ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Apr 2018

ਵਿਦਾ (ਮਿੰਨੀ ਕਹਾਣੀ) ਡਾ. ਹਰਦੀਪ ਕੌਰ ਸੰਧੂ

Image result for good bye
ਇੱਕ ਅਰਸਾ ਪਹਿਲਾਂ ਉਹ ਆਪਣਾ ਘਰ ਪਰਿਵਾਰ ਤਿਆਗ ਕਿਸੇ ਹੋਰ ਦਾ ਬਣ ਗਿਆ ਸੀ। ਪਰ ਹੁਣ ਉਹ ਆਪਣੇ ਘਰ ਫ਼ੇਰ ਪਰਤ ਆਇਆ ਸੀ। ਉਹ ਕੋਈ ਬੁੱਧ ਨਹੀਂ ਸੀ ਜੋ ਆਪਣੀ ਯਸ਼ੋਧਰਾ ਤੋਂ ਆਪਣੀ ਮੁਕਤੀ ਲਈ ਵਿਦਾ ਲੈਣ ਆਇਆ ਹੋਵੇ। ਉਹ ਤਾਂ ਹੁਣ ਏਥੇ ਹੀ ਰਹਿਣ ਆਇਆ ਸੀ। ਦੋਹਾਂ ਵਿੱਚੋਂ ਪਤਾ ਨਹੀਂ ਉਸ ਨੇ ਕਿਹੜੀ ਔਰਤ ਨੂੰ ਆਪਣੇ 'ਚੋਂ ਕਦੋਂ ਤੇ ਕਿਵੇਂ ਵਿਦਾ ਕੀਤਾ ਹੋਣਾ ? 
ਉਸ ਦੀ ਪਤਨੀ ਨੇ ਬਿਨਾਂ ਕੋਈ ਸਵਾਲ ਕੀਤਿਆਂ ਇੱਕ ਅਣਕਹੀ ਵਿਦਾ ਸਮੇਤ ਉਸ ਨੂੰ ਫ਼ੇਰ ਆਪਣਾ ਲਿਆ ਸੀ। ਉਹ ਪਲਕਾਂ ਬੰਦ ਕਰਕੇ ਵੀ ਜਾਗ ਰਹੀ ਸੀ। ਜੋ ਵਰ੍ਹਿਆਂ ਪਹਿਲਾਂ ਜਾ ਚੁੱਕਾ ਸੀ ਉਸ ਦੇ ਕਾਸੇ 'ਚ ਵਿਦਾ ਪਾਉਣ ਦੇ ਸਿਵਾਏ ਪਤਨੀ ਕੋਲ਼ ਕੁਝ ਵੀ ਬਚਿਆ ਨਹੀਂ ਸੀ। ਜਵਾਨ ਪੁੱਤ ਨੂੰ ਆਪਣੀ ਮਾਂ ਨਿਹਾਇਤ ਹੀ ਕਮਜ਼ੋਰ ਤੇ ਲਾਚਾਰ ਲੱਗਦੀ ਸੀ। ਪਰ ਉਹ ਨਹੀਂ ਜਾਣਦਾ ਕਿ ਅਜਿਹੀ ਵਿਦਾ ਕਹਿਣ ਲਈ ਕਿੰਨੀ ਹਿੰਮਤ, ਧੀਰਜ ਤੇ ਸਹਿਣਸ਼ੀਲਤਾ ਦੀ ਲੋੜ ਹੁੰਦੀ ਹੈ। 

* ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ 

ਡਾ. ਹਰਦੀਪ ਕੌਰ ਸੰਧੂ 

ਕਾਂਵਾਂ ਰੌਲ਼ੀ ( ਮਿੰਨੀ ਕਹਾਣੀ )

ਬਾਬਾ ਅਤੇ ਪੋਤਾ ਦਰਵਾਜੇ ਵਿੱਚ ਬੈਠੇ ਅਖ਼ਬਾਰ ਪੜ੍ਹ ਰਹੇ ਸਨ । ਬਾਬਾ ਮੁੱਖ ਸਫਾ ਦੇਖਦਿਆਂ  ਬੋਲਿਆ ,  " ਅਾਹ ਫੇਰ ਹੋ ਗਏ ,  ਵਿਧਾਇਕ ਜੁੱਤਮ -ਜੁੱਤੀ , ਤੀਜੇ- ਕੁ ਦਿਨ ਕੁੱਤ-ਕਲੇਸ਼ ਪਾ ਲੈਂਦੇ ਐ , ਮੈਨੂੰ ਤਾਂ ਦਾਲ 'ਚ ਕੁਝ ਕਾਲ਼ਾ ਲਗਦੈ '' 
  ਅਜੇ ਬਾਬਾ ਹੋਰ ਕੁਝ ਬੋਲਣ ਹੀ ਲੱਗਾ ਸੀ ਕਿ ਪੋਤਾ ਵਿੱਚੋਂ ਹੀ ਮੈਗਜ਼ੀਨ ਪੰਨਾ ਚੁੱਕਦਾ ਹੋਇਅਾ ਬੋਲ ਪਿਆ , 
  " ਬਾਪੂ , ਰਾਜਨੀਤੀ ਦੀਅਾਂ ਗੱਲਾਂ ਮੈ ਫੇਰ ਸੁਣੂ , ਪਹਿਲਾਂ ਮੈਥੋਂ ਆਹ ਕਹਾਣੀ ਸੁਣੋ ,  ਇੱਕ  ਛੱਪੜ ਵਿੱਚੋਂ ਬਗਲੇ ਅਤੇ ਕਾਂ ਮੱਛੀਆਂ ਖਾਣ ਲਈ ਅਾੳੁਂਦੇ ਸਨ , ਮੱਛੀਆਂ ਅਾਪਣੇ ਬਚਾਅ ਲਈ ਚੀਕਾਂ ਮਾਰਨ ਲੱਗ ਜਾਂਦੀਆਂ ਸਨ ।     ਜਦੋ ੳੁਹਨਾ ਦੀਅਾਂ ਚੀਕਾਂ ਸੁਣ ਕੇ  ਅਾਸੇ ਪਾਸੇ ਦੇ ਲੋਕ ਅਾ ਜਾਂਦੇ ਤਾਂ ਕਾਂਵਾਂ ਅਤੇ ਬਗਲਿਅਾਂ ਨੂੰ ਭਾਜੜਾਂ ਪੈ ਜਾਂਦੀਅਾ ਸਨ । ਇੱਕ ਦਿਨ ਕਾਂਵਾਂ ਅਤੇ ਬਗਲਿਅਾਂ ਨੇ ਇਕੱਠੇ  ਹੋ ਕੇ ਸਕੀਮ ਬਣਾਈ ਕਿ ਜਦੋਂ ਇੱਕ ਟੋਲੀ ਮੱਛੀਆਂ ਖਾੳੂ ਤਾਂ ਦੂਜੀ ਕਿਨਾਰੇ ੳੁੱਤੇ ਬੈਠ ਕੇ ਚੀਕਾਂ ਮਾਰਿਆ ਕਰੂ  ਤਾਂ ਕਿ ਮੱਛੀਆਂ ਦੀ ਚੀਕਾਂ ਕਿਸੇ ਨੂੰ ਨਾ ਸੁਣਨ , ਏਸ ਤਰ੍ਹਾ ਕਾਂਵਾਂ-ਰੌਲ਼ੀ ਮੱਛੀਅਾਂ ਦੀਅਾਂ ਚੀਕਾਂ ਵਿੱਚੇ ਰੋਲ਼ ਦਿੰਦੀ ਅਤੇ ਬਗਲੇ ਮੱਛੀਅਾਂ ਖਾ ਕੇ ਭੱਜ ਜਾਦੇ , ਜਦੋਂ ਕਾਵਾਂ ਨੇ ਖਾਣੀਅਾਂ ਹੁੰਦੀਅਾ ਤਾਂ ਬਗਲੇ ਰੌਲਾ  ਪਾੳੁਣ ਲੱਗ ਜਾਂਦੇ ਸਨ । 
    ਕਿੰਨੀ ਸੋਹਣੀ ਕਹਾਣੀ ਅੈ ਹਨਾਂ ਬਾਪੂ ? ਹੁਣ ਤੁਸੀਂ ਸੁਣਾਓ ਰਾਜਨੀਤੀ ਵਾਲ਼ੀ ਗੱਲਬਾਤ "            
       ਪੋਤਾ ਕਹਾਣੀ ਖ਼ਤਮ ਕਰ ਕੇ ਬੋਲਿਆ ।
        " ਪੁੱਤਰਾ , ਹੁਣ ਮੈ ਕੀ ਸੁਣਾਵਾਂ , ਸਾਰਾ ਕੁਝ ਤਾਂ ਤੇਰੀ ਅੈਹ ਕਹਾਣੀ ਆਖ ਗਈ ਅੈ " 
     ਬਾਪੂ ਏਹ ਬੋਲ ਕੇ ਬਾਹਰ ਗਲੀ ਵੱਲ ਤੁਰ ਪਿਆ ।
     
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205

26 Apr 2018

ਲਵ ਮੈਰਿਜ (ਮਿੰਨੀ ਕਹਾਣੀ) ਡਾ. ਹਰਦੀਪ ਕੌਰ ਸੰਧੂ

Related image
ਉਹ ਵਰ੍ਹਿਆਂ ਤੋਂ ਵਿਦੇਸ਼ ਵਿੱਚ ਸੀ। ਪੰਜਾਬ 'ਚ ਮੁੜ ਉਸ ਦਾ ਜਾਣਾ ਕਦੇ ਨਾ ਹੋਇਆ। ਚੁਰਾਸੀ ਕਤਲੇਆਮ ਦੌਰਾਨ ਉਸ ਦੇ ਟੱਬਰ ਨੂੰ ਪੁਲਿਸ ਨੇ ਮਾਰ ਦਿੱਤਾ ਸੀ ਤੇ ਉਹ ਆਪਣੀ ਜਾਨ ਬਚਾ ਕੇ ਦੇਸੋਂ ਭੱਜਾ ਸੀ। ਛੋਟੀ ਭੈਣ ਕਿਧਰੇ ਲੁਕੀ ਹੋਣ ਕਾਰਨ ਬਚ ਗਈ ਸੀ। ਅੱਜ ਉਹ ਆਪਣੀ ਹੋਣ ਵਾਲ਼ੀ ਪਤਨੀ ਨੂੰ ਹਵਾਈ ਅੱਡੇ ਤੋਂ ਲੈਣ ਜਾ ਰਿਹਾ ਸੀ। 
ਆਪਣੀ ਸਹਿਕਰਮੀ ਇੱਕ ਗੋਰੀ ਟੈਕਸੀ ਚਾਲਕ ਨਾਲ਼ ਉਸ ਨੇ ਆਪਣੀ ਖੁਸ਼ੀ ਸਾਂਝੀ ਕੀਤੀ, "ਮੇਰੀ ਹਮਸਾਥਣ ਦੀ ਚੋਣ ਮੇਰੀ ਭੈਣ ਨੇ ਕੀਤੀ ਹੈ।" 
"ਤੇ ਜੇ ਅਜਿਹਾ ਮੇਰੀ ਭੈਣ ਕਰਦੀ ਤਾਂ ਬਹੁਤ ਬੁਰਾ ਹੁੰਦਾ। ਮੈਂ ਕਦੇ ਵਿਆਹ ਨਾ ਕਰਾਉਂਦੀ। " 
"ਤਾਹੀਓਂ ਤਾਂ ਤੇਰੇ ਵਰਗੀਆਂ ਉਮਰ ਭਰ 'ਕੱਲੀਆਂ ਹੀ ਹੁੰਦੀਆਂ ਨੇ। "
"ਪਤਾ ਨੀ ਤੁਸੀਂ ਲੋਕ ਅਜਿਹੇ ਵਿਆਹ ਕਿਵੇਂ ਕਰਵਾ ਲੈਂਦੇ ਹੋ?"
" ਸਾਡੇ ਟੱਬਰ ਸਾਨੂੰ ਬਹੁਤ ਤੇਹ ਕਰਦੇ ਨੇ ਤੇ ਸਾਡੀ ਰਗ ਰਗ ਤੋਂ ਜਾਣੂ ਵੀ ਹੁੰਦੇ ਨੇ। ਉਨ੍ਹਾਂ ਦੀ ਕੀਤੀ ਚੋਣ ਸਹੀ ਹੀ ਹੁੰਦੀ ਹੈ ਤੇ ਥੋਡੀ ਖੁਦ ਦੀ ਕੀਤੀ ਚੋਣ 'ਚ ਪਿਆਰ ਤੇ ਅਪਣੱਤ ਨਾਲ਼ੋਂ ਹਉਮੈ ਮੱਲੋ -ਮੱਲੀ ਪਹਿਲਾਂ ਹੀ ਭਾਰੂ ਹੋ ਜਾਂਦੈ। "
*ਮਿੰਨੀ ਕਹਾਣੀ ਸੰਗ੍ਰਹਿ 'ਚੋਂ 

ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ ਹੈ। 

25 Apr 2018

ਟਰੰਕ (ਮਿੰਨੀ ਕਹਾਣੀ) ਡਾ. ਹਰਦੀਪ ਕੌਰ ਸੰਧੂ

Image result for old iron  coloured trunk
ਸਾਦਾ ਜਿਹਾ ਘਰ ਤੇ ਸਾਦੇ ਜਿਹੇ ਘਰ ਵਾਲ਼ੇ। ਪਤੀ ਦੀ ਸਰਕਾਰੀ ਨੌਕਰੀ ਨਾਲ਼ ਟੱਬਰ ਦਾ ਸੋਹਣਾ ਗੁਜ਼ਾਰਾ ਹੋਈ ਜਾਂਦਾ। ਦੋ ਕਮਰਿਆਂ ਦੇ ਛੋਟੇ ਜਿਹੇ ਘਰ ਦੀ ਮੂਹਰਲੀ ਬੈਠਕ ਨੂੰ ਬੀਬੀ ਕਰੀਨੇ ਨਾਲ ਸਜਾਈ ਰੱਖਦੀ । ਪ੍ਰਾਹੁਣਿਆਂ ਦੀ ਦਿਲ ਖੋਲ੍ਹ ਕੇ ਆਓ ਭਗਤ ਕਰਨਾ ਵੀ ਉਸ ਦੇ ਸੁਭਾਅ 'ਚ ਸ਼ਾਮਿਲ ਸੀ। ਢਾਈ ਕੁ ਵਰ੍ਹਿਆਂ ਦੀ ਨਿੱਕੜੀ ਵੀ ਘਰ 'ਚ ਖਿਲਰੇ ਨਿੱਕ -ਸੁੱਕ ਨੂੰ ਮਾਂ ਵਾਂਗੂ ਹੀ ਸਾਂਭਦੀ ਰਹਿੰਦੀ। 
ਉਸ ਦਿਨ ਘਰੇ ਆਏ ਪ੍ਰਾਹੁਣਿਆਂ ਨਾਲ਼ ਆਈ ਸੱਤਾਂ -ਅੱਠਾਂ ਕੁ ਮਹੀਨਿਆਂ ਦੀ ਕਾਕੀ ਨੇ ਸਫ਼ਰ ਦੀ ਬੇਅਰਾਮੀ ਪਿੱਛੋਂ ਬੇਜ਼ਾਰ ਰੋਣਾ ਸ਼ੁਰੂ ਕਰ ਦਿੱਤਾ।ਕਾਕੀ ਦੀ ਮਾਂ ਨੇ ਉਸ ਨੂੰ ਵਰਾਉਂਦਿਆਂ ਨਿੱਕੜੀ ਨੂੰ ਕਿਹਾ, " ਜਾ ਭੱਜ ਕੇ ਆਪਣਾ ਛੁਣਛੁਣਾ ਲਿਆ। " ਕੋਈ ਛੁਣਛੁਣਾ ਤਾਂ ਨਾ ਲੱਭਾ ਪਰ ਉਸ ਨੇ ਆਪਣੀ ਨਵੀਂ ਕਾਰ ਖੇਡਣ ਲਈ ਲਿਆ ਕੇ ਦੇ ਦਿੱਤੀ। ਕਾਕੀ ਖੇਡਦੀ ਖੇਡਦੀ ਕੁਝ ਚਿਰ ਬਾਦ ਸੌਂ ਗਈ। 
ਨਿੱਕੜੀ ਆਪਣੀ ਕਾਰ ਝੱਟ ਇੱਕ ਟਰੰਕ 'ਚ ਸਾਂਭ ਆਈ। ਕਾਕੀ ਦੀ ਮਾਂ ਨੇ ਖਚਰਾ ਜਿਹਾ ਹਾਸਾ ਹੱਸਦਿਆਂ ਕਿਹਾ, " ਹਾ ਹਾ ਹਾ, ਲੋਕ ਆਪਣੀਆਂ ਕਾਰਾਂ ਗੈਰਜ਼ 'ਚ ਖੜ੍ਹਾਉਂਦੇ ਨੇ, ਤੂੰ ਟਰੰਕ 'ਚ ਖੜ੍ਹਾ ਆਈਂ ਏਂ।" ਡੌਰ -ਭੌਰ ਖੜ੍ਹੀ ਨਿੱਕੜੀ ਨੂੰ ਅੰਤਾਂ ਦੇ ਸਬਰ ਵਾਲ਼ੀ ਉਸ ਦੀ ਮਾਂ ਨੇ ਆਪਣੀ ਬੁੱਕਲ਼ 'ਚ ਲੈਂਦਿਆਂ ਆਈ ਪ੍ਰਾਹੁਣੀ ਬੀਬੀ ਨੂੰ ਕਿਹਾ, " ਇਹ ਟਰੰਕ ਹੀ ਸਾਡਾ ਗਰਾਜ਼ ਹੈ।"
* ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ 

ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 10 ਵਾਰ ਪੜ੍ਹੀ ਗਈ ਹੈ। 

* ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ 



24 Apr 2018

ਰੋਗੀ (ਮਿੰਨੀ ਕਹਾਣੀ )

Image result for sick iconਬਿਮਾਰ ਮਾਂ ਦਾ ਪਤਾ ਲੈਣ ਆਈ ਗੁਆਂਢਣ ਬੀਬੀ ਸਵੈ ਚਰਚਾ ਰਾਹੀਂ ਆਪਣੀ ਮੈਂ -ਮੈਂ ਨੂੰ ਪ੍ਰਬਲ ਕਰਦੀ ਕਿਸੇ ਸਵੈ ਦੀਰਘ ਰੋਗ ਦਾ ਪ੍ਰਗਟਾਵਾ ਕਰ ਗਈ। 

ਡਾ. ਹਰਦੀਪ ਕੌਰ ਸੰਧੂ 


ਨੋਟ : ਇਹ ਪੋਸਟ ਹੁਣ ਤੱਕ 80 ਵਾਰ ਪੜ੍ਹੀ ਗਈ ਹੈ। 
* ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ 

23 Apr 2018

ਮਨਫ਼ੀ ਰੂਹ (ਮਿੰਨੀ ਕਹਾਣੀ) -

Image result for sad young girl sketch
ਉਹ ਮਸੀਂ ਤੇਰਾਂ ਕੁ ਵਰ੍ਹਿਆਂ ਦੀ ਹੋਵੇਗੀ ਜਦੋਂ ਉਸ ਦੇ ਪਿਓ ਦੀ ਮੌਤ ਹੋ ਗਈ। ਉਹ ਬਿਲਕੁਲ ਹੀ ਰੋਈ ਨਹੀਂ ਸੀ। ਸਭ ਨੇ ਸੋਚਿਆ ਕਿ ਉਹ ਆਪਣੇ ਪਿਓ ਵਰਗੀ ਹੀ ਹੈ ਹਿੰਮਤੀ ਤੇ ਖੁਸ਼ਦਿਲ। ਟੱਬਰ ਦੇ ਜੀਆਂ ਨੇ ਆਪਣੀ ਆਪਣੀ ਪੀੜ ਨੂੰ ਆਪਣੇ ਅੰਦਰ ਹੀ ਸਮੋਈ ਰੱਖਿਆ। ਤੁਰ ਜਾਣ ਵਾਲ਼ੇ ਨੂੰ ਆਪਣੇ ਮਨਾਂ 'ਚ ਤਾਂ ਵਸਾਈ ਬੈਠੇ ਰਹੇ ਪਰ ਉਸ ਦਾ ਜ਼ਿਕਰ ਇੱਕ ਦੂਜੇ ਸਾਹਮਣੇ ਕਦੇ ਨਾ ਕੀਤਾ। ਘਰ 'ਚੋਂ ਉਸ ਦੀ ਰੂਹ ਆਤਮਿਕ ਤੌਰ 'ਤੇ ਮਨਫ਼ੀ ਨਾ ਹੋ ਕੇ ਵੀ ਮਨਫ਼ੀ ਹੁੰਦੀ ਗਈ । 
ਸਮੇਂ ਦੇ ਵਹਾਓ ਨਾਲ਼ ਉਹ ਹੌਲ਼ੀ ਹੌਲ਼ੀ ਅੰਦਰੋਂ ਅੰਦਰੀਂ ਭੁਰਦੀ ਗਈ। ਅਸਥਿਰ ਹੋਈ ਮਨੋਦਸ਼ਾ ਨੇ ਉਸ ਦੇ ਸਵੈ ਨਿਯੰਤ੍ਰਣ ਨੂੰ ਕਮਜ਼ੋਰ ਕਰ ਦਿੱਤਾ। ਚੂਰ ਚੂਰ ਹੋਏ ਆਤਮਵਿਸ਼ਵਾਸ ਨੇ ਕਿਸੇ ਵੀ ਕਾਰਜ ਨੂੰ ਆਰੰਭਣ ਤੋਂ ਪਹਿਲਾਂ ਹੀ ਹਾਰ ਮੰਨ ਲਈ। ਚੁਫ਼ੇਰੇ ਪਸਰੀ ਬੇਭਰੋਸਗੀ ਤੇ ਅਨਿਸ਼ਚਿਤਤਾ ਨੇ ਐਨਾ ਦੁਰਬਲ ਕਰ ਦਿੱਤਾ ਕਿ ਉਸ ਨੇ ਆਪਣੇ ਆਪੇ ਨੂੰ ਕਿਸੇ ਕਾਲ ਕੋਠੜੀ 'ਚ ਬੰਦ ਕਰ ਲਿਆ। 
ਉਸ ਦੇ ਡਿੱਗੇ ਮਨੋਬਲ ਨੂੰ ਠੁੰਮ੍ਹਣਾ ਦੇਣ ਲਈ ਮਨੋ -ਚਿਕਿਤਸਕ ਨੇ ਉਸ ਦੀ ਮਾਂ ਨੂੰ ਸਲਾਹ ਦਿੱਤੀ," ਟੱਬਰ ਨੂੰ ਰਲ਼ ਕੇ ਗੱਲਾਂ ਰਾਹੀਂ ਉਸ ਦੇ ਪਾਪਾ ਨੂੰ ਘਰ ਵਿੱਚ ਮੁੜ ਜੀਵੰਤ ਕਰਨਾ ਪਵੇਗਾ।" 
ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 120 ਵਾਰ ਪੜ੍ਹੀ ਗਈ ਹੈ। 
* ਮਿੰਨੀ ਕਹਾਣੀ ਸੰਗ੍ਰਹਿ ਵਿੱਚੋਂ 

21 Apr 2018

ਮਲੂਕ ਪਰੀ (ਹਾਇਬਨ)

Image result for breeze with flowers
ਰਾਤ ਦਾ ਪਿਛਲਾ ਪੱਖ ਸੀ। ਪਰ ਅਜੇ ਸੂਰਜ ਧਿਆਉਣ ਦਾ ਵੇਲ਼ਾ ਨਹੀਂ ਹੋਇਆ ਸੀ। ਘਰੇ ਇੱਕਲੀ ਹੋਣ ਕਰਕੇ ਅੱਜ ਫ਼ੇਰ ਉਸ ਦੀ ਨੀਂਦ ਅਚਾਨਕ ਉਖੜ ਗਈ ਸੀ। ਉਸ ਨੇ ਪਰਦਾ ਪਿਛਾਂਹ ਸਰਕਾਇਆ। ਇਉਂ ਲੱਗ ਰਿਹਾ ਸੀ ਜਿਵੇਂ ਅੰਬਰ ਤਾਂ ਅਜੇ ਵੀ ਨੀਂਦ 'ਚ ਬੇਹਰਕਤ ਡੂੰਘੇ ਸਾਹ ਲੈ ਰਿਹਾ ਹੋਵੇ। ਪਰ ਤਾਰਿਆਂ ਦੀ ਚਮਕੀਲੀ ਨਕਾਸ਼ੀ ਅੰਬਰ ਦੀ ਸੁਸਤੀ 'ਤੇ ਪਰਦਾ ਤਾਣ ਰਹੀ ਸੀ। ਓਸ ਅਕਾਸ਼ ਨਕਾਸ਼ੀ 'ਚੋਂ ਉਸ ਨੂੰ ਕਈ ਚਿਹਰੇ ਨਜ਼ਰ ਤਾਂ ਆਏ ਪਰ ਪੂਰਣ ਰੂਪ 'ਚ ਸਾਕਾਰ ਨਾ ਹੋ ਸਕੇ। 
ਕਮਰੇ ਦੀ ਕੰਧ ਘੜੀ 'ਤੇ ਨਜ਼ਰ ਪੈਂਦਿਆਂ ਹੀ ਉਸ ਦੀ ਸੋਚ ਉਸ ਪਲ ਦੀਆਂ ਜਮਾਂ ਤਕਸੀਮਾਂ 'ਚ ਉਲਝੀ ਦੁਰੇਡੇ ਪੜ੍ਹਦੇ ਆਪਣੇ ਬੱਚਿਆਂ ਕੋਲ਼ ਜਾ ਅੱਪੜੀ ਸੀ। ਪਾਣੀ ਦਾ ਘੁੱਟ ਭਰ ਉਹ ਅਵਚੇਤਨ ਹੀ ਉਨ੍ਹਾਂ ਨਾਲ਼ ਗੱਲੀਂ ਲੱਗ ਗਈ। ਉਸ ਦਾ ਅਸੀਮ ਮਨ ਉਨ੍ਹਾਂ ਨੂੰ ਸਫ਼ਲਤਾ ਦਾ ਨਵਾਂ ਵਰਕਾ ਬਣਨ ਦੀਆਂ ਦੁਆਵਾਂ ਦੇ ਰਿਹਾ ਸੀ । ਪਰ ਫ਼ੇਰ ਵੀ ਘੜੀ ਮੁੜੀ ਉਸ ਦੀ ਨਿਗ੍ਹਾ ਸਾਹਮਣੇ ਲਟਕਦੀ ਕੰਧ ਘੜੀ 'ਤੇ ਜਾ ਟਿਕਦੀ ਸੀ। ਹੁਣ ਉਹ ਮੁੜ ਸੌਣ ਦੀ ਅਸਫ਼ਲ ਕੋਸ਼ਿਸ਼ ਵੀ ਕਰ ਰਹੀ ਸੀ । 
ਉਸ ਦੀ ਸੰਧੂਰੀ ਖ਼ਿਆਲ ਉਡਾਰੀ 'ਚ ਕਿੰਨਾ ਸਮਾਂ ਬੀਤ ਗਿਆ ਸ਼ਾਇਦ ਉਸ ਨੂੰ ਕੋਈ ਅੰਦਾਜ਼ਾ ਨਹੀਂ ਸੀ। ਕਦੇ ਕਦੇ ਬਨ੍ਹੇਰੇ 'ਤੇ ਠੁੰਗਾਂ ਮਾਰਦੇ ਪੰਛੀਆਂ ਦੀ ਆਵਾਜ਼ ਉਸ ਨੂੰ ਸੁਣਾਈ ਦੇ ਜਾਂਦੀ। ਫ਼ੇਰ ਕੁਝ ਦੇਰ ਬਾਦ ਤਾਜ਼ੀ ਹਵਾ ਦਾ ਕੋਈ ਬੁੱਲਾ ਪਰਦੇ ਵਿੱਚੋਂ ਝਰਦਾ ਕਿਸੇ ਅਕਹਿ ਮਿੱਠੇ ਸੁਰ 'ਚ ਭੇਦ ਦੀਆਂ ਬਾਤਾਂ ਪਾਉਂਦਾ ਉਸ ਦੀ ਰੂਹ ਨੂੰ ਸੁਪਨਈ ਨੀਲੇ ਖ਼ਲਾਹ 'ਚ ਲੈ ਜਾਂਦਾ ਜਾਪਿਆ। ਜਾਗੋ ਮੀਚੀ 'ਚ ਉਸ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਉਹ ਉਸ ਦੀ ਬੁੱਕਲ਼ 'ਚ ਆਣ ਸਮੋਈ ਸੀ। ਜੂਹੀ ਦੇ ਫ਼ੁੱਲ ਵਰਗੀ ਨਿਰੀ ਮੋਮ ਦੀ ਗੁੱਡੀ ਜਿਹੀ। ਉਹ ਤਾਂ ਕੋਈ ਕੋਹ ਕਾਫ਼ ਦੀ ਹੂਰ ਹੀ ਲੱਗ ਰਹੀ ਸੀ। ਪੁਰੇ ਦੀ ਪੌਣ ਵਰਗੀ, ਨੀਝ ਲਾ ਕੇ ਤਰਾਸ਼ੀ ਸੰਗਮਰਮਰ ਦੀ ਸੋਹਣੀ ਮੂਰਤ ਜਿਹੀ। ਉਹ ਕੋਈ ਹੋਰ ਨਹੀਂ ਉਸ ਦੀ ਧੀ ਹੀ ਸੀ। 
ਕਹਿੰਦੇ ਨੇ ਕਿ ਜਦੋਂ ਕੋਈ ਚਾਵਾਂ ਦਾ ਨਿਉਂਦਾ ਅਚਾਨਕ ਝੋਲ਼ੀ ਆਣ ਪੈਂਦਾ ਹੈ ਤਾਂ ਦਿਲੀ ਉਮਾਹ ਆਪੂੰ ਹੁਲਾਰੇ ਲੈਣ ਲੱਗ ਪੈਂਦੇ ਨੇ, " ਤੂੰ ਐਨੇ ਸਾਜਰੇ ਕਿਵੇਂ ਆ ਗਈ ? ਤੂੰ ਤਾਂ ਅਜੇ ਠਹਿਰ ਕੇ ਆਉਣਾ ਸੀ। ਪਰ ਫ਼ੇਰ ਵੀ ਮੈਂ ਤਾਂ ਤੈਨੂੰ ਹੀ ਉਡੀਕ ਰਹੀ ਸਾਂ। " ਇੱਕੋ ਸਾਹ ਉਹ ਬੋਲੀ ਹੀ ਜਾ ਰਹੀ ਸੀ। ਉਸ ਦੇ ਆਉਣ ਦੀ ਖੁਸ਼ੀ 'ਚ ਟੁੱਬੀਆਂ ਲਾਉਂਦੀ ਉਹ ਇਨ੍ਹਾਂ ਸੁਹਾਵਣੇ ਪਲਾਂ ਸੰਗ ਇੱਕਮਿਕ ਹੋਣਾ ਲੋਚ ਰਹੀ ਸੀ। 
"ਮੈਂ ਲੰਮਾ ਸਫ਼ਰ ਕਰਕੇ ਆ ਵੀ ਗਈ। ਤੁਸੀਂ ਉਠਣਾ ਨਹੀਂ ਹੁਣ ? ਅਜੇ ਵੀ ਇੱਥੇ ਹੀ ਪਏ ਹੋ। ਬਾਹਰ ਵੇਖੋ ਚਿੜੀਆਂ ਤੁਹਾਨੂੰ ਉਡੀਕ ਰਹੀਆਂ ਨੇ।" ਸੁਬਕ ਜਿਹੀ ਮੁਸਕਾਨ ਬਿਖੇਰਦਿਆਂ ਉਸ ਨੇ ਮਾਂ ਨੂੰ ਹਲੂਣਿਆ।"ਤੈਨੂੰ ਕੀ ਲੱਗਾ ਮੈਂ ਸੁੱਤੀ ਪਈ ਹਾਂ। ਮੈਂ ਤਾਂ ਅੱਜ ਸਵੱਖਤੇ ਹੀ ਉਠ ਖਲੋਈ ਸੀ। ਹੁਣ ਤਾਂ ਮੈਂ ਐਵੇਂ ਅੱਖਾਂ ਮੀਚੀ ਪਈ ਹਾਂ। ਮੈਨੂੰ ਸਭ ਸੁਣਾਈ ਦੇ ਰਿਹਾ ਹੈ। ਚਿੜੀਆਂ ਦਾ ਚਹਿਕਣਾ ਵੀ ਤੇ ਤੇਰੀ ਆਮਦ ਵੀ। ਠਹਿਰ ਜਾ ਪਹਿਲਾਂ ਮੈਨੂੰ ਹੱਥ ਲਾ ਕੇ ਵੇਖ ਲੈਣ ਦੇ ਕਿ ਤੂੰ ਸੱਚੀਂ ਆ ਗਈ ਹੈਂ।" ਉਸ ਨੇ ਮੁੜ ਜ਼ੋਰ ਦੀ ਅੱਖਾਂ ਭੀਚਦਿਆਂ ਪਹਿਲਾਂ ਆਪਣੇ ਪੋਟਿਆਂ ਨਾਲ਼ ਉਸ ਦੇ ਨਾਜ਼ੁਕ ਜਿਹੇ ਮੁੱਖੜੇ ਨੂੰ ਸਹਿਲਾਇਆ ਤੇ ਫੇਰ ਉਸ ਦੇ ਸਿਰ 'ਤੇ ਹੱਥ ਫੇਰਿਆ। ਉਸ ਗੁਲਾਬੀ ਪਰੀ ਨੇ ਆਪਣੀ ਮਾਂ ਦੇ ਅੰਦੇਸ਼ੇ ਨੂੰ ਯਕੀਨੀ ਬਣਾਉਂਦਿਆਂ ਕਿਹਾ," ਮੈਂ ਦੂਰ ਹੀ ਕਦੋਂ ਸਾਂ।ਮੈਂ ਤਾਂ ਹਮੇਸ਼ਾਂ ਹੀ ਆਪ ਦੇ ਕੋਲ਼ ਹਾਂ। ਅੱਖਾਂ ਖੋਲ੍ਹ ਕੇ ਮੈਨੂੰ ਵੇਖੋ ਤਾਂ ਸਹੀ। ਚੱਲੋ ਬਾਹਰ ਧੁੱਪੇ ਬੈਠੀਏ ਤੇ ਚਿੜੀਆਂ ਨੂੰ ਚੋਗ ਪਾਈਏ।" ਹੁਣ ਉਸ ਦੀ ਆਮਦ ਦਾ ਯਕੀਨ ਪੱਕਾ ਹੋ ਗਿਆ ਸੀ। 
ਉਸ ਨੇ ਅੱਖਾਂ ਖੋਲ੍ਹੀਆਂ। ਕੰਧ ਘੜੀ ਸੱਤ ਵਜਾ ਰਹੀ ਸੀ। ਖਿੜਕੀ ਦੀਆਂ ਝੀਥਾਂ ਰਾਹੀਂ ਆਉਂਦੀਆਂ ਧੁੱਪ ਕਿਰਨਾਂ ਕਮਰੇ ਨੂੰ ਭਰ ਰਹੀਆਂ ਸਨ। ਵਿਹੜੇ 'ਚ ਪੰਛੀਆਂ ਦੀ ਭਰਪੂਰ ਚਹਿਕ ਸੁਣਾਈ ਦੇ ਰਹੀ ਸੀ। ਉਸ ਸੁਪਨਈ ਅੱਖਾਂ ਮਲ਼ਦਿਆਂ ਇਧਰ ਉਧਰ ਤੱਕਿਆ। ਕਮਰੇ 'ਚ ਉਸ ਦੇ ਕੋਲ਼ ਕੋਈ ਨਹੀਂ ਸੀ। ਸੁਪਨਾ ਤੇ ਹਕੀਕਤ ਰਲ਼ਗੱਡ ਹੁੰਦੇ ਜਾਪ ਰਹੇ ਸਨ। ਉਸ ਦੇ ਪੋਟਿਆਂ ਨੂੰ ਅਜੇ ਵੀ ਉਸ ਪੁਰੇ ਦੀ ਪੌਣ ਵਰਗੀ ਮਲੂਕ ਪਰੀ ਦੀ ਆਮਦ ਦੀ ਛੋਹ ਮਹਿਸੂਸ ਹੋ ਰਹੀ ਸੀ। ਉਹ ਚੌਗਿਰਦੇ 'ਚ ਫ਼ੈਲੀ ਸੰਦਲੀ ਖੁਸ਼ਬੋਈ ਨੂੰ ਆਪਣੇ ਸਾਹਾਂ 'ਚ ਸਮੇਟਣਾ ਲੋਚਦੀ ਸੀ। 
ਪੁਰੇ ਦੀ ਪੌਣ 
ਮਹਿਕਿਆ ਚੁਫ਼ੇਰਾ 
ਕੁਜਾ ਆਮਦ । 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 432 ਵਾਰ ਪੜ੍ਹੀ ਗਈ ਹੈ। 

   

17 Apr 2018

ਬੱਚਤ ( ਮਿੰਨੀ ਕਹਾਣੀ )

ਬਲਦੇਵ  ਟੂਟੀ ਦੇ ਗੰਦੇ ਅਤੇ ਵੇਲ਼ੇ- ਕੁਵੇਲ਼ੇ ਪਾਣੀ ਅਾੳੁਂਣ ਤੋਂ ਬਹੁਤ ਪਰੇਸ਼ਾਨ ਸੀ। ਜਿਸ ਕਰਕੇ ੳੁਸਨੇ ਘਰ ਵਿੱਚ ਹੀ ਬੋਰ ਲਗਵਾ ਲਿਆ ਸੀ ।
          ਇੱਕ ਦਿਨ ੳੁਹਦੀ ਪਤਨੀ ਪਾਈਪ ਨਾਲ ਵਿਹੜਾ ਧੌਂਦੀ ਹੋਈ ਬੋਲੀ , " ਅਾਹ ਤਾਂ ਮੌਜ ਹੋਗੀ ਹੁਣ ,  ਅੱਗੇ ਘੰਟਾ ਟੁੱਲੂ ਪੰਪ ਨਾਲ ਚੁਰਲ - ਚੁਰਲ ਹੋਈ ਜਾਂਦੀ ਸੀ , ਹੁਣ ਤਾਂ ਘਰ ਧੋਣ ਨੂੰ ਬਿੰਦ ਲਗਦੈ, ਨਾਲ਼ੇ ਬਿਜਲੀ ਤੇ ਟੈਮ ਦੀ ਬੱਚਤ ਅੈ  " 
          ਇਹ ਸੁਣ ਕੇ ਬਲਦੇਵ ਬੋਲਿਆ, " ਅੈਹ ਜਿਹੜਾ ਹੁਣ ਤੂੰ ਹਜ਼ਾਰਾਂ ਲੀਟਰ ਕੀਮਤੀ ਪਾਣੀ  ਵਿਹੜਾ ਧੋ ਕੇ ਨਿੱਤ ਨਾਲ਼ੀ 'ਚ ਰੋੜ੍ਹ ਦਿੰਦੀ ਅੈ , ਏਹਦੀ ਬੱਚਤ ਦਾ ਖਿਆਲ ਵੀ ਕਰਿਐ ਕਰ "



ਮਾਸਟਰ ਸੁਖਵਿੰਦਰ ਦਾਨਗੜ੍ਹ
94171 80205

16 Apr 2018

ਮੈਂ

ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ, 
ਤੁਰਦਾ-ਤੁਰਦਾ ਥੱਕ ਜਾਵਾਂ, ਜਿੱਥੇ ਜਾਣਾ ਬੜੀ ਹੀ ਦੂਰ ਏ।

ਹਰ ਘਰ 'ਟਰਾਫ਼ੀ' ਜਿੱਤ ਦੀ, ਮੇਰੇ ਘਰ ਤਾਂ ਮੇਰੀ ਤਸਵੀਰ ਏ, 
ਕਿਵੇਂ 'ਹਰ' ਕੇ ਹਿੰਮਤ ਹਾਰ ਜਾਂ, ਜਦ 'ਹਾਰਾਂ' ਮੇਰੀ ਤਕਦੀਰ ਏ।
ਮੇਰਾ ਦੁਨੀਆਂ 'ਨਾਂ' ਨਾ ਜਾਣਦੀ, ਪਰ ਘਰ ਤਾਂ ਮੇਰਾ ਵੀ 'ਨਾਂ' ਏ, 
ਹਰ ਦਿਨ ਮੈਂ ਵਿਕਣੋ ਰਹਿ ਜਾਂਵਾ, ਵਿੱਚ ਬਜ਼ਾਰਾਂ ਮੇਰਾ ਥਾਂ ਏ।

ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ, 
ਤੁਰਦਾ-ਤੁਰਦਾ ਥੱਕ ਜਾਵਾਂ, ਜਿੱਥੇ ਜਾਣਾ ਬੜੀ ਹੀ ਦੂਰ ਏ।

ਕੁਝ 'ਖੁਆਸ਼ਾਂ' ਰੋਜ ਮੈਂ ਦੱਬ ਲਾਂ, ਸੰਤ ਕਹਿੰਦੇ 'ਚਾਹਤ' ਨੀਚ ਹੈ, 
ਇੱਕ 'ਚਾਹਤ' ਉਸਦੇ ਜਾਣ ਦੀ, ਕਿੱਦਾਂ ਮੈਂ ਮਨ 'ਚੋਂ ਕੱਢ ਦਿਆਂ।
ਕੋਈ 'ਕੱਚਾ' ਮੱਤੋ ਛੱਡ ਕੇ, ਜਦੋ ਅੱਖੋਂ ਉਹਲੇ ਹੋ ਜਾਏ, 
ਜਿੰਦਗੀ ਏ ਲੰਮੀ 'ਰਾਗ' ਜਿਹੀ, ਕਿੱਥੋ 'ਸੁਰਾਂ' ਅਗਲੀਆਂ ਲੱਭ ਲਿਆਂ।

ਹਾਰਾਂ ਖਾ ਖਾ ਜੀ ਰਿਹਾ, ਮੇਰਾ ਰਹਿਣਾ ਮੇਰਾ ਸਬੂਤ ਏ, 
ਤੁਰਦਾ-ਤੁਰਦਾ ਥੱਕ ਜਾਵਾਂ, ਜਿੱਥੇ ਜਾਣਾ ਬੜੀ ਹੀ ਦੂਰ ਏ।

ਸੰਦੀਪ ਕੁਮਾਰ (ਸੰਜੀਵ ) (ਐਮ.ਏ ਥਿਏਟਰ ਐਂਡ ਟੈਲੀਵਿਜ਼ਨ )
ਸ਼ਹਿਰ ਬਲਾਚੌਰ. (ਸ਼ਹਿਦ ਭਗਤ ਸਿੰਘ ਨਗਰ)
ਈ-ਮੇਲ: sandeepnar22@yahoo.Com
ਮੋਬਾਈਲ- 9041543692

13 Apr 2018

ਵਜ੍ਹਾ ( ਮਿੰਨੀ ਕਹਾਣੀ)

ਕਮਲ ਨੂੰ ਸਵੇਰੇ ਵੇਲ਼ੇ ਸੈਰ ਕਰਦਾ ਵੇਖ ਕੇ ਬੰਟੀ ਬੋਲਿਆ,
  " ਕਮਲ !! ਅੱਜ ਕਿਵੇਂ ਸੈਰ 'ਤੇ ? "
" ਭਰਾਵਾ, ਯੂਰੀਆ ਜਾ ਵਧ ਗਿਐ , ਤੇ ਤੂੰ ?  "
" ਮੈਨੂੰ ਵੀ ਸੂਗਰ ਦੀ ਸ਼ਕਾਇਤ ਜੀ ਆ ਗਈ "   ਬੰਟੀ ਨੇ ਕਿਹਾ ।
" ਅਾਹੋ , ਬਿਨਾ ਵਜ੍ਹਾ ਕੌਣ ਕਰਦੈ ਸੈਰ  "
ਇਹ ਆਖ ਕੇ ਦੋਵੇਂ ਤੇਜ਼ੀ ਨਾਲ਼ ਤੁਰ ਪਏ।

ਮਾਸਟਰ ਸੁਖਵਿੰਦਰ ਦਾਨਗੜ੍ਹ
94171 80205

10 Apr 2018

ਸਾਹਿਤ ( ਮਿੰਨੀ ਕਹਾਣੀ )


ਤਰਸੇਮ ਨੂੰ ਕਾਲਜ ਪੜ੍ਹਨ ਵੇਲ਼ੇ ਹੀ ਸਾਹਿਤਕ ਚੇਟਕ ਲੱਗ ਗਈ ਸੀ । ੳੁਸਨੂੰ ਚੰਗੀਅਾਂ ਕਿਤਾਬਾਂ ਪੜ੍ਹਨ ਦਾ ਸ਼ੌਕ ਪੈ ਗਿਆ ਸੀ । ਸਾਹਿਤ ਪੜ੍ਹਨ ਦੇ ਨਾਲ਼ - ਨਾਲ਼ ੳੁਹਦਾ ਝੁਕਾਅ ਲਿਖਣ ਵੱਲ ਨੂੰ ਹੋ ਗਿਆ ।
          ਇੱਕ ਦਿਨ ਤਰਸੇਮ ਨੂੰ ੳੁਦਾਸ ਬੈਠਾ ਦੇਖ ਕੇ ੳੁਸ ਦਾ ਦੋਸਤ ਹੇਮਰਾਜ  ਕਹਿਣ ਲੱਗਾ , " ਯਾਰ ਤਰਸੇਮ , ਅੱਜ ਤਾਂ ਤੈਨੂੰ ਖ਼ੁਸ਼ ਹੋਣਾ ਚਾਹੀਦੈ , ਅੈਨੇ ਮਸ਼ਹੂਰ  ਅਖ਼ਬਾਰ  ਨੇ ਤੇਰੀ ਰਚਨਾਂ ਛਾਪੀ ਅੈ , ਤੂੰ ਅੈਥੇ ਮੂੰਹ ਲਮਕਾਂਈ ਬੈਠਾਂ , ਗੱਲ ਕੀ ਅੈ ?  " 
ਅਖ਼ਬਾਰ ਵੱਲ ਵੇਖ ਕੇ ਤਰਸੇਮ ਆਖਣ ਲੱਗਾ , " ਵੀਰ, ਰਚਨਾ ਤਾਂ ਭਾਵੇ ਛਪ ਗਈ ਅੈ , ਪਰ ਮੈਨੂੰ ਲੱਗਦੈ ਪਾਠਕਾਂ ਨੂੰ ਪਸੰਦ ਨਹੀਂ ਅਾਈ  , ਕਿਸੇ ਨੇ ਵੀ ਫੋਨ ਨਹੀਂ ਕਰਿਅਾ ਮੈਨੂੰ "
           ਇਹ ਸੁਣ ਕੇ ਹੇਮਰਾਜ ਬੋਲਿਆ , " ਅੈਹ ਸਮੇਂ ਬਹੁਤੇ ਨੌਜਵਾਨ ਤਾਂ ਬੇਰੁਜ਼ਗਾਰੀ ਨੇ ਨਸ਼ੇੜੀ ਬਣਾ ਤੇ , ਜੋ ਨਸ਼ੇ ਤੋਂ ਬਚੇ ਓਹ ਮੋਬਾਇਲਾਂ ਨੇ ਕੁਰਾਹੇ ਪਾ ਤੇ , ਤੂੰ ਅੈਥੇ ਬੈਠਾ ਫੋਨ ਡੀਕੀ ਜਾਨੈ , ਅੱਜ-ਕੱਲ੍ਹ ਸਾਹਿਤ ਨੂੰ ਕੌਣ ਪੜ੍ਹਦਾ ਅੈ !! "
ਮਾਸਟਰ ਸੁਖਵਿੰਦਰ ਦਾਨਗੜ੍ਹ
94171 80205

1 Apr 2018

ਪੰਜਾਬ ਟਾਈਮਜ਼ 1 ਅਪ੍ਰੈਲ 2018

                                                        ਪੰਜਾਬ ਟਾਈਮਜ਼ 1 ਅਪ੍ਰੈਲ 2018 
                                                                     ਪੰਨਾ ਨੰਬਰ 7
                                     ਪੂਰਾ ਪੰਨਾ ਵੇਖਣ ਲਈ ਉਪਰ ਲਿਖਤ 'ਤੇ ਕਲਿੱਕ ਕਰੋ ਜੀ।