ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Aug 2013

ਕੇਹਾ ਸਾਵਣ / ਦੋ ਗੱਲਾਂ

ਕੇਹਾ ਸਾਵਣ
ਕੱਲਮ-ਕੱਲੀ
ਆਪਣਾ ਕੋਈ ਵੀ ਨਾ 
ਬੇਦਰਦੀਆ
ਬਣ ਨਿਰਮੋਹਿਆ
ਕਿੱਥੇ ਬੈਠਾ ਤੂੰ
ਹੁਣ ਘਰ ਮੁੜ ਆ 
ਕੇਹਾ ਸਾਵਣ
ਬਿਨ ਤੇਰੇ ਬਾਝੌਂ ਵੇ
ਮੈਂ ਕੁਰਲਾਵਾਂ ਬੀਬਾ।
                           


ਦੋ ਗੱਲਾਂ
ਆ ਮਿਲ ਮੈਨੂੰ 
ਬਣ ਰਾਹਾਂ ਦਾ ਪਾਂਧੀ
ਖੜ੍ਹੀ ਉਡੀਕਾਂ
ਤੇਰੇ ਬਾਝ ਇੱਕਲੀ
ਮਹਿਰਮਾਂ ਵੇ
ਅੱਜ ਮੈਂ ਮਾਰਾਂ ਲੀਕਾਂ 
ਕੁਝ ਨਾ ਸੁੱਝੇ
ਬਿਨ ਤੇਰੇ ਸੱਜਣਾ
ਆ ਪਾ ਜਾ ਫ਼ੇਰਾ
ਮੇਰੇ ਤੂੰ ਸਾਹੀਂ ਵਸੇਂ
ਦੱਸ ਜਾ ਮੈਨੂੰ
ਕਿੰਝ ਦੂਰ ਰਹਾਂ ਮੈਂ
ਪਿਆਰ ਦੀਆਂ 
ਚੱਲ ਦੋ ਗੱਲਾਂ ਕਰੀਏ
ਅੱਖਾਂ ਵਿੱਚ ਅੱਖਾਂ ਪਾ।
ਨਿਰਮਲ ਸਤਪਾਲ
(ਲੁਧਿਆਣਾ) 

(ਨੋਟ: ਇਹ ਪੋਸਟ ਹੁਣ ਤੱਕ 16 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ)


27 Aug 2013

ਭੁੱਲੇ ਤੰਦੂਰ (ਸੇਦੋਕਾ)

1.
ਭਖੇ ਤੰਦੂਰ
ਭਾਬੀ ਲਾਵੇ ਰੋਟੀਆਂ
ਮੁੜਕੋ ਮੁੜਕੀ ਹੋ
ਗੋਲ ਬੈਂਗਣ
ਕੋਲਿਆਂ 'ਤੇ ਭੁੱਜਦੇ
ਖਾਈਏ ਮਜ਼ੇ ਲੈ ਲੈ ।

2.
ਭੁੱਲੇ ਤੰਦੂਰ
ਨਾ ਰਹੀਆਂ ਭਾਬੀਆਂ
ਜੋ ਦੇਣ ਚੋਪੜੀਆਂ
ਨਾ ਲਵੇਰੀਆਂ
ਨਾ ਰਹੀਆਂ ਬੂਰੀਆਂ
ਪੈਕਟਾਂ 'ਚ ਪੈ ਗੀਆਂ ।

3.
ਪੀਲੇ ਨੇ ਰੰਗ
ਪੀ ਪੀ ਨਸ਼ੇ ਤੇ ਭੰਗ
ਇਹ ਨੇ ਸਾਡੇ ਸੰਗ
ਲੱਭੋ ਸੂਰਮੇ
ਮੁੱਛ ਵੱਟ ਗੱਭਰੂ
ਬੀਤੇ ਦੀਆਂ ਨੇ ਗੱਲਾਂ ।

ਜੋਗਿੰਦਰ ਸਿੰਘ  ਥਿੰਦ
ਸਿਡਨੀ -ਅੰਮ੍ਰਿਤਸਰ 

ਨੋਟ*= ਸੇਦੋਕਾ  5-7-7, 5-7-7 ਧੁੰਨੀ ਖੰਡ ਵਾਲ਼ੀਆਂ ਦੋ ਅੱਧੀਆਂ /ਅਧੂਰੀਆਂ  ਕਾਵਿ ਟੁਕੜੀਆਂ ਨੂੰ ਜੋੜ ਕੇ ਬਣਦਾ ਹੈ।

(ਨੋਟ: ਇਹ ਪੋਸਟ ਹੁਣ ਤੱਕ 23 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ)

25 Aug 2013

ਬੇਮੌਸਮਾ ਮੀਂਹ (ਚੋਕਾ)


     ਭਾਦੋਂ ਮਹੀਨਾ
ਫੋਟੋ: ਅੰਮ੍ਰਿਤ ਰਾਏ -ਫਾਜ਼ਿਲਕਾ

ਜਦ-ਜਦ ਚੜ੍ਹਿਆ
ਵਿੱਚ ਸ਼ਿਕੰਜੇ
ਕਿਸਾਨ ਸੀ ਅੜਿਆ 
ਤੱਕੇ ਅੰਬਰੀਂ 
ਚੜ੍ਹਦੀਆਂ ਘਟਾਵਾਂ
ਬਦਲੇ ਦ੍ਰਿਸ਼
ਵਗਦੀਆਂ ਹਵਾਵਾਂ 
ਦਿਨ ਹੋ ਰਾਤ
ਵਰ੍ਹੇ ਵਾਂਗ ਵਰੋਲੇ
ਡੋਬੇ ਨਰਮੇ
ਦੁੱਖਾਂ ਦੇ ਦਰ ਖੋਲ੍ਹੇ 
ਰੁੜ੍ਹੇ ਕਿਧਰੇ 
ਬੰਨੇ ਤੂੜੀ ਦੇ ਕੁੱਪ 
ਚਾਰ-ਚੁਫੇਰੇ 
ਹੁਣ ਛਾਈ ਸੀ ਚੁੱਪ 
ਛੱਪੜ -ਟੋਭੇ
ਨੱਕੋ-ਨੱਕੀ ਭਰਦਾ
ਸੜਕਾਂ -ਘਰ 
ਜਲ-ਥਲ ਕਰਦਾ 
ਵਿੱਚ ਬਜ਼ਾਰਾਂ
ਦੁਕਾਨਦਾਰੀ ਡੋਬੇ
ਕਹਿਰ ਢਾਏ 
ਬੇਮੌਸਮਾ ਮੀਂਹ ਏ 
ਆਪਣਾ ਰੋਣਾ
ਕਿਸ ਅੱਗੇ ਰੋਈਏ 
ਲੱਭਦੀ ਨਾ ਢੋਈ ਏ !

ਅੰਮ੍ਰਿਤ ਰਾਏ (ਪਾਲੀ)
ਫਾਜ਼ਿਲਕਾ 

(ਨੋਟ: ਇਹ ਪੋਸਟ ਹੁਣ ਤੱਕ 27 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ)


23 Aug 2013

ਸੁਬਕ ਬੁੱਲਾ

1.
ਬੈਠੀ ਤਿੱਤਲੀ
ਕ਼ਰੀਬ ਫੁੱਲ ਗਿਆ -
ਸੁਬਕ ਬੁੱਲਾ 

2.
ਗ੍ਰਹਿਣ ਮੁੱਕਾ -
 ਪਹੁੰਚੀ ਤਿੱਤਲੀ
ਖਿੜਿਆ ਫੁੱਲ

3.
ਬੱਦਲਵਾਈ -
ਮੋਤੀਏ ਫੁੱਲਾਂ ਸੰਗ
ਖੁੱਲਾ ਆਕਾਸ਼ 

ਦਲਵੀਰ ਗਿੱਲ 
(ਕਨੇਡਾ)
(ਨੋਟ: ਇਹ ਪੋਸਟ ਹੁਣ ਤੱਕ 10 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ)

21 Aug 2013

ਰੱਖੜੀ

ਸੁਪ੍ਰੀਤ ਕੌਰ ਸੰਧੂ
ਨੌਵੀਂ ਜਮਾਤ 
**************
ਰੱਖੜੀਓਂ ਸੱਖਣੇ ਗੁੱਟ ਵਾਲ਼ੀ ਫੋਟੋ ਅੰਮ੍ਰਿਤ ਰਾਏ ਨੇ ਫ਼ਾਜ਼ਿਲਕਾ ਤੋਂ ਭੇਜੀ ਹੈ ਜਿਸਨੂੰ ਹਾਇਗਾ ਦੇ ਰੂਪ 'ਚ ਪੇਸ਼ ਕੀਤਾ ਗਿਆ ਹੈ। 
***************************
1.
ਦਿਨ ਰੱਖੜੀ
ਭੈਣ ਭਾਈ ਦਾ ਮੋਹ
ਸਜੇ ਗੁੱਟ 'ਤੇ।

2.
ਰੇਸ਼ਮੀ ਧਾਗਾ
ਭੈਣ ਭਾਈ ਦੇ ਬੰਨੇ 
ਪਾਕ-ਰਿਸ਼ਤਾ। 

ਮਹਿੰਦਰ ਪਾਲ ਮਿੰਦਾ
ਬਰੇਟਾ (ਮਾਨਸਾ)
********************************
1.
ਵੀਰੇ ਦੇ ਗੁੱਟ
ਭੈਣ ਬੰਨੇ ਰੱਖੜੀ
ਮਿਲੇ ਸੁਗਾਤ ।
2.
ਮਾਂ ਜਾਏ ਵੀਰ
ਬੰਨੇ ਰੇਸ਼ਮੀ ਧਾਗਾ
ਵੱਧਦਾ ਮੋਹ।


ਜਗਦੀਸ਼ ਰਾਏ ਕੁਲਰੀਆਂ

ਬਰੇਟਾ (ਮਾਨਸਾ) 
ਨੋਟ: ਇਹ ਪੋਸਟ ਹੁਣ ਤੱਕ 36 ਵਾਰ ਖੋਲ੍ਹ ਕੇ ਪੜ੍ਹੀ ਗਈ। 

18 Aug 2013

ਅੰਬਰੀਂ ਤਾਰਾ


                                                             ਨਿਰਮਲਜੀਤ ਸਿੰਘ ਬਾਜਵਾ

17 Aug 2013

ਚਿੱਠੀ ਦੀਆਂ ਬਾਤਾਂ

17.04.13 
ਹਾਇਕੁ- ਲੋਕ ਦੀ ਤੰਦ ਭੇਜਣ ਲਈ ਬਹੁਤ ਧੰਨਵਾਦ। ਕੁਝ ਹਾਇਕੁ ਪੜ੍ਹੀਆਂ ਵੀ ਚੰਗੀਆਂ ਲੱਗੀਆਂ। ਅੱਜ-ਕੱਲ੍ਹ ਇੱਕ ਕਾਨਫਰੰਸ ਦੇ ਪ੍ਰਬੰਧ ਵਿੱਚ ਰੁੱਝਾ ਹੋਣ ਕਰਕੇ ਹੋਰ ਨਹੀਂ ਲਿਖ ਪਾ ਰਿਹਾ।  ਪੰਜਾਬੀ ਦੀ ਅਮੀਰੀ ਵਿੱਚ ਹੋਰ ਵਾਧਾ ਕਰਨ ਲਈ ਹਾਇਕੁ- ਲੋਕ ਨੂੰ ਦਿਲੀ ਮੁਬਾਰਕਾਂ। ਆਪਣਾ ਇੱਕ ਲੇਖ ਵੀ ਨੱਥੀ ਕਰ ਰਿਹਾ ਹਾਂ। ਹਾਇਕੁ ਜਗਤ ਤੱਕ ਪੁੱਜਦਾ ਕਰਨ ਦੀ ਕਿਰਪਾਲਤਾ ਕਰਨਾ। ਅਹਿਸਾਨਮੰਦ ਹੋਵਾਂਗਾ। ਇਹ ਲੇਖ 5abi.com'ਤੇ ਵੀ ਪੜ੍ਹਿਆ ਜਾ ਸਕਦਾ ਏ। 
ਸ਼ੁਭ ਇੱਛਾਵਾਂ ਸਹਿਤ
ਜੋਗਾ ਸਿੰਘ
ਜੋਗਾ ਸਿੰਘ, ਐਮ.ਏ., ਐਮ.ਫਿਲ., ਪੀ-ਐਚ.ਡੀ. (ਯੌਰਕ, ਯੂ.ਕੇ.)
ਪ੍ਰੋਫੈਸਰ ਅਤੇ ਸਾਬਕਾ ਮੁਖੀ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ
ਡਾਇਰੈਕਟਰ, ਸੈਂਟਰ ਫਾਰ ਡਾਇਸਪੋਰਾ ਸਟੱਡੀਜ਼
ਪੰਜਾਬੀ ਯੂਨੀਵਰਸਿਟੀ, ਪਟਿਆਲਾ - 147 002 (ਪੰਜਾਬ) - ਭਾਰਤ।
ਕਾਮਨਵੈਲਥ ਵਜੀਫਾ ਪ੍ਰਾਪਤ (1990-93)
ਜੇਬੀ: +91-9915709582 ਘਰ: +91-175-2281582 ਦਫ: +91-175-304-6511/6241
**********************************************************************************
17.04.13
ਪਿਆਰੀ ਹਰਦੀਪ,
 ਨਿੱਘੀ ਯਾਦ!
 ਮੈਂ ਸਾਰਾ ਹਾਇਕੁ ਲੋਕ ਹੁਣੇ ਹੁਣੇ ਪੜ੍ਹ ਕੇ ਹਟੀ ਹਾਂ। ਸਾਰੇ ਹਾਇਕੁ ਬੜੇ ਚੰਗੇ ਲੱਗੇ। ਖਾਸ ਕਰ ਪਿੰਡ ਦੀ ਸਵੇਰ ਨਾਲ ਸਬੰਧਿਤ ਹਾਇਕੁ। ਸਾਡੀ ਛੋਟੀ ਭੈਣ ਸਭ ਨੂੰ ਉਂਗਲ ਲਾ ਕੇ ਨਾਲ ਤੋਰ ਰਹੀ ਹੈ। ਇਹ ਸ਼ਲਾਘਾਯੋਗ ਹੈ ਤੇ ਤੇਰੀ ਇੱਕ ਬਹੁਤ ਵੱਡੀ ਦੇਣ ਹੈ। ਸ਼ਾਲਾ ਇਸੇ ਤਰਾ ਹਾਇਕੁ ਲੋਕ ਨੂੰ ਵਧਾਉਂਦੇ ਤਰੱਕੀ ਦੇ ਰਾਹ 'ਤੇ ਤੁਰਦੇ ਰਹੋ, ਪਰਮਾਤਮਾ ਅੱਗੇ ਇਹੀ ਦੁਆ ਹੈ। 
ਸ਼ੁਭ ਕਾਮਨਾਵਾ ਸਹਿਤ,
ਪ੍ਰੋ. ਦਵਿੰਦਰ ਕੌਰ ਸਿੱਧੂ 
****************************************************************************
27.6.13
ਮੈਡਮ ਹਰਦੀਪ ਜੀ,
ਫਤਹਿ ਕਬੂਲ ਕਰਨੀ !
ਆਪ ਜੀ ਦਾ ਸੁਨੇਹਾ ਮਿਲ਼ਿਆ। ਰੂਹ ਨੂੰ ਠਾਰ ਗਿਆ। ਐਨਾ ਮੋਹ ਤੇ ਪਿਆਰ ਪੰਜਾਬੀ ਹੀ ਦੇ ਸਕਦੇ ਨੇ। ਆਪ ਜੀ ਨੇ ਮੇਰੇ ਵਿਚਾਰਾਂ ਨੂੰ ਹੱਲਾਸ਼ੇਰੀ ਹੀ ਨਹੀਂ ਦਿੱਤੀ ਸਗੋਂ ਮੇਰੀ ਕਲਮ ਨੂੰ ਵੀ ਆਸ ਭਰਿਆ ਹੁੰਗਾਰਾ ਦਿੱਤਾ ਹੈ। ਮੇਰੀ ਰਚਨਾ 'ਧੀ ਧਿਆਣੀ' ਲਈ ਕੀਤੀ ਮਿਹਨਤ ਲਈ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਆਪ ਨਾਲ਼ ਜੁੜਨ ਦੀ ਕੋਸ਼ਿਸ਼ ਜਾਰੀ ਰੱਖਾਂਗੀ। 
ਨਵੀਂ ਵਿਧਾ ਬਾਰੇ ਆਪ ਜੀ ਵਲੋਂ ਹੀ ਪਤਾ ਲੱਗਾ ਹੈ। ਆਪ ਜੀ ਰਾਹੀਂ ਦਿੱਤੀ ਗਈ ਅਨੋਖੀ ਜਾਣਕਾਰੀ ਲਈ ਦਿਲੋਂ ਰਿਣੀ ਹਾਂ ਤੇ ਆਪ ਜੀ ਨਾਲ਼ ਜੁੜੇ ਰਹਿ ਕੇ ਨਵਾਂ ਕੁਝ ਲਿਖਣ ਤੇ ਜਾਨਣ ਲਈ ਤਰਸ ਰਹੀ ਹਾਂ। ਮੇਰੀਆਂ ਕੱਚ-ਘਰੜ ਰਚਨਾਵਾਂ ਨੂੰ ਤਰਾਸ਼ ਕੇ ਮਨਮੋਹਕ ਤੇ ਸੁਹਪਣ ਭਰੇ ਅੰਦਾਜ਼ ਵਿੱਚ ਸ਼ਿੰਗਾਰਣ ਲਈ ਆਪਣਾ ਕੀਮਤੀ ਸਮਾਂ ਮੇਰੇ ਨਾਮ ਕਰਨ ਲਈ ਧੰਨਵਾਦ । 
ਨਿਰਮਲ ਸਤਪਾਲ - ਪ੍ਰਿੰਸੀਪਲ ਸ ਸ ਸ ਸ ਨੂਰਪੁਰ-ਬੇਟ (ਲੁਧਿਆਣਾ) 
*******************************************************************************
13.7.13
ਹਾਇਕੁ ਲੋਕ ਵਾਚਿਆ ... ਬਹੁਤ ਵਧੀਆ ਲੱਗਿਆ। ਆਪ ਦੇ ਉਪਰਾਲੇ ਸ਼ਲਾਘਾਯੋਗ ਹਨ। ਸ਼੍ਰੀ ਰਾਮੇਸ਼ਵਰ ਕੰਬੋਜ ਹਿਮਾਸ਼ੂ ਜੀ ਨੇ ਵੀ ਇਸ ਬਾਰੇ ਕਈ ਵਾਰ ਗੱਲ ਕੀਤੀ ਹੈ। ਮੈਂ ਇਸ ਵਿਧਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਚਾਹੁੰਦਾ ਹਾਂ। ਹਾਂ ਸੱਚ, ਇੱਕ ਗੱਲ ਮੈਨੂੰ ਆਪ ਜੀ ਦੀ ਬੜੀ ਵਧੀਆ ਲੱਗੀ ਕਿ ਆਪ ਹਾਇਕੁਆਂ ਵਿੱਚ ਆਪਣੀਆਂ ਟਿੱਪਣੀਆਂ ਵੀ ਦਰਜ ਕਰਦੇ ਹੋ.. ਇਸ ਨਾਲ ਲੇਖਕਾਂ ਨੂੰ ਹੱਲਾਸ਼ੇਰੀ ਮਿਲਦੀ ਹੈ… ਆਪ ਦਾ ਕੰਮ ਮੈਨੂੰ ਇੱਕ ਜਨੂੰਨ ਦੀ ਤਰਾਂ ਲੱਗਿਆ ਹੈ, ਜੋ ਹਾਇਕੁ ਦੀ ਸਥਾਪਤੀ ਲਈ ਹੈ।
ਧੰਨਵਾਦਜਗਦੀਸ਼ ਰਾਏ ਕੁਲਰੀਆਂ 
(ਬਰੇਟਾ-ਮਾਨਸਾ)
********************************************************************************** 
16.7.13
ਸਤਿਕਾਰਯੋਗ ਹਰਦੀਪ ਜੀ ,
ਬਹੁਤ ਬਹੁਤ ਧੰਨਵਾਦ। ਮੈਨੂੰ ਜਗਦੀਸ਼ ਕੁਲਰੀਆਂ ਜੀ ਨੇ ਇਸ ਬਲਾਗ ਬਾਰੇ ਜਾਣਕਾਰੀ ਦਿੱਤੀ। ਬਹੁਤ ਹੀ ਵਧੀਆ ਉਪਰਾਲਾ ਹੈ। ਇਹ ਉਪਰਾਲਾ ਕਰ ਕੇ ਤੁਸੀਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ।  ਹਾਇਕੁ-ਲੋਕ ਆਪਣੀ ਪਛਾਣ ਵੱਲ ਵਧ ਰਿਹਾ ਹੈ । ਇਹ ਤੁਹਾਡੀ ਲਗਨ ਅਤੇ ਮਿਹਨਤ ਸਦਕਾ ਹੀ ਹੈ। ਇਸਦੀ ਸਫਲਤਾ ਲਈ ਦੁਆ ਵੀ ਕਰਦਾ ਹਾਂ। ਪੰਜਾਬੀ ਵਿਚ ਤੁਹਾਡਾ ਇਹ ਉੱਦਮ ਪ੍ਰੰਸ਼ਸਾ ਯੋਗ ਹੈ।
ਸ਼ੁੱਭ-ਇੱਛਾਵਾਂ ਨਾਲ
ਮਹਿੰਦਰ ਪਾਲ ‘ ਮਿੰਦਾ ’ ਬਰੇਟ  8146661044
# ੫੮, ਮੁਲਾਜਮ ਕਲੋਨੀ, ਬੁਢਲਾਡਾ ਰੋਡ  ;ਬਰੇਟਾ (ਮਾਨਸਾ)
**************************************************************************************
17.08.13 
ਸਤਿ ਸ਼੍ਰੀ ਅਕਾਲ ਹਰਦੀਪ ਭੈਣ ਜੀ,
ਹਾਇਕੁ-ਲੋਕ ਨਾਲ਼ ਸਾਂਝ ਪਾ ਕੇ ਮੈਂ ਅੱਜ ਕਿੰਨਾ ਖੁਸ਼ ਹਾਂ ਦੱਸ ਨਹੀਂ ਸਕਦਾ । ਭੈਣ ਅੱਜ ਮੇਰੇ ਲਈ ਸੱਚੀ ਦੀਵਾਲੀ ਹੈ। ਸੱਚ ਪੁੱਛੋਂ ਭੈਣ ਜੀ ਮੈਨੂੰ ਕਈ ਸਾਲ ਹੋ ਗਏ ਨੇ ਕਦੀ ਦੀਵਾਲੀ ਦਿਲੀ ਖੁਸ਼ੀ ਨਾਲ ਨਹੀਂ ਮਨਾਈ। ਹਰ ਦੀਵਾਲੀ ਮੂੰਹ 'ਤੇ ਉਦਾਸੀ ਛਾਈ ਰਹਿੰਦੀ ਸੀ, ਪਰ ਹੁਣ ਪੂਰੀ ਆਸ਼ਾ
ਹੈ ਮੈਨੂੰ ਇੱਕ ਬਹੁਤ ਪਿਆਰਾ ਪਰਿਵਾਰ ਮਿਲ ਗਿਆ ਹੈ, ਜਿਸ ਨਾਲ ਹਰ ਤਿਉਹਾਰ ਸੱਚੀ ਖੁਸ਼ੀ ਨਾਲ ਮਨਾਵਾਂਗਾ । ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ।

ਅੰਮ੍ਰਿਤ ਰਾਏ (ਪਾਲੀ)
ਮੰਡੀ ਅਮੀਨ ਗੰਜ
ਤਹਿ. ਤੇ ਜ਼ਿਲ੍ਹਾ ਫਾਜ਼ਿਲਕਾ ।
****************************************************************************
ਹੋਰ ਚਿੱਠੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ 

ਦਿਨ ਖੁਸ਼ੀ ਦਾ

ਅੱਜ ਸਾਡੇ ਨਾਲ਼ ਇੱਕ ਹੋਰ ਨਵਾਂ ਨਾਂ ਆ ਜੁੜਿਆ ਹੈ- ਅੰਮ੍ਰਿਤ ਰਾਏ (ਪਾਲੀ)। ਆਪ ਮੰਡੀ ਅਮੀਨ ਗੰਜ ਫਾਜ਼ਿਲਕਾ ਤੋਂ ਹਨ। ਸਕੂਲੀ ਦਿਨਾਂ ਦੌਰਾਨ ਆਪ ਨੇ ਪੰਜਾਬੀ ਸਾਹਿਤ ਨਾਲ਼ ਸਾਂਝ ਪਾਈ। ਆਪ ਦੇ ਵਿਦਿਆਰਥੀ ਜੀਵਨ ਦਾ ਸਫ਼ਰ ਅਜੇ ਚਾਲੂ ਹੈ। ਕਹਾਣੀਆਂ, ਲੇਖ, ਕਵਿਤਾਵਾਂ ਤੇ ਪੰਜਾਬੀ ਅਖਾਣ ਪੜ੍ਹਨ ਦਾ ਆਪ ਨੂੰ ਬਹੁਤ ਸ਼ੌਕ ਹੈ। ਇਸੇ ਸ਼ੌਕ ਨੇ ਆਪ ਹੱਥ ਕਲਮੀ ਝੰਡਾ ਫੜਾ ਕੇ ਕਵਿਤਾ ਲੇਖਣ ਵੱਲ ਮੋੜਿਆ। ਅੰਮ੍ਰਿਤ ਰਾਏ ਦੇ ਅਨੁਸਾਰ ਹਰ ਇੱਕ ਇਨਸਾਨ ਮਿੱਟੀ ਦਾ ਖਿਡੌਣਾ ਹੈ ਤੇ ਉਹ ਉਸ ਨੂੰ ਮੁਹੱਬਤਾਂ ਦੀ ਮਹਿਕ ਵੰਡਣ ਦੀ ਸਲਾਹ ਦਿੰਦਾ ਹੈ। 
 ਮਿੱਟੀ ਦੇ ਖਿਡੌਣੇ ਹਾਂ, ਕੁਝ ਦਿਨ ਦੇ ਪ੍ਰਾਹੁਣੇ ਹਾਂ
 ਕਿਉਂ ਸੱਚ ਨਹੀਂ ਹੁੰਦੇ, ਇਹ ਖ਼ਾਬ ਨਿਗਾਹਾਂ 'ਚ
 ਕੁਝ ਮਹਿਕ ਮੁਹੱਬਤਾਂ ਦੀ, ਆਪਾਂ ਵੀ ਵੰਡ ਲਈਏ
ਐਵੇਂ ਨਾ ਗੁਜ਼ਰ ਜਾਵੇ, ਇਹ ਵਕਤ ਯਾਰ ਸਲਾਹਾਂ 'ਚ ।
                    ਅੱਜ ਅੰਮ੍ਰਿਤ ਰਾਏ ਨੇ ਹਾਇਕੁ-ਲੋਕ ਨਾਲ਼ ਸਾਂਝ ਪਾਈ ਹੈ। ਚਾਹੇ ਅੱਜ ਦੀਵਾਲ਼ੀ ਨਹੀਂ ਹੈ ਪਰ ਅੰਮ੍ਰਿਤ ਨੂੰ ਹਾਇਕੁ-ਲੋਕ ਨਾਲ਼ ਜੁੜਨ ਦਾ ਦੀਵਾਲ਼ੀ ਜਿੰਨਾ ਚਾਅ ਹੈ। ਆਪ ਨੇ ਆਪਣੇ ਪਲੇਠੇ ਹਾਇਕੁ ਦੀਵਾਲ਼ੀ ਦੇ ਨਾਂ ਕੀਤੇ ਹਨ। ਮੈਂ ਅੰਮ੍ਰਿਤ ਰਾਏ ਦਾ ਹਾਇਕੁ-ਲੋਕ ਪਰਿਵਾਰ ਵਲੋਂ ਤਹਿ ਦਿਲੋਂ ਸੁਆਗਤ ਕਰਦੀ ਹਾਂ। ਆਸ ਕਰਦੀ ਹਾਂ ਕਿ ਆਪ ਸਭ ਨੂੰ ਸਾਡੇ ਨਵੇਂ ਜੁੜੇ ਸਾਥੀ ਦੇ ਹਾਇਕੁ ਪਸੰਦ ਆਉਣਗੇ। 

1.
ਰਾਤ ਹਨ੍ਹੇਰੀ
ਕੱਤਕ ਦੀ ਮੱਸਿਆ
ਦੀਵੇ ਦੀ ਲੋਅ।

2.
ਮਿੱਠੀ ਖੁਸ਼ਬੂ
ਡਰਾਉਣੀ ਆਵਾਜ਼
ਦਿਨ ਖੁਸ਼ੀ ਦਾ। 

ਅੰਮ੍ਰਿਤ ਰਾਏ (ਪਾਲੀ)
ਮੰਡੀ ਅਮੀਨ ਗੰਜ
ਤਹਿਸੀਲ ਤੇ ਜ਼ਿਲ੍ਹਾ-ਫਾਜ਼ਿਲਕਾ।
(ਨੋਟ: ਇਹ ਪੋਸਟ ਹੁਣ ਤੱਕ 55 ਵਾਰ ਖੋਲ੍ਹ ਕੇ ਪੜ੍ਹੀ ਗਈ)

16 Aug 2013

ਕੀ ਇਹੋ ਆਜ਼ਾਦੀ (ਤਾਂਕਾ)

ਆਜ਼ਾਦ ਭਾਰਤ ਦੀ ਇੱਕ ਹੋਰ ਤਸਵੀਰ ਪੇਸ਼ ਹੈ ਜਿੱਥੇ ਆਜ਼ਾਦੀ ਦੇ ਅਰਥ ਹਰ ਇੱਕ ਲਈ ਵੱਖੋ-ਵੱਖਰੇ ਨੇ। 

1.
ਰੋੜੀ ਕੁਟਦੀ
ਲੀਰਾਂ ਬਣੇ ਨੇ ਪੋਟੇ
ਆਜ਼ਾਦੀ ਨਾਲ
ਸੁੱਕੀ ਖਾਵੇ ਰੋਟੀਆਂ
ਭੁੱਖੇ ਢਿੱਡ ਆਜ਼ਾਦ।


2.
ਵੇਖੇ ਨੀਝਾਂ ਲਾ
ਅਖਬਾਰਾਂ 'ਚ ਛਪੇ
ਰੰਗੀਲੇ ਨੋਟ
ਹਸਰਤਾਂ ਦਿਲ 'ਚ
ਇਹ ਹਨ ਆਜ਼ਾਦ।


3.
ਰੁੱਝੇ ਨੇ ਬੱਚੇ
ਕਹਿਣ ਨੂੰ ਆਜ਼ਾਦ
ਹੈ ਨਿਮੋਝੂਣੇ
ਨਿੱਕੇ ਦਿਲ ਮਸੋਸੇ
ਸਹਿਮੇ- ਮੁਰਝਾਏ ।


ਜੋਗਿੰਦਰ ਸਿੰਘ ਥਿੰਦ 

(ਸਿਡਨੀ)
(ਨੋਟ: ਇਹ ਪੋਸਟ ਹੁਣ ਤੱਕ 12 ਵਾਰ ਖੋਲ੍ਹ ਕੇ ਪੜ੍ਹੀ ਗਈ)

15 Aug 2013

ਊਣੀ ਆਜ਼ਾਦੀ (ਤਾਂਕਾ)

ਅੱਜ ਅਜ਼ਾਦੀ ਦਿਵਸ ਹੈ। ਕੀ ਅਸੀਂ ਸੱਚਮੁੱਚ ਆਜ਼ਾਦ ਹਾਂ? ਇਸ ਗੱਲ ਦਾ ਹੁੰਗਾਰਾ ਭਰਨ ਲਈ ਸਾਡੀ ਇੱਕ ਸੰਵੇਦਨਸ਼ੀਲ ਕਲਮ ਇਓਂ ਬੋਲੀ।

"ਜੋ ਆਜ਼ਾਦੀ ਸਾਡੇ ਅਜ਼ਾਦੀ ਦੇ ਦੀਵਾਨਿਆਂ ਨੇ ਚਾਹੀ ਸੀ ਕੀ ਇਹ ਓਹੀ ਅਜ਼ਾਦੀ ਹੈ? ਨਹੀਂ-ਨਹੀਂ, ਇਹ ਓਹ ਨਹੀਂ ਹੈ। ਇਹ ਸਭ ਦੇ ਸੁਪਨਿਆਂ ਦੀ ਤਰਜਮਾਨੀ ਨਹੀਂ ਕਰਦੀ। ਸ਼ਾਇਦ ਇਸੇ ਲਈ ਕਿਸੇ ਨੂੰ ਇਹ ਦਿਨ ਉਤਸ਼ਾਹਿਤ ਨਹੀਂ ਕਰਦਾ। ਇਸ ਦਿਨ ਛੁੱਟੀ ਹੋਵੇ, ਕੋਈ ਕੰਮ ਨਾ ਕਰੀਏ-ਬੱਸ ਇਹੋ ਭਾਵ ਹਾਵੀ ਹੈ। ਆਪਣਾ ਜਨਮ ਦਿਨ ਮਨਾਉਣ ਜਿੰਨਾ ਚਾਅ ਕਿਧਰੇ ਨਜ਼ਰ ਨਹੀਂ ਆਉਂਦਾ। ਬਹੁ-ਗਿਣਤੀ ਨੂੰ ਲੱਗਦਾ ਹੈ ਕਿ ਓਹ ਅਜੇ ਵੀ ਗੁਲਾਮ ਨੇ।"

1.
ਭੁੱਖ ਆਖਦੀ 
ਜਿੰਨੀ ਮਿਲੀ ਓਹੀਓ
ਅਸਾਂ ਨੇ ਖਾਧੀ 
ਇਹ ਕੇਹੀ ਆਜ਼ਾਦੀ  
ਲੱਗੇ ਊਣੀ ਆਜ਼ਾਦੀ।

2.
ਲਿਆ ਜੋ ਦੇਣੈ
ਆਜ਼ਾਦੀ ਵਾਲੇ ਨੋਟ 
ਲਵਾ ਅੰਗੂਠਾ 
ਤਰਜਮਾਨੀ ਕਰੇ
ਕਦੋਂ ਸੁਪਨਿਆਂ ਦੀ ।

3.
ਛੁੱਟੀ ਨੀਂ ਅੱਜ
ਫਿਰ ਕੇਹੀ ਆਜ਼ਾਦੀ 
ਬੱਚੇ ਨਿਰਾਸ਼ 
ਨਜ਼ਰ ਨਾ ਆਉਂਦਾ 
ਕਿਧਰੇ ਕੋਈ ਚਾਅ।

ਡਾ. ਸ਼ਿਆਮ ਸੁੰਦਰ ਦੀਪਤੀ
(ਅੰਮ੍ਰਿਤਸਰ) 

(ਨੋਟ: ਇਹ ਪੋਸਟ ਹੁਣ ਤੱਕ 23 ਵਾਰ ਖੋਲ੍ਹ ਕੇ ਪੜ੍ਹੀ ਗਈ)

13 Aug 2013

ਸਾਵਣ ਰੁੱਤੇ

 ਸਾਉਣ ਦੀ ਰੁੱਤ 'ਚ ਮਾਹੀ ਦੀ ਉਡੀਕ 'ਚ ਬੈਠੀ ਮੁਟਿਆਰ ਤੇ ਕੋਇਲ ਦੀ ਕੂਕ ਨੂੰ ਅਜੋਕੇ ਰੂਪ ਪੇਸ਼ ਕੀਤਾ ਹੈ।  'ਕੋਇਲ ਕੂਕੇ' ਪੋਸਟ ਇਹ ਹਾਇਕੁ ਲਿਖਣ ਦਾ ਪ੍ਰੇਰਨਾ ਸਰੋਤ ਬਣੀ।

1.
ਅੰਬ ਦਾ ਰੁੱਖ
ਕੋਇਲ ਪਈ ਢੂੰਡੇ
ਖੰਬੇ 'ਤੇ ਕੂਕੇ ।
2.
ਸਾਵਣ ਰੁੱਤੇ
ਮੋਬਾਇਲ ਫੋਨ 'ਤੇ
ਲੰਮੀਆਂ ਗੱਲਾਂ ।
3.
ਕੰਧ ਲਕੀਰਾਂ
ਅੱਜ ਦੇ ਵਕਤ 'ਚ
ਔਸੀਂਆਂ ਹੀ ਨੇ।

ਦਿਲਜੋਧ ਸਿੰਘ
(ਯੂ.ਐਸ.ਏ.)
(ਨੋਟ: ਇਹ ਪੋਸਟ ਹੁਣ ਤੱਕ 23 ਵਾਰ ਖੋਲ੍ਹ ਕੇ ਪੜ੍ਹੀ ਗਈ)

11 Aug 2013

ਕੋਇਲ ਕੂਕੇ


ਸਾਉਣ ਮਹੀਨਾ ਲੰਘ ਚੱਲਿਆ ਹੈ। ਮਾਹੀ ਦੀ ਉਡੀਕ 'ਚ ਬੈਠੀ ਮੁਟਿਆਰ ਦੇ ਹਾਵ-ਭਾਵ ਕੁਝ ਇਸ ਤਰਾਂ ਪੇਸ਼ ਕੀਤੇ ਹਨ ਸਾਡੀ ਹਾਇਕੁ ਕਲਮ ਨੇ !

1.
ਪੀਂਘ ਹੁਲਾਰਾ
ਉੱਡਾਂ ਅਸਮਾਨੀ ਵੇ
ਕੌਣ ਸੰਭਾਲ਼ੇ ।

2.
ਕੋਇਲ ਕੂਕੇ
ਬੱਦਲ ਗਰਜਣ
ਬੈਠੀ ਉਦਾਸ ।

3.
ਕਾਗ ਉਡਾਵਾਂ
ਸੋਹਣਿਆਂ ਸੱਜਣਾਂ
ਔਸੀਆਂ ਪਾਵਾਂ ।

ਨਿਰਮਲ ਸਤਪਾਲ
(ਲੁਧਿਆਣਾ) 

9 Aug 2013

ਬਹਾਰ


ਬਿਨ ਮੀਂਹ ਤੋਂ
ਵਗਣ ਪਰਨਾਲੇ
ਬਹਾਰ ਆਈ ।

ਦਲਵੀਰ ਗਿੱਲ
(ਕਨੇਡਾ)
(ਨੋਟ: ਇਹ ਪੋਸਟ ਹੁਣ ਤੱਕ 48 ਵਾਰ ਖੋਲ੍ਹ ਕੇ ਪੜ੍ਹੀ ਗਈ)

8 Aug 2013

ਈਦ-ਉਲ-ਫਿਤਰ

ਆਪਸੀ ਮੋਹ-ਮੁਹੱਬਤ ਦਾ ਪ੍ਰਤੀਕ ਹੈ ਈਦ। ਸਾਂਝੀ ਖੁਸ਼ੀ ਜਿਸ ਵਿੱਚ ਸਾਰੇ ਸ਼ਮਿਲ ਹੋਣ ਅਜਿਹੇ ਤਿਓਹਾਰ ਆਪਸੀ ਮੋਹ-ਮੁਹੱਬਤ, ਸਾਂਝੀ ਭਾਈਵਾਲਤਾ ਤੇ ਕੌਮੀ ਏਕਤਾ ਦੇ ਪ੍ਰਤੀਕ ਹੁੰਦੇ ਹਨ। ਅੱਜ ਈਦ ਹੈ-ਜਿਸ ਨੂੰ ਸੇਵੀਆਂ ਵਾਲ਼ੀ ਮਿੱਠੀ ਈਦ ਵੀ ਕਿਹਾ ਜਾਂਦਾ ਹੈ। ਇਹ ਦਿਨ ਖੂਸ਼ੀ ਤੇ ਰੱਬ ਦਾ ਧੰਨਵਾਦ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਸਾਡੀ ਸਭ ਤੋਂ ਛੋਟੀ ਹਾਇਕੁਕਾਰਾ ਨੇ ਇਸ ਦਿਨ ਨੂੰ ਚਿੱਤਰਦੇ ਹਾਇਕੁ ਲਿਖ ਪਾਠਕਾਂ ਨਾਲ਼ ਸਾਂਝੇ ਕੀਤੇ ਹਨ। 

1.
ਈਦ ਦਾ ਦਿਨ
ਬਜ਼ਾਰਾਂ 'ਚ ਰੌਣਕ
ਖੁਸ਼ੀ ਦੇ ਮੇਲੇ ।

2.
ਪੜ੍ਹ ਨਮਾਜ਼
ਹੱਥ ਉਠਾ ਮੰਗਣ
ਖੁਦਾ ਤੋਂ ਦੁਆ ।

ਸੁਪ੍ਰੀਤ ਕੌਰ ਸੰਧੂ
(ਜਮਾਤ ਨੌਵੀਂ) 
(ਨੋਟ: ਇਹ ਪੋਸਟ ਹੁਣ ਤੱਕ 65 ਵਾਰ ਖੋਲ੍ਹ ਕੇ ਪੜ੍ਹੀ ਗਈ)

6 Aug 2013

ਜੀਵਨ ਜਾਂਚ

1.
ਪੜ੍ਹਦਾ ਬੱਚਾ
ਫਰੋਲਦਾ ਵਰਕੇ
ਜੀਵਨ ਜਾਂਚ ।

2.
ਸਵੇਰ ਸਭਾ
ਗੁਰੂ ਜੀ ਦਾ ਭਾਸ਼ਣ
ਹਲੂਣੇ ਦਿਲ।

3.
ਬੱਸ ਸਟੈਂਡ
ਕਰਦਾ ਇੰਤਜ਼ਾਰ
ਜਾਣਾ ਮੰਜ਼ਲ।

ਮਹਿੰਦਰ ਪਾਲ ‘ਮਿੰਦਾ ’ 
ਬਰੇਟਾ (ਮਾਨਸਾ)
(ਨੋਟ: ਇਹ ਪੋਸਟ ਹੁਣ ਤੱਕ 22 ਵਾਰ ਖੋਲ੍ਹ ਕੇ ਪੜ੍ਹੀ ਗਈ)

3 Aug 2013

ਸ਼ਬਦ ਬੇਮਾਅਨੇ (ਸੇਦੋਕਾ)

1.
ਮੰਜੀ ਡਾਹੀ ਏ
ਮੈਂ ਦਲਾਨ ਦੀ ਗੁੱਠੇ
ਸ਼ਬਦ ਘੜ੍ਹਨ ਨੂੰ।
ਛੱਡ ਕਲਮ
ਪ੍ਰਕਿਰਤੀ ਅੱਗੇ ਨੇ
ਸ਼ਬਦ ਬੇਮਾਅਨੇ।

2.
ਮੀਂਹ ਵਰ੍ਹਦਾ
ਟਿੱਪ-ਟਿੱਪ ਡਿੱਗਣ
ਚਮਕਦੀਆਂ ਬੂੰਦਾਂ।
ਖਿੜੀ ਏ ਕਲੀ
ਹੱਥ ਖੋਲ੍ਹ ਦਿੱਤੇ ਨੇ
ਬੂੰਦਾਂ ਫੜਨ ਲਈ ।

ਪ੍ਰੋ. ਦਵਿੰਦਰ ਕੌਰ ਸਿੱਧੂ
(ਕੈਲਗਿਰੀ-ਦੌਧਰ) 


ਨੋਟ : ਸੇਦੋਕਾ ਜਪਾਨੀ ਕਾਵਿ ਵਿਧਾ ਹੈ ਜਿਸ ਵਿੱਚ 5-7-7, 5-7-7 ਧੁੰਨੀ ਖੰਡ ਵਾਲ਼ੀਆਂ ਦੋ ਅੱਧੀਆਂ /ਅਧੂਰੀਆਂ  ਕਾਵਿ ਟੁਕੜੀਆਂ ਹੁੰਦੀਆਂ ਹਨ- ਜੋ ਮਿਲ਼ ਕੇ ਕਿਸੇ ਇੱਕ ਭਾਵ ਨੂੰ ਬਿਆਨਦੀਆਂ ਹਨ।

(ਨੋਟ: ਇਹ ਪੋਸਟ ਹੁਣ ਤੱਕ 21 ਵਾਰ ਖੋਲ੍ਹ ਕੇ ਪੜ੍ਹੀ ਗਈ)