ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Oct 2014

ਹੈਲੋਵੀਨ ਡੇ

31 ਅਕਤੂਬਰ ਨੂੰ ਦੁਨੀਆਂ ਭਰ ਖਾਸ ਕਰਕੇ ਅਮਰੀਕਾ, ਆਸਟਰੇਲੀਆ ਅਤੇ ਯੂਰਪੀ ਦੇਸ਼ਾਂ ਵਿੱਚ ਭੂਤਾਂ ਪਰੇਤਾਂ ਦੀਆਂ ਗਾਥਾਵਾਂ ਨਾਲ ਜੁੜਿਆ ਤਿਉਹਾਰ ਹੈਲੋਵੀਨ ਵੱਡੇ ਪੱਧਰ ਉੱਤੇ ਮਨਾਇਆ ਜਾ ਰਿਹਾ ਹੈ । ਆਖਦੇ ਹਨ ਕਿ ਹੈਲੋਵੀਨ ਦਾ ਮੁੱਢ ਆਇਰਲੈਂਡ ਤੇ ਉੱਤਰੀ ਫਰਾਂਸ ਦੇ ਖੇਤਰਾਂ 'ਚ ਤਕਰੀਬਨ 2000 ਹਜ਼ਾਰ ਸਾਲ ਪਹਿਲਾਂ ਨਾਲ ਜੁੜਿਆ ਹੈ। ਗਰਮੀ ਦੇ ਖਤਮ ਹੋਣ ਉਪਰੰਤ ਫਸਲਾਂ ਪੱਕਣ ਤੋ ਬਾਅਦ ਸਰਦੀ ਦੀ ਸ਼ੁਰੂਆਤ ਦਾ ਇਹ ਨਵੇਂ ਸਾਲ ਦਾ ਤਿਉਹਾਰ ਸੀ। ਲੋਕਾਂ ਦਾ ਯਕੀਨ ਸੀ  ਕਿ ਇਸ ਦਿਨ ਧਰਤੀ ਉੱਤੇ ਜਿਉਂਦੇ ਲੋਕਾਂ ਅਤੇ ਸਵਰਗ ਸਿਧਾਰ ਗਈਆਂ ਆਤਮਾਵਾਂ ਦਰਮਿਆਨ ਦੁਰੀ ਦਾ ਪਾੜਾ ਬਹੁਤ ਘੱਟ ਹੋ ਜਾਂਦਾ ਹੈ ਅਤੇ ਇਹ ਇੱਕ ਮਿੱਕ ਹੋ ਜਾਂਦੇ ਹਨ। 

1.
ਭੂਤਾਂ ਦੀ ਰਾਤ 
ਡਰਾਵਣੇ ਭੂਤਨੇ 
ਸਹਿਮੇ ਨਿੱਕੂ।  

2.
ਭੂਤਾਂ ਦਾ ਭੇਸ 
ਹੈਲੋਵੀਨ ਜਸ਼ਨ 
ਮਸਤ ਬੱਚੇ। 

3.
ਹੈਲੋਵੀਨ ਡੇ 
ਆਈ ਯਾਦ ਲੋਹੜੀ
ਮੰਗਦੇ ਬੱਚੇ। 

ਡਾ. ਹਰਦੀਪ ਕੌਰ ਸੰਧੂ 
ਸਿਡਨੀ -ਬਰਨਾਲਾ 

ਨੋਟ : ਇਹ ਪੋਸਟ ਹੁਣ ਤੱਕ 10 ਵਾਰ ਪੜ੍ਹੀ ਗਈ। 

30 Oct 2014

ਮੋਹ ਦੀ ਕਣੀ

ਵੱਡੇ ਦਿਨਾਂ ਦੀਆਂ ਛੁੱਟੀਆਂ ਚੱਲ ਰਹੀਆਂ ਸਨ। ਬੱਚੇ ਸਾਰਾ ਦਿਨ ਘਰ 'ਚ ਘੜਮੱਸ ਪਾਉਂਦੇ ਫਿਰਦੇ। ਇੱਕ ਦਿਨ ਖੇਡਦੇ ਖੇਡਦੇ ਕਾਰ 'ਚ ਜਾ ਬੈਠੇ। ਕਾਰ 'ਚੋਂ ਉਤਰਨ ਦਾ ਨਾਂ ਹੀ ਨਾ ਲੈਣ .....ਅਖੇ ਸਾਨੂੰ ਕਿਤੇ ਲੈ ਕੇ ਜਾਓ। ਬੱਚਿਆਂ ਨੂੰ ਖੁਸ਼ ਕਰਨ ਲਈ ਉਸ ਨੇ ਕਾਰ ਘਰੋਂ ਬਾਹਰ ਕੱਢ ਲਈ। ਉਸ ਦੀ ਪਤਨੀ ਵੀ ਰਸੋਈ ਦਾ ਕੰਮ ਨਿਪਟਾ ਕਾਰ 'ਚ ਆ ਬੈਠੀ। ਹੁਣ ਕਾਰ ਸ਼ਹਿਰੋਂ ਬਾਹਰ ਵਾਲੀ ਸੜਕ 'ਤੇ ਆ ਚੁੱਕੀ ਸੀ। ਸਾਰੇ ਬਹੁਤ ਖੁਸ਼ ਸਨ ਤੇ ਆਲੇ -ਦੁਆਲੇ ਦੇ ਨਜ਼ਾਰਿਆਂ ਦਾ ਭਰਪੂਰ ਅਨੰਦ ਮਾਣ ਰਹੇ ਸਨ। ਹਮੇਸ਼ਾਂ ਵਾਂਗ ਉਹਨਾਂ ਨੂੰ ਲੱਗਦਾ ਸੀ ਕਿ ਉਹ ਬੱਸ 4-5 ਕਿਲੋਮੀਟਰ ਤੱਕ ਇੱਕ ਛੋਟੀ ਜਿਹੀ ਕਾਰ -ਗੇੜੀ  'ਤੇ ਹੀ ਚੱਲੇ ਨੇ ...... ਪਰ ਇਹ ਕੀ ........ਕਾਰ ਤਾਂ ਛੂਟਾਂ ਵੱਟਦੀ ਇਲਾਹੀ ਪੈਂਡਿਆਂ ਨਾਲ ਸਾਂਝ ਪਾਉਂਦੀ ਜਾਪਦੀ ਸੀ। 
ਉਸ ਨੂੰ ਰੌਲਾ ਪਾਉਂਦੇ ਬੱਚਿਆਂ ਦੀਆਂ ਆਵਾਜ਼ਾਂ ਸੁਣਨੀਆਂ ਜਿਵੇਂ ਬੰਦ ਹੀ ਹੋ ਗਈਆਂ ਸਨ ।ਚੇਤਨ ਤੇ ਅਵਚੇਤਨ ਦੇ ਅੱਧ -ਵਿਚਕਾਰ ਅਸਥਿਰ ਹੋਈ  ਉਸ ਦੀ ਸੁਰਤ ਤਾਂ ਕਲਪਨਾ ਦੇ ਉੜਨ ਖਟੋਲੇ 'ਤੇ ਸਵਾਰ ਹੋ ਕਿਤੇ ਹੋਰ ਹੀ ਜੁੜ ਗਈ ਸੀ.... ....ਆਪਣੀ ਵੱਡੀ ਭੈਣ ਨਾਲ  …...ਜਿਸ ਦੀਆਂ ਅੱਖਾਂ ਦਾ ਖਾਰਾ ਪਾਣੀ ਜਾਂਦੇ -ਜਾਂਦੇ ਓਸ 'ਤੇ ਮੋਹ ਦੇ ਛਿੱਟੇ ਮਾਰ ਗਿਆ ਸੀ ......ਜਿਸ ਨਾਲ ਓਸ ਦਾ ਆਪਾ ਤਰੇਲ ਧੋਤੇ ਫੁੱਲਾਂ ਵਾਂਗ ਖਿੜ ਗਿਆ .....ਮੋਹ -ਵੰਤੇ ਵਿਸ਼ਵਾਸ ਸੱਖਣੇ ਪਲਾਂ 'ਤੇ ਹਾਵੀ ਹੋ ਗਏ ਤੇ ਦਿਲ ਦਾ ਦਲਿੱਦਰ ਕੋਹਾਂ ਦੂਰ ਨੱਸ ਗਿਆ  ........ਇਓਂ ਲੱਗਿਆ  ਜਿਵੇਂ ਮਨ ਦੇ ਵਿਹੜੇ ਨਿੱਕੇ -ਨਿੱਕੇ ਘੁੰਗਰੂਆਂ ਦਾ ਮੀਂਹ ਪੈ ਰਿਹਾ ਹੋਵੇ.....ਕਦੇ ਬੁੱਲ ਧੁੱਪ ਰੰਗਾ ਹਾਸਾ ਹੱਸਣ ਲੱਗਦੇ.........ਜਿਓਂਦੇ ਮੋਹ ਭਰੇ ਰਿਸ਼ਤਿਆਂ ਦੀ ਮਿਠਾਸ ਉਸ ਦੇ ਆਪੇ 'ਚ ਘੁਲ ਗਈ। ਅੰਬਰੀਂ ਉਡਾਣਾ ਭਰਦਾ ਮਨ ਅੱਜ ਆਗਿਆ ਤੋਂ ਬਿਨਾਂ ਹੀ ਓਸ ਨੂੰ ਭੈਣ ਦੀਆਂ ਸੰਦਲੀ ਬਰੂਹਾਂ 'ਤੇ ਧੂਹ ਕੇ ਲੈ ਚੱਲਿਆ ਸੀ। 
        ਕਾਰ ਹੁਣ ਤੱਕ ਲੱਗਭੱਗ 20 ਕੁ ਕਿਲੋਮੀਟਰ ਸ਼ਹਿਰੋਂ ਬਾਹਰ ਆ ਗਈ ਸੀ। ਪਿੱਛੋਂ ਆ ਰਹੇ ਵਾਹਨਾਂ ਦੇ ਹਾਰਨਾਂ ਨੇ ਉਸ ਦੀ ਬਿਰਤੀ ਤੋੜੀ।ਤੇਜ਼ ਰਫ਼ਤਾਰ ਨਾਲ ਜਾ ਰਹੀ ਕਾਰ ਨੂੰ ਓਸ ਨੇ ਸੜਕ ਦੇ ਕਿਨਾਰੇ ਕਰਕੇ ਰੋਕ ਲਿਆ। 
" ਓਹ ਹੋ ! ਇਹ ਕਿਧਰ ਨੂੰ ਚੱਲ ਪਿਆ ਮੈਂ ......... ਇਹ ਰਾਹ ਤਾਂ ਭੈਣ ਦੇ ਸਹੁਰਿਆਂ ਦੇ ਪਿੰਡ ਨੂੰ ਜਾਂਦਾ ਹੈ ..........ਪਰ ਉਹ ਤਾਂ ਇੱਥੇ ਹੈ ਹੀ ਨਹੀਂ ....... ਭੈਣ ਤਾਂ ਇੱਥੋਂ ਹਜ਼ਾਰਾਂ ਮੀਲ ਦੂਰ ਸੱਤ -ਸਮੁੰਦਰੋਂ ਪਾਰ ਬੈਠੀ ਹੈ .... ਮੈਨੂੰ ਲੱਗਾ ਜਿਵੇਂ ਭੈਣ ਐਥੇ ਹੀ ਹੈ .........ਮੇਰੇ ਕੋਲ਼ ...... ਹਾਂ -ਹਾਂ ਉਹ ਮੇਰੇ ਕੋਲ ਹੀ ਤਾਂ ਹੈ ।"  ਉਸ ਦੀਆਂ ਅੱਖਾਂ ਦੇ ਨਾਲ -ਨਾਲ ਜ਼ੁਬਾਨ ਵੀ ਤਰਲ ਹੋ ਗਈ ਸੀ । ਫੇਰ ਉਸ ਨੂੰ ਨਿੰਮੀ ਜਿਹੀ ਛੂਹ ਦੀ ਝਰਨਾਹਟ ਮਹਿਸੂਸ ਹੋਈ ........ਸ਼ਾਇਦ ਭੈਣ ਕੋਲੋਂ ਲੰਘ ਕੇ ਆਈ ਪੌਣ ਦਾ ਸਪਰਸ਼ ਸੀ ਇਹ। 


ਅੱਖਾਂ 'ਚ ਨਮੀ -
ਮੇਰੀ ਗਲ੍ਹ 'ਤੇ ਡਿੱਗੀ  
ਮੋਹ ਦੀ ਕਣੀ । 

ਡਾ. ਹਰਦੀਪ ਕੌਰ ਸੰਧੂ 
(ਬਰਨਾਲਾ -ਸਿਡਨੀ) 

ਨੋਟ: ਇਹ ਪੋਸਟ ਹੁਣ ਤੱਕ 45 ਵਾਰ ਖੋਲ੍ਹ ਕੇ ਵੇਖੀ ਗਈ। 

27 Oct 2014

ਦੂਜ ਦਾ ਚੰਦ

1.
ਸਿਆਲੂ ਰਾਤ -
ਹਰੇ ਘਾਹ 'ਤੇ ਮੋਤੀ 
ਅੰਬਰੀਂ ਚੰਦ। 




2.

ਧੁੰਦ ਸਵੇਰੇ -
ਅਸਮਾਨ 'ਚ ਲੱਭਾਂ 
ਸੂਰਜ ਟਿੱਕੀ। 




3.

ਸਿਆਲੂ ਸ਼ਾਮ -
ਬੱਦਲਾਂ 'ਚੋਂ ਝਾਕਦਾ 
ਦੂਜ ਦਾ ਚੰਦ।


ਹਰਜਿੰਦਰ ਢੀਂਡਸਾ 

(ਕੈਨਬਰਾ) 

ਨੋਟ: ਇਹ ਪੋਸਟ ਹੁਣ ਤੱਕ 45 ਵਾਰ ਖੋਲ੍ਹ ਕੇ ਵੇਖੀ ਗਈ। 

26 Oct 2014

ਪਵੇ ਛਣਾਟਾ

1.
ਡੰਗਰ ਪਸ਼ੂ 
ਛੱਪੜੀ ਨਹਾਉਂਦੇ 
ਆਪ ਨਹਿਰਾਂ। 

2.
ਵਹਿੰਦਾ ਪਾਣੀ 
ਸ਼ੂਕਾਂ ਮਾਰੇ ਦਰਿਆ 
ਪਵੇ ਛਣਾਟਾ। 

3.
ਵਰਖਾ ਹੋਵੇ 
ਰਿਮਝਿਮ ਬਰਸੇ 
ਗੜੇ ਡਿੱਗਦੇ। 

ਚੌਧਰੀ ਅਮੀ ਚੰਦ 
(ਮੁਕਤਸਰ )

ਨੋਟ: ਇਹ ਪੋਸਟ ਹੁਣ ਤੱਕ 23 ਵਾਰ ਖੋਲ੍ਹ ਕੇ ਵੇਖੀ ਗਈ। 

25 Oct 2014

ਖੂਨ ਪਸੀਨਾ (ਸੇਦੋਕਾ)

1.
ਨਿੱਕਲ ਘਰੋਂ
ਹੁੰਦਾ ਵੇਖ ਤਮਾਸ਼ਾ
ਸਰੇ ਆਮ ਬਜ਼ਾਰੀਂ
ਝੂਠ ਪਖੰਡ 
ਦੁਲੱਤੀਆਂ ਮਾਰਨ
ਸ਼ਰੀਫ ਮਤਾੜਨ। 
2.
ਆਵੇ ਓ ਵਲ੍ਹੀ 
ਜਾਂ ਪੀਰ ਪੈਗੰਬਰ 
ਮਨੁੱਖਤਾ ਦੇ ਘਰ   
ਕਰੇ ਪਾਸਾਰ
ਦੁੱਖਦੀ ਰਗ  ਹਟਾ

ਸੱਚ ਦਾ ਦੀਪ ਜਗਾ ।
 3.

ਦਿਨ ਤੇ ਰਾਤ
ਖਰਾਸੇ ਜੁੱਤਾ ਬੰਦਾ
ਲਗਾ ਏ ਖੋਪੀਂ ਚੰਗਾ
ਖੂਨ ਪਸੀਨਾ
ਔਖਾ ਹੋਇਆ ਜੀਣਾ
ਪਰ ਜੀਣਾ ਤਾਂ ਜੀਣਾ। 


ਇ: ਜੋਗਿੰਦਰ ਸਿੰਘ ਥਿੰਦ 
(ਸਿਡਨੀ) 
ਨੋਟ: ਇਹ ਪੋਸਟ ਹੁਣ ਤੱਕ 10 ਵਾਰ ਖੋਲ੍ਹ ਕੇ ਵੇਖੀ ਗਈ। 

24 Oct 2014

ਦੀਵਾਲੀ ਰਾਤ

ਅੱਜ ਸਾਡੇ ਨਾਲ ਇੱਕ ਨਵਾਂ ਨਾਂ ਆ ਜੁੜਿਆ ਹੈ -  ਹਰਜਿੰਦਰ ਢੀਂਡਸਾ। 
ਮੈਂ ਆਪ ਜੀ ਦਾ ਹਾਇਕੁ -ਲੋਕ ਪਰਿਵਾਰ ਵੱਲੋਂ ਨਿੱਘਾ ਸੁਆਗਤ ਕਰਦੀ ਹਾਂ। ਜਦੋਂ -ਜਦੋਂ ਹਾਇਕੁ -ਲੋਕ ਪਰਿਵਾਰ 'ਚ ਵਾਧਾ ਹੋਇਆ ਹੈ ਸਾਰੇ ਰਲ ਕੇ ਆਉਣ ਵਾਲੇ ਨੂੰ 'ਜੀ ਆਇਆਂ ਨੂੰ ' ਆਖਦੇ ਨੇ ਤੇ ਖਿੜੇ ਮੱਥੇ ਤੇ ਚਾਅ ਨਾਲ ਮਿਲਦੇ ਨੇ। 
ਹਾਇਕੁ -ਲੋਕ ਨਾਲ ਸਾਂਝ ਪਾਉਂਦਿਆਂ ਆਪ ਜੀ ਦੇ ਆਪਣੇ ਸ਼ਬਦਾਂ 'ਚ ...........

"ਮੇਰਾ ਆਗ੍ਮਾਨ  ਪੰਜਾਬ ਦੇ ਪੁਆਧ  ਇਲਾਕੇ ਵਿਚਲੇ  ਇੱਕ ਛੋਟੇ ਜਿਹੇ ਪਿੰਡ ਨਿਆਮੀਆਂ ਤਹਿਸੀਲ ਖਰੜ ਜਿਲ੍ਹਾ ਉਦੋਂ ਅੰਬਾਲਾ ਹੁਣ ਮੋਹਾਲੀ  ਵਿਖੇ ਤਕਰੀਬਨ 54 ਕੁ ਸਾਲ ਪਹਿਲਾਂ ਹੋਇਆ ਸੀ| ਜ਼ਿੰਦਗੀ ਦੇ ਪਹਿਲੇ 18 ਸਾਲ ਇਸੇ ਇਲਾਕੇ 'ਚ ਰਹਿ ਕੇ ਮੁਢਲੀ ਵਿੱਦਿਆ ਹਾਸਿਲ ਕੀਤੀ। 

ਫੇਰ ਅਗਲੇ 13 ਸਾਲ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਜ਼ਿੰਦਗੀ ਜਿਓਣ ਦੀ ਜਾਂਚ ਸਿੱਖਣ 'ਚ ਬਿਤਾਏ ਤੇ ਯੂਨੀਵਰਸਿਟੀ ਨੇ ਮੈਨੂੰ BSc Agri  (Hons), M.Sc ਤੇ Ph.D ਨਾਲ ਸ਼ਿੰਗਾਰ ਦਿੱਤਾ। ਇੱਥੇ  ਹੀ ਰੱਬ ਨੇ ਮੈਨੂੰ ਮੇਰੀ ਜ਼ਿੰਦਗੀ ਦੇ  ਸਭ ਤੋ ਅਨਮੋਲ ਤੋਹਫ਼ੇ ਮੇਰੇ ਹਮਸਫਰ ਨਾਲ ਨਿਵਾਜਿਆ| 

ਹੁਣ ਪਿਛਲੇ 23 ਸਾਲਾਂ ਤੋ ਅਸੀਂ ਕੰਗਰੂਆਂ ਦੀ ਧਰਤੀ ਤੇ ਜ਼ਿੰਦਗੀ ਦਾ ਸਫਰ ਮਾਂ ਪਿਓ ਤੇ ਦੋ ਪੁੱਤਰਾਂ ਨਾਲ ਮਾਣ ਰਹੇ ਹਾਂ| ਰੋਟੀ ਲਈ ਆਸਟਰੇਲੀਆ ਸਰਕਾਰ ਨੇ ਇਕ ਸਰਕਾਰੀ ਦਫਤਰ ਵਿਚ ਚੰਗੀ ਨੌਕਰੀ ਦਿੱਤੀ ਹੋਈ ਹੈ| ਅੱਜ ਕੱਲ ACT ਤੇ NSW ਦੇ ਬਾਰਡਰ ਤੇ "Niamian Homestead" ਚ ਵਾਸਾ ਹੈ|

ਲਿਖਣ ਦਾ ਸ਼ੌਕ ਬਚਪਨ ਤੋ ਸੀ ਪਰ ਕਦੇ ਪੂਰਾ ਕਰਨ ਦਾ ਮੌਕਾ ਨਹੀਂ ਮਿਲਿਆ। ਕਦੇ ਕਦੇ ਸਾਲ ਚ ਇੱਕ ਅਧ ਵਾਰ ਜਰੂਰ ਭੁੱਸ ਪੂਰਾ ਕਰ ਲੈਂਦਾ ਸੀ| ਹੁਣ ਪਿਛਲੇ ਤਿੰਨ ਸਾਲ ਤੋ ਲਗਾਤਾਰ ਲਿਖ ਰਿਹਾ ਹਨ| ਤਕਰੀਬਨ 100 ਤੋ ਵੱਧ ਕਵਿਤਾਵਾਂ ਲਿਖੀਆਂ ਹਨ ਜੋ ਕਿ ਮੇਰੇ ਬਲੌਗ (http://harjindd.blogspot.com.au/) 'ਚ ਦਰਜ ਹਨ। 


ਹਾਇਕੁ -ਲੋਕ ਨਾਲ ਸਾਂਝ ਅੱਜ ਆਪ ਨੇ ਦੀਵਾਲੀ ਹਾਇਕੁ ਭੇਜ ਕੇ ਪਾਈ ਹੈ। ਆਸ ਕਰਦੀ ਹਾਂ ਕਿ ਆਪ ਜੀ ਦੀ ਇਹ ਸਾਂਝ ਇਸੇ ਤਰਾਂ ਬਣੀ ਰਹੇਗੀ। ਆਪ ਸਮੇਂ -ਸਮੇਂ 'ਤੇ ਹਾਇਕੁ ਲੋਕ ਨਾਲ ਸੀਰ ਪਾਉਂਦੇ ਰਹਿਣਗੇ। 

1.
ਦੀਵਾਲੀ ਸ਼ਾਮ
ਸਜਾਇਆ ਵਿਹੜਾ 
ਉਡੀਕੇ ਜੰਝ। 

2.
ਦੀਵਾਲੀ ਸ਼ਾਮ 
ਛੜੇ ਦੇ ਘਰ ਬਲੇ  
ਮਿੱਟੀ ਦਾ ਦੀਵਾ। 

3.
ਦੀਵਾਲੀ ਰਾਤ 
ਮਜ਼ਦੂਰ ਦਾ ਘਰ 
ਬਲੇ ਨਾ ਦੀਵਾ। 

4.
ਮੇਰਾ ਪੰਜਾਬ -
ਕਾਲੀ ਰਾਤ ਦੀਵਾਲੀ 
ਬਿਜਲੀ ਗੁੰਮ। 


5.
ਫਿੱਕੀ ਦੀਵਾਲੀ -
ਦਿਹਾੜੀ ਮਜ਼ਦੂਰ 
ਕੰਮ ਨਾ ਲੱਭਾ। 

 ਹਰਜਿੰਦਰ ਢੀਂਡਸਾ 
( ਕੈਨਬਰਾ -ਆਸਟ੍ਰੇਲੀਆ ) 

ਨੋਟ: ਇਹ ਪੋਸਟ ਹੁਣ ਤੱਕ 120 ਵਾਰ ਖੋਲ੍ਹ ਕੇ ਵੇਖੀ ਗਈ। 

23 Oct 2014

ਦੀਵਾਲੀ- ਦੀਵਿਆਂ ਦੀ ਬਰਾਤ

ਹਾਇਕੁ ਲੋਕ ਪਰਿਵਾਰ ਵਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਢੇਰ ਮੁਬਾਰਕਾਂ ! 




1.
ਦੀਵਾਲੀ  ਰਾਤ
ਦੀਵਿਆਂ ਦੀ ਬਰਾਤ
ਢੁੱਕੀ ਵਿਹੜੇ।

2.
ਮਿੱਟੀ ਦਾ ਦੀਵਾ
ਚੱਪਾ -ਚੱਪਾ ਬਲਦਾ 
ਕਿਰਦੀ ਲੌਅ। 

3.
ਦੇਹਲੀ ਦੀਵਾ 
ਅੰਦਰੋਂ ਤੇ ਬਾਹਰੋਂ 
ਘਰ ਚਾਨਣ। 


ਡਾ. ਹਰਦੀਪ ਕੌਰ ਸੰਧੂ 



ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ। 
                                                        



18 Oct 2014

ਪੰਜਾਬੀ ਬੋਲੀ (ਹਾਇਬਨ)

ਛੁੱਟੀ ਦਾ ਦਿਨ।  ਸਿਖਰ ਦੁਪਹਿਰਾ। ਸਿਡਨੀ ਦੀਆਂ ਸੜਕਾਂ 'ਤੇ ਕਾਰਾਂ ਦੀ ਭਰਪੂਰ ਆਵਾਜਾਈ। ਤਿੱਖੀ ਧੁੱਪ ਕਾਰਨ ਗਰਮੀ ਵੱਧ ਗਈ ਸੀ।  ਅਸੀਂ ਕਾਰ ਦੇ ਸ਼ੀਸ਼ੇ ਬੰਦ ਕਰਕੇ ਏ.ਸੀ. ਚਾਲੂ ਕਰ ਲਿਆ । ਟ੍ਰੈਫ਼ਿਕ ਬੱਤੀਆਂ ਲੰਘਦੇ ਅਸੀਂ ਆਪਣੀ ਮੰਜ਼ਿਲ ਵੱਲ ਵਧ ਰਹੇ ਸਾਂ।  ਇੱਕ ਲਾਲ ਬੱਤੀ 'ਤੇ ਆ ਕੇ ਸਾਡੀ ਕਾਰ ਰੁਕੀ।  ਓਦੋਂ ਹੀ ਪੈਦਲ ਯਾਤਰੂਆਂ ਲਈ ਸੜਕ ਪਾਰ ਕਰਨ ਲਈ ਹਰੀ ਬੱਤੀ ਦਾ ਸੰਕੇਤ ਹੋ ਗਿਆ ਸੀ। 
        ਸਿਰ 'ਤੇ ਕੇਸਰੀ ਪਰਨਾ ਤੇ ਤੇੜ ਚਿੱਟਾ ਕੁੜਤਾ -ਪਜਾਮਾ ਪਾਈ, ਸਾਨੂੰ ਇੱਕ ਸੱਜਣ ਸੜਕ ਪਾਰ ਕਰਦਾ ਵਿਖਾਈ ਦਿੱਤਾ। ਕਈ ਕਾਰਾਂ ਕੋਲੋਂ ਲੰਘਦਾ ਹੋਇਆ ਉਹ ਸਾਡੀ ਕਾਰ ਕੋਲ ਆ ਕੇ ਖੜੋ ਗਿਆ। ਉਸਦੇ ਚਿਹਰੇ ਤੋਂ ਪ੍ਰੇਸ਼ਾਨੀ ਸਾਫ਼ ਝਲਕ ਰਹੀ ਸੀ। ਮੇਰੇ ਚੁੰਨੀ ਲਈ ਵੇਖ ਕੇ ਜਾਂ ਫਿਰ ਇਹ ਸੋਚ ਕੇ ਕਿ ਕਾਰ ਚਲਾਉਣ ਵਾਲੇ ਕਾਕੇ ਨੂੰ ਕਿਹੜਾ ਪੰਜਾਬੀ /ਹਿੰਦੀ ਸਮਝ ਆਉਣੀ ਹੈ , ਉਸ ਮੇਰੇ ਵਾਲੇ ਪਾਸਿਓਂ ਕਾਰ ਦੀ ਤਾਕੀ ਖੜਕਾਈ। ਗੱਲ ਸੁਣਨ ਲਈ ਮੈਂ ਕਾਰ ਦਾ ਸ਼ੀਸ਼ਾ ਖੋਲ੍ਹਿਆ। "ਪਾਰਕਲੀ ਗੁਰੂਦੁਆਰਾ ਕਹਾਂ ਹੈ ? ਉਧਰ ਕੋ ਜਾਨੇ ਕਾ ਕੌਨ ਸਾ ਰਾਸਤਾ ਹੈ ?ਯਹਾਂ ਸੇ ਕਿਤਨੀ ਦੂਰ ਹੈ ?" ਇੱਕੋ ਸਾਹੇ ਹੀ ਉਸ ਨੇ ਸਵਾਲਾਂ ਦੀ ਝੜੀ ਲਾ ਦਿੱਤੀ। 
       ਬਿਨਾਂ ਵਕਤ ਗੁਆਏ ਤੇ ਬਿਨਾਂ ਇਹ ਸੋਚਿਆਂ ਕਿ ਪੁੱਛਣ ਵਾਲੇ ਨੂੰ ਪੰਜਾਬੀ 'ਚ ਬੋਲਿਆ ਸਮਝ ਵੀ ਆਵੇਗਾ ਜਾਂ ਨਹੀਂ, ਮੈਂ ਗੁਰਦੁਆਰੇ ਦਾ ਰਾਹ ਸਮਝਾਉਣ ਲੱਗੀ। ਮੇਰੇ ਬੇਟੇ ਨੇ ਓਥੋਂ ਗੁਰਦੁਆਰੇ ਦੀ ਸਹੀ ਦੂਰੀ ਤੇ ਜਾਣ ਲਈ ਅਨੁਮਾਨਿਤ ਸਮੇਂ ਬਾਰੇ ਦੱਸ ਦਿੱਤਾ। ਅਸੀਂ ਦੋਵੇਂ ਪੰਜਾਬੀ ਬੋਲ ਰਹੇ ਸਾਂ।  " ਅੱਛਾ -ਅੱਛਾ !ਬੱਸ ਆਹੀਓ ਸੜਕੇ -ਸੜਕ ਤੁਰੇ ਜਾਣਾ ਹੈ। ਨੱਕ ਦੀ ਸੇਧੇ, ਬੱਸ ਸਮਝ ਗਿਆ । "  ਧੰਨਵਾਦੀ ਸ਼ਬਦਾਂ ਵਜੋਂ ਮੁਸਕਰਾਉਂਦੇ ਹੋਏ ਹੁਣ ਓਹ ਠੇਠ ਪੰਜਾਬੀ ਬੋਲ ਰਿਹਾ ਸੀ। ਅਸੀਂ ਦੋਹਾਂ ਨੇ ਸਹਿਮਤੀ 'ਚ ਸਿਰ ਹਿਲਾਏ।  ਐਨੇ ਨੂੰ ਹਰੀ ਬੱਤੀ ਹੋ ਗਈ ਤੇ ਅਸੀਂ ਆਪਣੇ -ਆਪਣੇ ਰਾਹ ਪੈ ਗਏ। 
        ਉਹ ਅਣਜਾਣ ਰਾਹੀ ਤਾਂ ਕਦੋਂ ਦਾ ਗੁਰੁਦੁਆਰੇ ਅੱਪੜ ਤੇ ਸੁੱਖ -ਸਾਂਦ ਦੀ ਅਰਦਾਸ ਕਰ  ਕਿਤੇ ਸਕੂਨ 'ਚ ਬੈਠਾ ਹੋਣਾ।  ਪਰ ਉਸ ਦੀ ਪਲ ਭਰ ਦੀ ਮਿਲਣੀ ਮੈਨੂੰ ਹੁਣ ਤੱਕ ਪ੍ਰੇਸ਼ਾਨ ਕਰ ਰਹੀ ਹੈ ਕਿ ਪੰਜਾਬੀ ਬੋਲਣੀ ਆਉਣ ਦੇ ਬਾਵਜੂਦ ਵੀ ਉਸ ਨੇ ਹਿੰਦੀ 'ਚ ਗੱਲ ਕਰਨ ਨੂੰ ਤਰਜੀਹ ਦਿੱਤੀ। ਕੀ ਬਹੁਤੇਰੇ ਲੋਕਾਂ ਵਾਂਗ ਉਸ ਨੂੰ ਵੀ ਇਹੋ ਲੱਗਦਾ ਹੋਣਾ ਕਿ ਜੇ ਪੰਜਾਬ ਦੇ ਸ਼ਹਿਰੀ ਲੋਕ ਹਿੰਦੀ / ਅੰਗਰੇਜ਼ੀ 'ਚ ਗੱਲ ਕਰਨ ਨੂੰ ਆਪਣੀ ਸ਼ਾਨ ਸਮਝਦੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਇਸ ਤਰਾਂ ਕਰਕੇ ਸ਼ਾਇਦ ਓਹ ਜ਼ਿਆਦਾ ਪੜ੍ਹੇ ਲਿਖੇ ਨਜ਼ਰ ਆਉਂਦੇ ਨੇ। ਇਹ ਤਾਂ ਹੈ ਹੀ ਫਿਰ ਵਿਦੇਸ਼। ਕਿੰਨੀ ਹੀਣ ਭਾਵਨਾ ਦੇ ਸ਼ਿਕਾਰ ਨੇ ਅਜਿਹੇ ਲੋਕ ਜਿੰਨਾ ਨੂੰ ਆਪਣੇ ਅਸਲ ਹੋਣ 'ਚ ਸ਼ਰਮ ਆਉਂਦੀ ਹੈ।


ਪੰਜਾਬੀ ਬੋਲੀ -
ਬਗੈਰ ਪਤਵਾਰ 
ਕਿਸ਼ਤੀ ਡੋਲੀ। 

ਡਾ. ਹਰਦੀਪ ਕੌਰ ਸੰਧੂ 

ਨੋਟ: ਇਹ ਪੋਸਟ ਹੁਣ ਤੱਕ 32 ਵਾਰ ਖੋਲ੍ਹ ਕੇ ਵੇਖੀ ਗਈ। 

ਪੰਜਾਬੀ ਲੋਕਧਾਰਾ 


15 Oct 2014

ਮੋਰ ਨੱਚਣ

1.

ਚਿੱਟੇ ਬੱਦਲ 
ਰੂੰ ਦੀਆਂ ਪੰਡਾਂ ਜਿਹੇ 
ਉੱਡਦੇ ਜਾਂਦੇ। 



2.
ਮੋਰ ਨੱਚਣ 
ਸੂਹੇ ਪੰਖ ਬਿਖੇਰ 
ਪੈਲਾਂ ਪਾਵਣ। 


ਪ੍ਰੋ. ਨਿਤਨੇਮ ਸਿੰਘ 
(ਮੁਕਤਸਰ) 

ਨੋਟ: ਇਹ ਪੋਸਟ ਹੁਣ ਤੱਕ 15 ਵਾਰ ਖੋਲ੍ਹ ਕੇ ਵੇਖੀ ਗਈ। 

12 Oct 2014

ਬੋਹੜ ਤੇ ਬਜ਼ੁਰਗ (ਹਾਇਬਨ)

ਧਰਮਸ਼ਾਲਾ ਦਾ ਬੋਹੜ ਤੇ ਗੁਰਮੁੱਖ ਸਿਓਂ ਪੁਰਾਣੇ ਸਾਥੀ ਨੇ। ਦੋਨਾਂ ਨੇ ਲੰਬੀ ਉਮਰ ਇੱਕਠਿਆਂ ਲੰਘਾਈ ਹੈ। ਬੋਹੜ ਨੇ ਕਈ ਪੀੜ੍ਹੀਆਂ ਨੂੰ ਆਪਣੀ ਬੁੱਕਲ ਦੀ ਠੰਢੀ ਛਾਂ ਦੇ ਹੁਲਾਰੇ ਦਿੱਤੇ ਨੇ। ਗੁਰਮੁੱਖ ਸਿਓਂ ਜਵਾਨੀ ਵੇਲੇ ਬੋਹੜ ਥੱਲੇ ਬੈਠ ਆਪਣੇ ਸਾਥੀਆਂ ਨਾਲ ਤਾਸ਼ ਕੁੱਟਿਆ ਕਰਦਾ ਸੀ। ਅੱਜ ਬੁਢਾਪੇ ਵਿੱਚ ਪੁੱਜਿਆ ਗੁਰਮੁੱਖ ਸਿਓਂ ਘਰੋਂ ਬੇਕਦਰੀ ਹੁੰਦੀ ਵੇਖ ਆਪਣੇ ਪੁਰਾਣੇ ਸਾਥੀ ਬੋਹੜ ਦੀਆਂ ਜੜ੍ਹਾਂ 'ਤੇ ਬੈਠ ਚਾਰ ਹੂੰਝ ਸੁੱਟ ਦੁੱਖ ਵੰਡਾ ਰਿਹਾ ਸੀ।ਐਨੇ ਨੂੰ ਕੁਝ ਮਜ਼ਦੂਰ ਕੁਹਾੜੇ ਚੁੱਕੀ ਬੋਹੜ ਦਾ ਸਫ਼ਾਇਆ ਕਰਨ ਆ ਪਹੁੰਚੇ। ਅਨਿਆਂ ਹੁੰਦਾ ਵੇਖ ਕੁਦਰਤ ਦੀ ਕਰੋਪੀ ਹੋ ਗਈ। ਬਹੁਤ ਹੀ ਜ਼ੋਰਦਾਰ ਮੀਂਹ ਆ ਗਿਆ ਤੇ ਮਜ਼ਦੂਰ ਆਪਣੇ ਕੁਹਾੜੇ ਚੁੱਕ ਵਾਪਸ ਚੱਲੇ ਗਏ।
  ਗੁਰਮੁੱਖ ਸਿਓਂ ਦੇ ਸੰਗੀ -ਸਾਥੀ ਇੱਕ -ਇੱਕ ਕਰ ਕੇ ਇਸ ਦੁਨੀਆਂ 'ਚੋਂ ਤੁਰ ਗਏ। ਹੁਣ ਓਹ ਇੱਕਲਾ ਹੀ ਬੋਹੜ ਥੱਲੇ ਆ ਕੇ ਬੈਠਾ ਰਹਿੰਦਾ।ਇੱਕ ਦਿਨ ਉੱਥੇ ਬੈਠੇ ਉਸ ਨੂੰ ਲੱਗਾ ਕਿ ਜਿਵੇਂ  ਬਾਬਾ ਬੋਹੜ ਸਮਾਧੀ ਵਿੱਚ ਬੈਠਾ ਹੋਵੇ ਤੇ ਅਚਾਨਕ  ਟਹਿਣੀਆਂ ਦੇ ਹੁਲਾਰੇ ਉਦਾਸੀਨ ਹੋ ਕੇ ਬੰਦ ਹੋ ਗਏ। ਉਸ ਨੂੰ ਲੱਗਾ ਕਿ ਬੋਹੜ ਨੇ ਉਸ ਦੀਆਂ ਤਰਲ ਅੱਖਾਂ ਵੇਖ ਲਈਆਂ ਨੇ ਤੇ ਉਹ ਸਮਾਧੀ 'ਚੋਂ ਨਿਕਲ ਕੇ ਉਸ ਨਾਲ ਦੁੱਖ -ਸੁੱਖ ਵੰਡਾ ਰਿਹਾ ਹੋਵੇ, " ਯਾਰ ਜ਼ਮਾਨਾ ਗੁਜ਼ਰ ਗਿਆ ਲੋਕਾਂ ਦੀ ਸੇਵਾ 'ਚ ਲੱਗਿਆਂ।  ਇਹਨਾਂ ਨੂੰ ਵਾਤਾਵਰਨ ਦੀ ਪਰਵਾਹ ਹੀ ਕੋਈ ਨਹੀਂ। ਪਤਾ ਨਹੀਂ ਕਦੋਂ ਕੁਹਾੜੀ ਚੱਲ ਜਾਵੇ।ਬਜ਼ੁਰਗਾ ਤੂੰ ਹੀ ਕੁਝ ਕਰ।" ਅਗਲੇ ਹੀ ਪਲ   ਬਜ਼ੁਰਗ ਧਾਹੀਂ ਰੋਣ ਲੱਗਾ ਤੇ ਬੋਹੜ ਨੂੰ ਜੱਫੀ ਪਾ ਕਹਿਣ ਲੱਗਾ, " ਮਿੱਤਰਾ ਮੇਰੀ ਹੁਣ ਕੋਈ ਨਹੀਂ ਸੁਣਦਾ, ਇਹ ਲੋਕੀਂ ਤਾਂ ਤੇਰੀ ਛਾਂ ਵੇਚ ਕੇ ਅੱਗ ਖਰੀਦ ਰਹੇ ਨੇ। ਨਾਲੇ ਭਰਾਵਾ ਮੈਨੂੰ ਤਾਂ ਘਰ ਵੀ ਕੋਈ ਨਹੀਂ ਪੁੱਛਦਾ, ਮੈਂ ਤਾਂ ਤੇਰੇ ਤੋਂ ਵੀ ਵੱਧ ਹਮਦਰਦੀ ਦਾ ਪਾਤਰ ਹਾਂ।"

ਬੁੱਢਾ ਬੋਹੜ 
ਬਜ਼ੁਰਗ ਨਿਰਾਸ਼
ਦੋਵੇਂ  ਲਾਚਾਰ। 

ਪ੍ਰੋ. ਦਵਿੰਦਰ ਕੌਰ ਸਿੱਧੂ  
(ਦੌਧਰ -ਮੋਗਾ )

ਨੋਟ: ਇਹ ਪੋਸਟ ਹੁਣ ਤੱਕ 11 ਵਾਰ ਖੋਲ੍ਹ ਕੇ ਵੇਖੀ ਗਈ। 

9 Oct 2014

ਡਾਚੀ ਬੇਦੋਸ਼ੀ (ਤਾਂਕਾ)

           
1.

ਸੱਸੀ ਨੇ ਸੌਂ  ਕੇ

ਪੁਨੂੰ ਸੀ ਗੁਆਇਆ

ਡਾਚੀ ਬੇਦੋਸ਼ੀ

ਹੋਰਾਂ ਹੱਥ ਮੁਹਾਰ  


ਤੜਪੇ ਇਕਰਾਰ। 



2.

ਸੂਲਾਂ ਦੀ ਸੇਜ

ਮਾਹੀ ਸੰਗ ਲਗਦੀ

ਫੁੱਲਾਂ ਦੀ ਸੇਜ

ਜਦ ਪਏ ਵਿਛੋੜਾ

ਖ਼ੁਸ਼ਬੂ ਵੀ ਡੰਗਦੀ


ਹਰਭਜਨ ਸਿੰਘ ਖੇਮਕਰਨੀ 
(ਮੁਕਤਸਰ)

ਨੋਟ: ਇਹ ਪੋਸਟ ਹੁਣ ਤੱਕ 10 ਵਾਰ ਖੋਲ੍ਹ ਕੇ ਵੇਖੀ ਗਈ। 

5 Oct 2014

ਰਾਤ ਲੰਘਦੀ

1.
ਨੱਚੜਾ ਮੋਰ 
ਵੇਖਦਾ ਬੱਦਲਾਂ ਨੂੰ 
ਖੁਸ਼ੀ ਮਨਾਵੇ। 



2.
ਰਾਤ ਲੰਘਦੀ 
ਕਹਾਣੀ ਤੇਰੀ ਪਾਵੇ 
ਨੀਂਦ ਨਾ ਆਵੇ। 




ਚੌਧਰੀ ਅਮੀ ਚੰਦ 
(ਮੁਕਤਸਰ ) 

ਨੋਟ: ਇਹ ਪੋਸਟ ਹੁਣ ਤੱਕ 18 ਵਾਰ ਖੋਲ੍ਹ ਕੇ ਵੇਖੀ ਗਈ। 

4 Oct 2014

ਕਰਤੇ ਦਾ ਕੌਤਕ (ਸੇਦੋਕਾ)

1.
ਅਜੀਬ ਖੇਲ
ਕਰਤੇ ਦਾ ਕੌਤਕ
ਬੰਦਾ ਕਿੱਥੋਂ ਆਉਂਦਾ
ਕੱਟ ਕੇ ਪੈਂਡਾ 
ਕਿੱਥੇ ਅਲੋਪ ਹੋਵੇ
ਗੁ੍ੱਥੀ ਕੌਣ *ਬਲੋਵੇ। 

2.
ਗਾਥਾ ਨੇ ਕਈ
ਪ੍ਰਮਾਣ ਨਹੀਂ ਕੋਈ
ਪਰ ਮੰਨਦੇ ਸਾਰੇ
ਡਰਾਵੇ ਦੇਂਦੇ
ਜਾਂ ਸੁਰਗਾਂ ਦੇ ਡ੍ਰਾਮੇ
ਹਨੇਰੇ ਦੀਆਂ ਗੱਲਾਂ। 

3.
ਤਾਰੇ ਲਿਤਾੜੇ
ਸਮੁੰਦਰ ਘੰਘਾਲੇ
ਧਰਤੀ *ਮਾਰੇ ਫਾਲੇ
ਨਵੀਆਂ ਖੋਜਾਂ
ਮੌਤ  ਤੋਂ ਅੱਗੇ ਕਿੱਥੇ  
ਕਈਆਂ ਮਾਰੇ ਮੱਥੇ। 

 ਇੰਜ ਜੋਗਿੰਦਰ ਸਿੰਘ ਥਿੰਦ
 ( ਸਿਡਨੀ )
* ਬਲੋਵੇ =ਸੁਲਝਾਵੇ,   *ਮਾਰੇ ਫਾਲੇ = ਡ੍ਰਿਲਿੰਗ ਕੀਤੀ
ਨੋਟ: ਇਹ ਪੋਸਟ ਹੁਣ ਤੱਕ 11 ਵਾਰ ਖੋਲ੍ਹ ਕੇ ਵੇਖੀ ਗਈ। 



2 Oct 2014

ਚਾਨਣ ਦੀ ਕਾਤਰ

           ਗੂੜ -ਸਿਆਲੂ ਰੁੱਤ ..... ਠੁਰ -ਠੁਰ ਕਰਦੀ ਧੁੱਪ .....ਪਰ ਗੁਲਾਬੀ ਧੁੱਪ ਦੇ ਟੋਟਿਆਂ ਨੂੰ ਉਸ ਦੀ ਨਿੱਘੀ ਦੋਸਤੀ ਸੰਗ ਮਾਣਦਿਆਂ ਮੇਰਾ ਆਪਾ ਅਸੀਮ ਖੁਸ਼ੀ  ਨਾਲ ਭਰ ਜਾਂਦਾ। ਉਸ ਨਾਲ ਪਈ ਦਿਲੀ ਸਾਂਝ ਮੈਨੂੰ ਖੂਨੀ ਰਿਸ਼ਤਿਆਂ ਨਾਲੋਂ ਵੀ ਅਨਮੋਲ ਲੱਗਦੀ। ਉਹ ਅਕਸਰ ਦੁੱਧ ਰੰਗੀ ਹਾਸੀ ਹੱਸਦੀ ਮੈਨੂੰ ਧਾਹ ਕੇ ਮਿਲਦੀ। ਅੱਜ ਕਿਸੇ ਅਗੰਮੀ ਪ੍ਰਸੰਨਤਾ ਦੇ ਹੁਲਾਰੇ ਲੈਂਦਿਆਂ ਉਸ ਕਿਹਾ, "ਛੇਤੀ ਹੀ ਇੱਕ ਨਿੱਕਾ ਫਰਿਸ਼ਤਾ ਮੇਰੀ ਝੋਲ਼ੀ ਪੈਣ ਵਾਲਾ ਹੈ।" ਅਛੋਪਲੇ ਹੀ ਮੇਰਾ ਨਿੱਜੀ ਅਨੁਭਵ ਬੋਲਿਆ, "ਤੇਰਾ ਖਿੜਿਆ ਮੱਥਾ ਤੇ ਚਿਹਰੇ ਦਾ ਨੂਰ ਤੇਰੀ ਕੁੱਖ 'ਚ ਪਲਦੀ ਨੰਨ੍ਹੀ ਪਰੀ ਦੇ ਆਉਣ ਦੀ ਹਾਮੀ ਭਰਦਾ ਹੈ !" 
       ਛਣ -ਛਣ ਕਰਦਾ ਸਮਾਂ ਆਪਣੀ ਤੋਰ ਤੁਰਦਾ ਗਿਆ ਤੇ ਨਿੱਕੇ ਫਰਿਸ਼ਤੇ ਦਾ ਮਾਂ ਦੀ ਕੁੱਖ ਦਾ ਗੁਲਾਬੀ ਸਫ਼ਰ ਹੁਣ ਆਪਣੀਆਂ ਅੰਤਮ ਛੋਹਾਂ 'ਤੇ ਹੈ। ਕੋਸੀ -ਕੋਸੀ ਫੱਗਣੀ ਧੁੱਪ 'ਚ ਅੱਜ ਫੇਰ ਸਾਡੀ ਮੁਲਾਕਾਤ ਹੋਈ। ਕੁਝ ਮਹੀਨੇ ਪਹਿਲਾਂ ਕਿਆਸੇ ਅਨੁਮਾਨ 'ਤੇ ਉਸ ਪੱਕੀ ਮੋਹਰ ਲਾਉਂਦਿਆਂ ਕਿਹਾ, " ਸੱਚੀ .....ਹਾਂ ਸੱਚੀ ਹੀ..... ਇੱਕ ਨਿੱਕੜੀ ਪਰੀ ਸਾਡੇ ਘਰ ਆਉਣ ਵਾਲੀ ਹੈ !" ਨਵੀਂ ਟੈਕਨਾਲੋਜੀ ਦੇ ਜ਼ਮਾਨੇ 'ਚ ਹੁਣ ਹਰ ਗੱਲ ਦੀ ਜਾਣਕਾਰੀ ਅਗਾਉਂ ਹੀ ਹੋ ਜਾਂਦੀ ਹੈ। 
       ਅੱਜ ਇਓਂ ਲੱਗਾ ਜਿਵੇਂ ਉਸ ਦੇ ਮਨ ਦੇ ਮੌਸਮਾਂ 'ਚ ਫੁੱਲਾਂ ਜਿਹੀ ਰਸ ਭਿੰਨੀ ਮਹਿਕ ਬਿਖਰ ਗਈ ਹੋਵੇ। ਬਹਾਰਾਂ ਵਾਂਗ ਖਿੜੀ ਉਸ ਡਾਢੇ ਲੋਰ 'ਚ ਆਉਂਦਿਆਂ ਬੜੇ ਹੀ ਚਾਅ ਨਾਲ ਆਪਣੀ ਸੋਹਣੀ ਪਰੀ ਦੇ ਸੁਆਗਤ ਲਈ ਕੀਤੀ ਅਗਾਉਂ ਤਿਆਰੀ ਨੂੰ ਮੇਰੇ ਮੂਹਰੇ ਲਿਆ ਬਿਖੇਰਿਆ। ਕਿਧਰੇ ਆਪੂੰ ਖਰੀਦੇ ਨਿੱਕੇ -ਨਿੱਕੇ ਗੁਲਾਬੀ ਫਰਾਕ ਤੇ ਮੌਜੇ ਤੇ ਕਿਧਰੇ ਸੱਤ -ਸਮੁੰਦਰ ਪਾਰੋਂ ਊਨੀ ਧਾਗਿਆਂ 'ਚ ਉਣ ਕੇ ਘੱਲੇ ਦਾਦੀ ਤੇ ਨਾਨੀ ਦੇ ਰਲਵੇਂ ਮੋਹ -ਮਲਾਰ।  ਆਪਣੇ ਪਤੀ ਵੱਲੋਂ ਲਿਆਂਦੀ ਨਿੱਕੀ ਜਿਹੀ ਗੁਲਾਬੀ ਗੁੱਡੀ ਜਦੋਂ ਉਸ ਵਿਖਾਈ ਤਾਂ ਇਓਂ ਲੱਗਾ ਜਿਵੇਂ ਸੱਚੀ ਹੀ ਦੁੱਧੀਆ ਹਾਸੀ ਨੇ ਵਿਹੜਾ ਭਰ ਦਿੱਤਾ ਹੋਵੇ। ਸ਼ਾਇਦ ਉਹ ਇਸ ਗੁੱਡੀ ਨੂੰ ਵੇਖ ਕੇ ਆਪਣੀ ਲਾਡੋ ਦਾ ਚਿਹਰਾ ਨਿੱਤ ਚਿਤਵਦਾ ਹੈ। 
        ............... ਆਉਣ ਵਾਲੀ ਚਾਨਣ ਦੀ ਕਾਤਰ ਵਰਗੀ ਪਰੀ ਨੂੰ ਮਨ ਹੀ ਮਨ ਅੱਜ ਭਾਗਭਰੀ ਕਹਿਣ ਨੂੰ ਮੇਰਾ ਜੀਅ ਕਰ ਆਇਆ। 

ਖੁੱਲੀ ਖਿੜਕੀ 
ਚਾਨਣ ਦੀ ਕਾਤਰ 
ਤੱਕਾਂ ਵਿਹੜੇ। 

ਡਾ. ਹਰਦੀਪ ਕੌਰ ਸੰਧੂ 
(ਬਰਨਾਲਾ -ਸਿਡਨੀ )

ਨੋਟ: ਇਹ ਪੋਸਟ ਹੁਣ ਤੱਕ 37 ਵਾਰ ਖੋਲ੍ਹ ਕੇ ਵੇਖੀ ਗਈ। 

1 Oct 2014

ਧੁੱਪੇ ਨਿਆਣਾ

1.

ਮੈਲੇ ਕੱਪੜੇ
ਰੋੜੀ ਕੁੱਟੇ ਰਾਹ 'ਤੇ
ਧੁੱਪੇ  ਨਿਆਣਾ।





2.
ਦਿਹਾੜੀਦਾਰ 
ਉਸਾਰੇ ਇਮਾਰਤਾਂ
ਮਿਲੀ ਨਾ ਛੱਤ।



ਜਗਦੀਸ਼ ਰਾਏ ਕੁਲਰੀਆਂ
ਬਰੇਟਾ (ਮਾਨਸਾ)।

ਨੋਟ: ਇਹ ਪੋਸਟ ਹੁਣ ਤੱਕ 29 ਵਾਰ ਖੋਲ੍ਹ ਕੇ ਵੇਖੀ ਗਈ।