ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 Aug 2012

ਮੁੰਡੇ ਦੀ ਛਟੀ

ਘਰ 'ਚ ਕਾਕੇ ਦਾ ਜਨਮ ਖੁਸ਼ੀਆਂ ਦੇ ਨਾਲ਼-ਨਾਲ਼ ਸ਼ਗਨਾਂ ਭਰੀ ਚੰਗੇਰ ਵੀ ਲੈ ਕੇ ਆਉਂਦਾ ਹੈ। ਕਾਕੇ ਦੀ ਆਮਦ ਦੀ ਖੁਸ਼ੀ ਮਨਾਉਣ ਨੂੰ 'ਛਟੀ ਮਨਾਉਣਾ' ਕਿਹਾ ਜਾਂਦਾ ਹੈ ਜੋ ਕਾਕੇ ਦੇ ਜਨਮ ਤੋਂ ਵਰ੍ਹੇ ਦੇ ਅੰਦਰ -ਅੰਦਰ ਮਨਾ ਲਈ ਜਾਂਦੀ ਹੈ। ਮੁੰਡੇ ਦੇ ਨਾਨਕੇ ਮੁੰਡੇ ਲਈ ਤੇ ਮੁੰਡੇ ਦੀ ਮਾਂ ਲਈ ਜੋ ਕੱਪੜੇ ਤੇ ਗਹਿਣੇ ( ਟੂੰਬਾਂ/ ਟੂੰਮਾਂ) ਲੈ ਕੇ ਆਉਂਦੇ ਨੇ ਓਸ ਨੂੰ ਸ਼ੂਸ਼ਕ ਕਿਹਾ ਜਾਂਦਾ ਹੈ। ਟੂੰਮਾਂ 'ਚ ਹੱਥਾਂ ਨੂੰ ਚਾਂਦੀ ਦੇ ਕੰਗਣ, ਪੈਰਾਂ ਲਈ ਪਾਉਂਟੇ, ਕੰਨਾ ਨੂੰ ਲੂਲ੍ਹਾਂ , ਸੱਗੀ ਫੁੱਲ ਤੇ ਮੱਥੇ ਲਈ ਸੋਨੇ ਦਾ ਟਿੱਕਾ ਹੁੰਦਾ ਹੈ।ਅੱਜ ਮੈਂ ਮੁੰਡੇ ਦੀ ਛਟੀ ਮਨਾਉਣ ਅਤੇ ਇਸ ਨਾਲ਼ ਜੁੜੇ ਵਿਹਾਰਾਂ ਨੂੰ ਹਾਇਕੁ ਰਾਹੀਂ ਪੇਸ਼ ਕਰ ਰਹੀ ਹਾਂ।

1.
ਘਰ ਦੇ ਬੂਹੇ
ਲਾਗਣ ਬੰਨੇ ਨਿੰਮ
ਦੇਵੇ ਵਧਾਈ

2.
ਮੁੰਡੇ ਦੀ ਛਟੀ
ਨੈਣ ਬੰਨੇ ਤੜਾਗੀ
ਘੁੰਗਰੂ ਪਾ ਕੇ

3.
ਕਾਕਾ ਜੰਮਿਆ
ਸ਼ੂਸ਼ਕ 'ਚ ਆਈਆਂ
ਤਿਓਰ-ਟੂੰਮਾਂ

4.
ਸੁੱਕੇ ਮੇਵੇ ਪਾ
ਪੰਜ ਸੇਰ ਪੰਜੀਰੀ
ਲਿਆਈ ਸੱਸ

5.
ਛਟੀ ਮਨਾਈ
ਪਾਵੇ ਕੰਨਾਂ ਨੂੰ ਲੂਲ੍ਹਾਂ
ਕਾਕੇ ਦੀ ਭੂਆ

6.
ਕਾਕੇ ਦੀ ਛਟੀ
ਕੰਗਣ ਤੇ ਪਾਉਂਟੇ
ਮਾਸੀ ਨੇ ਪਾਏ

7.
ਛਟੀ ਦਾ ਦਿਨ
ਘੂੰਮਰਾਂ ਪਾ ਵਿਹੜੇ
ਨੱਚੇ ਖੁਸਰੇ

ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ-ਸਿਡਨੀ)

28 Aug 2012

ਦਾਦੀ ਦੀ ਬਾਤ

1
ਚਿੱਟੇ ਵਰਕੇ 
ਚੁੱਪਚਾਪ  ਤੇ ਸ਼ਾਂਤ 

ਕਾਲੇ ਕੂਕਦੇ


2
ਦਾਦੀ ਦੀ ਬਾਤ 
ਟੀ ਵੀ ਨੇ ਖੋਹ ਲਈ 
ਮਿੱਠੀ ਸੁਗਾਤ 



 ਅੱਖਾਂ ਦੇ ਹੰਝੂ   
ਜਦ ਵੀ ਛਲਕਣ 
ਖੁਰਦੇ ਗਮ



ਸੱਸ ਕੁਪੱਤੀ 
ਨੂੰਹ  ਨਹੀਂ ਕਹਿੰਦੀ 
ਵੱਖ ਰਹਿੰਦੀ 


5
ਪਾਣੀ ਦੇਵਤਾ
ਬੰਦ ਬੋਤਲ ਵਿਚ 
ਥਾਂ ਥਾਂ ਵਿਕਦਾ   


ਹਰਭਜਨ ਸਿੰਘ ਖੇਮਕਰਨੀ
( ਅੰਮ੍ਰਿਤਸਰ )

24 Aug 2012

ਲੁਕਣ ਮੀਚੀ

1.
ਲੰਬੀ ਜਾਪਦੀ 
ਰਾਂਝਿਆ ਵੇ ਵਾਪਸੀ 
ਹੋਵੇਗੀ ਕਦੋਂ....?


2. 
ਪੰਛੀ ਪ੍ਰੀਤ ਦਾ
ਉੱਡ ਗਿਆ ਏ ਕਿਤੇ
ਨਾਲ ਹਵਾਵਾਂ 

3.
ਵਿੱਛੜੇ ਮੇਲੇ 
ਜ਼ਿੰਦਗੀ ਦੇ ਵਿਹੜੇ 
ਲੁੱਕਣ ਮੀਚੀ 

4.
ਸਾਰੀ ਉਮਰੇ 
ਰੁੱਖ ਦੋ ਲਫਜ਼ਾਂ ਦੇ 
ਖਿੜੇ ਨਾ 
ਰੱਬਾ  

5.
ਧਰਮ ਉਹ 
ਪਹਿਨ ਕੇ ਜਿਸ ਨੂੰ 
ਬਣੇ ਤੂੰ ਬੰਦਾ 


ਹਰਕੀਰਤ 'ਹੀਰ' 
ਗੁਵਾਹਾਟੀ-(ਗੁਹਾਟੀ) ਅਸਾਮ 

22 Aug 2012

ਚਿੱਠੀ ਦੀਆਂ ਬਾਤਾਂ

22.08.12
ਪਿਆਰੀ ਛੋਟੀ ਭੈਣ ਹਰਦੀਪ 
ਹਾਇਕੁ ਲੋਕ 'ਤੇ ਤੇਰੀ ਮਿਹਨਤ ਅਤੇ ਸਿਰੜ ਨੂੰ ਸਲਾਮ...! ਹਾਇਕੁ-ਲੋਕ ਨਿੱਤ ਨਵੀਆਂ ਉੱਚਾਈਆਂ ਨੂੰ ਛੂਹ ਰਿਹਾ ਹੈ। ਸਾਰੇ ਹਾਇਕੁਕਾਰ ਵਧਾਈ ਦੇ ਪਾਤਰ ਹਨ! 

ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਧਰ-ਮੋਗਾ) 
ਹੋਰ ਚਿੱਠੀਆਂ ਪੜ੍ਹਨ  ਲਈ ਇੱਥੇ ਕਲਿੱਕ ਕਰੋ 

ਬਾਸ਼ੋ

ਮਾਤਸੂਓ ਬਾਸ਼ੋ (1644-1694)ਇੱਕ ਮਹਾਨ ਜਪਾਨੀ ਕਵੀ ਸੀ ਜਿਸ ਨੇ ਹਾਇਕੁ ਕਾਵਿ ਵਿਧਾ ਨੂੰ ਸ਼ਿਖਰਾਂ 'ਤੇ ਪਹੁੰਚਾਇਆ।ਉਸ ਦਾ ਅਸਲੀ ਨਾਂ ਮਾਤਸੂਓ ਕਿੰਨਸਾਕੁ ਸੀ । ਉਸ ਦਾ ਜਨਮ ਇੱਕ ਸਾਮੁਰਾਏ ਘਰਾਣੇ 'ਚ 12 ਅਕਤੂਬਰ 1644 ਨੂੰ ਉਨੋ ਦੇ ਲਗਾ ਪ੍ਰਾਂਤ 'ਚ ਹੋਇਆ। ਉਸ ਵਲੋਂ ਰਚਿਆ ਹਾਇਕੁ ਸਾਹਿਤ ਦਰਸਾਉਂਦਾ ਹੈ ਕਿ ਉਸ ਨੇ ਆਪਣੀ ਸਾਰੀ ਜ਼ਿੰਦਗੀ ਕੁਦਰਤ ਦੀ ਗੋਦ 'ਚ ਬਿਤਾਈ। 
ਚਾਲ਼ੀ ਸਾਲ ਦੀ ਉਮਰ 'ਚ ਉਹ ਇੱਕ ਭਿਖਸ਼ੂ ਵਾਂਗ ਥਾਂ-ਥਾਂ ਘੁੰਮਣ ਲੱਗਾ। ਬੁੱਧ ਧਾਰਾ ਦੇ ਧਾਰਨੀ (ਜਿੰਨਾ ਨੂੰ ਜ਼ੇਨ ਕਿਹਾ ਜਾਂਦਾ ਹੈ ) ਤੇ ਕੁਦਰਤ ਨੂੰ ਚਾਹੁਣ ਵਾਲ਼ੇ ਓਸ ਦੇ ਸੈਂਕੜੇ ਸ਼ਾਗਿਰਦ ਬਣੇ। ਉਨ੍ਹਾਂ 'ਚੋਂ ਕੁਝ ਨੇ ਉਸ ਲਈ ਇੱਕ ਝੋਂਪੜੀ ਬਣਾ ਕੇ ਦਿੱਤੀ ਤੇ ਇਸ ਦੇ ਐਨ ਸਾਹਮਣੇ ਕੇਲੇ ਦਾ ਰੁੱਖ ਲਾਇਆ। ਕੇਲੇ ਨੁੰ ਜਪਾਨੀ ਭਾਸ਼ਾ 'ਚ 'ਬਾਸ਼ੋ' ਕਹਿੰਦੇ ਹਨ। ਉਸ ਦੀ ਝੋਂਪੜੀ ਨੂੰ ਬਾਸ਼ੋ-ਏਨ ( ਕੇਲੇ ਦੇ ਰੁੱਖ ਵਾਲ਼ੀ ਝੋਂਪੜੀ) ਕਿਹਾ ਜਾਂਦਾ ਸੀ। ਇਸ ਤੋਂ ਬਾਦ ਹੀ ਓਹ ਮਾਤਸੂਓ ਬਾਸ਼ੋ ਬਣਿਆ।ਉਹ ਥੋੜੇ ਸ਼ਬਦਾਂ 'ਚ ਵੱਡੀ ਗੱਲ ਕਹਿਣ ਦੇ ਸਮਰੱਥ ਸੀ। ਜਪਾਨ 'ਚ ਬਹੁਤ ਸਾਰੇ ਸਮਾਰਕਾਂ 'ਤੇ ਉੱਕਰੇ ਉਸ ਦੇ ਹਾਇਕੁ ਪੜ੍ਹਨ ਨੂੰ ਮਿਲ਼ਦੇ ਹਨ। ਕਿਸੇ ਬਿਮਾਰੀ ਕਾਰਨ ਉਸ ਦੀ ਮੌਤ 28 ਨਵੰਬਰ 1694 ਨੂੰ ਹੋਈ। 

ਪੇਸ਼ ਹਨ ਬਾਸ਼ੋ ਦੇ ਕੁਝ ਹਾਇਕੁ- ਪੰਜਾਬੀ ਅਨੁਵਾਦ 

1.    
the old pond        
frog jumps in
splash     
                                            ਮੂਲ ਰੂਪ                                  ਸ਼ਾਬਦਿਕ ਅਨੁਵਾਦ
ਪੁਰਾਣਾ ਟੋਭਾ                         ਫੂਰੂਈ ਕੇ ਯਾ                 ਫੂ-ਰੂ ( ਪੁਰਾਣਾ) ਈ-ਕੇ (ਤਲਾਬ) (!)
ਡੱਡੂ ਲਾਈ ਟਪੂਸੀ                 ਕਾਵਾਜ਼ੂ ਤੋਬੀਕੋਮੂ           ਕਾ-ਵਾ-ਜ਼ੂ (ਡੱਡੂ) ਤੋ-ਬੀ-ਕੋ-ਮੂ ( ਛੰਲਾਂਗ ਮਾਰੀ)
ਛਪ-ਛਪਾਕ                           ਮੀਜ਼ੂ ਨੋ ਓਤੋ                  ਮੀ-ਜ਼ੂ ( ਪਾਣੀ) ਨੋ-ਓ-ਤੋ ( ਅਵਾਜ਼)

ਨੋਟ: ਇਸ ਹਾਇਕੁ ਦੇ ਅੰਗਰੇਜ਼ੀ 'ਚ 100 ਤੋਂ ਵੱਧ ਅਨੁਵਾਦ ਕੀਤੇ ਗਏ ਹਨ

2.
on a withered branch
a crow has alighted
nightfall in autumn

ਸੁੱਕੀ ਟਹਿਣੀ
ਆਣ ਬੈਠਾ ਇੱਕ ਕਾਂ
ਪੱਤਝੜ ਹੈ

3.
it would melt
in my hands
the autumn frost

ਖੁਰ ਜਾਵੇਗਾ
ਪੱਤਝੜੀ ਕੋਹਰਾ
ਮੇਰੇ ਹੱਥਾਂ 'ਚ

4.  
all that remains of  
worrier dreams
summer grass
                               
ਬਾਕੀ ਬਚਿਆ             
ਯੋਧੇ ਦੇ ਸੁਪਨੇ 'ਚੋਂ
ਜੰਗਲੀ ਘਾਹ 
ਨੋਟ: ਇੱਕ ਵਾਰ ਬਾਸ਼ੋ ਕਿਸੇ ਜੰਗੀ ਮੈਦਾਨ ਨੂੰ ਵੇਖਣ ਗਿਆ ਜੋ ਹੁਣ ਇੱਕ ਬੰਜਰ ਇਲਾਕਾ ਸੀ।ਓਥੇ ਕੁਝ ਨਹੀਂ ਸੀ ਸਿਵਾਏ ਜੰਗਲੀ ਘਾਹ ਤੋਂ, ਜੋ ਧੁੱਪਾਂ ਨਾਲ਼ ਸੜ ਚੁੱਕਿਆ ਸੀ। ਇਹ ਹਾਇਕੁ ਇਹੋ ਬਿਆਨ ਕਰਦਾ ਹੈ।

5.
autumn even
birds and clouds
looking old

ਪੱਤਝੜ ਵੀ
ਪੰਛੀ ਅਤੇ ਬੱਦਲ਼
ਦਿੱਖਣ ਬੁੱਢੇ

6.
if I'd the knack
I'd sing like
cherry flakes falling

ਜੇ ਹੁੰਦੀ ਜਾਂਚ 
ਗਾਉਂਦਾ ਜਿਓਂ ਡਿੱਗੇ
ਚੈਰੀ ਦਾ ਸੱਕ 

ਬਾਸ਼ੋ (1644-1694)
(ਜਪਾਨ)
ਅਨੁਵਾਦ ਕਰਤਾ- ਡਾ.ਹਰਦੀਪ ਕੌਰ ਸੰਧੂ 


19 Aug 2012

ਆਜ਼ਾਦੀ ਬਨਾਮ ਸੰਨ ਸੰਤਾਲ਼ੀ - 7

ਆਜ਼ਾਦੀ ਦੇ ਹਾਇਕੁ ਕੜੀ ਦਾ ਆਖ਼ਰੀ ਦਿਨ.............
ਆਜ਼ਾਦੀ ..........
ਕਦੇ ਲੱਗਦਾ ਇਹ ਖਿਆਲ 
ਪਰੀਬੰਦਾਂ ਦੀ ਟੁਣਕਾਰ ਵਰਗਾ........
ਕਾਸ਼ ਇਹ ਖਿਆਲ ਨਾ ਰਹਿ ਕੇ ਹਕੀਕਤ ਬਣ ਜਾਵੇ......ਬੱਸ ਏਹੋ ਦੁਆ ਹੈ ਸਾਡੀ ਸਾਰਿਆਂ ਦੀ ।

ਹੇਠ ਲਿਖਿਆ ਹਾਇਕੁ 1976-77 ਦੇ ਪ੍ਰੀਤਲੜੀ ਰਸਾਲੇ ਦੇ ਕਿਸੇ ਅੰਕ 'ਚ ਛਪਿਆ ਸੀ। ਪ੍ਰੋ. ਦਵਿੰਦਰ ਕੌਰ ਸਿੱਧੂ ਨੇ ਇਹ ਹਾਇਕੁ ਸਾਂਝਾ ਕਰਦਿਆਂ ਦੱਸਿਆ ਕਿ ਹਾਇਕੁ ਤਾਂ ਯਾਦ ਰਹਿ ਗਿਆ ਪਰ ਲੇਖਕ ਦਾ ਨਾਂ ਭੁੱਲ ਗਿਆ। ਜਦੋਂ ਦਵਿੰਦਰ ਹੋਰਾਂ ਨੇ ਇਹ ਹਾਇਕੁ ਪੜ੍ਹਿਆ ਓਦੋਂ ਹਾਇਕੁ -ਕਾਵਿ ਬਾਰੇ ਸਾਡੇ 'ਚੋਂ ਬਹੁਤਿਆਂ ਨੂੰ ਪਤਾ ਨਹੀਂ ਸੀ।

ਬੇਰੁਜ਼ਗਾਰੀ
ਆਜ਼ਾਦੀ ਦੇ ਝੰਡੇ ਨੂੰ 
ਲੱਗੀ ਸਿਉਂਕ
        (ਬੇਨਾਮ)

ਡਾ. ਹਰਦੀਪ ਕੌਰ ਸੰਧੂ 

1.
ਪੱਛੋਂ ਦਾ ਬੁੱਲਾ
ਓਧਰੋਂ ਖੁਸ਼ਬੂ ਲੈ
ਟੱਪਿਆ ਹੱਦਾਂ

2.
ਦਿਲ 'ਚ ਖੌਲੇ
ਕਸਕ ਵਤਨ ਦੀ
ਬੂਹੇ ਤੇ ਖੋਲ੍ਹ

3.
ਸਾਂਝ ਦਿਲਾਂ ਦੀ
ਤੋੜਦੀ ਸਰਹੱਦਾਂ
ਧੜਕ ਉੱਠੀ

4.
ਪੰਜ ਪਾਣੀਆਂ
ਗੱਲ਼ ਲੱਗ ਮਿਲਣਾ
ਵਾਹ ਨਾ ਲੀਕਾਂ

5.
ਅਮਨ ਟਿੱਕਾ
ਲਾਈਏ ਕੌਮ ਮੱਥੇ
ਆਜ਼ਾਦੀ ਦੇ ਨਾਂ 

ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਦਰ - ਮੋਗਾ) 

18 Aug 2012

ਆਜ਼ਾਦੀ ਬਨਾਮ ਸੰਨ ਸੰਤਾਲ਼ੀ- 6

ਆਜ਼ਾਦੀ ........ਕਿੰਨਾ ਸੋਹਣਾ ਖਿਆਲ ਹੈ
ਤਾਰਿਆਂ ਦੇ ਟਿਮਕਣ ਵਰਗਾ..............
ਏਸ ਟਿਮਕਣ ਨੂੰ ਕਿਹੜੀ ਬੱਦਲੋਟੀ ਨੇ ਕੱਜ ਲਿਆ ਹੈ ਅੱਜ .....ਚੰਗੂ ਕੁਝ ਦਿਖਾਈ ਨਹੀਂ ਦਿੰਦਾ। ਅਸੀਂ ਅੱਜ ਕਿਸ ਆਜ਼ਾਦੀ ਦੇ ਜਸ਼ਨ ਮਨਾ ਰਹੇ ਹਾਂ ? ਓਹ ਆਜ਼ਾਦੀ ਜਿਹੜੀ 'ਕੱਲੀ ਨਹੀਂ ਸੀ ਆਈ....ਨਾਲ਼ ਲੈ ਕੇ ਆਈ ਸੀ ਵਿਛੋੜੇ ਦਾ ਦੁੱਖ ਤੇ ਡੂੰਘੇ ਫੱਟ ਜਿਹੜੇ ਅੱਜੇ ਤੱਕ ਅੱਲੇ ਨੇ।
ਸਾਡੇ ਹਾਇਕੁ ਕਵੀ ਦਾ ਇਸ ਬਾਰੇ ਕੁਝ ਇੰਝ ਕਹਿਣਾ ਹੈ......
ਡਾ. ਹਰਦੀਪ ਕੌਰ ਸੰਧੂ 


1.
ਭੁੱਖਾ ਏ ਬੱਚਾ
ਬੰਨ ਤਿਰੰਗਾ ਡੰਡੇ
ਮਾਂ ਰੋਟੀ ਮੰਗੇ

2.
ਫੇਲ੍ਹ ਹੈ ਬੇਟਾ
ਵੋਟਾਂ 'ਚ ਬਹੁਮੱਤ
ਵੰਡਣ ਲੱਡੂ 

3.
ਸੋਨੇ ਦੀ ਚਿੜੀ
ਉੱਡੇ ਵਿਦੇਸ਼ੀਂ ਖੰਭ
ਤਿਰੰਗਾ ਦੇਸ਼

4.
ਕੋਈ ਨਾ ਭੁੱਖਾ
ਨੇਤਾ ਦੇਵੇ ਭਾਸ਼ਣ
ਆਜ਼ਾਦੀ ਦਿਨ 

ਰਣਜੀਤ ਸਿੰਘ ਪ੍ਰੀਤ
(ਭਗਤਾ-ਪੰਜਾਬ) 

17 Aug 2012

ਆਜ਼ਾਦੀ ਬਨਾਮ ਸੰਨ ਸੰਤਾਲੀ - 5

ਆਜ਼ਾਦੀ .....ਕਿੰਨਾ ਵਧੀਆ ਖਿਆਲ ਹੈ
ਤਾਰਿਆਂ ਦੇ ਟਿਮਕਣ ਵਰਗਾ................
ਅੱਜ ਮੇਰੇ ਜਹਿਨ 'ਚ ਆਜ਼ਾਦੀ ਦੇ ਅਰਥ ਹੋਰ ਵੀ ਵਿਸ਼ਾਲ ਕੈਨਵਸ 'ਤੇ ਫੈਲ ਰਹੇ ਹਨ । ਮੈਨੂੰ ਲੱਗਦਾ ਹੈ ਆਜ਼ਾਦੀ ਨਾਂ ਹੈ ਜਿਉਣ ਢੰਗ ਦੀ ਮਰਜ਼ੀ ਦਾ ਤੇ ਆਪਣਿਆਂ 'ਤੇ ਜ਼ਬਰ ਨਹੀਂ ਸਗੋਂ ਓਹਨਾਂ ਨੂੰ ਉਚਿਆਉਣ ਦਾ ।  ਆਪਣਿਆਂ 'ਤੇ ਤਸ਼ੱਦਦ ਕਿਸੇ ਕੌਮ ਦੀ ਗੁਲਾਮੀ ਨਾਲੋਂ ਵੀ ਭੈੜਾ ਹੈ ।
ਸਾਡੇ ਹਾਇਕੁ ਕਵੀ ਕੀ ਕਹਿੰਦੇ ਨੇ ਪੜ੍ਹਦੇ ਰਹਿਣਾ .........

ਪ੍ਰੋ ਦਵਿੰਦਰ ਕੌਰ ਸਿੱਧੂ
1.

ਪੋਚੇ ਮਾਰਦੀ
ਕਦੋਂ ਮਿਲੁ ਆਜ਼ਾਦੀ
 ਸੋਚਦੀ ਓਹ
2
ਤਰਿੰਗਾ ਵੇਖ
ਦੱਸ ਤਾਂ ਕਿੰਨੇ ਰੰਗ
ਸੋਚਿਆ ਵੀ ਸੀ ?
3
ਆਜ਼ਾਦੀ ਮਿਲੀ
ਓਹੀ  ਲੀਹਾਂ ਨਾ ਵਾਹ
ਸਭ ' ਚ ਵੰਡ
4
ਆਪਣਾ ਘਰ
ਸੁੱਖ ਦਾ ਸਾਹ ਲਿਆ
ਏਹੋ  ਆਜ਼ਾਦੀ

ਡਾ. ਸ਼ਿਆਮ ਸੁੰਦਰ ਦੀਪਤੀ
(ਅੰਮ੍ਰਿਤਸਰ )

16 Aug 2012

ਆਜ਼ਾਦੀ ਬਨਾਮ ਸੰਨ ਸੰਤਾਲ਼ੀ - 4


15 ਅਗਸਤ ਨੂੰ ਦੇਸ਼ ਆਜ਼ਾਦ ਤਾਂ ਹੋ ਗਿਆ ਪਰ ਪੰਜਾਬ 'ਚ ਫਿਰਕੂਪੁਣੇ ਦੀ ਜ਼ਹਿਰ ਨੇ ਖੂਨ ਦੀ ਹੋਲੀ ਖੇਡੀ । ਏਥੇ ਮੈਨੁੰ ਅਕਰਮ ਮਜੀਦ ਲਾਇਲਪੁਰ ਦੀਆਂ ਸਤਰਾਂ ਯਾਦ ਆਉਂਦੀਆਂ ਨੇ..........
ਬੜੇ ਪੁਰ-ਦਰਦ ਨੇ ਕਿੱਸੇ ਦਿਲਾਂ ਦੇ
ਬੜੀ ਪੁਰ-ਸੋਜ਼ ਏ ਰੂ-ਦਾਦ ਘਰ ਦੀ
ਲਿਖੀ ਵੇਲ਼ੇ ਨੇ ਲਹੂਆਂ ਨਾਲ਼ ਜਿਹੜੀ
ਕਹਾਣੀ ਏ ਕਿਸੇ ਬਰਬਾਦ ਘਰ ਦੀ
ਅਜੇ ਵਸਨੀਕ ਨੇ ਸੁੱਤੇ ਨੇ ਘਰ ਦੇ
ਅਜੇ ਤੇ ਬੇਅਸਰ ਫਰਿਆਦ ਘਰ ਦੀ
ਮਿਲ਼ੇ ਸੀ ਬੇਹਿਸਾਬੇ ਦਰਦ ਓਦੋਂ
ਜਦੋਂ ਰੱਖੀ ਗਈ ਸੀ ਬੁਨਿਆਦ ਘਰ ਦੀ 
ਸਾਡੇ ਹਾਇਕੁ ਕਵੀਆਂ ਦਾ ਏਸ ਬਾਰੇ ਕੀ ਖਿਆਲ ਹੈ ਪੜ੍ਹਦੇ ਰਹਿਣਾ.......
ਪ੍ਰੋ. ਦਵਿੰਦਰ ਕੌਰ ਸਿੱਧੂ 

1.
ਟਰੇਨ ਚੱਲੀ
ਡਰਾਉਣੇ ਖਿਆਲ
ਸੰਨ ਸੰਤਾਲੀ
2.
 ਫਾਂਸੀ ਦਾ ਰੱਸਾ
ਸੂਰਮੇ ਨੇ ਚੁੰਮਦੇ  
ਡੁੱਬਾ ਸੂਰਜ

 3.
ਖ਼ੂਨੀ ਮੋਹਰ
ਰੈਡਕਲਿਫ਼ ਰੇਖਾ
ਮੁਲਕ-ਵੰਡ
4.
ਆਈ ਆਜ਼ਾਦੀ
ਪੰਦਰਾਂ ਅਗਸਤ
ਲਹੂ-ਲੁਹਾਣ

ਭੂਪਿੰਦਰ ਸਿੰਘ
(ਨਿਊਯਾਰਕ)

15 Aug 2012

ਆਜ਼ਾਦੀ ਬਨਾਮ ਸੰਨ ਸੰਤਾਲ਼ੀ - 3

ਹਾਇਕੁ ਲੋਕ ਮੰਚ 'ਤੇ ਆਜ਼ਾਦੀ ਹਫ਼ਤੇ ਦਾ ਅੱਜ ਤੀਜਾ ਦਿਨ ਹੈ। 15 ਅਗਸਤ 1947 ਦੀ ਸ਼ੁੱਭ ਘੜੀ ਜਦੋਂ ਦੇਸ਼ ਆਜ਼ਾਦ ਹੋਇਆ।
ਆਜ਼ਾਦੀ-ਆਜ਼ਾਦੀ-ਆਜ਼ਾਦੀ
ਕਿੰਨਾ ਸੋਹਣਾ ਅਹਿਸਾਸ ਹੈ
ਫੁੱਲਾਂ ਦੇ ਟਹਿਕਣ ਵਰਗਾ........
ਇਹ ਅਹਿਸਾਸ ਹੋਣ ਤੋਂ ਪਹਿਲਾਂ ਹੀ ਪੰਜਾਬ 'ਚ ਫਿਰਕੁਪੁਣੇ ਦੀ ਜ਼ਹਿਰ ਨੇ ਖੂਨ ਦੀ ਹੋਲੀ ਖੇਡੀ। ਪਾਪਾ ਜੀ ਦੇ ਦੱਸਣ ਮੁਤਾਬਿਕ 3 ਅਗਸਤ 1947 ਦੀ ਸਵੇਰ ਕਹਿਰ ਦੀ ਬਰਬਾਦੀ ਲੈ ਕੇ ਆਈ। ਪਾਪਾ ਜੀ ਵਰਗੇ ਲੋਕ ਜਿਨ੍ਹਾਂ ਸਭ ਅੱਖੀਂ ਵੇਖਿਆ ਤੇ ਤਨ ਮਨ 'ਤੇ ਝੱਲਿਆ। ਗੱਡੀ ਵਿੱਚ ਲਾਸ਼ਾਂ ਨਾਲ਼ ਲਾਸ਼ ਬਣ ਕੇ ਇਧਰਲੇ ਪੰਜਾਬ ਬਹੁੜੇ, ਸਭ ਯਾਦ ਕਰਕੇ ਅੱਜ ਵੀ ਅੱਖਾਂ ਵਿੱਚੋਂ ਅੱਥਰੂ ਟਪਕਦੇ ਨੇ।ਹੌਲ ਪੈਂਦੇ ਨੇ । ਜ਼ਖਮ ਇੰਨੇ ਗਹਿਰੇ ਨੇ ਕਿ ਚਸਕ ਪੈਂਦੀ ਹੈ।ਪਰ ਸਾਂਦਲ ਬਾਰ ਤੋਂ ਆਏ ਇਨ੍ਹਾਂ ਲੋਕਾਂ ਨੂੰ ਰੱਬ ਨੇ ਬਹੁਤ ਵੱਡਾ ਸਬਰ ਬਖਸ਼ਿਆ ਹੋਇਆ ਹੈ ।ਹੌਲ ਪੈਂਦੇ ਨੇ ਤਾਂ ਸਬਰ-ਸਿਦਕ ਨਾਲ਼ ਜਰਦੇ ਰਹੇ ਨੇ। ਵਤਨ ਛੱਡਣ ਦਾ ਉਦਰੇਵਾਂ ਉਨ੍ਹਾਂ ਦੀ ਹਰ ਗੱਲ 'ਚੋਂ ਚਸਕਦਾ ਹੈ।
ਸਾਡੇ ਹਾਇਕੁ ਕਵੀਆਂ ਦਾ ਇਸ ਬਾਰੇ ਕੀ ਕਹਿਣਾ ਹੈ ? ਪੜ੍ਹਦੇ ਰਹਿਣਾ।
ਪ੍ਰੋ. ਦਵਿੰਦਰ ਕੌਰ ਸਿੱਧੂ 

1.
ਸੰਨ ਸੰਤਾਲ਼ੀ
ਬਟਵਾਰੇ ਦੇ ਦਿਨ
ਵੰਡੇ ਵਿਹੜੇ

2.
ਵਿਛੜੇ ਯਾਰ
ਲੁੱਕ-ਲੁੱਕ ਰੋਇਆ
ਸਾਂਝਾ ਪਿਆਰ

3.
ਘਾਤਕ ਵਾਰ
ਮੱਚੀ ਸੀ ਹਾਹਾਕਾਰ
ਸਾਂਦਲ ਬਾਰ

4.
 ਘਰ ਉੱਜੜੇ
ਲੋਕਾਂ ਦੀ ਬਰਬਾਦੀ
ਕੇਹੀ ਆਜ਼ਾਦੀ

5.
ਭੂਤਰੇ ਲੋਕ
ਵੱਡ-ਟੁੱਕ ਕਰਨ
ਗੁਲਾਮ ਸੋਚ

6.
ਪੰਛੀ ਉੱਡਿਆ
ਸਰਹੱਦ ਤੋਂ ਪਾਰ
ਟੱਪਿਆ ਤਾਰ

ਡਾ. ਹਰਦੀਪ ਕੌਰ ਸੰਧੂ
(ਬਰਨਾਲਾ-ਸਿਡਨੀ)

14 Aug 2012

ਆਜ਼ਾਦੀ ਬਨਾਮ ਸੰਨ ਸੰਤਾਲੀ - 2

ਹਾਇਕੁ-ਲੋਕ ਮੰਚ 'ਤੇ ਅਸੀਂ  13 ਅਗਸਤ ਤੋਂ 19 ਅਗਸਤ ਤੱਕ 'ਆਜ਼ਾਦੀ ਹਫ਼ਤਾ' ਮਨਾ ਰਹੇ ਹਾਂ। ਅੱਜ ਦੀ ਤਾਰੀਖ 'ਚ " ਆਜ਼ਾਦੀ" ਹਰ ਇੱਕ ਲਈ ਵੱਖੋ-ਵੱਖਰੇ ਮਾਅਨੇ ਰੱਖਦੀ ਹੈ।
ਆਜ਼ਾਦੀ-ਆਜ਼ਾਦੀ-ਆਜ਼ਾਦੀ
ਕਿੰਨਾ ਖੁਸ਼ੀ ਭਰਿਆ ਖਿਆਲ ਹੈ
ਪੌਣਾਂ ਦੇ ਮਹਿਕਣ ਵਰਗਾ.......
ਆਜ਼ਾਦੀ ਦਾ ਇਹ ਅਹਿਸਾਸ ਹੋਣ ਤੋਂ ਪਹਿਲਾਂ ਹੀ ਫਿਰਕੁਪੁਣੇ ਦੀ  ਅੱਗ 'ਚ ਕੁੱਲ  ਪੰਜਾਬ ਆ ਗਿਆ ਤੇ ਪੰਜਾਬੀ  ਮਾਂ ਭੂਮੀ ਵੰਡੀ ਗਈ । ਮੇਰੀ ਸਰ-ਜ਼ਮੀਨ ਜਦੋਂ ਪਾਟੀ ਤਾਂ ਅਸੀਂ ਲੁੱਟੇ ਗਏ ।ਮਾਂ ਦੇ ਟੋਟੇ ਕਰ , ਆਪਣੀ ਝੱਗੀ ਫੂਕ ਲੋਕਾਂ ਨੂੰ ਤਮਾਸ਼ਾ ਦਿਖਾਇਆ ।
ਸਾਡੇ ਹਾਇਕੁ ਕਵੀਆਂ ਦਾ ਆਜ਼ਾਦੀ ਬਾਰੇ ਕੀ ਖਿਆਲ ਹੈ ? ਆਉਂਦੇ ਦਿਨਾਂ 'ਚ ਪੜ੍ਹਦੇ ਰਹਿਣਾ।
ਪ੍ਰੋ. ਦਵਿੰਦਰ ਕੌਰ ਸਿੱਧੂ

1.
ਕੇਹੀ ਆਜ਼ਾਦੀ  
ਨੇਤਾ ਭਰਦੇ ਪੇਟ
ਭੁੱਖੇ ਨੇ ਲੋਕ

2.
ਵੰਡ ਕੇ ਦੇਸ਼
ਅੰਗਰੇਜ਼ਾਂ ਦੇ ਸਿਰ
ਮੜ੍ਹਿਆ ਦੋਸ਼

3.
ਖਿੱਚ ਲਕੀਰ
ਘੜਿਆ ਨਵਾਂ ਦੇਸ਼
ਬੇਘਰ ਲੋਕ

4.
ਖੇਡੀ ਸੀ ਚਾਲ
ਭਰਕੇ ਨਫ਼ਰਤ
ਦੋ ਕੌਮਾਂ ਵਿੱਚ

ਵਰਿੰਦਰਜੀਤ  ਸਿੰਘ ਬਰਾੜ
(ਬਰਨਾਲਾ )
ਨੋਟ: ਇਹ ਪੋਸਟ ਹੁਣ ਤੱਕ 43 ਵਾਰ ਖੋਲ੍ਹ ਕੇ ਪੜ੍ਹੀ ਗਈ ।

13 Aug 2012

ਆਜ਼ਾਦੀ ਬਨਾਮ ਸੰਨ ਸੰਤਾਲ਼ੀ -1

ਹਾਇਕੁ-ਲੋਕ ਮੰਚ 'ਤੇ ਅਸੀਂ  13 ਅਗਸਤ ਤੋਂ 19 ਅਗਸਤ ਤੱਕ 'ਆਜ਼ਾਦੀ ਹਫ਼ਤਾ' ਮਨਾ ਰਹੇ ਹਾਂ। ਅੱਜ ਦੀ ਤਾਰੀਖ 'ਚ " ਆਜ਼ਾਦੀ" ਹਰ ਇੱਕ ਲਈ ਵੱਖੋ-ਵੱਖਰੇ ਮਾਅਨੇ ਰੱਖਦੀ ਹੈ। ਭਾਰਤ 'ਚ ਜਿੱਥੇ ਬੱਚਿਆਂ ਲਈ ਇਹ ਮਹਿਜ਼ ਇੱਕ ਛੁੱਟੀ ਦਾ ਦਿਨ ਹੈ ਓਥੇ ਸਰਕਾਰੀ ਕਰਮਚਾਰੀ ਮੂੰਹ ਜਿਹਾ ਲਟਕਾ ਕੇ ਆਜ਼ਾਦੀ ਦਿਵਸ ਮਨਾਉਂਦੇ ਹਨ ਕਿਓਂ ਜੋ ਉਹਨਾਂ ਦੀ ਛੁੱਟੀ ਖਰਾਬ ਹੋ ਜਾਂਦੀ ਹੈ। 
ਆਜ਼ਾਦੀ-ਆਜ਼ਾਦੀ-ਆਜ਼ਾਦੀ
ਕਿੰਨਾ ਖੁਸ਼ੀ ਭਰਿਆ ਖਿਆਲ ਹੈ
ਪੰਛੀਆਂ ਦੇ ਚਹਿਕਣ ਵਰਗਾ.......
'ਆਜ਼ਾਦੀ' ਸ਼ਬਦ ਛੋਟੀ ਉਮਰੇ ਹੀ ਸਾਡੇ ਜ਼ਹਿਨ 'ਚ ਘਰ ਕਰ ਗਿਆ ਸੀ, ਜਦੋਂ ਸਰਾਭੇ ਤੇ ਭਗਤ ਸਿੰਘ ਬਾਰੇ ਨਜ਼ਮਾਂ ਪੜ੍ਹਦੇ ਤੇ ਉਨ੍ਹਾਂ ਨੂੰ ਸਜਦੇ ਕਰਦੇ ਨਹੀਂ ਥੱਕੀਦਾ ਸੀ। ਬੜਾ ਕੁਝ ਸੁਣਦੇ ਰਹੇ ਹਾਂ ਕਿ ਆਜ਼ਾਦੀ ਬੜੇ ਮਹਿੰਗੇ ਭਾਅ ਖਰੀਦੀ  ਹੈ। ਅਨੇਕਾਂ ਜਾਨਾਂ ਦੀਆਂ ਅਹੂਤੀਆਂ ਦੇ ਕੇ ਦੇਸ਼ ਆਜ਼ਾਦ ਕਰਵਾਇਆ ਹੈ। 
ਸਾਡੇ ਹਾਇਕੁ ਕਵੀਆਂ ਦਾ ਆਜ਼ਾਦੀ ਬਾਰੇ ਕੀ ਖਿਆਲ ਹੈ ? ਆਉਂਦੇ ਦਿਨਾਂ 'ਚ ਪੜ੍ਹਦੇ ਰਹਿਣਾ।
ਪ੍ਰੋ. ਦਵਿੰਦਰ ਕੌਰ ਸਿੱਧੂ ਤੇ ਡਾ. ਹਰਦੀਪ ਕੌਰ ਸੰਧੂ 


1.
ਸੁੱਕਿਆ ਰੁੱਖ
ਸਹਿਮ ਗਏ ਪੰਛੀ
ਸੰਨ ਸੰਤਾਲੀ

2.
ਵਿਚਾਲ਼ੇ ਤਾਰ
ਵਿੱਛੜ ਗਏ ਯਾਰ
ਸੰਨ ਸੰਤਾਲੀ

3.
ਕੱਟ ਕੇ ਪਰ
ਆਖਦੇ ਨੇ ਸ਼ਿਕਾਰੀ
ਭਰੋ ਉਡਾਣ

4.
ਹੋਏ ਅਜ਼ਾਦ
ਰੋਵਣ ਪੰਜ-ਆਬ
ਦਿਲ ਉਦਾਸ

5.
ਦੋ-ਦੋ ਪੰਜਾਬ
ਮਾਂ ਬੋਲੀ ਗਰੀਬੜੀ
ਹਾਏ ਓ ਰੱਬਾ

ਬਾਜਵਾ ਸੁਖਵਿੰਦਰ
ਪਿੰਡ-ਮਹਿਮਦ ਪੁਰ
ਜ਼ਿਲਾ-ਪਟਿਆਲਾ
ਨੋਟ: ਇਹ ਪੋਸਟ ਹੁਣ ਤੱਕ 95 ਵਾਰ ਖੋਲ੍ਹ ਕੇ ਪੜ੍ਹੀ ਗਈ ।

11 Aug 2012

ਮੋਮਬੱਤੀਆਂ


1.
ਪਾਟਿਆ ਨੋਟ 
ਗੁਰਦੁਆਰੇ ਟੇਕੇ
ਨਾ ਚੱਲਿਆ ਜੋ।
2.
ਮਾਂ ਨੂੰ ਫੜ੍ਹਾਵੇ
ਚਾਬੀਆਂ ਵਾਲ਼ਾ ਗੁੱਛਾ 
ਸੱਸ ਤੋਂ ਫੜ੍ਹੇ ।
3.
ਮੋਮਬੱਤੀਆਂ 
ਚਾਨਣ ਕਰਦੀਆਂ
ਆਪ ਸੜਕੇ ।

ਕਮਲ ਸੇਖੋਂ
(ਪਟਿਆਲਾ)

7 Aug 2012

ਖੱਚਰ ਤੋਰ


1.
ਕੁੱਤੇ ਵੀ ਫੇਲ
ਸਾਇਕਲ ਨਕਾਰਾ
ਹੱਸਣ ਬੱਚੇ 
2.
ਧੀਦੋ ਆਇਆ
ਨੈੱਟ ਗਰਮਾਇਆ
ਖੁਸ਼ੀਆਂ ਵੰਡੇ 
3.
ਰਾਂਝਾ ਬੋਲਿਆ
ਇਹ ਨਹੀਂ ਤਾਂ ਹੋਰ
ਖੱਚਰ ਤੋਰ

ਜਨਮੇਜਾ ਸਿੰਘ ਜੌਹਲ
(ਲੁਧਿਆਣਾ)

5 Aug 2012

ਹਨ੍ਹੇਰੀ ਰਾਤ

1.
ਹਰ ਇਲਾਜ 
ਹੈ  ਇੰਟਰਨੈਟ 'ਤੇ 
ਤੈਨੂੰ  ਫਿਰ ਕੀ ਜਾਣਾਂ 
ਤੇਰਾ ਆਉਣਾ 
ਹਰ ਪਾਸੇ ਖੁਸ਼ਬੂ 
ਮੇਰੀ ਏਹੀ ਆਰਜ਼ੂ। 
2.
ਹਨ੍ਹੇਰੀ ਰਾਤ 
ਸਵੇਰ ਤੱਕ ਰਹਿ 
ਦਿਲ ਦੀ ਗੱਲ ਕਹਿ
ਉਦਾਸ ਗੀਤ
ਕਿਓਂ ਗੁਣਗੁਣਾਵੇਂ
ਦਿਲ ਪੰਛੀ ਰੁਵਾਵੇਂ। 


ਡਾ. ਸ਼ਿਆਮ ਸੁੰਦਰ 'ਦੀਪਤੀ'
(ਅੰਮ੍ਰਿਤਸਰ)

3 Aug 2012

ਓਲੰਪਿਕ ਖੇਡਾਂ - 2012

27 ਜੁਲਾਈ 2012 ਨੂੰ ਲੰਡਨ ਵਿੱਚ ਸ਼ੁਰੂ ਹੋਈਆਂ ਓਲੰਪਿਕ ਖੇਡਾਂ ਸਾਰਿਆਂ ਦੇ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਓਲੰਪਿਕ ਮਸ਼ਾਲ ਲੈ ਕੇ ਦੌੜੇ 101 ਸਾਲਾ ਬਾਬਾ ਫੌਜਾ ਸਿੰਘ ਨੇ ਪੰਜਾਬੀਆਂ ਦਾ ਸਿਰ ਮਾਣ ਨਾਲ਼ ਉੱਚਾ ਕੀਤਾ ਹੈ। ਲਓ ਪੇਸ਼ ਹਨ ਓਲੰਪਿਕ ਝਲਕੀਆਂ ਹਾਇਕੁ/ ਹਾਇਗਾ ਦੀ ਜ਼ੁਬਾਨੀ..........


1.
ਟੀ. ਵੀ. 'ਤੇ ਵੇਖਾਂ
ਓਲੰਪਿਕ ਪਰੇਡ
ਲੱਭਾਂ ਤਰੰਗਾ

2.
ਭਾਰਤੀ ਟੀਮਾਂ
ਪਰੇਡ 'ਚ ਸ਼ਾਮਲ
ਫੜ੍ਹ ਤਰੰਗਾ


3.

ਪੰਜਾਬੀ ਬਾਬਾ
ਲੈ ਉੱਡਿਆ ਮਸ਼ਾਲ
ਕੀਤਾ ਕਮਾਲ

4.
ਲੰਡਨ ਖੇਡਾਂ
ਨੀਲੇ-ਨੀਲੇ ਘਾਹ 'ਤੇ
ਖੇਡਣ ਹਾਕੀ 

5.

ਨੀਲਾ ਤਲਾਬ
ਕੁੜੀਆਂ ਤੈਰਦੀਆਂ
ਸ਼ੋਖ ਮੱਛੀਆਂ


6.
ਜਿਮਨਾਸਟ
ਮੋੜਦੀ ਅੰਗ-ਅੰਗ
ਰੱਬੜ ਗੁੱਡੀ 

7. 
 ਕੁੜੀਆਂ ਖੇਡੀ
ਰੇਤੇ 'ਤੇ ਵਾਲੀਬਾਲ
ਧੱਸਣ ਪੈਰ 

8.
ਸ਼ਿੰਗਾਰ ਘੋੜੀ
ਕਲਾਬਾਜ਼ੀਆਂ ਪਾਵੇ
ਸੋਹਣੀ ਨੱਢੀ 

9. 
ਸ਼ੋਖ ਅਦਾਵਾਂ
ਸਮਕਾਲੀ ਤੈਰਾਕੀ
ਪਾਣੀ 'ਚ ਨਾਚ 




ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ)


ਨੋਟ: ਇਹ ਪੋਸਟ ਹੁਣ ਤੱਕ 79 ਵਾਰ ਖੋਲ੍ਹ ਕੇ ਪੜ੍ਹੀ ਗਈ ।