ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

16 Apr 2019

ਤੰਦ ਸਫ਼ਰ (ਹਾਇਬਨ) ਡਾ. ਹਰਦੀਪ ਕੌਰ ਸੰਧੂ



ਮਿੱਸਾ ਜਿਹਾ ਮੌਸਮ ਸੀ ਬੇ-ਇਤਬਾਰਾ ਜਿਹਾ। ਕਦੇ ਮੱਧਮ ਜਿਹੀ ਧੁੱਪ ਕੋਸੀ -ਕੋਸੀ ਲੱਗਦੀ ਤੇ ਕਦੇ ਸਿਆਹ ਹੋਏ ਬੱਦਲ਼ ਧੁੰਦ ਜਿਹੀ ਬਣ ਕੇ ਲੰਘ ਜਾਂਦੇ। ਨਾ ਬਹਾਰਾਂ ਦੀ ਰੁੱਤ ਸੀ ਤੇ ਨਾ ਹੀ ਰੁਮਕਦੀਆਂ ਪੌਣਾਂ ਦਾ ਮੌਸਮ। ਕੋਈ ਸੁਖਨ ਸੁਗੰਧੀ ਮਨ ਨੂੰ ਮੁਅੱਤਰ ਨਹੀਂ ਕਰ ਰਹੀ ਸੀ। ਮੈਂ ਮਹੀਨ ਰੇਸ਼ਮੀ ਪਰਦੇ ਨੂੰ ਪਰ੍ਹਾਂ ਕਰਦਿਆਂ ਖਿੜਕੀ 'ਚੋਂ ਬਾਹਰ ਝਾਤੀ ਮਾਰੀ। ਇਓਂ ਲੱਗਾ ਜਿਵੇਂ ਰੱਬ ਨੇ ਕਿਸੇ ਵਿਸ਼ਾਲ ਕੈਨਵਸ 'ਤੇ ਚਿੱਤਰਕਾਰੀ ਕੀਤੀ ਹੋਵੇ। 
ਮੇਰੇ ਚੌਗਿਰਦੇ ਵਿੱਚ ਹੁਣ ਸਿੱਥਲਤਾ ਆ ਗਈ ਸੀ। ਮਨ ਦੀਆਂ ਪਿਲੱਤਣਾਂ ਦਾ ਰੰਗ ਵਜੂਦ 'ਤੇ ਹਾਵੀ ਹੁੰਦਾ ਜਾਪ ਰਿਹਾ ਸੀ।ਮੇਰੇ ਸਾਹਵੇਂ ਪਈ ਸੱਖਣੀ ਕੈਨਵਸ ਅਤੇ ਬਿਖਰੇ ਰੰਗ ਮੇਰੇ ਹੱਥਾਂ ਦੀ ਛੋਹ ਨੂੰ ਬੜੇ ਚਿਰ ਤੋਂ ਉਡੀਕ ਰਹੇ ਸਨ। ਕੀ ਚਿਤਰਨਾ ਹੈ ਪਤਾ ਨਹੀਂ ਲੱਗ ਰਿਹਾ ਸੀ ? ਮੇਰੇ ਰੰਗ ਏਸ ਕੈਨਵਸ ਨੂੰ ਕੱਜਣ ਤੋਂ ਮਹਿਰੂਮ ਹੋਣ ਦੇ ਰਾਹ 'ਤੇ ਕਿਉਂ ਖਿਲਰ ਗਏ ਸਨ ? ਸ਼ਾਇਦ ਵਕਤ ਹੀ ਏਸ ਗੱਲ ਦੀ ਹਾਮੀ ਭਰ ਸਕਦਾ ਸੀ।  
ਸਮੇਂ ਦੀ ਸਰਦਲ 'ਤੇ ਹੌਲ਼ੇ -ਹੌਲ਼ੇ ਪੱਬ ਧਰਦਿਆਂ ਮੈਂ ਅਵਚੇਤਨ 'ਚ ਕਿਧਰੇ ਗੁਆਚਦੀ ਜਾ ਰਹੀ ਸੀ। ਬਚਪਨ ਵਿੱਚ ਜਿੱਥੇ ਮਹਿਕਾਂ ਵਰਗੇ ਸੁਪਨੇ ਬੁਣਦਿਆਂ ਪਾਕ ਤਰੰਗਾਂ ਦਾ ਮਸਤਕ 'ਚ ਘੁਲਣਾ ਆਮ ਜਿਹਾ ਵਰਤਾਰਾ ਸੀ। ਗੁੜਤੀ 'ਚ ਮਿਲ਼ੀ ਤੇ ਮਨ 'ਚ ਵਸਦੀ ਕਲਾ ਕੈਨਵਸ ਦੀ ਅਣਹੋਂਦ ਦਾ ਵੀ ਅਹਿਸਾਸ ਨਾ ਹੋਣ ਦਿੰਦੀ। ਕਦੇ ਕਿਸੇ ਪੱਥਰ ਨੂੰ ਕੈਨਵਸ ਬਣਾ ਲੈਂਦੀ ਤੇ ਕਦੇ ਪਰਚੇ ਦੇਣ ਵਾਲ਼ੇ ਪੁਰਾਣੇ ਸਕੂਲੀ ਫੱਟੇ ਨੂੰ। ਹੁਣ ਓਸ ਖੁਰਦਰੇ ਜਿਹੇ ਧਰਾਤਲ 'ਤੇ ਬਣਾਈ ਮਨਮੋਹਣੀ ਰੰਗੀਨ ਗੁੱਡੀ ਦਾ ਚਿੱਤਰ ਮੇਰੇ ਸਾਹਵੇਂ ਆਣ ਖਲੋਤਾ ਸੀ। ਸੂਹੇ ਰੱਤੇ ਰੰਗ ਦੀ ਝਾਲਰ ਵਾਲ਼ੀ ਫ਼ਰਾਕ ਤੇ ਪੈਰੀਂ ਮੌਜੇ ਪਾਈ ਖੂਬਸੂਰਤ ਜਿਹੀ ਗੁੱਡੀ ਮੇਰੀ ਕਲਪਨਾ 'ਚੋਂ ਨਿਕਲ਼ ਸਜੀਵ ਹੋਣ ਲੱਗੀ । ਰੰਗ -ਬੁਰਸ਼ ਸੰਗ ਮੇਰੇ ਪੋਟਿਆਂ ਦੀ ਛੋਹ ਨਾਲ਼ ਫ਼ੇਰ ਜਿਵੇਂ ਉਹ ਨੱਚਣ ਲੱਗ ਗਈ ਹੋਵੇ। ਕਿੰਨਾ ਹੀ ਚਿਰ ਉਹ ਸਾਡੇ ਘਰ ਕੰਧ ਦਾ ਸ਼ਿੰਗਾਰ ਬਣੀ ਰਹੀ। ਨਿੱਕੇ ਹੁੰਦਿਆਂ ਮੇਰੀ ਮਾਂ ਇੰਝ ਹੀ ਮੈਨੂੰ ਰੀਝਾਂ ਨਾਲ਼ ਸਜਾਉਂਦੀ ਸੀ। ਓਦੋਂ ਸ਼ਾਇਦ  ਇਹ ਮੈਂ ਖੁਦ ਨੂੰ ਹੀ ਚਿਤਰਿਆ ਹੋਵੇ ਪਤਾ ਨਹੀਂ ? 
ਜੀਵਨ ਨੂੰ ਸੰਦਲੀ ਪਲਾਂ ਦਾ ਸੰਧਾਰਾ ਬਣਾਉਂਦੀਆਂ ਪੈੜਾਂ ਨੇ ਵਿਆਹ ਮਗਰੋਂ ਮੈਨੂੰ ਅਗਲੇਰੇ ਪੰਧ ਦਾ ਰਾਹੀ ਬਣਾ ਦਿੱਤਾ ਸੀ । ਪਰ ਕਲਾ ਮੇਰੇ ਅੰਗ -ਸੰਗ ਹੋ ਤੁਰਦੀ ਰਹੀ। ਮਾਂ ਦੀ ਪੁਆਈ ਕਸੀਦੇ ਸੰਗ ਸਾਂਝ ਦੀ ਅਮੁੱਲੀ ਸੌਗਾਤ ਨੂੰ ਮੈਂ ਬੜੇ ਸਲੀਕੇ ਨਾਲ਼ ਸਾਂਭ ਕੇ ਰੱਖਿਆ ਹੋਇਆ ਸੀ। ਇੱਕ ਦਿਨ ਅਚਨਚੇਤ ਓਸੇ ਰੰਗੀਨ ਗੁੱਡੀ ਨੂੰ ਧਾਗਿਆਂ ਸੰਗ ਪਰੁੰਨਣ ਦਾ ਖ਼ਿਆਲ ਆਇਆ। ਉਸ ਗੁੱਡੀ ਨੇ ਕਸੀਦੇ ਦਾ ਭਾਗ ਬਣਦਿਆਂ ਬੁਰਸ਼ ਤੋਂ ਰੰਗ -ਪਰੰਗ ਧਾਗਿਆਂ ਤੱਕ ਦਾ ਸਫ਼ਰ ਤਹਿ ਕੀਤਾ। ਇਹ ਤੰਦ ਸਫ਼ਰ ਕਤਈ ਸੁਖਾਵਾਂ ਨਹੀਂ ਸੀ। ਬੁਰਸ਼ ਛੋਹਾਂ ਰਾਹੀਂ ਰੰਗਾਂ ਦੇ ਮਾਧਿਅਮ ਹੋਈ ਚਿੱਤਰਕਾਰੀ ਨੂੰ ਗਿਣਵੇਂ ਤੋਪਿਆਂ 'ਚ ਢਲਣ ਲਈ ਸਹਿਜ ਤੇ ਠਰ੍ਹੰਮਾ ਅਤਿਅੰਤ ਲੋੜੀਂਦੇ ਸਨ। ਇਨ੍ਹਾਂ ਦੋਹਾਂ ਦੇ ਸਹੀ ਸੁਮੇਲ ਨੇ ਅਣਭੋਲ ਗੁੱਡੀ ਦੇ ਮੁੱਖੜੇ 'ਤੇ ਨੂਰ ਡਲਕਣ ਲਾ ਦਿੱਤਾ ਸੀ । ਫ਼ੇਰ ਓਹੀਓ ਫ਼ਰਾਕ ਤੇ ਓਹੀਓ ਮੌਜੇ । ਬੜੇ ਚਾਵਾਂ ਨਾਲ ਉਸ ਦੇ ਵਾਲਾਂ 'ਚ ਸੂਹੇ ਫ਼ੁੱਲ ਵੀ ਗੁੰਦੇ। ਇਉਂ ਲੱਗਦਾ ਸੀ ਜਿਵੇਂ ਕਿਸੇ ਪਰੀ ਨੇ ਆਣ ਖ਼ਾਮੋਸ਼ ਕੰਧਾਂ ਨੂੰ ਬੋਲਣ ਲਾ ਦਿੱਤਾ ਹੋਵੇ। ਪਰ ਏਸ ਵਾਰ ਸਾਹ -ਜਿੰਦ ਵਰਗੀ ਨੇੜਤਾ ਜਿਹੀ ਮੇਰੀ ਲਾਡੋ ਨੂੰ ਸ਼ਾਇਦ ਮੈਂ ਕਿਆਸਿਆ ਹੋਵੇ। ਹੁਣ ਲਾਡੋ ਵੀ ਰੰਗ ਬੁਰਸ਼ ਤੋਂ ਤੰਦ ਸਫ਼ਰ ਦੀ ਮੇਰੇ ਸੰਗ ਭਾਗੀ ਬਣਦੀ ਰਹਿੰਦੀ ਹੈ। 
ਅਚਨਚੇਤ ਮੈਨੂੰ ਫੇਰ ਓਸ ਸੱਖਣੀ ਕੈਨਵਸ ਦਾ ਫ਼ੇਰ ਖ਼ਿਆਲ ਆਇਆ। ਏਸ ਵਾਰ ਆਪੂੰ ਹੀ ਉਹ ਤਸਵੀਰ ਉੱਘੜਨ ਲੱਗੀ ਜੋ ਏਸ ਕੈਨਵਸ ਦਾ ਸ਼ਾਇਦ ਕਦੇ ਭਾਗ ਬਣੇ। ਹੌਲ਼ੀ -ਹੌਲ਼ੀ ਤਿੰਨ ਆਕਾਰ ਸਾਕਾਰ ਹੋਣ ਲੱਗੇ। ਸਿਰ 'ਤੇ ਗਾਗਰਾਂ ਚੁੱਕੀ ਮਾਂ, ਲਾਡੋ ਤੇ ਮੈਂ। ਮਾਂ ਦੀ ਗਾਗਰ 'ਚੋਂ ਛਲਕਦਾ ਅੰਮ੍ਰਿਤ ਸਾਡੇ ਦੋਹਾਂ ਦੇ ਵਜੂਦ ਨੂੰ ਸਰਸ਼ਾਰ ਕਰੀ ਜਾ ਰਿਹਾ ਸੀ।ਹੁਣ ਬਾਹਰ ਹਲਕੀ ਕਿਣਮਿਣ ਹੋਣ ਲੱਗੀ ਸੀ। ਹਵਾ ਦੇ ਰੁਮਕਦੇ ਬੁੱਲਿਆਂ ਸੰਗ ਆਉਂਦੀਆਂ ਫ਼ੁਹਾਰ ਬੂੰਦਾਂ ਕਿਸੇ ਅਣਮੁੱਲੀ ਮਹਿਕ ਦਾ ਅਹਿਸਾਸ ਕਰਵਾ ਰਹੀਆਂ ਸਨ। ਰੰਗਾਂ ਦੀ ਵਿਲੱਖਣਤਾ 'ਚ ਹਰ ਸ਼ੈਅ ਖੁਦ ਗੱਲਾਂ ਕਰਦੀ ਜਾਪਦੀ ਸੀ। 

ਖੁੱਲ੍ਹੀ ਖਿੜਕੀ 
ਭਿੱਜ ਰਹੀ ਫ਼ੁਹਾਰ 
ਲਾਡੋ ਮੈਂ ਤੇ ਮਾਂ। 

8 Apr 2019

ਪਗਡੰਡੀ (ਹਾਇਬਨ )ਡਾ. ਹਰਦੀਪ ਕੌਰ ਸੰਧੂ

緑の芝生の草の上の足跡 写真素材 - 28463142

ਪੱਤਝੜ ਦੀ ਸਵੇਰ ਸਾਫ਼ ਤੇ ਧੁੱਪ ਵਾਲੀ ਸੀ। ਕਈ ਦਿਨਾਂ ਦੀ ਬੂੰਦਾ -ਬਾਂਦੀ ਤੋਂ ਬਾਅਦ ਅੱਜ ਦਿਨ ਦਾ ਹੁਸਨ ਕੁਝ ਵਧੇਰੇ ਹੀ ਨਿਖਰਿਆ ਹੋਇਆ ਲੱਗ ਰਿਹਾ ਸੀ। ਆਲ਼ਾ - ਦੁਆਲ਼ਾ ਭਾਵੇਂ ਬਿਲਕੁਲ ਸ਼ਾਂਤ ਸੀ ਪਰ ਫ਼ੇਰ ਵੀ ਅੱਜ ਸਾਝਰੇ ਹੀ ਅੱਖ ਖੁੱਲ੍ਹ ਗਈ ਸੀ। ਲਾਲ -ਸੁਰਖ਼ ਸੂਰਜ ਦਾ ਗੋਲ਼ਾ ਪੱਤਿਆਂ 'ਚੋਂ ਝਰਦਾ ਵਿਹੜੇ 'ਚ ਖਿਲਰਦਾ ਜਾਪਦਾ ਸੀ। ਮਨ ਦੇ ਵਲਵਲਿਆਂ 'ਚੋਂ ਉਠਦੀਆਂ ਖੁਸ਼ੀ ਭਰੀਆਂ ਤਰੰਗਾਂ ਰੌਸ਼ਨੀ ਦੀਆਂ ਅਣਗਿਣਤ ਰਿਸ਼ਮਾਂ 'ਚ ਘੁਲ਼ਦੀਆਂ ਜਾਪ ਰਹੀਆਂ ਸਨ। 
ਵਕਤ ਅੱਜ ਠੁਮਕ -ਠੁਮਕ ਪੱਬ ਧਰ ਰਿਹਾ ਸੀ। ਪਰ ਮੇਰਾ ਮਨ ਉਸ ਨੂੰ ਮਿਲਣ ਲਈ ਬਹੁਤ ਕਾਹਲ਼ਾ ਸੀ। ਮੈਨੂੰ ਕੱਲ ਹੀ ਪਤਾ ਲੱਗਾ ਸੀ ਕਿ ਉਹ ਮੇਰੇ ਹੀ ਗਰਾਂ ਰਹਿੰਦੀ ਹੈ। ਸਮੇਂ ਦੀ ਧੂੜ 'ਚ ਗੁਆਚੀਆਂ ਪੈੜਾਂ ਅੱਜ ਫ਼ੇਰ ਇੱਕਮਿਕ ਹੋਣ ਜਾ ਰਹੀਆਂ ਸਨ। ਮਾਂ ਨੇ ਰਿਸ਼ਤਿਆਂ ਦੇ ਪਹਿਆਂ ਦੀ ਪਛਾਣ ਸਿਰਜਦੀ ਛੋਹ ਨਾਲ਼ ਵਿਸਰ ਗਈਆਂ ਪਗਡੰਡੀਆਂ ਨੂੰ ਚੇਤੇ ਕਰਾਇਆ," ਉਸ ਦਾ ਪੜਦਾਦਾ ਤੇ ਤੇਰਾ ਦਾਦਾ ਸਕੇ ਭਰਾ ਸਨ। ਇੱਕੋ ਮਾਂ ਜਾਏ ਇੱਕੋ ਵਿਹੜੇ ਖੇਡੇ। ਜਾ ਕੇ ਉਸ ਨੂੰ ਮਿਲ਼ ਆਈਂ।" 
ਕਹਿੰਦੇ ਨੇ ਕਿ ਇਹ ਰਿਸ਼ਤੇ ਸਮੁੰਦਰੋਂ ਡੂੰਘੇ ਦਿਲ ਹੀ ਇਨ੍ਹਾਂ ਨੂੰ ਜਾਣੇ। ਸੁੱਚੇ ਰਿਸ਼ਤੇ ਤਾਂ ਕਰਮਾਂ ਵਾਲ਼ਿਆਂ ਨੂੰ ਮਿਲ਼ਦੇ ਨੇ।ਉਸ ਬਾਰੇ ਲਗਾਈਆਂ ਕਿਆਸ ਅਰਾਈਆਂ ਨੂੰ ਆਖ਼ਿਰ ਉਸ ਦੀ ਨਿੰਮੀ ਮੁਸਕਾਨ ਨੇ ਹੁਣ ਵਿਰਾਮ ਲਾ ਦਿੱਤਾ ਸੀ। ਉਸ ਦੀ ਨਿੱਘੀ ਗਲਵੱਕੜੀ ਨੇ ਅਣਕਿਹਾ ਬਹੁਤ ਕੁਝ ਆਪੂੰ ਹੀ ਕਹਿ ਦਿੱਤਾ ਸੀ। ਫਿਜ਼ਾਵਾਂ 'ਚ ਕਿਸੇ ਮਿੱਠੇ ਸੁਰ ਦੀ ਲੱਗੀ ਛਹਿਬਰ ਸੁਣਾਈ ਦੇਣ ਲੱਗੀ । ਮੇਰੇ ਮਨ ਦੀ ਕੈਨਵਸ 'ਤੇ ਉਲੀਕਿਆ ਅਣਜਾਣ ਚਿਹਰਾ ਉਸ ਦੀ ਮਾਸੂਮੀਅਤ ਨਾਲ਼ ਮੇਚ ਖਾ ਰਿਹਾ ਸੀ। ਉਸ ਦੇ ਬੁੱਲਾਂ 'ਤੇ ਸੁਖਦ ਪਲਾਂ ਦੀ ਰੁਮਕਣੀ ਸੀ, " ਮੈਂ ਵੀ ਅੱਜ ਸਵੱਖਤੇ ਹੀ ਜਾਗ ਗਈ ਸਾਂ। ਬੱਸ ਥੋਨੂੰ ਹੀ 'ਡੀਕਦੀ ਸੋਚ ਰਹੀ ਸਾਂ ਕਿ ਇਹ ਮਿਲਣੀ ਕਿਹੋ ਜਿਹੀ ਹੋਵੇਗੀ ?" ਉਹ ਬਹੁਤ ਕੁਝ ਤੇ ਸਾਰਾ ਕੁਝ ਮੇਰੇ ਨਾਲ਼ ਹੁਣੇ ਹੀ ਸਾਂਝਾ ਕਰਨਾ ਲੋਚਦੀ ਸੀ। ਉਹ ਨਿਰੰਤਰ ਗੱਲਾਂ ਕਰੀ ਜਾ ਰਹੀ ਸੀ। 
ਜੀਵਨ ਸਮੁੰਦਰ 'ਚ ਗੋਤੇ ਲਾਉਂਦਿਆਂ ਕਈ ਵਾਰ ਅਸੀਂ ਸੁੱਚੀਆਂ ਲਹਿਰਾਂ ਜਿਹੇ ਰਿਸ਼ਤਿਆਂ ਦਾ ਭਾਗ ਬਣਦੇ ਹਾਂ। ਸੰਗੀਤਕ ਸੰਵਾਦ ਰਚਾਉਂਦੇ ਹਾਂ। ਮੇਰੇ ਕੋਲ਼ ਵੀ ਮੇਰੀ ਮਾਂ ਦਾ ਦਿੱਤਾ ਯਾਦਾਂ ਦਾ ਭਰਿਆ ਛੱਜ ਸੀ ਜੋ ਮੈਂ ਅੱਜ ਉਸ ਦੀ ਝੋਲ਼ੀ ਪਾਉਣ ਆਈ ਸਾਂ। " ਕੁੰਡਾ ਖੋਲ੍ਹ ਹਰਨਾਮ ਕੁਰੇ । ਪੱਠਿਆਂ ਦੀ ਭਰੀ ਸਾਈਕਲ 'ਤੇ ਲੱਦੀ ਬਾਹਰ ਖੜ੍ਹੇ ਬਾਪੂ ਨੇ ਉੱਚੀ ਹਾਕ ਮਾਰੀ। ਅੰਦਰ ਧਾਰ ਕੱਢਦੀ ਬੇਬੇ ਨੇ ਗੋਡਿਆਂ 'ਚ ਲਈ ਬਾਲਟੀ ਪਰ੍ਹਾਂ ਧਰਦਿਆਂ "ਜੀ ਮੈਂ ਆਉਂਨੀ ਆਂ" ਕਹਿੰਦਿਆਂ ਆਣ ਝੱਟ ਕੁੰਡਾ ਖੋਲ੍ਹ ਦਿੱਤਾ ਤੇ ਆਪ ਫ਼ੇਰ ਧਾਰ ਕੱਢਣ ਬਹਿ ਗਈ।" ਉਸ ਦੇ ਪੜਦਾਦੇ ਤੇ ਪੜਦਾਦੀ ਦਾ ਮੇਰੀ ਮਾਂ ਦੁਆਰਾ ਚਿੱਤਰਿਆ ਰੇਖਾ ਚਿੱਤਰ ਮੈਂ ਇੰਨ -ਬਿੰਨ ਮੂਹਰੇ ਲਿਆ ਧਰਿਆ ਸੀ । ਵਿਹੜੇ ਤੇ ਮਨ ਸਾਂਝੇ ਸਨ ਉਦੋਂ। ਜਦੋਂ ਕਦੇ ਮੇਰੀ ਮਾਂ ਨੇ ਤਾਈ ਕਾ ਵਿਹੜਾ ਵੀ ਸੰਭਰ ਦੇਣਾ ਤਾਂ ਤਾਏ ਵਾਸਤੇ ਖ਼ਾਸ ਤੌਰ 'ਤੇ ਬਣਾਈ ਮੋਠਾਂ ਦੀ ਦੁੱਧ ਪਾ ਰਿੰਨ੍ਹੀ ਦਾਲ਼ ਦਾ ਸੁਆਦ ਉਹ ਮਾਂ ਨੂੰ ਜ਼ਰੂਰ ਦਿਖਾਉਂਦੀ। 
ਸਾਡੇ ਨੈਣਾਂ ਦੀ ਆਬਸ਼ਾਰ ਗੱਲਾਂ ਦੇ ਬੇਰੋਕ ਵਹਾਓ 'ਚ ਇੱਕ ਦੂਜੇ ਨਾਲ਼ ਅਭੇਦ ਹੁੰਦੀ ਰਹੀ। ਉਸ ਨੇ ਪਿੰਡੋਂ ਆਈ ਮੇਵਿਆਂ ਵਾਲ਼ੀ ਪੰਜੀਰੀ ਜਦੋਂ ਮੇਰੇ ਸਾਹਵੇਂ ਲਿਆ ਧਰੀ ਤਾਂ ਮੈਂ ਛੋਪਲੇ ਹੀ ਓਸ ਖੂਹੀ ਵਾਲ਼ੇ ਵਿਹੜੇ ਜਾ ਖਲੋਈ। ਓਹ ਵੱਡੀ ਸਬਾਤ ਜਿਸ 'ਚ ਸੰਦੂਕਾਂ ਦੀਆਂ ਪਾਲ਼ਾਂ ਨਾਲ਼ ਦੋਹਾਂ ਘਰਾਂ ਦੀ ਨਿਸ਼ਾਨਦੇਹੀ ਕੀਤੀ ਸੀ ਮੇਰੀਆਂ ਅੱਖਾਂ ਦੇ ਹੁਣ ਐਨ ਸਾਹਵੇਂ ਸੀ। ਘਰ ਦੇ ਉਹ ਸਾਰੇ ਜੀਅ ਜਿਨ੍ਹਾਂ ਰਿਸ਼ਤਿਆਂ ਨੂੰ ਦਿਲਾਂ 'ਚ ਵਸਾਇਆ ਧੁੰਦਲੀਆਂ ਯਾਦਾਂ 'ਚੋਂ ਨਿਕਲ਼ ਬਾਹਰ ਆਣ ਖਲੋਏ ਸਨ। ਓਸ ਪਿਆਰ ਨੂੰ ਮੁੜ ਜੀਵੰਤ ਕਰਦਿਆਂ ਅੱਜ ਫ਼ੇਰ ਮੈਂ ਮਾਣ ਰਹੀ ਸਾਂ। ਕਿਸ਼ਮਿਸ਼ ਬਦਾਮਾਂ ਵਾਲ਼ੀ ਖੀਰ ਖਾਂਦਿਆਂ ਇਓਂ ਲੱਗਾ ਜਿਵੇਂ ਲੰਮੇ ਤੇ ਥਕੇਂਵੇਂ ਵਾਲ਼ੇ ਸਫ਼ਰ ਤੋਂ ਬਾਅਦ ਪਿੰਡ ਪਰਤ ਆਏ ਹੋਈਏ। ਚੌਗਿਰਦੇ ਨੂੰ ਸੂਹੀ ਚਾਨਣ-ਰੁੱਤ ਨਾਲ ਰੰਗਦੀ ਧੁੱਪ ਨਾਲ਼ ਹਰੇ ਕਚੂਰ ਘਾਹ 'ਤੇ ਪਈਆਂ ਮੀਂਹ ਦੀਆਂ ਬੂੰਦਾਂ ਹੁਣ ਵਾਸ਼ਪ ਬਣ ਹਵਾ 'ਚ ਰਲ਼ ਰਹੀਆਂ ਸਨ। ਨਵੀਆਂ ਫੁੱਟਦੀਆਂ ਆਸ ਕਰੂੰਬਲਾਂ ਨੂੰ ਕਿਸੇ ਬਹਾਰ ਦਾ ਸੁਨੇਹਾ ਦਿੰਦੀਆਂ,' ਕਿਰੇ ਵਕਤ ਤਲੀ ਤੋਂ ਕਿਸੇ ਗਰਦਿਸ਼ ਗੁਆਚੇ ਪਲ, ਚੱਲ ਸ਼ਗਨਾਂ ਦਾ ਤੇਲ ਚੋਈਏ ਸਬੱਬੀਂ ਜੁੜੀ ਏ ਮਹਿਫ਼ਲ।'
ਮੀਂਹ ਮਗਰੋਂ 
ਸੱਜਰੀ ਪਗਡੰਡੀ 
ਸਾਵੇ ਘਾਹ 'ਤੇ