ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Jul 2016

ਘੋਰ-ਕੰਡੇ

ਕਾਫੀ ਸਮਾਂ ਪਹਿਲਾਂ ਪਿੰਡਾਂ ਵਿੱਚ ਅੱਜ ਕੱਲ ਵਰਗੇ ਮੰਨੋਰੰਜਨ ਦੇ ਸਾਧਨ ਨਹੀਂ ਹੁੰਦੇ ਸਨ| ਬੱਚਿਆਂ ਦੇ ਦਿਲ ਬਹਿਲਾਵੇ ਲਈ ਜਾਂ ਜਦੋਂ ਬੱਚੇ ਨੇ ਸੌਣ ਲਈ ਜਿਦ ਕਰਨੀ ਜਾਂ ਰੋਣਾ ਸੁਰੂ ਕਰ ਦੇਣਾ ਮਾਵਾਂ ਘਰ ਦੇ ਕੰਮ 'ਚ ਇੰਨੀਆਂ ਰੁਝੀਆਂ ਹੁੰਦੀਆਂ ਸਨ ਕਿ ਉਹਨਾਂ ਕੋਲ ਬੱਚਿਆਂ ਲਈ ਸਮਾਂ ਨਹੀਂ ਹੁੰਦਾ ਸੀ| ਤਾਂ ਘਰ ਦੇ ਬਜ਼ੁਰਗ ਨੇ ਕਹਿਣਾ ਮੇਰੇ ਕੋਲ ਆਓ ਸਾਰੇ ਮੈਂ ਥੋਡੇ ਘੋਰ-ਕੰਡੇ ਕਰਦਾਂ|ਘਰ ਦੇ ਸਾਰੇ ਬੱਚਿਆਂ ਨੇ ਬਜ਼ੁਰਗ ਕੋਲ ਇੱਕਠੇ ਹੋ ਜਾਣਾ|ਆਪਣੀ-ਆਪਣੀ ਵਾਰੀ ਲਈ ਬੱਚਿਆਂ ਨੇ ਕਾਵਾਂ ਰੌਲੀ ਪਾ ਦੇਣੀ|ਬਜ਼ੁਰਗ ਨੇ ਵਾਰੀ ਲਈ ਕੋਈ ਨਿਯਮ ਜਿਹਾ ਬਣਾ ਲੈਣਾ ਅਤੇ ਜਿਸ ਦੀ ਸਭ ਤੋਂ ਪਹਿਲਾਂ ਵਾਰੀ ਹੋਣੀ ,ਉਸ ਬੱਚੇ ਦਾ ਹੱਥ ਫੜਨਾ ਅਤੇ ਹਥੇਲੀ ਤੇ ਆਪਣੀ ਉਂਗਲ ਫੇਰਨੀ ਤੇ ਨਾਲ-ਨਾਲ ਇੱਕ ਕਹਾਣੀ ਵੀ ਸੁਣਾਉਂਦੇ ਰਹਿਣਾ -ਘੋਰ-ਕੰਡੇ,ਚੂਹੇ ਲੰਡੇ, ਹਾਲੀਓ ਪਾਲੀਓ ਐਥੇ ਸਾਡਾ ਤਾਰੀ ਨੀ ਦੇਖਿਆ,ਹੱਥ ਵਿੱਚ ਖੂੰਡੀ , ਪੈਰੀਂ ਮੋਜੇ,ਸਿਰ ਤੇ ਭੂੰਗੀ.....ਇਸ ਤਰਾਂ ਬਜ਼ੁਰਗ ਨੇ ਆਪਣੀ ਉਂਗਲੀ ਨਾਲ ਬਾਂਹ ਤੇ ਘੋਰ -ਕੰਡੇ ਜਿਹੇ ਕਰਦੇ-ਕਰਦੇ ਅੱਗੇ ਵਧਦੇ ਜਾਣਾ ਅਤੇ ਇਹ ਕਹਿੰਦੇ ਰਹਿਣਾ ਆ ਜਾਂਦੀ ਪੈੜ...ਬਈ.ਆ ਜਾਂਦੀ ਪੈੜ ...ਆ ਦੇਖੋ ਐਥੋਂ ਖੱਬੇ ਮੁੜ ਗਿਆ...ਇੱਥੋਂ ਸੱਜੇ ਮੁੜ ਗਿਆ...ਲੱਭ ਗਈ ਪੈੜ..ਬਈ ਲੱਭ ਗਈ ਪੈੜ..ਸਾਡੇ ਤਾਰੀ ਦੀ ਲੱਭ ਗਈ ਪੈੜ..ਤੇ ਅਖੀਰ ਬੋਚ ਕੇ ਬੱਚੇ ਦੀ ਕੱਛ ਚ ਅਚਾਨਕ ਕੁਤ-ਕਤਾੜੀ ਕਰ ਦੇਣੀ|ਜਦੋਂ ਕੁਤ-ਕਤਾੜੀ ਹੋਣੀ ਤਾਂ ਬੱਚਾ ਨੇ ਪੂਰੇ ਜ਼ੋਰ ਦੀ ਹੱਸਣਾ | ਇਸ ਤਰਾਂ ਕਰਨ ਨਾਲ ਬੱਚੇ ਹੱਸ ਛੱਡਦੇ ਸਨ ਅਤੇ ਆਪਣੀ ਵਾਰੀ ਦੀ ਉਡੀਕ ਕਰਦੇ| ਬਜ਼ੁਰਗ ਨੇ ਵਾਰੀ ਨਾਲ ਸਭ ਦੇ ਘੋਰ-ਕੰਡੇ ਕਰਨੇ ਅਤੇ ਘਰ ਚ ਹਾਸੜ ਪਿਆ ਰਹਿਣਾ| ਇੰਨੇ 'ਚ ਮਾਵਾਂ ਨੇ ਆਪਣਾ ਕੰਮ ਨਿਬੇੜ ਲੈਂਣਾ ਅਤੇ ਹੌਲੇ ਫੁੱਲ ਹੋਏ ਬੱਚਿਆਂ ਨੇ ਸੁੱਤਿਆਂ ਰਾਤ ਨੂੰ ਸੁਪਨੇ 'ਚ ਘੋਰ-ਕੰਡਿਆਂ ਦਾ ਅਨੰਦ ਮਾਨਣਾ|
ਫਲੇਲ ਸਿੰਘ ਸਿੱਧੂ 
(ਪਟਿਆਲਾ)

ਨੋਟ : ਇਹ ਪੋਸਟ ਹੁਣ ਤੱਕ 71 ਵਾਰ ਪੜ੍ਹੀ ਗਈ

19 Jul 2016

ਮਿੱਤਰਚਾਰਾ (ਤਾਂਕਾ )

1.
ਬੇੲਿਲਾਜ ਹੈ
ਵਹਿਮ ਦੀ ਬੀਮਾਰੀ 
ਲਾ ਨਾ ਬਹਿਣਾ
ਲੱਗ ਜਾੲੇ ਜਿਸ ਨੂੰ
ਨਹੀਂ ਬਚਦਾ ੳੁਹ ।


2.

ਟੁੱਟੀ ਸੜਕ
ਦੁਰਘਟਨਾਵਾਂ ਨੂੰ
ਅਾਪ ਬੁਲਾਵੇ
 ਹੋ ਕੇ ਸੁਚੇਤ ਜ਼ਰਾ
ੲਿਸ 'ਤੇ ਤੁਰੀਂ ਯਾਰਾ ।


3.

ਨਾਗਾਂ ਦੇ ਨਾਲ
ਰਾਸ ਕਦੇ  ਨਾ ਅਾਵੇ
ਮਿੱਤਰਚਾਰਾ
ਦੇਖ ਲਓ ਬੇਸ਼ੱਕ 
ਅਜ਼ਮਾ ਕੇ ਮਿੱਤਰੋ ।

ਮਹਿੰਦਰ ਮਾਨ 

ਨੋਟ : ਇਹ ਪੋਸਟ ਹੁਣ ਤੱਕ 33 ਵਾਰ ਪੜ੍ਹੀ ਗਈ

17 Jul 2016

ਈਦ ਦਾ ਚੰਨ

1.
ਲੇਟ ਵਾਪਸੀ 
ਬੀਵੀ ਸਾਵੇਂ ਸੁੰਘੜੇ 
ਛੱਤਰੀ ਵਾਂਗ।

2.
ਚੜਿਆ ਸੌਣ
ਛਾਈ ਘੋਰ ਉਦਾਸੀ
ਭੌਰ ਦੇ ਮੁੱਖ 

3.
ਖੁਸ਼ ਆਮਦ
ਵਰ੍ਹੇ ਬਾਅਦ ਦਿਸੇ
ਈਦ ਦਾ ਚੰਨ 

ਫਲੇਲ ਸਿੰਘ ਸਿੱਧੂ 
(ਪਟਿਆਲਾ)

ਨੋਟ : ਇਹ ਪੋਸਟ ਹੁਣ ਤੱਕ 41 ਵਾਰ ਪੜ੍ਹੀ ਗਈ

ਬੁੱਧਾ


ਹਰਜਿੰਦਰ ਢੀਂਡਸਾ  
(ਕੈਨਬਰਾ ) 


ਨੋਟ : ਇਹ ਪੋਸਟ ਹੁਣ ਤੱਕ 46 ਵਾਰ ਪੜ੍ਹੀ ਗਈ

16 Jul 2016

ਮੌਤ ਤੇ ਮੁਹੱਬਤ

Surjit Bhullar's Profile Photoਦੋਸਤ!
ਤੇਰੀ ਸਾਂਵੀ ਜ਼ਿੰਦਗੀ ਅਜੇ ਪੱਧਰੇ ਰਾਹ 'ਤੇ ਤੁਰਦੀ ਹੈ
ਤੂੰ ਕੀ ਜਾਣੇ ਮੌਤ ਤੇ ਮੁਹੱਬਤ ਦੇ ਅੰਤਰ ਨੂੰ?
ਕਦੇ ਨਜ਼ਰ 'ਚ ਰੱਖ ਤੇ ਦੇਖ ਆਮ ਆਦਮੀ ਨੂੰ
ਜੋ ਮੌਤ ਤੇ ਮੁਹੱਬਤ ਨੂੰ ਆਪਣੇ ਤਨ ਮਨ 'ਤੇ ਹੰਢਾਉਂਦਾ।

ਮੌਤ ਕੇਵਲ ਉਹੀ ਨਹੀਂ ਹੁੰਦੀ ,
ਜੋ ਕਬਰਾਂ 'ਚ ਦਫ਼ਨਾ ਦਿੱਤੀ ਜਾਂਦੀ ਹੈ।
ਜਾਂ ਸ਼ਮਸ਼ਾਨਾਂ 'ਚ ਜਲਾ ਦਿੱਤੀ ਜਾਂਦੀ ਹੈ।
ਧਰਤੀ ਹਵਾਲੇ ਕਰ ਦਿੱਤੀ ਜਾਂ ਅਗਨੀ ਭੇਂਟ ਹੋ ਜਾਂਦੀ ਹੈ।
ਮੌਤ ਤਾਂ ਜਿਉਂਦੇ ਲੋਕਾਂ ਨੂੰ ਵੀ ਬਹੁਤ ਵਾਰੀਂ ਆਉਂਦੀ ਹੈ
ਕੋਈ ਭੁੱਖ ਦੇ ਨਾਲ ਪਲ ਪਲ ਸਹਿਕਦਾ ਮਰਦਾ
ਕੋਈ ਆਪਣਿਆਂ ਤੋਂ ਵਿੱਛੜਿਆ ਪੀੜਾਂ ਸਹਿੰਦਾ ਸਹਿੰਦਾ ਮਰਦਾ
ਕੋਈ ਜ਼ਿੰਦਗੀ 'ਚ ਮੁਹੱਬਤ ਦੀ ਗ਼ਰੀਬੀ ਕਾਰਨ
ਉਹਦੀ ਮਿਰਗ ਤ੍ਰਿਸ਼ਨਾ ਪਿੱਛੇ ਭੱਜਦਾ ਭੱਜਦਾ ਮਰਦਾ।

ਕੋਈ ਮਨ 'ਚ ਅਜਿਹੀ ਆਸ ਲੈ ਕੇ ਬੈਠ ਜਾਂਦਾ
ਜਿਸ ਦੀ ਪੂਰਤੀ ਲਈ ਵਾਰ ਵਾਰ ਜਿਉਂਦਾ ਮਰਦਾ ਰਹਿੰਦਾ
ਸ਼ਾਇਦ ਕਦੇ ਕੋਈ ਭੁੱਲ ਭੁਲੇਖੇ ਪਿਆਰ ਦੀ ਆਵਾਜ਼ ਰਾਹੀਂ
ਉਹਦੇ ਕੰਨਾਂ 'ਚ ਪਿਆਰ ਅੰਮ੍ਰਿਤ ਘੋਲ ਜਾਵੇ,
ਪਰ ਉਹ ਪਲ ਜੋ ਉਸ ਨੂੰ ਕਦੇ ਨਸੀਬ ਨਹੀਂ ਹੁੰਦਾ।

ਅਜਿਹੀਆਂ ਜ਼ਿੰਦਗੀਆਂ ਨੂੰ ਸਿਸਕਦੇ ਤੇ ਵਿਲਕਦੇ ਹੋਏ
ਦੁੱਖਾਂ ਦੀ ਗਰਦ 'ਚ ਅੱਟੀਆਂ ਰਾਹਾਂ 'ਤੇ ਭਟਕਣਾ ਪੈਂਦਾ
ਪਲ ਪਲ ਮਰਨਾ ਪੈਂਦਾ।
ਪਲ ਪਲ ਜੀਣਾ ਪੈਂਦਾ।

ਦੋਸਤ!
ਤੇਰੀ ਜ਼ਿੰਦਗੀ ਅਜੇ ਸਾਫ਼ ਪੱਧਰੇ ਰਾਹ ਤੇ ਤੁਰਦੀ ਹੈ
ਤੂੰ ਕੀ ਜਾਣੇ ਮੌਤ ਤੇ ਮੁਹੱਬਤ ਦੇ ਅੰਤਰ ਨੂੰ?

ਸੁਰਜੀਤ ਸਿੰਘ ਭੁੱਲਰ

07-07-2016

ਨੋਟ : ਇਹ ਪੋਸਟ ਹੁਣ ਤੱਕ 159 ਵਾਰ ਪੜ੍ਹੀ ਗਈ

13 Jul 2016

ਮੁਰਝਾਇਆ ਫੁੱਲ

Wilting peony flowers in a vintage clay jar Stock Images
       ਬਾਲਕੋਨੀ 'ਚ ਲਾਏ ਫੁੱਲਾਂ ਨੂੰ ਪਾਣੀ ਦੇਣ ਦੇ ਬਹਾਨੇ ਮੈਂ ਸਵੇਰੇ ਛੇਤੀ ਹੀ ਉੱਠ ਖਲੋਂਦੀ ਹਾਂ। ਧੁੰਦਲਕੇ ਜਿਹੇ 'ਚ ਹੀ ਮੈਂ ਜਦੋਂ ਪਾਣੀ ਦੇ ਰਹੀ ਸੀ ਤਾਂ ਸਾਹਮਣੇ ਸੜਕ 'ਤੇ ਆਉਣ ਜਾਣ ਵਾਲੇ ਇੱਕ ਪਲ ਲਈ ਰੁਕ ਕੇ ਕੁਝ ਦੇਖਦੇ ਤੇ ਫਿਰ ਤੁਰ ਜਾਂਦੇ। ਧਿਆਨ ਨਾਲ ਦੇਖੇ ਤੋਂ ਪਤਾ ਲੱਗਾ ਕਿ ਕੋਈ ਸਾਹਮਣੇ ਝਾੜੀਆਂ 'ਚ ਡਿੱਗਿਆ ਪਿਆ ਸੀ। ਦੂਰੋਂ ਉਮਰ ਤੇ ਲਿੰਗ ਦਾ ਅੰਦਾਜ਼ਾ ਲਾਉਣਾ ਮੁਸ਼ਿਕਲ ਸੀ। ਕੁਝ ਦੇਰ ਖੜ੍ਹੀ ਮੈਂ ਉਸ ਤਨ ਦੇ ਹਿੱਲਣ ਦੀ ਉਡੀਕ ਕਰਦੀ ਰਹੀ। ਪਰ ਉਹ ਤਾਂ ਜਿਵੇਂ ਕਿਸੇ ਗੂੜ੍ਹੀ ਨੀਂਦ ਦਾ ਅਨੰਦ ਲੈ ਰਿਹਾ ਸੀ। ਸ਼ਾਇਦ ਇਸੇ ਕਰਕੇ ਕਿਸੇ ਨੇ ਉਸ ਨੂੰ ਜਗਾਉਣਾ ਵੀ ਉਚਿਤ ਨਹੀਂ ਸਮਝਿਆ ਹੋਣਾ। ਲੋਕਾਂ ਨੂੰ ਲੱਗਦਾ ਹੋਵੇਗਾ ਕਿ ਉਸ ਨੇ ਜ਼ਿਆਦਾ ਸ਼ਰਾਬ ਪੀ ਲਈ ਹੋਣੀ ਹੈ। ਸ਼ਾਇਦ ਇਸੇ ਕਰਕੇ ਹਰ ਕੋਈ ਉਸ ਨੂੰ ਦੇਖ ਕੇ ਅੱਗੇ ਲੰਘ ਜਾਂਦਾ ਹੋਵੇਗਾ।ਇਹਨਾਂ ਸੋਚਾਂ 'ਚ ਮੇਰਾ ਮਨ ਸਵਾਲਾਂ 'ਚ ਉਲਝ ਕੇ ਰਹਿ ਗਿਆ। ਕਿਤੇ ਉਹ ਮਰ ਤਾਂ ਨਹੀਂ ਗਿਆ ਹੋਵੇਗਾ ? ਨਹੀਂ , ਨਹੀਂ ਅਜਿਹਾ ਨਹੀਂ ਹੈ। ਹੁਣ ਤੱਕ ਪੁਲਿਸ ਨੇ ਲਾਲ -ਸਫੈਦ ਰੰਗ ਦੇ ਫੀਤੀਆਂ ਨਾਲ ਘੇਰਾਬੰਦੀ ਕਰ ਦੇਣੀ ਸੀ। ਪੁਲਿਸ ਦੀਆਂ ਗੱਡੀਆਂ ਦੀ ਗੂੰਜ ਨੇ ਸਭ ਨੂੰ ਜਗਾ ਦੇਣਾ ਸੀ। ਪਰ ਇੱਥੇ ਤਾਂ ਸਾਰੇ ਹੁਣ ਤੱਕ ਗੂੜ੍ਹੀ ਨੀਂਦ ਸੁੱਤੇ ਪਏ ਨੇ। ਅੱਜ ਐਤਵਾਰ ਵੀ ਤਾਂ ਹੈ। 
     ਮੇਰੇ ਮਨ 'ਚ ਖਿਆਲਾਂ  ਨੇ ਫਿਰ ਸ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਹੋ ਸਕਦਾ ਕਿਸੇ ਨਾਲ ਝਗੜਾ ਹੋ ਗਿਆ ਹੋਵੇ ਤੇ ਉਸ ਨੇ ਧੱਕਾ ਦੇ ਕੇ ਇੱਥੇ ਝਾੜੀਆਂ 'ਚ ਸੁੱਟ ਦਿੱਤਾ ਹੋਵੇ। ਲੁੱਟਾਂ ਖੋਹਾਂ ਕਰਨ ਵਾਲੇ ਇਸ ਤਰ੍ਹਾਂ ਹੀ ਕਰਦੇ ਨੇ। ਲੇਕਿਨ ਇਹ ਕਦੋਂ ਹੋਇਆ ਹੋਵੇਗਾ ? ਕਿਸੇ ਦੇ ਚੀਕਣ -ਚਿਲਾਉਣ ਦੀ ਕੋਈ ਆਵਾਜ਼ ਵੀ ਤਾਂ ਸੁਣਾਈ ਨਹੀਂ ਦਿੱਤੀ। ਪਰ ਇੱਥੇ ਕਿਸੇ ਦੀ ਕੌਣ ਪ੍ਰਵਾਹ ਕਰਦਾ ਹੈ ? ਪਿੱਛੇ ਜਿਹੇ ਕੋਈ ਕਿਸੇ ਦਾ ਨਾਮ ਲੈ ਲੈ ਕੇ ਬੁਲਾ ਰਿਹਾ ਸੀ ਤੇ ਉਸ ਦੇ ਪਿੱਛੇ ਤੇਜ਼ ਕਦਮਾਂ ਦੀਆਂ ਅਵਾਜ਼ਾਂ ਜਿਵੇਂ ਕਿਸੇ ਦੀ ਮਾਰ ਕੁਟਾਈ ਕਰਨ ਦੀ ਬੇਤਾਬੀ ਦੀ ਸੂਚਨਾ ਦੇ ਰਹੀਆਂ ਹੋਣ । ਪਰ ਕਿਸੇ ਨੇ ਬਾਹਰ ਝਾਕ ਕੇ ਵੀ ਨਹੀਂ ਦੇਖਿਆ ਕਿ ਕੀ ਹੋ ਰਿਹਾ ਹੈ ਤੇ ਕਿਉਂ ? ਕੋਈ ਕਿਸੇ ਦੇ 'ਜੀਵਨ ਚ ਦਖਲ ਅੰਦਾਜ਼ੀ ਨਹੀਂ ਕਰਦਾ। ਸਭ ਆਪਣਾ ਜੀਵਨ ਆਪਣੇ ਢੰਗ ਨਾਲ ਹੀ ਜਿਉਂਣ 'ਚ ਮਸਤ ਨੇ। 
     ਮੈਂ ਬਾਲਕੋਨੀ 'ਚ ਖੜ੍ਹੀ ਦੇਖਦੀ ਰਹੀ। ਸਾਹਮਣੇ ਸਕੂਲ ਹੈ ਤੇ ਨਾਲ ਹੀ ਇੱਕ ਤਿਕੋਣੀ ਜਿਹੀ ਜਗ੍ਹਾ ਖਾਲੀ ਹੈ। ਨਾਲ ਇੱਕ ਸੜਕ ਹੈ ਜੋ ਦਿਨ ਰਾਤ ਖੁੱਲ੍ਹੇ ਰਹਿਣ ਵਾਲੇ ਸ਼ਾਪਿੰਗ ਸੈਂਟਰ ਨੂੰ ਜਾਂਦੀ ਹੈ। ਮੈਂ ਅਜੇ ਵੀ ਉਸ ਬੇਹੋਸ਼ ਪਏ ਬਾਰੇ ਸੋਚੀ ਜਾ ਰਹੀ ਸੀ। ਸ਼ਾਇਦ ਕੋਈ ਡਰਿੰਕ ਵਗੈਰਾ ਜ਼ਿਆਦਾ ਪੀ ਕੇ ਲੁੜਕ ਗਿਆ ਹੋਵੇਗਾ। ਇਸ ਦੇਸ਼ 'ਚ ਬੱਚਿਆਂ ਨੂੰ ਦਿੱਤੀ ਖੁੱਲ੍ਹ ਤੇ ਆਜ਼ਾਦੀ ਉਹਨਾਂ ਨੂੰ ਬਿਗਾੜਦੀ ਵੀ ਹੈ ਤੇ ਲਾਪਰਵਾਹ ਵੀ ਬਣਾ ਦਿੰਦੀ ਹੈ। ਆਪਣੀ ਹੀ ਉਹਨਾਂ ਨੂੰ ਚਿੰਤਾ ਨਹੀਂ ਹੋਰਾਂ ਦੀ ਕੀ ਹੋਵੇਗੀ ?ਦਖਲ ਅੰਦਾਜ਼ੀ ਇੱਥੇ ਕਿਸੇ ਨੂੰ ਪਸੰਦ ਨਹੀਂ। ਕੁਦਰਤ ਦੀ ਕਿਰਪਾ ਹੀ ਸਮਝੋ ਕਿ ਅਜੇ ਤੱਕ ਸੂਰਜ ਦੇਵਤਾ ਆਪਣੀਆਂ ਕਿਰਨਾਂ ਦਾ ਰੱਥ ਲੈ ਕੇ ਪ੍ਰਗਟ ਨਹੀਂ ਹੋਏ। ਹੁਣ ਅਸਮਾਨ 'ਚ ਹਲਕੀ ਲਾਲੀ ਨਜ਼ਰ ਆਉਣ ਲੱਗੀ ਹੈ। ਕੈਸਾ ਇਨਸਾਨ ਹੈ ਉੱਠ ਕਿਉਂ ਨਹੀਂ ਰਿਹਾ। ਕੋਈ ਉਸ ਨੂੰ ਉੱਠਾ ਕਿਉਂ ਨਹੀਂ ਰਿਹਾ। ਮੈਂ ਆਪਣੇ ਸੁਆਲਾਂ ਦਾ ਖੁਦ ਹੀ ਜਵਾਬ ਦੇ ਲੈਂਦੀ। ਇੱਥੋਂ ਦੇ ਸਖਤ ਕਾਨੂੰਨ ਨੂੰ ਕੋਈ ਆਪਣੇ ਹੱਥ 'ਚ ਸ਼ਾਇਦ ਲੈਣਾ ਵੀ ਨਹੀਂ ਚਾਹੁੰਦਾ ਹੋਵੇਗਾ। 

      ਫੁੱਲਾਂ ਨੂੰ ਪਾਣੀ ਦੇ ਕੇ ਮੈਂ ਆਪਣੇ ਹੋਰ ਕੰਮਾਂ 'ਚ ਰੁਝ ਗਈ। ਕੁਝ ਦੇਰ ਬਾਦ ਬਾਹਰ ਆਈ ਤਾਂ ਉੱਥੇ ਕੋਈ ਨਹੀਂ ਸੀ। ਕਿ ਉਹ ਮੇਰੀਆਂ ਅੱਖਾਂ ਦਾ ਭਰਮ ਸੀ ? ਨਹੀਂ , ਉੱਥੇ ਝਾੜੀਆਂ ਹੁਣ ਤੱਕ ਮੁਚੜੀਆਂ ਪਈਆਂ ਹਨ। ਸੱਚੀ ਹੀ ਉੱਥੇ ਕੋਈ ਸੀ। ਕਿਹੋ ਜਿਹੇ ਲੋਕ ਨੇ ਇੱਥੇ ? ਨਾ ਆਪਣੀ ਪ੍ਰਵਾਹ ਹੈ ਨਾ ਆਪਣੇ ਬੱਚਿਆਂ ਦੀ। ਮੈਂ ਇੱਥੋਂ ਦੇ ਸਮਾਜ ਨੂੰ ਦੋਸ਼ੀ ਕਹਿੰਦੀ ਅੰਦਰ ਆ ਗਈ। ਸਾਡੀ ਯੁਵਾ ਪੀੜ੍ਹੀ ਵੀ ਤਾਰੀਫ ਦੇ ਲਾਇਕ ਕਿੱਥੇ ਹੈ ?ਜਦ ਸਾਰੇ ਸੰਸਾਰ ਦੇ ਬੱਚਿਆਂ ਲਈ ਨਸ਼ਾ ਹੀ ਜੀਵਨ ਦਾ ਅਨੰਦ ਹੋਵੇ ਤਾਂ ਕੋਈ ਕੀ ਕਰ ਸਕਦਾ ਹੈ ? 

ਬਾਲਕੋਨੀ 'ਚ 
ਮੁਰਝਾਇਆ ਫੁੱਲ 
ਬਿਨ ਪਾਣੀ ਤੋਂ ।

ਕਮਲਾ ਘਟਾਔਰਾ 
ਯੂ . ਕੇ .

ਹਿੰਦੀ ਤੋਂ ਅਨੁਵਾਦ : ਡਾ . ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 73 ਵਾਰ ਪੜ੍ਹੀ ਗਈ

12 Jul 2016

ਸਿਰਨਾਵਾਂ

ਸੱਥ ਚ ਬੈਠੀ ਢਾਣੀ ਨੂੰ
ਫਤਹਿ ਬੁਲਾ ਦੋਸਤ ਨੇ
ਪੁੱਛਿਆ ਮੇਰਾ ਘਰ |
ਕਿਹੜਾ ਏ ਦੌਲਤਖਾਨਾ
ਗੱਭਰੂ ਦਾ ?
ਅੱਛਾ!
ਹਵੇਲੀ ਵਾਲਿਆਂ ਦੇ ਜਾਣੈ ?
ਇੱਥੋਂ ਖੱਬੇ ਮੁੜ ਕੇ
ਦੂਜਾ ਮਕਾਨ ਐ |
ਕਹੇ ਤਾਂ
ਆ ਮੁੰਡੇ ਨੂੰ ਨਾਲ ਤੋਰੀਏ
ਸਿੱਧਾ ਸਾਦਾ
ਪਿੰਡ ਦੇ ਜੀਵਨ ਵਰਗਾ ਸਿਰਨਾਵਾਂ |
ਪਰ..
ਹੁਣ
ਸ਼ਹਿਰ ਆ ਕੇ
ਹਵੇਲੀ ਵਾਲਿਆਂ ਦਾ ਮੁੰਡਾ
ਤਿੰਨ ਸੌ ਛਿਆਲੀ ਬਟਾ
ਕੇ ਵਨ ਹੋ ਗਿਆ |

ਫਲੇਲ ਸਿੰਘ ਸਿੱਧੂ
ਪਟਿਆਲਾ

ਨੋਟ : ਇਹ ਪੋਸਟ ਹੁਣ ਤੱਕ 89 ਵਾਰ ਪੜ੍ਹੀ ਗਈ

11 Jul 2016

ਤਮਾਸ਼ਾ (ਹਾਇਬਨ)

ਸਿਆਲੂ ਦਿਨਾਂ ਦੀ ਢਲਦੀ ਦੁਪਹਿਰ ਦੀ ਪੀਲੀ ਹੁੰਦੀ ਧੁੱਪ। ਸੁਨਹਿਰੀ  ਰਿਸ਼ਮਾਂ ਦਾ ਨਿੱਘ ਸੇਕਦੀ ਚਾਰ-ਚੁਫੇਰੇ ਰੌਣਕ। ਉੱਚੇ ਪਿੱਪਲ ਥੱਲੇ ਆਣ ਜੁੜਿਆ ਸਾਰਾ ਪਿੰਡ । ਰੰਗ -ਪਰੰਗੀਆਂ ਚੁੰਨੀਆਂ ਵਾਲੜੀਆਂ ਨੇ ਭਰ ਦਿੱਤੇ ਕੋਠਿਆਂ ਦੇ ਬਨ੍ਹੇਰੇ । ਬੁੱਢੇ ਮੰਜੀਆਂ ਜੋੜ ਬਹਿ ਗਏ ਤੇ ਗੱਭਰੂ ਢਾਕਾਂ 'ਤੇ ਹੱਥ ਧਰੀ ਘੇਰਾ ਘੱਤੀ ਆ ਖੜ੍ਹੋਤੇ। ਤਮਾਸ਼ੇ ਦੇ ਚਾਅ 'ਚ ਨੰਗ -ਧੜੰਗੇ ਨਿਆਣੇ ਭੁੰਜੇ ਹੀ ਆ ਬੈਠੇ। ਸਜਿਆ ਹੋਇਆ ਮਜਮਾ ਤੇ ਵੱਜਦੀ ਡੁਗਡੁਗੀ ।  

ਇੱਕ  ਮਾੜਚੂ ਜਿਹਾ ਮਦਾਰੀ ਡਮਰੂ ਵਜਾ ਰਿਹਾ ਸੀ ਤੇ ਨਾਲ ਆਇਆ ਛੋਟੂ ਮੂਹਰੇ ਕੱਪੜਾ ਵਿਛਾ ਇੱਕ ਪਾਸੇ ਨੂੰ ਹੋ ਕੇ ਬਹਿ ਗਿਆ। ਇੱਕ ਬਾਂਦਰ ਤੇੜ ਲੰਗੋਟ, ਮੈਲਾ ਜਿਹਾ ਕੋਟ ਮੋਢੇ ਡਾਂਗ ਤੇ ਬਾਂਦਰੀ ਗੁਲਾਬੋ ਲੱਕ ਘੱਗਰੀ, ਚਮਕੀਲੀ ਕੁੜਤੀ ਤੇ ਸਿਰ 'ਤੇ ਲਾਲ ਚੁੰਨੀ। ਡਮਰੂ ਦੇ ਦੋਹੇਂ ਪਾਸੇ ਬੱਝੀ ਡੋਰੀ ਦੀ ਥਾਪ ਜਿਉਂ ਜਿਉਂ ਉੱਚੀ ਹੁੰਦੀ ਜਾਂਦੀ ਤਾਂ ਰੱਸੀ ਨਾਲ ਬੱਝੇ ਬਾਂਦਰ -ਬਾਂਦਰੀ ਦਾ ਟੱਪ -ਟੱਪਈਆ ਹੋਰ ਤੀਬਰ ਹੋ ਜਾਂਦਾ। ਚੌਧਰੀ ਬਾਂਦਰ ਕਦੇ ਸਾਰਿਆਂ ਨੂੰ ਸਲਾਮ ਕਰਦਾ, ਗੰਗਾ 'ਚ ਗੋਤੇ ਖਾਂਦਾ, ਗੋਲ ਛੱਲੇ 'ਚੋਂ ਛਾਲ ਮਾਰਦਾ,ਦਾਦਾਗਿਰੀ ਦਿਖਾਉਂਦਾ ਤੇ ਕਦੇ ਲੋਕਾਂ ਨਾਲ ਹੱਥ ਮਿਲਾਉਂਦਾ। ਗੁਲਾਬੋ ਸ਼ੀਸ਼ਾ ਵੇਖਦੀ, ਮਦਾਰੀ ਦੇ ਕੰਨ 'ਚ ਹੌਲੇ ਜਿਹੇ ਕੁਝ ਕਹਿੰਦੀ ਤੇ ਫੇਰ ਰੁੱਸ ਕੇ ਪੇਕੇ ਤੁਰ ਜਾਂਦੀ। ਰੁੱਸੀ ਗੁਲਾਬੋ ਨੂੰ ਚੌਧਰੀ ਮਨਾਉਂਦਾ। ਉਹ ਡਫਲੀ ਵਜਾਉਂਦਾ ਤੇ ਗੁਲਾਬੋ ਤਾਲ 'ਤੇ ਨੱਚਦੀ। ਕਦੇ ਇੱਕ ਦੂਜੇ ਦੇ ਜੂੰਆਂ ਕੱਢਦੇ। ਮਦਾਰੀ ਹਦਾਇਤਾਂ ਕਰਦਾ ਜਾਂਦਾ ਤੇ ਉਹ ਪੁੱਠੀਆਂ ਸਿੱਧੀਆਂ ਛਾਲਾਂ ਮਾਰੀ ਜਾਂਦੇ। ਉਨ੍ਹਾਂ ਜ਼ਰਾ ਜਿੰਨੀ ਸੁਸਤੀ ਦਿਖਾਈ ਨਹੀਂ ਕਿ ਮਦਾਰੀ ਦਾ ਛਾਂਟਾ ਆ ਪੈਂਦਾ। ਮਦਾਰੀ ਦੀਆਂ ਲੱਛੇਦਾਰ ਗੱਲਾਂ ਤਮਾਸ਼ਬੀਨਾਂ ਨੂੰ ਬੰਨੀ ਰੱਖਦੀਆਂ।ਸਭ ਖੁੱਲ੍ਹ ਕੇ ਹੱਸਦੇ, ਤਾੜੀਆਂ ਵੱਜਦੀਆਂ ਤੇ 'ਕੱਠਾ ਹੋਇਆ ਆਟਾ, ਚੌਲ, ਗੁੜ ਤੇ ਚੰਦ ਸਿੱਕੇ ਬੋਝੇ ਪਾ ਮਦਾਰੀ ਸਭ ਨੂੰ ਦੁਆਵਾਂ ਦਿੰਦਾ ਅਗਲੇ ਪਿੰਡ ਨੂੰ ਚਾਲੇ ਪਾ ਲੈਂਦਾ। 
       ਇਹ ਤਮਾਸ਼ਾ ਸਹਿਜੇ ਹੀ ਸਭ ਨੂੰ ਜੀਵਨ ਜੁਗਤ ਦੀ ਮੌਲਕਿਤਾ ਨਾਲ ਵੀ ਜੋੜ ਜਾਂਦਾ । ਬਾਂਦਰ -ਬਾਂਦਰੀ     ਦੇ ਰੁੱਸਣ -ਮਨਾਉਣ ਦਾ ਇਹ ਖੇਲ ਜਿਉਣ ਦੇ ਫ਼ਲਸਫ਼ੇ ਨੂੰ ਪ੍ਰਭਾਸ਼ਿਤ ਕਰਦਾ। ਹਉਮੈ ਜਿਹੀ ਮਨੋ ਵ੍ਰਿਤੀ ਨੂੰ ਤਿਆਗਣ ਦੀ ਜੁਗਤ ਦਰਸਾਉਂਦਾ ਜੋ ਅਜੋਕੀ ਪੀੜ੍ਹੀ 'ਚ ਅਤਿ ਹਾਵੀ ਹੋਈ ਘਰਾਂ ਦੇ ਟੁੱਟਣ ਦਾ ਨਿੱਤ ਕਾਰਨ ਹੋ ਨਿਬੜੀ ਹੈ। ਜ਼ਿੰਦਗੀ ਦੇ ਏਹ ਖੇਲ ਤਮਾਸ਼ੇ ਸਾਡੀ ਹੋਣੀ ਸਾਡਾ ਹਾਸਲ। ਇੱਕ ਦੂਜੇ ਦੇ ਪੂਰਕ ਹੋ ਇੱਕ ਦੂਜੇ ਨੂੰ ਆਪਣੇ ਵਿੱਚੋਂ ਨਿਹਾਰਨ ਤੇ ਵਿਸਥਾਰਨ ਦਾ ਚਾਅ ਜ਼ਿੰਦਗੀ 'ਚੋਂ ਕਦੇ ਮਨਫ਼ੀ ਨਾ ਹੋਵੇ , ਬੱਸ ਏਹੋ ਦੁਆ ਏ ! 

ਨੱਚੇ ਬਾਂਦਰ  
ਮਦਾਰੀ ਦੇ ਬੋਝੇ 'ਚ 
ਚੰਦ ਕੁ ਸਿੱਕੇ । 

ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 183 ਵਾਰ ਪੜ੍ਹੀ ਗਈ

9 Jul 2016

ਪੁੱਤਾ ਵੇ ਤੈਨੂੰ (ਸੇਦੋਕਾ)

1.
ਰੁੱਖ ਵਿਚਾਰੇ 
ਪੱਤਝੜਾਂ ਦੇ ਮਾਰੇ 
ਕੋਰਾ  ਕੰਕਰ ਠਾਰੇ 
ਚੁੱਪ ਚੁਪੀਤੇ 
ਜ਼ਹਿਰ ਘੁੱਟ ਪੀਤੇ 
ਫਿਰ ਵੀ ਬੁੱਲ੍ਹ ਸੀਤੇ। 

2.
ਪੁੱਤਾ ਵੇ ਤੈਨੂੰ 
ਨਾ ਲਾਜ ਨਾ ਸ਼ਰਮ 
ਨਾ ਵਿਛੋੜੇ ਦਾ ਗਮ 
ਬੁੱਢੇ ਬਾਪ ਨੇ 
ਛੱਡੇ ਆਖ਼ਿਰੀ ਦਮ 
ਬਿਰਧ ਆਸ਼ਰਮ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਹੁਸ਼ਿਆਰਪੁਰ 
ਨੋਟ : ਇਹ ਪੋਸਟ ਹੁਣ ਤੱਕ 25 ਵਾਰ ਪੜ੍ਹੀ ਗਈ

8 Jul 2016

ਬਾਬਾ ਤਾਂਗੇ ਵਾਲਾ


ਅੱਜ ਸਾਡੇ ਨਾਲ ਇੱਕ ਨਵਾਂ ਨਾਂ ਆ ਜੁੜਿਆ ਹੈ -ਫਲੇਲ ਸਿੰਘ ਸਿੱਧੂ। ਆਪ ਪਿੰਡ ਸੰਗਤ ਖੁਰਦ ਤਹਿਸੀਲ ਤਲਵੰਡੀ ਸਾਬੋ ਤੋਂ ਹਨ ਤੇ ਅੱਜਕੱਲ ਪਟਿਆਲਾ ਨਿਵਾਸ ਕਰਦੇ ਹਨ।ਆਪ ਸਰਕਾਰੀ ਐਲੀਮੈਂਟਰੀ ਸਕੂਲ ਅਲੰਮਦੀਪੁਰ ਵਿਖੇ ਸੇਵਾ ਨਿਭਾ ਰਹੇ ਹਨ ਤੇ ਸਾਹਿਤ ਨਾਲ ਜੁੜੇ ਹੋਏ ਹਨ। ਸਫ਼ਰਸਾਂਝ 'ਤੇ ਆਪ ਜੀ ਦਾ ਨਿੱਘਾ ਸੁਆਗਤ ਹੈ। 



****************************************

ਨਾਂ ਤਾਂ ਉਸ ਦਾ ਬਚਨ ਸਿਉਂ ਸੀ|ਪਿੰਡ ਦੇ ਨਿਆਣਿਆਂ ਤੋਂ ਲੈ ਕੇ ਸਿਆਣਿਆਂ ਤੱਕ ਸਾਰੇ ਉਸ ਨੂੰ ਬਾਬਾ ਤਾਂਗੇ ਵਾਲਾ ਹੀ ਕਹਿੰਦੇ ਸਨ|ਸੜਕ ਤਾਂ ਬਣ ਗਈ ਸੀ ਪਰ ਪਿੰਡ ਨੂੰ ਕੋਈ ਬੱਸ ਨਹੀਂ ਸੀ ਜਾਂਦੀ ਜਦੋਂ ਬਚਨ ਸਿਉਂ ਨੇ ਤਾਂਗਾ ਪਾਇਆ|ਦੇਖਾ-ਦੇਖੀ ਭਾਵੇਂ ਦੋ ਤਾਂਗੇ ਹੋਰ ਵੀ ਪੈ ਗਏ ਸਨ ਪਰ ਲੰਮੀ ਦੌੜ ਦੇ ਘੋੜੇ ਵਾਂਗ ਸਫਲ ਬਾਬਾ ਬਚਨਾ ਹੀ ਹੋਇਆ|ਸਤਨਾਮ ਨੇ ਘੜੂਕਾ ਵੇਚ ਕੇ ਤਾਂਗਾ ਪਾ ਲਿਆ|ਉਸ ਦੀ ਘੋੜੀ ਬੜੀ ਤੇਜ ਦੌੜਦੀ ਸੀ|ਸੱਥ ਚ ਗੱਲਾਂ ਹੁੰਦੀਆਂ|ਇੱਕ ਦਿਨ ਤਾਂ ਪੁਲ ਦੀ ਢਾਲ ਚ ਬਰੇਕ ਹੀ ਨਾ ਲੱਗੇ ਸਵਾਰੀਆਂ ਛੱਪੜ ਚ ਤਰਦੀਆਂ ਫਿਰਨ| ਫੇਰ ਰੀਸੋ -ਰੀਸ ਚਾਨਣ ਨੇ ਇਹ ਕੰਮ ਸੁਰੂ ਕਰ ਲਿਆ|ਪਰ ਉਹਦੀ ਘੋੜੀ ਰੁੱਸੀ ਜਨਾਨੀ ਵਾਂਗੂ ਜਦੋਂ ਜੀ ਕਰੇ ਪੈਰ ਗੱਡ ਕੇ ਖੜ ਜਾਇਆ ਕਰੇ|ਲੋਕ ਕਹਿਣ ਇਹ ਦਿਗਾੜੇ ਆਲੀ ਆ|ਇੱਕ ਦਿਨ ਤਾਂ ਰਾਤ ਨੂੰ ਉਸ ਨੇ ਸਾਰੇ ਪਿੰਡ ਦੀ ਭੰਮੀਰੀ ਬਣਾਤੀ ਅਜਿਹੀ ਭ਼ੱਜੀ ਕਿ ਪਿੰਡ ਚ ਲਾ-ਲਾ ਹੋਗੀ, ਭੱਜ ਲਓ ਓ ਚਾਨਣ ਦੀ ਘੋੜੀ ਆ ਗਈ| ਖੈਰ ਆਪਾਂ ਗੱਲ ਬਾਬੇ ਬਚਨ ਸਿਉਂ ਦੀ ਕਰ ਰਹੇ ਸੀ| ਇੱਕ ਗੱਲ ਉਸ ਲਈ ਵੀ ਬੜੀ ਮਸ਼ਹੂਰ ਐ| ਜਦੋ ਬਾਬੇ ਨੇ ਤਾਂਗਾ ਭਰ ਕੇ ਚੱਲਣਾ ਰਸਤੇ ਚ ਉਸ ਕਹਿਣਾ ਭਾਈ ਸਾਬ! ਥੋੜਾ ਜਿਹਾ ਪਿੱਛੇ ਨੂੰ ਭਾਰ ਦਿਉ ਤਾਂਗਾ ਦਾਬੂ ਐ| ਸਵਾਰੀਆਂ ਨੇ ਹਿਲ-ਜੁਲ ਜਿਹੀ ਕਰਨੀ, ਬਾਬੇ ਨੇ ਝੱਟ ਕਹਿਣਾ ਦੁਰ ਫਿਟੇ ਮੂੰਹ, ਸਾਰਾ ਹੀ ਭਾਰ ਪਿੱਛੇ ਨੂੰ ਕਰਤਾ ਤਾਂਗਾ ਉਲਾਰ ਹੋ ਗਿਆ| ਇਸ ਤਰਾਂ ਉਸ ਤਾਂਗਾ ਦਾਬੂ ਐ, ਤਾਂਗਾ ਉਲਾਰ ਐ ਕਰਦੇ ਰਹਿਣਾ| ਬਾਬੇ ਦੇ ਮੂੰਹੋ ਨਿਕਲੀ ਗੱਲ ਪਿੰਡ ਚ ਮੁਹਾਵਰਾ ਬਣ ਗਈ|ਜਦੋਂ ਪਿੰਡ ਚ ਕਿਸੇ ਘਰ ਦੀ ਕਬੀਲਦਾਰੀ ਦਾ ਕੋਈ ਮੂੰਹ ਸਿਰ ਨਾ ਹੋਣਾ ਤਾਂ ਪਿੰਡ ਵਾਲਿਆਂ ਕਹਿਣਾ, ਲਓ ਵੀ ਫਲਾਣਿਆਂ ਦਾ ਹਾਲ ਤਾਂ ਬਚਨੇ ਦੇ ਤਾਂਗੇ ਵਾਲਾ ਹੋ ਗਿਆ|

ਫਲੇਲ ਸਿੰਘ ਸਿੱਧੂ 

(ਪਟਿਆਲਾ )

ਨੋਟ : ਇਹ ਪੋਸਟ ਹੁਣ ਤੱਕ 109 ਵਾਰ ਪੜ੍ਹੀ ਗਈ




6 Jul 2016

ਮੌਤ ਦਾ ਡਰ (ਤਾਂਕਾ)

1.
ਖਿੜਦੇ ਫੁੱਲਾਂ 
ਮਹਿਕਾਂ ਖਿਲਾਰੀਅਾਂ
ਚਾਰ ਚੁਫੇਰੇ
ਅਾ ਗੲੀਅਾਂ ਰੌਣਕਾਂ
ਬੁਝੇ ਚਿਹਰਿਅਾਂ 'ਤੇ ।

2.
ਮੌਤ ਦਾ ਡਰ
ਰੱਬ ਦਾ ਨਾਂ ਜਪਾਵੇ
ੲਿਸ ਬੰਦੇ ਤੋਂ
ਨਹੀਂ ਤਾਂ ੲਿਹ ਬੰਦਾ
ਰੱਬ ਨੂੰ ਕੀ ਮੰਨਦਾ 

ਮਹਿੰਦਰ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
 ਸ.ਭ.ਸ. ਨਗਰ

ਨੋਟ : ਇਹ ਪੋਸਟ ਹੁਣ ਤੱਕ 35 ਵਾਰ ਪੜ੍ਹੀ ਗਈ

5 Jul 2016

ਗ਼ੈਰਤ (ਹਾਇਬਨ )

Surjit Bhullar's Profile Photoਮੈਰਿਜ਼ ਪੈਲੇਸ ਦੇ ਅੰਦਰ ਵੜਦਿਆਂ ਡੀ. ਜੇ. ਦੀ ਉੱਚੀ ਆਵਾਜ਼ ਨੇ ਮਨ ਕਾਹਲ਼ਾ ਜਿਹਾ ਪਾ ਦਿੱਤਾ ਸੀ। ਲੱਗਦਾ ਸੀ ਕਿ ਕੁੜੀ ਤੇ ਮੁੰਡੇ ਵਾਲਿਆਂ ਦਾ ਪਰਿਵਾਰ ਵਿਆਹ ਦੀਆਂ ਰਸਮਾਂ ਨਬੇੜ ਹੁਣ ਨੱਚਣ ਗਾਉਣ 'ਚ ਮਸਤ ਸੀ। ਮੈਂ ਏਸ ਸ਼ੋਰ -ਸ਼ਰਾਬੇ 'ਚੋਂ ਅਲੋਪ ਹੋਏ ਸੰਗੀਤਮਈ ਵਾਤਾਵਰਨ ਦੀਆਂ ਧੁੰਨਾਂ ਸੁਨਣ ਦੀ ਕੋਸ਼ਿਸ਼ ਕਰ ਰਿਹਾ ਸਾਂ ਜਦੋਂ ਗੋਰੇ ਬਲਦਾਂ ਦੀਆਂ ਧੌਣਾਂ 'ਚ ਪਈਆਂ ਘੋਗੇ, ਕੌਡੀਆਂ ਤੇ ਟੱਲੀਆਂ ਅਤੇ ਘੋੜੀਆਂ ਦੇ ਗੱਲ੍ਹਾਂ ਚ ਚਾਂਦੀ ਟਿੱਕਿਆਂ ਦੇ ਹਾਰ ਇੱਕ ਸੁਰ ਹੋ ਗੂੰਜ ਉੱਠਦੇ ਸਨ । ਇਸ ਤੋਂ ਵੀ ਕਿਤੇ ਵੱਧ ਸ਼ਿੰਗਾਰੇ ਹੁੰਦੇ ਸਨ ਰਥ ਜੋ ਬਣ ਜਾਂਦੇ ਸੀ ਸੱਜ ਵਿਆਹੀਆਂ ਲਈ ਚਾਵਾਂ ਮਲਾਰਾਂ ਦੇ ਡੋਲੇ। ਉਨ੍ਹਾਂ ਵਿਚ ਸਿਮਟ ਜਾਂਦੀਆਂ ਸਨ, ਸ਼ਰਮ ਹਯਾ ਦੀਆਂ ਮੂਰਤਾਂ , ਪਰਮ ਪ੍ਰੇਮ 'ਚ ਗੜੂੰਦੀਆਂ ਸੂਰਤਾਂ।ਮੋਹ ਵੈਰਾਗ 'ਚ ਹੰਝੂ ਕੇਰਦੀਆਂ ਸਹੇਲੀਆਂ ਇੱਕ ਦੂਜੇ ਦੇ ਗਲ ਲੱਗ ਇੰਜ ਵਿੱਛੜਦੀਆਂ ਜਿਵੇਂ ਕੂੰਜ ਡਾਰ ਤੋਂ ਵੱਖਰੀ ਹੋ ਕੇ ਕੂਕੇ। ਅਜਿਹੇ ਸਮੇਂ ਪਿੰਡ ਦੇ ਜਾਏ ਤੇ ਬਾਹਰੋਂ ਆਏ ਸਭਨਾਂ ਦੇ ਸਿਰਾਂ ਤੇ ਫੈਲ ਜਾਂਦੀ ਸੀ ਕੁਝ ਚਿਰ ਲਈ ਉਦਾਸੀ ਦੀ ਕਾਲੀ ਬਦਲੀ। ਜਦੋ ਤਕ ਬਲਦਾਂ ਦੀਆਂ ਟੱਲੀਆਂ ਦੀਆਂ ਟੁਣਕਾਰਾਂ ਕੱਚੇ ਰਾਹਾਂ ਦੀ ਧੂੜ 'ਚ ਰਲ਼ ਮਿਲ ਨਾ ਜਾਂਦੀਆਂ, ਦਿਸਣੋਂ ਦੂਰ ਨਾ ਹੋ ਜਾਂਦੀਆਂ ਸਖ਼ੀਆਂ, ਸਹੇਲੀਆਂ ਤੇ ਸਾਥਣਾਂ ਸਭ ਆਪਣੀਆਂ ਸੇਜਲ ਅੱਖਾਂ 'ਚ ਮੋਹ ਦੇ ਅੱਥਰੂ ਲੈ ਸੁੱਖਾਂ ਮੰਗਦੀਆਂ, ਖੈਰਾ ਮੰਗਦੀਆਂ ਆਪਣੇ ਆਪਣੇ ਘਰੀਂ ਮੁੜ ਕੇ ਨਾ ਜਾਂਦੀਆਂ। ਓਦੋਂ ਧੀ ਸਾਰੇ ਪਿੰਡ ਦੀ ਸਾਂਝੀ ਇੱਜ਼ਤ ਸੀ। ਪਿੰਡ ਦੀ ਵਹੁਟੀ, ਸਾਰੇ ਪਿੰਡ ਦੀ ਆਬਰੂ।
"ਸਾਬ ਜੀ ਕੀ ਲਓਗੇ ਜੂਸ ਜਾਂ ਪੈਪਸੀ ?" ਅਚਾਨਕ ਵੇਟਰ ਦੀ ਆਵਾਜ਼ ਸੁਣ ਕੇ ਮੈਂ ਸੁਚੇਤ ਹੋ ਗਿਆ। ਓਦੋਂ ਹੀ ਮੈਨੂੰ ਸ਼ਗਨ ਦੇਣ ਦਾ ਖਿਆਲ ਆਇਆ ਤਾਂ ਮੈਂ ਉੱਠ ਕੇ ਲਾੜੇ ਦੇ ਪਿਤਾ ਨੂੰ ਲੱਭਣ ਲੱਗਾ। ਪਰ ਉਹ ਤਾਂ ਧੀਆਂ ਤੇ ਨੂੰਹਾਂ ਦੇ ਨਾਲ ਨੱਚ ਰਿਹਾ ਸੀ ਤੇ ਉਸ ਨੂੰ ਚੱਲ ਰਹੇ ਗਾਣੇ ਦਾ ਸ਼ਾਇਦ ਕੋਈ ਖਿਆਲ ਨਹੀਂ ਸੀ। ਮੇਰੀ ਸੋਚ ਕੁਝ ਵੀ ਸਮਝ ਸਕਣ ਤੋਂ ਅਸਮਰੱਥ ਸੀ। ਲੱਗਦੈ ਸਾਡੀ ਸੋਚ ਅਤੇ ਖ਼ੂਨ ਗੰਧਲਾ ਗਏ ਨੇ। ਕੀ ਇਹ ਸਭ ਕੁਝ ਸੱਭਿਅਕ ਹੈ ?

ਮੈਂ ਫੇਰ ਸੋਚਾਂ ਦੇ ਵਹਿਣ 'ਚ ਵਹਿ ਤੁਰਿਆ ,"ਹੁਣ ਉਹ ਅਪਣੱਤ ਭਰਿਆ ਸਮਾਂ ਕਿੱਥੇ? ਹਾਏ! ਉਹ ਸਮਾਂ ਕਿਵੇਂ ਤੇ ਕਿਉਂ ਅਲੋਪ ਹੋ ਗਿਆ? ਅੱਜ ਅਸੀਂ ਅਸੱਭਿਅਕ ਕਿਉਂ ਹੋ ਗਏ ਹਾਂ ? ਮਾਪੇ ਆਪਣੀਆਂ ਧੀਆਂ ਦੇ ਰੱਖਿਅਕ ਹੁੰਦੇ ਹੋਏ ਸੁਰੱਖਿਆ ਦੇਣੋਂ ਅਸਮਰਥ ਕਿਉਂ ਹੋ ਗਏੇ? ਹੋਰ ਰਿਸ਼ਤਿਆਂ ਦੀ ਗੱਲ ਅੱਗੇ ਕੀ ਤੋਰੀਏ ? ਪਿੰਡਾਂ ਤੇ ਸ਼ਹਿਰਾਂ ਦੀ ਸਾਂਝੀ ਇੱਜ਼ਤ ਰਾਹ- ਸੜਕਾਂ 'ਤੇ , ਬੱਸਾਂ ਤੇ ਕਾਰਾਂ 'ਚ, ਲੋਕਾਂ ਦੇ ਸਾਹਮਣੇ ਕਿਵੇਂ ਦਮ ਤੋੜਦੀ ਹੈ? ਉਸ ਲਈ ਕੋਈ ਥਾਂ ਸੁਰੱਖਿਅਤ ਨਹੀਂ ਰਹੀ? ਘਰਾਂ ਤੋਂ ਖੇਤਾਂ ਅਤੇ ਸਕੂਲਾਂ ਤੋਂ ਘਰ ਤੱਕ ਦੀ ਵਾਪਸੀ ਜਾਂ ਹੋਰ ਕਿਤੇ ਅੱਗੇ ਪਿੱਛੇ ਸਹਿਮ ਭਰੀਆਂ ਸਭ ਥਾਵਾਂ ਅਸੁਰੱਖਿਅਤ ਨੇ। ਕੋਈ ਯਕੀਨ ਨਹੀਂ, ਅਗਲੇਰੇ ਪਲ ਕੀ ਹੋ ਜਾਏ? ਹਰ ਪਾਸੇ ਕੋਰੂਆਂ ਦੇ ਦਰਬਾਰ ਲੱਗੇ ਨੇ। ਉਡੀਕਵਾਨ ਨੇ 'ਦਰੋਪਤੀ'ਦਾ ਚੀਰ ਹਰਨ ਕਰਨ ਲਈ। ਅਸੀਂ ਕਿਉਂ ਮੁੜ ਵਿੱਢ ਲਿਆ ਹੈ ਮਹਾਂਭਾਰਤ ਦਾ ਯੁੱਧ ? 'ਦਰੋਪਦੀ' ਦੀ ਲੁੱਟਦੀ ਪੱਤ ਦੇਖਣ ਲਈ? ਹੁਣ ਕੋਈ ਤਾਂ ਆ ਬਹੁੜੇ ਕ੍ਰਿਸ਼ਨ ਰੂਪੀ ਅਵਤਾਰ ਬਣ ਕੇ? ਨਾਰੀ ਦੀ ਸੁਰੱਖਿਅਤ ਲਈ? ਦੇਸ਼ ਦੇ ਨੀਤੀਵਾਨੋ, ਸੰਵਿਧਾਨ ਦੇ ਰਹਿਬਰੋ! ਹੁਣ ਟਾਲ ਮਟੋਲ ਦਾ ਸਮਾਂ ਨਹੀਂ।ਸੰਵਿਧਾਨ ਨੂੰ ਬੌਣਾ ਨਾ ਕਰੋ। ਜਨਤਾ ਦੀ ਆਵਾਜ਼ ਹੈ।ਗ਼ੈਰਤ ਨੂੰ ਲਲਕਾਰ ਹੈ ।"

ਡੀ ਜੇ ਦਾ ਸ਼ੋਰ ਹੁਣ ਪਹਿਲਾਂ ਨਾਲੋਂ ਵੀ ਤੇਜ਼ ਹੋ ਗਿਆ ਸੀ ਜੋ ਮੇਰੀ ਬਰਦਾਸ਼ਤ ਸ਼ਕਤੀ ਤੋਂ ਬਾਹਰ ਦੀ ਗੱਲ ਸੀ।ਹੁਣ ਮੈਂ ਓਥੋਂ ਵਾਪਿਸ ਆਉਣਾ ਹੀ ਮੁਨਾਸਿਬ ਸਮਝਿਆ।

ਡੀ ਜੇ ਦਾ ਸ਼ੋਰ
ਸਟੇਜ 'ਤੇ ਹੋ ਰਿਹਾ
ਬੇਹੂਦਾ ਨਾਚ।

ਸੁਰਜੀਤ ਸਿੰਘ ਭੁੱਲਰ
ਯੂ. ਐਸ. ਏ.

ਨੋਟ : ਇਹ ਪੋਸਟ ਹੁਣ ਤੱਕ 172 ਵਾਰ ਪੜ੍ਹੀ ਗਈ

3 Jul 2016

ਜੁਗਨੀਨਾਮਾ -ਨਾ ਅੱਖ ਤੇਰੀ ਰੋਈ

ਗੂੜ ਸਿਆਲਾਂ ‘ਚ ਕਈ-ਕਈ ਦਿਨ ਪੈਂਦੀਆਂ ਧੁੰਦਾਂ ਨੇ ਸੂਰਜ ਨੂੰ ਆਪਣੀ ਬੁੱਕਲ ‘ਚ ਲਪੇਟਿਆ ਹੋਇਆ ਸੀ। ਚਾਰ -ਚੁਫੇਰੇ ਸੰਘਣੀ ਧੁੰਦ ਦੀ ਚਾਦਰ ਵਿੱਛੀ ਹੋਣ ਕਰਕੇ ਚਾਰੇ ਪਾਸੇ ਚੁੱਪੀ ਜਿਹੀ ਵਰਤੀ ਹੋਈ ਸੀ | ਜੁਗਨੀ ਆਪਣੀ ਯਾਦਾਂ ਦੀ ਛੱਤੀ ਸਬਾਤ ‘ਚ ਸਾਂਭੇ ਬੇਬੇ ਦੇ ਸੰਦੂਕ,ਚਰਖਾ ਤੇ ਮੰਜੇ -ਪੀੜ੍ਹੀਆਂ ਦੀ ਝਾੜ-ਪੂੰਝ ਕਰਨ ਲੱਗੀ ਹੋਈ ਸੀ। ਅਚੇਤ ਮਨ ਦੇ ਦਰਾਂ 'ਤੇ ਹੋਈ ਦਸਤਕ ਬੇਬੇ ਦੀ ਆਮਦ ਦਾ ਪ੍ਰਤੀਕ ਸੀ। ਸਬਾਤ ‘ਚ ਡਾਹੇ ਮੰਜੇ ‘ਤੇ ਬੈਠਦਿਆਂ ਹੀ ਬੇਬੇ ਨੇ ਆਪਣੀ ਆਦਤ ਮੂਜਬ ਗੱਲਾਂ ਦੀ ਝੜੀ ਲਾ ਦਿੱਤੀ ,"ਨੀ ਮੈਂ ਸਦਕੇ ਜਾਮਾ, ਅਜੇ ਤਾਈਂ ਸਾਂਭਿਆ ਵਿਆ ਮੇਰੇ ਮੰਜੇ -ਪੀੜ੍ਹੀਆਂ ਨੂੰ। ਪੁੱਤ ਜੇ ਚਾਹ ਧਰਨ ਲੱਗੀਂ ਐਂ ਤਾਂ ਐਂ ਕਰੀਂ !ਗੁੜ ਆਲ਼ੀ ਈ ਧਰੀਂ, ਨਾਲ਼ੇ ਚਾਹ ਨੂੰ ਬਾਟੀ ‘ਚ ਪਾ ਕੇ ਲਿਆਈਂ,ਆ ਥੋਡੀਆਂ ਕੱਪੀਆਂ ਜਿਹੀਆਂ ‘ਚ ਮੈਥੋਂ ਨੀ ਪੀਤੀ ਜਾਂਦੀ।ਬੁੜਿਆਂ ਨੂੰ ਤਾਂ ਪੁੱਤ ਪਾਲ਼ਾ ਈ ਮਾਰ ਜਾਂਦੈ,ਹੱਡਾਂ ਨੂੰ ਚੀਰਦੀ ਆ ਠੰਢ।” 
    ਜੁਗਨੀ ਨੇ ਬੇਬੇ ਦੀ ਗੱਲ ਵਿਚਾਲ਼ਿਓਂ ਹੀ ਕੱਟਦਿਆਂ ਸੁਆਲ ਕੀਤਾ,"ਲੈ ਬੇਬੇ ਊਂ ਤਾਂ ਆਖੇਂਗੀ ਬਈ ਵਿੱਚੋਂ ਈ ਟੋਕਤਾ।ਪਰ ਮੈਨੂੰ ਇਉਂ ਦੱਸ ਬਈ ਲੋਕੀਂ ਐਂ ਕਿਉਂ ਕਹਿੰਦੇ ਆ ਕਿ ਕੁੜੀਆਂ ਹੁਣ ਡੋਲੀ ਚੜ੍ਹਨ ਵੇਲ਼ੇ ਰੋਣੋ ਹੱਟ ਗਈਆਂ। ਪਹਿਲਾਂ ਤਾਂ ਧਾਹਾਂ ਮਾਰ-ਮਾਰ ਰੋਂਦੀਆ ਸੀ।” 
   ਮਲਮਲ ਦੀ ਚੁੰਨੀ ਸੰਵਾਰਦਿਆਂ ਬੇਬੇ ਅਤੀਤ ਫ਼ਰੋਲਣ ਲੱਗੀ,” ਪੁੱਤ ਸਾਡੇ ਵੇਲ਼ੇ ਹੋਰ ਸਨ। ਕੁੜੀਆਂ-ਕੱਤਰੀਆਂ ਬਹੁਤਾ ਘਰੋਂ ਬਾਹਰ ਨਹੀਂ ਸੀ ਜਾਂਦੀਆਂ।ਜਿਓਂ ਜੰਮਦੀਆਂ, ਬਿਆਹ ਤਾਈਂ ਬੱਸ ਘਰ ਦੇ ਕੰਮ-ਕਾਜ ਈ ਸਿੱਖਦੀਆਂ। ਨਾਲ਼ੇ ਓਦੋਂ ਬਿਆਹ ਬੀ ਤਾਂ ਨਿਆਣੀਆਂ ਨੂੰ ਹੀ ਦਿੰਦੇ ਸੀ। ਕੁੜੀਆਂ ਦਾ ਵਾਹ ਬਹੁਤੇ ਲੋਕਾਂ ਨਾਲ਼ ਨਹੀਂ ਸੀ ਪੈਂਦਾ। ਆਂਡਣਾ-ਗੁਮਾਂਢਣਾਂ ਨਾਲ਼ ਰਲ਼ ਕੇ ਚਰਖੇ ਕੱਤਦੀਆਂ ਤੇ ਨਾਲ਼ੇ ਢਿੱਡ ਹੌਲਾ ਕਰਦੀਆਂ ਨੂੰ ਸੁਣਦੀਆਂ ਰਹਿੰਦੀਆਂ। ਓਦੋਂ ਪੁੱਤ ਆਉਣ -ਜਾਣ ਦੇ ਸਾਧਨ ਬਹੁਤੇ ਨਾ ਹੋਣ ਕਰਕੇ ਵਿਆਂਦੜਾਂ ਛਿਮਾਹੀਂ- ਸਾਲੀਂ ਕਿਤੇ ਆਵਦੇ ਪੇਕੇ ਆਉਂਦੀਆਂ। ਓਹ ਬੀ ਤਾਂ,ਜੇ ਸਹੁਰੇ ਤੋਰਨ ਨੂੰ ਰਾਜੀ ਹੁੰਦੇ। ਪੁੱਤ ਐਹੋ ਜਿਹੀਆਂ ਗੱਲਾਂ ਸੁਣ-ਸੁਣ ਕੇ ਕੁੜੀਆਂ ਆਵਦੇ ਚਿੱਤ ਨੂੰ ਸੰਸਾ ਲਾ ਲੈਂਦੀਆਂ। ਡੋਲੀ ਚੜ੍ਹਨ ਵੇਲ਼ੇ ਵਿਆਹ ਤੋਂ ਪਹਿਲਾਂ ਚਿੱਤ ‘ਚ ਕਿਆਸੇ ਅਣਦੇਖੇ ਡਰ ਦਾ ਗੁਬਾਰ ਧਾਹੀਂ  ਫੁੱਟਦਾ। ਬਈ ਪਤਾ ਨੀ ਅੱਜ ਏਥੋਂ ਕਿੱਡੀ ਕੁ ਦੂਰ ਚੱਲੀ ਜਾਣਾ। ਓਦੋਂ ਭੋਲ਼ੀਆਂ ਕੁੜੀਆਂ ਨੂੰ ਦੂਰੀ ਦਾ ‘ਦਾਜਾ ਬੀ ਕਿੱਥੇ ਸੀ। ਬਈ ਸਹੁਰਿਆਂ ਦਾ ਪਿੰਡ ਐਥੋਂ ਕਿੰਨੀ ਕੁ ਵਾਟ ‘ਤੇ ਆ ਤੇ ਪਤਾ ਨੀ ਕਦੋਂ ਹੁਣ ਮੁੜਨਾ ਹੋਊ।”
 “ਅੱਛਾ !" ਬੇਬੇ ਲੋਕੀਂ ਤਾਂ ਇਓਂ ਵੀ ਕਹਿੰਦੇ ਨੇ ਕਿ ਬਈ ਹੁਣ ਕੁੜੀਆਂ ਨਿਰਮੋਹੀਆਂ ਹੋ ਗਈਆਂ ਨੇ। ਵਿਛੋੜੇ ਦਾ ਅਹਿਸਾਸ ਹੀ ਕੋਈ ਨਹੀਂ । ਤਾਂਹੀਓਂ ਨਹੀਂ ਰੋਂਦੀਆਂ ਡੋਲੀ ਚੜ੍ਹਨ ਵੇਲ਼ੇ।” 
ਚਾਹ ਵਾਲ਼ੀ ਬਾਟੀ ਨੂੰ ਚੁੰਨੀ ਦੇ ਲੜ ਨਾਲ ਘੁੱਟ ਕੇ ਫੜ੍ਹਦਿਆਂ ਬੇਬੇ ਨੇ ਤੋੜਾ ਝਾੜਿਆ,”ਕੁੜੇ ਫੋਟ! ਲੋਕੀਂ ਕੁੜੀਆਂ ਨੂੰ ਨਿਰਮੋਹੀਆਂ ਆਖਦੇ ਨੇ। ਭਲਾ ਕਿਹੜੀ ਗੱਲੋਂ? ਹੈਂ ! ਜਮਾਨੇ ਦੇ ਬਦਲਣ ਨਾਲ਼ ਲੋਕ ਡੋਲੀਆਂ ਹੁਣ ਘਰੋਂ ਨੀ ਤੋਰਦੇ । ਆ ਕੀ ਕਹਿੰਦੇ ਨੇ,ਬੱਡੇ-ਬੱਡੇ ਹੋਟਲ਼ਾਂ ਨੂੰ। ਕੁੜੇ ਨਾਓਂ ਨੀ ਆਉਂਦਾ,ਲੈ ਚੇਤਾ ਜਮਾ ਹੀ ਖੁੰਝ ਜਾਂਦੈ ਕਿਤੇ-ਕਿਤੇ ਤਾਂ। ” “ਆਹੋ ਬੇਬੇ….ਮੈਨੂੰ ਪਤਾ ਮੈਰੇਜ਼-ਪੈਲੇਸ।" 
“ਆਹੋ ਏਹੀਓ। ਬਿਆਹ ਮੌਕੇ ਓਥੇ ਜਾ ਕੇ ਕੀ ਸਾਲਾਂ ਦਾ ਮੋਹ ਕਿਧਰੇ ਉੱਡ ਜਾਊ। ਘਰ ਨੂੰ ਛੱਡਣ ਦਾ ਬਰਾਗ ਚਿੱਤ ‘ਚ ਕਿਮੇ ਨਾ ਹੋਊ? ਡੋਲੀ ਚੜ੍ਹਦੀਆਂ ਕੁੜੀਆਂ ਰੋਣੋ ਨੀ ਹੱਟੀਆਂ ਪੁੱਤ। ਚਿੱਤ ਤਾਂ ਹੁਣ ਬੀ ਪੁੱਤ ਕੁੜੀਆਂ ਦਾ ਓਨਾ ਈ ਰੋਂਦਾ।ਪਰ ਹੁਣ ਓਹ ਧਾਹਾਂ ਨੀ ਮਾਰਦੀਆਂ। ਦੇਖਣ ਆਲ਼ੇ ਨੂੰ ਲੱਗਦਾ,ਬਈ ਭੋਰਾ ਨੀ ਰੋਈ ਫਲਾਣੀ। ਖਬਨੀ ਰਕਾਨ ਆਬਦੇ ਲਿੰਬੇ-ਪੋਚੇ ਮੂੰਹ ਦੇ ਖਰਾਬ ਹੋਣ ਕਰਕੇ ਨੀ ਰੋਈ। ਹੁਣ ਓਹ ਆਵਦੇ ਨੈਣਾਂ ਨੂੰ ਦਿਲ ਦਾ ਸਾਥ ਦੇਣੋ ਵਰਜ ਦਿੰਦੀਆਂ ਨੇ। ਅੰਦਰੋਂ ਕੈੜੀਆਂ ਹੋ ਗਈਆਂ ਨੇ।ਜਮਾਨੇ ਦੇ ਬਦਲਣ ਨਾਲ਼ ਬਿਆਹ ਹੁਣ ਸੱਤ ਦਿਨਾਂ ਤੋਂ ਸੁੰਗੜ ਕੇ ਸੱਤ ਘੰਟਿਆਂ ਦੇ ਹੋ ਗਏ ਨੇ। ਸਾਂਝੇ ਲਾਣੇ ਰਹੇ ਨੀ ਹੁਣ। ਕੁੜੀ ਨੂੰ ਬੀ ਪਤਾ ਕਿ ਓਹਦੀ ਡੋਲੀ ਤੁਰੀ ਨੀ ਤੇ ਸਭ ਨੇ ਚਲੇ ਜਾਣਾ ਆਬਦੇ-ਆਬਦੇ ਘਰਾਂ ਨੂੰ। ਕੋਈ ਨੀ ਰਹਿੰਦੈ ਪਿੱਛੋਂ। ਜੇ ਓਹ ਹਾਲ-ਦੁਹਾਈਆਂ ਪਾਉਂਦੀ ਡੋਲੇ ‘ਚ ਬੈਠੂਗੀ ਤਾਂ ਓਸ ਦੇ ਮਾਪਿਆਂ ਦਾ ਪਿੱਛੋਂ ਕੌਣ ਬੰਨੂਗਾ ਢਾਰਸ ਫੇਰ?”         
ਜੁਗਨੀ ਨੇ ਬੇਬੇ ਦੀਆਂ ਗੁੱਝੀਆਂ ਗੱਲਾਂ ਦਾ ਭੇਦ ਪਾ ਲਿਆ ਸੀ ,”ਹੁਣ ਮੈਂ ਸਮਝੀ, ਉਹ ਧਾਹਾਂ ਨੀ ਮਾਰਦੀਆਂ ਤੇ ਨਾ ਹੁਣ ਓਹ ਅਬਲਾ-ਵਿਚਾਰੀਆਂ ਨੇ।ਨਾਲ਼ੇ ਧਾਹਾਂ ਮਾਰ ਕੇ ਕਿਹੜਾ ਵਿਛੋੜੇ ਦਾ ਦਰਦ ਮੁੱਕ ਜਾਊ । ਤੋਤਲੇ ਦਿਨਾਂ ਦੇ ਸੰਗੀਆਂ ਤੋਂ ਵਿਛੜਨ ਲੱਗੇ ਭਲਾ ਦਿਲ ਦਾ ਰੁੱਗ ਕਿਉਂ ਨੀ ਭਰਿਆ ਜਾਣਾ।ਇਹ ਜ਼ਮਾਨਾ ਡੋਲੀ ਚੜ੍ਹਦੀ ਕੁੜੀ ਨੂੰ ਧਾਹਾਂ ਮਾਰ ਕੇ ਰੋਂਦਿਆਂ ਹੀ ਕਿਓਂ ਵੇਖਣਾ ਲੋਚਦੈ?”            
     ਜੁਗਨੀ ਦੇ ਡੂੰਘੇ ਸੁਆਲ ਬੇਬੇ ਨੂੰ ਸੋਚੀਂ ਪਾ ਗਏ,” ਦੇਖ ਪੁੱਤ, ਬਿਆਹ ਬੀ ਓਹੀ ਆ ਤੇ ਬਿਆਹ ਆਲ਼ੇ ਸਾਰੇ ਰਬਾਜ ਬੀ ਓਹੀਓ ਨੇ। ਪਰ ਆਪਣੇ ਚਿਤੋਂ ਕੋਈ ਇਹਨਾਂ ਨਾਲ਼ ਨਹੀਂ ਜੁੜਦਾ। ਓਸ ਵੇਲ਼ੇ ਚੌਗਿਰਦੇ ‘ਚ ਵਿਛੋੜੇ ਦਾ ਅਹਿਸਾਸ ਉਹੀਓ ਮਹਿਸੂਸ ਕਰੂ ਜੋ ਆਵਦੇ ਮਨੋ ਓਸ ਰਸਮ ਨਾਲ਼ ਜੁੜੇਗਾ ।ਡੋਲੀ ਚੜ੍ਹਦੀ ਕੁੜੀ ਚਾਹੇ ਇੱਕ ਤਿੱਪ ਵੀ ਹੰਝੂ ਨਾ ਕੇਰੇ ਪਰ ਓਸ ਦਾ ਚਿੱਤ ਤਾਂ ਪੁੱਤ ਭੁੱਬੀਂ ਰੋਂਦਾ ਓਸ ਬਖਤ। ਅੱਖਾਂ ਦੇ ਹੰਝੂ ਦਿਲ ‘ਚ ਡਿੱਗਦੇ ਨੇ। ਜਿਹੜੇ ਸਾਂਝੀਵਾਲਤਾ ਦੇ ਭਾਈਵਾਲ਼ ਬਣਦੇ ਨੇ ਕੁੜੀ ਨੂੰ ਤੋਰਨ ਵੇਲੇ,ਓਹੀਓ ਇਹ ਹੰਝੂ ਵੇਖ ਸਕਦੇ ਨੇ। ਢਿੱਡੋਂ ਰੋਂਦੀਆਂ ਨੂੰ ਦੇਖਣ ਲਈ ਪੁੱਤ ਮਿੱਠੇ ਮੋਹ ਆਲ਼ੀ ਨਿਗ੍ਹਾ ਦੀ ਲੋੜ ਐ।” 
   ਬੇਬੇ ਤਾਂ ਕਦੋਂ ਦੀ ਪਰਤ ਚੁੱਕੀ ਸੀ ਪਰ ਗੁਫ਼ਤਗੂ ਦੀ ਸਰਸਰਾਹਟ ਤੇ ਉਸ ਦੇ ਕਦਮਾਂ ਦੀ ਆਹਟ ਜੁਗਨੀ ਨੂੰ ਹੁਣ ਵੀ ਸੁਣਾਈ ਦੇ ਰਹੀ ਸੀ। 

ਖ਼ਾਮੋਸ਼ ਫਿਜ਼ਾ -
ਧੀ ਦੀ ਡੋਲੀ ਤੋਰ ਕੇ 
ਹੰਝੂ ਛੁਪਾਵੇ। 

ਡਾ. ਹਰਦੀਪ ਕੌਰ ਸੰਧੂ 

(ਜੁਗਨੀਨਾਮਾ ਦੀ ਪਿਛਲੀ ਕਦੀ ਜੋੜਨ ਲਈ ਇੱਥੇ ਕਲਿੱਕ ਕਰੋ )

ਨੋਟ : ਇਹ ਪੋਸਟ ਹੁਣ ਤੱਕ 123 ਵਾਰ ਪੜ੍ਹੀ ਗਈ

2 Jul 2016

ਮੋਕਲਾ ਵਿਹੜਾ

ਤਹਿਖ਼ਾਨੇ ਬੈਠਾਂ ਏ 
ਝੂਰੀ ਜਾਨਾ ਏਂ 
ਸੂਰਜ ਚੜਦਾ ਏ 
ਛੱਤਾਂ 'ਤੇ ਖਿੜਦਾ ਏ ।
ਤੇਰੇ ਘਰ ਦੀ ਪੌੜੀ ਏ 
ਚੜ ਦੇਖ ਚੁਫੇਰੇ ਨੂੰ
ਪੂਰਾ ਗਗਨ ਸਦਾ
ਚੜ੍ਹ ਕੋਠੇ ਮਿਲਦਾ ਏ ।
ਢਾਹ ਦੇ ਕੰਧਾਂ ਨੂੰ
ਵਿਹੜਾ ਕਰ ਮੋਕਲਾ
ਤੰਗ ਜਿਹੇ ਵਿਹੜੇ 'ਚ
ਬੱਸ ਸਾਇਆ ਫਿਰਦਾ ਏ ।
ਮੌਸਮ ਪੱਤਝੜ ਦਾ
ਰੁੱਖ ਛਾਵਾਂ ਨਹੀਂ ਦੇਂਦੇ
ਛਾਂ ਦੀਆਂ ਰੁੱਤਾਂ ਲਈ
ਕੋਈ ਸੁੱਕ ਕੇ ਕਿਰਦਾ ਏ ।
ਪਿੱਠ ਕਰ ਚਾਨਣ ਵੱਲ
ਦਿਨ ਭਰ ਤੂੰ ਬੈਠਾ ਰਹੀਂ
ਜ਼ਿੰਦਗੀ ਤੋਂ ਰੁੱਸਿਆਂ ਨੂੰ
ਨਹੀਂ ਸੂਰਜ ਮਿਲਦਾ ਏ ।
ਕੋਈ ਤਾਂ ਆਇਆ ਏ
ਹੱਥ ਲਾਇਆ ਬੂਹੇ ਨੂੰ
ਜਾ ਕੇ ਦੇਖ ਜ਼ਰਾ
ਬੂਹਾ ਪਿਆ ਹਿੱਲਦਾ ਏ ।


ਦਿਲਜੋਧ ਸਿੰਘ 
(ਯੂ ਐਸ ਏ )

ਨੋਟ : ਇਹ ਪੋਸਟ ਹੁਣ ਤੱਕ 114 ਵਾਰ ਪੜ੍ਹੀ ਗਈ

1 Jul 2016

ਬੰਦੇ ਦੇ ਕਾਰੇ (ਤਾਂਕਾ)

ਅੱਜ ਸਾਡੇ ਨਾਲ ਇੱਕ ਨਵਾਂ ਨਾਂ ਆ ਜੁੜਿਆ ਹੈ - ਮਹਿੰਦਰ ਸਿੰਘ ਮਾਨ। ਆਪ ਰਿਟਾਇਰਡ ਹੈਡ ਮਾਸਟਰ ਨੇ ਤੇ ਸਾਹਿਤ ਰਚਨਾ ਨਾਲ ਜੁੜੇ ਹੋਏ ਹਨ। ਆਪ ਮਿੰਨੀ ਕਹਾਣੀ, ਗ਼ਜ਼ਲ ਤੇ ਖੁੱਲ੍ਹੀ ਕਵਿਤਾ ਲਿਖਦੇ ਨੇ ਜੋ ਸਮੇਂ ਸਮੇਂ 'ਤੇ ਵੱਖੋ -ਵੱਖਰੇ ਵੈਬ ਰਸਾਲਿਆਂ 'ਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਨੇ। ਅੱਜ ਆਪ ਨੇ ਤਾਂਕਾ ਲਿਖ ਕੇ ਸਫ਼ਰਸਾਂਝ ਨਾਲ ਆ ਜੁੜੇ ਨੇ। ਅਸੀਂ ਆਪ ਦਾ ਨਿੱਘਾ ਸੁਆਗਤ ਕਰਦੇ ਹਾਂ। 

1.
ਪਿਆਸੇ ਪੰਛੀ
ਕਿਤੇ ਦਿਸੇ ਨਾ ਪਾਣੀ
ਬੰਦੇ ਦੇ ਕਾਰੇ
ਭੁਗਤਣ ਨਤੀਜੇ
ਬੇਜ਼ੁਬਾਨੇ ਵਿਚਾਰੇ।

2.
ਸ਼ਰਾਬੀ ਬੰਦਾ
ਘਰ 'ਚ ਭੁੱਜੇ ਭੰਗ
ਕਰੇ ਨਾ ਸੰਗ
ਕਹਿੰਦਾ ਮੇਰੇ ਜਿੰਨਾ
ਖੁਸ਼ ਕੋਈ ਨਾ ਏਥੇ। 



ਮਹਿੰਦਰ ਮਾਨ
ਪਿੰਡ ਤੇ ਡਾਕ
ਰੱਕੜਾਂ ਢਾਹਾ
ਸ਼ਹੀਦ  ਭਗਤ  ਸਿੰਘ  ਨਗਰ

ਨੋਟ : ਇਹ ਪੋਸਟ ਹੁਣ ਤੱਕ 23 ਵਾਰ ਪੜ੍ਹੀ ਗਈ