ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

24 Jun 2017

ਆਸ ਦੀ ਖੂਹੀ (ਹਾਇਬਨ)

Related image
ਖ਼ਾਮੋਸ਼ ਕਿਰਨਾਂ ਦਾ ਕਾਫ਼ਲਾ ਅੰਬਰੋਂ ਉਤਰ ਚੁਫ਼ੇਰਾ ਭਰ ਰਿਹਾ ਲੱਗਦਾ ਸੀ। ਬਿਰਖਾਂ ਦੇ ਗਲ਼ 'ਚ ਬਾਹਾਂ ਪਾਉਂਦੀ ਧੁੱਪ ਛਣ ਛਣ ਕੇ ਸ਼ੀਸ਼ੇ ਦੇ ਆਰ -ਪਾਰ ਹੋ ਕੈਂਸਰ ਵਾਰਡ ਦੇ ਵੱਡੇ ਵਰਾਂਡੇ 'ਚ ਖਿੰਡ ਰਹੀ ਸੀ। ਖੁਸ਼ਕ ਮੌਸਮ 'ਚੋਂ ਉੱਠਦੀ ਰੁੱਖੀ ਜਿਹੀ ਧੂੜ ਉਡ ਕੇ ਹਵਾ ਦੀਆਂ ਲਹਿਰਾਂ ਨੂੰ ਚੁੰਬੜਦੀ ਚੌਗਿਰਦੇ 'ਚ ਫੈਲ ਰਹੀ ਸੀ। ਬੱਸ ਉਹ ਚੁੱਪ -ਚਾਪ ਝਾਕੀ ਜਾ ਰਹੇ ਸਨ । ਉਹਨਾਂ ਦੇ ਜ਼ਰਦ ਚਿਹਰੇ ਹਵਾ ਦੇ ਖੁਸ਼ਕ ਫ਼ਰਾਟਿਆਂ ਨਾਲ ਮੁਰਝਾਏ ਖ਼ਲਾਅ ਨੂੰ ਹੁਟ ਰਹੇ ਸਨ। ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਪੀੜਤ ਕਈ ਤਾਂ ਹਾਰ ਮੰਨੀ ਬੈਠੇ ਸਨ ਤੇ ਕਈ ਜ਼ਿੰਦਗੀ ਤੇ ਮੌਤ ਵਿਚਾਲੇ ਪਲਾਂ ਨੂੰ ਯਾਦਗਾਰੀ ਬਣਾਉਣਾ ਲੋਚਦੇ ਸਨ। 
      ਨਿੰਮਾ ਨਿੰਮਾ ਜਿਹਾ ਮੁਸਕਰਾਉਂਦੀ ਨੇ ਉਸ ਪੈਰ ਅੰਦਰ ਧਰਦਿਆਂ ਹੀ ਤੈਰਦੀਆਂ ਨਜ਼ਰਾਂ ਨਾਲ ਚੁਫ਼ੇਰੇ ਝਾਤੀ ਮਾਰੀ। ਅਠਾਰਾਂ ਕੁ ਵਰ੍ਹਿਆਂ ਨੂੰ ਅੱਪੜੀ ਉਹ ਮਿਲਾਪੜੀ ਤੇ ਹੱਸਮੁੱਖ ਸੁਭਾਅ ਦੀ ਹੈ ਅਤੇ ਆਪਣੀ ਉਮਰ ਨਾਲੋਂ ਵੱਧ ਸਿਆਣੀ ਤੇ ਸੰਵੇਦਨਸ਼ੀਲ ਵੀ । ਉਹ ਇੱਥੇ ਇੱਕ ਵਲੰਟੀਅਰ ਦੇ ਤੌਰ 'ਤੇ ਕੰਮ ਕਰਦੀ ਹੈ। ਉਹ ਪੀੜਤਾਂ ਦੀਆਂ ਅਕਹਿ ਪੀੜਾਂ ਦੇ ਹਾਵੀ ਹੋਏ ਬੋਝ ਤੋਂ ਉਨ੍ਹਾਂ ਨੂੰ ਰਾਹਤ ਦਿਵਾ ਜੀਵਨ ਤਾਂਘ ਦੇ ਬੁਝਦੇ ਦੀਵੇ 'ਚ ਤੇਲ ਪਾਉਣ ਦਾ ਨਿੱਤ ਸਫ਼ਲ ਉਪਰਾਲਾ ਕਰਦੀ ਹੈ।
      ਹੁਣ ਵੀ ਉਹ ਕਿਸੇ ਦੀ ਸੁੱਕ ਰਹੀ ਆਸ ਦੀ ਖੂਹੀ ਨੂੰ ਤ੍ਰਿਪਤਾਉਣਾ ਲੋਚਦੀ ਹੈ ਪਰ ਜਦ ਵੀ ਕਿਸੇ ਦੀਆਂ ਉਦਾਸ ਅੱਖਾਂ ਉਸ ਵੱਲ ਝਮਕ ਪੈਂਦੀਆਂ ਤਾਂ ਉਹ ਝੱਟ ਉਸ ਨੂੰ ਦੇਖਣੋਂ ਟਲ ਜਾਂਦੀਆਂ ਨੇ। ਤਿੰਨ -ਚਾਰ ਬੈਂਚਾਂ ਪਿੱਛੋਂ ਅਚਾਨਕ ਇੱਕ ਪੀੜਤ ਨੇ ਉਸ ਵੱਲ ਤੱਕਿਆ। ਉਸ ਦੀਆਂ ਨਜ਼ਰਾਂ ਟਲਦੀਆਂ -ਟਲਦੀਆਂ ਮੁੜ ਕਰਾਰ ਫੜ ਗਈਆਂ। ਉਸ ਫੇਰ ਤੱਕਿਆ ਤੇ ਪਲ ਦੀ ਪਲ ਉਸ ਦੇ ਚਿਹਰੇ ਉਤੇ ਭਾਗ ਜਿਹਾ ਫਿਰ ਆਇਆ। ਉਸ ਦੀਆਂ ਅੱਖਾਂ ਵਿੱਚ ਲਿਸ਼ਕ ਆਈ, ਜਿਹੜੀ ਕਿ ਇਸ ਵਿਹੜੇ 'ਚ ਬਿਲਕੁਲ ਅਣਹੋਣੀ ਜਾਪਦੀ ਸੀ।ਉਹ ਸੱਤਰਾਂ ਕੁ ਵਰ੍ਹਿਆਂ ਨੂੰ ਢੁੱਕਿਆ ਚਮੜੀ ਦੇ ਕੈਂਸਰ ਨਾਲ ਪੀੜਤ ਸੀ ਤੇ ਪਿਛਲੇ ਦੱਸ ਵਰ੍ਹਿਆਂ ਤੋਂ ਜ਼ੇਰੇ ਇਲਾਜ ਹੈ ।ਉਸ ਨੂੰ ਹੁਣੇ ਹੁਣੇ ਆਪਣੇ ਰੋਗ ਦੇ ਅੰਤਲੇ ਪੜਾਵ ਬਾਰੇ ਪਤਾ ਲੱਗ ਚੁੱਕਿਆ ਸੀ। ਪਰ ਫਿਰ ਵੀ ਉਹ ਸ਼ਾਂਤ ਤੇ ਸਹਿਜ ਦਿਖਾਈ ਦੇ ਰਿਹਾ ਸੀ। ਉਸ ਨੂੰ ਆਪਣੀ ਜ਼ਿੰਦਗੀ ਨਾਲ ਕੋਈ ਗਿਲਾ -ਸ਼ਿਕਵਾ ਨਹੀਂ ਸੀ ਤੇ ਗੱਲਬਾਤ ਵੀ ਖੁੱਲ੍ਹ ਕੇ ਕਰ ਰਿਹਾ ਸੀ। ਅਸਲ 'ਚ ਉਹ ਵੀ ਕਿਸੇ ਜ਼ਮਾਨੇ 'ਚ ਕੈਂਸਰ ਪੀੜਤ ਸੰਸਥਾ 'ਚ ਏਸ ਕੁੜੀ ਵਾਂਗ ਹੀ ਕੰਮ ਕਰ ਚੁੱਕਾ ਸੀ ਤੇ ਇਹ ਨੇਕ ਕਾਰਜ ਉਸ ਨੂੰ ਆਪਣੀਆਂ ਹੀ ਪੈੜਾਂ ਦੀ ਨਿਸ਼ਾਨਦੇਹੀ ਕਰਦਾ ਲੱਗਦਾ ਸੀ। 
      ਕੁਝ ਪਲਾਂ ਬਾਦ ਉਹ ਲੰਘੇ ਵਕਤਾਂ ਦੇ ਵੱਗ ਚੁੱਕੇ ਓਸ ਪਾਣੀ ਕੋਲ ਜਾ ਬੈਠੀ ਸੀ ਜਿਸ ਨੇ ਪਤਾ ਨਹੀਂ ਕਿੰਨੇ ਮਾਰੂਥਲਾਂ ਨੂੰ ਭਾਗ ਲਾਏ ਹੋਣਗੇ। ਉਹ ਛਾਤੀ ਦੇ ਕੈਂਸਰ ਨਾਲ ਪੀੜਤ ਸੀ ਤੇ ਉਸ ਲਈ ਹਰ ਦਵਾ ਬੇਅਸਰ ਹੋ ਚੁੱਕੀ ਸੀ। ਕਿਸੇ ਦੇ ਉਚੇ ਸੁਰ 'ਚ ਕੀਤੀ ਗੱਲ ਵੀ ਉਸ ਨੂੰ ਅੰਦਰ ਤੱਕ ਤੋੜ ਦਿੰਦੀ ਸੀ। ਅੱਜ ਉਸ 'ਤੇ ਕਿਸੇ ਦਵਾਈ ਦਾ ਨਿਰੀਖਣ ਹੋਣਾ ਸੀ ਜੋ ਉਸ ਦੀ ਬੁਝੂੰ  ਬੁਝੂੰ ਕਰਦੀ ਆਖ਼ਿਰੀ ਉਮੀਦ ਲਈ ਸ਼ਾਇਦ ਓਟ ਬਣ ਸਕਦੀ ਹੋਵੇ । ਉਸ ਦੇ ਹੰਝੂਆਂ ਨੂੰ ਆਪਣੇ ਹੱਥਾਂ 'ਚ ਬੋਚਦੀ ਇਹ ਬੀਬਾ ਉਸ ਨੂੰ ਆਪਣੇ  ਨਿਵਾਰਣ ਦੀ ਤਲਾਸ਼ ਕਰਦੀ ਭਾਸੀ। 
   ਪੱਤਝੜ 'ਚ ਪੱਤਿਆਂ ਦੇ ਝੜਨ ਦੀ ਰੁੱਖਾਂ ਨੂੰ ਆਦਤ ਹੋਣ ਵਾਂਗ ਹੀ ਉਹ ਸਾਹਮਣੇ ਬੈਠੀ ਇੱਕ ਬੇਬੇ ਆਦਤਨ ਆਪਣਾ ਆਪਾ ਲੂਕਾਉਂਦੀ ਜਾਪ ਰਹੀ ਸੀ। ਉਸ ਦੀ ਖ਼ਾਮੋਸ਼ੀ ਨੂੰ ਤੋੜ ਉਸ ਦੇ ਜੀਵਨ ਸਫ਼ਰ ਦੀ ਅਸੁਖਾਵੀਂ ਡਗਰ 'ਤੇ ਝਾਤ ਪਾਉਣਾ ਔਖਾ ਸੀ। ਕਹਿੰਦੇ ਨੇ ਕਿ ਜਦੋਂ ਕਿਸੇ ਨੂੰ ਸਿਸਕੀ ਸਰਾਪ ਮਿਲਦਾ ਹੈ ਤਾਂ ਜ਼ਿੰਦਗੀ ਆਪਣੇ ਸਰੂਪ ਤੋਂ ਮੁਨਕਰੀ ਵੱਲ ਨੂੰ ਅਹੁਲਦੀ ਹੈ। ਕੋਲ ਬੈਠੇ ਉਸ ਦੇ ਪੁੱਤਰ ਨਾਲ ਹੋਈ ਵਾਰਤਾਲਾਪ ਦੌਰਾਨ ਮੂਕ ਬਣੀ ਮੂਰਤ ਵਾਂਗ ਉਸ ਨੇ ਨਾ ਤਾਂ ਨਜ਼ਰਾਂ ਮਿਲਾਈਆਂ ਤੇ ਨਾ ਹੀ ਕੋਈ ਹੁੰਗਾਰਾ ਹੀ  ਭਰਿਆ ਸੀ । 
       ਵਾਰਡ 'ਚ ਵਿਚਰਦਿਆਂ  ਉਹ ਬੀਬਾ ਹੁਣ ਓਸ ਮਹਿਲਾ ਕੋਲ ਆ ਬੈਠੀ ਸੀ ਜੋ ਸਾਹਾਂ ਦੀ ਆਖਰੀ ਪੂੰਜੀ ਸੋਹਜ ਦੇ ਲੇਖੇ ਲਾ ਸੋਚਾਂ ਵਿਚਲੀ ਕਾਲਖ ਨੂੰ ਚਾਨਣ ਦੀ ਕਾਤਰ ਸੰਗ ਪੋਚਣਾ ਲੋਚਦੀ ਸੀ। ਨਾ ਤਾਂ ਉਸ ਨੇ ਏਸ ਬਿਮਾਰੀ ਨੂੰ ਆਪਣੇ ਆਪੇ 'ਤੇ ਹਾਵੀ ਹੋਣ ਦਿੱਤਾ ਸੀ ਤੇ ਨਾ ਹੀ ਖਾਣਾ -ਪੀਣਾ ਛੱਡਿਆ ਸੀ। ਉਹ ਤਾਂ ਉਨ੍ਹਾਂ ਪੱਤਝੜੀ ਰੁੱਖਾਂ ਵਾਂਗਰ  ਸੀ ਜੋ ਆਪਣੇ ਪੱਤ ਝੜਨ ਤੋਂ ਪਹਿਲਾਂ ਵੀ ਇੱਕ ਵਾਰ ਸੂਹੀ ਭਾਅ ਚੁਫ਼ੇਰੇ ਬਿਖੇਰ ਦਿੰਦੇ ਨੇ। ਹੁਣ ਵੀ ਉਹ ਭਾਂਤ -ਸੁਭਾਂਤੇ ਫੁੱਲਾਂ ਦੀਆਂ ਰੰਗੀਨ ਫੋਟੋਆਂ ਸੰਗ ਗੱਲੀਂ ਲੱਗੀ ਆਪਾ ਪ੍ਰਚਾ ਰਹੀ ਜਾਪ ਰਹੀ ਸੀ। 
        ਹਰ ਪੀੜਤ ਦੀ ਗਾਥਾ ਧਿਆਨ ਨਾਲ ਸੁਣਦੀ ਹੋਈ ਉਹ ਇੱਕ ਅਜਿਹੀ ਆਸ ਉਨ੍ਹਾਂ ਦੇ ਆਪੇ 'ਚ ਵਿਸਥਾਰਣ ਦਾ ਉਪਰਾਲਾ ਕਰਦੀ ਹੈ ਜਿਹੜੀ ਜਿਉਣ ਕਿਰਨ ਬਣ ਉਨ੍ਹਾਂ ਦੇ ਅੰਦਰ ਫ਼ੈਲਦੀ ਅੰਤਰਮਨ ਨੂੰ ਸੁਖਨ ਸਰਵਰ ਨਾਲ ਭਰ ਦੇਵੇ। ਦਰਦਮੰਦਾਂ ਦੀਆਂ ਆਹਾਂ ਆਪਣੀ ਝੋਲੀ 'ਚ ਸਮੇਟਦੀ ਇਹ ਬੀਬਾ ਨਿੱਤ ਬਣਦੀ ਹੈ ਉਨ੍ਹਾਂ ਦੀ ਪੀੜ ਲਈ ਸਫ਼ਾਅ ਤੇ ਸਦਾਅ। ਪੱਤਝੜ ਦੀ ਰੁੱਤੇ ਖਿੜਦੇ ਕੁਦਰਤੀ ਰੰਗਾਂ ਨੂੰ ਉਨ੍ਹਾਂ ਸਾਹਵੇਂ ਲਿਆ ਬਿਖੇਰਦੀ ਹੈ ਜੋ ਮੁਰਝਾਉਣ ਤੋਂ ਪਹਿਲਾਂ ਟਹਿਕਣਾ ਜਾਣਦੇ ਨੇ। 

ਗੂੜ੍ਹੇ ਬੱਦਲ਼ 
ਧੁਪੀਲੀਆਂ ਰਿਸ਼ਮਾਂ 
ਖਿੜਦੇ ਰੰਗ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 105 ਵਾਰ ਪੜ੍ਹੀ ਗਈ ਹੈ।

21 Jun 2017

ਪੰਜਾਬੀ ਬੋਲੀ (ਮਿੰਨੀ ਕਹਾਣੀ )


 " ਸਭੀ ਲੋਗੋਂ ਕਾ ਰਾਸ਼ਨ - ਪਾਣੀ  ਪਾ ਦੀਅਾ ਮੈਨੇ ਇਸ ਝੋਲੇ ਮੇਂ, ਅੌਰ ਕਿਸੀ ਚੀਜ ਕੀ ਲੋੜ ਹੂਈ ਤੋ ਬਤਾ ਦੇਣਾ,"   ਜਰਨੈਲ ਸਿੰਘ ਖੇਤ ਵਿੱਚ ਝੋਨਾ ਲਗਾੳੁਣ ਜਾ ਰਹੇ ਭਈਅਾਂ ਨੂੰ ਰਾਸ਼ਨ ਦਿੰਦਾ ਕਹਿ ਰਿਹਾ ਸੀ |

    ਝੋਲਾ ਫੜ ਕੇ ਰਾਮੂ ਭਈਅਾ ਕਹਿਣ ਲੱਗਾ, " ਯੇ ਤੋ ਸਭ ਠੀਕ ਹੈ ਸਰਦਾਰ ਜੀ , ਮਗਰ ਏਕ ਬਾਤ ਹੈ ਮ੍ਹਾਰੇ ਮਨ ਮੇਂ, ਜੋ ਆਪ ਸੇ ਕਰਨੀ ਥੀ  "


 " ਹਾਂ ਦੱਸ ਕੀ ਆ ਤੇਰੇ ਮਨ ਮੇਂ  " ਜਰਨੈਲ ਹੱਸਦਾ ਬੋਲਿਆ ।
  " ਸਰਦਾਰ ਜੀ , ਅਾਪ ਹਮਾਰੇ  ਸੇ ਪੰਜਾਬੀ ਮੇਂ ਹੀ ਬਾਤ ਕੀਅਾ ਕਰੋ , ਹਮੇਂ ਪੰਜਾਬੀ ਸਮਝ ਅਾਤਾ ਹੈ , ਇਸੀ ਸੇ ਤੋ ਆਪ ਕਾ ਪੂਰੀ ਦੁਨੀਆਂ ਮੇ ਨਾਮ ਸੈ  "
    ਇਹ ਸੁਣ ਕੇ ਜਰਨੈਲ ਸੁੰਨ ਜਿਹਾ ਹੋ ਕੇ ਸੋਚਣ ਲੱਗਾ ਕਿ ਅਸੀਂ  ਉਸ ਮਾਂ ਬੋਲੀ ਦਾ ਨਿਰਾਦਰ ਕਰੀ ਜਾਨੇ ਆ ਜਿਸ ਉੱਤੇ ਪੂਰੀ ਦੁਨੀਆ ਨੂੰ ਮਾਣ ਆ ਅਤੇ ਅਸੀਂ ਇਹ ਸਭ ਅਾਪ ਹੀ  ਗਵਾ ਰਹੇ ਅਾਂ  । 
   ਅਜੇ ੳੁਹ ਡੂੰਘੀਅਾਂ ਸੋਚਾਂ ਚੋਂ ਬਾਹਰ ਨਹੀਂ ਆਇਅਾ ਸੀ ਕਿ ਕੋਲ ਖੜੇ ੳੁਸ ਦੇ ਪੋਤੇ ਨੇ ਹਲੂਣਾ ਦੇ ਕੇ ਕਿਹਾ , " ਵੱਡੇ ਡੈਡੀ , ਹਮਾਰੇ ਸਕੂਲ ਮੇਂ ਵੀ ਪੰਜਾਬੀ ਬੋਲਣੇ ਪੇ ਫਾਈਨ ਏ। " 


ਮਾਸਟਰ ਸੁਖਵਿੰਦਰ ਦਾਨਗੜ੍ਹ

94171-80205

ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ ਹੈ। 

20 Jun 2017

ਦੁੱਖ- ਸੁੱਖ


ਹਾਂ ਭਈ ਸੰਤਾ ਸਿਹਾਂ ਸੁਣਾ ਕੀ ਹਾਲ ਏ ਤੇਰਾ ?
ਹਾਂ ਬੰਤਾ ਸਿਹਾਂ ਮੈਂ ਠੀਕ ਆਂ ਤੂੰ ਸੁਣਾ !!
ਕੀ ਸੁਣਾਵਾਂ ਯਾਰ ,ਜਦੋਂ ਦੀ ਬਿਸ਼ਨੀ ਤੁਰ ਗਈ ਏ ਮੈਂ ਤਾਂ ਇਕੱਲਾ ਰਹਿ ਗਿਆ ਹਾਂ। ਨੂੰਹਾਂ - ਪੁੱਤ ਤਾਂ ਪੁੱਛਦੇ ਨਹੀਂ ਬੱਸ ਭਰਾਵਾ ਕਦੇ ਕਿਸੇ ਗੁਰਦੁਆਰੇ ,ਕਦੀ ਕਿਸੇ।
ਹਾਂ ਸੰਤਾ ਸਿਹਾਂ ਮੇਰਾ ਵੀ ਕੁਝ ਤੇਰੇ ਵਾਲਾ ਹੀ ਹਾਲ ਹੈ। ਸਾਰੀ ਉਮਰ ਡਟ ਕੇ ਕਮਾਈ ਕੀਤੀ। ਦੋ ਧੀਆਂ ਨੂੰ ਪੜਾਇਆ ਲਿਖਾਇਆ।ਓਹਨਾਂ ਦੇ ਵਿਆਹ ਕੀਤੇ। ਪੁੱਤ ਨੂੰ ਵੀ ਬੜੀ ਕੋਸ਼ਿਸ ਕੀਤੀ ਕਿ ਕਿਸੇ ਕੰਮ ਧੰਦੇ 'ਤੇ ਲੱਗ ਜਾਵੇ ਪਰ ਬੇਕਾਰ। ਹੁਣ ਜੋ ਮੇਰੀ ਪੈਨਸ਼ਨ ਆਉਂਦੀ ਹੈ , ਮੈਨੂੰ ਸਿਰਫ਼ ਅੰਗੂਠਾ ਲਗਵਾਉਣ ਲਈ ਹੀ ਲਿਜਾਂਦੇ ਨੇ। ਹੋਰ ਸੁਣ ਕੱਲ ਮੇਰਾ ਬੜਾ ਦਿਲ ਕਰੇ ਬੱਤਾ ਪੀਣ ਨੂੰ .....ਮੈਂ ਨੂੰਹ ਕੋਲੋਂ ਦੱਸ ਰੁਪਏ ਮੰਗੇ। ਜਿਹੜੀ ਓਹਨੇ ਮੇਰੀ ਕੁੱਤੇ ਖਾਣੀ ਕੀਤੀ ਪੁੱਛ ਕੁਝ ਨਾ। ਮੇਰੇ ਨਾਲਦੀ ਵੀ ਜਦੋਂ ਦੀ ਤੁਰ ਗਈ ਏ ਮੈਂ ਵੀ ਇਕੱਲਾ ਰਹਿ ਗਿਆ ਵਾ ਭਰਾਵਾ।
ਹਾਂ ਬੰਤਾ ਸਿਹਾਂ ਓਹੀ ਬੰਦਾ ਹੁੰਦਾ ਜੋ ਆਪਣੇ ਬੱਚਿਆ ਦੇ ਕੰਡਾ ਚੁੱਭਿਆ ਨੀ ਜਰਦਾ .......! ਓਹੋ ਬੱਚੇ ਬੰਦੇ ਨੂੰ ਕੰਡਿਆ ਜੋਗਾ ਛੱਡ ਦਿੰਦੇ ਨੇ !
ਨਿਰਮਲ ਕੋਟਲਾ
ਨੋਟ : ਇਹ ਪੋਸਟ ਹੁਣ ਤੱਕ 22 ਵਾਰ ਪੜ੍ਹੀ ਗਈ ਹੈ। 

19 Jun 2017

ਬੋਲਦੇ ਅੱਖਰ (ਮਿੰਨੀ ਕਹਾਣੀ)

Image result for punjabi alphabets
ਉਹ ਹੁਣ ਦਸਾਂ ਵਰ੍ਹਿਆਂ ਦਾ ਹੋ ਗਿਆ ਸੀ। ਘਰਦਿਆਂ ਨੇ ਅਜੇ ਤੱਕ ਉਸ ਨੂੰ ਸਕੂਲ ਪੜ੍ਹਨੇ ਨਹੀਂ ਪਾਇਆ ਸੀ। ਪਿੰਡ ਦੀਆਂ ਬੀਹੀਆਂ 'ਚ ਦਿਨ ਭਰ ਨਿਆਣਿਆਂ ਸੰਗ ਦੁੜੰਗੇ ਲਾਉਂਦਾ ਉਹ ਭਾਉਂਦਾ ਫਿਰਦਾ।ਲਾਗਲੇ ਪਿੰਡ ਅਧਿਆਪਕ ਲੱਗੀ ਉਸ ਦੀ ਮਾਸੀ ਇੱਕ ਦਿਨ ਉਸ ਨੂੰ ਆਪਣੇ ਨਾਲ ਲੈ ਗਈ ਤੇ ਸਕੂਲ ਦਾਖਲ ਕਰਵਾ ਦਿੱਤਾ। ਉਸ ਲਈ ਹੁਣ ਸਭ ਕੁਝ ਓਪਰਾ ਸੀ। ਨਵਾਂ ਪਿੰਡ, ਨਵਾਂ ਸਕੂਲ ਤੇ ਨਵੇਂ ਸਾਥੀ। ਪਰ ਕੁਝ ਸਮੇਂ ਬਾਦ ਉਹ ਨਵੀਂ ਥਾਵੇਂ ਰਚ -ਮਿਚ ਗਿਆ। 

ਇੱਕ ਦਿਨ ਉਸ ਦੇ ਦਿਮਾਗ ਦੀ ਸਾਫ਼ ਸਲੇਟ ਉੱਤੇ ਮਾਂ -ਬੋਲੀ ਦੇ ਅੱਖਰ ਉਕਰੇ ਜਾ ਰਹੇ ਸਨ। " ਪੱਪਾ ਪਤੰਗ, ਫੱਫਾ ਫ਼ੱਟੀ " ਮਾਸੀ ਉਸ ਨੂੰ ਪੈਂਤੀ ਸਿਖਾ ਰਹੀ ਸੀ। ਉਹ ਵਿੱਚੇ ਟੋਕਦਾ ਹੋਇਆ ਬੋਲਿਆ, " ਤੇ ਮੰਮਾ ਮਾਸੀ। ਹੋਰ ਗੱਲਾਂ ਦੀਆਂ ਗੱਲਾਂ, ਅੱਜ ਤਾਂ ਲੱਜਤਾਂ ਹੀ ਆ ਗਈਆਂ। ਇਹ ਅੱਖਰ ਤਾਂ ਆਪੇ ਬੋਲੀ ਜਾਂਦੇ ਨੇ। ਮੇਰੇ ਨਾਲ਼ ਗੱਲਾਂ ਕਰੀ ਜਾਂਦੇ ਨੇ, ਹੈ ਕਿ ਨਾ ਮਾਸੀ। " ਆਪਣੇ ਅੰਦਰ ਚਿਰਾਂ ਤੋਂ ਪੁੰਗਰਦੀ ਭਾਸ਼ਾ ਦੇ ਅੱਖਰਾਂ ਨਾਲ ਉਹ ਚਾਈਂ -ਚਾਈਂ ਫੇਰ ਗੱਲੀਂ ਲੱਗ ਗਿਆ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 203 ਵਾਰ ਪੜ੍ਹੀ ਗਈ ਹੈ। 

18 Jun 2017

ਖ਼ੈਰਾਤ


ਤੇਰੇ ਦਰ ਤੇ ਆ ਕੇ
ਮੈਂ ਜੋ ਸਦਾ ਦਿੱਤੀ
ਤੂੰ ਆਪਣੇ ਦਾਮਨ ਦੀ ਨਫ਼ਰਤ
ਮੇਰੀ ਝੋਲੀ 'ਚ
ਦਰਿਆ ਦਿਲੀ ਨਾਲ ਪਾ ਕੇ
ਭਰ ਦਿੱਤੀ ਸੀ।
.
ਉਸ ਵੇਲੇ
ਮੈਨੂੰ ਤੇਰੀ ਸਰੀਰਕ ਭਾਸ਼ਾ
ਕੰਵਲ ਦੇ ਫੁੱਲ ਵਾਂਗ ਖਿੜੀ ਖਿੜੀ ਲੱਗੀ।
ਤੂੰ ਇੱਕ ਜੇਤੂ ਖ਼ੈਰਾਤੀ ਹੋ ਗਿਆ ਸੀ। 
 ਅਤੇ ਮੈਂ
ਤੇਰਾ ਸ਼ੁਕਰਾਨਾ ਕਰਦਾ
ਬੋਝਲ ਕਦਮਾਂ ਨਾਲ
ਅੱਗੇ ਪੈਰ ਪੁੱਟਣ ਦਾ ਹੰਭਲਾ ਮਾਰਦਾ
ਖ਼ੁਸ਼ਕਿਸਮਤ ਭਿਖਾਰੀ।
-0-
ਸੁਰਜੀਤ ਸਿੰਘ ਭੁੱਲਰ

17-06-2017

ਨੋਟ : ਇਹ ਪੋਸਟ ਹੁਣ ਤੱਕ 26 ਵਾਰ ਪੜ੍ਹੀ ਗਈ ਹੈ। 

16 Jun 2017

ਲੋਭੀ (ਮਿੰਨੀ ਕਹਾਣੀ )


ਮੱਘਰ ਸਿੰਘ ਨੇ ਅਾਪਣੇ ਪੁੱਤਰ ਦਾ ਵਿਆਹ ਬਹੁਤ ਹੀ ਸ਼ਾਨੋ - ਸ਼ੌਕਤ ਨਾਲ਼ ਕੀਤਾ ਸੀ | ਕਾਲ਼ੇ ਰੰਗ ਦੀਅਾਂ ਤੀਹ ਕਾਰਾਂ ਵਾਲ਼ਾ ਚਾਅ ਵੀ ਪੂਰਾ ਕਰ ਲਿਆ ਸੀ | ਇੱਕ ਦਿਨ ੳੁਸ ਦੀ ਪਤਨੀ ਅਾਖਣ ਲੱਗੀ , " ਦੇਖੋ ਜੀ, ਕੋਈ ਕਸਰ ਨਹੀਂ ਛੱਡੀ ਅਗਲਿਆਂ ਨੇ ਖਰਚ ਕਰਨ ਦੀ , ਸੁੱਖ ਨਾਲ ਨੂੰਹ ਵੀ ਬਥੇਰੀ ਚੰਗੀ ਮਿਲੀ ਆ , ਜਿੳੁਂਦਾ ਰਹੇ ਵਿਚੋਲਾ ਜਿੰਨਾਂ ਕਿਹਾ ਸੀ ੳੁਸ ਤੋਂ ਕਿਤੇ ਵੱਧ ਦਾਜ ਅਾਇਅਾ ...ਹੁਣ ਤਾ ਬੱਸ ਇੱਕੋੋ ਹੀ ਫਿਕਰ ਅਾ ਮੈਨੂੰ | "
" ਹੁਣ ਤੈਨੂੰ ਕਾਹਦਾ ਫਿਕਰ ਪੈ ਗਿਅਾ ? " ਮੱਘਰ ਸਿੰਘ ਨੇ ਟੋਕ ਕੇ ਕਿਹਾ |
" ਅਾਪਣੀ ਰਾਣੋ ਦਾ, ਜੋ ਕੋਠੇ ਜਿੱਡੀ ਹੋਈ ਪਈ ਅਾ , ਜਿਸ ਨੂੰ ਵੀ ਪੁੱਛੋੋ ਅਗਲੇ ਮੂੰਹ ਪਾੜ ਕੇ ਖੜ ਜਾਂਦੇ ਅਾ " ੳੁਹ ਬੋਲੀ |

" ਹੈ ਕਮਲੀ ! ੳੁਹ ਤਾਂ ਮੈ ਇੰਤਜਾਮ ਕਰਤਾ ਅਾ ਦੇਖ " ਮੱਘਰ ਸਿੰਘ ਅਖਬਾਰ ਦਿਖਾੳੁਂਦਾ ਬੋਲਿਅਾ ਜਿਸ ਤੇ ਲਿਖਿਆ ਸੀ ," ਪੜੀ -ਲਿਖੀ ਸੁਸ਼ੀਲ ਲੜਕੀ ਲਈ ਵਧੀਅਾ ਸਥਾਪਿਤ ਵਰ ਦੀ ਲੋੜ ਹੈ , ਪਰ ਦਾਜ ਦੇ ਲੋਭੀ ਮੁਅਾਫ ਕਰਨ | "
ਮਾਸਟਰ ਸੁਖਵਿੰਦਰ ਦਾਨਗੜ੍ਹ

94171-80205

ਨੋਟ : ਇਹ ਪੋਸਟ ਹੁਣ ਤੱਕ 16 ਵਾਰ ਪੜ੍ਹੀ ਗਈ ਹੈ। 

13 Jun 2017

ਇਕਾਂਤ

Image result for solitude art
ਕਾਦਰ ਦੀ ਵੰਨ -ਸੁਵੰਨੀਆਂ ਰੰਗੀਨੀਆਂ ਵਾਲੀ ਕੁਦਰਤ ਚੌਗਿਰਦੇ 'ਚੋਂ ਮਨਫ਼ੀ ਸੀ। ਨਾ ਖੁੱਲ੍ਹਾ ਅੰਬਰ, ਨਾ ਸੂਰਜੀ ਲਿਸ਼ਕੋਰ, ਨਾ ਤੈਰਦੀਆਂ ਬਦਲੋਟੀਆਂ ਨਾ ਪੰਛੀ ਕਲੋਲ। ਨਾ ਰੁਮਕਦੀ ਸੀ ਪੌਣ ਕਿਧਰੇ ਨਾ ਹੀ ਖਿਲਰੇ ਸੀ ਪੱਤੇ, ਰੰਗਾਂ ਦਾ ਲਲਾਰੀ ਗੁੰਮ ਸੀ ਕਿਤੇ। ਚੁਫ਼ੇਰਾ ਰੰਗਹੀਣ ਤਾਂ ਨਹੀਂ ਸੀ ਪਰ ਏਕਲ ਰੰਗ ਜੋ ਰੂਪਮਾਨ ਸੀ ਓਹ ਸੀ ਨਿਰੋਲ ਚਿੱਟਾ,ਉੱਜਲ ਸਫ਼ੈਦ ਜਾਂ ਬੇਦਾਗ਼ ਬੱਗਾ। ਇਓਂ ਲੱਗਦਾ ਸੀ ਜਿਵੇਂ ਚੁਫ਼ੇਰੇ ਬਰਫ਼ ਹੀ ਬਰਫ਼ ਖਿਲਰੀ ਹੋਵੇ। ਚੌਗਿਰਦੇ 'ਤੇ ਤਣਿਆ ਸੀ ਚੁੱਪ ਦਾ ਸਫ਼ੈਦ ਗਿਲਾਫ਼। 
ਉਹ ਇੱਕ ਛੋਟੇ ਜਿਹੇ ਬੰਦ ਕਮਰੇ ' ਬੈਠਾ ਸੀ ਜਿਸ ਵਿੱਚ ਨਾ ਕੋਈ ਝਰੋਖਾ ਸੀ ਨਾ ਕੋਈ ਖਿੜਕੀ ਤੇ ਬੂਹਾ ਵੀ ਅੰਦਰੋਂ ਬੰਦ ਸੀ।ਇਹ ਇੱਕ ਛੋਟੀ ਜਿਹੀ ਪ੍ਰਯੋਗਸ਼ਾਲਾ ਸੀ ਜਿਸ ਵਿੱਚ ਹਰ ਇੱਕ ਵਸਤ ਦੁੱਧ ਰੰਗੀ ਸੀ। ਉਸ ਨੇ ਓਸ ਸਫ਼ੈਦ ਕਮਰੇ ' ਇੱਕਲਿਆਂ ਹੀ ਬਹੱਤਰ ਘੰਟੇ ਗੁਜ਼ਾਰਨੇ ਸਨ ਬਗੈਰ ਕਿਸੇ ਨਾਲ ਕੋਈ ਸੰਪਰਕ ਕੀਤਿਆਂ। ਨਾ ਕੋਈ ਘੜੀ, ਨਾ ਫੋਨ। ਨਾ ਟੀ. ਵੀ. ਨਾ ਕੰਮਪਿਊਟਰ ਤੇ ਨਾ ਹੀ ਕੋਈ ਹੋਰ ਬਿਜਲਈ ਯੰਤਰ। ਨਾ ਕੋਈ ਪੜ੍ਹਨ ਲਈ ਕਿਤਾਬਨਾ ਅਖ਼ਬਾਰ ਤੇ ਨਾ ਕੋਈ ਹੋਰ ਮਨ -ਪ੍ਰਚਾਵੇ ਦਾ ਸਾਧਨ। ਉਸ ਦੇ ਖਾਣ -ਪੀਣ ਲਈ ਭੋਜਨ ਤੇ ਨਿੱਤ ਕਿਰਿਆ ਲਈ ਪਖ਼ਾਨਾ ਸਭ ਕੁਝ ਓਸੇ ਕਮਰੇ ' ਮੌਜੂਦ ਸੀ।              
    ਕਪਾਹ ਰੰਗੀਆਂ ਸਫ਼ੈਦ ਕੰਧਾਂ ਤੇ ਸਫ਼ੈਦ ਫ਼ਰਨੀਚਰ। ਚਿੱਟਾ ਸੰਗਮਰਮਰੀ ਫਰਸ਼। ਪੂਣੀ ਵਰਗੇ ਬੱਗੇ ਬੈਡ 'ਤੇ ਬੱਗਾ ਗੱਦਾ,ਬੱਗੀ -ਬੱਗੀ ਚਾਦਰ ਤੇ ਬੱਗਾ ਸਰਾਹਣਾ। ਰੂੰ ਵਰਗਾ ਚਿੱਟਾ ਤੌਲੀਆ, ਚਿੱਟਾ ਸਾਬਣ ਤੇ ਚਿੱਟੇ ਰੰਗ ਦੇ ਟਾਇਲਟ ਪੇਪਰ। ਭੋਜਨ ਵੀ ਸਫ਼ੈਦ ਭਾਂਡਿਆਂ ' ਪਿਆ ਸੀ। ਉਸ ਦੇ ਪਾਏ ਕੱਪੜੇ ਵੀ ਗੁਲਦਾਉਦੀ ਦੇ ਸ਼ਫਾਫ ਫੁੱਲ ਜਿਹੇ ਸਫ਼ੈਦ।ਓਥੇ ਦਿਨ ਤੇ ਰਾਤ ਦਾ ਕੋਈ ਭੇਦ ਨਹੀਂ ਸੀ। ਨਿਰੰਤਰ ਖਿਲਰਦੀ ਦੁੱਧੀਆ ਰੌਸ਼ਨੀ ' ਕਮਰਾ ਹੋਰ ਵੀ ਉੱਜਲਾ ਉੱਜਲਾ ਲੱਗ ਰਿਹਾ ਸੀ।  
    ਕਹਿੰਦੇ ਨੇ ਹਰ ਕੋਈ ਆਪਣੀ ਨਿੱਤ ਦੀ ਭੱਜ ਦੌੜ ਤੋਂ ਕੁਝ ਪਲ ਦੂਰ ਇਕਾਂਤ ' ਬਿਤਾਉਣਾ ਲੋਚਦੈ। ਉਹ ਵੀ ਇਹੋ ਤਜ਼ਰਬਾ ਕਰ ਰਿਹਾ ਸੀ ਕਿ ਸ਼ੋਰ ਸ਼ਰਾਬੇ ਦੀ ਅਣਹੋਂਦ ' ਇਹ ਇਕਾਂਤ ਕਿਸ ਹੱਦ ਤੱਕ ਸੁਹਾਵਣਾ ਲੱਗ ਸਕਦੈ। ਉਹ ਕਿਸੇ ਨੁੱਕਰ ' ਬੈਠ ਆਪਣੇ ਅੰਦਰਲੀ ਚੁੱਪ ਤੇ ਬੇਚੈਨੀ ਨੂੰ ਸੁਣਨਾ ਚਾਹੁੰਦਾ ਸੀ ਜਿੱਥੇ ਉਸ ਦੀ ਬਿਰਤੀ ਨੂੰ ਠੁੰਗਣ ਵਾਲਾ ਕੋਈ ਨਾ ਹੋਵੇ। ਅਸ਼ਾਂਤ ਤੇ ਅਸਹਿਜ ਮਨ ਨੂੰ ਅਰਾਮ ਦਿਵਾਉਣ ਲਈ ਚੁੱਪ ਪਹਿਨ ਕੇ ਵੇਖਣਾ ਚਾਹੁੰਦਾ ਸੀ। ਹੁਣ ਉਹ ਸੀ ਤੇ ਉਸ ਦੀ ਚੁੱਪੀ। ਲੱਗਦਾ ਸੀ ਕਿ ਉਸ ਦੇ ਦੁਆਲੇ ਪਸਰੀ ਚੁੱਪ ਸਕੂਨ ਦੇ ਰਹੀ ਹੋਵੇਗੀ। ਉਹ ਚੁੱਪੀ ਨਾਲ ਇੱਕ ਮਿੱਕ ਹੋ ਓਸ ਚੁੱਪ ਨੂੰ ਬੁਲਾਉਣ ਲੱਗਾ ਜੋ ਉਸ ਨੂੰ ਸ਼ਾਇਦ ਪਹਿਲਾਂ ਕਦੇ ਨਜ਼ਰ ਨਹੀਂ ਆਈ ਸੀ। ਚੁੱਪ ' ਅਣਕਹੇ ਅਹਿਸਾਸ ਧੜਕਣ ਲੱਗੇ ਅਤੇ ਤਲੀਆਂ 'ਤੇ ਜਜ਼ਬਾਤ ਪਿਘਲਦੇ ਰਹੇ  
      ਅੰਦਰ ਆਉਂਦੇ ਹੋਏ ਉਹ ਸਮਾਂ ਵੇਖਣਾ ਖੁੰਝ ਗਿਆ ਸੀ ਪਰ ਕੁਝ ਦੇਰ ਬਾਦ ਉਹ ਸੌਂ ਗਿਆ। ਕਰੀਬਨ ਛੇ -ਸੱਤ ਘੰਟਿਆਂ ਦੀ ਨੀਂਦ ਤੋਂ ਬਾਦ ਉਹ ਜਾਗਿਆ ਪਰ ਸਮੇਂ ਦਾ ਅਹਿਸਾਸ ਨਾ ਹੋਣ ਕਾਰਨ ਉਸ ਨੂੰ ਬੀਤਿਆ ਸਮਾਂ ਲੰਮੇਰਾ ਭਾਸਿਆ। ਖਾਣ -ਪੀਣ ਤੋਂ ਵਿਹਲਾ ਹੋ ਸਮਾਂ ਬਿਤਾਉਣ ਲਈ ਕਦੇ ਉਸ ਨੇ ਕਸਰਤ ਕੀਤੀ ਤੇ ਫੇਰ ਗੀਤ ਗਾਏ। ਕਮਰੇ ' ਚੱਕਰ ਲਾਉਂਦਾ ਸਿੱਧੀ ਤੇ ਪੁੱਠੀ ਗਿਣਤੀ ਕਰਨ ਲੱਗਾ। ਮਸੀਂ ਛੇ ਕੁ ਘੰਟੇ ਬੀਤੇ ਹੋਣਗੇ ਜਦੋਂ ਰਾਤ ਦਾ ਭੋਜਨ ਕਰ ਉਹ ਫੇਰ ਸੌਂ ਗਿਆ। ਅੰਦਾਜ਼ੇ ਨਾਲ ਉਹ ਹਰ ਕਿਰਿਆ ਕਰਦਾ ਸਵੈ ਨਾਲ ਗੱਲੀਂ ਲੱਗਾ ਰਿਹਾ। ਸੋਚਾਂ ਦੀ ਧੁੰਦ ਵਿੱਚ ਉਸ ਦੇ ਖ਼ਿਆਲ ਫੜਫੜਾਉਣ ਲੱਗੇ। ਉੱਡਦੀ ਚੇਤਨਾ ਦੇ ਹਰਫ਼ਾਂ ਵੱਲ ਦੌੜਦਾ ਸੰਦਲੀ ਯਾਦਾਂ ਫੁੱਲਾਂ ਦੀਆਂ ਬਿਖਰੀਆਂ ਪੱਤੀਆਂ ਵਾਂਗਰ ਚੁਣਨ ਲੱਗਾ। ਚੁੱਪ ਦੀ ਮੱਠੀ -ਮੱਠੀ ਝਰਨਾਹਟ ਦੇ ਸਰੂਰ ਨੂੰ ਖ਼ਾਮੋਸ਼ੀ ਦੀ  ਬੁੱਕਲ਼ ਮਾਰ ਆਪਣੇ ਅੰਦਰਲੇ ਅਨੰਦ ਨੂੰ ਵਾਚਣ ਦੀ ਅਸਫ਼ਲ ਕੋਸ਼ਿਸ਼ ਕਰਦਾ ਰਿਹਾ। 
         ਸਮਾਂ ਤਾਂ ਆਪਣੀ ਚਾਲ ਤੁਰਦਾ ਜਾ ਰਿਹਾ ਸੀ ਪਰ ਸਮੇਂ ਦੇ ਮਾਪਕ ਦੀ ਅਣਹੋਂਦ ' ਉਹ ਚੌਵੀ ਘੰਟੇ ਅਗਾਂਹ ਚੱਲਿਆ ਗਿਆ। ਉਸ ਨੂੰ ਲੱਗਾ ਕਿ ਨਜਿੱਠੇ ਸਮੇਂ ਦੀ ਮਿਆਦ ਹੁਣ ਪੁੱਗਣ ਵਾਲੀ ਹੈ ਤੇ ਉਹ ਕੁਝ ਮਿੰਟਾਂ ਬਾਦ ਬਾਹਰ ਚੱਲਿਆ ਜਾਵੇਗਾ। ਹੁਣ ਉਹ ਅਸ਼ਾਂਤ ,ਅਸਹਿਜ ਤੇ ਨਿਰਾਸ਼ ਸੀ। ਸ਼ਾਂਤੀ ਲਈ ਇਕਾਂਤ ਤੇ ਖ਼ਾਮੋਸ਼ੀ ਜ਼ਰੂਰੀ ਹੈ ਪਰ ਉਹ ਇੱਕਲਾ ਰਹਿਣਾ ਨਹੀਂ ਚਾਹੁੰਦਾ ਸੀ। ਖ਼ਾਮੋਸ਼ੀ ਦੀ ਨਮੋਸ਼ੀ ਹੁਣ ਉਸ ਨੂੰ ਪ੍ਰੇਸ਼ਾਨ ਕਰ ਰਹੀ ਸੀ। ਉਸ ਦੀ ਭੁੱਖ ਮਰੀ ਵੀ ਨਹੀਂ ਸੀ ਪਰ ਉਹ ਕੁਝ ਖਾਣਾ ਵੀ ਨਹੀਂ ਚਾਹੁੰਦਾ ਸੀ। ਖੁਦ ਦੀ ਸੋਚ ਬੇਲੋੜੀ ਲੱਗ ਰਹੀ ਸੀ ਤੇ ਚੁਫੇਰੇ ਪਸਰੀ ਚੁੱਪ 'ਚੋਂ ਹੁੰਗਾਰੇ ਦੀ ਕੋਈ ਕੰਨੀ ਫ਼ੜਨ ਦੀ ਕੋਸ਼ਿਸ਼ ਕਰ ਰਿਹਾ ਸੀ  ਉਹ ਸੋਚਾਂ ਦਾ ਪ੍ਰਵਾਹ ਦੂਜਿਆਂ ਦੇ ਸ਼ਬਦਾਂ ਰਾਹੀਂ ਪਾਉਣਾ ਲੋਚਦਾ ਸੀ। ਕਿਸ ਬਾਰੇ ਤੇ ਕੀ ਸੋਚ ਰਿਹਾ ਹੁਣ ਯਾਦ ਨਹੀਂ ਸੀ।ਅਛੂਹ ਸੁਪਨੇ ਤੇ ਹਕੀਕਤ ਰਲ਼ਗੱਡ ਹੋ ਰਹੇ ਸਨ। ਆਪਣੀ ਹੋਂਦ ਦੇ ਖਿਲਰੇ ਟੁਕੜੇ ਇੱਕਠੇ ਕਰਦਾ ਆਪਣੀ ਰੂਹ ਨੂੰ ਲੱਭ ਰਿਹਾ ਸੀ। ਪਰ ਨਮੋਸ਼ੀ ਦੀ ਖ਼ਮੋਸ਼ੀ ਉਲਝਣ ਹੋਰ ਵਧਾ ਰਹੀ ਸੀ। 
    ਅਚਨਚੇਤ ਉਸ ਦੀ ਚੁੱਪੀ ਦੇ ਵਿਦਰੋਹੀ ਸ਼ੋਰ ਨੇ ਸਮੇਂ ਦੀ ਮਿਆਦ ਤੋਂ ਪਹਿਲਾਂ ਹੀ ਉਸ ਨੂੰ ਬੰਦ ਬੂਹਾ ਖੋਲ੍ਹਣ ਲਈ ਮਜਬੂਰ ਕਰ ਦਿੱਤਾ। ਪਰ ਉਹ ਫਿਰ ਪਿਛਾਂਹ ਪਰਤ ਆਇਆ। ਕਹਿੰਦੇ ਨੇ ਕਿ ਡੂੰਘੀ ਚੁੱਪ ਸਮੇਂ ਨਾ ਸਾਡੇ ਅੰਦਰ ਤੂਫ਼ਾਨ ਉਮੜਦੇ ਨੇ ਨਾ ਝੱਖੜ ਝੁਲਦੇ ਨੇ ਸਗੋਂ ਸੁੰਗੜ ਜਾਂਦੇ ਨੇ ਮਮੋਲੇ  ਚਾਅ ਤੇ ਸਹਿਮ ਜਾਂਦੀ ਹੈ ਪ੍ਰਵਾਜ਼। ਹੁਣ ਉਹ ਸ਼ਾਂਤ ਬੈਠਾ ਸੀ ਚੁੱਪ ਦੇ ਅੰਦਰ ਬਾਹਰ ਠਰੇ ਜਜ਼ਬਾਤਾਂ ' ਡੁੱਬਾ। ਉਸ ਦੀ ਸੋਚ 'ਤੇ ਬਰਫ਼ ਜੰਮ ਗਈ ਸੀ ਤੇ ਉਸ ਦੇ ਆਪੇ ਅੰਦਰ ਉਗੀਆਂ ਬਰਫ਼ੀਲੀਆਂ ਕੰਧਾਂ ਨੇ ਉਸ ਨੂੰ ਸੁੰਨ ਕਰ ਦਿੱਤਾ ਸੀ। ਅਚਾਨਕ ਬੂਹੇ 'ਤੇ ਹੋਈ ਠੱਕ -ਠੱਕ ਨਾਲ ਤ੍ਰਭਕ ਕੇ ਉੱਠਿਆ। ਉਸ ਦੇ ਸਮੇਂ ਦੀ ਮਿਆਦ ਪੂਰੀ ਹੋ ਚੁੱਕੀ ਸੀ। 
           ਇਕਾਂਤ ਹਮੇਸ਼ਾਂ ਸੁਹਾਵਣਾ ਨਹੀਂ ਹੁੰਦਾ। ਕਹਿੰਦੇ ਨੇ ਕਿ ਇੱਕਲਿਆਂ ਤੇਜ਼ ਤਾਂ ਤੁਰਿਆ ਜਾ ਸਕਦੈ ਪਰ ਅਗਾਂਹ ਵਧਣ ਲਈ ਸਾਥ ਜ਼ਰੂਰੀ ਹੈ। ਬਾਹਰ ਆਉਂਦਿਆਂ ਹੀ ਉਸ ਨੂੰ ਚੌਗਿਰਦੇ ' ਦਿੱਤੇ ਕਿਸੇ ਨਿੱਘੇ ਤਰੌਂਕੇ ਦਾ ਅਹਿਸਾਸ ਹੋਇਆ। ਕੁਦਰਤੀ ਹੁਸੀਨਤਾ ਉਸ ਦਾ ਖਾਲੀਪਣ ਭਰਨ ਲੱਗੀ। ਧੁਰ ਅੰਦਰ ਤੱਕ ਲਹਿੰਦਾ ਇੱਕ ਹਵਾ ਦਾ ਬੁੱਲਾ ਉਸ ਨੂੰ ਯੁੱਗ ਜਿਉਣ ਦੀ ਅਸੀਸ ਵਰਗਾ ਲੱਗਿਆ। 

ਹਵਾ ਦਾ ਬੁੱਲਾ 
ਹੌਲ਼ੀ ਹੌਲ਼ੀ ਪਿਘਲੇ 
ਯਖ਼ ਬਰਫ਼। 

ਡਾ. ਹਰਦੀਪ ਕੌਰ ਸੰਧੂ 


ਨੋਟ : ਇਹ ਪੋਸਟ ਹੁਣ ਤੱਕ 175 ਵਾਰ ਪੜ੍ਹੀ ਗਈ ਹੈ।