ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 Nov 2014

ਚਿੰਤਾ ਛੰਡ (ਤਾਂਕਾ)

1.

ਵਧੀ ਕਹਿਣ
ਘਟਦੀ ਉਮਰ ਨੂੰ 

ਕੈਸੀ ਗਿਣਤੀ
ਜੀਵਨ ਆਸਵੰਦ
ਮਰਨ ਚਿੰਤਾ ਛੰਡ। 

2.

ਕਾਲਜ ਆ ਕੇ
ਲਹਿ ਗਈ ਵਰਦੀ
ਹੁੰਦੀ ਮਰਜ਼ੀ

ਜੀਨ ਟੌਪ ਜਾਂ ਪਾਈ
ਤਨ ਪਾਵੇ ਦੁਹਾਈ। 


ਹਰਭਜਨ ਸਿੰਘ ਖੇਮਕਰਨੀ 
(ਮੁਕਤਸਰ)

27 Nov 2014

ਰੁੱਤ ਬਹਾਰ

1.
ਪਹੁ ਫੁੱਟਦੀ
ਅਗੇ ਵਧੇ ਚਾਨਣ
ਪਿੱਛੇ ਹਨ੍ਹੇਰਾ। 


2.
ਰੁੱਤ ਬਹਾਰ 
ਧਰਤੀ ਪਹਿਨਿਆ 
ਹਰਿਆ ਸਾਲੂ। 

ਪ੍ਰੋ. ਦਾਤਾਰ ਸਿੰਘ 
(ਮੁਕਤਸਰ) 

21 Nov 2014

ਸੂਰਜਮੁਖੀ

1.

ਰੰਗਲਾ ਤੋਤਾ
ਸਿਖਰ ਦੁਪਿਹਰ
ਖੰਭੇ ਤੇ ਬੈਠਾ। 



2.
ਸੋਹਣਾ ਦਿਨ 
ਦਫਤਰ ਦੀ ਬਾਰੀ  
ਤੱਕਾਂ ਬੱਦਲ। 



3.
ਸੂਰਜਮੁਖੀ 
ਸਿਖਰ ਦੁਪਿਹਰ 
ਅੰਬਰੀ ਦੇਖੇ। 


ਹਰਜਿੰਦਰ ਢੀਂਡਸਾ 
(ਕੈਨਬਰਾ) 

ਨੋਟ: ਇਹ ਪੋਸਟ ਹੁਣ ਤੱਕ 29 ਵਾਰ ਪੜ੍ਹੀ ਗਈ।

20 Nov 2014

ਤੇਰੀ ਏ ਚੁੱਪ (ਚੋਕਾ)

ਤੇਰੀ ਏ ਚੁੱਪ
ਨਹੀਂ ਤੇਰੀ ਦਲੇਰੀ 
ਹੁਣ ਨਾ ਛੁਪ
ਹੁਣ ਤੇਰੀ ਏ ਚੁੱਪ 
ਕਰੂ ਬੀਮਾਰ 
ਦੇਉਗੀ ਮੈਨੂੰ ਮਾਰ 
ਤੇਰੀ ਏ ਚੁੱਪ 
ਖੜੇ ਕਰੇ ਸਵਾਲ 
ਲੱਭ ਜਵਾਬ 
ਦੂਰ ਤਕ ਜਾਏਗੀ 
ਤੇਰੀ ਏ ਚੁੱਪ 
ਸਭ ਕੁਝ ਖਾਵੇਗੀ 
ਤੇਰੀ ਏ ਚੁੱਪ 
ਕਰਦੀ ਪਰੇਸ਼ਾਨ 
ਤੂੰ  ਗੱਲ ਜਾਣ 
ਨਹੀ ਕੋਈ ਰਿਵਾਜ 
ਤੇਰੀ ਏ ਚੁੱਪ
ਕਰ  ਇਲਾਜ 
ਵੇਖ ਤੇਰੀ ਏ ਚੁੱਪ 
ਨਾ ਹੁੰਦੀ ਝੱਲ 
ਨਾ ਉਦਾਸੀ ਦਾ ਵੱਲ 
ਨਹੀਂ ਹੈ ਕੋਈ ਹੱਲ। 

ਡਾ. ਸ਼ਿਆਮ ਸੁੰਦਰ ਦੀਪਤੀ 
(ਅੰਮ੍ਰਿਤਸਰ) 

17 Nov 2014

ਬੱਚੇ ਹਲਕੇ

1.
ਬੈਠਾ ਆਫਿਸ
ਖੇਡੇ ਕੈਂਡੀਕਰੈਸ਼
ਟਾਈਮ ਪਾਸ।



2.
ਬਸਤੇ ਭਾਰੀ
ਆਧੁਨਿਕ ਸਿੱਖਿਆ
ਬੱਚੇ ਹਲਕੇ।



ਜਗਦੀਸ਼ ਰਾਏ ਕੁਲਰੀਆਂ 

ਬਰੇਟਾ (ਮਾਨਸਾ)

12 Nov 2014

ਕੋਇਲ ਕੂਕੇ

1.
ਕੋਇਲ ਕੂਕੇ 
ਬੈਠੀ ਅੰਬਾਂ ਦੇ ਬੂਟੇ 
ਰਾਗ ਅਲਾਪੇ। 


2.
ਨਦੀ ਦੇ ਕੰਢੇ 
ਫਿੱਸੇ ਨੇ ਹੜ੍ਹ ਨਾਲ 
ਪਈ ਦਰਾਰ। 


3.
ਰੁੱਖ ਟਾਹਣੀ 
ਬੈਠੀ ਕੋਇਲ ਕੂਕੇ 
ਪ੍ਰੇਮ -ਸੁਨੇਹਾ। 

ਜਰਨੈਲ ਸਿੰਘ ਭੁੱਲਰ 
(ਮੁਕਤਸਰ) 

5 Nov 2014

ਇੱਕਲਾਪਣ (ਹਾਇਬਨ)

ਹਾਇਬਨ ਸੁਣਨ ਲਈ ਫੋਟੋ 'ਤੇ ਬਣੇ ਤੀਰ ਦੇ ਨਿਸ਼ਾਨ ਨੂੰ ਕਲਿੱਕ ਕਰੋ 


ਇੱਕਲਾਪਣ 
ਛੁੱਟੀਆਂ ਦੇ ਦਿਨ ਚੱਲ ਰਹੇ ਸਨ। ਨਵੇਂ -ਨਵੇਂ ਤਜ਼ਰਬੇ ਕਰਨ ਦੇ ਆਦੀ ਮਨ ਨੂੰ ਇਸ ਵਾਰ ਮਨਨਕਰਨ ਦੀ ਸੁੱਝੀ। ਅੱਖਾਂ ਤੇ ਕੰਨ ਬੰਦ ਕਰਕੇ ਹਨ੍ਹੇਰੇ ਕਮਰੇ ਵਿੱਚ ਬੈਠ ਜਦੋਂ ਅੰਤਰ ਧਿਆਨ ਹੋਣ ਦੀ ਕੋਸ਼ਿਸ਼ ਵਿੱਚ ਸਾਂ ਤਾਂ ਕਿਸੇ ਅਣਕਿਆਸੀ ਜਿਹੀ ਆਵਾਜ਼ ਦਾ ਅਹਿਸਾਸ ਹੋਇਆ। ਸੁੰਨੀਆਂ ਥਾਵਾਂ ਤੋਂ ਆਉਣ ਵਾਲ਼ੀ ਬੀਂਡਿਆਂ ਦੀ ਆਵਾਜ਼ ਜਿਹੀ। ਲੱਗਾ ਕਿ ਮੈਂ ਪੂਰਣ ਰੂਪ 'ਚ ਅੰਤਰ ਧਿਆਨ ਹੋ ਗਈ ਹਾਂ। ਪਰ ਇਹ ਕੀ ? ਇਹ ਆਵਾਜ਼ ਤਾਂ ਹਰ ਪਲ ਹਰ ਘੜੀ ਉਠਦੇ ਬਹਿੰਦੇ ਸੁਣਾਈ ਦੇ ਰਹੀ ਸੀ।  ਇਸੇ ਤਰਾਂ ਕਈ ਹਫ਼ਤੇ ਲੰਘ ਗਏ। ਤੇ ਫ਼ੇਰ ਇੱਕ ਦਿਨ ਅਣਚਾਹੇ ਮਹਿਮਾਨਾਂ ਵਾਂਗ ਆਏ ਮੌਸਮੀ ਫਲੂ ਕਰਕੇ ਮੇਰੇ ਕੰਨ ਖੁਦ -ਬ -ਖੁਦ ਬੰਦ ਹੋ ਗਏ। ਹੁਣ ਮੈਨੂੰ ਬਾਹਰਲਾ ਸ਼ੋਰ ਬਹੁਤ ਘੱਟ ਸੁਣਾਈ ਦੇ ਰਿਹਾ ਸੀ। ਪਤਾ ਨਹੀਂ ਇਹ ਸ਼ੋਰ ਮੈਥੋਂ ਦੂਰ ਹੋ ਗਿਆ ਸੀ ਜਾਂ ਮੈਂ ਸ਼ੋਰ ਤੋਂ ਦੂਰ ਹੋ ਗਈ ਸਾਂ। ਇਉਂ ਲੱਗਦਾ ਸੀ ਜਿਵੇਂ ਮੇਰੇ ਅੰਤਰ ਮਨ ਦੇ ਉਡਣ ਖਟੋਲੇ 'ਤੇ ਮੋਟੇ ਕਾਲ਼ੇ ਪਰਦੇ ਟੰਗੇ ਗਏ ਹੋਣ। ਬਾਹਰਲੇ ਸੰਸਾਰ -ਅਸੰਸਾਰ ਨਾਲ਼ੋਂ ਨਾਤਾ ਤੋੜਨ ਲਈ। ਮਨ ਅੰਬਰ 'ਤੇ ਛਾਈਆਂ ਕਾਲ਼ੀਆਂ ਬਦਲੋਟੀਆਂ ਦੇ ਸਰਕਦੇ ਟੁਕੜਿਆਂ ਕਰਕੇ ਮਨ ਦਾ ਮੌਸਮ ਘਸਮੈਲਾ -ਘਸਮੈਲਾ ਹੋ ਗਿਆ ਸੀ। ਢਹਿੰਦਾ ਸਰੀਰ ਤੇ ਚਿਹਰੇ 'ਤੇ ਪਸਰੀ ਅਦਿੱਖ ਪੀੜ ਕਰਕੇ ਬੇਮੌਸਮੀ ਝੜੇ ਰੁੱਖ ਦੇ ਪੱਤਿਆਂ ਵਾਂਗ ਚਿਹਰਾ ਮਟਮੈਲਾ ਹੋ ਗਿਆ। ਮੈਨੂੰ ਗੱਲਾਂ ਕਰਦੇ ਲੋਕਾਂ ਦੇ ਸਿਰਫ਼ ਬੁੱਲ ਫਰਕਦੇ ਦਿੱਸਦੇ। ਬਹੁਤ ਨੇੜੇ ਜਾ ਕੇ ਬੋਲ ਸੁਣਾਈ ਦਿੰਦੇ। ਫੋਨ ਦੀ ਘੰਟੀ, ਵਹਿੰਦੇ ਪਾਣੀ ਤੇ ਚੱਲਦੇ ਵਾਹਨਾਂ ਦੀਆਂ ਅਵਾਜ਼ਾਂ ਜਾਂ ਫਿਰ ਬੂਹੇ 'ਤੇ ਹੋਈ ਠੱਕ ਠੱਕ, ਸਭ ਕੁਝ ਬਹੁਤ ਮੱਧਮ ਸੁਣਾਈ ਦਿੰਦਾ।  ਲੱਗਦਾ ਸੀ ਕਿ ਇਹ ਅਵਾਜ਼ਾਂ ਕਿਸੇ ਡੂੰਘੇ ਪਾਤਾਲ 'ਚੋਂ  ਆ ਰਹੀਆਂ ਹੋਣ। ਬਹੁਤ ਉੱਚੇ ਸੁਰ 'ਚ ਜੇ ਕੁਝ ਸੁਣਾਈ ਦੇ ਰਿਹਾ ਸੀ ਤਾਂ ਉਹ ਸੀ ਮੇਰੀ ਆਪਣੀ ਹੀ ਪੈੜ ਚਾਲ ਦੀ ਧਮਕ, ਆਪਣੇ ਹੀ ਬੋਲਾਂ ਦੀ ਗੂੰਜ ਜਾਂ ਫ਼ਿਰ ਬੀਂਡਿਆਂ ਦਾ ਅਮੁੱਕ ਤਾਨ। ਦਿਲ ਦਰਿਆ ਦਾ ਪਾਣੀ ਉਪਰੋਂ ਅਹਿੱਲ ਅਡੋਲ ਸੀ ਪਰ ਗਹਿਰਾਈ 'ਚ ਇਹ ਤੇਜ਼ੀ ਨਾਲ਼ ਡੋਲ ਰਿਹਾ ਸੀ। ਮੇਰੀ ਅਦਿੱਖ ਅਰੋਗਤਾ ਦੇ ਪ੍ਰਗਟ ਹੋ ਜਾਣ ਦੀ ਹੋਣੀ ਦੀ ਕੰਧ ਮੇਰੇ ਦੁਆਲ਼ੇ ਉਸਰ ਗਈ ਸੀ।ਇੱਕ ਹੋਰ ਡਾਢੀ ਦੁਬਿਧਾ ਦੇ ਸ਼ਿਕੰਜੇ ਨੇ ਮੇਰੇ ਆਪੇ ਨੂੰ ਜਕੜ ਲਿਆ ਕਿ ਸਾਹਮਣੇ ਵਾਲ਼ੇ  ਨੂੰ ਮੇਰਾ  ਬੋਲਿਆ ਸੁਣਾਈ ਦੇ ਰਿਹਾ ਜਾਂ ਨਹੀਂ ? ਜਦੋਂ ਮੈਂ ਬੋਲਦੀ ਹਾਂ ਲੱਗਦਾ ਹੈ ਕਿ ਮੈਂ ਆਪੇ ਨਾਲ਼ ਹੀ ਗੱਲਾਂ ਕਰੀ ਜਾ ਰਹੀ ਹਾਂ। ਸਹਿਜ ਹੋ ਕੇ ਵੀ ਮੈਂ ਆਪਣੀ ਇਸ ਅੰਦਰੂਨੀ ਪੀੜ ਨਾਲ਼ ਫਿਰ ਤੜਫਣ ਲੱਗ ਜਾਂਦੀ। " ਚੱਲੋ ਵਧੀਆ ਜੇ ਸੁਣਾਈ ਨਹੀਂ ਦਿੰਦਾ। ਕੁਝ ਦਿਨ ਅਰਾਮ ਕਰੋ।" ਮੇਰੀ ਅਦਿੱਖ ਤੇ ਅਕਹਿ ਪੀੜ ਨੂੰ ਅਹਿਸਾਸਣ ਤੋਂ ਬਿਨਾਂ ਹੀ ਕਿਸੇ ਸ਼ੁਭਚਿੰਤਕ ਦੇ ਕਹੇ ਇਹਨਾਂ ਬੋਲਾਂ ਨੇ ਮੇਰਾ ਆਪਾ ਝੰਜੋੜ ਸੁੱਟਿਆ। ਇੱਕ ਪਲ ਮੈਨੂੰ ਇਹ ਇੱਕ ਕੋਝਾ ਮਜ਼ਾਕ ਲੱਗਿਆ। ਪਰ ਅਗਲੇ ਹੀ ਪਲ ਇਹਨਾਂ ਬੋਲਾਂ 'ਚੋਂ ਹੀ ਸਾਰਥਕਤਾ ਲੱਭਣ ਦੇ ਯਤਨ ਮਨ ਨੂੰ ਸਕੂਨ ਦੇ ਗਏ। ਚੱਲੋ ਏਸ ਬਹਾਨੇ ਕੁਝ ਘੜੀਆਂ ਲਈ ਏਸ ਬੇਰਿਹਮ ਦੁਨੀਆਂ ਦੇ ਕੁਸੈਲ਼ੇ ਬੋਲਾਂ ਤੋਂ ਕੁਝ ਰਾਹਤ ਤਾਂ ਮਿਲ਼ੀ। ਪਰ ਮਨ ਅੰਦਰ ਫ਼ਿਰ ਵੀ ਭਿਆਨਕ ਸੰਨਾਟਾ ਸੀ। ਬਾਹਰਲੇ ਸ਼ੋਰ ਦੇ ਆਦੀ ਮਨ ਨੂੰ ਭਰਿਆ ਭਕੁੰਨਿਆਂ ਆਲ਼ਾ ਦੁਆਲ਼ਾ ਸੁੰਨਾ -ਸੁੰਨਾ ਪ੍ਰਤੀਤ ਹੋ ਰਿਹਾ ਸੀ। ਸਮੇ ਦੀ ਹਥੇਲ਼ੀ 'ਤੇ ਊਣੇ ਜਿਹੇ ਲੰਘਦੇ ਦਿਨਾਂ ਨੂੰ ਵੇਖ ਕੇ ਪਤਾ ਨਹੀਂ ਲੱਗ ਰਿਹਾ ਸੀ ਕਿ ਮੈਂ ਹੱਸਾਂ ਜਾਂ  ਰੋਵਾਂ ? ਮੇਰਾ ਵਕਤੀ ਰੋਗ ਤਾਂ ਡਾਕਟਰੀ ਓਹੜ -ਪੋਹੜ ਕਰਕੇ ਕੁਝ ਦਿਨਾਂ ਬਾਅਦ ਠੀਕ ਹੋ ਗਿਆ ਪਰ ਉਹਨਾਂ ਪਲਾਂ 'ਚ ਮੈਂ ਸੁਣਨ ਤੋਂ ਅਸਮਰੱਥ ਲੋਕਾਂ ਦੀ ਜ਼ਿੰਦਗੀ ਕਿਆਸੀ। ਜਿਨ੍ਹਾਂ ਨੂੰ ਇਸ ਰੰਗੀਲੇ ਤੇ ਸ਼ੋਰੀਲੇ ਜੱਗ ਅੰਦਰ ਟੁੱਟ ਚੱਕਰ ਘੁੰਗਰੂਆਂ ਦੀ ਛਣਕ ਕਦੇ ਵੀ ਸੁਣਾਈ ਨਹੀਂ ਦਿੰਦੀ। 


ਇੱਕਲਾਪਣ -
ਰੋਹੀਆਂ ਸੁੰਨਸਾਨ 
ਬੀਂਡੇ ਦਾ ਤਾਨ। 

ਡਾ. ਹਰਦੀਪ ਕੌਰ ਸੰਧੂ  

ਨੋਟ : ਇਹ ਪੋਸਟ ਹੁਣ ਤੱਕ 55 ਵਾਰ ਸੁਣੀ ਗਈ। 

3 Nov 2014

ਕਿੱਟੀ ਪਾਰਟੀ

1.
ਸਿਆਲੂ ਰਾਤ-
ਖੁੱਲੇ ਖੇਤਾਂ ਚ ਸੇਕਾਂ 
ਅੱਗ ਦੀ ਧੂਣੀ। 

2.
ਕਿੱਟੀ ਪਾਰਟੀ -
ਕੁੜਤੀ ਤੇ ਸੁਰਖੀ 
ਇੱਕੋ ਰੰਗ ਦੇ। 

3.

ਸ਼ੁੱਕਰਵਾਰ-
ਪਾਰਟੀ ਦੀ ਤਿਆਰੀ 
ਪੂਰੀ ਟੌਹਰ। 




ਹਰਜਿੰਦਰ ਢੀਂਡਸਾ 
(ਕੈਨਬਰਾ)

ਨੋਟ : ਇਹ ਪੋਸਟ ਹੁਣ ਤੱਕ 12 ਵਾਰ ਪੜ੍ਹੀ ਗਈ। 

1 Nov 2014

ਖਿੜੀ ਕਪਾਹ

1.
ਖਹੇ ਬੱਦਲ 
ਕੜਕਦੀ ਬਿਜਲੀ 
ਉੱਚੇ ਆਕਾਸ਼। 

2.
ਉੱਡਦੇ ਪੰਛੀ 
ਹਵਾ 'ਤੇ ਹੋ ਸਵਾਰ 
ਛੂਹ ਆਕਾਸ਼। 

3.
ਖਿੜੀ ਕਪਾਹ 
ਚਿੱਟੇ -ਚਿੱਟੇ ਫੁੱਟ ਨੇ 
ਬਦਲੀ ਰੁੱਤ। 

ਕਸ਼ਮੀਰੀ ਲਾਲ ਚਾਵਲਾ 
(ਮੁਕਤਸਰ)
* ਹਾਇਕੁ ਸਾਗਰ ਹਾਇਕੁ ਵੰਦਨਾ 'ਚੋਂ 

ਨੋਟ : ਇਹ ਪੋਸਟ ਹੁਣ ਤੱਕ 32 ਵਾਰ ਪੜ੍ਹੀ ਗਈ।