ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 Feb 2018

ਮੇਰੀ ਬੇਬੇ


ਬੇਬੇ ਅੱਧ ਮੀਚੀਆਂ ਜਿਹੀਆਂ ਅੱਖਾਂ ਨਾਲ਼ ਬਾਣ ਦੇ ਮੰਜੇ 'ਤੇ ਪਈ ਧੁੱਪ ਸੇਕ ਰਹੀ ਸੀ ।ਵਿਹੜੇ ਵਿੱਚ 'ਕੱਲਾ ਖੜ੍ਹਾ ਰੁੱਖ ਠੰਡੀ ਰੁਮਕਦੀ ਪੌਣ ਨਾਲ਼ ਕਿਸੇ ਅਲੌਕਿਕ ਮਸਤੀ ' ਝੂਮਦਾ ਪ੍ਰਤੀਤ ਹੋ ਰਿਹਾ ਸੀ।ਟਹਿਣੀਆਂ ਤੇ ਪੱਤਿਆਂ 'ਚੋਂ ਪੁਣ-ਪੁਣ ਕੇ ਰਹੀ ਧੁੱਪ ਵਿਹੜੇ ' ਫੈਲ ਰਹੀ ਸੀ। ਕੋਲ਼ ਹੀ ਭੁੰਜੇ ਦਰੀ ਵਿਛਾਈ ਬੈਠੀ ਆਪਣੀ ਪੜਦੋਹਤੀ ਦੇ ਗੰਭੀਰ ਪਰ ਸ਼ਾਂਤ ਚਿਹਰੇ ਨੂੰ ਬੇਬੇ ਨਿਹਾਰ ਰਹੀ ਸੀ ਜੋ ਉਸ ਵਕਤ ਸਵੈਕੇਂਦ੍ਰਿਤ ਹੋਈ ਆਪਣਾ ਸਕੂਲ ਦਾ ਕੰਮ ਕਰ ਰਹੀ ਸੀ।ਹਲਕੀ ਜਿਹੀ ਪੀਲ਼ੀ ਭਾਅ ਮਾਰਦੇ ਉਸ ਕਾਗਜ਼ 'ਤੇ ਇੱਕ ਵਿਲੱਖਣ ਜਿਹੇ ਅੰਦਾਜ਼ ਨਾਲ਼ ਨਿਰੰਤਰ ਚੱਲ਼ ਰਹੀ ਉਸ ਦੀ ਪੈਨਸਿਲ ਦੀ ਨੋਕ ਬੇਬੇ ਦਾ ਧਿਆਨ ਖਿੱਚ ਰਹੀ ਸੀ।ਹੁਣ ਬੇਬੇ ਮੰਜੇ 'ਤੇ ਅੰਤਰ-ਮੁਗਧ ਹੋਈ ਉਸ ਕਾਗਜ਼ 'ਤੇ ਵਾਹੀਆਂ ਲਕੀਰਾਂ ਨੂੰ ਅਪਲਕ ਨਿਹਾਰ ਸੀ ਦਰੀ 'ਤੇ ਖਿਲਰੀਆਂ ਅੱਧ ਖੁੱਲ੍ਹੀਆਂ ਕਿਤਾਬਾਂ ਨਿੱਕੜੀ ਦੇ ਪੁੰਗਰਦੇ ਬੋਧ ਤੋਂ ਗਿਆਨ ਤੱਕ ਦੇ ਸਫ਼ਰ ਦੀ ਹਾਮੀ ਭਰ ਰਹੀਆਂ ਸਨ।ਨਿੱਕੜੀ ਆਪਣੇ ਕਾਗਜ਼ 'ਤੇ ਨਿਰੰਤਰ ਕੁਝ ਵਾਹੀ ਜਾ ਰਹੀ ਸੀ ਤੇ ਕਦੇ-ਕਦੇ ਨਾਲ਼ ਬੈਠੀ ਆਪਣੀ ਸਹੇਲੀ ਦੇ ਕਾਗਜ਼ ਨੂੰ ਵੀ ਵੇਖ ਲੈਂਦੀ।ਅਚਾਨਕ ਇੱਕ ਤੇਜ਼ ਹਵਾ ਦੇ ਬੁੱਲੇ ਨੇ ਕਾਗਜ਼ਾਂ ਨੂੰ ਵਿਹੜੇ ' ਉਡਦੀਆਂ ਘੁੱਗੀਆਂ ਦੀ ਡਾਰ ਵਾਂਗੂ ਦੂਰ ਤੱਕ ਖਿਲਾਰ ਦਿੱਤਾ ਸੀ।

"ਕੁੜੇ ਤੇਰੇ ਕਾਗਤ, ਤੇਰੇ ਨਕਸ਼ੇ, ਭਾਰਤੀ ਨਕਸ਼ੇ ਵਾਲ਼ੇ ਕਾਗਤ ਉੱਡਗੇ।" ਬੇਬੇ ਨੇ ਹਵਾ ਨਾਲ਼ ਖਿਲਰਦੇ ਵਰਕਿਆਂ ਵੱਲ਼ ਇਸ਼ਾਰਾ ਕਰਦਿਆਂ ਕਿਹਾ।ਕਾਹਲ਼ੀ-ਕਾਹਲ਼ੀ ਵਰਕੇ ਸਮੇਟਦੀਆਂ ਕੁੜੀਆਂ ਦੀ ਘੁਸਰ-ਮੁਸਰ ਬੇਬੇ ਨੂੰ ਸੁਣ ਗਈ ਸੀ, " ਤੇਰੀ ਪੜਨਾਨੀ ਨੂੰ ਕਿਵੇਂ ਪਤੈ ਬਈ ਨਕਸ਼ਾ ਕੀ ਹੁੰਦੈ ?" ਸਹੇਲੀ ਦੇ ਬੋਲਾਂ ਨੇ ਨਿੱਕੜੀ ਨੂੰ ਅਚੰਭਿਤ ਕਰ ਦਿੱਤਾ ਸੀ।ਸਹੇਲੀ ਨੂੰ ਇੱਕ ਸੀਮਿਤ ਜਿਹਾ ਜਵਾਬ 'ਹਾਂ' ਕਹਿ ਕੇ ਉਹ ਮਨ ਹੀ ਮਨ ਆਪਣੀ ਉਲਝਣ ਨੂੰ ਸੁਲਝਾਉਣ ਲੱਗੀ।

ਸੁਪ੍ਰੀਤ ਕੌਰ ਸੰਧੂ 
( ਐਮ.  ਬੀ. ਬੀ. ਐਸ. -ਪਹਿਲਾ ਸਾਲ )
ਅਨੁਵਾਦ - ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 515 ਵਾਰ ਪੜ੍ਹੀ ਗਈ ਹੈ। 

7 Feb 2018

ਮੁੱਲ ( ਮਿੰਨੀ ਕਹਾਣੀ )

Image may contain: 1 person, close-upਨਾਜ਼ਰ ਸਿੰਘ ਦੇ ਘਰ  ਵਿੱਚ ਨਿੰਮ ਦਾ ਰੁੱਖ਼ ਸੀ । ਨਾਜ਼ਰ ਨੇ ੳੁਸ ਨੂੰ ਅਾਪਣੇ ਪੁੱਤ ਵਾਂਗ ਹੀ ਪਾਲ਼ਿਆ ਸੀ । ਕਿਸੇ ਵੇਲ਼ੇ ੳੁਸ ਦੀ ਛਾਂ ਹੇਠਾਂ ਸਾਰਾ ਪਰਿਵਾਰ ਰੌਣਕਾਂ ਲਾਈ ਰੱਖਦਾ ਸੀ । ਨਾਜ਼ਰ ਦੀਅਾਂ ਦੋਵੇਂ ਧੀਅਾਂ ਅਤੇ ਪੁੱਤ ਇਸ ਨਿੰਮ ਦੇ ਹੇਠਾਂ ਹੀ ਪੀਘਾਂ ਝੂਟ ਕੇ ਜਵਾਨ ਹੋਏ ਸਨ । ਬੁੱਢੀ ੳੁਮਰੇ ਭਾਵੇਂ ੳੁਸ ਦੇ ਚੇਤੇ ਵਿੱਚੋਂ ਨਮੋਲੀਅਾਂ ਦੀ ਸਾਬਣ ਬਣਾੳੁਣ ਦਾ ਗੁਰ ਵਿਸਰ ਗਿਆ ਪਰ ੳੁਸਨੂੰ ਸੱਕ ਰਗੜ ਕੇ ਲਹੂ ਪੀਣੇ ਫੋੜੇ  ਦਾ ਕੀਤਾ ਇਲਾਜ ਅੱਜ ਵੀ ਚੰਗੀ ਤਰਾਂ ਯਾਦ ਸੀ । ਦਾਤਣ ਕੀਤੇ ਬਿਨਾਂ ੳੁਸ ਨੇ ਕਦੇ ਚਾਹ ਵੀ ਨਹੀਂ ਪੀਤੀ ਸੀ । ਨਾਜ਼ਰ ਦੀ ਇਸ ਰੁੱਖ ਨਾਲ਼ ਬਹੁਤ ਪੀਡੀ ਸਾਂਝ ਪੈ ਗਈ ਸੀ ਕਿਉਂ ਜੋ ੳੁਸ ਨੇ ਅਾਪਣੇ ਪੁੱਤਰ ਕਰਮੇ ਦੇ ਜੰਮਣ ਵੇਲ਼ੇੇ ਅਤੇ ਪੋਤਾ ਹੋਣ ਵੇਲ਼ੇ ਇਸੇ ਹੀ ਨਿੰਮ ਦੇ ਪੱਤੇ ਬੰਨ੍ਹੇ ਸਨ ।
    ਪਰ ਹੁਣ ਨਾਜ਼ਰ ਦੀ ਨੂੰਹ ਵਿਹੜਾ ਸਾਫ਼ ਕਰਨ ਵੇਲੇ ਨਿੰਮ ਦੇ ਝੜੇੇ ਹੋਏ ਪੱਤੇ ਵੇਖ ਕੇ ਹਰ ਸਮੇਂ ਕਿਚ-ਕਿਚ ਕਰਦੀ ਰਹਿੰਦੀ ਸੀ । ਇੱਕ ਦਿਨ ੳੁਸ ਨੇ ਅਾਪਣੇ ਪਤੀ ਕਰਮੇ ਨੂੰ ਕਿਹਾ ,
   " ਮੈਥੋ ਨੀਂ ਅੈਨਾ ਕੂੜਾ ਨਿੱਤ ਹੂੰਝਿਆ ਜਾਂਦਾ , ਉੱਤੋਂ ਸਾਰਾ ਦਿਨ ਪੰਛੀ ਵਿਹੜੇ ਵਿੱਚ ਗੰਦ ਪਾਈ ਰੱਖਦੇ ਅੈ  " 
     ਰੋਜ ਦੀ ਬੁੜ-ਬੁੜ ਤੋਂ ਖਿਝੇ ਕਰਮੇ ਨੇ ਅਾਖ਼ਿਰ ਨਾਜ਼ਰ ਨੂੰ ਬਗ਼ੈਰ ਦੱਸੇ ਹੀ ਨਿੰਮ ਨੂੰ ਵੇਚਣ ਦਾ ਫ਼ੈਸਲਾ ਕਰ ਲਿਆ । ੳੁਸਨੇ ਸ਼ਹਿਰੋਂ ਵਾਢ ਵਾਲੇ ਬੰਦੇ ਬੁਲਾ ਕੇ ਰੁੱਖ਼ ਦਾ ਮੁੱਲ ਪੰਜ ਹਜ਼ਾਰ ਰੂਪੈ ਕਰ ਦਿੱਤਾ । 
 ਇਹ ਸੁਣ ਕੇ ਕੋਲ ਖੜ੍ਹਾ ਕਰਮੇ ਦਾ ਪੁੱਤਰ ਬੋਲਿਆ ,
 " ਪਾਪਾ,ਅੈਨਾ ਘੱਟ ਮੁੱਲ !! ਮੈ ਤਾਂ ਵਿਗਿਆਨ ਦੀ ਕਿਤਾਬ ਵਿੱਚ ਪੜ੍ਹਿਅੈ ਕਿ ਦਸ ਲੱਖ ਰੂਪੈ ਦੀ ਤਾਂ ਇੱਕ ਰੁੱਖ਼ ਅਾਪਾਂ ਨੂੰ ਸਾਹ ਲੈਣ ਲਈ ਅਾਕਸੀਜਨ ਗੈਸ ਹੀ ਦੇ ਦਿੰਦਾ ਅੈ  "
     ਰੁੱਖ਼ ਦੇ ਇੱਕ ਹੋਰ ਅਣਮੁੱਲੇ ਗੁਣ ਬਾਰੇ ਸੁਣ ਕੇ ਦੂਰ ਖੜ੍ਹਾ ਬੇਬੱਸ ਨਾਜ਼ਰ ਅੱਖਾਂ ਭਰ ਅਾਇਅਾ ।
ਮਾਸਟਰ ਸੁਖਵਿੰਦਰ ਦਾਨਗੜ੍ਹ