ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Nov 2013

ਜਨਮਦਿਨ

ਆਪਣੇ ਮੋਹ ਮੱਤਿਆਂ ਦੇ ਜਨਮ ਦਿਨ ਨੂੰ ਜਦ ਹਾਇਕੁ ਕਾਵਿ 'ਚ ਪਰੋਇਆ !
                                                         ਡਾ. ਹਰਦੀਪ ਕੌਰ ਸੰਧੂ 
(ਨੋਟ: ਇਹ ਪੋਸਟ ਹੁਣ ਤੱਕ 32 ਵਾਰ ਖੋਲ੍ਹ ਕੇ ਪੜ੍ਹੀ ਗਈ )

28 Nov 2013

ਹਾਇਕੁ ਰਿਸ਼ਮਾਂ

ਅੱਜ ਸਾਡੇ ਨਾਲ਼ ਇੱਕ ਹੋਰ ਨਵਾਂ ਨਾਂ ਆ ਜੁੜਿਆ ਹੈ- ਜਰਨੈਲ ਸਿੰਘ ਭੁੱਲਰ ।  ਆਪ ਸ਼੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਨਾਲ਼ ਸਬੰਧ ਰੱਖਦੇ ਹਨ।  ਆਪ ਪਿੱਛਲੇ ਕਾਫ਼ੀ ਅਰਸੇ ਤੋਂ ਹਾਇਕੁ ਲਿਖਦੇ ਆ ਰਹੇ ਹਨ। ਆਪ ਨੇ 2005 'ਚ 'ਪੰਜਾਬੀ ਹਾਇਕੁ' ਨਾਂ ਦੀ ਹਾਇਕੁ ਪੁਸਤਕ ਆਪਣੇ ਸਾਹਿਤਕ ਸਾਥੀ ਸ਼੍ਰੀ ਕਸ਼ਮੀਰੀ ਲਾਲ ਚਾਵਲਾ ਸੰਗ ਰਲ਼ ਕੇ ਪੰਜਾਬੀ ਸਾਹਿਤ ਦੀ ਝੋਲੀ ਪਾਈ ਸੀ।  ਹੁਣ 2013 'ਚ ਆਪ ਦੀ ਪੁਸਤਕ 'ਹਾਇਕੁ ਰਿਸ਼ਮਾਂ' ਪ੍ਰਕਾਸ਼ਿਤ ਹੋਈ ਹੈ।  
ਅੱਜ ਆਪ ਨੇ ਹਾਇਕੁ ਲੋਕ ਨਾਲ਼ ਸਾਂਝ ਆਪਣੀ ਪੁਸਤਕ ਹਾਇਕੁ ਰਿਸ਼ਮਾਂ ਭੇਜ ਕੇ ਪਾਈ ਹੈ।  ਮੈਂ ਹਾਇਕੁ-ਲੋਕ ਪਰਿਵਾਰ ਵੱਲੋਂ ਆਪ ਜੀ ਦਾ ਨਿੱਘਾ ਸੁਆਗਤ ਕਰਦੀ ਹਾਂ। 

1.
ਤ੍ਰੇਲ ਤੁਪਕਾ
ਘਾਹ ਉੱਤੇ ਲਮਕੇ
ਮੋਤੀ ਬਣ ਕੇ। 

2.
ਮਿੱਠੀ ਸੁਗੰਧ
ਫੁੱਲਾਂ ਵਿੱਚੋਂ ਨਿਕਲ਼ੀ
ਫਿਜ਼ਾ 'ਚ ਘੁਲੀ । 

3.
ਆਥਣ ਵੇਲ਼ਾ
ਡੁੱਬਦਾ ਸੀ ਸੂਰਜ
ਲਿਸ਼ਕੇ ਪਾਣੀ। 

ਜਰਨੈਲ ਸਿੰਘ ਭੁੱਲਰ
(ਮੁਕਤਸਰ) 
('ਹਾਇਕੁ ਰਿਸ਼ਮਾਂ' 'ਚੋਂ ਧੰਨਵਾਦ ਸਹਿਤ) 

25 Nov 2013

ਲਹਿਰਾਂ ਵਿੱਚ ਚਾਂਦੀ

1.
ਧੁੱਪ ਘੋਲਦੀ
ਲਹਿਰਾਂ ਵਿੱਚ ਚਾਂਦੀ
ਸਵੇਰ-ਸ਼ਾਮ । 

2.
ਮੁੜ੍ਹਕਾ ਚੋਵੇ
ਕੰਮ ਕਰੇ ਕਿਸਾਨ 
ਧਰਤੀ ਪੀਵੇ। 

3.
ਉੱਡੇ ਬੱਦਲ਼
ਆਣ ਬਰਸ ਰਹੇ
ਦੁੱਖੀ ਕਿਸਾਨ। 

ਕਸ਼ਮੀਰੀ ਲਾਲ ਚਾਵਲਾ
(ਮੁਕਤਸਰ)
* ਬਾਂਕੇ ਦਰਿਆ ਹਾਇਕੁ ਸੰਗ੍ਰਹਿ 'ਚੋਂ ਧੰਨਵਾਦ ਸਹਿਤ 

 ਨੋਟ: ਇਹ ਪੋਸਟ ਹੁਣ ਤੱਕ 62 ਵਾਰ ਖੋਲ੍ਹੀ ਗਈ 

23 Nov 2013

ਸਾਂਝਾ ਤੰਦੂਰ

1.
ਥੱਬਾ ਬਾਲਣ
ਕੁੜੀਆਂ ਤਪਾਉਣ
ਸਾਂਝਾ ਤੰਦੂਰ।


2.
ਮੱਖਣ ਪੇੜਾ
ਚਿੱਭੜਾਂ ਦੀ ਚੱਟਣੀ
ਤੰਦੂਰੀ ਰੋਟੀ।


ਅੰਮ੍ਰਿਤ ਰਾਏ (ਪਾਲੀ)
ਫ਼ਾਜ਼ਿਲਕਾ 

(ਨੋਟ: ਇਹ ਪੋਸਟ ਹੁਣ ਤੱਕ 84 ਵਾਰ ਖੋਲ੍ਹ ਕੇ ਪੜ੍ਹੀ ਗਈ )

22 Nov 2013

ਰਿਸ਼ਤੇ (ਸੇਦੋਕਾ)

1.
ਰਿਸ਼ਤੇ ਬੜੇ
ਚਾਚੀਆਂ ਤੇ ਤਾਈਆਂ
ਭਰਾ - ਭਰਜਾਈਆਂ
ਪਿਓ ਜਿਹਾ ਨਾ
ਚਾਚਾ ਨਾ ਹੀ ਤਾਇਆ
ਨਾ ਹੀ ਹਮ -ਸਾਇਆ । 
 

2.
 ਮਾਂ ਦੀ ਮਮਤਾ
ਸਦਾ- ਸਦਾ ਸਦੀਵੀ
ਨਿੱਘ ਅਨੋਖਾ ਭਾਸੇ
ਮਾਂ ਦੀ ਬੁੱਕਲ
ਖੁੱਸੇ ਤਾਂ ਦਿਲ ਖੁੱਸੇ

ਦੇਵੇ ਕੌਣ ਦਿਲਾਸੇ । 


ਇ: ਜੋਗਿੰਦਰ ਸਿੰਘ ਥਿੰਦ
(ਸਿਡਨੀ)
*ਸੇਦੋਕਾ  ਜਪਾਨੀ ਕਾਵਿ ਵਿਧਾ ਹੈ ਜੋ 5-7-7, 5-7-7 ਧੁੰਨੀ ਖੰਡ ਵਾਲ਼ੀਆਂ ਦੋ ਅੱਧੀਆਂ /ਅਧੂਰੀਆਂ  ਕਾਵਿ ਟੁਕੜੀਆਂ ਨੂੰ ਜੋੜ ਕੇ ਬਣਦਾ ਹੈ। 

19 Nov 2013

ਡਰਦਾ ਨਿੱਕੂ                                                             ਡਾ. ਹਰਦੀਪ ਕੌਰ ਸੰਧੂ 
ਨੋਟ:ਇਹ ਪੋਸਟ ਹੁਣ ਤੱਕ 40 ਵਾਰ ਖੋਲ ਕੇ ਪੜ੍ਹੀ ਗਈ। 

16 Nov 2013

ਬੀਤੇ ਦੀ ਗੱਲ (ਤਾਂਕਾ)

1.

ਚੀਕਦੇ ਗੱਡੇ
ਟੱਲੀਆਂ ਤੇ ਘੁੰਗਰੂ
ਮਨ ਭਾਉਂਦੇ 
ਟਰੈਕਟਰ ਆਏ
ਕੰਨੀ ਸ਼ੋਰ ਮਚਾਏ। 

2.
ਮੱਥਾ ਟੇਕਣਾ 
ਤਾਂ ਮਿਲਣ ਅਸੀਸਾਂ
ਬੀਤੇ ਦੀ ਗੱਲ
ਝੁਕਿਆ ਨਹੀਂ ਜਾਂਦਾ 
ਖਿਸਕੇ ਜੀਨ ਟੌਪ। 

ਹਰਭਜਨ ਸਿੰਘ ਖੇਮਕਰਨੀ
(ਅੰਮ੍ਰਿਤਸਰ)

15 Nov 2013

ਕੁਦਰਤ ਚੋਂ ਕਾਦਰ

1.               
                                 
ਕੁਦਰਤ
ਜੀਵਨ-ਜਾਂਚ ਦੱਸੇਂ
ਸਿੱਖਦਾ ਰਹਾਂ
ਪੜ੍ਹਾਂ ਖੁੱਲ੍ਹੇ ਪੱਤਰੇ
ਤੇ ਕਾਦਰ ਨੂੰ ਤੱਕਾਂ ।

2.

ਪਹਾੜ ਤੇਰੇ
ਆਕਾਸ਼ਾਂ ਨੂੰ ਛੋਂਹਦੇ
ਸਦਾ ਅਹਿੱਲ
ਸਿਖਾਣ ਪਏ ਮੈਨੂੰ
ਸੱਚਾਈ ਤੇ ਦ੍ਰਿੜਤਾ 3.

ਚਲਦੀ ਨਦੀ

ਸਮੁੰਦਰ ਦੇ ਵੱਲ
ਰੁਕੇ ਨਾ ਕਿਤੇ
ਜੀਵਨ ਤੁਰੇ ਇਓਂ
ਮਿਲੇ ਤਦ ਮੰਜਿਲ਼ ।

ਜਸਵਿੰਦਰ ਸਿੰਘ 'ਰੁਪਾਲ'
(ਲੁਧਿਆਣਾ)

14 Nov 2013

ਕੁੱਕੜ ਬਾਂਗਾਂ

1.
ਕੁੱਕੜ ਬਾਂਗਾਂ -
ਕਸਾਈ  ਨੂੰ ਉਠਾਵੇ
ਭੁੱਖੇ ਰਜਾਵੇ  । 

2.
ਖਿੜਿਆ ਫੁੱਲ-
ਜਦ ਆਈ ਬਹਾਰ
ਮੈਂ ਵੀ ਖਿੜਨਾ। 

ਜਨਮੇਜਾ ਸਿੰਘ ਜੌਹਲ
(ਲੁਧਿਆਣਾ) 

12 Nov 2013

ਫੁੱਲ ਤੇ ਭੌਰਾ

ਭੌਰਾ ਬੋਲਿਆ
ਫੁੱਲ ਦੇ ਕੰਨ ਕੋਲ਼ 
ਅੱਜ ਨਸ਼ਾ ਆ ਗਿਆ । 
ਫੁੱਲ ਹੱਸਿਆ 
ਪਾਗਲ ਨਸ਼ੇੜੀ ਭੌਰਾ 
ਕਾਗਜ਼ੀ ਫੁੱਲ ਸੁੰਘੇ ।


ਦਿਲਜੋਧ ਸਿੰਘ
(ਯੂ .ਐਸ. ਏ.)

9 Nov 2013

ਅਣਕਿਹਾ ਦਰਦ (ਚੋਕਾ)

ਤੇਰੀ ਮਿਲਣੀ
ਸੁਣਾ ਜਾਂਦੀ ਹੈ ਮੈਨੂੰ
ਹਰ ਵਾਰ ਹੀ
ਅਣਕਿਹਾ ਦਰਦ
ਨੁੱਚੜਦਾ ਏ
ਜੋ ਤੇਰੀਆਂ ਅੱਖਾਂ ‘ਚੋਂ
ਜ਼ਿੰਦ ਨਪੀੜੀ 
ਅਣਪੁੱਗੀਆਂ ਰੀਝਾਂ 
ਟੁੱਟੀਆਂ ਵਾਟਾਂ 
ਹੁਣ ਕਿੱਥੋਂ ਲਿਆਵਾਂ

ਪੀੜ ਖਿੱਚਦਾ 
ਕੋਈ ਜਾਦੂਈ ਫੰਬਾ
ਸਹਿਜੇ ਜਿਹੇ 
ਤੇਰੇ ਅੱਲੇ ਫੱਟਾਂ 'ਤੇ 
ਧਰਨ ਨੂੰ ਮੈਂ 
ਕਾਲਜਿਓਂ ਉੱਠਦੀ
ਬੇਨੂਰ ਹੋਈ 
ਬੁੱਲਾਂ ਤੇ  ਕੇ ਮੁੜੀ
ਸੂਲਾਂ ਚੁੱਭਵੀਂ 
ਤਿੱਖੀ ਜਿਹੀ ਟੀਸ ਨੇ
ਹੌਲੇ-ਹੌਲੇ ਹੀ 
ਸਮੇਂ ਦੀਆਂ ਤਲੀਆਂ 
ਫੰਬੇ ਧਰ ਕੇ 

ਆਪੇ ਹੀ ਭਰਨੇ ਨੇ
ਦਿਲ ਤੇਰੇ ਦੇ 
ਅਕਹਿ ਤੇ ਅਸਹਿ 
ਡੂੰਘੇ ਪੀੜ ਜ਼ਖਮ !ਡਾ. ਹਰਦੀਪ ਕੌਰ ਸੰਧੂ 
(ਸਿਡਨੀ)  

*ਚੋਕਾ ਜਪਾਨੀ ਕਾਵਿ ਵਿਧਾ ਹੈ। ਇਸ ਵਿੱਚ 5+7+5+7+5……ਦੇ ਅਨੁਸਾਰ ਵਰਣ ਹੁੰਦੇ ਹਨ ਤੇ ਆਖਰੀ ਦੋ ਸਤਰਾਂ ਵਿੱਚ 7+7 ਧੁੰਨੀ ਖੰਡ ਹੁੰਦੇ ਹਨ। 
(ਨੋਟ: ਇਹ ਪੋਸਟ ਹੁਣ ਤੱਕ 167 ਵਾਰ ਖੋਲ੍ਹ ਕੇ ਪੜ੍ਹੀ ਗਈ )

7 Nov 2013

ਸੱਤਰੰਗੀਆਂ ਪੀਘਾਂ

1.
ਕਾਲਖ ਸੁੱਟੇ
ਫੈਕਟਰੀ ਦਾ ਧੂੰਆਂ 
ਹਵਾ ਨੂੰ ਦੋਸ਼ । 

2.
ਵਹਿੰਦਾ ਪਾਣੀ
ਕਲ-ਕਲ ਕਰਦਾ
ਸੁਰ ਛੇੜਦਾ । 

3.
ਨੀਵਾਂ ਸੂਰਜ
ਸੱਤਰੰਗੀਆਂ ਪੀਘਾਂ 
ਬਣੇ ਨਜ਼ਾਰਾ । 

ਪ੍ਰੋ. ਨਿਤਨੇਮ ਸਿੰਘ 
ਨਾਨਕਪੁਰ-ਮੁਕਤਸਰ 
(ਹਾਇਕੁ ਬੋਲਦਾ ਹੈ ਵਿੱਚੋਂ ਧੰਨਵਾਦ ਸਹਿਤ ) 

5 Nov 2013

ਕੱਖਾਂ ਦੀ ਕੁਲੀ ( ਸੇਦੋਕਾ)

1.
ਪੌਲੀ ਕੁ ਤੇਲ
ਹੱਟੀਓਂ ਲੈ ਦੀਵੇ ਪਾ
ਚਾਨਣ ਕਰ ਲਿਆ
ਇਹ ਦਿਵਾਲੀ
ਮਾਹੀ ਬਿਨਾਂ ਨਾ ਭਾਵੇ
ਦੀਵੇ ਦੀ ਲੋ ਸਤਾਵੇ ।

 2.
ਮੇਰੇ ਵਰਗੇ
ਬੈਠੇ ਨੇ ਬਾਡਰ 'ਤੇ
ਕਈ ਦੀਵੇ ਘਰ ਦੇ
ਫੁੱਲ ਝਿੜੀਆਂ
ਸਿਰਾਂ ਉੱਤੋਂ ਲੰਘਣ
ਦਿਲੋਂ ਸੁੱਖਾਂ ਮੰਗਣ ।
    
 3.
ਕੱਖਾਂ ਦੀ ਕੁਲੀ
ਬੈਠੀ ਤੱਕਦੀ ਥਾਲੀ
ਬੱਚੇ ਮੰਗਣ ਰੋਟੀ
ਅੱਜ ਦੀਵਾਲੀ
ਹਸਰਤਾਂ ਦੀ ਬਾਲੀ
ਭੁੱਖ-ਚਾਨਣ ਵਾਲੀ । 

ਇਜੰ: ਜੋਗਿੰਦਰ ਸਿੰਘ  ਥਿੰਦ
(ਸਿਡਨੀ)
 

3 Nov 2013

ਦੀਵਾਲੀ -2


ਦੀਵਾਲੀ  ਮੁਬਾਰਕ !
ਹਾਇਕੁ ਲੋਕ ਪਰਿਵਾਰ ਵਲੋਂ ਦੀਵਾਲੀ ਦੀਆਂ ਢੇਰ ਵਧਾਈਆਂ ! 

                                                                         
                                                                 1

ਦੀਵਾਲੀ ਰਾਤ
ਲੱਪ ਕੁ ਵੜੇਵੇਂ ਪਾ 
ਬਾਲੀ ਮਸ਼ਾਲ । 

2. 
 ਦੀਵਾਲੀ ਆਈ 
 ਦੀਵਾ-ਦੀਵਾ ਜੋੜਦੀ
   ਸੱਜ-ਵਿਆਹੀ । 

3.
 ਬਲਦਾ ਦੀਵਾ
  ਹੱਥ ਦੀ ਓਟ ਕਰ
    ਆਲ਼ੇ 'ਚ ਧਰੇ।                         
ਡਾ. ਹਰਦੀਪ ਕੌਰ ਸੰਧੂ 
(ਸਿਡਨੀ-ਬਰਨਾਲ਼ਾ) ਦੀਵੇ ਦੀ ਲੌਅ
ਰੁਸ਼ਨਾਉਂਦੀ ਰਾਤ
ਆਤਿਸ਼ਬਾਜ਼ੀ । 

ਅੰਮ੍ਰਿਤ ਰਾਏ (ਪਾਲੀ) 
(ਫ਼ਾਜ਼ਿਲਕਾ) 
ਨੋਟ: ਇਹ ਪੋਸਟ ਹੁਣ ਤੱਕ 41 ਵਾਰ ਖੋਲ੍ਹ ਕੇ ਪੜ੍ਹੀ ਗਈ। 

2 Nov 2013

ਦੀਵਾਲੀ (ਤਾਂਕਾ) - 1

ਸਾਂਝੇ ਧਰਮ
ਸਾਂਝਾ ਹੈ ਤਿਉਹਾਰ
ਏਕੇ ਦਾ ਚਿੰਨ੍ਹ
ਹੋ ਕੇ ਨਸ਼ਿਓਂ ਦੂਰ
ਮਨਾਈਏ ਦੀਵਾਲੀ । 

ਮਸਤ ਬੱਚੇ
ਮੱਚ ਰਹੇ ਪਟਾਖੇ
ਹਵਾ ਦੂਸ਼ਿਤ
ਸਭ ਨੂੰ ਮੁਬਾਰਕ
ਰੋਸ਼ਨੀ ਭਰੀ ਰਾਤ । ਮਹਿੰਦਰ ਪਾਲ 'ਮਿੰਦਾ'
ਬਰੇਟਾ (ਮਾਨਸਾ)

1 Nov 2013

ਚੁੱਪ ਮੁੱਖੜਾ (ਤਾਂਕਾ)

1
ਰੁੱਸਣਾ ਤੇਰਾ
ਬਿਜਲੀ ਦਾ ਭੱਜਣਾ
ਕੁਝ ਨਾ ਦਿੱਖੇ
ਜਿਓਂ ਰਾਤ ਹਨ੍ਹੇਰੀ
ਭਟਕਣ ਬਥੇਰੀ .

2.
ਲੜਨਾ ਤੇਰਾ
ਪਿਆਰੀ ਸ਼ਰਾਰਤ
ਚਲਦੀ ਰਹੇ
ਉਲਾਂਭੇ, ਡੰਗ, ਚੋਭਾਂ
ਲੱਗਣ ਬੜੇ ਮਿੱਠੇ । 

3.
ਤੁਰਨਾ ਤੇਰਾ
ਪਹਾੜਾਂ ਦਾ ਰਸਤਾ
ਵਿੰਗ ਤੜਿੰਗਾ
ਨਿਭਾਵਾਂ ਧੁਰਾਂ ਤੱਕ
ਤੂੰ ਫੜ ਮੇਰਾ ਹੱਥ । 

4.
ਚੁੱਪ ਮੁੱਖੜਾ
ਬਹੁਤ ਕੁਝ ਆਖੇ
ਪ੍ਰੀਤਾਂ ਦਾ ਲਾਰਾ
ਆਧਾਰ ਬਣੇ ਮੇਰਾ
ਇਵੇਂ ਰਹੀਂ ਤੱਕਦਾ। 

ਜਸਵਿੰਦਰ ਸਿੰਘ ਰੁਪਾਲ 
ਭੈਣੀ ਸਾਹਿਬ (ਲੁਧਿਆਣਾ)