ਬੋੋਲਿਆ,
" ਇਹ ਹਸਪਤਾਲ ਵੀ ਉਸੇ ਫੈਕਟਰੀ ਦੇ ਮਾਲਿਕ ਗੁਪਤਾ ਜੀ ਦਾ ਹੀ ਅੈ "
 ਪੰਡਾਲ  ਵਿੱਚ ਇਸ ਦੂਹਰੇ ਵਪਾਰ ਬਾਰੇ ਸੁਣ ਕੇ ਸੰਨਾਟਾ ਪਸਰ ਗਿਅਾ  |


ਮਾਸਟਰ ਸੁਖਵਿੰੰਦਰ ਦਾਨਗੜ੍ਹ  


14 May 2017

ਇੱਕ ਹਾਇਕੁ

Image may contain: one or more people, hat and textਇੱਕ ਸੰਵੇਦਨਸ਼ੀਲ ਅੱਖ ਨੂੰ ਹੀ ਕਿਸੇ ਦੀ ਮਿਹਨਤ ਤੇ ਸਿਰੜ ਨਜ਼ਰ ਆਉਂਦੈ।ਫ਼ੋਟੋ ਗੁਰਪ੍ਰੀਤ ਸਰਾਂ ਦੀ ਵਾਲ ਤੋਂ।ਸਿਰੜੀ ਬੀਬੀ 
ਖਿਆਲੀਂ ਡੁੱਬੀ ਬੈਠੀ 
ਹੱਥ ਬੁਰਕੀ।


ਡਾ. ਹਰਦੀਪ ਕੌਰ ਸੰਧੂ  
ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ ਹੈ। 

13 May 2017

ਸੰਤਾਪੀ ਕੁੱਖ (ਮਿੰਨੀ ਕਹਾਣੀ)

No automatic alt text available.ਚਿੜੀ ਦੇ ਆਂਡਿਆਂ 'ਚੋਂ ਬੋਟ ਨਿਕਲਣ ਤੋਂ ਬਾਅਦ ਆਲ੍ਹਣੇ 'ਚ ਇੱਕ ਵੱਖਰਾ ਜਿਹਾ ਚਹਿਕਾ। ਸੀ ਪਰ  ਗੁੰਮਸੁੰਮ ਆਲ੍ਹਣੇ 'ਚ ਸੁੰਨ ਦਾ ਪਸਾਰਾ ਸੀ। ਫਿਜ਼ਾ 'ਚ ਫ਼ੈਲੀ ਹਿਜਕੀ ਉਸ ਦੀ ਸੰਤਾਪੀ ਕੁੱਖ ਦੀ ਗਵਾਹੀ ਭਰ ਰਹੀ ਸੀ। ਉਸ ਦੀ ਕੁੱਖ ਸੁੰਨੀ ਹੋ ਗਈ ਸੀ ਜਦੋਂ ਅੱਧਖਿੜੀ ਕਲੀ ਨੂੰ ਖਿੜਨ ਤੋਂ ਪਹਿਲਾਂ ਜਬਰਨ ਮਸਲ ਦਿੱਤਾ ਗਿਆ ਸੀ। ਪੰਛੀ ਸੁਹਜ ਤੇ ਮਨੁੱਖੀ ਕੁਹਜ ਦਰਮਿਆਨ ਉਸ ਦੀਆਂ ਸਿਸਕੀਆਂ ਵਿਰਲਾਪ ਦੀ ਤੰਦੀ 'ਤੇ ਅਜੇ ਵੀ ਲਟਕ ਰਹੀਆਂ ਸਨ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 105 ਵਾਰ ਪੜ੍ਹੀ ਗਈ ਹੈ।