ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Apr 2014

ਘੱਗਰ ਕੰਢੇ

ਘੱਗਰ ਇੱਕ ਬਰਸਾਤੀ ਦਰਿਆ ਹੈ, ਜੋ ਸਿਰਫ ਬਰਸਾਤੀ ਮੌਸਮ ਵਿੱਚ ਹੀ ਵਗਦਾ ਹੈ। ਧਰਤੀ ਹੇਠ ਪਾਣੀ ਬਹੁਤ
ਡੂੰਘਾ ਹੋਣ ਕਰਕੇ ਸਾਡੇ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਦੀ ਇੱਕੋ ਇੱਕ ਉਮੀਦ ਇਹ ਘੱਗਰ ਦਰਿਆ ਹੀ ਹੈ ।

1.
ਘੱਗਰ ਕੰਢੇ 
ਕਰਨ ਤਪੱਸਿਆ 
ਖੇਤਾਂ ਦੇ ਸਾਧ । 

2.
ਰੁਮਕਦੀ 'ਵਾ
ਸੰਗੀਤਮਈ ਸ਼ਾਮ 
ਨੱਚਣ ਪੱਤੇ । 


ਬਾਜਵਾ ਸੁਖਵਿੰਦਰ
 ਪਿੰਡ- ਮਹਿਮਦ ਪੁਰ
 ਜਿਲ੍ਹਾ- ਪਟਿਆਲਾ      

       
ਨੋਟ: ਇਹ ਪੋਸਟ ਹੁਣ ਤੱਕ 13 ਵਾਰ ਖੋਲ੍ਹੀ ਗਈ
    

28 Apr 2014

ਬਹਾਰ ਨੇੜੇ

ਅੱਜ ਹਾਇਕੁ-ਲੋਕ ਨਾਲ਼ ਇੱਕ ਹੋਰ ਨਵਾਂ ਨਾਂ ਆ ਜੁੜਿਆ ਹੈ- ਬਿਕਰਮਜੀਤ ਨੂਰ। ਆਪ ਗੁਰੂ ਨਾਨਕ ਨਗਰ ਗਿੱਦੜਬਾਹਾ ਤੋਂ ਸੇਵਾ-ਮੁਕਤ ਪੰਜਾਬੀ ਲੈਕਚਰਰ ਹਨ। ਆਪ ਡੇਢ ਦਰਜਨ ਮੌਲਿਕ ਪੁਸਤਕਾਂ ਦੇ ਲੇਖਕ ਹਨ ਜਿਨ੍ਹਾਂ ਵਿੱਚ ਛੇ ਮਿੰਨੀ ਸੰਗ੍ਰਹਿ ਸ਼ਾਮਲ ਹਨ। ਆਪ ਨੇ ਅਨੁਵਾਦ ਦੇ ਖੇਤਰ 'ਚ ਸ਼ਲਾਘਾਯੋਗ ਕੰਮ ਕੀਤਾ ਹੈ। ਆਪ ਨੇ ਦੋ ਦਰਜਨ ਮਿੰਨੀ ਕਹਾਣੀ ਸੰਗ੍ਰਿਹਾਂ ਦੀ ਸੰਪਾਦਨਾ ਕੀਤੀ ਤੇ 'ਮਿੰਨੀ' ਤ੍ਰੈ-ਮਾਸਿਕ ਦੇ ਸਹਿਯੋਗੀ ਸੰਪਾਦਕ ਹਨ।  ਅੱਜ ਆਪ ਨੇ ਹਾਇਕੁ-ਲੋਕ ਨਾਲ਼ ਸਾਂਝ ਪਾਈ ਹੈ।  ਮੈਂ ਆਪ ਦਾ ਹਾਇਕੁ-ਲੋਕ ਪਰਿਵਾਰ ਵਲੋਂ ਤਹਿ -ਦਿਲੋਂ ਸੁਆਗਤ ਕਰਦੀ ਹਾਂ। 

1.
ਪੱਤੇ ਝੜਦੇ
ਪੱਤਝੜ ਆ ਗਈ
ਬਹਾਰ ਨੇੜੇ। 

2.
ਭਿੱਜੇ ਨੇ ਖੰਭ
ਤਿੱਤਲੀ ਪਿਆਰੀਏ
ਕਿੰਜ ਉਡੇਂਗੀ । 

ਬਿਕਰਮਜੀਤ ਨੂਰ
(ਗਿੱਦੜਬਾਹਾ)  

ਨੋਟ: ਇਹ ਪੋਸਟ ਹੁਣ ਤੱਕ 50 ਵਾਰ ਖੋਲ੍ਹੀ ਗਈ
·        

26 Apr 2014

ਵਿਆਹ

ਪੰਜਾਬੀ ਸੱਭਿਆਚਾਰ ਵਿੱਚ ਵਿਆਹ ਨਾਲ ਸਬੰਧਤ ਅਨੇਕਾਂ ਰੀਤੀ-ਰਿਵਾਜ ਹਨ ਜੋ ਵਿਆਹ ਦੀ ਖ਼ੁਸ਼ੀ ਨੂੰ ਚਾਰ-ਚੰਨ ਲਾਉਂਦੇ ਹਨਕਈ-ਕਈ ਦਿਨ ਵਿਆਹ ਦੀਆਂ ਰਸਮਾਂ ਚਲਦੀਆਂ ਹਨ। ਨਾਨਕੇ, ਦਾਦਕੇ, ਸ਼ਰੀਕਾ, ਭਾਈਚਾਰਾ ਸਾਰੇ ਇਕੱਠੇ ਹੋ ਕੇ ਇਨ੍ਹਾਂ ਖ਼ੁਸ਼ੀਆਂ ਨੂੰ ਸਾਂਝੇ ਤੌਰ ’ਤੇ ਮਨਾਉਂਦੇ ਹਨ। 20 ਅਪ੍ਰੈਲ 2014 ਨੂੰ ਮੈਂ ਇੱਕ ਵਿਆਹ 'ਚ ਸ਼ਾਮਿਲ ਹੋਣ ਲਈ ਪੰਜਾਬ ਗਈ। ਨਾਨਕੇ ਤੇ ਦਾਦਕੇ ਮੇਲ ਨੇ ਰਲ਼ ਕੇ ਖੂਬ ਰੰਗ ਬੰਨਿਆ। ਗੀਤ-ਸੰਗੀਤ 'ਚ ਘੋੜੀਆਂ, ਸਿੱਠਣੀਆਂ, ਗਿੱਧਾ, ਬੋਲੀਆਂ, ਜਾਗੋ ਕੱਢੀ ਤੇ ਛੱਜ ਭੰਨਿਆ। ਸ਼ਗਨਾਂ ਦੇ ਗੀਤਾਂ ਨਾਲ਼ ਲਾੜਾ ਜੰਝ ਚੜ੍ਹਿਆ ਤੇ ਡੋਲੀ ਘਰ ਆਈ। ਓਸ ਵਿਆਹ ਦੇ ਕੁਝ ਪਲਾਂ ਨੂੰ ਇੱਥੇ ਹਾਇਕੁ-ਲੋਕ ਦੇ ਪਾਠਕਾਂ ਨਾਲ਼ ਸਾਂਝਾ ਕਰਨ ਦੀ ਖੁਸ਼ੀ ਲੈ ਰਹੀ ਹਾਂ।  

1.
ਸੱਜ ਵਿਆਹੀ-
ਮਹਿੰਦੀ ਵਾਲ਼ੇ ਹੱਥੀਂ
ਮਾਹੀ ਦਾ ਨਾਮ । 

2.
ਹੱਥਾਂ 'ਚ ਹੱਥ
ਨਵੀਂ ਜੋੜੀ ਨੱਚਦੀ
ਨੋਟਾਂ ਦਾ ਮੀਂਹ।  

3.
ਬੂ੍ਹੇ 'ਤੇ ਬੰਨਾ
ਸਿਰ ਤੋਂ ਪਾਣੀ ਵਾਰੇ 
ਬੰਨੜੇ ਦੀ ਮਾਂ । 

4.
ਚੌਂਕੇ ਚੜ੍ਹਦੀ-
ਮਿੱਠੇ ਚੌਲ਼ ਬਣਾਵੇ
ਸੱਜ ਵਿਆਹੀ। 


ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 114 ਵਾਰ ਖੋਲ੍ਹੀ ਗਈ


15 Apr 2014

ਤੇਰਾ -ਮੇਰਾ ਚਿਹਰਾ (ਸੇਦੋਕਾ)


ਜ਼ਿੰਦਗੀ 'ਚ ਹੋਰ ਰੁਝੇਵੇਂ ਬਹੁਤ ਨੇ ਇਸ ਲੇਖਣ ਤੋਂ ਇਲਾਵਾ ਵੀ। ਪਰ ਸਾਡੀ ਇਹ ਸਤਿਕਾਰਯੋਗ ਕਲਮ ਬਹੁਤ ਸਾਰੇ ਰੁਝੇਵਿਆਂ 'ਚੋਂ ਵੀ ਵਕਤ ਕੱਢ ਇਸ ਲੇਖਣ ਦੇ ਲੇਖੇ ਲਾਉਂਦੀ ਹੈ।

1.
ਤੇਰਾ ਚਿਹਰਾ
ਕਿਤਾਬ ਸਮਝਿਆ
ਇੱਕ ਖਾਲੀ ਕਾਗਜ 
ਮੇਰਾ ਚਿਹਰਾ 
ਕਿਤਾਬ ਹੀ ਤਾਂ ਹੈ ਸੀ 
ਬੱਸ ਪੜ੍ਹਨਾ ਸਿੱਖ । 

2.
ਤੇਰਾ ਚਿਹਰਾ 
ਕਿਤਾਬ ਸਮਝਿਆ 
ਓਪਰੀ ਜਿਹੀ ਭਾਸ਼ਾ 
ਮੇਰਾ ਚਿਹਰਾ 
ਅੱਖਰਾਂ 'ਚ  ਖੁਸ਼ਬੂ 
ਡੂੰਘੇ ਅਰਥ ਜਾਣ । 

ਡਾ. ਸ਼ਿਆਮ ਸੁੰਦਰ ਦੀਪਤੀ
(ਅੰਮ੍ਰਿਤਸਰ) 
ਨੋਟ: ਇਹ ਪੋਸਟ ਹੁਣ ਤੱਕ 30 ਵਾਰ ਖੋਲ੍ਹੀ ਗਈ 

10 Apr 2014

ਫੇਸ ਬੁੱਕ (ਤਾਂਕਾ)

1.
ਅਣਗੌਲ਼ਿਆਂ
ਬੱਚਿਆਂ ਬੁੱਢਿਆਂ ਦੀ
ਪੀੜ ਹੈ ਸਾਂਝੀ
ਮਾਂ ਅਣਗੌਲ਼ੇ ਬੱਚੇ
ਬੱਚੇ ਅਣਗੌਲ਼ੇ ਮਾਂ। 

2.
ਚਾਨਣੀ ਰਾਤ
ਕਰ ਦਿੰਦੀ ਉਦਾਸ 
ਸੱਜਣ ਦੂਰ
ਫੇਸ ਬੁੱਕ ਤੂੰ ਖੋਲ੍ਹ
ਸੱਜਣ ਤੇਰੇ ਕੋਲ਼। 

3.
ਕੰਡਿਆਂ ਨਾਲ਼
ਫੁੱਲ ਹੋਣ ਜ਼ਖ਼ਮੀ
ਸੱਜਣ ਰੋਣ
ਵਿਛੋੜਾ ਵੀ ਕਰਦਾ
ਮਨ-ਤਨ ਛਲਣੀ। 

ਹਰਭਜਨ ਸਿੰਘ ਖੇਮਕਰਨੀ
(ਮੁਕਤਸਰ)

ਨੋਟ: ਇਹ ਪੋਸਟ ਹੁਣ ਤੱਕ 17 ਵਾਰ ਖੋਲ੍ਹੀ ਗਈ

8 Apr 2014

ਟੁੱਟਦੀ ਚੁੱਪ (ਤਾਂਕਾ)


1.
ਗਿੜਦਾ ਖੂਹ
ਘੁੰਮਦੀਆਂ ਨੇ ਟਿੰਡਾਂ
ਡੋਲਣ ਪਾਣੀ
ਨਾਨੀ ਕਪੜੇ ਧੋਵੋ
ਮਾਮੀ ਸੁਕਣੇ ਪਾਵੇ।


2.ਸਵੇਰ ਵੇਲਾ
ਪਸਰ ਗਈ ਚੁੱਪ
ਪ੍ਰਕ੍ਰਿਤੀ ਸੁੱਤੀ
ਕੰਨੀਂ ਪਈ ਸੁਣੀਦੀ
ਬਾਬੇ ਦੀ ਗੁਰਬਾਣੀ।

3.
ਸਵੇਰ ਵੇਲਾ
ਟੱਲੀਆਂ ਖੜਕਣ
ਟੁੱਟਦੀ ਚੁੱਪ
ਹਾਲੀ ਤੁਰੇ ਖੇਤ ਨੂੰ
ਬੀਜਣ ਨੂੰ 
ਫਸਲਾਂ 

ਕਸ਼ਮੀਰੀ ਚਾਵਲਾ
(ਮੁਕਤਸਰ )
ਨੋਟ: ਇਹ ਪੋਸਟ ਹੁਣ ਤੱਕ 46 ਵਾਰ ਖੋਲ੍ਹੀ ਗਈ 

2 Apr 2014

ਵੈਣ ਗਮਾਂ ਦੇ ( ਤਾਂਕਾ)

ਦੁੱਖ-ਸੁੱਖ ਦੇ ਘੇਰੇ 'ਚ ਘੁੰਮਦੀ ਜ਼ਿੰਦਗੀ 'ਚ ਜਦੋਂ ਅਣਹੋਣੀ ਦੁੱਖ ਬਣ ਸਾਡੇ ਅੱਗੇ ਆ ਖਲੋਂਦੀ ਹੈ ਤਾਂ ਦਰਦ ਦਾ ਘੇਰਾ ਹੋਰ ਵੱਡੇਰਾ ਹੋ ਜਾਂਦਾ ਹੈ। ਪੀੜਾਂ ਦੇ ਸਾਜ਼ ਗੂੰਜਦੇ ਨੇ, ਦਿਲ ਦੇ ਵਿਹੜੇ ਗਮਾਂ ਦਾ ਸੱਥਰ ਵਿਛ ਜਾਂਦਾ ਹੈ। ਰਿਸ਼ਤਿਆਂ ਦੀਆਂ ਸਾਂਝਾਂ ਨੂੰ ਜਦੋਂ ਕੋਈ ਅੱਧਵਾਟੇ ਛੱਡ, ਬੇਵਕਤੇ ਸੱਦੇ ਨੂੰ ਕਬੂਲਦਾ ਸਾਡੇ ਕੋਲੋਂ ਸਦਾ ਲਈ ਵਿਛੜ ਜਾਂਦਾ ਹੈ ਤਾਂ ਜ਼ਿੰਦਗੀ ਨੀਰਸ ਬਣ ਜਾਂਦੀ ਹੈ। ਅਜਿਹੀ ਹੀ ਦੁੱਖ ਘੜੀ ਸਾਡੇ ਇੱਕ ਸਾਥੀ ਬਾਜਵਾ ਸੁਖਵਿੰਦਰ ਦੇ ਵਿਹੜੇ ਆ ਢੁੱਕੀ ਹੈ ਜਦੋਂ 29 ਦਸੰਬਰ 2013 ਨੂੰ ਆਪ ਦੇ ਛੋਟੇ ਵੀਰ ਨੂੰ ਇੱਕ ਸੜਕ ਹਾਦਸੇ 'ਚ ਮੌਤ ਨੇ ਆਪਣੀ ਗਲਵਕੜੀ 'ਚ ਲੈ ਲਿਆ। ਹਾਇਕੁ-ਲੋਕ ਪਰਿਵਾਰ ਵਲੋਂ ਮੈਂ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਰਹੀ ਹਾਂ। 

1.
ਟੁੱਟਿਆ ਤਾਰਾ
ਹਨ੍ਹੇਰੇ 'ਚ ਵਲ੍ਹੇਟੀ
ਰੋਈ ਜ਼ਿੰਦਗੀ
ਕਾਲ਼ੇ ਸ਼ਾਹ ਹਨ੍ਹੇਰੇ
ਰੋਕਣ ਹਰ ਰਾਹ। 

2.
ਧਾਹੀਂ ਰੋਂਵਦਾ
ਭਰ-ਭਰ ਡੋਲ੍ਹਦਾ
ਖੂਨ ਦੇ ਹੰਝੂ
ਛੋਹੇ ਵੈਣ ਗਮਾਂ ਦੇ
ਲੱਗ ਵੀਰ ਦੇ ਕਾਨ੍ਹੀ। 

ਡਾ. ਹਰਦੀਪ ਕੌਰ ਸੰਧੂ

(ਨੋਟ: ਇਹ ਪੋਸਟ ਹੁਣ ਤੱਕ 60 ਵਾਰ ਪੜ੍ਹੀ ਗਈ)