ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

ਹਾਇਬਨ

 ‘ਹਾਇਬਨ’ ਜਾਪਾਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ‘ਕਵਿਤਾ ਵਾਰਤਕ’ । ਹਾਇਬਨ ਵਾਰਤਕ ਅਤੇ ਕਵਿਤਾ ਦਾ ਸੁਮੇਲ ਹੈ। 17ਵੀਂ ਸਦੀ ਦੇ ਕਵੀ ਬਾਸ਼ੋ ਨੇ ਇਸ ਵਿਧਾ ਦਾ ਆਰੰਭ 1690 ਵਿੱਚ  ਆਪਣੇ ਇੱਕ ਦੋਸਤ ਨੂੰ ਇੱਕ ਖ਼ਤ  'ਚ ਸਫਰਨਾਮਾ/ਡਾਇਰੀ ਦੇ ਰੂਪ ‘ਭੂਤਾਂ ਵਾਲ਼ੀ ਝੌਂਪੜੀ’ ਲਿਖ ਕੇ ਕੀਤਾ। ਇਸ ਖਤ ਦਾ ਅੰਤ ਇੱਕ ਹਾਇਕੁ ਨਾਲ਼ ਕੀਤਾ ਸੀ। ਹਾਇਬਨ ਦੀ ਵਾਰਤਕ ਸੰਖੇਪ, ਮਨੋਰੰਜਕ ਤੇ ਬਿੰਬਾਤਮਕ ਹੁੰਦੀ ਹੈ। ਇਸ 'ਚ ਆਤਮਕਥਾ, ਲੇਖ , ਲਘੂ ਕਹਾਣੀ ਜਾਂ ਯਾਤਰਾ ਦਾ ਜ਼ਿਕਰ ਆ ਸਕਦਾ ਹੈ। 

ਪੁਰਾਤਨ ਜ਼ਮਾਨੇ 'ਚ ਹਾਇਬਨ ਇੱਕ ਸਫਰਨਾਮੇ ਜਾਂ ਡਾਇਰੀ ਦੇ ਰੂਪ ਵਿਚ ਲਿਖੀ ਜਾਂਦੀ ਸੀ। ਯਾਤਰਾ ਕਰਨ ਤੋਂ ਬਾਅਦ ਬੋਧੀ ਭਿਖਸ਼ੂ ਸਾਰੇ ਦਿਨ ਦੇ ਵਾਕਿਆ ਨੂੰ ਵਾਰਤਕ ਦੇ ਰੂਪ 'ਚ ਲਿਖ ਲੈਂਦਾ ਅਤੇ ਇਸ ਦੇ ਅੰਤ ਵਿਚ ਇਕ ਹਾਇਕੁ ਲਿਖਦਾ। ਹਾਇਬਨ ਵਿੱਚ ਇੱਕ ਨਾਲ਼ੋਂ ਜ਼ਿਆਦਾ ਹਾਇਕੁ ਵੀ ਹੋ ਸਕਦੇ ਹਨ। ਹਾਇਕੁ ਵਾਰਤਕ ਦਾ ਦੁਹਰਾਓ ਨਾ ਕਰੇ ਪਰ ਉਸ ਨਾਲ਼ ਜੁੜਿਆ ਹੋਵੇ। ਅਹਿਸਾਸ ਨੂੰ ਹੋਰ ਡੂੰਘਾਈ ਦੇਵੇ ਅਤੇ ਵਿਸ਼ਾਲਤਾ ਪੈਦਾ ਕਰੇ।ਹਾਇਬਨ ਦੀ ਵਾਰਤਕ ਕਿਸੇ ਲੇਖ ਜਾਂ ਕਹਾਣੀ ਤੋਂ ਵੱਧ ਕੇ ਇਕ ਵਿਲੱਖਣ ਸਿਰਜਨਾਤਮਕ ਕਿਰਤ ਹੈ।  ਇਹ ਤਾਂ ਅੰਤਰਮਨ ਦੀ ਯਾਤਰਾ ਹੈ ਜੋ ਜ਼ਿੰਦਗੀ ਦੇ ਪਲ-ਪਲ ਦੇ ਅਹਿਸਾਸਾਂ 'ਚੋਂ ਲੰਘਦੀ ਹੈ ਜਿਸ 'ਚ ਦੁੱਖ ਸੁੱਖ, ਖੁਸ਼ੀ ਗਮੀ, ਸਰੀਰਕ ਅਤੇ ਬੌਧਿਕ ਅਨੁਭਵ ਸ਼ਾਮਿਲ ਹਨ।

ਹਾਇਕੂ ਸੋਸਾਇਟੀ ਆਫ ਅਮਰੀਕਾ (Haiku Society of America) ਵਲੋਂ ਹਾਇਬਨ ਦੀ ਪਰੀਭਾਸ਼ਾ ਇਸ ਤਰਾਂ ਦਿੱਤੀ ਗਈ ਹੈ:

‘ਹਾਇਬਨ ਇੱਕ ਸਪਸ਼ਟ, ਹਾਇਕਾਈ ਸ਼ੈਲੀ ਵਿੱਚ ਲਿਖੀ ਹੋਈ ਸੰਖਿਪਤ ਵਾਰਤਕ ਕਵਿਤਾ ਹੁੰਦੀ ਹੈ ਜਿਸ ਵਿਚ ਹਲਕਾ ਹਾਸਰਸ ਅਤੇ ਸੰਜੀਦਗੀ ਦੋਵੇਂ ਅੰਸ਼ ਹੁੰਦੇ ਹਨ। ਹਾਇਬਨ ਆਮ ਕਰਕੇ ਇਕ ਹਾਇਕੁ ਨਾਲ਼ ਖ਼ਤਮ ਹੁੰਦੀ ਹੈ। ਜਿਸ ਵਿਚ 100 ਤੋਂ ਲੈ ਕੇ 300 ਤਕ ਸ਼ਬਦ ਹੋ ਸਕਦੇ ਹਨ। ਲੰਮੇ ਹਾਇਬਨ ਵਿਚ ਕਈ ਹਾਇਕੁ ਵਾਰਤਕ ਦੇ ਟੁਕੜਿਆਂ ਵਿਚਕਾਰ ਵੀ ਰੱਖੇ ਜਾ ਸਕਦੇ ਹਨ। ਹਾਇਬਨ ਵਿਚ ਵਾਰਤਕ ਅਤੇ ਹਾਇਕੁ ਦਾ ਆਪਸੀ ਸੰਬੰਧ ਜਰੂਰੀ ਨਹੀਂ ਕਿ ਬਿਲਕੁਲ ਸਾਫ ਹੋਵੇ। ਹਾਇਕੁ ਲਹਿਜ਼ੇ ਨੂੰ ਹੋਰ ਗਹਿਰਾ ਜਾਂ ਕਿਰਤ ਨੂੰ ਵੱਖਰੀ ਦਿਸ਼ਾ ਪਰਦਾਨ ਕਰਦਾ ਹੋਵੇ। ਲਿਖੀ ਵਾਰਤਕ ਨੂੰ ਨਵੇਂ ਅਰਥਾਂ ਵਿਚ ਢਾਲਦਾ ਹੋਵੇ ਜਿਵੇਂ ਲੜੀਵਾਰ-ਛੰਦ ਵਿੱਚ ਇਕ ਬੰਦ ਪਹਿਲੇ ਬੰਦ ਦੇ ਅਰਥਾਂ ਦੀ ਸੁਧਾਈ ਕਰਦਾ ਹੈ। ਜਾਪਾਨੀ ਵਿਚ ਹਾਇਬਨ ਦੀ ਸਿਰਜਣਾ ਲਗਦਾ ਹੈ ਸ਼ੁਰੂ ਵਿਚ ਕਿਸੇ ਹਾਇਕੂ ਨੂੰ ਪੇਸ਼ ਕਰਨ ਲਈ ਲਿਖੇ ਗਏ ਬਿਆਨ ਤੋਂ ਹੀ ਆਰੰਭ ਹੋਈ ਪਰ ਛੇਤੀ ਹੀ ਵਿਲੱਖਣ ਸਿਨਫ ਬਣ ਗਈ। ਸ਼ਬਦ ‘ਹਾਇਬਨ’ ਕਈ ਵਾਰ ਹਾਇਕੁ ਕਵੀਆਂ ਦੀਆਂ ਲੰਮੀਆਂ ਕਿਰਤਾਂ ਜਿਵੇਂ ਕਿ ਯਾਦਾਂ, ਡਾਇਰੀਆਂ ਜਾਂ ਸਫਰਨਾਮਿਆਂ ਲਈ ਵੀ ਵਰਤਿਆ ਜਾਂਦਾ ਹੈ ਪਰ ਤਕਨੀਕੀ ਤੌਰ ਤੇ ਉਹ ਇਕ ਵੱਖਰੀ ਅਤੇ ਬਹੁਤ ਪੁਰਾਣੀ ਸਿਨਫ ਰੋਜ਼ਨਾਮਚੇ ਅਤੇ ਸਫ਼ਰਨਾਮਾ ਸਾਹਿਤ ਦਾ ਹਿੱਸਾ ਹਨ।

ਇਹ ਪੰਨਾ 116 ਵਾਰ ਵੇਖਿਆ ਗਿਆ । 

1 comment:

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ