ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

24 Feb 2015

ਹੱਸਦੀ ਸੂਹੀ ਚੁੰਨੀ (ਸੇਦੋਕਾ)




1.
ਧੁੰਦਲਕੇ 'ਚ
ਦੂਰ ਪਿੰਡ ਤੋਂ ਤੁਰੀ
ਟਮਟਮ ਯਾਦਾਂ ਦੀ
ਧੁੰਦ ਅਲੋਪ
ਦਿਲ ਦੇ ਬੂਹੇ ਖੁੱਲ੍ਹੇ
ਵਿਸਮਾਦ ਆਤਮਾ।

2.
ਬਣ ਸਿਤਾਰੇ 
ਯਾਦਾਂ ਦੀ ਸੂਹੀ ਚੁੰਨੀ
ਟਿਮਟਿਮ ਟਿਮਕੇ
ਪਿੰਡ ਵਿਹੜੇ 
ਸਿਤਾਰਿਆਂ ਦੀ ਛਾਵੇਂ
ਹੱਸਦੀ ਸੂਹੀ ਚੁੰਨੀ। 

ਡਾ. ਹਰਦੀਪ ਕੌਰ ਸੰਧੂ

ਨੋਟ: ਇਹ ਪੋਸਟ ਹੁਣ ਤੱਕ 33 ਵਾਰ ਪੜ੍ਹੀ ਗਈ।

22 Feb 2015

ਤੀਜਾ ਪਹਿਰ

1.
ਤੀਜਾ ਪਹਿਰ
ਹੱਥ ਫੜ ਕਰਦੇ
ਮਾਂ ਪਿਓ ਸੈਰ।


2.
ਪੋਤੇ ਦੇਖਣ
ਸਾਇਕਲ 'ਤੇ ਬੈਠੇ
ਦਾਦਾ ਤੇ ਦਾਦੀ। 

ਹਰਜਿੰਦਰ ਢੀਂਡਸਾ 
(ਕੈਨਬਰਾ)

ਨੋਟ: ਇਹ ਪੋਸਟ ਹੁਣ ਤੱਕ 36 ਵਾਰ ਪੜ੍ਹੀ ਗਈ।

20 Feb 2015

ਇੱਕ ਨਦੀ ਹਾਂ (ਸੇਦੋਕਾ)

1.
ਇਹ ਜ਼ਿੰਦਗੀ
ਮੌਤ ਦੀ ਅਮਾਨਤ
ਸਾਨੂੰ ਮੋੜਨੀ ਪੈਣੀ
ਕਰ ਹੌਸਲਾ
ਜਿੰਨੀ ਜੀਓ ਜ਼ਿੰਦਗੀ
ਬੱਸ ਉਹੋ ਜ਼ਿੰਦਗੀ ।

2.
ਨਿਰੰਤਰ ਹਾਂ

ਸਮੇਂ ਤੋਂ ਚੱਲ ਰਹੀ
ਮੈਂ ਤਾਂ ਇੱਕ ਨਦੀ ਹਾਂ
ਪਹਾੜੋਂ ਆਈ
ਮੈਦਾਨਾਂ ਵਿੱਚ ਵਹੀ
ਬੱਸ ਇੱਕ ਨਦੀ ਹਾਂ। 

ਕਸ਼ਮੀਰੀ ਲਾਲ ਚਾਵਲਾ 
(ਮੁਕਤਸਰ)

ਨੋਟ: ਇਹ ਪੋਸਟ ਹੁਣ ਤੱਕ 99 ਵਾਰ ਪੜ੍ਹੀ ਗਈ।

13 Feb 2015

ਤੇਰੇ ਦੋ ਬੋਲ (ਸੇਦੋਕਾ )

1.
ਹੱਥ ਫੜ ਕੇ 
ਤੂੰ ਕੀ ਕੀ ਕਹਿ ਦਿੱਤਾ 
ਮੈਂ ਹੀ ਬੱਸ ਜਾਣਦਾ
ਤੇਰੇ ਦੋ ਬੋਲ 
ਖਾਮੋਸ਼ ਜੀਵਨ'ਚ 
ਆਈ ਹੁਣ ਰਵਾਨੀ। 

2
ਸਿਆਣਾ ਬਣ
ਦੂਰ  ਕਰ ਦੂਰੀਆਂ
ਸਭ  ਮਜਬੂਰੀਆਂ
ਪਿਆਰ ਵਟਾ 
ਵਧਾ ਸਾਂਝੇ ਵਸੀਲੇ
ਹੋਏ ਜੋ ਤੀਲੇ -ਤੀਲੇ। 

ਮੈਂ ਹੀ ਜਾਣਦਾ
ਪਿਆਰ ਭਰੀ ਦਿੱਖ 
ਮਿਲੀ ਹੁਣ ਜ਼ਿੰਦਗੀ 
ਬਣ ਸਿਆਣਾ
ਗੁਰਬਤ ਨੂੰ ਘਟਾ
ਨਿੱਘਾ ਪਿਆਰ ਵਟਾ। 

ਡਾ. ਸ਼ਿਆਮ ਸੁੰਦਰ ਦੀਪਤੀ 
( ਅੰਮ੍ਰਿਤਸਰ)

10 Feb 2015

ਮਹਿਕੀ ਮਿੱਟੀ

           ਆਥਣ ਦਾ ਵੇਲ਼ਾ। ਟਿਮਟਿਮਾਉਂਦੀਆਂ ਬੱਤੀਆਂ 'ਚ ਟਿਮਕਦਾ ਸਿਡਨੀ ਦਾ ਏਅਰ ਪੋਰਟ। ਸਕੇ ਸਬੰਧੀਆਂ ਤੇ ਆਪਣੇ ਦੋਸਤ -ਮਿੱਤਰਾਂ ਦਾ ਸੁਆਗਤ ਕਰਨ ਪਹੁੰਚੇ ਲੋਕਾਂ ਦੀ ਭੀੜ। ਜਹਾਜ਼ ਦੇ ਸੁੱਖੀ -ਸਾਂਦੀ ਪਹੁੰਚ ਜਾਣ ਦੀ ਸੂਚਨਾ ਪੜ੍ਹਦਿਆਂ ਹੀ ਅਸੀਂ ਮੁੱਖ ਗੇਟ 'ਤੇ ਆ ਖਲੋਤੇ ਅਤੇ ਮਾਂ ਨੂੰ ਬੇਸਬਰੀ ਨਾਲ ਉਡੀਕਣ ਲੱਗੇ।
          ਕੁਝ ਦੇਰ ਬਾਅਦ ਸਮਾਨ ਨਾਲ ਲੱਦੀਆਂ ਵੱਡੀਆਂ -ਵੱਡੀਆਂ ਟਰਾਲੀਆਂ ਧਕੇਲਦੇ ਲੋਕ ਏਅਰ -ਪੋਰਟ ਤੋਂ ਬਾਹਰ ਆਉਣ ਲੱਗੇ। ਨਰਗਸ ਦੇ ਫੁੱਲਾਂ ਜਿਹੀ ਹਾਸੀ ਹੱਸਦੇ, ਬਾਹਾਂ ਖਿਲਾਰ -ਖਿਲਾਰ ਧਾਅ ਕੇ ਮਿਲ ਰਹੇ ਸਨ ਉਹ ਆਪਣਿਆਂ ਨੂੰ। ਅਸੀਂ ਵੀ ਬਰੂਹਾਂ 'ਤੇ ਖਲੋਤੇ ਅੱਡੀਆਂ ਚੁੱਕ -ਚੁੱਕ ਕੇ ਤੱਕ ਰਹੇ ਸਾਂ। ਲੱਗਦਾ ਸੀ ਜਿਵੇਂ ਇਓਂ ਕਰਨ ਨਾਲ ਮਾਂ ਛੇਤੀ ਬਾਹਰ ਆ ਜਾਵੇਗੀ। ਹੌਲੀ -ਹੌਲੀ ਭੀੜ ਘੱਟਣ ਲੱਗੀ। ਵੇਖਦਿਆਂ ਹੀ ਵੇਖਦਿਆਂ ਤਕਰੀਬਨ ਦੋ ਘੰਟੇ ਬੀਤ ਗਏ ਪਰ ਮਾਂ ਸਾਨੂੰ ਕਿਧਰੇ ਵਿਖਾਈ ਨਹੀਂ ਦੇ ਰਹੀ ਸੀ। ਉਸ ਨੂੰ ਮਿਲਣ ਦੀ ਤਾਂਘ ਦਾ ਉਤਾਵਲਾਪਣ ਸਾਨੂੰ ਸਾਹ -ਸਤਹੀਣ ਕਰਦਾ ਭਾਸਿਆ। ਸਾਡੀ ਵਿੱਥ 'ਤੇ ਖਲੋਤੀ ਹਵਾ ਵੀ ਗੰਭੀਰ ਹੋਈ ਜਾਪਣ ਲੱਗੀ।
         ਮੋਹ ਦੇ ਪਰਛਾਵੇਂ ਸੰਸਾ ਦੇ ਸਾਗਰ 'ਚ ਅਲੋਪ ਹੋ ਰਹੇ ਸਨ। ਮਾਂ ਪਹਿਲੀ ਵਾਰ ਸੱਤ -ਸਮੁੰਦਰੋਂ ਪਾਰ, ਅਣਜਾਣ ਰਾਹਾਂ ਦੇ ਸਫ਼ਰ ਤੋਂ ਆ ਰਹੀ ਸੀ। ਮਨ 'ਚ ਖਿਲਰੀਆਂ ਸੋਚਾਂ ਦੀਆਂ ਗੰਢਾਂ ਆਪੂੰ ਬੰਨਦੀ -ਖੋਲ੍ਹਦੀ, ਚਿੰਤਾ ਦਾ ਖੂਹ ਗੇੜਦੀ ਮੈਂ ਦਲੀਲਾਂ ਦੇ ਪੈਂਡੇ ਗਾਹੁੰਦੀ ਜਾ ਰਹੀ ਸੀ, " ਕਿਤੇ ਵੀਜ਼ੇ ਸਬੰਧੀ ਕਾਗਜ਼ੀ ਕਾਰਵਾਈ ਕਰਕੇ ਕੋਈ ਦਿੱਕਤ ਨਾ ਆਈ ਹੋਵੇ.......ਅਣਸੁਣੀ ਜਿਹੀ ਜ਼ੁਬਾਨ ਤੇ ਨਵੀਂ ਬੋਲੀ ਦੀ ਸਮਝ ਨੇ ਕਿਤੇ ਕੋਈ ਠੁੰਮਣਾ ਨਾ ਲਾ ਦਿੱਤਾ ਹੋਵੇ ...ਮਤਾਂ ਰਾਹ 'ਚ ਜਹਾਜ਼ ਬਦਲਣ ਲੱਗਿਆਂ ਕਿਤੇ ਅਗਲੀ ਜਹਾਜ਼ੀ ਉਡਾਣ ਹੀ ਨਾ ਖੁੰਝ ਗਈ ਹੋਵੇ।"
        ਦੂਜੇ ਹੀ ਪਲ ਆਪਣੇ ਅੰਦਰ ਡੂੰਘਾ ਉੱਤਰ ਕੇ ਇਸ ਗੁੰਝਲ ਦਾ ਹੱਲ ਲੱਭਦੇ -ਲੱਭਦੇ ਮਨ ਬੀਤੇ ਪਲਾਂ ਦੇ ਦਿਸਹੱਦਿਆਂ ਦੇ ਪਾਰ ਜਾ ਪੁੱਜਾ, ".....ਨਹੀਂ -ਨਹੀਂ ਇਓਂ ਹਰਗਿਜ਼ ਨਹੀਂ ਹੋ ਸਕਦਾ.......ਹਰ ਉਲਝਣ ਦਾ ਸਹਿਜਤਾ ਨਾਲ ਹੱਲ ਕੱਢਣਾ ਸਿਖਾਉਣ ਵਾਲੀ .....ਤੇ ਦੁਨੀਆਂ ਦਾ ਭੁਗੋਲ ਸਾਨੂੰ ਮੂੰਹ -ਜ਼ੁਬਾਨੀ ਚੇਤੇ ਕਰਾਉਣ ਵਾਲੀ ਮੇਰੀ ਮਾਂ ਲਈ ਅਜਿਹੀਆਂ ਅੜਿਚਣਾ ਤਾਂ ਕੁਝ ਵੀ ਨਹੀਂ।" 
...........ਤੇ ਅਚਨਚੇਤ ਫਿਜ਼ਾ 'ਚ ਸੰਦਲੀ ਮਹਿਕ ਘੁੱਲ ਗਈ। ਮਾਂ ਦਾ ਮੁਬਾਰਕ ਪ੍ਰਵੇਸ਼ ਸਾਡੇ ਹਰਾਸੇ ਚਿਹਰਿਆਂ 'ਤੇ ਖਿੜੇ ਜਿਹੇ  ਗੁਲਾਬੀ ਹਾਸੇ ਦੇ ਟੋਟੇ ਬਿਖੇਰ ਗਿਆ।ਖੁਸ਼ੀ 'ਚ ਲਟਬੌਰੇ ਹੋਏ ਅਸੀਂ ਮਾਂ ਦੇ ਚਿਰੋਕੇ ਪੱਛੜ ਕੇ ਬਾਹਰ ਆਉਣ ਦਾ ਕਾਰਨ ਪੁੱਛਣਾ ਵੀ ਭੁੱਲ ਗਏ। ਚਹਿਕਦੇ ਚਾਅ ਸ਼ਰਬਤੀ ਰੰਗ ਹੋ ਗਏ ਜਦੋਂ ਮਾਂ ਦੀ ਮੋਹ ਭਰੀ ਗਲਵੱਕੜੀ ਦੀ ਖੁਸ਼ਬੂ ਮਨ ਦੇ ਵਿਹੜੇ 'ਚ ਖਿਲਰ ਗਈ। 

ਮਹਿਕੀ ਮਿੱਟੀ -
ਤਪਦੀ ਧੁੱਪ ਪਿੱਛੋਂ 
ਮੀਂਹ ਛਰਾਟੇ। 

ਡਾ. ਹਰਦੀਪ ਕੌਰ ਸੰਧੂ 
(ਬਰਨਾਲਾ -ਸਿਡਨੀ) 
 ਨੋਟ: ਇਹ ਪੋਸਟ ਹੁਣ ਤੱਕ 35 ਵਾਰ ਪੜ੍ਹੀ ਗਈ।

9 Feb 2015

ਸੌਖਾ ਸਫ਼ਰ(ਸੇਦੋਕਾ)

1.

ਮੈਂ ਸੁਪਨਾ  ਹਾਂ
ਟੁੱਟ  ਜਾਵਾਂ ਸਵੇਰੇ
ਆਸ ਰੱਖ, ਆਵਾਂਗਾ
ਕਦੀ ਤਾਂ ਮਿਲੂ
ਤੇਰੇ ਦਿਲ ਵਿੱਚ ਥਾਂ
ਰੱਜ ਫਿਰ ਜੀ ਲਵਾਂ। 

2.
ਦਰਦ ਮਾਣ
ਰਹਿਮਤਾਂ ਦਾ ਨੂਰ
ਦਾਤਾ ਭਰੇ ਸਰੂਰ
ਪਕੜ ਸਾਜ਼
ਅਜਿਹੀ ਕੱਢ ਸੁਰ 
ਹੋਵੇ ਸੌਖਾ ਸਫ਼ਰ। 


ਇੰਜ: ਜੋਗਿੰਦਰ ਸਿੰਘ "ਥਿੰਦ"                      
 ( ਸਿਡਨੀ )

4 Feb 2015

ਛੱਪੜਾਂ ਕੰਢੇ

1.
ਬਗਲੇ ਉੱਡੇ 
ਪਹੁੰਚਦੇ ਛੱਪੜ 
ਡੱਡਾਂ ਖਾਵਣ। 

2.
ਡੱਡਾਂ ਬੋਲਣ 
ਵਰਖਾ ਦਿਨਾਂ ਵਿੱਚ 
ਛੱਪੜਾਂ  ਕੰਢੇ। 

ਚੌ : ਅਮੀਂ ਚੰਦ 
(ਮੁਕਤਸਰ)