ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 May 2013

ਦੁੱਖ ਭੁਲਾਵਾਂ


ਅੱਖ ਦਾ ਤੀਰ
ਮਾਰ ਜਦ ਕਰਦਾ
ਵਹਿੰਦਾ ਨੀਰੋ ਨੀਰ ।
ਦੁੱਖ ਭੁਲਾਵਾਂ
ਮਾਹੀ ਜੇ ਘਰ ਆਵੇ
ਭਜ ਗਲ਼ੇ ਲਗਾਵਾਂ ।

ਹਰਭਜਨ ਸਿੰਘ ਖੇਮਕਰਨੀ
(ਅੰਮ੍ਰਿਤਸਰ)

25 May 2013

ਰੋਏ ਪੰਜਾਬ

ਪੰਜਾਬੀ ਲੋਕ 
ਭੇਂਟ ਚੜ੍ਹਦੇ ਨਿੱਤ
ਭੈੜੇ-ਮਕਾਰ
ਰਾਜਨੀਤੀਵਾਨਾਂ ਦੇ
ਜਦ ਲੜੀਏ
ਅਸੀਂ ਹੱਕਾਂ ਖਾਤਰ 
ਖੇਡਣ ਚਾਲ
ਲੀਡਰ ਸਾਡੇ ਨਾਲ਼
ਸੱਤਾ ਖਾਤਰ 
ਵੰਡ- ਵੰਡ ਕੇ ਨਸ਼ੇ 
ਉਜਾੜੇ ਘਰ
ਹੱਕ ਮੰਗਣ ਵਾਲੇ
ਮੰਗਣ ਨਸ਼ੇ 
ਵੋਟਾਂ ਲੈਣ ਲੀਡਰ
ਨਸ਼ੇ ਖੁਆ ਕੇ 
ਅੰਦਰੋਂ ਖੁਸ਼ ਨੇਤਾ    
ਰੋਏ ਪੰਜਾਬ
ਕੌਣ ਲਵੇਗਾ ਸਾਰ
ਕਰੇ ਸਾਨੂੰ ਅਬਾਦ !     

ਵਰਿੰਦਰਜੀਤ ਸਿੰਘ ਬਰਾੜ 
(ਬਰਨਾਲ਼ਾ) 

24 May 2013

ਸੱਚੋ ਸੱਚ

                                                                                             1.
ਕਲਮ ਲਿੱਖੇ 
ਅੱਖੀਆਂ  ਪੜ੍ਹਨ  ਵੀ
ਅਸਰ ਜ਼ੀਰੋ ।


2.

ਸੱਚ ਦੀ ਗੱਲ
ਸਿਰਫ ਕਾਲੇ ਲੇਖ
ਜੱਗ  ਤਮਾਸ਼ਾ ।

3.

ਬੈਠ ਪ੍ਰਦੇਸੀਂ
ਚਿੰਤਾ ਕਰੋ ਦੇਸ਼ ਦੀ
ਤਾਜ਼ਾ ਖਬਰ ।

4.

ਸਭ ਨਕਲੀ
ਕਾਂ ਵੀ ਕਾਲਾ ਖਿਡੌਣਾ
ਚੂਰੀ ਵੀ ਝੂੱਠੀ ।


5.
ਅੱਖੀਆਂ ਬੰਦ
ਭਗਤ ਬਗਲਾ ਜੀ
ਮੂੰਹ 'ਚ ਮੱਛੀ।

 ਦਿਲਜੋਧ ਸਿੰਘ 
( ਨਵੀਂ ਦਿੱਲੀ )

22 May 2013

ਹਾਇਕੁ ਬੋਲਦਾ ਹੈ

ਅੱਜ ਹਾਇਕੁ ਲੋਕ ਨਾਲ਼ ਪ੍ਰੋ. ਨਿਤਨੇਮ ਸਿੰਘ ਨੇ ਆਪਣੀ ਸਾਂਝ ਪਾਈ ਹੈ। ਆਪ ਬਾਟਨੀ ਵਿਸ਼ੇ ਦੇ ਲੈਕਚਰਰ ਵਜੋਂ ਪੰਜਾਬ ਦੇ ਵੱਖ-ਵੱਖ ਕਾਲਜਾਂ 'ਚ ਸੇਵਾ ਨਿਭਾਉਣ ਮਗਰੋਂ 31 ਮਈ 2011 ਨੂੰ ਸਰਕਾਰੀ ਕਾਲਜ ਮੁਕਤਸਰ ਤੋਂ ਸੇਵਾ ਮੁਕਤ ਹੋਏ। ਅੱਜਕੱਲ ਆਪਣੇ ਪਿੰਡ ਨਾਨਕਪੁਰਾ (ਮੁਕਤਸਰ) ਵਿਖੇ ਰਹਿ ਰਹੇ ਹਨ।

ਆਪ ਦਾ ਲਿਖਤੀ ਸਫ਼ਰ 1965 'ਚ ਜਦੋਂ ਆਪ ਪੰਜਵੀਂ ਜਮਾਤ 'ਚ ਪੜ੍ਹਦੇ ਸਨ, ਕੁਝ ਦੇਸ਼ ਭਗਤੀ ਦੇ ਗੀਤ ਲਿਖਣ ਤੋਂ ਸ਼ੁਰੂ ਹੋਇਆ ਪਰ ਅੱਧਵਾਟੇ ਹੀ ਛੁੱਟ ਗਿਆ। ਨੌਕਰੀ 'ਚ ਆਉਣ ਤੋਂ ਬਾਦ ਆਪ ਦੁਬਾਰਾ ਸਾਹਿਤ ਨਾਲ਼ ਜੁੜੇ। ਭਾਵੇਂ ਕਿਸੇ ਦੀ ਵਿਦਿਅਕ ਯੋਗਤਾ ਦਾ ਉਸ ਦੀ ਸਾਹਿਤਕ ਰੁਚੀ ਤੇ ਜਾਣਕਾਰੀ 'ਚ ਕੋਈ ਸਬੰਧ ਨਹੀਂ ਪਰ ਮੁਕਤਸਰ ਕਾਲਜ ਦੇ ਪੰਜਾਬੀ ਵਿਭਾਗ ਵਾਲ਼ਿਆਂ ਨੂੰ ਇੱਕ ਸਾਇੰਸ ਅਧਿਆਪਕ ਦੀ ਸਾਹਿਤਕ ਜਾਣਕਾਰੀ ਰੱਖਣ ਵਾਲ਼ੀ ਗੱਲ ਅੱਢੁਕਵੀਂ ਲੱਗੀ। ਆਪ ਨੇ ਇਸ ਨੂੰ ਚੁਣੌਤੀ ਵਜੋਂ ਲਿਆ ਤੇ ਪਹਿਲਾਂ ਗਜ਼ਲ ਤੇ ਫਿਰ ਹਾਇਕੁ ਸੰਗ੍ਰਹਿ ਪ੍ਰਕਾਸ਼ਿਤ ਕਰਵਾਇਆ। 
ਪ੍ਰੋ. ਨਿਤਨੇਮ ਸਿੰਘ ਜੀ ਨੂੰ ਜੀ ਆਇਆਂ ਕਹਿੰਦੀ ਹੋਈ ਮੈਂ ਆਪ ਦੇ ਹਾਇਕੁ ਸੰਗ੍ਰਹਿ 'ਹਾਇਕੁ ਬੋਲਦਾ ਹੈ' 'ਚੋਂ ਕੁਝ ਹਾਇਕੁ ਸਾਂਝੇ ਕਰਨ ਦੀ ਖੁਸ਼ੀ ਲੈ ਰਹੀ ਹਾਂ।

1.
ਝੂਮਦੇ ਰੁੱਖ
ਨੱਚਣ ਤੇ ਗਾਉਣ
ਸੁੰਦਰ ਪੰਛੀ ।

2.
ਮਹਿਕ ਫੈਲੇ
ਉੱਡਣ ਤਿੱਤਲੀਆਂ 
ਘੁੰਮਣ ਭੌਰੇ।

3.
ਕੋਇਲ ਬੋਲੇ
ਗਾਵੇ ਮਿੱਠੇ ਤਰਾਨੇ
ਅੰਬਾਂ ਉੱਪਰ । 

ਪ੍ਰੋ. ਨਿਤਨੇਮ ਸਿੰਘ 
(ਨਾਨਕਪੁਰ-ਮੁਕਤਸਰ)

20 May 2013

ਪਹੁ ਫੁਟਾਲਾ


1.
ਪਹੁ ਫੁਟਾਲਾ
ਰਾਤ ਅਤੇ ਦਿਨ ਦੀ
ਗਲ਼ਵੱਕੜੀ
2.
ਪਹੁ ਫੁਟਾਲਾ
ਚਿੜੀਆਂ ਦਾ ਚੂਕਣਾ
ਰੁੱਖਾਂ ਦੀ ਜਾਗ
3.
ਪਹੁ ਫੁਟਾਲਾ
ਸੂਰਜ ਦੀ ਕਿਰਨ
ਨਵੀਂ ਆਸ ਦੀ

ਭੂਪਿੰਦਰ ਸਿੰਘ
(ਨਿਊਯਾਰਕ)

17 May 2013

ਨਿੱਕੂ-ਨਿੱਕੀ ਦੀਆਂ ਸੁਗਾਤਾਂ

ਸਾਡੀ ਜ਼ਿੰਦਗੀ 'ਚ ਇੱਕ ਦਿਨ ਬਹੁਤ ਹੀ ਵਿਸ਼ੇਸ਼ ਹੁੰਦਾ ਹੈ ਜਦੋਂ ਅਸੀਂ ਜ਼ਿੰਦਗੀ ਦੀ ਅਗਲੀ ਬਹਾਰ ਦੇਖਣ ਲਈ ਅਗਲੇਰੇ ਰਾਹਾਂ ਨੂੰ ਸੁਆਰਨ ਦੇ ਹੀਲੇ-ਵਸੀਲੇ ਕਰਦੇ ਹੋਏ ਹੌਲੇ ਜਿਹੇ ਆਪਣਾ ਕਦਮ ਅੱਗੇ ਧਰਦੇ ਹਾਂ। ਸਾਡੇ ਆਪਣੇ ਇਸ ਦਿਨ ਆਪਾ ਲੁਟਾਉਂਦੇ ਹੋਏ ਸਭ ਕੁਝ ਸਾਡੇ ਮੂਹਰੇ ਅਰਪਣ ਕਰ ਦਿੰਦੇ ਹਨ। ਬੜੇ ਚਾਅ ਨਾਲ਼ ਹਰ ਦਿੱਤੀ ਸੁਗਾਤ ਨੂੰ ਅਸੀਂ ਝੋਲੀ 'ਚ ਪੁਆਉਂਦੇ ਖੁਸ਼ੀ ਨਾਲ਼ ਫੁੱਲੇ ਨਹੀਂ ਸਮਾਉਂਦੇ। ਬੱਸ ਇਹੋ ਜਿਹਾ ਹੀ ਦਿਨ ਅੱਜ ਮੇਰੇ ਬੂਹੇ ਆਣ ਖਲੋਤਾ ਜਿਸ ਦੇ ਹਰ ਪਲ਼ ਦੇ ਜ਼ਿਕਰ ਨੂੰ ਮੈਂ ਹਾਇਕੁ ਕਾਵਿ 'ਚ ਪਰੋ ਪਾਠਕਾਂ ਨਾਲ਼ ਸਾਂਝਾ ਕਰਨਾ ਲੋਚਦੀ ਹਾਂ।



ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ) 
ਨੋਟ: ਇਹ ਪੋਸਟ ਹੁਣ ਤੱਕ 107 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।

16 May 2013

ਬਾਲ ਵਿਆਹ (ਚੋਕਾ)

ਮੈਰਿਜ਼ ਚਾਈਲਡ ਐਕਟ ਬਣਨ ਦੇ ਬਾਵਜੂਦ ਵੀ ਭਾਰਤ ਦੇਸ਼ 'ਚ 56% ਬਾਲ ਵਿਆਹ ਪਿੰਡਾਂ 'ਚ ਤੇ 30% ਸ਼ਹਿਰਾਂ 'ਚ ਹੁੰਦੇ ਹਨ। ਭਾਵੇਂ ਅਸੀਂ ਇਕੀਵੀਂ ਸਦੀ ਵਿੱਚ ਪਹੁੰਚ ਗਏ ਹਾਂ , ਪਰ ਹਾਲੇ ਵੀ ਬਿਹਾਰ ਵਿੱਚ ਬਾਲ ਵਿਆਹ ਦਾ ਰਿਵਾਜ ਹੈ ਜੋ ਕਿ ਭਾਰਤੀ ਕਾਨੂੰਨ ਦੀ ਉਲੰਘਣਾ ਹੈ।ਸਾਡੇ ਮੁਲਕ ਦੀਆਂ ਸਮੇਂ ਦੀਆਂ ਸਰਕਾਰਾਂ ਇਨ੍ਹਾਂ ਨੂੰ ਰੋਕਣ ਲਈ ਅਜੇ ਤੱਕ ਕੁਝ ਨਹੀਂ ਕਰ ਸਕੀਆਂ। 



ਛੋਟੀ ਉਮਰੇ 
ਬਾਬੁਲ ਕਰੇ ਵਿਦਾ 
ਧੀ- ਧਿਆਣੀ ਨੂੰ 
ਰਹੁ-ਰੀਤਾਂ 'ਚ ਬੱਝਾ 
ਉਮਰ ਸੋਲਾਂ 
ਬਾਲੜੀ ਬਣੀ ਸੀ ਮਾਂ 
ਭੋਗੇ ਨਰਕ 
ਖੇਡਣ ਦੀ ਉਮਰੇ
ਬਾਲ ਖਿਡਾਵੇ
ਸੁੱਖਾਂ ਨੂੰ ਉੱਡੀਕਦੀ 
ਦਿਨ ਹੰਡਾਵੇ 
ਪੀੜਾਂ ਭਰੀ ਉੱਠਦੀ 
ਦਿਲ ਚੋਂ ਹੂਕ 
ਅੱਥਰੂ ਵਹਾਉਂਦੀ 
ਮੂਰਤ ਮੂਕ 
ਚੜ੍ਹਦੀਆਂ ਕੁੜੀਆਂ 
ਅਜੇ ਵੀ ਕਿਉਂ
ਰਹੁ- ਰੀਤਾਂ ਦੀ ਬਲੀ 
ਪੀਵਣ ਰੱਤ  
ਭੈੜੀਆਂ ਕੁਰੀਤੀਆਂ 
ਬਾਲ ਵਿਆਹ 
ਰਲ਼ ਕਰੀਏ ਬੰਦ 
ਆਪਾਂ ਹੁਣ ਏ
ਪੁੱਠਾ ਜਿਹਾ ਰਿਵਾਜ਼
ਕਰੋ ਬੁਲੰਦ 'ਵਾਜ਼ !

ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ) 
ਨੋਟ: ਇਹ ਪੋਸਟ ਹੁਣ ਤੱਕ 102 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।




15 May 2013

ਖਿਝੇ ਕੁਦਰਤ


1
ਸੁੰਨੀ ਧਰਤੀ 
ਧੁੱਪ ਵਿੱਚ ਤਪਦੀ 
ਏ .ਸੀ .ਚੱਲਦੇ 
ਸੁੱਤਾ ਪਿਆ ਮਨੁੱਖ 
ਕੁਦਰਤ ਖਿਝਦੀ।

2.
ਸਾਰੇ ਆਖਣ 
ਰਹਿ ਕੁਦਰਤ ਨੇੜੇ 
ਜਿਧਰ ਦੇਖਾਂ 
ਹੀਟਰ, ਪੱਖੇ, ਏ. ਸੀ.
ਸਾਰੀ ਦੁਨੀਆਂ ਘੇਰੀ।

ਡਾ. ਸ਼ਿਆਮ ਸੁੰਦਰ 'ਦੀਪਤੀ'
(ਅੰਮ੍ਰਿਤਸਰ)

14 May 2013

ਮਾਂ ਦੇਵੇ ਲੋਰੀ

ਅੱਜ ਸਾਡੇ ਨਾਲ਼ ਇੱਕ ਨਵਾਂ ਨਾਂ ਆ ਜੁੜਿਆ ਹੈ- ਗੁਰਸੇਵਕ ਸਿੰਘ ਧੌਲਾ।
ਆਪ ਪੱਤਰਕਾਰੀ ਖੇਤਰ ਵਿੱਚ ਹਨ।ਕੈਨੇਡਾ ਤੋਂ ਛਪਣ ਵਾਲੇ ਹਫ਼ਤਾਵਾਰੀ ਅਖ਼ਬਾਰ 'ਸਿੱਖ ਸਪੋਕਸਮੈਨ' ਦੇ ਸੰਪਾਦਕ ਹਨ। ਕੁਦਰਤ ਨੂੰ ਅਥਾਹ ਪਿਆਰ ਕਰਨ ਵਾਲ਼ੇ ਗੁਰਸੇਵਕ ਸਿੰਘ ਨੂੰ ਪੰਛੀਆਂ ਨਾਲ਼ ਖਾਸ ਲਗਾਓ ਹੈ। ਅੱਜਕੱਲ ਆਪ ਇੱਕ ਹੋਰ ਬੜਾ ਨੇਕ ਕੰਮ ਕਰ ਰਹੇ ਹਨ-ਪੰਛੀਆਂ ਦੀ ਭਲਾਈ ਲਈ ਲੋਕਾਂ ਨੂੰ ਜਾਗਰੂਕ ਕਰਨਾ। 

ਮਾਂ ਦਿਵਸ ਦੇ ਮੌਕੇ ਆਪ ਨੇ ਆਪਣੀਆਂ ਮਨੋਭਾਵਨਾਵਾਂ ਨੂੰ ਪਹਿਲੀ ਵਾਰ ਹਾਇਕੁ ਕਾਵਿ ਵਿਧਾ 'ਚ ਬੰਨ ਕੇ ਸਾਡੇ ਨਾਲ਼ ਸਾਂਝਾ ਕੀਤਾ ਹੈ। ਮੈਂ ਹਾਇਕੁ ਲੋਕ ਮੰਚ ਵਲੋਂ ਆਪ ਜੀ ਦਾ ਨਿੱਘਾ ਸੁਆਗਤ ਕਰਦੀ ਹਾਂ। 

1.
ਮਾਂ ਦੇਵੇ ਲੋਰੀ
ਸੁਣ ਮਾਉਲੇ ਰਾਹੀ
ਜ਼ਿੰਦਗੀ ਤੋਰੀ।

2.
ਕੰਮ ਮਾਂ ਹੱਥ
ਬਰਕਤਾਂ ਭਾਰੀਆਂ
ਕੱਖ ਵੀ ਲੱਖ।

3.
ਦੇਵੇ ਝਿੜਕਾਂ
ਮਾਂ ਕਦ ਖੁਸ਼ ਹੋਵੇ
ਲਵਾਂ ਬਿੜਕਾਂ।

4.
ਮਾਂ ਪੱਕੀ ਰੋਟੀ
ਹੱਥ 'ਚੋਂ ਖੁੱਸ ਗਈ
ਜ਼ਿੰਦੜੀ ਖੋਟੀ।

ਗੁਰਸੇਵਕ ਸਿੰਘ ਧੌਲਾ
(ਬਰਨਾਲ਼ਾ) 
ਨੋਟ: ਇਹ ਪੋਸਟ ਹੁਣ ਤੱਕ 328 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।

12 May 2013

ਮਾਂਵਾਂ ਦਾ ਦਿਨ - 2

ਪੀੜ ਬੇਕਾਬੂ
ਪੁੜਪੁੜੀਆਂ ਝੱਸੇ
ਮਾਂ ਹੱਥ ਜਾਦੂ 
(ਹਰਦੀਪ ਕੌਰ )
ਇਸ ਹਾਇਕੁ ਤੋਂ ਪ੍ਰਭਾਵਿਤ ਹੁੰਦਿਆਂ ਜੋਗਿੰਦਰ ਸਿੰਘ ਥਿੰਦ ਜੀ ਕਹਿੰਦੇ ਹਨ ਕਿ ਮੈਂ ਅਨੁਭਵ ਕੀਤਾ ਜਿਵੇਂ ਸੁਰਗਾਂ 'ਚ ਬੈਠੀ ਮਾਂ ਮੇਰੀਆਂ ਪੁੜਪੁੜੀਆਂ ਝੱਸ ਰਹੀ ਹੋਵੇ। ਉਨ੍ਹਾਂ ਵਲੋਂ ਆਪਣੀ ਸੁਰਗਾਂ 'ਚ ਬੈਠੀ ਮਾਂ ਨੂੰ ਸਮਰਪਿਤ ਕੁਝ ਹਾਇਕੁ 

1.

ਮਾਂਵਾਂ ਦਾ ਦਿਨ 
ਮਾਂ ਸੁਰਗਾਂ ਚੋਂ ਆਵੇ
ਲਾਡ ਲਡਾਵੇ।
2.
ਮਾਂ ਬੇਸਬਰੀ
ਲਾਲਟੈਨ ਲੈ 'ਕੱਲੀ
ਲੱਭਣ ਚੱਲੀ।
3.
ਮਾਂ ਨੂੰ ਚੁੱਭਿਆ 
ਪੈਰੀਂ ਜੇ ਕੰਡਾ ਲੱਗਾ
ਸੂਈ ਲੈ ਕੱਢੇ।
4.
ਮਾਂ ਦੀ ਗੋਦੀ
ਨਿੱਘ ਅਨੋਖਾ ਆਵੇ
ਚੋਗੇ ਖਿਲਾਵੇ।
5.
ਮਾਂ ਵਰਗੀ ਛਾਂ
ਕਿਤੇ ਦੁਨੀਆਂ 'ਚ ਨਾ
ਠੰਡਾਂ ਪਾਉਂਦੀ।

ਜੋਗਿੰਦਰ ਸਿੰਘ ਥਿੰਦ
(ਅੰਮ੍ਰਿਤਸਰ) 
***********************************************

ਗਰਭਪਾਤ
ਕੁੜੀ ਨਹੀਂ ਜੰਮਣੀ
ਮਾਂ ਦਾ ਕਤਲ 

ਦਿਲਜੋਧ ਸਿੰਘ
(ਨਵੀਂ ਦਿੱਲੀ)



ਮਾਂ ਦਿਵਸ

ਇੱਕ ਅੱਖਰਾ ਛੋਟਾ ਜਿਹਾ ਸ਼ਬਦ 'ਮਾਂ' ਆਪਣੇ ਅੰਦਰ ਇੱਕ ਵਿਸ਼ਾਲ ਸਮੁੰਦਰ ਜਿੰਨੀ ਗਹਿਰਾਈ, ਜਿਗਰਾ, ਪਿਆਰ ਤੇ ਪਾਣੀ ਵਾਂਗਰ ਹਰ ਰੰਗ 'ਚ ਘੁਲ਼ ਕੇ ਓਹੀ ਰੰਗ ਬਣ ਜਾਣ ਵਰਗੇ ਗੁਣ ਸਮੋਈ ਬੈਠਾ ਹੈ। ਮਾਂ ਦਿਵਸ ਨੂੰ ਵਿਸ਼ੇਸ਼ ਬਨਾਉਣ ਲਈ ਹਾਇਕੁ-ਲੋਕ ਮੰਚ ਆਪਣੇ ਸਾਰੇ ਪਾਠਕਾਂ ਨੂੰ ਵਧਾਈ ਦਿੰਦਾ ਹੋਇਆ ਕੁਝ ਹਾਇਕੁ ਤੇ ਤਾਂਕਾ ਪੇਸ਼ ਕਰ ਰਿਹਾ ਹੈ।



ਸੁਪ੍ਰੀਤ ਕੌਰ ਸੰਧੂ
(ਜਮਾਤ-ਨੌਵੀਂ) 
***********************************************************************

1.
ਜੱਗ ਦਾ ਫੇਰਾ
ਕਿਤੋਂ ਨਹੀਂ ਲੱਭਿਆ
ਮਾਂ ਜਿੱਡਾ ਜੇਰਾ
ਅੰਬਰ ਜਿਹਾ ਦਿਲ 
ਉਹ ਹੈ ਰੱਬ ਮੇਰਾ | 

2.
ਮੋਹ ਦੀ ਤਾਂਘ
ਮੁੱਕਣੀ ਸਾਹਾਂ ਨਾਲ਼
ਮਾਂ ਨਾਲ਼ ਸਾਂਝ
ਹਰ ਸਾਹ ਪੱਕੇਰੀ 
ਦੁਆਵਾਂ ਜਿਹੀ ਸਾਂਝ | 

3.
ਧੁੱਪ ਵਿੱਚ ਛਾਂ
ਅੱਖੀਆਂ ਪੜ੍ਹ ਲੈਂਦੀ
ਅਨਪੜ੍ਹ ਮਾਂ
ਦਿਲ ਤੋਂ ਬੁੱਝੇ ਸੋਚੇ 
ਅੰਤਰਜਾਮੀ ਏ ਮਾਂ |

4.
ਪੀੜ ਬੇਕਾਬੂ
ਪੁੜਪੁੜੀਆਂ ਝੱਸੇ
ਮਾਂ ਹੱਥ ਜਾਦੂ



 ਰੜਕੇ ਅੱਖ
ਚੁੰਨੀ ਦੇ ਲੜ ਨਾਲ਼ 
ਮਾਂ ਦਿੰਦੀ ਭਾਫ਼ ।


ਡਾ.ਹਰਦੀਪ ਕੌਰ ਸੰਧੂ
(ਬਰਨਾਲ਼ਾ)
**************************************************************
ਤਾਂਕਾ- 5+7+5+7+7 
1.
ਮਾਂਵਾਂ ਦਾ ਦਿਨ

ਮਨਾਉਂਦੀ ਦੁਨੀਆਂ

ਕਰਜ਼ਾ ਮੋੜੇ

ਮਾਂ ਇੱਕ ਫ਼ਲਸਫ਼ਾ

ਸਿਰਜਣਾ ਦਾ ਸ੍ਰੋਤ।

  2.

ਦਿਨ ਮਾਂਵਾਂ ਦਾ

ਕੰਮੀ ਰੁੱਝੇ ਨੇ ਜਾਏ 

ਬਜ਼ੁਰਗ ਮਾਂ

ਖੂੰਜੇ ਬੈਠੀ ਤੱਕਦੀ

   ਭੁੱਖੀ ਅਤੇ ਪਿਆਸੀ।

ਭੂਪਿੰਦਰ ਸਿੰਘ
(ਨਿਊਯਾਰਕ) 
ਨੋਟ: ਇਹ ਪੋਸਟ ਹੁਣ ਤੱਕ 62 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।


11 May 2013

ਚੁੱਪ ਦਾ ਗੀਤ

1.
ਨੀਲਾ ਅੰਬਰ
ਟਿਮਟਿਮਾਂਦੇ ਤਾਰੇ
ਜਲਦੇ ਦੀਵੇ।

2.
ਸਾਂ-ਸਾਂ ਹੋ ਰਹੀ 
ਰਾਤ ਖੁਦ ਗਾ ਰਹੀ
ਚੁੱਪ ਦਾ ਗੀਤ।

3.
ਉੱਲੂ ਬੋਲਦੇ
ਰਾਤ ਦੇ ਚੌਕੀਦਾਰ
ਜਾਗਦੇ ਰਹੋ।

ਹਾਇਕੁ-ਪੁਸਤਕ 'ਬਾਂਕੇ ਦਰਿਆ' 'ਚੋਂ ਧੰਨਵਾਦ ਸਹਿਤ ।
ਕਸ਼ਮੀਰੀ ਲਾਲ ਚਾਵਲਾ
(ਸ੍ਰੀ ਮੁਕਤਸਰ ਸਾਹਿਬ) 

 ਨੋਟ: ਇਹ ਪੋਸਟ ਹੁਣ ਤੱਕ 11 ਵਾਰ ਖੋਲ੍ਹ ਕੇ ਪੜ੍ਹੀ ਗਈ। 

8 May 2013

ਪੈਸੇ ਦੇ ਪਹੀਏ


ਮਿਲ਼ਦੀ ਕਿੱਥੇ 
ਜ਼ਮੀਨ ਸਰਕਾਰੀ 
ਨਾ ਰੋਜ਼ਗਾਰੀ 
ਆਮ ਇਨਸਾਨ ਨੂੰ 
ਜਿੱਤਿਆ ਨੇਤਾ
ਮਿੰਨਾ-ਮਿੰਨਾ ਹੱਸਦਾ
ਵੱਸ ਕੁਝ ਨਾ 
ਲਾਵੇ ਝੋਨਾ ਅਗੇਤਾ 
ਦੁੱਖ ਹੀ ਦੁੱਖ
ਝੱਲਦਾ ਏ ਕਿਸਾਨ 
ਬੈਂਕ - ਕਰਜ਼ਾ
ਖੇਤ ਵਿੱਚ ਦਰਜਾਂ
ਭਰ ਨਾ ਸਕੇ
ਮੁਰਝਾਏ ਨੇ ਫੁੱਲ
ਸੁੱਕੇ ਨੇ ਬੁੱਲ 
ਪਾਣੀ ਨੂੰ ਤਰਸਣ 
ਕੰਮ ਦੀ ਵਾਰੀ
ਵਿਗੜੇ ਪਟਵਾਰੀ
ਕਲਰਕ ਵੀ 
ਪੈਸੇ ਦੇ ਪਹੀਏ ਲਾ
ਫਾਈਲ ਤੋਰੇ
ਲੱਗੀ ਭੈੜੀ ਬੀਮਾਰੀ 
ਰਿਸ਼ਵਤ ਦੀ 
ਹੌਲੀ-ਹੌਲੀ ਹੋਵਣ 
ਕਾਰਜ ਸਰਕਾਰੀ !

ਵਰਿੰਦਰਜੀਤ ਸਿੰਘ ਬਰਾੜ 
(ਬਰਨਾਲ਼ਾ) 
ਨੋਟ: ਇਹ ਪੋਸਟ ਹੁਣ ਤੱਕ 19 ਵਾਰ ਖੋਲ੍ਹ ਕੇ ਪੜ੍ਹੀ ਗਈ। 

ਮਿੱਟੀ ਘੁੰਮਦੀ

1.
ਪਰਲੋ ਆਈ
ਨਦੀ ਦੇ ਬਣ ਗਏ
ਤਿੰਨ ਕਿਨਾਰੇ ।

2.
ਮਿੱਟੀ ਘੁੰਮਦੀ
ਦੇਖੋ ਬਣਦੀ ਜਾਵੇ
ਇੱਕ ਪਿਆਲਾ ।


ਜਨਮੇਜਾ ਸਿੰਘ ਜੌਹਲ
(ਲੁਧਿਆਣਾ)

ਨੋਟ: ਇਹ ਪੋਸਟ ਹੁਣ ਤੱਕ 20 ਵਾਰ ਖੋਲ੍ਹ ਕੇ ਪੜ੍ਹੀ ਗਈ। 

6 May 2013

ਪੰਜਾਬ ਦੀਆਂ ਪੁਰਾਤਨ ਖੇਡਾਂ-2

ਪੰਜਾਬ ਦੀਆਂ ਪੁਰਾਤਨ ਖੇਡਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕੁਝ ਹੋਰ ਖੇਡਾਂ ਨੂੰ ਸਾਡੀ ਇੱਕ ਹਾਇਕੁ ਕਲਮ ਨੇ ਰੂਪਮਾਨ ਕੀਤਾ ਹੈ। ਜੇ ਤੁਹਾਡੇ ਵੀ ਕੁਝ ਯਾਦ ਆਵੇ ਤਾਂ ਆਪਣਾ ਯੋਗਦਾਨ ਪਾਉਣਾ ਨਾ ਭੁੱਲਣਾ।
1.
ਬਾਂਟੇ ਖੁਤੀਆਂ
ਖੇਡਣ ਸ਼ਰਤਾਂ ਲਾ
ਬਾਂਟੇ ਹਾਰਨ ।

2.
ਪੁੱਗਣ ਤਿੰਨ
ਜੋ ਹਾਰੇ ਉਹ ਛੂਵੇ
ਛੂਹ ਨਾ ਹੋਵੇ ।

3.

ਜੱਟ ਬ੍ਰਾਮਣ
ਖੇਡਣ ਲੱਤ ਚੁੱਕ
ਸੁੱਟਣ ਡੰਡਾ ।

4.
ਅੱਖਾਂ 'ਤੇ ਪੱਟੀ
ਗੇੜੇ ਦੇ ਕੇ ਛੱਡਣ
ਲੱਭਣੇ ਆੜੀ ।

ਜੋਗਿੰਦਰ ਸਿੰਘ  ਥਿੰਦ
  (ਅੰਮ੍ਰਿਤਸਰ)

ਨੋਟ: ਇਹ ਪੋਸਟ ਹੁਣ ਤੱਕ 245 ਵਾਰ ਖੋਲ੍ਹ ਕੇ ਪੜ੍ਹੀ ਗਈ।

4 May 2013

ਇੱਕ ਗੁਬਾਰਾ


ਹਾਇਕੁ ਲੋਕ ਨਾਲ਼ ਅੱਜ ਇੱਕ ਹੋਰ ਨਵਾਂ ਨਾਂ ਆ ਜੁੜਿਆ ਹੈ- ਨਿਰਮਲਜੀਤ ਸਿੰਘ ਬਾਜਵਾ।ਆਪ ਨੂੰ ਚਿੱਤਰਕਲਾ ਤੇ ਲਿਖਣ ਦਾ ਸ਼ੌਕ ਹੈ। 

ਇੱਕ ਲਿਖਤ ਨੇ ਨਿਰਮਲਜੀਤ ਨੂੰ ਬਹੁਤ ਪ੍ਰਭਾਵਿਤ ਕੀਤਾ ਜਿਸ 'ਚ ਕਿਹਾ ਗਿਆ ਸੀ ਕਿ ਇਸ ਸ਼੍ਰਿਸ਼ਟੀ ਨੂੰ ਰਚਣ ਵਾਲ਼ਾ ਓਹ ਰੱਬ ਹੈ ਜਿਸ ਦੀ ਅਸੀਂ ਸਾਰੇ ਇੱਕ ਅਨਮੋਲ ਦਾਤ ਹਾਂ। ਰੱਬ ਦੇ ਬਖਸ਼ੇ ਇਸ ਸੁੰਦਰ ਤੋਹਫ਼ੇ ਦਾ ਕਰਜ਼ ਚੁਕਾਉਣ ਲਈ ਸਾਨੂੰ ਵੀ ਕੁਝ ਨਾ ਕੁਝ ਕਰਨਾ ਚਾਹੀਦਾ ਹੈ। ਬੱਸ ਇਥੋਂ ਹੀ ਸ਼ੁਰੂ ਹੁੰਦਾ ਹੈ ਨਿਰਮਲਜੀਤ ਦੀ ਕਲਮ ਤੇ ਰੰਗਾਂ ਦਾ ਸਫ਼ਰ। 

 ਆਪ ਪੰਜਾਬੀ, ਹਿੰਦੀ ਤੇ ਅੰਗਰੇਜ਼ੀ 'ਚ ਲਿਖਦੇ ਨੇ । ਕੁਦਰਤੀ ਨਜ਼ਾਰਿਆਂ ਨੂੰ ਆਪਣੇ ਰੰਗਾਂ ਦੀ ਛੋਹ ਨਾਲ਼ ਕੋਰੇ ਪੰਨਿਆਂ 'ਤੇ ਰੂਪਮਾਨ ਕਰਨਾ ਵੀ ਮਨ ਲੁਭਾਉਂਦਾ ਹੈ। ਅੱਜ ਸਾਡੇ ਨਾਲ਼ ਆਪ ਨੇ ਆਪਣੀ ਹਾਇਕੁ ਸਾਂਝ ਪਾਈ ਹੈ। ਮੈਂ ਨਿਰਮਲਜੀਤ ਸਿੰਘ ਬਾਜਵਾ ਦਾ ਹਾਇਕੁ-ਲੋਕ ਪਰਿਵਾਰ ਵਲੋਂ ਨਿੱਘਾ ਸੁਆਗਤ ਕਰਦੀ ਹਾਂ। 


1.
ਇੱਕ ਗੁਬਾਰਾ
ਫੂਕ ਨਾਲ਼ ਭਰਿਆ
ਉੱਡਿਆ ਦੂਰ

2.
ਮੱਥੇ ਪਸੀਨਾ
ਮੁੜ-ਮੁੜ ਪੂੰਝਦਾ 
ਖੇਤ 'ਚ ਬੈਠਾ 

ਨਿਰਮਲਜੀਤ ਸਿੰਘ ਬਾਜਵਾ
ਨੋਟ: ਇਹ ਪੋਸਟ ਹੁਣ ਤੱਕ 18 ਵਾਰ ਖੋਲ੍ਹ ਕੇ ਪੜ੍ਹੀ ਗਈ।

1 May 2013

ਮਜ਼ਦੂਰ ਦਿਵਸ 'ਤੇ ਵਿਸ਼ੇਸ਼

                   ਅੱਜ ਮਜ਼ਦੂਰ ਦਿਵਸ 'ਤੇ ਹਾਇਕੁ -ਲੋਕ ਵਲੋਂ ਦੁਨੀਆਂ ਦੇ ਮਿਹਨਤਕਸ਼ ਲੋਕਾਂ ਨੂੰ ਸਲਾਮ !

1.
ਮੋਢੇ 'ਤੇ ਗੈਂਤੀ 
ਜ਼ਖਮੀ ਨੰਗੇ ਪੈਰ 
ਕਰੇ ਦਿਹਾੜੀ

2.
ਕਿਰਤੀ ਕਾਮਾ
ਹੱਥੇਲ਼ੀ 'ਤੇ ਅੱਟਣ
ਕਹੀ ਚਲਾਵੇ

3. 
ਖੇਤ 'ਚ ਕਾਮਾ
ਮਿੱਟੀ ਵਿੱਚ ਘੋਲ਼ਦਾ
ਲਹੂ ਦਾ ਰੰਗ

ਡਾ. ਹਰਦੀਪ ਕੌਰ ਸੰਧੂ
(ਸਿਡਨੀ-ਬਰਨਾਲ਼ਾ) 
ਨੋਟ: ਇਹ ਪੋਸਟ ਹੁਣ ਤੱਕ 15 ਵਾਰ ਖੋਲ੍ਹ ਕੇ ਪੜ੍ਹੀ ਗਈ।