ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

26 Jul 2014

ਸਫਰ (ਹਾਇਬਨ)


            ਮੈਂ ਜਹਾਜ਼ 'ਚ ਆਪਣੀ ਸੀਟ 'ਤੇ ਬੈਠ ਗਿਆ।  ਮੈਂ ਇਸ ਵਾਰ ਇੱਕਲਾ ਹੀ ਜਾ ਰਿਹਾ ਸੀ । ਮਨ ਬੜਾ ਉਦਾਸ ਅਤੇ ਅੱਖਾਂ 'ਚ ਪਾਣੀ ਸੀ , ਪਹਿਲੀ ਵਾਰੀ ਇੱਕਲਾ ਜਾ ਰਿਹਾ ਸੀ ਪਤਨੀ ਤੋਂ ਬਿਨਾ, ਜਿਸ  ਨੂੰ ਕੈਂਸਰ ਨਿਘਲ  ਗਿਆ ਸੀ।   ਏਅਰਪੋਰਟ ਆਉਣ ਲਈ ਘਰ ਦੇ  ਦਰਵਾਜ਼ੇ ਨੂੰ ਜੰਦਰਾ ਲਾਉਂਦਿਆਂ ਲੱਗਿਆ ਕਿ  ਪਤਨੀ ਨੂੰ ਅੰਦਰ ਹੀ ਬੰਦ ਕਰ ਕੇ...... ਘਰ ਦਾ ਗਲਾ  ਘੁੱਟ ਕੇ ਜਾ ਰਿਹਾ ਹਾਂ  । ਉਚਾਟ ਮਨ ਨੂੰ ਘੁੱਟ ਕੇ  ਸੀਟ 'ਤੇ ਬੈਠ ਗਿਆ ਅਤੇ ਜਹਾਜ਼ ਲੰਮੀ ਉਡਾਣ ਲਈ ਅਮਰੀਕਾ ਵੱਲ ਉੱਡ ਪਿਆ । 
   ਏਅਰ  ਇੰਡੀਆ  ਦੀ ਇਸ ਉਡਾਣ 'ਤੇ  ਮੈਂ 7-8 ਵਾਰ ਸਫਰ ਕਰ ਚੁੱਕਾ ਸੀ। ਮੇਰੀ ਸਨਕ ਹੈ ਕਿ ਮੈਂ ਹਮੇਸ਼ਾਂ ਇੱਕ ਖਾਸ  ਨੰਬਰ ਦੀ ਸੀਟ ਤੇ ਹੀ ਸਫਰ  ਕਰਦਾ ਹਾਂ ।ਥੋੜੇ ਸਮੇਂ ਬਾਦ ਜਦ ਮੈਂ ਸਿਰ ਨੀਵਾਂ ਕਰ ਕੇ ਬੈਠਾ ਸੀ......ਆਵਾਜ਼ ਆਈ, "ਅੰਕਲ ਸਤਿ ਸ੍ਰੀ ਅਕਾਲ।" ਮੈਂ ਸਿਰ ਚੁੱਕ  ਕੇ ਦੇਖਿਆ .... ਇੱਕ ਮੁਸਕਰਾਉਂਦੀ ਹੋਈ ਏਅਰ ਹੋਸਟਸ ਦੇ ਬੋਲ ਸਨ," ਮੈਂ ਤੁਹਾਨੂੰ ਪਛਾਣਦੀ ਹਾਂ , ਮੈਂ  ਆਪ ਨਾਲ ਕਈ ਵਾਰ  ਸਫਰ ਕਰ ਚੁੱਕੀ ਹਾਂ ।ਅੱਜ  ਇੱਕਲੇ ਜਾ ਰਹੇ ਹੋ , ਆਂਟੀ ਜੀ  ਕਿੱਥੇ ਨੇ ?.......ਉਹ ਹਮੇਸ਼ਾਂ ਆਪਣਾ ਖਾਣਾ ਨਾਲ ਲੈ ਕੇ ਆਉਂਦੇ ਸੀ...... ਜਹਾਜ਼  ਦਾ ਖਾਣਾ ਉਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ ।

          ਮੇਰੀ ਪਤਨੀ  ਜਦ ਜਹਾਜ਼ 'ਚ ਆਪਣੀ ਰੋਟੀ ਖੋਲਦੀ ਤਾਂ ਉਸ ਦੇ ਪਰੌਠਿਆਂ ਦੀ ਖੁਸ਼ਬੂ ਚੁਫੇਰੇ ਫੈਲ ਜਾਂਦੀ ਸੀ ।ਜਹਾਜ਼ 'ਚ  ਬਹੁਤੇ ਭਾਰਤੀ ਲੋਕ ਹੋਣ ਕਰਕੇ ਕੋਈ ਦਿੱਕਤ ਵਾਲੀ ਗੱਲ ਨਾ ਹੁੰਦੀ । ਮੈਂ ਉਸ ਨੂੰ ਪਤਨੀ ਦੀ ਮੌਤ ਬਾਰੇ ਦੱਸਿਆ। ਉਹ ਸੁਣ ਕੇ  ਉਦਾਸ ਹੋ ਗਈ ਤੇ ਗੱਲ ਬਦਲਣ ਲਈ ਪੁੱਛਿਆ, "ਕੀ ਪੀਓਗੇ ?" ਉਹ ਜੂਸ ਵੰਡ ਰਹੀ ਸੀ ।ਮੈਂ ਜੂਸ ਲੈ ਲਿਆ ।
            ਮੈਂ ਸ਼ਰਾਬ ਦਾ ਸ਼ੌਕੀਨ ਨਹੀਂ । ਮੈਂ ਜਹਾਜ ਦੇ ਸਫਰ ਵਿਚ ਸ਼ਰਾਬ -ਵਾਇਨ ਵਗੈਰਾ ਕਦੀ ਨਹੀਂ ਪੀਤੀ ।ਪਤਨੀ ਦੇ ਸਾਥ ਕਰਕੇ ਕਦੇ ਇਸ ਬਾਰੇ ਸੋਚਿਆ ਹੀ ਨਹੀਂ ਸੀ। ਅੱਜ ਮੇਰੇ ਹੱਥ ਪਤਾ ਨਹੀਂ ਕਿਓਂ ਇਸ ਵੱਲ ਮੱਲੋ -ਮੱਲੀ ਵਧੇ। ਅੱਖਾਂ ਦਾ ਪਾਣੀ ਰੋਕ ਮੈਂ ਗਲਾਸ ਖਾਲੀ ਕਰ ਦਿੱਤਾ ।ਸਫਰ ਅਜੇ ਮੁੱਕਿਆ ਨਹੀਂ ਸੀ ........।

ਲੰਮੀ ਉਡਾਣ
ਨਾਲ ਦੀ ਸੀਟ ਖਾਲੀ
ਜਹਾਜ਼ ਡੋਲੇ ।

ਦਿਲਜੋਧ ਸਿੰਘ 
(ਯੂ. ਐਸ. ਏ. )

ਨੋਟ : ਇਹ ਪੋਸਟ ਹੁਣ ਤੱਕ 30 ਵਾਰ ਪੜ੍ਹੀ ਗਈ। 

23 Jul 2014

ਰੁੱਖ ਨਿਪੱਤਾ



ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ। 

20 Jul 2014

ਸੌਣ ਮਹੀਨਾ

1.
ਸੌਣ ਝੜੀਆਂ 
ਬਾਲਣ ਚੁੱਲ੍ਹੇ ਗਿੱਲੇ 
ਅੱਗ ਨਾ ਮੱਚੇ। 
2.
ਗਲੀਏ ਗਾਰਾ 
ਸਿਰ 'ਤੇ ਘੜਾ ਭਾਰਾ 
ਤੁਰਨਾ ਔਖਾ। 

3.
ਸੌਣ ਮਹੀਨਾ 
ਨੱਚਣ ਮੁਟਿਆਰਾਂ 
ਤੀਆਂ ਲਾਉਣ। 

ਪ੍ਰੋ ਨਿਤਨੇਮ ਸਿੰਘ 
(ਮੁਕਤਸਰ)

16 Jul 2014

ਅੱਜ ਦਾ ਸੱਚ

ਭਾਈ ਵੀਰ ਸਿੰਘ ਜੀ ਨੇ ਆਪਣੀ ਇੱਕ ਕਵਿਤਾ 'ਚ ਬਨਫਸ਼ੇ ਦੇ ਫੁੱਲ ਦਾ ਜ਼ਿਕਰ ਕੀਤਾ ਸੀ ਕਿ ਉਹ
ਛੁਪਿਆ ਰਹਿਣ ਦੀ ਚਾਹ ਰੱਖਦਾ ਹੈ .....
ਮਿਰੀ ਛਿਪੇ ਰਹਿਣ ਦੀ ਚਾਹ 
ਤੇ ਛਿਪ ਟੁਰ ਜਾਣ ਦੀ 
ਹਾ ਪੂਰੀ ਹੁੰਦੀ ਨਾਂਹ 
ਮੈਂ ਤਰਲੇ ਲੈ ਰਿਹਾ। 
ਅੱਜਕੱਲ ਹਰ ਕੋਈ ਲੇਖਕ ਬਣਨ ਦੀ ਕਾਹਲ 'ਚ ਹੈ। ਇੰਝ ਲੱਗਦਾ ਹੈ ਕਿ ਕੋਈ ਪਾਠਕ ਬਣਨਾ ਹੀ ਨਾ ਚਾਹੁੰਦਾ ਹੋਵੇ ਪਰ ਲੇਖਕ ਬਣਨ ਦੀ ਪਹਿਲੀ ਪੌੜੀ ਪਾਠਕ ਬਣਨਾ ਹੀ ਹੈ ਤੇ ਇਹ ਗੱਲ ਦਿਲਜੋਧ ਸਿੰਘ ਜੀ ਹੁਰਾਂ 'ਤੇ ਸੌ ਪ੍ਰਤੀਸ਼ਤ ਲਾਗੂ ਹੁੰਦੀ ਹੈ। 

1.
ਚਿੜੀ ਦਾ ਚੋਗਾ 
ਬੰਨੇ ਉੱਤੇ ਰੱਖਿਆ 
ਕਾਂ ਖਾ ਉੱਡਿਆ। 
2.
ਚਿੜੀ ਤੇ ਚਿੜਾ 
ਚੋਗਾ ਲੱਭ ਲਿਆਏ 
ਬੋਟ ਗਾਇਬ। 
3.
ਬੋਹੜੇ ਪੀਂਘ
ਝੂਟਦੇ ਟੁੱਟ ਗਈ 
ਕੱਚੀਆਂ ਪੀਂਘਾਂ। 
4.
ਬੱਚੇ ਰਲ ਕੇ 
ਮੋਬਾਇਲ ਫੋਨ 'ਤੇ 
ਝੂਟਣ ਪੀਂਘ। 

( ਬਾਜਵਾ ਸੁਖਵਿੰਦਰ  ਦੀ ਹਾਇਕੁ ਲਿਖਤ ਪ੍ਰੇਰਣਾ ਬਣੀ ਇਹ ਹਾਇਕੁ ਲਿਖਣ ਲਈ ) 

ਦਿਲਜੋਧ ਸਿੰਘ 
(ਨਵੀਂ ਦਿੱਲੀ -ਯੂ ਐਸ ਏ )

12 Jul 2014

ਯਾਦ ( ਸੇਦੋਕਾ)

ਉਸਨੂੰ ਵਿਛੜਿਆਂ ਹੁਣ ਦੋ ਸਾਲ ਹੋ ਗਏ ਹਨ। ਸਮਾਂ ਇੰਝ ਹੀ ਲੰਘਦਾ ਜਾਵੇਗਾ ਪਰ ਉਸ ਨੇ ਕਦੇ ਮੁੜ ਕੇ ਨਹੀਂ ਆਉਣਾ। ਉਸ ਲਾਡਲੇ ਦੀ ਯਾਦ ਨੂੰ ਸਮਰਪਿਤ ਪਿਤਾ ਵੱਲੋਂ ਕੁਝ ਸ਼ਬਦ। 

(ਅਪਣੇ ਬੇਟੇ ਸੰਦੀਪ ਸਿੰਘ ਦੀ ਦੋ ਸਾਲਾ ਬਰਸੀ 'ਤੇ)

1.
ਕਹਿੰਦਾ ਦਿਲ
ਬੇਵੱਸ ਤੁਸੀਂ  ਸਾਰੇ 
ਗਏ  ਨਹੀਂ ਮੁੜਦੇ
ਨਹੀਂ ਟੁੱਟਦੇ
ਆਂਦਰਾਂ ਦੇ ਰਿਸ਼ਤੇ
ਪੈਣ ਭੁਲੇਖੇ ਨਿੱਤ ।

2.
 ਹੌਸਲੇ ਦੇ ਦੇ      
ਸੁੱਕੇ ਅੱਥਰੂ ਪੂੰਝਾਂ 
ਮਾਸੂਮਾਂ ਦੇ ਮੂੰਹਾਂ ਤੋਂ
ਭਾਰੀ ਏ ਗੰਢ
ਚੱਲਦੇ ਤਾਂ ਰਹਿਣਾ 

ਇਹੋ ਹੈ ਦਸਤੂਰ ।
  

 ਇੰਜ ਜੋਗਿੰਦਰ ਸਿੰਘ ਥਿੰਦ
       (ਅੰਮ੍ਰਿਤਸਰ---ਸਿਡਨੀ )

10 Jul 2014

ਪਿੰਡ ਜਾਗਿਆ

1.
ਬੁੱਢਾ  ਬੋਹੜ
ਜੜ੍ਹ ਪਤਾਲ ਲੱਗੀ
ਬੱਚੇ ਝੂਟਣ ।



2.
ਸਰਘੀ ਵੇਲਾ 
ਚਿੜੀਆਂ ਚਹਿਕਣ
ਪਿੰਡ ਜਾਗਿਆ । 



ਬਾਜਵਾ ਸੁਖਵਿੰਦਰ
ਪਿੰਡ- ਮਹਿਮਦ ਪੁਰ
ਜ਼ਿਲ੍ਹਾ- ਪਟਿਆਲਾ

7 Jul 2014

ਭਾਰੀ ਬੁੱਚਕੀ (ਹਾਇਬਨ)


     ਨੋਟ : ਹਾਇਬਨ ਨੂੰ ਸੁਣੋ-  ਸੁਣਨ ਲਈ ਫੋਟੋ 'ਤੇ ਬਣੇ ਤੀਰ ਦੇ ਨਿਸ਼ਾਨ ਨੂੰ ਕਲਿੱਕ ਕਰੋ।  

  ਕਾਲ਼ੀ -ਬੋਲ਼ੀ ਹਨ੍ਹੇਰੀ ਰਾਤ.........ਫ਼ੋਨ ਦੀ ਘੰਟੀ .........ਕੁਵੇਲੇ ਵਾਪਰੀ ਅਣਹੋਣੀ।ਉਸ ਦੇ ਸਾਹਾਂ ਨੂੰ ਡੋਬ ਪੈ ਗਏ। ਪਲਾਂ -ਛਿਣਾਂ 'ਚ ਹੀ ਉਸ ਦਾ ਰੰਗ ਧੂੰਏਂ ਵਰਗਾ ਹੋ ਗਿਆ । ਉਸ ਦੀ ਸੋਚ ਨੂੰ ਅਧਰੰਗ ਹੋ ਗਿਆ ਸੀ। ਅੱਖਾਂ 'ਚ ਝਨਾਂ ਬਣੇ ਅੱਥਰੂ ਰੋਕਿਆਂ ਵੀ ਰੁੱਕ ਨਹੀਂ ਰਹੇ ਸਨ। ਚੰਦਰੀ ਹੋਣੀ ਨੇ ਕਹਿਰ ਢਾਹ ਦਿੱਤਾ ਸੀ। ਉਸ ਦੀ ਜ਼ਿੰਦਗੀ ਦੇ ਰਾਹਾਂ ਦਾ ਹਮਸਫ਼ਰ, ਲੰਮੀਆਂ ਵਾਟਾਂ ਨੂੰ ਅੱਧਵਾਟੇ ਛੱਡ, ਕਿਸੇ ਅਣਦੱਸੀ ਥਾਵੇਂ ਤੁਰ ਗਿਆ .......ਜਿੱਥੋਂ ਕਦੇ ਕੋਈ ਮੁੜ ਕੇ ਨਹੀਂ ਆਇਆ।ਦਿਨਾਂ ਦੇ ਮਹੀਨੇ .....ਤੇ ....ਮਹੀਨਿਆਂ ਦੇ ਸਾਲ ਬਣਦੇ ਗਏ.......ਪਰ ਉਸ ਦੇ ਆਉਣ ਦੀ ਉਡੀਕ ਨਾ ਮੁੱਕੀ। 
       ਉਸ ਨੂੰ ਜ਼ਿੰਦਗੀ ਇੱਕ ਖਲਾਅ ਜਾਪਣ ਲੱਗੀ। ਸੂਲੀ ਟੰਗੇ ਪਲ ਪਿੱਛਾ ਕਰਦੇ ਜਾਪਦੇ। ਜ਼ਿੰਦ ਸੁੱਕੀ ਟਹਿਣੀ ਵਾਂਗ ਤਿੜਕ ਗਈ। ਦੁੱਖਾਂ ਦੇ ਉੱਠਦੇ ਵਰੋਲਿਆਂ ਨੂੰ ਝੱਲਦੀ.....ਰੱਬ ਨੂੰ ਉਲਾਂਭੇ ਦਿੰਦੀ ਉਹ ਫਿਸ ਪੈਂਦੀ," ਉਸ ਦਾ ਸਾਥ ਤਾਂ ਹੁਣ ਇੱਕ ਸੁਪਨਾ ਜਿਹਾ ਲੱਗਦਾ ਹੈ। ਰੱਬ ਨੇ ਪਤਾ ਨਹੀਂ ਕਿਹੜੇ ਕਰਮਾਂ ਦਾ ਬਦਲਾ ਲਿਆ ਮੈਥੋਂ। ਭੋਰਾ ਤਰਸ ਨਹੀਂ ਆਇਆ......ਬੁੱਢੇ ਮਾਪਿਆਂ ਦੀ ਡੰਗੋਰੀ ਦਾ ਸਹਾਰਾ ਖੁੱਸ ਗਿਆ......ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਇਹ ਜ਼ਿੰਦਗੀ ਐਨੀ ਔਖੀ ਵੀ ਹੋ ਸਕਦੀ ਹੈ। ਜਦੋਂ ਕਿਸੇ ਬੁੱਢੇ -ਜੋੜੇ ਨੂੰ ਇੱਕਠਿਆਂ ਵੇਖਦੀ ਹਾਂ.....ਲੱਗਦਾ ਹੈ ਇਹ ਲਕੀਰ ਤਾਂ ਮੇਰੇ ਹੱਥਾਂ 'ਤੇ ਸ਼ਾਇਦ ਰੱਬ ਵਾਹੁਣੀ ਹੀ ਭੁੱਲ ਗਿਆ। ਪਤਾ ਨਹੀਂ ਕਿਵੇਂ ਨਿਕਲੇਗੀ ਇਹ ਪਹਾੜ ਜਿੱਡੀ ਜ਼ਿੰਦਗੀ ਇੱਕਲਿਆਂ ?"  
     ਬੜਾ ਔਖਾ ਹੁੰਦਾ ਹੈ ਪੈਰਾਂ 'ਚ ਸੂਲਾਂ ਦਾ ਉੱਗ ਆਉਣਾ ਤੇ ਇਸ ਦੀ ਪੀੜ ਨੂੰ ਆਪਣੇ ਅੰਤਰੀਵ 'ਚ ਸਮਾਉਣਾ। ਉਸ ਨੂੰ ਨਿੱਤ ਅੰਦਰੋਂ -ਅੰਦਰੀਂ ਖੁਰਦੀ ਵੇਖਦੀ ਹਾਂ। ਮੈਨੂੰ ਕਦੇ ਕੁਝ ਨਹੀਂ ਲੱਭਿਆ ਉਸ ਦੇ ਧਰਵਾਸ ਦੀ ਸੱਖਣੀ ਝੋਲੀ 'ਚ ਪਾਉਣ ਲਈ ........ਸਿਵਾਏ ਮੋਹ ਤੇ ਅਪਣੱਤ ਭਰੀਆਂ ਦਿਲਬਰੀਆਂ ਤੋਂ। ਸ਼ਾਇਦ ਇਹੋ ਉਸ ਦੇ ਹਨ੍ਹੇਰੇ ਰਾਹਾਂ 'ਚ ਕਦੇ ਚਾਨਣ ਦੀ ਕਾਤਰ ਬਣ ਜਾਣ। 

ਭਾਰੀ ਬੁੱਚਕੀ 
ਕੰਡਿਆਲੇ ਰਸਤੇ  
ਜ਼ਖਮੀ ਪੈਰ।

ਡਾ. ਹਰਦੀਪ ਕੌਰ ਸੰਧੂ 
(ਬਰਨਾਲਾ- ਸਿਡਨੀ)
ਨੋਟ : ਇਹ ਪੋਸਟ ਹੁਣ ਤੱਕ 105 ਵਾਰ ਵੇਖੀ ਗਈ। 

5 Jul 2014

ਰੋਵਣ ਤੀਰ (ਤਾਂਕਾ)

1.
ਹੀਰ ਦੀ ਚੂਰੀ
ਕਰ ਗਈ ਚੁਗਲੀ
ਕੈਦੋਂ ਬੇਦੋਸ਼ਾ
ਮਾਪੇ ਹੀ ਬਣ ਜਾਂਦੇ
ਅੱਜ-ਕੱਲ ਤਾਂ ਕੈਦੋਂ । 



2.
ਸਾਹਿਬਾਂ ਤੋੜੇ
ਭਰਾਵਾਂ ਦੀ ਖਾਤਰ
ਰੋਵਣ ਤੀਰ
ਜੇ ਮਿਰਜ਼ਾ ਨਾ ਸੌਂਦਾ
ਵਿੱਛ ਜਾਂਦੇ ਸੱਥਰ । 


ਹਰਭਜਨ ਸਿੰਘ ਖੇਮਕਰਨੀ
(ਮੁਕਤਸਰ)

3 Jul 2014

ਮੰਗੇ ਨਾ ਮਿਲੇ (ਸੇਦੋਕਾ)

1.
ਪੰਜ ਤੱਤ ਦਾ
ਹੰਢਿਆ ਨਦੀ ਕੰਢੇ
ਮਸਾਂ ਝੱਲੇ ਥਪੇੜੇ 
ਮੰਗੇ ਨਾ ਮਿਲੇ
ਭੁਗਤੇ ਜਿੰਨੀ ਲਿਖੀ
ਮਿੱਟੀ 'ਚ ਮਿੱਟੀ ਮਿਲੀ । 

2.
ਲੇਖ ਮੱਥੇ ਦੇ
ਕੌਣ ਬੁੱਝੇ ਤੇ ਦੱਸੇ
ਪਿਛਲੇ ਜਾਂ ਅਗਲੇ 
ਮਨ ਜੇ ਖੁਸ਼
ਭਾਗ ਬਣੇ ਨੇ ਚੰਗੇ
ਨਹੀਂ ਤਾਂ ਮੰਦੇ-ਮੰਦੇ । 

ਇੰਜ: ਜੋਗਿੰਦਰ ਸਿੰਘ ਥਿੰਦ
 (ਸਿਡਨੀ)

1 Jul 2014

ਗੁੰਮ ਝਰੋਖੇ (ਤਾਂਕਾ)

1.
ਅਕਾਸ਼ ਖੁੱਲ੍ਹਾ 
ਵਿਹੜੇ ਦੀਆਂ ਕੰਧਾਂ
ਜ਼ੰਜੀਰ ਕਿਤੇ
ਕੋਈ ਨਹੀਂ ਦਿੱਖਦੀ
ਫਿਰ ਵੀ ਬੰਧਨ ਹੈ। 

2.
ਰਾਤ ਢਲ਼ੀ ਹੈ
ਚੰਦ ਲਵੇ ਉਬਾਸੀ
ਊਂਘਣ ਤਾਰੇ
ਮੋਹ ਥਪਕੀ ਦੇ ਕੇ 
ਲੋਰੀ ਸੁਣਾਵੇ ਹਵਾ। 

3.
ਨਿੱਕੜੀ ਚਿੜੀ
ਲੱਭੇ ਕਿੱਥੇ ਬਸੇਰਾ
ਗੁੰਮ ਝਰੋਖੇ
ਦਲਾਨ ਵੀ ਗਾਇਬ
ਜਾਏ ਤਾਂ ਕਿੱਥੇ ਜਾਏ ?

ਰਾਮੇਸ਼ਵਰ ਕੰਬੋਜ ਹਿੰਮਾਂਸ਼ੂ
('ਝਰੇ-ਹਰਸਿੰਗਾਰ' ਤਾਂਕਾ- ਸੰਗ੍ਰਹਿ ਵਿੱਚੋਂ ਧੰਨਵਾਦ ਸਹਿਤ)
ਹਿੰਦੀ ਤੋਂ ਅਨੁਵਾਦ- ਡਾ. ਹਰਦੀਪ ਕੌਰ ਸੰਧੂ