ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Oct 2016

ਸੱਧਰਾਂ ਦਾ ਦੀਵਾ



ਖਾਹਿਸ਼ਾਂ ਦਾ ਤੇਲ 
ਦਿਲ ਦੀਵੇ 'ਚ ਪਾ ਅੜਿਆ 

ਸੱਧਰਾਂ ਦਾ ਦੀਵੇ
ਮਨ ਸਰਦਲ 'ਤੇ ਟਿਕਾ ਅੜਿਆ !


ਡਾ  ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 81 ਵਾਰ ਪੜ੍ਹੀ ਗਈ ਹੈ। 

27 Oct 2016

ਸਮੁੰਦਰਾਂ ਤੋਂ ਪਾਰ




ਮਾਲਵੇ ਦਾ ਪਾਲੀ 

ਨੋਟ : ਇਹ ਵੀਡੀਓ  ਹੁਣ ਤੱਕ 50 ਵਾਰ ਸੁਣੀ ਗਈ ਹੈ।

26 Oct 2016

ਜ਼ਿਹਨ

ਜ਼ਿਹਨ 

ਅਜ਼ੀਬ ਸ਼ੈਅ ਹੈ,
ਜ਼ਿਹਨ ਵੀ
ਜੋ ਰੱਖਣਾ ਚਾਹਿਆ
ਇਸ ਅੰਦਰ
ਉਹ ਟਿਕਿਆ ਨਹੀਂ..

ਜੋ ਕੱਢ ਕੇ
ਵਗ੍ਹਾ ਮਾਰਨਾ
ਚਾਹਿਆ ਬਾਹਰ
ਉਹ ਟਿਕ ਗਿਆ
ਸਿਲ ਪੱਥਰ ਦੀ ਤਰ੍ਹਾਂ..

ਕਿੱਥੇ ਕੱਢ ਹੁੰਦਾ ਹੈ,
ਜ਼ਿਹਨ 'ਚ ਵੱਸਿਆ
ਉਹ ਪਲ
ਜੋ
ਬਿਤਾਇਆ ਸੀ ਕਦੀ
ਤੇਰੇ ਨਾਲ
ਤੇਰੀ ਮਹਿਫਿਲ 'ਚ..
ਮੁੱਠੀ 'ਚੋਂ ਰੇਤ ਵਾਂਙ
ਕਿਰ ਗਏ
ਵਕਤ ਹੱਥੋਂ ਮਜਬੂਰ
ਖਾਲੀ ਕਾਸਾ ਹੱਥ ਫੜੀ
ਖੜ੍ਹੇ ਹਾਂ
ਅੱਜ ਤੇਰੀ ਦਹਿਲੀਜ਼ ਤੇ
ਆਸ ਹੈ ਕੁਝ ਖੈਰ ਦੀ !

ਨਿਰਮਲ ਕੋਟਲਾ 
ਪਿੰਡ : ਕੋਟਲਾ ਮੱਝੇਵਾਲ 

ਨੋਟ : ਇਹ ਪੋਸਟ ਹੁਣ ਤੱਕ 24 ਵਾਰ ਪੜ੍ਹੀ ਗਈ ਹੈ।

25 Oct 2016

ਸਹਿਮ

Surjit Bhullar's Profile Photoਸਹਿਮੀ ਸਹਿਮੀ
ਡਰੀ ਡਰੀ
ਖਿੱਲ ਰਹੀ ਸੀ
ਇੱਕ ਕਲੀ।
.
ਹੌਲੀ ਹੌਲੀ
ਕੋਲ ਜਾ ਮੈਂ ਪੁੱਛਿਆ,
'ਕੀ ਪੱਤਝੜ ਤੋਂ ਡਰੇਂ?'
'ਨਹੀਂ।'
"ਫਿਰ?"
ਧੀਰੇ ਧੀਰੇ ਬੋਲੀ,
'ਸੁਣਿਆ, ਬਾਗ਼ ਦਾ ਮਾਲੀ
ਕਲੀਆਂ ਤੋੜੂ ਵੀ ਹੈ।'

ਸੁਰਜੀਤ ਸਿੰਘ ਭੁੱਲਰ

ਯੂ ਐਸ ਏ 


ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ ਹੈ।

24 Oct 2016

ਨਿਮਾਣੀ ਕੁੱਖ

Jagroop Kaur Khalsa's Profile Photoਮੰਜੇ ਤੇ ਬੈਠੀ ਗੁਰਦੀਪ ਕੰਧ ਨਾਲ ਢੋਅ ਲਾ ਕੇ ਸਾਰਾ ਦਿਨ ਟਿਕਟਿਕੀ ਲਾ ਕੇ ਦੇਖਦੀ ਰਹਿੰਦੀ ।ਉਸ ਦੀਆਂ ਸੁੰਨੀਆਂ ਅੱਖਾਂ ਵਿੱਚ ਵਿਛੋੜੇ ਦਾ ਦਰਦ ਤੇ ਮਿੱਠੀ ਜਿਹੀ ਉਡੀਕ ਸਾਫ ਝਲਕਦੀ ਸੀ ।ਉਹ ਆਪਣੇ ਪੋਤੇ ਪੋਤੀਆਂ ਨਾਲ ਤੇ ਨੂੰਹਾਂ ਨਾਲ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੀ ਪਰ ਰੱਬ ਨੇ ਜਿਵੇਂ ਖੁਸ਼ੀ ਤਾਂ ਉਸਦੇ ਭਾਗਾਂ ਵਿੱਚ ਲਿਖੀ ਹੀ ਨਹੀਂ ਸੀ ।ਕੁਝ  ਨਾ ਕੁਝ  ਉਸ ਦੇ ਮਨ ਵਿੱਚ ਚੱਲਦਾ ਰਹਿੰਦਾ।  ਉਹ ਸਦਾ ਹੀ ਅਣਕਿਆਸੇ ਭੈਅ ਤੋਂ ਤ੍ਰਬਕਦੀ ਰਹਿੰਦੀ ।ਉਸ ਦਾ ਭੈਅ ਸੀ ਵੀ ਸੱਚਾ !

ਗੁਰਦੀਪ ਕਦੇ ਕਦੇ ਆਪਣੀ ਵੱਡੀ ਨੂੰਹ ਨਾਲ ਅਤੀਤ ਸਾਂਝਾ ਕਰ ਲੈਂਦੀ। ਉਸ ਵਕਤ ਉਹਦੀਆਂ ਅੱਖਾਂ ਵਿੱਚ ਅਨੋਖੀ ਚਮਕ ਹੁੰਦੀ ਸੀ ।ਗੁਰਦੀਪ ਇਕ ਰੱਜੇ ਪੁੱਜੇ ਸ਼ਹਿਰੀ ਪਰਿਵਾਰ ਦੀ ਧੀ ਸੀ।  ਜਵਾਨੀ ਦੀ ਦਹਿਲੀਜ਼ 'ਤੇ ਪੈਰ ਧਰਦਿਆਂ ਹੀ ਬਾਪ ਨੇ ਸੋਹਣਾ ਵਰ ਘਰ ਦੇਖ ਕੇ ਉਸ ਦਾ ਵਿਆਹ ਕਰ ਦਿੱਤਾ।ਤਿੰਨ ਸਾਲ ਗੁਰਦੀਪ ਦੇ ਕਿਸੇ ਸੁਪਨੇ ਦੀ ਤਰ੍ਹਾਂ ਬੀਤ ਗਏ ।ਪਤਾ ਹੀ ਨਾ ਲੱਗਿਆ ਸਮਾਂ ਬੀਤਦੇ ਦਾ। ਇਸ ਦੌਰਾਨ ਉਹ ਦੋ ਧੀਆਂ ਦੀ ਮਾਂ ਬਣ ਗਈ, ਪਰ ਅਚਾਨਕ ਪਤੀ ਦੀ ਮੌਤ ਨੇ ਅਰਸ਼ੋਂ ਫਰਸ਼ 'ਤੇ ਪਟਕਾ ਮਾਰਿਆ ।

ਰੋ ਰੋ ਅੱਖੀਆਂ ਦਾ ਨੀਰ ਮੁੱਕ ਗਿਆ। ਚਿਹਰਾ ਬੇਨੂਰ ਹੋ ਗਿਆ ।ਧੀਆਂ ਨੂੰ ਹਿੱਕ ਨਾਲ ਲਾ ਕੇ ਬਾਪ ਬਣਨ ਦੀ ਕੋਸ਼ਿਸ਼ ਕਰਦੀ ਪਰ ਕਿਸੇ ਨੇ ਸਾਥ ਨਾ ਦਿੱਤਾ ।

ਉਸ ਦੇ ਬਾਪ ਨੇ ਧੀਆਂ ਨਾਲ ਤੋਰਨ ਦੇ ਵਾਅਦੇ ਨਾਲ ਉਸ ਦਾ ਦੂਜਾ ਵਿਆਹ ਕਰ ਦਿੱਤਾ ਤੇ ਕਿਹਾ ਕਿ ਧੀਆਂ ਨੂੰ ਕੁਝ ਦਿਨ ਬਾਅਦ ਲੈ ਜਾਵੀਂ । ਜਦੋਂ ਗੁਰਦੀਪ ਧੀਆਂ ਨੂੰ ਲੈਣ ਵਾਪਿਸ ਆਈ ਤਾਂ ਪਤਾ ਲੱਗਿਆ ਕਿ ਉਹਨਾਂ ਦੇ ਦਾਦਾ ਦਾਦੀ ਲੈ ਗਏ ਹਨ ।ਗੁਰਦੀਪ ਗਸ਼ ਖਾ ਕੇ ਧਰਤੀ 'ਤੇ ਡਿੱਗ ਪਈ ਤੇ ਮੱਥੇ ਤੇ ਖੂਨ ਦੀ ਤਤੀਰੀ ਵਗ ਤੁਰੀ ।ਕੁਝ ਦਿਨ ਹਸਪਤਾਲ ਦਾਖਲ ਰਹੀ ।ਉਸ ਤੋਂ ਬਾਅਦ ਜਿਉਂਦੀ ਲਾਸ਼ ਬਣ ਆਪਣੇ ਸਹੁਰੇ ਘਰ ਆ ਗਈ, ਜੋ ਉਸ ਦੇ ਪਹਿਲੇ ਪਰਿਵਾਰ ਤੋਂ ਬਿਲਕੁੱਲ ਉਲਟ ਸੀ ।ਵਕਤ ਨਾਲ ਸਮਝੌਤਾ ਕਰ ਦਿਨ ਕੱਟਦੀ ਰਹੀ। ਵਾਹਿਗੁਰੂ ਨੇ ਸਾਲ ਬਾਅਦ ਪੁੱਤ ਉਹਦੀ ਝੋਲੀ ਵਿੱਚ ਪਾ ਦਿੱਤਾ ।ਪੁੱਤ ਦੀ ਖੁਸ਼ੀ ਉਸ ਦੀਆਂ ਧੀਆਂ ਦੇ ਵਿਛੋੜੇ ਨੂੰ ਘਟਾ ਨਾ ਸਕੀ, ਸਗੋਂ ਇਹੀ ਸੋਚਦੀ ਕਿ ਕਿਤੇ ਧੀਆਂ ਦੀ ਤਰ੍ਹਾਂ ਪੁੱਤ ਨਾ ਦੂਰ ਹੋ ਜਾਵੇ ।ਪਰਛਾਵੇਂ ਵਾਂਗ ਉਸ ਦਾ ਖਿਆਲ ਰੱਖਦੀ ।ਦੂਜੇ ਪੁੱਤ ਦੇ ਜਨਮ ਤੋਂ ਬਾਅਦ ਇੱਕ ਵਾਰ ਫਿਰ ਖੁਸ਼ੀਆਂ ਗੁਰਦੀਪ ਦੇ ਬੂਹੇ ਤੇ ਦਸਤਕ ਦੇ ਰਹੀਆਂ ਸੀ ।

ਨਿੱਕੀ ਉਮਰੇ ਵੱਡੇ ਪੁੱਤ ਦਾ ਵਿਆਹ ਕਰ ਦਿੱਤਾ। ਪੁੱਤ ਵੀ ਲੋਕਾਂ ਦੀ ਦੇਖਾ ਦੇਖੀ ਪਰਦੇਸ ਜਾਣ ਦੀ ਅੜੀ ਕਰਨ ਲੱਗਾ । ਪਰਦੇਸੀਂ ਜਾ ਕੇ ਪਰਦੇਸੀ ਹੋ ਕੇ ਬਹਿ ਗਿਆ। ਮੁੜ ਵਤਨੀਂ ਨਾ ਆਇਆ ।ਅਣਕਿਆਸਿਆ ਭੈਅ ਸਾਕਾਰ ਹੋ ਗਿਆ ।

ਪੁੱਤ ਦੀ ਉਡੀਕ ਵਿੱਚ ਬਾਪ ਵੀ ਇਸ ਦੁਨੀਆਂ ਤੋਂ ਤੁਰ ਗਿਆ।  ਛੋਟਾ ਵੀ ਕੰਮਕਾਰ ਵਿੱਚ ਫਸਿਆ ਘੱਟ ਵੱਧ ਹੀ ਕੋਲ ਬੈਠਦਾ । ਆਪਣੀ ਦਵਾਈ ਲੈਣ ਜਾਂਦੀ ਪਹਿਲਾਂ ਪੋਤੇ ਪੋਤੀਆਂ ਦੀਆਂ ਮਨਪਸੰਦ ਚੀਜਾਂ ਲੈਂਦੀ। ਨੂੰਹਾਂ ਨੂੰ ਸੂਟ ਲਿਆਉਣਾ ਨਾ ਭੁੱਲਦੀ।

ਪੁੱਤ ਦੀ ਉਡੀਕ ਉਸ ਨੂੰ ਲੈ ਬੈਠੀ। ਕਦੋਂ ਦਿਨ ਚੜਦਾ ਕਦੋਂ ਰਾਤ ਪੈਂਦੀ ਉਸ ਨੂੰ ਕੋਈ ਸਰੋਕਾਰ ਨਹੀਂ ਸੀ ।ਜਾਗਦੀ ਵੀ ਸੁੱਤਿਆਂ ਵਾਂਗ ਗੱਲਾਂ ਕਰਦੀ ਠੰਡੇ ਹੌਕੇ ਭਰਦੀ ਰਹਿੰਦੀ। ਕਦੇ ਦੋਵੇਂ ਹੱਥ ਜੋੜ ਉੱਪਰ ਵੱਲ ਕਰਕੇ ਕਹਿੰਦੀ ਮੇਰੇ ਵਰਗੀ ਨਿਮਾਣੀ ਕੁੱਖ ਨਾ ਹੋਵੇ ਕਿਸੇ ਦੀ ।ਠੰਢਾ ਹਾਉਕਾ ਭਰਦੀ ਕਹਿੰਦੀ ਰੱਬਾ ਧੀਆਂ ਨੂੰ ਵਿਛੋੜ ਕੇ ਤੇਰਾ ਢਿੱਡ ਨਹੀਂ ਸੀ ਭਰਿਆ, ਹੁਣ ਮੇਰਾ ਪੁੱਤ ਵੀ ਮੈਥੋਂ ਵਿਛੋੜ ਦਿੱਤਾ। 


ਜਗਰੂਪ ਕੌਰ ਖ਼ਾਲਸਾ 
ਕਰਨਾਲ ਹਰਿਆਣਾ 
ਨੋਟ : ਇਹ ਪੋਸਟ ਹੁਣ ਤੱਕ 38 ਵਾਰ ਪੜ੍ਹੀ ਗਈ ਹੈ।

22 Oct 2016

ਅਕਸ



Click on the arrow to listen - Akas

ਆਥਣ ਦਾ ਵੇਲਾ ਸੀ। ਅਸਮਾਨ ਦੇ ਸਿਖਰ 'ਤੇ ਮਘਦੀ ਟਿੱਕੀ ਰੁੱਖਾਂ ਦੇ ਝੁੰਡ ਪਿੱਛੇ ਢਲ ਚੁੱਕੀ ਸੀ। ਤਿੱਖੀ ਤਪਸ਼ ਨਾਲ ਕੁਮਲਾਏ ਪੱਤਿਆਂ 'ਚੋਂ ਨਿਕਲ ਇੱਕ ਹਾਉਕਾ ਚੁਫ਼ੇਰੇ ਪਸਰਦਾ ਜਾਪ ਰਿਹਾ ਸੀ। ਘਸਮੈਲੀ ਜਿਹੀ ਭਾਅ ਮਾਰਦਾ ਬਲਦੀ ਚਿਖ਼ਾ 'ਚੋਂ ਉਠਦਾ ਧੂੰਆਂ ਦੂਰ ਖਲਾਅ 'ਚ ਜਾ ਕੇ ਆਪਣੀ ਹੋਂਦ ਖ਼ਤਮ ਕਰ ਰਿਹਾ ਸੀ । ਉਹ ਕਦੇ ਲੱਕੜ ਦੇ ਮੁੱਢ ਨਾਲ ਚਿਖ਼ਾ ਫਰੋਲਦਾ ਤੇ ਕਦੇ ਉਠਦੇ ਧੂੰਏਂ ਦੇ ਪਿੱਛੇ -ਪਿੱਛੇ ਦੂਰ ਅੰਬਰ ਵੱਲ ਝਾਕਦਾ। 
         ਪੌਣੀ ਸਦੀ ਹੰਢਾ ਚੁੱਕਿਆ ਹੁਣ ਉਹ ਜਗਤ ਚਾਚਾ ਬਣ ਗਿਆ ਹੈ । ਕੋਈ ਉਸ ਨੂੰ ਸ਼ਰੀਫ਼ ਚਾਚਾ ਕਹਿੰਦੈ ਤੇ ਕੋਈ ਲਾਵਾਰਿਸ ਲਾਸ਼ ਵਾਲਾ ਚਾਚਾ। ਪਿਛਲੇ ਚੌਵੀ -ਪੱਚੀ ਵਰ੍ਹਿਆਂ ਤੋਂ ਉਹ ਲਾਵਾਰਿਸ ਮੋਇਆਂ ਦੀ ਗਤੀ ਕਰਦਾ ਆ ਰਿਹਾ ਹੈ। ਉਹ ਨਿੱਤ ਦਿਨ ਚੜ੍ਹਦੇ ਹੀ ਹਸਪਤਾਲਾਂ 'ਚ ਮਰੀਜ਼ਾਂ  ਦਾ ਹਾਲ ਪੁੱਛਣ ਤੁਰ ਜਾਂਦਾ। ਫੇਰ ਲਾਵਾਰਿਸ ਲਾਸ਼ਾਂ ਲੱਭਣ ਮੁਰਦਾਘਾਟ,ਰੇਲ ਦੀ ਪਟੜੀ ਜਾਂ ਹੋਰ ਆਸੇ ਪਾਸੇ ਗੇੜਾ ਮਾਰਦੈ। ਉਹ ਫੈਜ਼ਾਬਾਦ ਦੇ ਧੂੜ -ਮਿੱਟੀ ਨਾਲ ਅੱਟੇ ਰਾਹ 'ਤੇ ਖੋਲ੍ਹੀ ਇੱਕ ਛੋਟੀ ਜਿਹੀ ਦੁਕਾਨ 'ਚ ਸਾਰੀ ਦਿਹਾੜੀ ਸਾਈਕਲਾਂ ਦੀ ਮੁਰੰਮਤ ਕਰ ਆਪਣਾ ਟੱਬਰ ਪਾਲ ਰਿਹਾ ਹੈ । 
           ਕਹਿੰਦੇ ਨੇ ਕਿ ਜਦੋਂ ਬੇਵਕਤੀ ਅਣਹੋਣੀ ਵਾਪਰਦੀ ਏ ਤਾਂ ਇੱਕ ਬੇਅਵਾਜ਼ ਲੇਰ ਆਪੇ 'ਚ ਫੈਲਣ ਲੱਗਦੀ ਏ। ਢਾਈ ਦਹਾਕੇ ਪਹਿਲਾਂ ਬਾਬਰੀ ਮਸਜਿਦ ਦੇ ਦੰਗਿਆਂ 'ਚ ਉਸ ਦਾ ਜਵਾਨ ਪੁੱਤ ਮਾਰਿਆ ਗਿਆ ਸੀ।ਲਾਵਾਰਿਸ ਜਾਣ ਉਸ ਦੀ ਲਾਸ਼ ਨੂੰ ਬੋਰੇ 'ਚ ਪਾ ਕਿਸੇ ਦਰਿਆ 'ਚ ਰੋੜ੍ਹ ਦਿੱਤਾ ਗਿਆ। ਉਹ ਪਾਗਲਾਂ ਵਾਂਗ ਆਪਣੇ ਪੁੱਤ ਨੂੰ -ਦਿਨ ਰਾਤ ਲੱਭਦਾ ਰਿਹਾ। ਮਹੀਨੇ ਬਾਦ ਬਰਾਮਦ ਹੋਈ ਇੱਕ ਕਮੀਜ਼ 'ਤੇ ਦਰਜ਼ੀ ਦੇ ਲੱਗੇ ਲੇਬਲ ਤੋਂ ਉਸ ਦੇ ਪੁੱਤਰ ਦੀ ਸ਼ਨਾਖਤ ਹੋਈ। ਉਸ ਦੇ ਪੁੱਤ ਦੀ ਅਰਥੀ ਨੂੰ ਕਿਸੇ ਮੋਢਾ ਨਾ ਦਿੱਤਾ। ਬਿਰਹੋਂ ਕੁੱਠੀ ਰੂਹ ਨੂੰ ਹੁਣ ਹਰ ਲਾਵਾਰਿਸ ਲਾਸ਼ 'ਚੋਂ ਆਪਣੇ ਪੁੱਤ ਦਾ ਹੀ ਅਕਸ ਨਜ਼ਰ ਆਉਂਦੈ। 
 ਤਨ ਭੱਠੀ 'ਚ ਭੁੱਜਦੀ ਇਸ ਅਣਕਹੀ ਪੀੜ ਨੂੰ ਉਹ ਭਸਮ ਕਰਨਾ ਲੋਚਦੈ, "ਮੇਰੇ ਜਿਉਂਦੇ ਜੀ ਕਿਸੇ ਵੀ ਲਾਸ਼ ਨੂੰ ਲਾਵਾਰਿਸ ਸਮਝ ਕੇ ਨਹੀਂ ਸੁੱਟਿਆ ਜਾਵੇਗਾ। ਮੇਰੇ ਲਈ ਕੋਈ ਹਿੰਦੂ ਨਹੀਂ ਤੇ ਕੋਈ ਨਹੀਂ ਮੁਸਲਮਾਨ। ਸਭ ਨੇ ਇਨਸਾਨ ਤੇ ਖੂਨ ਦਾ ਇੱਕੋ ਰੰਗ।" ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਉਹ ਆਪ ਅੰਤਿਮ ਕਿਰਿਆ ਕਰਦੈ -ਹਿੰਦੂ ਦਾ ਸੰਸਕਾਰ ਤੇ ਮੁਸਲਮਾਨ ਨੂੰ ਦਫਨਾਉਂਦੈ। "ਹੁਕਮੈ ਅੰਦਰ ਸਭੁ ਕੋ ਬਾਹਰ ਹੁਕਮ ਨਾ ਕੋਇ" ਉਹ ਇਸ ਨੂੰ ਰੱਬੀ ਹੁਕਮ ਮੰਨਦੈ ,"ਉਹ ਅੱਲ੍ਹਾ ਮੈਥੋਂ ਇਹ ਸਭ ਕੁਝ ਕਰਵਾ ਰਿਹਾ ਹੈ। ਮੈਂ ਕਰਨ ਵਾਲਾ ਕੌਣ ਹਾਂ? ਜਿਸ ਦਿਨ ਅਸੀਂ ਇਹ ਸੋਚਣ ਲੱਗ ਜਾਵਾਂਗੇ ਕਿ ਇਹ ਸਭ ਅਸੀਂ ਕਰ ਰਹੇ ਹਾਂ ਤਾਂ ਉਸ ਦਿਨ ਤਾਂ ਕੁਝ ਵੀ ਨਹੀਂ ਕਰ ਸਕਣਾ। "
    ਜ਼ਿੰਦਗੀ ਦੀਆਂ ਲੰਮ -ਮੁਸਤਾਫ਼ੀ ਬੇਅਰਾਮੀਆਂ ਨੂੰ ਝੱਲਦਾ ਲੋਥਾਂ ਨਾਲ ਨਾਤਾ ਜੋੜ ਉਹ ਆਪਣੇ ਜਖ਼ਮਾਂ 'ਤੇ ਆਪੂੰ ਮਰਹਮ ਲਾਉਂਦੈ। ਬੇਰੁੱਖੀ ਜਿੰਦ ਦੇ ਨਪੀੜਿਆਂ ਨੂੰ ਫ਼ਿਰਕੂ ਅਕਸ ਤੋੜ ਆਪਣੇ ਹੱਥੀਂ ਖੁਆਉਂਦਾ । ਆਪੇ ਤੋਂ ਬੇਪ੍ਰਵਾਹ ਉਹ ਹੁਣ ਲੋਕਾਂ ਲਈ ਦਇਆ ਦਾ ਪ੍ਰਤੀਕ ਬਣ ਗਿਆ ਏ।ਹੁਣ ਤੱਕ ਕਈ ਸੰਸਥਾਵਾਂ ਉਸ ਨੂੰ ਸਨਮਾਨਿਤ ਕਰ ਚੁੱਕੀਆਂ ਨੇ। ਪਰ ਇਹ ਕਾਗਜ਼ੀ ਵਾਹ ਵਾਹ ਉਸ ਦਾ ਕੁਝ ਨਾ ਸੰਵਾਰ ਸਕੀ ਜਦੋਂ ਆਪਣੇ ਨਜਿੱਠੇ ਏਸ ਕਾਰਜ ਲਈ ਉਸ ਨੂੰ ਜ਼ਮੀਨ ਦਾ ਇੱਕੋ ਇੱਕ ਟੁਕੜਾ ਵੀ ਵੇਚਣਾ ਪਿਆ ਸੀ । ਸਤਿਆਮੇਵ ਜਾਇਤੇ ਦੀ ਟੀਮ ਦਾ ਬੁਲਾਵਾ ਵੀ ਓਸ ਪ੍ਰੋਗਰਾਮ 'ਚ ਉਸ ਦੀ ਢਾਈ ਕੁ ਮਿੰਟਾਂ ਦੀ ਝਲਕ ਦੇ ਸਿਵਾਏ ਕੁਝ ਵੀ ਪੱਲੇ ਨਾ ਪਾ ਕੇ ਗਿਆ। ਪਰ ਉਸ ਦਾ ਕਾਰਜ ਨਿਰਵਿਘਨ ਜਾਰੀ ਹੈ ਚਾਹੇ ਓਹ ਬੇਗਤੀਆਂ ਰੂਹਾਂ ਉਸ ਨੂੰ ਗੁਜ਼ਾਰੇ ਜੋਗਾ ਕਮਾਉਣ ਲਈ ਵੀ ਸਮਾਂ ਨਹੀਂ ਛੱਡਦੀਆਂ। 
ਕਿਸੇ ਬੋਧੀ ਯਾਜਕ ਅਨੁਸਾਰ ਉਹ ਕੁਰਾਨ ਦੀਆਂ ਉਨ੍ਹਾਂ ਆਇਤਾਂ 'ਤੇ ਖਰਾ ਉਤਰਦਾ ਜਿਸ 'ਤੇ ਇਨਸਾਨੀਅਤ ਦੀ ਗੱਲ ਲਿਖੀ ਹੋਈ ਹੈ। ਸੁੱਚਮ ਤੇ ਸਦਭਾਵਨਾ 'ਚ ਸਮੋਈ ਉਹ ਤਾਂ ਖੁਦ ਇੱਕ ਚੱਲਦੀ ਫਿਰਦੀ ਸੰਸਥਾ ਹੈ। ਉਸ ਦੀ ਨਿਸ਼ਕਾਮ ਸੇਵਾ ਕਿਸੇ ਪੁਰਸਕਾਰ ਦੀ ਮੁਥਾਜ ਨਹੀਂ ਹੈ। ਪਰ ਕਿਸੇ ਵੀ ਸਰਕਾਰ ਨੇ ਉਸ ਦੇ ਏਸ ਨਿਰਸਵਾਰਥ ਕਾਰਜ ਵੱਲ ਕਦੇ ਗੌਰ ਨਹੀਂ ਕੀਤੀ। ਦਿਲ ਦੇ ਇਸ ਕਰਮਯੋਗੀ ਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ। ਪਰ ਇੱਕੋ -ਇੱਕ ਝੋਰਾ ਉਸ ਨੂੰ ਹੁਣ ਵੀ ਖਾਈ ਜਾ ਰਿਹਾ ਏ ਕਿ ਉਸ ਤੋਂ  ਪਿੱਛੋਂ ਏਸ ਕਾਰਜ ਨੂੰ ਕੌਣ ਸੰਭਾਲੂ ?

ਬਲਦੀ ਚਿਖ਼ਾ 
ਉਠਦੇ ਧੂੰਏਂ ਵਿੱਚੋਂ 
ਲੱਭੇ ਅਕਸ। 

ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 329 ਵਾਰ ਪੜ੍ਹੀ ਤੇ ਸੁਣੀ ਗਈ ਹੈ।


21 Oct 2016

ਬਹੁੜ ਕਿਤੇ ਵੇ ਸੱਚਿਆ ਸਾਈਆਂ

ਬਹੁੜ ਕਿਤੇ ਵੇ, ਸੱਚਿਆ ਸਾਈਆਂ। ਬਹੁੜ ਕਿਤੇ ਵੇ, ਸੱਚਿਆ ਸਾਇਆਂ। ਸਿਸਕਦੇ ਹਰਫ਼, ਵਿਲਕਦੇ ਪੰਨੇ, ਉਦਾਸ ਕਲਮ, ਉਖੜੀ ਸੋਚ, ਭਟਕੇ ਲੋਕ। ਅੰਧਵਿਸ਼ਵਾਸ, ਬੁੱਝਗੀ ਜੋਤ, ਕੁੱਖ ਦਾ ਨਾਸ, ਰੁੱਖ ਨੇ ਨਿਰਾਸ਼ । ਲਾਲੋ ਦੀ ਰੁੱਖੀ, ਮਲਕ ਦੀ ਪੂਰੀ, ਹੁਣ ਨਾ ਡਰਦਾ, ਪਾਪ ਕਮਾਉਂਦਾ, ਬਾਬਾ ਨਾਨਕ ਅ਼ੱਜ ਵੀ ਉਦਾਸ। ਕਿਰਤਾਂ ਭੁੱਲੀਆਂ, ਧੀਆਂ ਰੁੱਲੀਆਂ, ਦਾਜ ਦੇ ਲੋਭੀ, ਪਾਵਣ ਖਿੱਲੀਆਂ। ਸੁੱਤੀਆਂ ਸਰਕਾਰਾਂ, ਲੈਣ ਨਾ ਸਾਰਾਂ, ਬੇਰੁਜਗਾਰੀ, ਦਵੇ ਦੁਹਾਈਆਂ। ਚਿੱਟੇ ਦੀ ਵੀ ਹੁਣ, ਬੱਲੇ ਬੱਲੇ । ਜਵਾਨੀ ਡਿੱਗ ਗਈ, ਥੱਲੇ ਥੱਲੇ। ਬਹੁੜ ਕਿਤੇ ਵੇ ਸੱਚਿਆ ਸਾਈਆਂ । ਬਹੁੜ ਕਿਤੇ ਵੇ ਸੱਚਿਆ ਸਾਈਆਂ। ਨਿਰਮਲ ਕੋਟਲਾ
ਪਿੰਡ :ਕੋਟਲਾ ਮੱਝੇਵਾਲ
ਨੋਟ : ਇਹ ਪੋਸਟ ਹੁਣ ਤੱਕ 42 ਵਾਰ ਪੜ੍ਹੀ ਗਈ ਹੈ।

20 Oct 2016

ਉਹਦਿਆਂ ਰੰਗਾਂ ਦੀ ਉਹੀਓ ਜਾਣੇ** (ਕਹਾਣੀ ਨਹੀਂ)




ਸਾਰਾ ਦਿਨ ਗੁਰੂਦੁਆਰੇ ਸੇਵਾ ਕਰਨ ਤੋਂ ਬਾਦ ਸ਼ਾਮ ਨੂੰ ਘਰ ਆਏ। ਰਾਤ ਦੀ ਰੋਟੀ ਖਾ ਕੇ ਮੈਂ ਤੇ ਵੱਡਾ ਵੀਰਾ ਘਰੋਂ ਬਾਹਰ ਸੈਰ ਕਰਨ ਚੱਲ ਪਏ। ਸਾਡੀ ਗਲੀ ਚੋਂ ਨਿੱਕਲਦੇ ਹੀ ਮੇਨ ਸੜਕ ਤੇ ਇੱਕ ਕੂੜੇਦਾਨ ਪਿਆ ਹੁੰਦਾ ਸੀ। ਅਕਸਰ ਲੋਕ ਕੂੜੇਦਾਨ ਦੇ ਕੋਲ ਜਾ ਕੇ ਕੂੜਾ ਵਿੱਚ ਸੁੱਟਣ ਦੀ ਜਗਾ ਦੂਰੋਂ ਹੀ ਵਗਾਹ ਕੇ ਮਾਰਦੇ ਜਿਸ ਕਾਰਨ ਕਾਫੀ ਕੂੜਾ ਕੂੜੇਦਾਨ ਤੋਂ ਬਾਹਰ ਹੀ ਡਿੱਗ ਜਾਂਦਾ। ਉਸੇ ਕੂੜੇ ਵਿੱਚੋਂ ਬਚਿਆ ਹੋਇਆ ਖਾਣਾ ਖਾਣ ਕਈ ਗਊਆਂ, ਮੱਝਾਂ ਅਤੇ ਕੁੱਤੇ ਘੁੰਮਦੇ ਰਹਿੰਦੇ ਅਤੇ ਲਿਫ਼ਾਫ਼ਿਆਂ ਦੇ ਵਿੱਚ ਮੂੰਹ ਮਾਰਦੇ ਕਦੇ ਪੈਰਾਂ ਦੇ ਥੱਲੇ ਮਿੱਧ ਦਿੰਦੇ।
ਜਦੋਂ ਉਸ ਕੂੜੇਦਾਨ ਦੇ ਕੋਲੋਂ ਲੰਘ ਰਹੇ ਸੀ ਤਾਂ ਕੁਝ ਪਰਵਾਸੀ ਮਜ਼ਦੂਰਾਂ ਨੇ ਸਾਨੂੰ ਅਵਾਜ਼ ਮਾਰੀ। ਉਹ ਉਸ ਕੂੜੇਦਾਨ ਤੋਂ ਕੁਝ ਦੂਰ ਖੜੇ ਸੀ। ਸਾਨੂੰ ਲੱਗਿਆ ਕਿ ਸ਼ਾਇਦ ਉਹਨਾ ਨੇ ਦਾਰੂ ਪੀਤੀ ਹੋਈ ਤਾਂ ਖੱਪ ਪਾਉਂਦੇ ਨੇ ਪਰ ਫਿਰ ਵੀ ਕੂੜੇਦਾਨ ਵੱਲ ਨੂੰ ਚੱਲ ਪਏ। ਕੋਲ ਜਾ ਕੇ ਪੁੱਛਣ ਤੇ ਕਹਿੰਦੇ," ਸਰਦਾਰ ਜੀ , ਦੇਖਨਾ ਉਸ ਲੀਫਾਫੇ ਮੇ ਕੁੱਛ ਹਿਲ ਰਹਾ ਹੈ" । ਅਸੀ ਉਸ ਲਿਫਾਫੇ ਦੇ ਨੇੜੇ ਗਏ । ਡਰ ਵੀ ਸੀ ਕਿ ਕਿਤੇ ਲਿਫ਼ਾਫ਼ੇ ਥੱਲੇ ਸੱਪ ਸੁੱਪ ਹੀ ਨਾ ਹੋਵੇ। ਨੇੇੜੇ ਹੀ ਡਿੱਗੀ ਹੋਈ ਇੱਕ ਛਟੀ ਚੱਕੀ ਤੇ ਉਸ ਨਾਲ ਲਿਫਾਫੇ ਦਾ ਮੂੰਹ ਖੋਲਣ ਦੀ ਕੋਸ਼ਿਸ਼ ਕੀਤੀ।
ਜਿਓਂ ਹੀ ਲਿਫਾਫੇ ਦਾ ਥੋੜਾ ਜਿਹਾ ਮੂੰਹ ਖੁੱਲ੍ਹਿਆ ਸਾਡੇ ਪੈਰਾਂ ਥੱਲੇ ਤੋਂ ਜ਼ਮੀਨ ਨਿਕਲ ਗਈ। ਲਿਫਾਫੇ ਵਿੱਚ ਇੱਕ ਨਵ ਜੰਮਿਆ ਬੱਚਾ ਸੀ। ਖੂਨ ਨਾਲ ਲੱਠ ਪੱਥ । ਉਹ ਐਨਾ ਛੋਟਾ ਸੀ ਕਿ ਸਾਨੂੰ ਚੱਕਦਿਆਂ ਨੂੰ ਵੀ ਡਰ ਲੱਗਦਾ ਸੀ। ਵੀਰਾ ਉੱਥੇ ਹੀ ਰੁਕਿਆ ਤੇ ਮੈ ਭੱਜ ਕੇ ਘਰ ਗਿਆ। ਪੁਲਿਸ ਨੂੰ ਫੋਨ ਕੀਤਾ ਤੇ ਸਾਰੀ ਗੱਲ ਦੱਸੀ। ਘਰੋਂ ਇੱਕ ਤੌਲੀਆ ਚੱਕਿਆ ਵਾਪਸ ਭੱਜ ਗਿਆ । ਬੇਬੇ ਬਾਪੂ ਜੀ ਨੇ ਮੈਨੂੰ ਟੈਲੀਫੋਨ ਤੇ ਗੱਲ ਕਰਦੇ ਨੂੰ ਸੁਣ ਲਿਆ ਸੀ ਇਸ ਲਈ ਉਹ ਵੀ ਮੇਰੇ ਨਾਲ ਹੀ ਕੂੜੇਦਾਨ ਵੱਲ ਨੂੰ ਹੋ ਲਏ।
ਜਿਵੇਂ ਹੀ ਮੈਂ ਉਸ ਨੰਨ੍ਹੀ ਜਾਨ ਨੂੰ ਲਿਫਾਫੇ ਚੋਂ ਕੱਢਣ ਲੱਗਿਆ , ਉਹਨੇ ਮੇਰੀ ਉਂਗਲ ਫੜ ਲਈ । ਸ਼ਾਇਦ ਉਹ ਡਰ ਗਿਆ ਸੀ ਜਾਂ ਸ਼ਾਇਦ ਉਹਨੂੰ ਲੱਗਿਆ ਕਿ ਕੋਈ ਉਹਦਾ ਆਪਣਾ ਹੈ। ਉਹਨੂੰ ਕੀ ਪਤਾ ਸੀ ਕਿ ਉਹਦੇ ਆਪਣਿਆਂ ਨੇ ਹੀ ਉਹਨੂੰ ਕੂੜੇ ਚ ਸੁੱਟ ਦਿੱਤਾ ਸੀ। ਖੈਰ ਮੈਂ ਉਹਨੂੰ ਲਿਫਾਫੇ ਚੋਂ ਬਾਹਰ ਕੱਢਿਆ । ਨਾੜੂਆ ਸਿਰਫ਼ ਕੱਟਿਆ ਹੋਇਆ ਸੀ, ਬੰਨਿਆਂ ਨਹੀ ਸੀ। ਕਾਫੀ ਖੂਨ ਵੱਗ ਚੁੱਕਾ ਸੀ। ਛੇਤੀ ਦੇ ਕੇ ਉਸ ਨੂੰ ਤੌਲੀਏ ਚ ਲਪੇਟ ਲਿਆ ਤੇ ਬਾਪੂ ਜੀ ਨੂੰ ਫੜਾ ਦਿੱਤਾ । ਉਹਨਾਂ ਨੇ ਉਸਨੂੰ ਆਪਣੀ ਲੋਈ ਵਿੱਚ ਲਪੇਟ ਲਿਆ ਤਾਂ ਕਿ ਉਹਨੂੰ ਕੁੱਝ ਨਿੱਘ ਮਿਲ ਸਕੇ। ਉਹ ਇੱਕ ਲੜਕਾ ਸੀ। ਰੰਗ ਗੋਰਾ ਤਿੱਖੇ ਨੈਣ ਨਕਸ਼ ।ਕੋਈ ਪੱਥਰ ਦਿਲ ਹੀ ਹੋਵੇਗਾ ਜਿਸਨੇ ਉਹਨੂੰ ਸੁੱਟਿਆ ਸੀ।
ਐਨੀ ਦੇਰ ਚ ਪੁਲਿਸ ਵੀ ਆ ਗਈ। ਉਹ ਬੱਚੇ ਨੂੰ ਹਸਪਤਾਲ ਲੈ ਗਏ ਅਤੇ ਤੁਰੰਤ ਹੀ ਉਸਦਾ ਇਲਾਜ ਸ਼ੁਰੂ ਹੋ ਗਿਆ । ਕਹਿੰਦੇ ਨੇ " ਜਾ ਕੋ ਰਾਖੈ ਸਾਈਂਆਂ , ਮਾਰ ਸਕੇ ਨਾ ਕੋਏ" ਡਾਕਟਰ ਨੇ ਦੱਸਿਆ ਕਿ ਜੇਕਰ ਥੋੜੀ ਦੇਰ ਹੋਰ ਹੋ ਜਾਂਦੀ ਤਾਂ ਜਿਆਦਾ ਖੂਨ ਵਹਿਣ ਕਾਰਣ ਉਸ ਨੂੰ ਬਚਾਉਣਾ ਔਖਾ ਹੋ ਜਾਣਾ ਸੀ। ਕੁੱਝ ਘੰਟਿਆਂ ਬਾਦ ਉਸ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਸਭ ਨੇ ਸ਼ੁਕਰ ਮਨਾਇਆ । ਜਦੋਂ ਘਰ ਹਾਲ ਚਾਲ ਦੱਸਣ ਨੂੰ ਫੋਨ ਕੀਤਾ ਤਾਂ ਮਾਤਾ ਨੇ ਫੋਨ ਚੱਕਦਿਆਂ ਹੀ ਪੁੱਛਿਆ "ਨਾਨਕ ਦਾ ਕੀ ਹਾਲ ਹੈ?" ਅਖੇ ਬਾਬੇ ਨਾਨਕ ਦੇ ਗੁਰਪੁਰਵ ਵਾਲੇ ਦਿਨ ਜੋ ਜੰਮਿਆ। ਉਸ ਦਿਨ ਤੋਂ ਬਾਦ ਅਸੀਂ ਜਦੋ ਵੀ ਉਹਦੀ ਗੱਲ ਕੀਤੀ ਉਸ ਨੂੰ " ਨਾਨਕ" ਨਾਮ ਨਾਲ ਹੀ ਯਾਦ ਕੀਤਾ।


ਉਸੇ ਹਸਪਤਾਲ ਵਿੱਚ ਇੱਕ ਵੀਰ ਅਪਣੀ ਘਰਵਾਲੀ ਨੂੰ ਲੈ ਕੇ ਆਇਆ ਸੀ। ਵਿਆਹ ਤੋਂ ਅੱਠ ਸਾਲ ਮਗਰੋਂ ਉਹਨਾ ਦੇ ਘਰ ਔਲਾਦ ਨੇ ਜਨਮ ਲੈਣਾ ਸੀ। ਉਹਨਾ ਦੇ ਵੀ ਪੁੱਤਰ ਨੇ ਜਨਮ ਲਿਆ । ਪਰ ਬਦਕਿਸਮਤੀ ਨਾਲ ਉਹ ਜਨਮ ਤੋਂ ਕੁੱਝ ਦੇਰ ਮਿੰਟਾਂ ਮਗਰੋਂ ਹੀ ਪੂਰਾ ਹੋ ਗਿਆ । ਕਮਜ਼ੋਰੀ ਕਾਰਨ ਜਨਮ ਦਿੰਦੇ ਹੀ ਉਹ ਔਰਤ ਬੇਹੋਸ਼ ਹੋ ਗਈ। ਉਹ ਵੀਰ ਨੂੰ ਫਿਕਰ ਸੀ ਕਿ ਜਦੋਂ ੳਸਦੀ ਘਰਵਾਲੀ ਨੂੰ ਉਹਨਾਂ ਦੇ ਬੱਚੇ ਬਾਰੇ ਪਤਾ ਲੱਗੇਗਾ ਤਾਂ ਕੀ ਹੋਵੇਗਾ। ਐਨੀ ਦੇਰ ਹੀ ਉਸ ਨੂੰ ਕਿਸੇ ਨਰਸ ਤੋਂ ਪਤਾ ਲੱਗਿਆ ਕਿ ਹਸਪਤਾਲ ਚ ਕੋਈ ਨਵਜੰਮੇ ਲਾਵਾਰਿਸ ਬੱਚੇ ਨੂੰ ਭਰਤੀ ਕਰਵਾਿੲਆ ਗਿਆ ਹੈ। ਉਹ ਸਿੱਧਾ ਨਾਨਕ ਵਾਲੇ ਵਾਰਡ ਚ ਆਇਆ ਤੇ ਉਹਨੇ ਪੁਲਿਸ ਵਾਲਿਆਂ ਨੂੰ ਆਪਣੇ ਗੁਜ਼ਰ ਚੁੱਕੇ ਬੱਚੇ ਤੇ ਉਸ ਦੀ ਘਰਵਾਲੀ ਦੀ ਹਾਲਤ ਬਾਰੇ ਦੱਸਦਿਆਂ ਬੱਚੇ ਨੂੰ ਗੋਦ ਲੈਣ ਦੀ ਇੱਛਾ ਜ਼ਾਹਿਰ ਕੀਤੀ। ਉਸ ਨੇ ਇਹ ਵੀ ਦੱਸਿਆ ਕਿ ਉਹ ਇੱਕ ਵੱਡਾ ਵਪਾਰੀ ਹੈ ਸੋ ਬੱਚੇ ਨੂੰ ਕੋਈ ਕਮੀ ਨਹੀ ਹੋਣ ਦੇਵੇਗਾ। ਉਸ ਦੀ ਘਰਵਾਲੀ ਅਤੇ ਨਾਨਕ ਦੀ ਹਾਲਤ ਨੂੰ ਦੇਖਿਦਆਂ ਪੁਲਿਸ ਨੇ ਵੀ ਹਾਮੀ ਭਰ ਦਿੱਤੀ । ਕੁਝ ਦਿਨਾਂ ਵਿੱਚ ਹੀ ਸਾਰੀ ਤਫਤੀਸ਼ ਅਤੇ ਲੋੜੀਂਦੀ ਕਾਰਵਾਈ ਕੀਤੀ ਗਈ ਅਤੇ ਨਾਨਕ ਨੂੰ ਉਸ ਦੇ ਨਵੇ ਮਾਂ ਪਿਓ ਦੇ ਹਵਾਲੇ ਕਰ ਦਿੱਤਾ ਗਿਆ । ਉਨੀ ਦੇਰ ਤੱਕ ਉਸ ਵੀਰ ਨੇ ਆਪਣੀ ਘਰਵਾਲੀ ਨੂੰ ਇਹ ਕਹਿ ਕੇ ਰੱਖਿਆ ਕਿ ਬੱਚਾ ਕਮਜ਼ੋਰ ਹੋਣ ਕਾਰਨ ਉਸ ਨੂੰ ਅਲੱਗ ਕਮਰੇ ਚ ਰੱਖਿਆ ਹੈ ਤੇ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਹੈ।
ਰੱਬ ਦੀ ਕਰਨੀ। ਅਖੀਰ ਮਾਂ ਨੂੰ ਬੱਚਾ ਅਤੇ ਇੱਕ ਬੱਚੇ ਨੂੰ ਮਾਂ ਮਿਲ ਗਈ। ਉਹਦੇ ਮਾਂ ਪਿਓ ਨੇ ਪਤਾ ਨਹੀ ਉਸ ਦਾ ਕੀ ਨਾਮ ਰੱਖਿਆ ਹੋਣਾ ਪਰ ਮੈਂ ਤਾਂ ਉਹ ਨੂੰ "ਨਾਨਕ" ਹੀ ਕਹਾਂਗਾ। ਅੱਜ ਉਹ ਨਾਨਕ 11-12 ਸਾਲ ਦਾ ਹੋ ਗਿਆ ਹੋਣਾ ਪਰ ਉਹਦਾ ਉਹ ਪਿਆਰਾ ਜਿਹਾ ਚਿਹਰਾ ਮੈਨੂੰ ਕਦੇ ਨਹੀਂ ਭੁੱਲਿਆ ਤੇ ਨਾ ਹੀ ਕਦੇ ਭੁੱਲੇਗਾ।
ਇਹ ਗੱਲ ਸੁਣੀ ਤਾਂ ਬਹੁਤ ਵਾਰ ਸੀ ਪਰ ਉਸ ਦਿਨ ਸਮਝ ਵੀ ਆ ਗਈ ਕਿ " ਉਹਦਿਆਂ ਰੰਗਾਂ ਦੀ ਉਹੀਓ ਜਾਣੇ"

ਸ਼ਿਵ ਸ਼ੰਕਰ ਸਿੰਘ 'ਗੁਰਸ਼ਿਵ'
+64211870711
**ਇਹ ਕੋਈ ਕਹਾਣੀ ਨਹੀਂ  ਹੈ। ਸੱਚੀ ਘਟਨਾ ਹੈ ਜੋ ਲੱਗ ਭੱਗ 10-11 ਸਾਲ ਪਹਿਲਾਂ ਵਾਪਰੀ ਸੀ।  ਉਸ ਦਿਨ  ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸੀ।

ਨੋਟ : ਇਹ ਪੋਸਟ ਹੁਣ ਤੱਕ 728 ਵਾਰ ਪੜ੍ਹੀ ਗਈ ਹੈ।

ਫ਼ੁਲਕਾਰੀ (ਲੇਖ)


ਮਾਲਵੇ ਦਾ ਪਾਲੀ's Profile Photo

ਦੁਨੀਆਂ ਦੀ ਔਰਤ ਨੇ ਜੋ ਕਸੀਦਾ ਸਦੀਆਂ ਪਹਿਲੋਂ ਆਪਣੇ ਹੁਸਨ ਦੀ ਤਾਰੀਫ਼ ਵਿੱਚ ਲਿਖਿਆ, ਉਹ ਇੱਕ ਪਰੰਪਰਾ ਬਣ ਕੇ ਰਹਿੰਦੀ ਦੁਨੀਆਂ ਤੱਕ ਰਹੇਗਾ ।

ਜਿਵੇਂ ਕਸ਼ਮੀਰ ਦਾ 'ਕਸੀਦਾ' ਬੰਗਾਲ ਦਾ 'ਕੰਠਾ' ਮਹਾਰਾਸ਼ਟਰ ਦੀ 'ਕਸੂਤੀ ' ਲਖਨਊ ਦਾ ' ਚਿਕਨ' ਕੱਛ ਦੇ ਇਲਾਕਿਆਂ ਦੇ 'ਚਾਕਲੇ' ਹਿਮਾਚਲ ਦਾ 'ਚੰਬਾ ਰੁਮਾਲ' ਤੇ ਪੰਜਾਬ ਦੀ 'ਫ਼ੁਲਕਾਰੀ'
ਚੌਵੀ ਤਰਾਂ ਦੇ ਤ੍ਰੋਪੇ ਹੁੰਦੇ ਹਨ ਪੰਜਾਬ ਜੀ ਫ਼ੁਲਕਾਰੀ ਦਾ ਸਿੱਧਾ ਤ੍ਰੋਪਾ, ਡਾਰਨ ਸਟਿੱਚ ਹੈ । ਪੰਜਾਬ ਦੀ ਫ਼ੁਲਕਾਰੀ ਕਈ ਤਰਾਂ ਦੀ ਹੈ, ਪਰ ਉਹਦਾ ਤ੍ਰੋਪਾ ਇੱਕੋ ਹੈ
ਇੱਕ ਦਰਸ਼ਨ ਦੁਆਰ ਫ਼ੁਲਕਾਰੀ ਹੁੰਦੀ ਹੈ, ਜੋ ਮੰਦਰਾਂ ਅਤੇ ਧਰਮ ਅਸਥਾਨਾਂ ਤੇ ਚੜ੍ਹਾਈ ਜਾਂਦੀ ਹੈ । ਉਹਦੇ ਉਤੇ ਵੱਡੇ ਵੱਡੇ ਦਰਵਾਜ਼ਿਆਂ ਦੇ ਨਮੂਨੇ ਕੱਢੇ ਜਾਂਦੇ ਹਨ, ਜਿਹਨਾਂ ਦਰਵਾਜ਼ਿਆਂ ਵਿੱਚ ਕਈ ਵੇਰਾਂ ਮਰਦਾਂ ਦੇ ਜਾਂ ਔਰਤਾਂ ਦੇ ਖੜਵੇਂ ਚਿੱਤਰ ਕੱਢੇ ਜਾਂਦੇ ਹਨ, ਨਿੱਕੀ ਬੂਟੀ ਵਾਲਾ ਮਿਰਚੀ ਬਾਗ ਹੁੰਦਾ ਹੈ । ਉਸ ਤੋਂ ਨਿੱਕੀ ਬੂਟੀ ਵਾਲਾ ਨਾਖ਼ੂਨ ਬਾਗ ਹੁੰਦਾ ਹੈ, ਉਹਨੂੰ ਚਿਲਮਨ ਬਾਗ ਕਹਿੰਦੇ ਹਨ । ਕੁਝ ਫ਼ੁਲਕਾਰੀਆਂ ਉਤੇ ਚੱਕਲੇ ਵੇਲਣੇ ਕੱਢੇ ਹੁੰਦੇ ਹਨ ਜਾਂ ਕਣਕਾਂ ਦੇ ਸਿੱਟੇ -- ਜਿੰਨਾ ਨੂੰ ਵੇਲਣ ਬਾਗ ਜਾਂ ਕਣਕੀ ਬਾਗ ਕਹਿੰਦੇ ਹਨ । ਇਸੇ ਤਰਾਂ ਪੱਟੀਦਾਰ ਫ਼ੁਲਕਾਰੀ ਵੀ ਹੁੰਦੀ ਹੈ । ਹਾਂ ਬਾਵਨ ਬਾਗ ਦੋ ਤਰਾਂ ਦਾ ਹੁੰਦਾ ਹੈ -- ਇੱਕ ਜੋ ਬਵੰਜਾ ਬਾਗਾਂ ਦਾ ਨਮੂਨਾ ਹੁੰਦਾ ਹੈ, ਤੇ ਦੂਜਾ -- ਜਿਹਦੇ ਉਤੇ ਬਵੰਜਾ ਤਰਾਂ ਦੀਆਂ ਫ਼ੁਲਕਾਰੀਆਂ ਦੇ ਨਮੂਨੇ ਕੱਢੇ ਹੁੰਦੇ ਹਨ !
ਜਿਸ ਫ਼ੁਲਕਾਰੀ ਵਿੱਚ ਬਵੰਜਾ ਬਾਗਾਂ ਦੇ ਨਮੂਨੇ ਹੋਣ, ਉਹਨੂੰ ਬਾਵਨ ਬਾਗ ਕਹਿੰਦੇ ਹਨ । ਸਾਰੇ ਕਪੜੇ ਉਤੇ ਰੇਸ਼ਮ ਵਿੱਛਿਆ ਦਿਸਦਾ ਹੈ ।
" ਚੋਪ " ਵਿੱਚ ਤਰਾਂ ਤਰਾਂ ਦੇ ਨਮੂਨੇ ਹੁੰਦੇ ਹਨ -- ਚਰਖ਼ਾ ਕੱਤਦੀ ਕੁੜੀ ਦਾ ਚਿੱਤਰ, ਦੁੱਧ ਰਿੜਕਦੀ ਕੁੜੀ ਦਾ ਚਿੱਤਰ, ਸਰਵਨ ਕੁਮਾਰ ਦੇ ਮੋਢੇ ਦੀ ਵਹਿੰਗੀ, ਜਾਂ ਪੈਲਾਂ ਪਾਉਂਦੇ ਮੋਰ, ਮਸਤ ਚਾਲ ਚੱਲਦੇ ਹਾਥੀ, ਕੰਢਿਆਂ ਉਤੇ ਚਿੜੀਆਂ ਦੀਆਂ ਡਾਰਾਂ, ਜਾਂ ਲਾਲ ਚੁੰਝਾਂ ਵਾਲੇ ਤੋਤੇ ਤੇ ਵਿੱਚ ਕਈ ਤਰਾਂ ਦੇ ਗਹਿਣੇ ਵੀ ਕੱਢੇ ਹੁੰਦੇ ਹਨ!
ਵਿਆਹ ਵੇਲੇ ਮੁੰਡੇ ਦੀ ਦਾਦੀ ਵਲੋਂ ਜੋ ਫ਼ੁਲਕਾਰੀ ਮਿਲਦੀ ਹੈ, ਉਹ ਵਰੀ ਦਾ ਬਾਗ ਅਖਵਾਉਂਦੀ ਹੈ, ਜਿਹਦਾ ਵਿੱਚਲਾ ਹਿੱਸਾ ਨਿਰੇ ਸੁਨਹਿਰੀ ਰੰਗ ਦਾ ਹੁੰਦਾ ਹੈ ਤੇ ਨਾਨਕੀ ਛੱਕ ਵਿੱਚ ਜੋ ਫ਼ੁਲਕਾਰੀ ਕੁੜੀ ਦੀ ਨਾਨੀ ਵਲੋਂ ਆਉਂਦੀ ਹੈ, ਉਸਨੂੰ " ਚੋਪ " ਕਹਿੰਦੇ ਹਨ ।
ਫੁਲਕਾਰੀ ਪੰਜਾਬ ਦੀ ਔਰਤ ਦਾ ਸ਼ਿੰਗਾਰ ਤੇ ਬਹੁਤ ਹੀ ਪਿਆਰਾ ਲਿਬਾਸ ਹੈ।ਵਿਦੇਸ਼ਾਂ ਵਿੱਚ ਵੀ ਇਹਦੀ ਬਹੁਤ ਡਿਮਾਂਡ ਹੈ।
ਪੰਜਾਬ ਵਿੱਚ ਕਈ ਫ਼ੁਲਕਾਰੀਆਂ ਦੇ ਇੱਕ ਕੰਢੇ ਸਾਰੀ ਫ਼ੁਲਕਾਰੀ ਤੋਂ ਅੱਡਰਾ ਦਿਸਦਾ ਕੋਈ ਨਿੱਕਾ ਜਿਹਾ ਫੁੱਲ ਜਾਂ ਨਮੂਨਾ ਪਾਇਆ ਹੁੰਦਾ ਹੈ, ਅਕਸਰ ਕਾਲੇ ਰੰਗ ਵਿੱਚ, ਜਿਹਨੂੰ ਨਜ਼ਰ -ਬੂਟੀ ਕਹਿੰਦੇ ਹਨ। ਫ਼ੁਲਕਾਰੀ ਹਮੇਸ਼ਾ ਸੱਤ ਰੰਗ ਲਾ ਕੇ ਕੱਢੀ ਜਾਂਦੀ ਹੈ । ਜਿੰਨਾ ਵਿੱਚ ਪੰਜ ਰੰਗ ਪ੍ਰਧਾਨ ਹੁੰਦੇ ਹਨ, ਉਹਨੂੰ ਪਚਰੰਗਾ ਬੋਲਦੇ ਹਨ।
90 ਦੇ ਦਹਾਕੇ ਤੋਂ ਪਹਿਲਾਂ ਫੁਲਕਾਰੀ ਦੀ ਵਰਤੋਂ ਸਿਰਫ ਵਿਆਹਾਂ ਦੀਆਂ ਰਸਮਾਂ 'ਚ ਕੀਤੀ ਜਾਂਦੀ ਸੀ। ਆਮ ਹੀ ਘਰਾਂ 'ਚ ਸੰਦੂਕਾਂ ਤੇ ਪੇਟੀਆ 'ਚ ਫੁਲਕਾਰੀਆਂ ਦੀ ਭਰਮਾਰ ਸੀ। ਫਿਰ 90 'ਚ ਜਦ ਦੂਰਦਰਸ਼ਨ 'ਤੇ ਨਵੇਂ ਸਾਲ ਦੇ ਪ੍ਰੋਗਰਾਮ ਲਾਰਾ ਲੱਪਾ ਤੇ ਹੁੱਲੇ ਹੁਲਾਰੇ ਆਏ। ਉਸ 'ਚ ਗਿੱਧੇ ਵਾਲੀਆਂ ਕੁੜੀਆਂ ਨੇ ਬਾਗ ਤੇ ਫੁਲਕਾਰੀਆਂ ਦੇ ਕਮੀਜ਼ ਤੇ ਜੈਕਟਾਂ ਪਾਈਆਂ ਸੀ।ਬੱਸ ਫਿਰ ਕੀ ਸੀ ਕਾਲਜਾਂ 'ਚ ਪੜ੍ਹਨ ਵਾਲੀਆਂ ਕੁੜੀਆਂ ਨੇ ਸੰਦੂਕ ਪੇਟੀਆਂ ਵਿਹਲੇ ਕਰ ਛੱਡੇ ਸੂਟ ਸਵਾ ਕੇ ,,, ਮੈਨੂੰ ਯਾਦ ਹੈ ਉਦੋਂ ਮੇਰੇ ਮਾਮੇ ਦਾ ਵਿਆਹ ਸੀ ਤੇ ਸਾਰੇ ਘਰ ਦੀਆਂ ਖਿੜਕੀਆਂ ਤੇ ਦਰਵਾਜ਼ਿਆਂ ਤੇ ਫੁਲਕਾਰੀਆਂ ਦੇ ਪਰਦੇ ਸਨ।
ਫ਼ੁਲਕਾਰੀ ਨੂੰ ਆਮ ਤੌਰ ਤੇ ਸ਼ਗਨਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਵਿਆਹ ਦੀ ਹਰ ਰਸਮ ਫੁਲਕਾਰੀ ਨਾਲ ਸ਼ੁਰੂ ਕੀਤੀ ਜਾਂਦੀ ਹੈ।ਮਾਂ ਹਰ ਸ਼ਗਨ ਕਰਨ ਵੇਲੇ ਆਪਣੇ ਉਤੇ ਫੁਲਕਾਰੀ ਲੈਂਦੀ ਹੈ।ਜਦੋਂ ਵਿਆਹ ਵਾਲੇ ਮੁੰਡੇ ਜਾਂ ਕੁੜੀ ਨੂੰ ਨੁਹਾਇਆ ਜਾਂਦਾ ਹੈ ਜਿਸ ਨੂੰ ਆਮ ਤੌਰ ਤੇ ਨਹਾਈ ਧੋਈ ਕਹਿੰਦੇ ਹਨ ਉਸ ਸਮੇਂ ਵੀ ਫੁਲਕਾਰੀ ਤਾਣੀ ਜਾਂਦੀ ਹੈ।
ਫੁਲਕਾਰੀ ਬਨਾਉਣ ਲਈ ਪਹਿਲਾਂ ਬਹੁਤ ਬਰੀਕ ਸੂਤ ਕੱਤਿਆ ਜਾਂਦਾ। ਫਿਰ ਉਸ ਬਰੀਕ ਸੂਤ ਦਾ ਖੱਦਰ ਬਣਾਇਆ ਜਾਂਦਾ ਤਾਂ ਕਿ ਉਹ ਬਹੁਤ ਮੋਟਾ ਤੇ ਭਾਰਾ ਨਾ ਬਣੇ। ਫਿਰ ਉਸ ਸੋਹਣੇ ਬੁਣੇ ਖੱਦਰ ਨੂੰ ਲਾਲ ਰੰਗ ਵਿੱਚ ਰੰਗ ਲਿਆ ਜਾਂਦਾ ਅਤੇ ਉਸ ਖੱਦਰ ਦੇ ਲਾਲ ਕੱਪੜੇ ਉਤੇ ਕਢਾਈ ਕਰਕੇ ਹੀ ਬਣਦੀ ਸੀ ਫੁਲਕਾਰੀ। ਫੁਲਕਾਰੀ ਵਿੱਚ ਕਢਾਈ ਨਾਲ ਵੱਖਰੇ-ਵੱਖਰੇ ਨਮੂਨੇ ਪਾਏ ਜਾਂਦੇ ਸਨ।ਇਹ ਰੇਸ਼ਮੀ ਧਾਗੇ ਜਾਂ ਪੱਟ ਨਾਲ ਕੱਢੀ ਜਾਂਦੀ ਸੀ।ਇਸ ਦੀ ਕਢਾਈ ਹਮੇਸ਼ਾ ਪੁੱਠੇ ਪਾਸੇ ਤੋਂ ਕੀਤੀ ਜਾਂਦੀ ਸੀ। ਅੱਜਕਲ ਦੀਆਂ ਮੁਟਿਆਰਾਂ ਨੂੰ ਇਹ ਕਢਾਈ ਬਹੁਤ ਘੱਟ ਆਉਦੀ ਹੈ।ਫੁੱਲਕਾਰੀ ਦੇ ਵਿਚਕਾਰਲੇ ਹਿੱਸੇ ਵਿੱਚ ਕਢਾਈ ਕੀਤੀ ਜਾਂਦੀ ਹੈ ।ਬਾਗ ਦੀ ਕਢਾਈ ਬਹੁਤ ਸੰਘਣੀ ਹੁੰਦੀ ਹੈ ਉਸ ਦੇ ਉਤੇ ਤਾਂ ਸੂਈ ਰੱਖਣ ਲਈ ਵੀ ਥਾਂ ਖਾਲੀ ਨਹੀਂ ਹੁੰਦੀ।
ਪਰਮਾਤਮਾ ਕਰੇ ! ਆਪਣੇ ਪੰਜਾਬ ਦੀਆਂ ਫੁਲਕਾਰੀਆਂ ਅਤੇ ਫੁਲਕਾਰੀਆਂ ਵਾਲੀਆਂ ਸਦਾ ਖੁਸ਼ ਰਹਿਣ।
ਮਾਲਵੇ ਦਾ ਪਾਲੀ
ਨੋਟ : ਇਹ ਪੋਸਟ ਹੁਣ ਤੱਕ 293 ਵਾਰ ਪੜ੍ਹੀ ਗਈ ਹੈ।

19 Oct 2016

ਵਾਣੀ ਦਾ ਅਸਰ (ਵਾਰਤਾ )

Jagroop Kaur Khalsa's Profile Photoਮਿੱਠੀ ਬੋਲੀ ਦਿਲਾਂ ਦੇ ਉੱਪਰ ਅਮਿੱਟ ਛਾਪ ਛੱਡ ਜਾਂਦੀ ਹੈ ।ਮਿੱਠਾ ਬੋਲਣ ਵਾਲੇ ਇਨਸਾਨ ਨਾਲ ਹਰ ਬੰਦਾ
ਗੱਲਬਾਤ ਕਰਨ ਲਈ ਉਤਸੁਕ ਰਹਿੰਦਾ ਹੈ ।ਕਈ ਵਾਰ ਸਾਨੂੰ ਆਪਣੇ ਬਾਰੇ ਗਿਆਨ ਨਹੀਂ ਹੁੰਦਾ ਕਿ ਸਾਡਾ ਕਿਰਦਾਰ ਲੋਕਾਂ ਦੀ ਨਜਰਾਂ ਵਿੱਚ ਕਿਹੋ ਜਿਹਾ ਹੈ ?
ਅਸੀਂ ਪਾਉਂਟਾ ਸਾਹਿਬ ਅਕਸਰ ਜਾਂਦੇ ਰਹਿੰਦੇ ਹਾਂ। ਚਾਰ ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਅਸੀਂ ਪਾਉਂਟਾ ਸਾਹਿਬ ਗਏ ਹੋਏ ਸੀ ।ਰਹਿਰਾਸ ਦੇ ਪਾਠ ਤੋਂ ਪਹਿਲਾਂ ਬਾਜਾਰ ਚਲੇ ਗਏ ।ਉੱਥੇ ਇਕ ਕਸ਼ਮੀਰੀ ਮੁਸਲਿਮ ਲੜਕੇ ਦੀ ਦੁਕਾਨ ਸੀ। ਤਕਰੀਬਨ 22-23 ਸਾਲ ਦਾ ਹੋਣਾ ਉਹ। ਉਸ ਦਾ ਵਿਅਕਤੀਤਵ ਆਪਣੇ ਵੱਲ ਖਿੱਚਦਾ ਸੀ ।ਅਸੀਂ ਉਸ ਦੀ ਦੁਕਾਨ 'ਤੇ ਗਏ ਤੇ ਇੱਕ ਸੂਟ ਖਰੀਦ ਲਿਆ। ਆਦਤਨ ਹੀ ਮੈਂ ਉਸ ਦਾ ਸ਼ੁਕਰੀਆ ਕੀਤਾ ਤੇ ਚੱਲਣ ਲੱਗੀ ।ਉਹ ਲੜਕਾ ਬੋਲਿਆ,"ਆਂਟੀ ਆਪ ਸੇ ਏਕ ਬਾਤ ਪੂਛੂੰ? ਮੈਂ ਰੁਕ ਗਈ ਤਾਂ ਉਸ ਨੇ ਕਿਹਾ, "ਆਪ ਕਹਾਂ ਸੇ ਹੋ?" ਮੈਂ ਦੱਸਿਆ ਕਰਨਾਲ ਤੋਂ ਹਾਂ। ਕਹਿੰਦਾ ਆਂਟੀ ਜੀ ਕਰਨਾਲ ਸੇ ਬਹੁਤ ਲੋਗ ਆਤੇ ਹੈਂ ਵੋ ਆਪਕੇ ਜੈਸਾ ਨਹੀਂ ਬੋਲਤੇ।ਆਪਕੀ ਵਾਣੀ ਬਹੁਤ ਮੀਠੀ ਹੈ ਦਿਲ ਕਰਤਾ ਹੈ ਕਿ ਆਪ ਸੇ ਬਾਤੇਂ ਕਰੂੰ। ਕੋਈ ਭੀ ਇਧਰ ਸ਼ੁਕਰੀਆ ਨਹੀਂ ਕਰਤਾ ਔਰ ਨਾ ਹੀ ਕੋਈ ਆਪ ਕੇ ਜੈਸੇ ਬੇਟਾ ਬੋਲਤਾ ਹੈ ।

ਉਹ ਲੜਕਾ ਜਦੋਂ ਬੋਲਦਾ ਸੀ ਇੰਜ ਲੱਗਦਾ ਸੀ ਜਿਵੇਂ ਮੂੰਹੋਂ ਫੁੱਲ ਕਿਰਦੇ ਹੋਣ। ਉਹ ਮੇਰੀ ਤਾਰੀਫ ਕਰ ਰਿਹਾ ਸੀ। ਮੈਂ ਉਸ ਤੋਂ ਬਲਿਹਾਰੇ ਜਾਂਦੀ ਸੀ । ਇਕ ਅਜਨਬੀ ਰਿਸ਼ਤੇ ਦਾ ਮਾਣ ਮੈਨੂੰ ਅੱਜ ਵੀ ਲੱਗ ਰਿਹਾ। ਉਹ ਸਮਾਂ ਯਾਦ ਕਰਕੇ ਅਜੀਬ ਜਿਹਾ ਆਨੰਦ ਮਿਲਦਾ ਹੈ ।ਸ਼ਾਇਦ ਅਸੀਂ ਕਦੇ ਵੀ ਨਾ ਮਿਲੀਏ, ਪਰ ਅਮਿੱਟ ਛਾਪ ਦਿਲਾਂ ਦੇ ਉੱਪਰ ਆਪਣੀ ਪੈੜ ਬਣਾ ਚੁੱਕੀ ਹੈ ।

ਸਦਾ ਮਿੱਠਾ ਬੋਲੋ !ਇੱਕ ਦੂਜੇ ਦੇ ਦਿਲਾਂ ਵਿੱਚ ਘਰ ਬਣਾ ਲਈਏ। ਇਹ ਜਿੰਦਗੀ ਦੁਬਾਰਾ ਨਹੀਂ ਮਿਲਣੀ ।ਇਸ ਨੂੰ ਵਧੀਆ ਢੰਗ ਨਾਲ ਜਿਉਣ ਲਈ ਸਰਲ ਤੇ ਵਧੀਆ ਰਿਸ਼ਤੇ ਸਿਰਜੀਏ ।
ਜਗਰੂਪ ਕੌਰ ਖ਼ਾਲਸਾ


ਨੋਟ : ਇਹ ਪੋਸਟ ਹੁਣ ਤੱਕ 144 ਵਾਰ ਪੜ੍ਹੀ ਗਈ ਹੈ।

18 Oct 2016

ਨੂਰ ਤੇ ਹਨ੍ਹੇਰ ?

Surjit Bhullar's Profile Photoਹਨ੍ਹੇਰ 'ਚੋਂ ਉਪਜੇ ਨੂਰ, ਨੂਰ 'ਚੋਂ ਉਪਜੇ ਹਨ੍ਹੇਰ।
ਰਾਤ 'ਚੋਂ ਉਗਮੇ ਸਵੇਰ, ਸਵੇਰ 'ਚ ਉੱਘੇ ਹਨ੍ਹੇਰ।
ਦੱਸ ਮਿੱਟੀ ਦੇ ਬਾਵਿਆ, ਕੀ ਹੈ ਤੇਰਾ ਵਿਚਾਰ?
0
ਕੋਈ ਕਹਿੰਦਾ ਨੂਰ ਹੈ,ਤੇ ਕੋਈ ਕਹੇ ਹਨ੍ਹੇਰ।
ਇਸ ਨਿਰਨੇ 'ਤੇ ਪੁੱਜਣਾ,ਪੰਧ ਬੜਾ ਲੰਮੇਰ।
ਦੱਸ ਮਿੱਟੀ ਦੇ ਬਾਵਿਆ ਤੂੰ ਕੀ ਕਰੇਂ ਇਜ਼ਹਾਰ?
0
ਤੂੰ ਸੋਝੀ ਨੂੰ ਵਰਤ ਕੇ, ਹੱਥ 'ਚ ਫੜੇ ਚਿਰਾਗ਼।
ਰੱਬ ਲੱਭਣ ਤੁਰ ਪਿਆ,ਦਿਲ ਛੱਡ ਦਿਮਾਗ਼।
ਦੱਸ ਮਿੱਟੀ ਦੇ ਬਾਵਿਆ, ਇਹ ਕੀ ਤੇਰਾ ਆਚਾਰ?
0
ਊ ਤੂੰ ਹਨ੍ਹੇਰ ਮਾਣਦਾ,ਜਿਹਦਾ ਨਾ ਕੋਈ ਮਾਪ।
ਫਿਰ ਤੂੰ ਇਸ ਤੋਂ ਡਰੇ ਡਰੇ,ਕਰ ਕੇ ਘੋਰ ਪਾਪ।
ਦੱਸ ਮਿੱਟੀ ਦੇ ਬਾਵਿਆ,ਕੀ ਤੇਰਾ ਇਹ ਕਾਰੋਬਾਰ?
0
ਹਨੇਰੇ ਅਤੇ ਚਾਨਣ 'ਚ,ਲਟਕ ਰਿਹਾ ਹਰ ਜੀਵ।
ਆਖ਼ਿਰ ਇੱਕ ਦੀ ਬੁੱਕਲ 'ਚ,ਜਾ ਛੁਪਣਾ ਸਦੀਵ।
ਦੱਸ ਮਿੱਟੀ ਦੇ ਬਾਵਿਆ,ਕਿਸ ਸੰਗ ਕਰੇ ਪਿਆਰ?
0
ਚਾਨਣ ਅਤੇ ਹਨ੍ਹੇਰ ਤਾਂ, ਹੈ ਧੁੰਦੂਕਾਰਾ ਦੀ ਦੇਣ ।
ਬੋਧ ਅਬੋਧ ਦੋਵੇਂ ਮਿਲਣ,ਰੇ ਮਨ ਕਿਉਂ ਬੇਚੈਨ?
ਦੱਸ ਮਿੱਟੀ ਦੇ ਬਾਵਿਆ, ਇਹ ਕੀ ਤੇਰਾ ਸੰਸਾਰ?
0
ਚਾਨਣ ਹਰ ਕੋਈ ਲੋਚਦਾ,ਚਾਨਣ ਤਾਂ ਲੱਭ ਜਾਊ।
'ਸੁਰਜੀਤ'ਨਜ਼ਰ ਜੇ ਬਦਲ ਜੇ,ਫਿਰ ਕੀਕਣ ਪਾਊ?
ਦੱਸ ਮਿੱਟੀ ਦੇ ਬਾਵਿਆ,ਮਨ ਦਾ ਕੀ ਇਤਬਾਰ?
0
ਹਨ੍ਹੇਰ 'ਚੋਂ ਉਪਜੇ ਨੂਰ, ਨੂਰ 'ਚੋਂ ਉਪਜੇ ਹਨ੍ਹੇਰ।
ਰਾਤ 'ਚੋਂ ਉਗਮੇ ਸਵੇਰ,ਸਵੇਰ 'ਚ ਉੱਘੇ ਹਨ੍ਹੇਰ।
ਦੱਸ ਮਿੱਟੀ ਦੇ ਬਾਵਿਆ, ਕੀ ਹੈ ਤੇਰਾ ਵਿਚਾਰ?
-0-
-ਸੁਰਜੀਤ ਸਿੰਘ ਭੁੱਲਰ-17-10-2016


ਨੋਟ : ਇਹ ਪੋਸਟ ਹੁਣ ਤੱਕ 88 ਵਾਰ ਪੜ੍ਹੀ ਗਈ ਹੈ।

17 Oct 2016

ਰੂਹਾਂ ਦੀ ਗੱਲ

ਕੁਝ ਰੂਹਾਂ ਦਿਲ ਤੜਪਾਉਂਦੀਆਂ ਨੇ,
ਕੁਝ ਰੂਹਾਂ ਤਪਦੇ ਸੀਨੇ ਠਾਰਦੀਆਂ ।
ਕੁਝ ਰੂਹਾਂ ਕਰਦੀਆਂ ਗੱਲ ਮੁਹੱਬਤਾਂ ਦੀ,
ਕੁਝ ਰੂਹਾਂ ਸੌੜੀ ਨਫ਼ਰਤ ਪਾਲਦੀਆਂ ।
ਕੁਝ   ਰੂਹਾਂ  ਅੰਦਰ ਭਰਿਆ ਦਰਦ ਬੜਾ
ਕੁਝ  ਰੂਹਾਂ ਰੋੜੇ ਪੱਥਰ ਮਾਰਦੀਆਂ ।
ਕੁਝ ਰੂਹਾਂ ਜਪਦੀਆਂ ਪਾਲਣਹਾਰੇ ਨੂੰ,
ਕੁਝ ਰੂਹਾਂ  ਠੱਗਾਂ ਨੂੰ ਪੁਕਾਰਦੀਆਂ ।
ਕੁਝ ਰੂਹਾਂ ਫੁੱਲਾਂ ਵਰਗੀਆਂ ਨੇ,
ਕੁਝ ਰੂਹਾਂ ਰਾਹ ਕੰਡੇ ਖਿਲਾਰਦੀਆਂ ।
ਕੁਝ ਰੂਹਾਂ ਭਾਂਬੜ  ਭੱਠੀ ਨੇ,
ਕੁਝ ਰੂਹਾਂ ਸੀਤਲ ਧਾਰ ਜਿਹੀਆਂ ।
ਕੁਝ ਰੂਹਾਂ ਦਾਨੀ ਬੜੀਆਂ ਨੇ,
ਕੁਝ ਰੂਹਾਂ ਹੱਕ ਦੂਜੇ ਦਾ ਮਾਰਦੀਆਂ ।
ਕੁਝ ਰੂਹਾਂ ਪਾਕਿ ਪਵਿੱਤਰ ਨੇ,
ਕੁਝ ਰੂਹਾਂ ਸਮੁੰਦਰੀ ਖ਼ਵਾਰ ਜਿਹੀਆਂ ।
ਕੁਝ ਰੂਹਾਂ 'ਨਿਰਮਲ' ਜਿਹੀਆਂ ਨੇ,
ਜੋ ਸਰਬਤ ਦਾ ਭਲਾ ਚਿਤਾਰਦੀਆਂ ।

 
ਨਿਰਮਲ ਕੋਟਲਾ
ਪਿੰਡ ਕੋਟਲਾ ਮੱਝੇਵਾਲ 
ਜ਼ਿਲ੍ਹਾ ਅੰਮ੍ਰਿਤਸਰ 
ਨੋਟ : ਇਹ ਪੋਸਟ ਹੁਣ ਤੱਕ 234 ਵਾਰ ਪੜ੍ਹੀ ਗਈ ਹੈ।

16 Oct 2016

ਪੰਜਾਬ ਕਿੱਥੇ ? (ਮਿੰਨੀ ਕਹਾਣੀ)

Image result for ਪੰਜਾਬ
ਨਿਮਰ ਨੂੰ ਵਿਦੇਸ਼ ਰਹਿੰਦਿਆਂ ਕਈ ਵਰ੍ਹੇ ਹੋ ਗਏ ਸਨ। ਹੁਣ ਉਸ ਦੀ ਨਿੱਕੜੀ ਸਕੂਲ ਜਾਣ ਲੱਗ ਪਈ ਸੀ। ਉਹ ਸਕੂਲ 'ਚੋਂ ਚਾਈਂ ਚਾਈਂ ਨਿੱਤ ਨਵੀਆਂ ਗੱਲਾਂ ਸਿੱਖਦੀ। ਨਿਮਰ ਨੇ ਹੁਣ ਨਿੱਕੜੀ ਨੂੰ ਪੰਜਾਬੀ ਸਕੂਲ ਵੀ ਭੇਜਣਾ ਸ਼ੁਰੂ ਕਰ ਦਿੱਤਾ ਸੀ। ਉਹ ਨਹੀਂ ਸੀ ਚਾਹੁੰਦੀ ਕਿ ਉਸ ਦੀ ਧੀ ਜਦੋਂ ਪੰਜਾਬ ਆਪਣੇ ਪਿੰਡ ਜਾਵੇ ਤਾਂ ਭਾਸ਼ਾ ਦੀ ਸਮਝ ਤੇ ਜਾਣਕਾਰੀ ਨਾ ਹੋਣ ਕਰਕੇ ਪ੍ਰੇਸ਼ਾਨ ਹੋਵੇ। ਪਰ ਨਿੱਕੜੀ ਨੂੰ ਪੰਜਾਬੀ ਸਿੱਖਣ ਵਾਲੀ ਗੱਲ ਨਿੱਤ ਪ੍ਰੇਸ਼ਾਨ ਕਰਦੀ। ਆਖ਼ਿਰ ਇੱਕ ਦਿਨ ਉਸ ਨੇ ਮਾਂ ਤੋਂ ਪੁੱਛ ਹੀ ਲਿਆ," ਮੰਮਾ ਮੈਂ ਪੰਜਾਬੀ ਲਿਖਣੀ ਤੇ ਪੜ੍ਹਨੀ ਕਿਓਂ ਸਿੱਖ ਰਹੀ ਹਾਂ? ਇੱਥੇ ਸਕੂਲੇ ਤਾਂ ਸਭ ਅੰਗਰੇਜ਼ੀ ਹੀ ਬੋਲਦੇ ਨੇ। ਫੇਰ ਮੈਂ ਪੰਜਾਬੀ ਕਦੋਂ ਬੋਲਾਂਗੀ ਤੇ ਨਾਲੇ ਕਿੱਥੇ ?" ਮਾਂ ਨੇ ਸਮਝਾਉਂਦਿਆਂ ਕਿਹਾ," ਬੇਟਾ ਜਦੋਂ ਆਪਾਂ ਪੰਜਾਬ ਜਾਵਾਂਗੇ ਤਾਂ ਓਥੇ ਪੰਜਾਬੀ ਹੀ ਬੋਲਾਂਗੇ।" ਕੁਝ ਅਰਸੇ ਬਾਦ ਉਹ ਪੰਜਾਬ ਫੇਰੀ 'ਤੇ ਗਏ। ਓਥੇ ਬਹੁਤੇ ਆਪਣੇ ਆਪ ਨੂੰ ਮਾਡਰਨ ਦਿਖਾਉਣ ਲਈ  ਹਿੰਦੀ ਤੇ ਜਾਂ ਫੇਰ ਟੁੱਟੀ ਫੁੱਟੀ ਅੰਗਰੇਜ਼ੀ ਹੀ ਬੋਲਣ। ਨਿੱਕੜੀ ਦੀ ਪ੍ਰੇਸ਼ਾਨੀ ਹੁਣ ਹੋਰ ਵੱਧ ਗਈ ਸੀ ," ਮੰਮਾ ਤੁਸੀਂ ਤਾਂ ਕਹਿੰਦੇ ਸੀ ਆਪਾਂ ਪੰਜਾਬ ਚੱਲੇ ਹਾਂ। ਪੰਜਾਬ ਕਿੱਥੇ ਆ ? ਆਪਾਂ ਪੰਜਾਬ ਕਦੋਂ ਜਾਵਾਂਗੇ ?"
ਡਾ.ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 363 ਵਾਰ ਪੜ੍ਹੀ ਗਈ ਹੈ।

15 Oct 2016

ਸਵਾਲ?

Surjit Bhullar's Profile Photoਮੇਰੇ ਲਈ ਤੇਰਾ ਸਰੂਪ
ਦੋ ਤਰ੍ਹਾਂ ਦਾ ਸੁਪਨਾ ਲੱਗਦਾ-
ਅੱਗ ਵਿਚ ਬਲਣਾ,
ਬਰਫ਼ ਉੱਤੇ ਚੱਲਣਾ।
ਵਿਚਕਾਰ ਕੁਝ ਨਹੀਂ।
ਵਸਲ ਦੀ ਪੂਰਤੀ
ਫਿਰ ਕਿੱਦਾਂ ਹੋਵੇ?

ਮੇਰੀ ਪਾਪ ਮੁਕਤ ਸੋਚ-
ਪਵਿੱਤਰਤਾ ਤੋਂ ਭਾਵੇਂ ਅਜੇ ਕੋਹਾਂ ਦੂਰ ਹੈ,
ਪਰ ਅਸਭਿਅਤਾ ਦੀ ਹਾਮੀ ਕਦੇ ਨਹੀਂ ਭਰੂ।

ਤੂੰ ਇਸ ਮੋਹਕਤਾ ਖਿੱਚ ਦੇ, ਸਾਰੇ ਪੱਖ ਪਰਖ ਦੇਖ।
ਇਸ ਕਸ਼ਿਸ਼ ਦੀਆਂ ਸੱਭੇ ਕੋਣਾਂ, ਜਾਂਚ ਦੇਖ,ਮਾਪ ਦੇਖ।
ਮੇਰੀਆਂ ਅੱਖਾਂ ਦੀਆਂ ਪੁਤਲੀਆਂ 'ਚ
ਇਹ ਇੱਕੋ ਸਵਾਲ ਹੀ ਪਲਮਦਾ ਰਹੂ
ਤੇਰੇ ਜਵਾਬ ਦੀ ਆਸ ਤੱਕ।

ਜੇ ਮਨ ਮੰਨੇ,
ਜਵਾਬ ਦੇ ਦੇਣਾ।
ਇੱਕ ਹੀ ਤਾਂ ਹੈ ਸਵਾਲ।
-0-
ਸੁਰਜੀਤ ਸਿੰਘ ਭੁੱਲਰ

ਯੂ ਐਸ ਏ 
14-10-2016
ਨੋਟ : ਇਹ ਪੋਸਟ ਹੁਣ ਤੱਕ 82 ਵਾਰ ਪੜ੍ਹੀ ਗਈ ਹੈ।

14 Oct 2016

ਅਤੀਤ (ਵਾਰਤਾ )


Jagroop Kaur Khalsa's Profile Photoਅੱਜ ਫਿਰ ਮੈਂ ਹਮੇਸ਼ਾਂ ਵਾਂਗ ਆਪਣੇ ਅਤੀਤ ਨਾਲ ਜਾ ਜੁੜੀ ਸਾਂ। ਰੂਹ ਦੀ ਤੜਪ ਨੂੰ ਸ਼ਬਦਾਂ 'ਚ ਪਰੋ ਰਹੀ ਸੀ। ਮੈਂ ਪਾਪਾ ਨਹੀਂ ਦੇਖੇ, ਪਰ ਹਰ ਦੁੱਖ- ਸੁੱਖ ਉਹਨਾਂ ਨਾਲ ਕਰਦੀ ਹਾਂ । ਮੰਮਾ ਨੂੰ ਨਹੀਂ ਮਾਣ ਸਕੀ, ਜ਼ਿੰਦਗੀ ਦੇ 40 ਸਾਲ ਇਸ ਜੱਗ ਤੇ ਜਿਓਂ ਕੇ ਵੀ ਮਾਂ ਦੇ ਪਰਛਾਵੇਂ ਤੋਂ ਵਾਂਝੀ ਰਹੀ। ਪਰ ਹਰ ਵੇਲੇ ਮਾਂ ਦੇ ਪਰਛਾਵੇਂ ਨੂੰ ਚਿਤਵਦੀ ਰਹੀ।  ਜਦੋਂ ਵੀ ਪਿੰਡ ਵਾਲੇ ਘਰ ਤੋਂ ਆਉਦੀ ਖਿਆਲਾਂ ਵਿੱਚ ਤਾਈ ਜੀ ਦੀ ਜਗ੍ਹਾ ਮਾਂ ਨੂੰ ਦੇਖਦੀ ਸੀ ।ਉਦੋਂ ਇਹ ਸੋਚਦੀ ਹੁੰਦੀ ਸੀ ਕਿ ਬੇਸ਼ੱਕ ਸਾਨੂੰ ਗਰੀਬੀ ਦੇ ਦਿੰਦਾ ਪਰ ਰੱਬਾ ਮੇਰੀ ਮਾਂ ਤੇ ਭੈਣ ਮੈਨੂੰ ਜਰੂਰ ਦੇ ਦਿੰਦਾ ।

ਕਈ ਵਾਰ ਹੱਥ ਵਾਲੀ ਬੁਰਕੀ ਵਿੱਚੇ ਛੁੱਟ ਜਾਂਦੀ ਸੀ ਤਾਂ ਤਾਈ ਜੀ ਨੇ ਕਹਿਣਾ ਕੀ ਹੋ ਗਿਆ ? ਰੋਟੀ ਤਾਂ ਆਰਾਮ ਨਾਲ ਖਾ ਲਿਆ ਕਰ ।ਮੈਂ ਉੱਠ ਕੇ ਚਲੀ ਜਾਣਾ ।ਮੇਰੀ ਨੰਨ੍ਹੀ ਭੈਣ ਜਿਹੜੀ ਮੈਥੋਂ 11 ਮਹੀਨੇ ਵੱਡੀ ਸੀ।  ਤਿੰਨ ਸਾਲ ਵੀ ਸਾਹ ਪੂਰੇ ਨਾ ਲਏ ਜੱਗ 'ਤੇ ਓਸ ਨੇ। ਪਰ ਮੇਰੇ ਲਈ ਅੱਜ ਵੀ ਜਿੰਦਾ ਹੈ ।ਮੇਰੇ ਬੱਚਿਆਂ ਦੀ ਮਾਸੀ ਮੇਰੀ ਭੈਣ ਮੇਰਾ ਹਰ ਦੁੱਖ ਸੁੱਖ ਸੁਣਦੀ ਹੈ । ਮੈਂ ਆਪਣੇ ਵਿਆਹ ਤੋਂ ਬਾਅਦ ਦੇ 29 ਸਾਲ 6 ਮਹੀਨੇ ਇਸ ਅਤੀਤ ਨਾਲ ਹੀ ਕੱਢੇ ਹਨ । 

ਅਤੀਤ ਦੇ ਪਰਛਾਵੇਂ ਸਾਰੀ ਉਮਰ ਨਾਲ ਚੱਲਦੇ ਹਨ। ਬੇਸ਼ੱਕ ਅਤੀਤ ਮਾੜਾ ਹੋਵੇ ਜਾਂ ਚੰਗਾ ।ਅਤੀਤ ਤੋਂ ਸਬਕ ਲੈ ਕੇ ਹੀ ਹਰ ਮਨੁੱਖ ਆਪਣੇ ਰਸਤੇ ਬਣਾਉਂਦਾ ਹੈ । ਮੇਰੀ ਪ੍ਰੇਰਣਾ ਮੇਰਾ ਅਤੀਤ ਹੈ।ਮੈਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਮੈਨੂੰ ਮੇਰੇ ਚਾਹੁਣ ਵਾਲੇ ਅਤੀਤ ਨੂੰ ਭੁੱਲ ਜਾਣ ਬਾਰੇ ਕਹਿੰਦੇ ਹਨ।ਮੈਂ ਆਪਣਿਆਂ ਦੀ ਅਵੱਗਿਆ ਨਹੀਂ ਕਰਨਾ ਚਾਹੁੰਦੀ , ਪਰ ਅੱਜ ਖੁੱਲ੍ਹ ਕੇ ਕਹਿਣਾ ਚਾਹੁੰਦੀ ਹਾਂ ਕਿ ਮੈਂ ਜੋ ਵੀ ਕਰਦੀ ਹਾਂ ਅਤੀਤ ਨਾਲ ਜੁੜੀ ਹੋਣ ਕਰਕੇ ਹੀ ਹਾਂ ।ਜਿਸ ਦਿਨ ਮੈਂ ਅਤੀਤ ਨਾਲੋਂ ਟੁੱਟ ਗਈ ਮੇਰਾ ਸਭ ਕੁਝ ਖਤਮ ਹੋਵੇਗਾ ।
ਮੇਰੇ ਵੀਰ ਰਣਜੀਤ ਸਿੰਘ ਗਿੱਲ ਦਾ ਕਹਿਣਾ ਹੈ ਕਿ ਰਿਸ਼ਤੇ ਮੋਹ ਦੀਆਂ ਤੰਦਾਂ ਹਨ ਜਦੋਂ ਇਹ ਟੁੱਟਦੇ ਹਨ ਤਾਂ ਮਨ ਰੋਂਦਾ ਹੈ ਜਿਵੇਂ ਜਨਮ ਤੋਂ ਬਾਅਦ ਬੱਚੇ ਦਾ ਨਾੜੂਆ ਟੁੱਟਣ 'ਤੇ ਉਹ ਰੋਂਦਾ ਹੈ । ਉਸੇ ਤਰ੍ਹਾਂ ਇਹ ਰਿਸ਼ਤਿਆਂ ਦਾ ਅਤੀਤ ਹੈ ।ਮੈਂ ਇਸ ਅਤੀਤ ਨਾਲ ਇੰਨੇ ਸਾਲ ਬਿਤਾਏ ਹਨ ਹੁਣ ਮੈਂ ਕਿਵੇਂ ਦੂਰ ਹੋ ਜਾਵਾਂ ?

 ਰੱਬ ਦੇ ਵਾਸਤੇ ਮੈਨੂੰ ਮੇਰੇ ਅਤੀਤ ਨਾਲ ਜਿਓਂ ਲੈਣ ਦਿਓ ।


ਜਗਰੂਪ ਕੌਰ ਖ਼ਾਲਸਾ 
ਕਰਨਾਲ -ਹਰਿਆਣਾ 
ਨੋਟ : ਇਹ ਪੋਸਟ ਹੁਣ ਤੱਕ 123 ਵਾਰ ਪੜ੍ਹੀ ਗਈ ਹੈ।

13 Oct 2016

ਸੁਹਾਵਣਾ ਭੁਲੇਖਾ (ਵਾਰਤਾ)

Image result for in doubt clipartਜ਼ਿੰਦਗੀ 'ਚ ਕਈ ਵਾਰੀ ਇਹੋ ਜਿਹੀ ਘਟਨਾ ਵਾਪਰਦੀ ਆ,ਭੁਲੇਖੇ 'ਚ ਇੱਕ ਐਸੀ ਗੁਸਤਾਖ਼ੀ ਜੋ ਸਹਿਜ ਸੁਭਾ ਹੀ ਹੋ ਜਾਂਦੀ ਏ ਕਿ ਸਮਝ ਨਹੀਂ ਆਉਂਦੀ ਕਿ ਹੁਣ ਹੱਸੀਏ ਜਾਂ ਰੋਈਏ ? ਕੱਲ ਮੇਰੇ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ। ਕੱਲ ਮੈਂ ਅੰਮ੍ਰਿਤਸਰ ਤੋਂ ਮੇਸਟਰੋ ਸਕੂਟੀ ਤੇ ਵਾਇਆ ਸੋਹੀਆਂ ਹੁੰਦੀ ਹੋਈ ਮਜੀਠਾ ਵਾਪਸ ਆ ਰਹੀ ਸੀ ।ਮਜੀਠਾ ਰੋਡ ਦੀ ਹਾਲਤ ਖਰਾਬ ਹੋਣ ਕਰਕੇ ਮੈਂ ਅਕਸਰ ਸੋਹੀਆਂ ਬਲਾਂ ਵਾਲੇ ਰਸਤੇ ਅੰਮ੍ਰਿਤਸਰ ਜਾਂਦੀ ਹਾਂ । 
ਕੱਲ ਜਦ ਬਲਾਂ ਕੋਲ ਇੱਕ ਚੁਰਸਤੇ ਕੋਲ ਆਈ ਤਾਂ ਮੋਪਿਡ ਹੌਲ਼ੀ ਕਰ ਲਈ ।ਲੁਹਾਰਕਾ ਬਰਾਸਤੇ ਤੋਂ ਇੱਕ ਚਿੱਟੀ ਕਾਰ ਸਵਾਰ ਪੀਲੀ ਪੱਗ ਵਾਲਾ  ਇੱਕ ਵਿਆਕਤੀ ਮੇਰੇ ਵੱਲ ਦੇਖ ਕੇ ਮੁਸਕੁਰਾਇਆ ।ਮੈਂ ਵੀ ਦੇਖ ਕੇ ਮੋਪਿਡ ਰੋਕ ਕੇ ਉਸ ਵਲ ਵਧੀ।  ਲੁਹਾਰਕੇ ਮੇਰੀ ਮਾਸੀ ਰਹਿੰਦੀ ਏ। ਮੈਨੂੰ ਲੱਗਾ ਕਿ ਮੇਰੀ ਮਾਸੀ ਦਾ ਬੇਟਾ ਸੁੱਖ ਆ । ਜਦੋਂ  ਕੋਲ ਗਈ ਤਾਂ ਉਹ ਕੋਈ ਹੋਰ ਸੀ ।ਮੈ ਕੱਚੀ ਜਿਹੀ ਹੋ ਕੇ ਸਤਿ ਸ੍ਰੀ ਅਕਾਲ ਬੁਲਾਈ ਤੇ ਮੁਆਫ਼ੀ ਮੰਗਦਿਆਂ ਕਿਹਾ ," ਵੀਰ ਮੈਨੂੰ ਭੁਲੇਖਾ ਲੱਗਾ ਕਿ ਤੁਸੀਂ  ਸੁੱਖ ਵੀਰ ਹੋ।" ਅੱਗੋਂ ਹੱਸ ਕੇ ਉਹ ਕਹਿਣ ਲੱਗੇ," ਭੈਣ ਜੀ ਵੈਸੇ ਮੇਰਾ ਨਾਂ ਵੀ ਸੁੱਖ ਹੀ ਆ। ਮੈਨੂੰ ਵੀ ਭੁਲੇਖਾ ਲੱਗਾ ਕਿ ਮੇਰੀ ਭੂਆ ਦੀ ਬੇਟੀ ਵੀ ਤੁਹਾਡੇ ਵਾਂਗ ਲੱਗਦੀ ਏ ।" ਕਿੰਨਾ ਸੁਹਾਵਣਾ ਸੀ ਇਹ ਭੁਲੇਖਾ। 

ਨਿਰਮਲ ਕੋਟਲਾ 
ਪਿੰਡ ਕੋਟਲਾ ਮੱਝੇਵਾਲ 
ਅੰਮ੍ਰਿਤਸਰ 

ਨੋਟ : ਇਹ ਪੋਸਟ ਹੁਣ ਤੱਕ 99 ਵਾਰ ਪੜ੍ਹੀ ਗਈ ਹੈ।

ਇੱਕ ਹੱਤਿਆ

ਕਿਸ ਦੀ ਉਡੀਕ 'ਚ ਖੁਰ ਗਿਆ 
ਸਮਿਆਂ ਦੇ ਨਾਲ ਭੁਰ ਗਿਆ 
ਉਹ ਕੌਣ ਸੀ ਜੋ ਇੱਥੇ ਰਹਿ ਗਿਆ 
ਮੁੜ ਆਵਾਂਗਾ ਇਹ ਕਹਿ ਗਿਆ 

ਮਾਂ ਵਰਗੀ ਬਾਂਹ ,ਹਰ ਕੰਧ ਤੇਰੀ 

ਸਭ ਭੁੱਲ ਗਿਆ ਦੂਰ ਬਹਿ ਗਿਆ 

ਤੇਰੀਆਂ ਇੱਟਾਂ ਵੀ ਲੁੱਟ ਜਾਣੀਆਂ 

ਨੀਹਾਂ ਵੀ ਪੁੱਟ ਜਾਣੀਆਂ 

ਬੇ-ਖਸਮਾਂ ਤੈਨੂੰ ਦੇਖ ਕੇ 

ਕੋਹ ਕੋਹ ਕੇ ਲੋਕਾਂ ਮਾਰਨਾ 

ਬੇ-ਪਰਦਾ ਤੈਨੂੰ ਕਰਕੇ 

ਤੇਰੀ ਹਸਤੀ ਨੂੰ ਖੂਬ ਉਜਾੜਨਾ 
ਇੱਕ ਮਿੱਟੀ ਦਾ ਥੇਹ ਬਣ ਕੇ 
ਦੇਖ ਲਵੀਂ ਇਹ ਜੱਗ ਖੜ ਕੇ 
ਖੇਹ ਤੇਰੀ ਉਡਾਈ ਜਾਏਗੀ 
ਕੌਣ ਜਿੱਤਿਆ ਸਮੇਂ ਨਾਲ ਲੜ ਕੇ 
ਚੌਖਾਟ ਉਸ ਬੂਹੇ ਦੀ 
ਸ਼ਾਇਦ ਖਲੋਤੀ ਰਹਿ ਜਾਏ
ਤਾਲਾ ਸੀ ਜਿਸ 'ਤੇ ਲਾ ਗਿਆ 
ਮੁੜ ਕੇ ਨਾ ਪਿੱਛੇ ਦੇਖਿਆ 
ਸਾਰਾ ਭਰੋਸਾ ਢਹਿ ਗਿਆ 
ਮਾਂ ਵਰਗੀ ਤੇਰੀ ਅੱਖ 'ਚੋਂ 
ਹੌਲ਼ੀ ਜਿਹੇ ਹੰਝੂ ਵਹਿ ਗਿਆ 
ਤੂੰ ਘਰ ਸੀ , ਜਾਂ ਮਕਾਨ ਸੀ 
ਇਹ ਸੋਚਦਾ ਹੀ ਰਹਿ ਗਿਆ ।

ਦਿਲਜੋਧ ਸਿੰਘ

ਨੋਟ : ਇਹ ਪੋਸਟ ਹੁਣ ਤੱਕ 105 ਵਾਰ ਪੜ੍ਹੀ ਗਈ ਹੈ।

12 Oct 2016

ਡੱਡੀਆਂ ਮੱਛੀਆਂ (ਵਾਰਤਾ )

Image result for frog & fish shaped lollies

ਛੋਟੇ ਹੁੰਦੇ ਬੜੇ ਚਾਅ ਨਾਲ ਨਾਨਕੇ ਜਾਂਦੇ। ਸਾਡੇ ਨਾਨਕੇ ਪਿੰਡ ਰਿਸ਼ਤੇਦਾਰੀ 'ਚੋਂ ਇੱਕ ਮਾਮਾ ਲੱਗਦਾ ਸੀ। ਉਸ ਦਾ ਨਾਂ ਪੂਰਨ ਸੀ। ਉਹ ਦੋਧੀ ਸੀ ਤੇ ਪੂਰਨ ਦੋਧੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪੂਰੇ ਪਿੰਡ 'ਚ। ਪਿੰਡੋਂ ਦੁੱਧ 'ਕੱਠਾ ਕਰਕੇ ਸ਼ਹਿਰ ਪਾ ਕੇ ਆਉਂਦਾ ਸੀ। ਸਾਡਾ ਘਰ ਪਿੰਡ ਦੀ ਫਿਰਨੀ 'ਤੇ ਹੋਣ ਮਾਮਾ ਨਿੱਤ ਸਾਡੇ ਘਰ ਮੂਹਰਿਓਂ ਹੋ ਕੇ ਲੰਘਦਾ ਸੀ। 
ਅਸੀਂ ਮਾਮੇ ਨੂੰ ਉਡੀਕਦੇ ਰਹਿਣਾ। ਜਦੋਂ ਮਾਮਾ ਘਰ ਮੂਹਰਿਓਂ ਲੰਘਦਾ ਅਸੀਂ ਭੱਜ ਕੇ ਉਚੇਚੀ ਸਤਿ ਸ੍ਰੀ ਅਕਾਲ ਕਹਿਣੀ ਤੇ ਨਾਲ ਹੀ ਪੈਸੇ ਵੀ ਮੰਗ ਲੈਣੇ। ਮਾਮਾ ਬੜਾ ਹੀ ਹੱਸਮੁੱਖ ਸੁਭਾਅ ਦਾ ਸੀ। ਮਾਮੇ ਨੇ ਵੀ ਕਦੇ ਨਾਂਹ ਨਹੀਂ ਕੀਤੀ ਸੀ। ਉਸ ਨੇ ਆਪਣੀ ਜੇਬ 'ਚੋਂ ਕਦੇ 10 ਪੈਸੇ ਤੇ ਕਦੇ 20 ਪੈਸੇ ਕੱਢ ਸਾਡੀ ਹਥੇਲੀ 'ਤੇ ਰੱਖ ਦੇਣੇ।ਸਾਨੂੰ ਚਾਅ ਚੜ੍ਹ ਜਾਣਾ।  
ਅਸੀਂ ਚਾਈਂ ਚਾਈਂ ਓਥੋਂ ਭੱਜਣਾ। ਦਾਦੇ ਦੀ ਹੱਟੀ ਤੋਂ ਰੰਗ ਬਰੰਗੀਆਂ ਡੱਡੀਆਂ ਮੱਛੀਆਂ ਲੈ ਆਉਣੀਆਂ ਤੇ ਬੜੇ ਸੁਆਦ ਨਾਲ ਖਾਣੀਆਂ । ਜਦੋਂ ਮਾਤਾ ਜੀ ਨੂੰ ਪਤਾ ਲੱਗਾ ਕਿ ਅਸੀਂ ਮਾਮੇ ਕੋਲੋਂ ਪੈਸੇ ਮੰਗਦੇ ਆਂ ਤਾਂ ਬੜੀ ਕੁੱਟ ਵੀ ਪਈ ਸੀ। ਸੱਚੀਂ ਬੜਾ ਭੋਲਾ -ਭਾਲਾ ਸੀ ਬਚਪਨ ! 

ਨਿਰਮਲ ਕੋਟਲਾ 
ਪਿੰਡ :ਕੋਟਲਾ ਮੱਝੇਵਾਲ 
ਅੰਮ੍ਰਿਤਸਰ 
ਟੌਫ਼ੀਆਂ ਹਾਇਬਨ ਤੋਂ ਪ੍ਰੇਰਿਤ ਹੋ ਕੇ ਲਿਖੀ ਵਾਰਤਾ। 

ਨੋਟ : ਇਹ ਪੋਸਟ ਹੁਣ ਤੱਕ 78 ਵਾਰ ਪੜ੍ਹੀ ਗਈ ਹੈ।

ਨਾਨੀ ਨੇ ਕਿਹਾ ਸੀ (ਵਾਰਤਾ)

Image result for heaven
ਓਹ ਵੀ ਕੇਹੇ ਦਿਨ ਸਨ। ਦਾਦਕਿਆਂ ਤੋਂ ਵੱਧ ਨਾਨਕੇ ਲੁਭਾਉਂਦੇ । ਗਰਮੀਆਂ ਦੀਆਂ ਛੁੱਟੀਆਂ 'ਚ ਨਾਨਕੇ ਜਾਣ ਲਈ ਮਾਂ ਦੀ ਹਰ ਗੱਲ ਭੱਜ -ਭੱਜ ਪੂਰੀ ਕਰਨਾ ਵੀ ਥਕਾਉਂਦਾ ਨਹੀਂ ਸੀ। ਮਾਂ ਤੋਂ ਵੱਧ ਨਾਨੀ ਜੋ ਪਿਆਰੀ ਸੀ। ਛੁੱਟੀਆਂ ਦਾ ਢੇਰ ਕੰਮ -ਸੁੰਦਰ ਲਿਖਾਈ ,ਜਮਾ -ਘਟਾਓ ਦੇ ਸਵਾਲ ਤੇ ਵੀਹ ਤੱਕ ਦੇ ਪਹਾੜੇ ਯਾਦ ਕਰਨੇ। ਮਾਂ ਦਾ ਵਾਅਦਾ ਜਿੰਨੀ ਛੇਤੀ ਕੰਮ ਮੁਕਾਉਣਾ ਓਨੀ ਛੇਤੀ ਨਾਨਕੇ ਲੈ ਜਾਣ ਦਾ। ਭਲਾ ਕੰਮ ਕਿਵੇਂ ਅਧੂਰਾ ਰਹਿੰਦਾ ? ਕੰਮ ਕਰਦਿਆਂ ਵੀ ਨਾਨੀ ਦੇ ਕੋਲ ਹੋਣ ਦਾ ਅਹਿਸਾਸ ਕਿਤੇ ਘੱਟ ਲੁਭਾਉਣਾ ਨਹੀਂ ਹੁੰਦਾ ਸੀ। ਓਥੇ ਪਹੁੰਚ ਕੇ ਮਾਮੇ -ਮਾਸੀਆਂ ਦੇ ਬੱਚਿਆਂ 'ਚ ਰਲ਼ ਕੇ ਨਾਨੀ ਨੂੰ ਘੇਰਨਾ। ਨਾਨੀ ਦੀ ਗੋਦੀ 'ਚ ਬਹਿਣਾ। ਰਾਤ ਨੂੰ ਨਾਨੀ ਦੇ ਮੰਜੇ ਨਾਲ ਮੰਜਾ ਡਾਹ ਕੇ ਦੋ -ਦੋ ਬੱਚਿਆਂ ਨੇ ਇਕੱਠਾ ਸੌਣਾ ਤਾਂ ਕਿ ਨੈਣੀਂ ਦੀ ਕਹਾਣੀਆਂ ਨੇੜੇ ਹੋ ਕੇ ਸੁਣ ਸਕੀਏ ਤੇ ਸਵਾਲ ਕਰ ਸਕੀਏ। 
    ਨਾਨੀ ਦੀ ਕਹਾਣੀਆਂ ਖੰਡ ਮਿਸ਼ਰੀ ਦੀ ਗੋਲੀਆਂ। ਸਵਾਦ ਐਨੀਆਂ ਕਿ ਹੋਰ -ਹੋਰ ਦੀ ਫਰਮਾਇਸ਼ ਹੁੰਦੀ। ਕਹਾਣੀ ਕਦੇ ਲੋਰੀ ਬਣ ਸੁਲਾ ਦਿੰਦੀ ਕਦੇ ਅਸੀਂ ਪਰੀਆਂ ਜਾਂ ਰਾਜਕੁਮਾਰੀਆਂ ਬਣੀਆਂ ਲੱਗਣਾ। ਦਲਾਨ ਦੀ ਛੱਤ 'ਤੇ ਤਾਰਿਆਂ ਦੀ ਛਾਂ ਥੱਲੇ ਠੰਢੀ ਹਵਾ ਦੇ ਨਾਲ ਪਲੋਸਦੇ ਹੱਥ , ਨੀਂਦ ਵੀ ਖੂਬ ਆਉਂਦੀ। ਤੜਕਸਾਰ ਜਦੋਂ ਤ੍ਰੇਲ ਪੈਂਦੀ ਤਾਂ ਨਾਨੀ ਨੇ ਸਭ 'ਤੇ ਖੇਸ ਦੇ ਦੇਣਾ। ਹੋਰ ਵੀ ਚੰਗਾ ਲੱਗਦਾ ਰੌਸ਼ਨੀ ਵੱਧਣ 'ਤੇ ਮੂੰਹ ਸਿਰ ਲਪੇਟ ਕੇ ਸੌਣਾ। ਨੀਂਦ ਦਾ ਹੋਰ ਅਨੰਦ ਲੈਂਦੇ। ਸਕੂਲ ਖੁੱਲ੍ਹਣ ਦੇ ਪਹਿਲੇ ਦਿਨ ਸਕੂਲ ਜਾਣ ਦੀ ਕਾਹਲ਼ੀ। ਸਕੂਲ ਦਾ ਕੰਮ ਅਧਿਆਪਕ ਨੂੰ ਸਭ ਤੋਂ ਪਹਿਲਾਂ ਦਿਖਾ ਕੇ ਸ਼ਾਬਾਸ਼ ਜੋ ਲੈਣੀ ਹੁੰਦੀ। ਦੂਜਾ ਛੁੱਟੀਆਂ ਦਾ ਸਾਰਾ ਹਾਲ ਸਹੇਲੀਆਂ ਨੂੰ ਸੁਣਾਉਣਾ ਹੁੰਦਾ। 
     ਏਸ ਵਾਰ ਤਾਂ ਬੜਾ ਕੁਝ ਰੌਚਕ ਹੋਇਆ ਸੀ ਮੇਰੇ ਨਾਨਕੇ। ਓਥੇ ਪਹੁੰਚਦਿਆਂ ਹੀ ਮੈਥੋਂ ਥੋੜੀ ਜਿਹੀ ਵੱਡੇਰੀ ਮੇਰੀ ਮਾਸੀ ਨੇ ਦੱਸਿਆ," ਪਤਾ ਚਾਚੀ ਸਵਰਗ ਜਾ ਕੇ ਆਈ ਹੈ ?" ਉਹ ਮੇਰੀ ਨਾਨੀ ਦੀ ਗੱਲ ਕਰ ਰਹੀ ਸੀ ਤੇ ਆਪਣੀ ਮਾਂ ਨੂੰ ਚਾਚੀ ਕਹਿੰਦੀ ਆਪਣੀ ਤਾਈ ਦੇ ਬੱਚਿਆਂ ਵਾਂਗ।"ਹਾਂ ਉਹ ਆਪਣੇ ਦਾਦੀ, ਦਾਦਾ, ਬੀਬੀ , ਬਾਪੂ ਨੂੰ ਵੀ ਮਿਲੀ ਸੀ ਓਥੇ।"ਮਾਸੀ ਨੇ ਬੜੇ ਹੀ ਵਿਸ਼ਵਾਸ਼ ਨਾਲ ਗੱਲ ਪੂਰੀ ਕੀਤੀ। "ਹੋਰ ਕੀ  ਵੇਖਿਆ ਚਾਚੀ ਨੇ ?" "ਹੋਰ ਤਾਂ ਕਹਿੰਦੀ ਹੈ ਮੈਨੂੰ ਯਾਦ ਨਹੀਂ। ਤੂੰ ਹੀ ਪੁੱਛ ਲੈ ਸ਼ਾਇਦ ਤੈਨੂੰ ਦੱਸ ਦੇਵੇ। " ਮਾਸੀ ਨੂੰ ਲੱਗਦਾ ਸੀ ਕਿ ਨਾਨੀ ਮੈਨੂੰ ਵੱਧ ਪਿਆਰ ਕਰਦੀ ਹੈ। 
   ਮੈਂ ਵੀ ਬਿਨਾ ਪੁੱਛਿਆਂ ਕਿਵੇਂ ਰਹਿ ਸਕਦੀ ਸਾਂ। "ਚਾਚੀ ਜੀ ਕੀ ਤੁਸੀਂ ਸੱਚੀਂ ਸਵਰਗ ਜਾ ਆਏ ਹੋ ?"
 "ਕਿਸ ਨੇ ਕਿਹਾ ?" ਨਾਨੀ ਦਾ ਗੁੱਸੇ ਵਾਲਾ ਚਿਹਰਾ ਦੇਖ ਲੱਗ ਰਿਹਾ ਸੀ ਕਿ ਹੁਣੇ ਕੰਨ ਖਿੱਚੇਗੀ। 
"ਤੁਸੀਂ ਬੇਹੋਸ਼ ਹੋ ਗਏ ਸੀ ਕੀ ? ਸਭ ਕਹਿ ਰਹੇ ਨੇ ਕਿ ਤੁਸੀਂ ਉੱਠ ਹੀ ਨਹੀਂ ਰਹੇ ਸੀ। ਮਾਸੀ ਦਾ ਨਾਮ ਲੈਣਾ ਮੈਂ ਠੀਕ ਨਹੀਂ ਸਮਝਿਆ।
 "ਹਾਂ , ਮੈਂ ਪਤਾ ਨਹੀਂ ਕਿਉਂ ਗਹਿਰੀ ਨੀਂਦ 'ਚ ਚਲੀ ਗਈ ਸੀ। ਇਹਨਾਂ ਨੂੰ ਲੱਗਾ ਮੈਂ ਸਵਰਗ ਸਿਧਾਰ ਗਈ ਹਾਂ।" "ਅੱਛਾ ਇਹ ਗੱਲ ਏ। ਮਾਸੀ ਮੈਨੂੰ ਮੂਰਖ ਬਣਾ ਰਹੀ ਹੈ। "ਮਾਸੀ ਦੇ ਪ੍ਰਤੀ ਮਨ ਗੁੱਸੇ ਨਾਲ ਭਰ ਗਿਆ।
 "ਚਾਚੀ ਜੀ ਕੀ ਸੱਚੀਂ ਸਵਰਗ ਹੁੰਦਾ ਹੈ ?" ਮੈਂ ਕਿੱਥੇ ਗੱਲ ਨੂੰ ਛੱਡਣ ਵਾਲੀ ਸੀ। 
"ਹਾਂ ਸੱਚੀਂ ਹੁੰਦਾ ਹੈ ਸਵਰਗ। ਤੇਰੇ ਵਰਗੇ ਬੱਚਿਆਂ ਦੀਆਂ ਗੱਲਾਂ 'ਚ , ਦੁਧੀਆ ਹਾਸੇ 'ਚ ਤੇ ਕਿਲਕਾਰੀਆਂ 'ਚ। ਮੁਗਧ ਹੋ ਕੇ ਆਪਣੇ ਮਾਂ -ਬਾਪ ਵੱਲ ਵੇਖਦੇ ਨੰਨ੍ਹਿਆਂ ਦੀਆਂ ਨਿਗਾਹਾਂ 'ਚ , ਇਨ੍ਹਾਂ ਦੇ ਪਵਿੱਤਰ ਪਿਆਰ 'ਚ ਸਵਰਗ ਹੁੰਦਾ। ਪਹਿਲਾਂ ਦੱਸ ਛੁੱਟੀਆਂ ਦਾ ਕੰਮ ਪੂਰਾ ਕਰਕੇ ਆਈਂ ਏ। ਨਹੀਂ ਤਾਂ ਹੁਣੇ ਵਾਪਸ ਭੇਜ ਦੇਵਾਂਗੀ। " ਨਾਨੀ ਨੇ ਗੱਲ ਟਾਲਣ ਲਈ ਕਿਹਾ ਸੀ। 
   ਵਕਤ ਬੀਤਦਾ ਗਿਆ ਲੇਕਿਨ ਉਹ ਗੱਲ ਨਹੀਂ ਭੁੱਲੀ। ਸਵਾਲ ਮੈਨੂੰ ਤੰਗ ਕਰਦਾ ਸਵਰਗ ਦੀ ਹੋਂਦ ਬਾਰੇ। ਜਦੋਂ ਨਾਨੀ ਸਾਨੂੰ ਮਿਲਣ ਆਉਂਦੀ ਮੈਂ ਫਿਰ ਓਹੀਓ ਸਵਾਲ ਦੁਹਰਾਉਂਦੀ।
 "ਚਾਚੀ ਜੀ ਕੀ ਕੋਈ ਸਵਰਗ ਤੋਂ ਵੀ ਮੁੜ ਕੇ ਆਇਆ ਹੈ ?" 
" ਹਾਂ ਕਦੇ -ਕਦੇ ਹੋ ਜਾਂਦਾ ਹੈ। " ਅਚਾਨਕ ਨਾਨੀ ਤੋਂ ਖੁਦ ਬ ਖੁਦ ਬੋਲ ਹੋ ਗਿਆ। ਵਾਕ ਪੂਰਾ ਕਰਦਿਆਂ ਲੱਗਿਆ ਕਿ ਉਹ ਓਸ ਸਵਰਗ 'ਚ ਪਹੁੰਚ ਗਈ ਹੋਵੇ।  
" ਆਪ ਨੂੰ ਕਿਵੇਂ ਪਤਾ ?"
 "ਮੈਂ ਗਈ ਸੀ ਨਾ। " ਹੁਣ ਭੇਤ ਖੁੱਲ੍ਹ ਗਿਆ ਸੀ। 
"ਸੱਚ " ਤੁਸੀਂ ਕੀ -ਕੀ ਵੇਖਿਆ ਉੱਥੇ ?" 
" ਆਪਣੇ ਸਭ ਰਿਸ਼ਤੇਦਾਰ ਘੁੰਮਦੇ ਦੇਖੇ। ਪਰ ਮੇਰੀ ਕਿਸੇ ਨਾਲ ਗੱਲ ਨਹੀਂ ਹੋਈ। ਪਲਕ ਝਪਕਦਿਆਂ ਹੀ ਕੋਈ ਮੈਨੂੰ ਵਾਪਸ ਛੱਡ ਗਿਆ। " 
" ਤੁਸੀਂ ਉਦੋਂ ਕਿਉਂ ਨਹੀਂ ਦੱਸਿਆ ?" 
ਨਾਨੀ ਕਹਿਣ ਲੱਗੀ," ਬੱਚਿਆਂ ਨੂੰ ਅੰਧ -ਵਿਸ਼ਵਾਸ਼ 'ਚ ਕਿਓਂ ਬੰਨਦੀ ? ਤੂੰ ਜਾ ਕੇ ਆਪਣੀ ਸਹੇਲੀਆਂ ਨੂੰ ਦੱਸਦੀ। ਅਜਿਹੀਆਂ ਅਸੰਭਵ ਗੱਲਾਂ ਜੋ ਆਮ ਨਹੀਂ ਹੁੰਦੀਆਂ ਉਨ੍ਹਾਂ ਨੂੰ ਭੁੱਲ ਜਾਣਾ ਚਾਹੀਦਾ ਹੈ। ਪ੍ਰਚਾਰ ਨਹੀਂ ਕਰਨਾ ਚਾਹੀਦਾ , ਸਮਝੀ ਤੂੰ। ਸਵਰਗ ਤਾਂ ਇਸੇ ਜਗਤ 'ਚ ਹੈ। ਬੱਚਿਆਂ ਦੇ ਨਿਰਮਲ ਪਿਆਰ 'ਚ। "
 ਨਾਨੀ ਨੇ ਐਨੇ ਵਧੀਆ ਤਰੀਕੇ ਨਾਲ ਕਿਹਾ ਕਿ ਮੈਂ ਵੀ ਖੁਦ ਨੂੰ ਸਮਝਾਉਣ ਲੱਗੀ। ਕਿਉਂ ਲੱਭਾਂ ਸਵਰਗ, ਅੱਖਾਂ ਲਾ ਅੰਬਰ ਵੱਲ ,ਸਵਰਗ ਤਾਂ ਪਿਆਰ 'ਚ ਹੀ ਹੈ। 

ਕਮਲਾ ਘਟਾਔਰਾ 
ਯੂ ਕੇ 
ਹਿੰਦੀ ਤੋਂ ਅਨੁਵਾਦ : ਡਾ ਹਰਦੀਪ ਕੌਰ ਸੰਧੂ 

*ਟੌਫ਼ੀਆਂ ਹਾਇਬਨ ਤੋਂ ਪ੍ਰੇਰਿਤ ਹੋ ਕੇ ਲਿਖੀ ਵਾਰਤਾ। 

ਨੋਟ : ਇਹ ਪੋਸਟ ਹੁਣ ਤੱਕ 100 ਵਾਰ ਪੜ੍ਹੀ ਗਈ ਹੈ।

10 Oct 2016

ਟੌਫ਼ੀਆਂ

Image result for indian toffees
ਸਰਦੀਆਂ ਦੇ ਮੌਸਮ ਨੂੰ ਅਲਵਿਦਾ ਆਖ ਫੱਗਣ ਦੇ ਮੌਸਮ ਦੀ ਮਹਿਕ ਮੇਰੀ ਬਗੀਚੀ ਵਿੱਚ ਪਸਰ ਰਹੀ ਸੀ।ਰੰਗੀਨ ਚਿੜੀਆਂ ਫ਼ੁਹਾਰੇ ਦੀ ਨਿੰਮੀ -ਨਿੰਮੀ ਫ਼ੁਹਾਰ 'ਚ ਫੁਦਕ ਰਹੀਆਂ ਸਨ। ਮੈਂ ਫੁੱਲਾਂ ਦੀ ਕਿਆਰੀ 'ਚੋਂ ਸੁੱਕੇ ਪੱਤੇ ਚੁੱਗ ਰਹੀ ਸਾਂ। ਅਚਾਨਕ ਮੇਰੀ ਨਿਗ੍ਹਾ ਸਾਹਮਣੇ ਘਰ ਵੱਲ ਗਈ। ਉਹ ਆਪਣੇ ਨਿੱਕੇ -ਨਿੱਕੇ ਹੱਥ ਹਿਲਾ ਮੈਨੂੰ ਕੋਈ ਅਣਭੋਲ ਜਿਹਾ ਸੰਕੇਤ ਦੇ ਰਹੀ ਸੀ। ਆਪਣੀ ਖੇਡ ਛੱਡ ਪਤਾ ਨਹੀਂ ਕਦੋਂ ਦੀ ਖੜ੍ਹੀ ਉਹ ਮੇਰੇ ਤੱਕਣ ਦੀ ਉਡੀਕ ਕਰ ਰਹੀ ਹੋਵੇਗੀ । ਮੈਂ ਇਸ਼ਾਰਾ ਕਰਕੇ ਉਸ ਨੂੰ ਆਪਣੇ ਕੋਲ਼ ਬੁਲਾ ਲਿਆ। ਛੋਟੀ ਵੱਡੀ ਦਾ ਹੱਥ ਫੜ੍ਹ ਮੇਰੇ ਕੋਲ ਆ ਗਈ ਸੀ। ਮੈਂ ਉਹਨਾਂ ਦੀਆਂ ਨਿੱਕੀਆਂ -ਨਿੱਕੀਆਂ ਗੱਲਾਂ ਦਾ ਹੁੰਗਾਰਾ ਭਰਨ ਲੱਗੀ। 

ਮੋਹ -ਮਿੱਠਤ ਦੀਆਂ ਤੰਦਾਂ ਨੂੰ ਕੱਤਦੀ ਮੈਂ ਉਹਨਾਂ ਨੂੰ ਅੰਦਰ ਲੈ ਗਈ। ਹੁਣ ਉਨ੍ਹਾਂ ਦੀਆਂ ਅੱਖਾਂ 'ਚ ਚਮਕ ਸੀ ਤੇ ਚਿਹਰੇ 'ਤੇ ਧੂੜੀ ਗਈ ਸੀ ਖੁਸ਼ੀ। ਟੌਫ਼ੀਆਂ ਵਾਲਾ ਡੱਬਾ ਉਨ੍ਹਾਂ ਦੇ ਸਾਹਵੇਂ ਸੀ। ਗੱਲੀਂ ਲੱਗੀ ਜੇ ਕਦੇ ਮੈਂ ਟੌਫ਼ੀਆਂ ਦੇਣੋ ਖੁੰਝ ਵੀ ਜਾਵਾਂ ਤਾਂ ਛੋਟੀ ਦੀਆਂ ਬੋਲਦੀਆਂ ਅੱਖਾਂ ਮੈਨੂੰ ਚੇਤੇ ਕਰਵਾ ਹੀ ਦਿੰਦੀਆਂ ਨੇ। ਚਾਈਂ ਚਾਈਂ ਆਪਣੀ ਪਸੰਦ ਦੀਆਂ ਟੌਫ਼ੀਆਂ ਮੁੱਠੀਆਂ 'ਚ ਭੀਚ ਦੁੜੰਗੇ ਲਾਉਂਦੀਆਂ ਉਹ ਮੁੜ ਗਈਆਂ। ਸਾਡੇ ਆਂਢ -ਗੁਆਂਢ ਨਾਲ ਮੇਰੀ ਦਾਲ ਦੀ ਕੌਲੀ ਵਾਲੀ ਸਾਂਝ ਹੈ। ਇਹ ਨਿੱਕੜੀਆਂ ਸਾਡੇ ਘਰ ਆਉਣ ਦਾ ਬਹਾਨਾ ਹੀ ਭਾਲਦੀਆਂ ਰਹਿੰਦੀਆਂ ਨੇ ਭਾਵੇਂ ਇਨ੍ਹਾਂ ਦਾ ਕੋਈ ਵੀ ਹਾਣੀ ਸਾਡੇ ਘਰ ਨਹੀਂ। ਜੇ ਕਦੇ ਵੱਡੀ ਕੋਈ ਚੀਜ਼ ਲੈਣ -ਦੇਣ ਆ ਜਾਵੇ, ਛੋਟੀ ਨੰਗੇ ਪੈਰੀਂ ਮਗਰ ਭੱਜੀ ਆਉਂਦੀ ਹੈ। 

 ਟੌਫ਼ੀਆਂ ਦੇਣ ਦਾ ਸਿਲਸਿਲਾ ਕਦੋਂ ਤੇ ਕਿਉਂ ਸ਼ੁਰੂ ਹੋਇਆ ਹੁਣ ਯਾਦ ਨਹੀਂ। ਛੋਟੀ ਓਦੋਂ ਦੋ ਕੁ ਸਾਲ ਦੀ ਹੋਣੀ ਐ ਤੇ ਵੱਡੀ ਉਸ ਤੋਂ ਚਾਰ -ਪੰਜ ਸਾਲ ਵੱਡੇਰੀ। ਪਹਿਲਾਂ ਪਹਿਲ ਵੱਡੀ ਆਪ ਟੌਫ਼ੀਆਂ ਲੈਣ ਤੋਂ ਹਿਚਕਚਾਉਂਦੀ ਸੀ ਤੇ ਇਸ਼ਾਰੇ ਨਾਲ ਛੋਟੀ ਨੂੰ ਵੀ ਰੋਕਦੀ। ਪਰ ਹੁਣ ਉਹ ਦੋਵੇਂ ਟੌਫ਼ੀਆਂ ਲੈਣਾ ਆਪਣਾ ਹੱਕ ਸਮਝਦੀਆਂ ਨੇ ਤੇ ਕਦੇ -ਕਦੇ ਘਰ ਆਈ ਆਪਣੀ ਸਹੇਲੀ ਲਈ ਵੀ ਟੌਫ਼ੀਆਂ ਲੈ ਜਾਂਦੀਆਂ ਨੇ। ਮੈਂ ਵੀ ਕਦੇ ਟੌਫ਼ੀਆਂ ਵਾਲਾ ਡੱਬਾ ਸੱਖਣਾ ਨਹੀਂ ਹੋਣ ਦਿੱਤਾ।  

ਕਹਿੰਦੇ ਨੇ ਕਿ ਬਹੁ-ਪਰਤੀ ਜੀਵਨ ਦੇ ਹਰ ਸਫ਼ੇ ਨੂੰ ਯਾਦ ਰੱਖਣਾ ਅਸੰਭਵ ਜਿਹਾ ਹੁੰਦਾ ਏ । ਸ਼ਾਇਦ ਏਸੇ ਲਈ ਮੇਰੀ ਚੇਤਨਾ 'ਚੋਂ ਮੇਰੇ ਬਚਪਨ ਦਾ ਓਹ ਪੰਨਾ ਐਨਾ ਚਿਰ ਅਣ ਫਰੋਲਿਆ ਹੀ ਰਿਹਾ ਜਿਸ 'ਤੇ ਟੌਫ਼ੀਆਂ ਹੀ ਟੌਫ਼ੀਆਂ ਖਿਲਰੀਆਂ ਪਈਆਂ ਸਨ। ਸਾਡੇ ਕਿਸੇ ਜਾਣੂ ਦਾ ਬੱਚਾ ਸਕੂਲੋਂ ਛੁੱਟੀ ਹੋਣ 'ਤੇ ਸਾਡੇ ਨਾਲ ਹੀ ਘਰ ਆ ਜਾਂਦਾ। ਆਥਣ ਨੂੰ ਲੈਣ ਆਏ ਉਸ ਦੇ ਪਾਪਾ ਸਾਨੂੰ ਭੂਰੇ ਰੰਗ ਦੀ ਇੱਕ ਚੱਪਾ ਕੁ ਲਿਫ਼ਾਫ਼ੀ 'ਚੋਂ ਡਾਲੀਮਾ ਦੀਆਂ ਟੌਫ਼ੀਆਂ ਕੱਢ ਕੇ ਦਿੰਦੇ।ਸਾਨੂੰ ਵੀ ਹਰ ਸ਼ਾਮ ਉਹਨਾਂ ਟੌਫ਼ੀਆਂ ਦੀ ਉਡੀਕ ਰਹਿੰਦੀ। ਇਹ ਸਿਲਸਿਲਾ ਪਤਾ ਨਹੀਂ ਕਿੰਨਾ ਕੁ ਚਿਰ ਚੱਲਿਆ ਹੋਣਾ ਪਰ ਓਸ ਪਿੱਛੋਂ ਓਹ ਟੌਫ਼ੀਆਂ ਦੇਣ ਵਾਲ਼ਾ ਤੇ ਉਸ ਦੀਆਂ ਟੌਫ਼ੀਆਂ ਮੁੜ ਕਦੇ ਵੀ ਯਾਦ ਨਹੀਂ ਆਈਆਂ। ਮੇਰੀ ਚੇਤਨਾ  'ਚੋਂ ਇਹ ਟੌਫ਼ੀਆਂ ਓਦੋਂ ਵੀ ਮਨਫ਼ੀ ਸਨ ਜਦੋਂ ਮੈਂ ਖੁਦ ਇਹ ਸਿਲਸਿਲਾ ਸ਼ੁਰੂ ਕੀਤਾ। 

ਜ਼ਿੰਦਗੀ ਦਾ ਓਹ ਸਫ਼ਾ ਜਿਸ 'ਤੇ ਕੋਈ ਵਿਕੋਲਤਰੀ ਜਿਹੀ ਇਬਾਰਤ ਹੁੰਦੀ ਹੈ ਜਦ ਤੁਹਾਡੀ ਚੇਤਨਾ 'ਚ ਪਰਤ ਆਉਂਦਾ ਹੈ ਤਾਂ ਉਸ ਦੀ ਇਬਾਦਤ ਕਰਨ ਨੂੰ ਜੀ ਕਰਦਾ ਏ। ਗੱਲ ਟੌਫ਼ੀਆਂ ਦੀ ਨਹੀਂ, ਮਨ ਦੇ ਮੋਹ ਦੀ ਹੈ, ਮਿੱਠਤ ਦੀ ਹੈ। ਅੱਜ-ਕੱਲ ਗੁੜ ਦੀ ਭੇਲੀ ਜਾਂ ਖੰਡ -ਸ਼ੱਕਰ ਦੇ ਭਰੇ ਕੌਲੇ -ਬਾਟਿਆਂ ਦੀ ਸਾਂਝ ਤਾਂ ਰਹੀ ਨਹੀਂ ਚੱਲੋ ਟੌਫ਼ੀਆਂ ਦੀ ਹੀ ਸਹੀ। ਹੁਣ ਜਦੋਂ -ਜਦੋਂ ਵੀ ਨਿੱਕੜੀਆਂ ਮੇਰੇ ਕੋਲ ਆਉਂਦੀਆਂ ਨੇ ਤਾਂ ਸਾਢੇ ਤਿੰਨ ਦਹਾਕੇ ਪਹਿਲਾਂ ਖਾਧੀਆਂ ਉਹਨਾਂ ਡਾਲੀਮਾ ਟੌਫ਼ੀਆਂ ਦੀ ਮਿਠਾਸ ਮੇਰੇ ਆਪੇ 'ਚ ਝੱਟ ਘੁਲ ਜਾਂਦੀ ਹੈ। ਜ਼ਿੰਦਗੀ ਦਾ ਬਹੁਪੱਖੀ ਪਸਾਰਾ ਕਿਆਰੀਆਂ 'ਚ ਲਰਜ਼ਦੇ ਫੁੱਲਾਂ ਵਾਂਗ ਰੰਗਲਾ ਬਣ ਮਹਿਕਣ ਲੱਗ ਜਾਂਦਾ ਹੈ। 

ਅਭੁੱਲ ਯਾਦ -
ਚੱਪਾ ਕੁ ਲਿਫ਼ਾਫ਼ੀ 'ਚ 
ਸਾਂਝ ਮਿਠਾਸ। 

ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 256 ਵਾਰ ਪੜ੍ਹੀ ਗਈ ਹੈ।