ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 May 2014

ਪੱਛੋਂ ਦਾ ਬੁੱਲਾ (ਹਾਇਬਨ)

'ਆਜ਼ਾਦੀ' ਸ਼ਬਦ ਛੋਟੀ ਉਮਰੇ ਹੀ ਮੇਰੇ ਜ਼ਿਹਨ 'ਚ ਘਰ ਕਰ ਗਿਆ ਸੀ ਜਦੋਂ ਸਰਾਭੇ ਤੇ ਭਗਤ ਸਿੰਘ ਬਾਰੇ ਨਜ਼ਮਾਂ ਪੜ੍ਹਦੇ ਤੇ ਉਹਨਾਂ ਨੂੰ ਸੱਜਦਾ ਕਰਦੇ ਥੱਕਦੇ ਨਹੀਂ ਸੀ। ਬੜਾ ਕੁਝ ਸੁਣਦੇ ਰਹੇ ਕਿ ਆਜ਼ਾਦੀ ਬੜੇ ਮਹਿੰਗੇ ਭਾਅ ਖ੍ਰੀਦੀ ਹੈ। ਅਨੇਕਾਂ ਜਾਨਾਂ ਦੀਆਂ ਅਹੂਤੀਆਂ ਦੇ ਕੇ ਦੇਸ਼ ਆਜ਼ਾਦ ਕਰਵਾਇਆ ਹੈ। 

15 ਅਗਸਤ ਨੂੰ ਦੇਸ਼ ਆਜ਼ਾਦ ਤਾਂ ਹੋ ਗਿਆ ਪਰ ਆਜ਼ਾਦੀ ਦਾ ਇਹ ਅਹਿਸਾਸ ਹੋਣ ਤੋਂ ਪਹਿਲਾਂ ਹੀ ਫਿਰਕੁਪੁਣੇ ਦੀ  ਅੱਗ 'ਚ ਕੁੱਲ  ਪੰਜਾਬ ਆ ਗਿਆ ਤੇ ਪੰਜਾਬੀ ਮਾਂ ਭੂਮੀ ਵੰਡੀ ਗਈ । ਮੇਰੀ ਸਰ-ਜ਼ਮੀਨ ਜਦੋਂ ਪਾਈ ਤਾਂ ਅਸੀਂ ਲੁੱਟੇ ਗਏ ।ਮਾਂ ਦੇ ਟੋਟੇ ਕਰ , ਆਪਣੀ ਝੱਗੀ ਫੂਕ ਲੋਕਾਂ ਨੂੰ ਤਮਾਸ਼ਾ ਦਿਖਾਇਆ ।ਇਸ ਵਹਿਸ਼ੀਪੁਣੇ 'ਚ ਫਿਰਕੂਪੁਣੇ ਦੀ ਜ਼ਹਿਰ ਨੇ ਖੂਨ ਦੀ ਹੋਲੀ ਖੇਡੀ ।

 ਪਾਪਾ ਜੀ ਦੇ ਦੱਸਣ ਮੁਤਾਬਿਕ 3 ਅਗਸਤ 1947 ਦੀ ਸਵੇਰ ਕਹਿਰ ਦੀ ਬਰਬਾਦੀ ਲੈ ਕੇ ਆਈ। ਪਾਪਾ ਜੀ ਵਰਗੇ ਲੋਕ ਜਿਨ੍ਹਾਂ ਸਭ ਅੱਖੀਂ ਵੇਖਿਆ ਤੇ ਤਨ ਮਨ 'ਤੇ ਝੱਲਿਆ। ਗੱਡੀ ਵਿੱਚ ਲਾਸ਼ਾਂ ਨਾਲ਼ ਲਾਸ਼ ਬਣ ਕੇ ਇਧਰਲੇ ਪੰਜਾਬ ਬਹੁੜੇ, ਸਭ ਕੁਝ ਯਾਦ ਕਰਕੇ ਅੱਜ ਵੀ ਅੱਖਾਂ ਵਿੱਚੋਂ ਅੱਥਰੂ ਟਪਕਦੇ ਨੇ.....ਹੌਲ ਪੈਂਦੇ ਨੇ । ਜ਼ਖਮ ਇੰਨੇ ਗਹਿਰੇ ਨੇ ਕਿ ਚਸਕ ਪੈਂਦੀ ਹੈ।ਪਰ ਸਾਂਦਲ ਬਾਰ ਤੋਂ ਆਏ ਇਨ੍ਹਾਂ ਲੋਕਾਂ ਨੂੰ ਰੱਬ ਨੇ ਬਹੁਤ ਵੱਡਾ ਸਬਰ ਬਖਸ਼ਿਆ ਹੋਇਆ ਹੈ ।ਹੌਲ ਪੈਂਦੇ ਨੇ ਤਾਂ ਸਬਰ-ਸਿਦਕ ਨਾਲ਼ ਜਰਦੇ ਰਹੇ ਨੇ। ਵਤਨ ਛੱਡਣ ਦਾ ਉਦਰੇਵਾਂ ਉਨ੍ਹਾਂ ਦੀ ਹਰ ਗੱਲ 'ਚੋਂ ਚਸਕਦਾ ਹੈ।

ਪੱਛੋਂ ਦਾ ਬੁੱਲਾ
ਓਧਰੋਂ ਖੂਸ਼ਬੂ ਲੈ
ਟੱਪਿਆ ਹੱਦਾਂ। 



ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਧਰ) 

ਨੋਟ: ਇਹ ਪੋਸਟ ਹੁਣ ਤੱਕ 39 ਵਾਰ ਵੇਖੀ ਗਈ। 

28 May 2014

ਪੂਰਨਮਾਸ਼ੀ

1.
ਸੱਜਿਆ ਚੰਨ
ਮੱਥੇ ਜੜ ਸਿਤਾਰੇ

ਪੂਰਨਮਾਸ਼ੀ। 

2.

ਰਾਤ ਮੱਸਿਆ
ਕੋਠੇ ਚੜ੍ਹਿਆ ਚੰਨ
ਮਨਮੋਹਣਾ । 

                           
ਬਾਜਵਾ ਸੁਖਵਿੰਦਰ
ਪਿੰਡ- ਮਹਿਮਦ ਪੁਰ

ਜਿਲ੍ਹਾ- ਪਟਿਆਲਾ

ਨੋਟ: ਇਹ ਪੋਸਟ ਹੁਣ ਤੱਕ 18 ਵਾਰ ਵੇਖੀ ਗਈ। 

25 May 2014

ਸੂਹਾ ਗੁਲਾਬ (ਹਾਇਬਨ)

ਅੱਜ ਇੱਕ ਨਵੀਂ ਸ਼ੈਲੀ 'ਹਾਇਬਨ' ਪੇਸ਼ ਕੀਤੀ ਜਾ ਰਹੀ ਹੈ ਜੋ ਵਾਰਤਕ ਤੇ ਹਾਇਕੁ ਦਾ ਸੁਮੇਲ ਹੈ। ਹਾਇਕੁ ਸੋਸਾਇਟੀ ਆਫ ਅਮਰੀਕਾ ਅਨੁਸਾਰ ,"ਹਾਇਬਨ ਇੱਕ ਸਪਸ਼ਟ, ਹਾਇਕਾਈ ਸ਼ੈਲੀ ਵਿੱਚ ਲਿਖੀ ਹੋਈ ਸੰਖਿਪਤ ਵਾਰਤਕ ਕਵਿਤਾ ਹੁੰਦੀ ਹੈ ਜਿਸ ਵਿਚ ਹਲਕਾ ਹਾਸਰਸ ਅਤੇ ਸੰਜੀਦਗੀ ਦੋਵੇਂ ਅੰਸ਼ ਹੁੰਦੇ ਹਨ। ਹਾਇਬਨ ਦੀ ਸਮਾਪਤੀ ਆਮ ਕਰਕੇ ਇਕ ਹਾਇਕੁ ਨਾਲ ਹੁੰਦੀ ਹੈ। ਇਸ ਵਿੱਚ 100 ਤੋਂ ਲੈ ਕੇ 200 ਜਾਂ 300 ਤੱਕ ਸ਼ਬਦ ਹੋ ਸਕਦੇ ਹਨ। ਆਸ ਕਰਦੀ ਹਾਂ ਪਾਠਕਾਂ ਨੂੰ ਇਹ ਵਿਧਾ ਪਸੰਦ ਆਵੇਗੀ। 

            ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ- "ਚਿਲਡਰਨ ਵਿੱਦ ਸਪੈਸ਼ਲ ਨੀਡਜ਼"- .........ਅੰਦਰ ਵੜਦਿਆਂ ਹੀ ਜਿਵੇਂ ਮੇਰੀ ਸੋਚ ਰੁੱਕ ਗਈ ਸੀ.........ਮੈਂ ਤਾਂ ਜਿਵੇਂ ਸੁੰਨ ਜਿਹੀ ਹੋ ਗਈ ਸੀ। 
             ਅੱਧੀ ਛੁੱਟੀ ਦਾ ਸਮਾਂ ਸੀ। ਬੱਚੇ ਸਕੂਲ ਦੇ ਬਣੇ ਵੱਖੋ-ਵੱਖਰੇ ਭਾਗਾਂ 'ਚ ਖੇਲ ਰਹੇ ਸਨ ਜੋ ਵੱਡੀਆਂ-ਵੱਡੀਆਂ ਗਰਿਲਾਂ ਲਾ ਕੇ ਬਣਾਏ ਹੋਏ ਸਨ। ਇੱਕ ਭਾਗ 'ਚ ਕੁਝ ਬੱਚੇ ਵੀਹਲ ਚੇਅਰ 'ਤੇ ਬੈਠੇ ਇੱਧਰ-ਉਧਰ ਤੱਕ ਰਹੇ ਸਨ।  ਦੂਜੇ ਭਾਗਾਂ 'ਚ ਕੋਈ ਬੱਚਾ ਉੱਚੀ-ਉੱਚੀ ਚੀਕਾਂ ਮਾਰ ਰਿਹਾ ਸੀ, ਕੋਈ ਕੰਧ ਵੱਲ ਮੂੰਹ ਕਰਕੇ ਟੱਪੀ ਜਾ ਰਿਹਾ ਸੀ, ਕੋਈ ਬੇਹਤਾਸ਼ਾ ਭੱਜੀ ਜਾ ਰਿਹਾ ਸੀ ਤੇ ਕੋਈ ਐਵੇਂ ਹੱਥ ਮਾਰ-ਮਾਰ ਬਿਨਾਂ ਸ਼ਬਦਾਂ ਤੋਂ ਹੀ ਆਪਣੇ-ਆਪ ਨਾਲ਼ ਗੱਲਾਂ ਕਰੀ ਜਾ ਰਿਹਾ ਸੀ। ਇੱਕ ਬੱਚੇ ਨੇ ਮੇਰਾ ਹੱਥ ਫ਼ੜ੍ਹ ਲਿਆ ਤੇ ਮੈਨੂੰ ਆਪਣੇ ਵੱਲ ਖਿੱਚਣ ਲੱਗਾ ਜਿਵੇਂ ਉਹ ਮੈਨੂੰ ਕੁਝ ਦੱਸਣਾ ਚਾਹੁੰਦਾ ਹੋਵੇ।
          ਮੈਨੂੰ ਭਮੱਤਰੀ ਜਿਹੀ ਖੜ੍ਹੀ ਵੇਖ ਕੇ ਸਕੂਲ ਦਾ ਇੱਕ ਕਰਮਚਾਰੀ ਕਹਿਣ ਲੱਗਾ, " ਇਹ ਬੱਚੇ ਬੋਲ ਨਹੀਂ ਸਕਦੇ।  ਆਪਣੇ ਹਾਵ-ਭਾਵ ਚੀਕਾਂ ਮਾਰ ਕੇ ਜਾਂ ਤੁਹਾਡਾ ਹੱਥ ਫੜ੍ਹ ਕੇ ਪ੍ਰਗਟਾਉਂਦੇ ਨੇ। ਕੁਝ ਬੱਚੇ ਮੂੰਹ ਰਾਹੀਂ ਖਾ ਵੀ ਨਹੀਂ ਸਕਦੇ। ਉਹਨਾਂ ਦੇ ਪੇਟ 'ਚ ਸਿੱਧੇ ਟਿਊਬ ਨਾਲ਼ ਭੋਜਨ ਪਾਇਆ ਜਾਂਦਾ ਹੈ। ਬਹੁਤੇ ਬੱਚਿਆਂ ਨੂੰ ਟੱਟੀ-ਪਿਸ਼ਾਬ ਦਾ ਵੀ ਪਤਾ ਨਹੀਂ ਲੱਗਦਾ।ਇਸ ਸਕੂਲ 'ਚ ਇਹਨਾਂ ਦਿਮਾਗੀ ਤੇ ਸਰੀਰਕ ਤੌਰ 'ਤੇ ਅਪਾਹਜ ਬੱਚਿਆਂ ਨੂੰ ਆਪਣਾ -ਆਪ ਸੰਭਾਲਣ ਦੀ ਹੀ ਟਰੇਨਿੰਗ ਦਿੱਤੀ ਜਾਂਦੀ ਹੈ।"                  
        ਸੁਣ ਕੇ ਮੇਰੀਆਂ ਅੱਖਾਂ ਦੇ ਅੱਥਰੂ ਮੱਲੋ -ਮੱਲੀ ਧਰਤੀ ਦੀ ਹਿੱਕ 'ਤੇ ਕਿਰ ਗਏ । ਮੈਂ ਸੋਚਣ ਲੱਗੀ ਕਿ ਜਦੋਂ ਕਿਸੇ ਦੇ ਘਰ ਬੱਚੇ ਦਾ ਜਨਮ ਹੋਣ ਵਾਲ਼ਾ ਹੁੰਦਾ ਹੈ ਤਾਂ ਹਰ ਦਾਦੀ ਨੂੰ ਸਿਰਫ਼ ਪੋਤੇ ਦੀ ਹੀ ਉਡੀਕ ਹੁੰਦੀ ਹੈ। ਉਸ ਇਹ ਕਦੇ ਦੁਆ ਨਹੀਂ ਕੀਤੀ ਹੋਣੀ ਕਿ ਰੱਬਾ ਹੋਣ ਵਾਲ਼ਾ ਬੱਚਾ ਤੰਦਰੁਸਤ ਦੇਵੀਂ ! ਮੇਰੀ ਸੋਚ ਅਪਾਹਜ ਬੱਚਿਆਂ ਅਤੇ ਇਹਨਾਂ ਦੇ ਮਾਪਿਆਂ ਤੇ ਆ ਅਟਕ ਗਈ .......

ਚੜ੍ਹਦੀ ਲਾਲੀ-
ਪੱਤੀ-ਪੱਤੀ ਖਿੰਡਿਆ
ਸੂਹਾ ਗੁਲਾਬ। 

ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 60 ਵਾਰ ਵੇਖੀ ਗਈ। 




23 May 2014

ਚੁੱਪ-ਚੁਪੀਤੀ

1.
ਇੱਕ ਮੰਗਤੀ 
ਗਲ਼ ਪਾਟੀਆਂ ਲੀਰਾਂ
ਮੰਗਦੀ ਰੋਟੀ।

2.
ਚੁੱਪ-ਚੁਪੀਤੀ
ਕੁੜੀ ਜ਼ਹਿਰ ਪੀਤੀ
ਦਾਜ ਕੁਰੀਤੀ।

ਜਰਨੈਲ ਸਿੰਘ ਭੁੱਲਰ
(ਮੁਕਤਸਰ)

21 May 2014

ਇੱਕ ਬੱਦਲੀ (ਤਾਂਕਾ)

1.
ਦੇਖੋ ਕਣਕਾਂ
ਝੂੰਮਣ ਮੁਟਿਆਰਾਂ
ਸੋਨੇ ਰੰਗੀਆਂ
ਸਿਰਾਂ ਉੱਤੇ ਬੱਲੀਆਂ
ਜ਼ੁਲਫਾਂ ਨੇ ਗੁੰਦੀਆਂ । 

2.

ਮੀਂਹ ਪੈ ਰਿਹਾ
ਕਿਤੇ ਧੁੱਪ ਨਿਕਲੀ
ਕਿਤੇ ਬੱਦਲ
ਗਿੱਦੜ-ਗਿੱਦੜੀ ਦਾ
ਜਿਵੇਂ ਵਿਆਹ ਹੁੰਦਾ । 

3.
ਇੱਕ ਬੱਦਲੀ
ਰੂਹ ਤੇ ਵਰ੍ਹ ਗਈ
ਕੀ ਕਰ ਗਈ
ਥਲ ਵਿਚ ਮੱਚਦੀ
ਜ਼ਿੰਦ ਜੋ ਠਰ ਗਈ ।

ਕਸ਼ਮੀਰੀ  ਲਾਲ ਚਾਵਲਾ

18 May 2014

ਨਿਸ਼ਾਨੀ ਮੀਂਹ

ਅੱਜ ਸਾਡੇ ਨਾਲ਼ ਇੱਕ ਹੋਰ ਨਵਾਂ ਨਾਂ ਆ ਜੁੜਿਆ ਹੈ- ਚੌਧਰੀ ਅਮੀ ਚੰਦ ਰਿਟਾਇਰਡ ਵਧੀਕ ਜ਼ਿਲ੍ਹਾ ਸਿੱਖਿਆ ਅਫ਼ਸਰ ।  ਆਪ ਤਿਲਕ ਨਗਰ, ਸ੍ਰੀ ਮੁਕਤਸਰ ਸਾਹਿਬ ਦੇ ਨਿਵਾਸੀ ਹਨ ਤੇ ਕਈ ਸਮਾਜਿਕ ਸੰਸਥਾਵਾਂ ਦੇ ਸਰਗਰਮ ਕਾਰਕੁੰਨ ਹਨ।  ਚੌਧਰੀ ਜੀ ਦਾ ਰੁਝੇਵਾਂ ਧਾਮਿਕ ਪੁਸਤਕਾਂ ਵੱਲ ਹੈ ਅਤੇ ਆਪ ਦੋ ਧਾਰਮਿਕ ਪੁਸਤਕਾਂ ਦੇ ਰਚੇਤਾ ਵੀ ਹਨ। ਆਪ ਨੇ ਕਈ ਪ੍ਰਬੰਧਕੀ ਅਹੁਦਿਆਂ ਤੇ ਸਮਾਜਿਕ ਰੁਤਬਿਆਂ ਵਾਲੀਆਂ ਜੱਥੇਬੰਦੀਆਂ ਨਾਲ਼ ਕੰਮ ਕੀਤਾ ਹੈ,ਜਿੰਨਾਂ ਰਾਹੀਂ ਆਪ ਨੂੰ ਕਾਫ਼ੀ ਤਜ਼ਰਬਾ ਹੈ । ਆਪ ਨੇ ਹੁਣ ਹਾਇਕੁ ਲੇਖਣ ਵੱਲ ਵੀ ਤਵਜੋਂ ਦਿੱਤੀ ਹੈ ਤੇ ਬਹੁਤ ਜਲਦ ਆਪ ਦੀ 'ਹਾਇਕੁ-ਸਵੇਰਾ' ਪੁਸਤਕ ਆ ਰਹੀ ਹੈ। ਅੱਜ ਆਪ ਨੇ ਆਪਣੇ ਹਾਇਕੁ ਭੇਜ ਕੇ ਹਾਇਕੁ-ਲੋਕ ਨਾਲ਼ ਸਾਂਝ ਪਾਈ ਹੈ।  ਮੈਂ ਹਾਇਕੁ-ਲੋਕ ਪਰਿਵਾਰ ਵੱਲੋਂ ਆਪ ਦਾ ਤਹਿ ਦਿਲੋਂ ਸੁਆਗਤ ਕਰਦੀ ਹਾਂ। 

1.
ਬੱਦਲ਼ ਗੱਜੇ
ਬਿਜਲੀ ਲਿਸ਼ਕਾਵੇ
ਨਿਸ਼ਾਨੀ ਮੀਂਹ । 

2.
ਵੱਗੇ ਦਰਿਆ
ਨਦੀਆਂ ਨਾਲ਼ੇ ਖਾਲ਼
ਮੀਂਹ ਮਗਰੋਂ । 


ਚੌਧਰੀ ਅਮੀ ਚੰਦ
(ਮੁਕਤਸਰ) 

15 May 2014

ਜ਼ਿੰਦਗੀ ਤੇ ਮੌਤ

1.
ਜ਼ਿੰਦਗੀਨਾਮਾ 
ਪਾਣੀ ਦਾ ਬੁੱਲਬਲਾ
ਜਾਂ ਫਿਰ ਵਾਵਰੋਲਾ 
ਬੁੱਲਬੁਲਿਆ
ਪਾਣੀ 'ਚੋਂ ਉਪਜਿਆ 
ਪਾਣੀ 'ਚ ਸਮਾਇਆ । 

2.
ਅੱਜ ਤੀਕ ਨਾ
ਹੋਂਦ ਅਣਹੋਂਦ ਦਾ
ਕਿਸੇ ਭੇਦ ਪਾਇਆ
ਬੱਦਲ ਵਰ੍ਹੇ
ਦਰਿਆਵਾਂ ਉੱਤੇ ਜੋ
ਓਹੀ ਮਿਲੇ ਸਾਗਰਾਂ । 

ਬਾਜਵਾ ਸੁਖਵਿੰਦਰ
(ਪਟਿਆਲ਼ਾ)

ਨੋਟ: ਇਹ ਪੋਸਟ ਹੁਣ ਤੱਕ 48 ਵੇਖੀ ਗਈ। 

14 May 2014

ਇੱਕ ਵਿਹੜਾ

1.
ਵਿਹੜਾ ਸੁੰਨਾ
ਦਰੇਕ  ਛਾਵੇਂ  ਮੰਜੀ
ਤਿੰਨ ਹੀ ਪਾਵੇ ।



2.
ਕੱਚੀਆਂ ਕੰਧਾਂ 
ਤਰੇੜਾਂ ਹੀ ਤਰੇੜਾਂ 
ਬੂਹੇ  ਸਿਉਂਕ । 



3.
ਕਾਂ  ਤਿਹਾਇਆ 
ਨਲਕੇ 'ਤੇ ਬੈਠਿਆ 
ਨਲਕਾ ਸੁੱਕਾ । 

ਦਿਲਜੋਧ ਸਿੰਘ  

(ਨਵੀਂ ਦਿੱਲੀ-ਬਟਾਲ਼ਾ)
ਨੋਟ: ਇਹ ਪੋਸਟ ਹੁਣ ਤੱਕ 46 ਵੇਖੀ ਗਈ। 

13 May 2014

ਮਾਂ (ਸੇਦੋਕਾ)

 1.


ਮਾਂ ਪਿਆਰੀ ਮਾਂ
ਅੱਜ ਸੁਰਗਾਂ ਚੋਂ ਆ
ਗੋਦੀ ਲੈ ਲੋਰੀਆਂ ਗਾ
ਚਾਰ ਚੁਫੇਰੇ
ਲੱਗੀ ਅੱਗ ਹੀ ਅੱਗ
ਮਾਰ-ਧਾੜਵੀ ਸਭ । 
 


2.

ਲੈ ਜਾ ਮੈਨੂੰ ਆ
ਤਾਰਿਆਂ ਤੋਂ ਹੀ ਪਰੇ
ਜਿੱਥੇ ਲੋਕ ਨੇ ਖਰੇ
ਕਰ ਉਪਾਅ
ਸੱਚ ਦੀ ਸੋਚ ਚਲਾ
ਮਾਂ,ਅੱਜ ਯਾਦ ਕਰਾਂ।

      ਇੰਜ ਜੋਗਿੰਦਰ ਸਿੰਘ ਥਿੰਦ
            (ਅੰਮ੍ਰਿਤਸਰ---ਸਿਡਨੀ) 

11 May 2014

ਮਾਂ ਦੀ ਪਹੁੰਚ (ਚੋਕਾ) - ਮਾਂ ਦਿਵਸ 'ਤੇ ਵਿਸ਼ੇਸ਼

ਮਾਂ ਨੂੰ ਆਪਣੇ ਦਿਲ ਦੇ ਅਹਿਸਾਸ ਦੱਸਣ ਲਈ ਮੈਨੂੰ ਕਦੇ ਸ਼ਬਦਾਂ ਦੀ ਲੋੜ ਨਹੀਂ ਪਈ। ਕਿਉਂਕਿ..............

ਜਦੋਂ ਕਦੇ ਵੀ
ਮੇਰਾ ਦੁੱਖ-ਦਰਦ
ਮੇਰੀ ਆਪਣੀ
ਸ਼ਬਦ ਪਕੜ ਤੋਂ
ਪਰ੍ਹੇ ਹੋਇਆ
ਓਦੋਂ-ਓਦੋਂ ਮੇਰੀ ਮਾਂ
ਮਲਕ ਜਿਹੇ
ਕੋਲ਼ ਆ ਖੜ੍ਹੋਂਦੀ ਏ
ਤੇ ਹੌਲ਼ੇ ਜਿਹੇ
ਥੱਪ-ਥਪਾਉਂਦੀ ਏ
ਮੇਰੀ ਪਿੱਠ ਨੂੰ
ਪਤਾ ਨਹੀਂ ਕਿਵੇਂ ਮਾਂ
ਜਾਣ ਲੈਂਦੀ ਏ
ਅਣਕਿਹਾ ਦਰਦ 
ਸੱਚ ਹੀ ਤਾਂ ਹੈ
ਕੋਈ ਨਹੀਂ ਜਾਣਦਾ
ਮਾਂ ਦੀ ਪਹੁੰਚ
ਅੱਖਰਾਂ ਤੋਂ ਉਤਾਂਹ
ਸ਼ਬਦਾਂ ਤੋਂ ਪਰ੍ਹੇ ਹੈ !

ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 30 ਵੇਖੀ ਗਈ। 

8 May 2014

ਪੂਨਮ ਰਾਤ

1.

ਮਹਿਕੀ ਹਵਾ
ਨਿੱਸਰੀ ਬਾਸਮਤੀ
ਆਸਾਂ ਜੁਆਨ। 


2.
ਪੂਨਮ ਰਾਤ
ਦੁੱਧ ਛਿੱਟੇ ਵੱਜਦੇ
ਗੋਰੇ ਮੁੱਖ 'ਤੇ । 


ਪ੍ਰੋ. ਦਾਤਾਰ ਸਿੰਘ 
(ਮੁਕਤਸਰ) 

6 May 2014

ਲਿਖ ਕੇ ਦਾਵਾ (ਤਾਂਕਾ )

1.
ਕੱਚੀ ਪੈਂਸਲ
ਸੀ ਪੂਰਨਿਆਂ ਲਈ
ਲਿਖ ਕੇ ਦਾਵਾ
ਬੇਫਿਕਰ ਸੌਂ ਗਿਆ
ਬੱਚੇ ਕੋਰੇ ਰਹਿਗੇ। 
 

2.
ਵਿਸ਼ਵਾਸ ਨੇ
ਚਾਹੇ ਕੀਤਾ ਹੈ ਅੰਨ੍ਹਾ
ਵਿਸ਼ਵਾਸ ਨੇ
ਮਰਨ ਨਹੀਂ ਦਿੱਤਾ
ਨਾ ਜੀਣ ਹੀ ਲਾਇਆ। 
 
ਡਾ. ਸ਼ਿਆਮ ਸੁੰਦਰ ਦੀਪਤੀ 
(ਅੰਮ੍ਰਿਤਸਰ)

4 May 2014

ਖੂਨ ਦਾ ਇਕੋ ਰੰਗ (ਸੇਦੋਕਾ)

1.
ਚੜ੍ਹੀ ਪਤੰਗ
ਕਿਸੇ ਹੱਥ ਹੈ ਡੋਰ
ਹਵਾ ਅੱਗੇ ਕੀ ਜੋਰ
ਹੰਕਾਰੀ ਡੁੱਬਾ 
ਕਰਦਾ ਮੇਰੀ ਮੇਰੀ
ਕੀ ਹੈ ਵੁਕਤ ਤੇਰੀ | 

2.

ਚਿਹਰੇ ਵੱਖ
ਰੱਬ ਨੇ ਲਿਖੇ ਲੇਖ
ਬਣਾਏ ਆਪੇ ਭੇਖ
ਬੰਦੇ ਦੇ ਕਾਰੇ
ਖੂਨ ਦਾ ਇਕੋ ਰੰਗ
ਫਿਰ ਕਿਉਂ ਏ ਜੰਗ |

ਇੰ:ਜੋਗਿੰਦਰ ਸਿੰਘ  ਥਿੰਦ
(ਸਿਡਨੀ) 

1 May 2014

ਮਜ਼ਦੂਰ ਦਿਵਸ

ਅੱਜ ਸਮੁੱਚੇ ਵਿਸ਼ਵ 'ਚ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ, ਓਹ ਮਜ਼ਦੂਰ ਜਿਹੜਾ ਅਮੀਰਾਂ ਦੇ ਮਹਿਲ ਤਾਂ ੳੁਸਾਰ ਦਿੰਦਾ ਹੈ ਪਰ ਆਪ ਉਹ ਕੱਚੇ ਢਾਰੇ ਤੱਕ ਸੀਮਤ ਰਹਿ ਜਾਂਦਾ ਹੈ। ਦੁਨੀਆਂ ਭਰ ਦੇ ਕਿਰਤੀ ਲੋਕਾਂ ਨੂੰ ਸਲਾਮ ਕਰਦਾ ਹੈ ਅੱਜ ਹਾਇਕੁ-ਲੋਕ !

1.
ਮੱਘਦੀ ਧੁੱਪ
ਚੱਲਦੀ ਜ਼ੋਰੋ-ਜ਼ੋਰੀ
ਕਾਮੇ ਦੀ ਦਾਤੀ। 

2.
ਢਲਦੀ ਸ਼ਾਮ
ਪਿੰਡੇ ਤੋਂ ਮਿੱਟੀ ਝਾੜੇ
ਥੱਕਿਆ ਕਾਮਾ। 

ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ-ਸਿਡਨੀ)