ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 Dec 2014

ਬਾਬਾ ਖੇਤਾਂ ਨੂੰ

1

ਸਰਦ ਰੁੱਤ
ਛਾਈ ਬੱਦਲ਼ਵਾੲੀ
ਲੋਕ ਕੰਬਣ।

2
ਮੂੰਹ ਹਨ੍ਹੇਰੇ 
ਅੰਗੜਾੲੀਆਂ ਲੈਂਦੀ
ਉੱਠਦੀ ਜੱਟੀ।

3
ਮਾਰੀ ਬੁੱਕਲ
ਚੁੱਕ ਕੇ ਸਾੲਿਕਲ
ਬਾਬਾ ਖੇਤਾਂ ਨੂੰ।


ਅੰਮ੍ਰਿਤ ਰਾਏ (ਪਾਲੀ)
ਫਾਜ਼ਿਲਕਾ 

15 Dec 2014

ਰਾਤ ਕੱਕਰੀ

1.
ਰਾਤ ਕੱਕਰੀ 
ਗੋਡੇ ਲੱਗੇ ਠੋਡੀ ਨੂੰ 
ਚੇਤੇ -ਅਚੇਤੇ। 

2.
ਬੈਠਕ ਸਜੀ 
ਪਹਾੜੀ ਚਿੱਤਰਣ 
ਹਵਾ ਗਰਮ। 

ਪ੍ਰੋ. ਦਾਤਾਰ ਸਿੰਘ 
(ਮੁਕਤਸਰ)

ਨੋਟ: ਇਹ ਪੋਸਟ ਹੁਣ ਤੱਕ 09 ਵਾਰ ਪੜ੍ਹੀ ਗਈ। 

11 Dec 2014

ਸਾਂਝ ਦਿਲਾਂ ਦੀ

1.
ਹੱਥ 'ਚ ਝਾੜੂ
ਕਰਨ ਸਫਾਈਆਂ 
ਖਿਚਾ ਕੇ ਫੋਟੋ। 

2.
ਖੜੇ ਗੇਟ 'ਤੇ 
ਦੇਖ ਹਿਲਾਵੇ ਹੱਥ 
ਸਾਂਝ ਦਿਲਾਂ ਦੀ।



ਜਗਦੀਸ਼ ਰਾਏ ਕੁਲਰੀਆਂ 
ਬਰੇਟਾ (ਮਾਨਸਾ)

8 Dec 2014

ਰੰਗੀਲ ਫੋਟੂ (ਹਾਇਬਨ )

ਅਣਗਿਣਤ ਦਿਨਾਂ 'ਚ ਵਕਤ ਭੁਲਾ ਕੇ ਕੀਤੇ ਘੰਟਿਆਂ ਬੱਧੀ ਕੰਮ ਤੋਂ ਬਾਅਦ ਅੱਜ ਇਨ -ਸਰਵਿਸ ਟ੍ਰੇਨਿੰਗ ਦੇ ਨਾਲ -ਨਾਲ ਮੇਰੀ ਪੇਟਿੰਗ ਵੀ ਪੂਰੀ ਹੋ ਗਈ ਸੀ। ਇੱਕ ਅਰਸੇ ਬਾਅਦ ਮੈਂ ਘਰ ਪਰਤ ਰਹੀ ਸੀ , ਲੈਣ ਆਏ ਪਤੀ ਤੇ ਬੱਚਿਆਂ ਸੰਗ। ਮੇਰੇ ਮਨ ਦੇ  ਮੌਸਮਾਂ 'ਚ ਫੁੱਲਾਂ ਜਿਹੀ ਰਸ -ਭਿੰਨੀ ਮਹਿਕ ਭਰੀ ਹੋਈ ਸੀ। ਕਲਪਨਾ ਦੇ ਉਡਣ ਖਟੋਲੇ 'ਤੇ ਸਵਾਰ ਮੇਰਾ ਆਪਾ ਪੇਟਿੰਗ ਦੀਆਂ ਵਾਦੀਆਂ 'ਚ ਗੁਆਚਿਆ ਜਾਪਦਾ ਸੀ। ਸਾਡੀ ਕਾਰ ਸ਼ੂਕਦੀਆਂ ਹਵਾਵਾਂ ਨੂੰ ਚੀਰਦੀ ਤੇਜ਼ੀ ਨਾਲ ਸੜਕ 'ਤੇ ਜਾ ਰਹੀ ਸੀ। ਅਜੇ ਇੱਕ ਤਿਹਾਈ ਸਫ਼ਰ ਹੀ ਮੁੱਕਿਆ ਹੋਵੇਗਾ ਕਿ ਸਾਡਾ ਧਿਆਨ ਕਾਰ ਦੀ ਖੁੱਲ੍ਹੀ ਪਈ ਡਿੱਗੀ ਵੱਲ ਗਿਆ। ਡਿੱਗੀ 'ਚ ਪਏ ਸਮਾਨ ਦਾ ਜਦੋਂ ਜਾਇਜ਼ਾ ਲਿਆ ਤਾਂ ਮੇਰੀ ਪੇਟਿੰਗ ਗਾਇਬ ਸੀ। ''ਪਤਾ ਨਹੀਂ ਕਾਰ ਦੀ ਡਿੱਗੀ ਕਦੋਂ ਦੀ ਖੁੱਲ੍ਹੀ ਹੋਵੇਗੀ।ਖਬਰੇ ਪੇਟਿੰਗ ਕਿੱਥੇ ਡਿੱਗੀ ਹੋਵੇਗੀ?" ਮੇਰੀ ਚਿੰਤਾ ਸਵਾਲੀਆ ਚਿੰਨ ਬਣ ਕੇ ਮਨ ਦੀਆਂ ਬਰੂਹਾਂ 'ਤੇ ਆ ਖਲੋਤੀ ਸੀ। ਬੁੱਲਾਂ 'ਤੇ ਸਿੱਕਰੀ ਆ ਗਈ ਤੇ ਨਾੜਾਂ ਦਾ ਲਹੂ ਤਪਦਾ ਜਾਪਿਆ।
    ਅੱਖਾਂ ਸਾਹਵੇਂ ਖਿਲਰਿਆ ਪੰਧ ਰੁੱਸ ਗਿਆ। ਕਾਰ ਪਿਛਾਂਹ ਨੂੰ ਮੋੜ ਲਈ। ਅੱਠ ਅੱਖਾਂ ਸੜਕ 'ਤੇ ਡਿੱਗੀ ਪੇਟਿੰਗ ਦੀ ਭਾਲ ਕਰ ਰਹੀਆਂ ਸਨ। "ਹੁਣ ਤੱਕ ਕਿਸੇ ਬੱਸ -ਟਰੱਕ ਨੇ ਪੇਟਿੰਗ ਦਾ ਕਚੂੰਬਰ ਕੱਢ ਦਿੱਤਾ ਹੋਣਾ।" ਪਤੀ ਨੇ ਚਿੰਤਾ ਤੇ ਨਾਰਾਜ਼ਗੀ ਪ੍ਰਗਟਾਉਂਦਿਆਂ ਕਿਹਾ। ਕੁਦਰਤੀ ਰੰਗਾਂ ਨੂੰ ਸਿਰਜਦੀ ਆਪਾ ਨਿਚੋੜ ਕੇ ਰੀਝਾਂ ਨਾਲ ਬਣਾਈ ਪੇਟਿੰਗ ਦੇ ਮੁੜ ਲੱਭ ਜਾਣ ਦੀ ਕੋਈ ਆਸ ਬਾਕੀ ਨਹੀਂ ਬਚੀ ਸੀ। ਖੰਭ ਨਿਚੋੜੇ ਪਪੀਹੇ ਵਾਂਗ ਵਰਲਾਪ ਕਰਦਾ ਮਨ ਮ੍ਰਿਗ -ਤ੍ਰਿਸ਼ਨਾ ਪਿੱਛੇ ਹਫ਼ -ਹਫ਼ ਭੱਜਦਾ ਜਾਪ ਰਿਹਾ ਸੀ।
 " ਓ ਵੇਖੋ ਮੰਮਾ ਦੀ ਪੇਟਿੰਗ " ਸਾਇਕਲ ਰੇਹੜੀ ਦੇ ਹੈਂਡਲ 'ਤੇ ਟੰਗੀ ਪੇਟਿੰਗ ਨੂੰ ਵੇਖਦਿਆਂ ਮੇਰੇ ਬੱਚਿਆਂ ਨੇ ਕਿਸੇ ਅਲੌਕਿਕ ਖੁਸ਼ੀ 'ਚ ਖੀਵੇ ਹੁੰਦਿਆਂ ਕਿਹਾ। ਅਛੋਪਲੇ ਹੀ ਮੈਂ ਪੇਟਿੰਗ ਹੈਂਡਲ ਤੋਂ ਜਾ ਉਤਾਰੀ। ਭਮੱਤਰੇ ਜਿਹੇ ਖੜ੍ਹੇ ਸਾਈਕਲ ਵਾਲੇ ਨੂੰ ਮੇਰੇ ਪਤੀ ਨੇ ਸਾਰਾ ਬਿਰਤਾਂਤ ਸੁਣਾਉਂਦਿਆਂ ਕੁਝ ਧੰਨਵਾਦੀ ਰਕਮ ਦਿੱਤੀ  ਤਾਂ ਸਿੱਲੀਆਂ ਅੱਖਾਂ ਨਾਲ ਉਸ ਨੂੰ ਮੱਥੇ 'ਤੇ ਲਾਉਂਦਿਆਂ ਬੋਲਿਆ, " ਐਨੇ ਤਾਂ ਮੈਂ ਸਾਰੇ ਦਿਨ 'ਚ ਨਹੀਂ ਸੀ ਕਮਾਉਣੇ। ਇਹ ਰੰਗੀਲ ਫੋਟੂ ਤਾਂ ਮੈਨੂੰ ਹੈਥੇ ਸੜਕ 'ਤੇ ਡਿੱਗੀ ਪਈ ਦਿਸਗੀ। ਮਖਿਆ ਪਤਾ ਨੀ ਕੀ ਆ। ਚੱਲ ਚੱਕ ਲੈਨੇ ਆਂ। ਮੌਕੇ ਨਾਲ ਹੀ ਮੈਂ ਥੋਨੂੰ ਟੱਕਰ ਗਿਆ। " ਭਰਾਵਾ ਤੂੰ ਨਹੀਂ ਜਾਣਦਾ ਇਸ ਫੋਟੂ ਦੇ ਬਦਲੇ ਤਾਂ ਇਹ ਰਕਮ ਕੁਝ ਵੀ ਨਹੀਂ ਹੈ," ਮੇਰਾ ਆਪਾ ਬਹਾਰ ਵਾਂਗ ਖਿੜ ਗਿਆ ਸੀ ਜਿਵੇਂ ਮੈਨੂੰ ਕੋਈ ਕੌਰੂ ਦਾ ਖਜ਼ਾਨਾ ਲੱਭ ਗਿਆ ਹੋਵੇ।

ਧੁੱਪ ਰੰਗੀਲੀ
ਕੋਹਰੇ 'ਚੋਂ ਛਣਦਾ
ਰੰਗ ਸੰਧੂਰੀ।

ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ।

6 Dec 2014

ਅੰਬਰ ਨੀਲਾ

1.
ਸ਼ਾਂਤ ਮੌਸਮ
ਹਿਲਿਆ ਦਰਖਤ
ਹਵਾ ਦਾ ਬੁੱਲਾ।

2.
ਹਵਾ ਦਾ ਝੋਂਕਾ
ਝੀਲ ਦੀਆਂ ਲਹਿਰਾਂ
ਤੈਰੇ ਬੱਤਖ਼। 

3.
ਅੰਬਰ ਨੀਲਾ
ਨਿਕਲੀ ਕਾਂ ਦੀ ਅੱਖ
ਤੋਤਾ ਉੜਿਆ। 

ਹਰਜਿੰਦਰ ਢੀਂਡਸਾ 
(ਕੈਨਬਰਾ)
ਨੋਟ: ਇਹ ਪੋਸਟ ਹੁਣ ਤੱਕ 25 ਵਾਰ ਪੜ੍ਹੀ ਗਈ। 

4 Dec 2014

ਬੱਧੇ ਨੀਯਮ(ਸੇਦੋਕਾ)

1.
ਉੜਦੇ ਪੰਛੀ
ਪੈਲਾਂ ਪਾਉਂਦੇ ਮੋਰ
ਝਰਨਿਆਂ ਦਾ ਸ਼ੋਰ
ਬੱਧੇ ਨੀਯਮ
ਜੀਵਨ ਤਾਂ ਹੀ ਚੱਲੇ 
ਮਾਲਕ ਹੱਥ ਡੋਰ।

2. 
ਪਾਣੀ ਸਿਰਜ
ਮਿੱਟੀ ਗੋ ਬੁੱਤ ਬਣਾ
ਪ੍ਰੇਮ ਲੇਪ ਕਰਵਾ
ਰੂਹ ਰੂਹਾਨੀ

ਇੱਕ ਚੀਜ਼ ਅਨੋਖੀ 
ਘੜਿਆ ਇਨਸਾਨ। 


ਜੋਗਿੰਦਰ ਸਿੰਘ 'ਥਿੰਦ'
(ਸਿਡਨੀ -ਅੰਮ੍ਰਿਤਸਰ )