ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 Apr 2017

ਭੈਣ ਬਨਾਮ ਦੀਦੀ (ਮਿੰਨੀ ਕਹਾਣੀ)

Image result for punjabi girl painting
ਨਿੱਘੀ ਜਿਹੀ ਧੁੱਪ ਸੇਕਦੀ ਬੇਬੇ ਵਿਹੜੇ 'ਚ ਬੈਠੀ ਸਾਗ ਚੀਰ ਰਹੀ ਸੀ। ਕਿਸੇ ਨੇ ਕੁੰਡਾ ਖੜਕਾਉਂਦਿਆਂ ਬਾਹਰੋਂ ਹੀ 'ਦੀਦੀ' ਕਹਿ ਕੇ ਆਵਾਜ਼ ਮਾਰੀ। "ਕੁੜੇ ਲੰਘ ਆ! ਸਰਬੀ ਐਂ , ਉਹ ਤੈਨੂੰ ਹੀ 'ਡੀਕਦੀ ਅੰਦਰ ਤਿਆਰ ਹੁੰਦੀ ਹੋਣੀ ਆ," ਬੇਬੇ ਨੇ ਆਵਾਜ਼ ਪਛਾਣਦਿਆਂ ਕਿਹਾ।
"ਦੀ ਅਜੇ ਤੱਕ ਤਿਆਰ ਨੀ ਹੋਈ ?" ਬੇਬੇ ਕੋਲ਼ ਬੈਠਦਿਆਂ ਸਰਬੀ ਨੇ ਪੁੱਛਿਆ। 
ਹੁਣ ਬੇਬੇ ਤੋਂ ਕਹੇ ਬਿਨਾਂ ਰਹਿ ਨਾ ਹੋਇਆ ," ਕੁੜੇ ਸਰਬੀ ਆਹਾ ਭਲਾ 'ਦੀ -ਦੀਦੀ' ਕੀ ਹੋਇਆ? ਊਂ ਤਾਂ ਭਾਈ ਥੋਡੀ ਮਰਜੀ ਆ।ਪਰ ਜਦੋਂ ਦੂਜੀ ਜੁਬਾਨ ਬੋਲੋਂਗੀਆਂ ਤਾਂ ਆਪਣੀ ਭੁੱਲਜੂ। ਥੋਡੇ ਜੁਆਕਾਂ ਨੂੰ  ਏਸ ਦੀਦੀ  ਨੇ ਭੈਣ ਭੁਲਾ ਦੇਣੀ ਆ। ਫ਼ੇਰ ਬੇਬੇ ਦਾ ਕਿਹਾ ਚੇਤੇ ਆਊ। ਨਾਲ਼ੇ 'ਦੀਦੀ' ਕਹਿਣ ਆਲਾ ਤਾਂ ਪੂਰਾ ਦੇਸ ਆ ਪਰ 'ਭੈਣ' ਕਹਿਣ ਆਲੇ 'ਕੱਲੇ ਪੰਜਾਬੀ।" ਹੁਣ ਬੇਬੇ ਦੇ ਬੋਲਾਂ ਦੀ ਖੁਸ਼ਬੋਈ ਧੁੱਪ ਰਿਸ਼ਮਾਂ ਨਾਲ਼ ਰਲ਼ ਵਿਹੜੇ 'ਚ ਖਿਲਰ ਗਈ ਸੀ । 

ਡਾ. ਹਰਦੀਪ ਕੌਰ ਸੰਧੂ 
******************************************************************************
ਕੋਈ ਵੀ ਭਾਸ਼ਾ ਮਾੜੀ ਨਹੀਂ ਹੁੰਦੀ ਤੁਸੀਂ ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖੋ ਤੇ ਲੋੜ ਪੈਣ 'ਤੇ ਬੋਲੋ। ਪਰ ਜਦੋਂ ਤੁਸੀਂ ਆਪਣੀ ਭਾਸ਼ਾ ਨੂੰ ਨਕਾਰਦੇ ਹੋਏ ਕਿਸੇ ਦੂਜੀ ਭਾਸ਼ਾ ਦਾ ਸ਼ਬਦ ਆਪਣੀ ਜ਼ੁਬਾਨ 'ਤੇ ਲੈ ਕੇ ਆਉਂਦੇ ਹੋ ਤਾਂ ਠੀਕ ਓਸੇ ਵੇਲ਼ੇ ਆਪਣੀ ਮਾਂ ਬੋਲੀ ਦਾ ਇੱਕ ਸ਼ਬਦ ਭੁੱਲ ਜਾਂਦੇ ਹੋ। ਆਓ ਰਲ਼ ਮਿਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸੰਭਾਲੀਏ !
ਪੰਜਾਬੀ ਲੋਕਧਾਰਾ 

ਫੇਸਬੁੱਕ ਲਿੰਕ =1        ਫੇਸਬੁੱਕ ਲਿੰਕ =2     ਫੇਸਬੁੱਕ ਲਿੰਕ =3     ਲਿੰਕ 4

ਨੋਟ : ਇਹ ਪੋਸਟ ਹੁਣ ਤੱਕ 1020 ਵਾਰ ਪੜ੍ਹੀ ਗਈ ਹੈ।  

27 Apr 2017

ਬਾਬੇ ਜਿਹਾ ਰੁੱਖ

Kulvinder Shergill's Profile Photo, Image may contain: 1 person
ਅੱਜ ਸਵੇਰੇ ਜਦੋਂ ਮੇਰੀ ਬੱਸ ਰੀਜ਼ਰਵ ਫੌਰਸਟ ਗਰੀਨ ਟਿੰਬਰ ਵਿੱਚੋਂ ਦੀ ਲੰਘੀ ਤਾਂ ਉੱਚੇ ਰੁੱਖਾਂ ਵਿੱਚੋਂ ਇੱਕ ਉੱਚਾ ਰੁੱਖ, ਮੈਨੂੰ ਆਪਣੇ "ਵੱਡੇ ਤਾਇਆ ਬਾਬਾ ਜੀ" ਵਰਗਾ ਲੱਗਾ। 

ਉੱਚਾ ਲੰਬਾ, ਛੇ ਫੁੱਟ ਪੰਜ ਇੰਚ ਕੱਦ, ਗੋਡਿਆਂ ਤੱਕ ਲੰਬੀਆਂ ਬਾਹਵਾਂ, ਚਿਹਰੇ ਤੇ ਅੱਖਾਂ ਵਿੱਚ ਵਿਲੱਖਣ ਦਯਾ ਦਾ ਨੂਰ। ਬੱਚਿਆਂ ,ਪੰਛੀਆਂ, ਮੱਝਾਂ, ਗਾਈਆਂ,ਕਟੜੂ ,ਵੱਛੜੇ , ਵੱਛੀਆਂ, ਬਲਦਾਂ ਅਤੇ ਕਾਮਿਆਂ ਨਾਲ ਅੰਤਾਂ ਦਾ ਮੋਹ .......। 

ਸੱਚੀਂ ਓਹ ਰੁੱਖ ਮੈਨੂੰ ਮੇਰੇ "ਵੱਡੇ ਤਾਇਆ ਬਾਬਾ ਜੀ ਵਰਗਾ......!




25 Apr 2017

ਆਲ੍ਹਣਾ (ਮਿੰਨੀ ਕਹਾਣੀ)

Image result for nest
ਡੰਗਰਾਂ ਵਾਲ਼ੇ ਕੋਠੇ ਦੀ ਕੜੀਆਂ ਬਾਲਿਆਂ ਵਾਲ਼ੀ ਛੱਤ 'ਚ ਮਿੱਟੀ ਰੰਗੀਆਂ ਚਿੜੀਆਂ ਕਈ ਦਿਨਾਂ ਤੋਂ ਆਲ੍ਹਣਾ ਪਾਉਣ ਦੀ ਅਣਥੱਕ ਕੋਸ਼ਿਸ਼ ਕਰ ਰਹੀਆਂ ਸਨ। ਸ਼ਾਇਦ ਬਾਲਿਆਂ 'ਚ ਵਿੱਥ ਥੋੜੀ ਹੋਣ ਕਾਰਨ ਮੋਰੀ ਛੋਟੀ ਸੀ ਤੇ ਚਿੜੀਆਂ ਵੱਲੋਂ ਲਿਆਂਦਾ ਅੱਧੇ ਨਾਲੋਂ ਜ਼ਿਆਦਾ ਘਾਹ -ਫੂਸ ਭੁੰਜੇ ਹੀ ਡਿੱਗ ਜਾਂਦਾ। ਵੀਰਾਂ ਤੇ ਜੀਤੂ ਵੇਖ ਵੇਖ ਉਦਾਸ ਹੋ ਜਾਂਦੇ। ਇੱਕ ਦਿਨ ਉਨ੍ਹਾਂ ਨੇ ਆਪਣੀ ਕਾਪੀ ਦੀ ਜਿਲਦ ਨੂੰ ਦੋਹਰੀ ਕਰ ਸੇਬੇ ਨਾਲ਼ ਸਿਉਂ ਕੇ ਇੱਕ ਰਖ਼ਣਾ ਜਿਹਾ ਬਣਾਇਆ ਤੇ ਰੱਸੀ ਨਾਲ ਸ਼ਤੀਰ 'ਤੇ ਓਸੇ ਜਗ੍ਹਾ ਟੰਗ ਦਿੱਤਾ। ਮਾਂ ਦੇ ਪੁੱਛਣ ਤੋਂ ਪਹਿਲਾਂ ਹੀ ਆਪੂੰ ਸਫ਼ਾਈ ਦਿੰਦੇ ਬੋਲੇ, " ਆਪਣੇ ਕੋਲ਼ ਤਾਂ ਕਿੰਨਾ ਵੱਡਾ ਘਰ ਹੈਗਾ ਰਹਿਣ ਨੂੰ । ਅਸੀਂ ਤਾਂ ਵਿਚਾਰੀਆਂ ਚਿੜੀਆਂ ਨੂੰ ਰਹਿਣ ਲਈ ਥੋੜੀ ਜਿਹੀ ਥਾਂ ਬਣਾ ਕੇ ਦਿੱਤੀ ਆ, ਆਲ੍ਹਣਾ ਤਾਂ ਓਹ ਆਪੇ ਪਾ ਲੈਣਗੀਆਂ। "


24 Apr 2017

ਮਸੀਹਾ (ਮਿੰਨੀ ਕਹਾਣੀ)

Sukhwinder Singh Sher Gill's Profile Photo, Image may contain: 1 person, hat and closeup
ਲੜਕੀ ਦੇ ਜਨਮ ਦੀ ਖਬਰ ਸੁਣਦੇ ਹੀ ਸੱਸ ਅਮਰ ਕੌਰ ਅੱਗ ਬਬੂਲਾ ਹੋ ਕੇ  ਡਾ. ਸੁਨੀਤਾ ਨੂੰ ਕਹਿਣ ਲੱਗੀ,
"ਟੈਸਟ ਕਿਵੇਂ ਗਲਤ ਹੋ ਗਿਅਾ ? ਨਾਲੇ ਪੂਰੇ ਵੀਹ ਹਜ਼ਾਰ ਰੁਪਏ ਦਿੱਤੇ ਸੀ ਮੈਂ ੳੁਸ ਵਕਤ ।" 

ਅੱਗੋਂ  ਡਾ. ਮੁਸਕਰਾ ਕੇ ਬੋਲੀ, "ਮੈਂ ਬਿਨਾਂ ਟੈਸਟ ਕੀਤੇ ਲੜਕਾ ਹੀ ਦੱਸਦੀ ਹਾਂ ਅਤੇ ਲੜਕੀ ਹੋਣ ਸਮੇਂ ਪੱਚੀ ਹਜ਼ਾਰ ਸ਼ਗਨ ਪਾ ਕੇ  ਕਤਲ ਬਚਾਉਣ ਦਾ ਜੋ ਸਕੂਨ ਮੈਨੂੰ  ਮਿਲਦਾ ੳੁਹ  ਤੁਸੀਂ ਕੀ ਜਾਣੋ, ਮੈਂ ਅੌਰਤ  ਹੋ ਕੇ ਤੇਰੇ ਵਾਂਗੂੰ ਅੌਰਤ ਦੀ ਦੁਸ਼ਮਣ ਕਦੇ ਨਹੀਂ ਹੋ ਸਕਦੀ। "

ਮਸੀਹਾ ਬਣੀ ਡਾਕਟਰ ਦੇ ਬੋਲ ਸੁਣ ਕੇ ਅਮਰ ਕੌਰ ਪੱਥਰ ਹੋ ਗਈ |
             


ਮਾਸਟਰ  ਸੁਖਵਿੰਦਰ ਦਾਨਗੜ੍ਹ
94171-80205

23 Apr 2017

ਖ਼ਾਹਿਸ਼ਾਂ ਦਾ ਸਿਰਨਾਵਾਂ

Image may contain: outdoor

ਫ਼ੋਟੋ ਅਮਰੀਕ ਪਲਾਹੀ  ਜੀ ਦੀ ਕੰਧ ਤੋਂ ਲਈ ਗਈ।

Artist Diane Leonard USA.
              
                  ਇਸ ਖੂਬਸੂਰਤ ਤਸਵੀਰ ਨੂੰ ਵੇਖ ਕੇ ਜੋ ਵਿਚਾਰ ਮਨ 'ਚ ਆਉਣ ਸਾਂਝੇ ਕਰ ਸਕਦੇ ਹੋ ਜੀ !

ਸੱਧਰਾਂ ਦੇ ਸਾਗਰ ’ਚੋਂ ਲੱਭੀਏ, ਖ਼ਾਹਿਸ਼ਾਂ ਦਾ ਸਿਰਨਾਵਾਂ।
ਲਾਲਟੈਣ ਦੀ ਲੋਅ ਵਿੱਚ ਤੱਕਿਆ, ਰੂਹਾਂ ਦਾ ਪ੍ਰਛਾਵਾਂ !!!
 (ਅਮਰੀਕ ਪਲਾਹੀ)

ਖ਼ਾਹਿਸ਼ਾਂ ਦਾ ਸਿਰਨਾਵਾਂ ਲੱਭ ਕੇ , ਰੂਹਾਂ ਦੇ ਨਾਂ ਲਾਵਾਂ। 
ਲਾਲਟੈਣ ਦੀ ਲੋਅ 'ਚੋਂ ਤੱਕ ਕੇ , ਆਪਣੀ ਚੁੱਪ ਪਰਚਾਵਾਂ !!!
(ਡਾ. ਹਰਦੀਪ ਕੌਰ ਸੰਧੂ ) 

22 Apr 2017

ਇਹ ਵੀ ਸੱਚ ਹੈ

ਬਾਬੁਲ ਮੇਰੇ ਇਹ ਕੀ ਕੀਤਾ 
ਵਿਆਹ ਦਿੱਤਾ ਈ ਰਾਵੀ ਪਾਰ ,
ਨਾ ਕੋਈ ਆਵੇ ,ਨਾ ਕੋਈ ਜਾਵੇ 
ਕਿੰਝ ਜਾਣੇਗਾ ਮੇਰਾ ਹਾਲ ।
ਸੂਹੇ ਸਾਲੂ ਲਪੇਟ ਕੇ ਮੈਨੂੰ
ਅੱਖਾਂ ਉੱਤੇ ਘੁੰਡ ਸੀ ਲੰਮਾ ,
ਕਿਸ ਦਾ ਪੱਲਾ ਹੱਥ  ਫੜਾਇਆ
ਚਿੜੀ ਨੂੰ ਕਿਸ ਨੇ ਲਿਆ ਉਧਾਲ ।
ਚਿੜੀਆਂ ਤੇਰੇ ਵਿਹੜੇ  ਆਵਣ
ਚੋਗਾ ਚੁਗ ਚੁਗ ਖੇਡ ਰਚਾਵਣ,
ਮੇਰਾ ਚੁਗਣਾ ਕਿਉਂ ਕੌੜਾ ਲੱਗਾ
ਮੋਹ ਮਮਤਾ ਹੀ ਬਣੀ ਸਵਾਲ ।
ਕੀ ਕਰੇਂਗਾ ਉਸ ਵਿਹੜੇ ਨੂੰ
ਜਿੱਥੇ ਖੇਡਦੀ ਮੈਂ ਨਾ ਦਿਸਾਂ ,
ਉੱਚੀਆਂ ਕੰਧਾਂ ,ਚੁੱਪ  ਦਾ ਡੇਰਾ
ਅੰਦਰ ਲਟਕਣ ਲੰਮੇ ਸਾਲ ।
ਦੂਰ ਕਿਤੇ ਮੈਂ ਬਹਿ ਕੇ ਬਾਬੁਲ
ਯਾਦ ਕਰਾਂਗੀ ਵਿਹੜਾ ਤੇਰਾ ,
ਅਵਾਜ਼ ਮਾਰੀਂ , ਮੈਂ ਉਡ ਕੇ ਆਵਾਂ
ਕੁਝ ਦਿਨ ਜੀਵਾਂ ਤੇਰੇ ਨਾਲ ।
ਇੱਕ ਜਿੰਦਗੀ ਅਤੇ ਲੱਖ ਜੁਦਾਈਆਂ
 ਖੱਡੀ ਕੱਚੀਆਂ ਤੰਦਾਂ ਪਾਈਆਂ ,
ਉਮਰ ਭਰ ਨਾ ਕਿਸੇ ਹੰਢਾਈਆਂ
ਮਨ ਨੂੰ ਕਿਹੜੇ ਸੱਚ ਦੀ ਭਾਲ ।
ਦਿਲਜੋਧ ਸਿੰਘ 

21 Apr 2017

ਅਧੂਰਾ ਚੰਨ

                                                                
Image result for half moon stars
ਆਥਣ ਦੇ ਸੁਰਮਈ ਘੁਸਮੁਸੇ 'ਚ ਪਰਛਾਵਾਂ ਰੁੱਖਾਂ ਦੇ ਗਲ਼ ਆ ਲੱਗਿਆ ਸੀ। ਵਿਹੜੇ ਦੇ ਬਾਹਰਵਾਰ ਵਾਲ਼ੀ ਬਗੀਚੀ ਦੀ ਕੰਧ ਨਾਲ ਲੱਗੀ ਝੁਮਕਾ ਵੇਲ ਦੇ ਨਾਰੰਗੀ ਫੁੱਲਾਂ ਦੀ ਟਹਿਕ ਮੱਧਮ ਪੈ ਗਈ ਸੀ  ਸਰੂ ਦੇ ਰੁੱਖਾਂ ਉਤਲਾ ਢਲਦੇ ਦਿਨ ਦਾ ਅੰਬਰ ਬਹੁਤ ਉੱਚਾ ਜਾਪ ਰਿਹਾ ਸੀ। ਲੱਗਦਾ ਸੀ ਕਿ ਜਿਵੇਂ ਇਹ ਅੰਬਰ ਇੱਥੋਂ ਅਲੋਪ ਹੋ ਜਾਣਾ ਚਾਹੁੰਦਾ ਹੋਵੇ ਪਰ ਉਸ ਵਾਂਗ ਹੀ ਬੇਵੱਸ ਸੀ । ਜ਼ਿੰਦਗੀ ਦਾ ਪਿਛਲਾ ਪੱਖ ਹੰਢਾਉਂਦੀ ਉਹ ਆਪਣੀ ਹੋਂਦ ਦਾ ਅਹਿਸਾਸ ਹੀ ਗਵਾ ਚੁੱਕੀ ਹੈ। ਠੰਡੀਆਂ ਝਪਕੀਆਂ ਲੈਂਦਿਆਂ ਉਸ ਨੇ ਖਿੜਕੀ 'ਚੋਂ ਬਾਹਰ ਤੱਕਿਆ। ਦਿਨ -ਰਾਤ ਦੀ ਇਸ ਮਿਲਾਪ ਘੜੀ 'ਚ ਉਸ ਨੂੰ ਲੱਗਾ ਜਿਵੇਂ ਉਸ ਦੀ ਬੇਵੱਸੀ ਉਸ ਦੇ ਗਲ਼ ਲੱਗੀ ਹਉਕੇ ਭਰ ਰਹੀ ਹੋਵੇ।ਠੰਡੀਆਂ ਰਾਤਾਂ 'ਚ ਠਰਦੇ ਨਾਰੰਗੀ ਫੁੱਲਾਂ ਵਾਂਗ ਉਸ ਨੇ ਵੀ ਸੁਪਨੇ ਵੇਖੇ ਸਨ ਪੱਤਝੜਾਂ ਤੋਂ ਬਾਅਦ ਆਉਣ ਵਾਲ਼ੀਆਂ ਬਹਾਰਾਂ ਦੇ। 
        ਉਹ ਆਪਣੇ ਮਾਪਿਆਂ ਦੀ ਸੁਨੱਖੀ ਤੇ ਸਚਿਆਰੀ ਧੀ ਸੀ, ਬੜੀ ਹੀ ਸ਼ਰਮੀਲੀ ਜਿਹੀ। ਭੀੜ ਭੜਕੇ ਤੋਂ ਉਹ ਪਰ੍ਹੇ ਹੀ ਰਹਿੰਦੀ। ਕਾਲਜ ਪੜ੍ਹਦਿਆਂ ਚਾਹੇ ਕਦੇ ਕੋਈ ਦਾਖ਼ਲਾ ਫੀਸ ਭਰਨੀ ਹੁੰਦੀ ਜਾਂ ਫੇਰ ਰੋਲ਼ ਨੰਬਰ ਲੈਣਾ ਹੁੰਦਾ ਤਾਂ ਸਹੇਲੀਆਂ ਦਾ ਸਾਥ ਹੀ ਸਹਾਈ ਹੁੰਦਾ। ਫੇਰ ਸੁੰਗੜ ਰਹੀਆਂ ਕਿਸਮਤ ਦੀਆਂ ਲਕੀਰਾਂ ਨੇ ਉਸ ਨੂੰ ਦੁਹਾਜੂ ਦੇ ਲੜ ਲਾ ਦਿੱਤਾ। ਕਿੱਤੇ ਵਜੋਂ ਡਾਕਟਰ ਜੋ ਸਰੀਰਕ ਪੀੜਾ  ਦਾ ਇਲਾਜ ਤਾਂ ਜ਼ਰੂਰ ਕਰਦਾ ਹੋਣਾ ਪਰ ਮਾਨਸਿਕ ਟੁੱਟ -ਭੱਜ ਸਮਝਣ ਤੋਂ ਬਿਲਕੁਲ ਕੋਰਾ। ਬੜੇ ਹੀ ਅੜਬ ਸੁਭਾਅ ਦਾ, ਜਿਸ ਦਾ ਕਿਹਾ ਪੱਥਰ 'ਤੇ ਲਕੀਰ ਹੁੰਦਾ। ਔਰਤ ਨੂੰ ਇੱਜ਼ਤ ਦੇਣਾ ਤਾਂ ਸ਼ਾਇਦ ਉਸ ਨੇ ਕਦੇ ਸਿੱਖਿਆ ਹੀ ਨਹੀਂ ਹੋਣਾ। ਉਸ ਨੂੰ ਆਪਣੇ ਪੈਰ ਦੀ ਜੁੱਤੀ ਸਮਝਦਾ ਸੀ ਤੇ ਜਦੋਂ ਜੀ ਕਰਦਾ ਠੋਕਰ ਮਾਰ ਦਿੰਦਾ । ਘਰ ਦੇ ਨੌਕਰਾਂ ਸਾਹਮਣੇ ਵੀ ਬੇਹੱਦ ਖਰ੍ਹਵੇ ਤੇ ਤਲਖ਼ ਬੋਲ -ਕੁਬੋਲਾਂ ਨਾਲ ਉਸ ਦੇ ਸਨਮਾਨ ਨੂੰ ਠੇਸ ਪਹੁੰਚਾਉਂਦਾ।
    ਸਕੂਨ ਪਰਾਗਾ ਝੋਲੀ ਪਾਉਣ ਦੀ ਇੱਕ ਆਸ, ਉਸ ਦਾ ਪੇਕੇ ਘਰ ਜਾਣਾ ਹੁੰਦਾ। ਪਰ ਉਹ ਇੱਕ ਕੋਝੇ ਸਾਏ ਵਾਂਗ  ਉਸ ਦਾ ਖਹਿੜਾ ਹੀ ਨਾ ਛੱਡਦਾ।  ਪੇਕਿਆਂ ਦਾ ਘਰ ਉਸ ਦੀ ਹਉਮੈ ਦੇ ਕੱਦ ਦੇ ਕਦੇ ਮੇਚੇ ਨਾ ਆਉਂਦਾ ਤਾਂ ਉਹ ਉਸ ਨੂੰ ਵੀ ਆਪਣੇ ਨਾਲ਼ ਕਿਸੇ ਹੋਟਲ 'ਚ ਰਾਤ ਕੱਟਣ ਲਈ ਮਜਬੂਰ ਕਰਦਾ। ਅਸਹਿ ਪੀੜਾ ਝੱਲਦਿਆਂ ਮਨ ਦੇ ਗੁੰਦੇ ਅਰਮਾਨਾਂ ਨੂੰ ਪੱਤੀ ਪੱਤੀ ਹੁੰਦਾ ਵੇਖ ਮਾਪਿਆਂ ਨੇ ਕਈ ਵਾਰ ਉਸ ਨੂੰ ਮੁੜ ਵਸੇਬੇ ਦੀ ਤਾਕੀਦ ਕੀਤੀ। ਪਰ ਪਤਾ ਨਹੀਂ ਓਸ ਘਾੜੇ ਨੇ ਉਸ ਦੇ ਬੁੱਤ ਨੂੰ ਕਿਹੜੀ ਮਿੱਟੀ ਨਾਲ ਘੜਿਆ ਸੀ ਕਿ ਉਸ ਨੇ ਕਿਸੇ ਅਣਡਿੱਠ ਸੁਖਨ ਦੀ ਆਸ 'ਚ ਆਪਣੀ ਸੰਘਣੀ ਚੁੱਪ ਕਦੇ ਨਾ ਤੋੜੀ। 
     ਆਪਣੇ ਕਾਰੋਬਾਰ ਦੇ ਸਿਲਸਿਲੇ 'ਚ ਉਹ ਤਾਂ ਵਿਦੇਸ਼ ਚਲਾ ਗਿਆ। ਪਿੱਛੇ ਉਸ ਨੇ ਸੱਸ -ਸਹੁਰੇ ਦੀ ਸੇਵਾ ਸੰਭਾਲ 'ਚ ਕੋਈ ਕਸਰ ਨਹੀਂ ਛੱਡੀ ਸੀ। ਸਮੇਂ ਦੇ ਗੇੜ ਨਾਲ ਮਾਪੇ ਤੇ ਸਹੁਰੇ ਆਪੋ ਆਪਣੀ ਵਾਰੀ ਤੁਰ ਗਏ  ਤੇ ਉਸ ਦੀ ਇੱਕਲ ਨੂੰ ਹੋਰ ਗਹਿਰਾ ਕਰ ਗਏ। ਉਸ ਦਾ ਬੇਔਲਾਦ ਹੋਣਾ ਪਤਾ ਨਹੀਂ ਰੱਬ ਦੀ ਮਰਜ਼ੀ ਸੀ ਜਾਂ ਉਸ ਦੇ ਪਤੀ ਦੀ। ਪਤੀ ਨੂੰ ਲਕਵਾ ਮਾਰਨ ਪਿੱਛੋਂ ਉਸ ਨੂੰ ਆਪਣੇ ਕੋਲ ਵਿਦੇਸ਼ ਬੁਲਾ ਲਿਆ। ਬਿਗਾਨੀ ਧਰਤ ਤੇ ਪਰਾਏ  ਲੋਕਾਂ 'ਚ ਜਿਉਣਾ ਉਸ ਨੂੰ ਹੋਰ ਵੀ ਦੁੱਬਰ ਲੱਗਦਾ । ਖੁਦ ਚੱਲਣ ਫਿਰਨ ਦੇ ਅਸਮਰੱਥ ਹੋਣ ਦੇ ਬਾਵਜੂਦ ਵੀ ਨਾ ਤਾਂ ਉਸ ਦੀ ਹੈਂਕੜ ਘਟੀ ਤੇ ਨਾ ਕਸੈਲਾਪਣ। ਉਹ ਜ਼ੇਰੇ ਇਲਾਜ਼ ਪਿਆ ਵੀ ਬਦਚੱਲਣ ਕਹਿ ਕੇ ਉਸ ਦਾ ਤ੍ਰਿਸਕਾਰ ਕਰਦਾ। ਉਸ ਦੀ ਆਪਣੀ ਔਲਾਦ ਨੇ ਵੀ ਬਿਮਾਰ ਬਾਪ ਦੀ ਕੋਈ ਸਾਰ ਨਹੀਂ ਲਈ। ਪਰ ਸੇਵਾ ਪੁੰਜ ਬਣੀ ਉਹ ਆਪਣਾ ਫਰਜ਼ ਨਿਰਵਿਘਨ ਨਿਭਾ ਰਹੀ ਹੈ ਕਦੇ ਵਿਦੇਸ਼ ਰਹਿੰਦਿਆਂ ਤੇ ਕਦੇ ਆਪਣੇ ਦੇਸ । 
         ਸਾਰੇ ਰਿਸ਼ਤਿਆਂ ਨੂੰ ਸਿਰਜ ਕੇ ਉਹ ਅੱਜ ਵੀ ਇੱਕਲੀ ਹੈ । ਆਪਣੀ ਮਰਜ਼ੀ ਨਾਲ ਜਿਉਣ ਦਾ ਅਧਿਕਾਰ ਉਸ ਨੂੰ ਕਦੇ ਨਾ ਮਿਲਿਆ। ਕਰੋੜਾਂ ਦੀ ਜਾਇਦਾਦ ਪਰ ਉਸ ਦੇ ਨਾਮ ਦੀ ਇੱਕ ਧੇਲੀ ਵੀ ਨਹੀਂ। ਪਤੀ ਦੇ ਜ਼ੁਲਮਾਂ ਨੂੰ ਚੁੱਪਚਾਪ ਸਹਿੰਦੀ ਸ਼ਾਇਦ ਉਸ ਨੇ ਆਪਣੀ ਦੇਹ ਨੂੰ ਰੋਗੀ ਕਰ ਲਿਆ ਹੈ। ਜ਼ਿੰਦਗੀ ਦਾ ਹਰ ਪਲ ਉਸ ਨੂੰ ਸੂਲੀ ਦੀ ਛਾਲ ਬਣ ਕੇ ਹੀ ਮਿਲਿਆ ਲੱਗਦੈ। ਉਸ ਦੇ ਅੰਦਰੋਂ ਸਵੈ ਮਾਣ ਤੇ ਸਵੈ -ਭਰੋਸਾ ਕਦੋਂ ਦੇ ਦਮ ਤੋੜ ਗਏ ਲੱਗਦੇ ਨੇ। ਸਭ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਜ਼ਿੰਦਗੀ ਦੇ ਕੁਦਰਤੀ ਰੰਗ ਮਾਨਣ ਨੂੰ ਉਹ ਅੱਜ ਵੀ ਤਰਸਦੀ ਹੈ।
      ਹੁਣ ਰਾਤ ਕਾਫ਼ੀ ਬੀਤ ਚੁੱਕੀ ਸੀ। ਸਾਹਾਂ ਦੀ ਖ਼ਾਮੋਸ਼ ਧੜਕਣ ਸੁਣਦੀ ਨੇ ਉਸ ਬਾਹਰ ਵੱਲ ਇੱਕ ਵਾਰ ਫੇਰ ਝਾਤੀ ਮਾਰੀ। ਅਸਮਾਨ ਵਿਚਲਾ ਚੱਪਾ ਕੁ ਚੰਨ ਉਸ ਨੂੰ ਆਪਣੇ ਵਾਂਗ ਪੀਲ਼ਾ ਤੇ ਪ੍ਰੇਸ਼ਾਨ ਨਜ਼ਰ ਆਉਂਦੈ। ਪਰ ਦੂਰ ਇੱਕ ਚਮਕਦਾ ਤਾਰਾ ਉਸ ਨੂੰ ਆਪਣੇ ਹੀ ਰੂਬਰੂ ਹੋ ਅਕੱਥ ਕਹਾਣੀ ਪਾਉਂਦਿਆਂ ਆਪੇ ਤੋਂ ਆਪ ਤੱਕ ਦੇ ਸਫ਼ਰ ਦੀ ਜਾਂਚ ਸਿਖਾਉਂਦਾ ਲੱਗਦੈ।ਉਹ ਸੁੱਤ ਉਣੀਂਦੇ ਨੈਣਾਂ 'ਚ ਇੱਕ ਨਵੀਂ ਆਸ ਦੀ ਅੰਗੜਾਈ ਭਰਦੀ ਤਰਲ ਮਨ ਨਾਲ ਬਾਹਾਂ ਫੈਲਾਉਂਦੀ ਉੱਚੇ ਅੰਬਰੀਂ ਤੈਰਦੇ ਜ਼ਰਦ ਚੰਨ ਨੂੰ ਆਪਣੇ ਕਲਾਵੇ 'ਚ ਭਰਨ ਦੀ ਕੋਸ਼ਿਸ਼ ਕਰਦੀ ਹੈ। 

ਉਣੀਂਦੇ ਨੈਣ 
ਤਾਰਾ ਤਾਰਾ ਅੰਬਰ 
ਅਧੂਰਾ ਚੰਨ। 




20 Apr 2017

ਕਾਰ ਸੇਵਾ

Sukhwinder Singh Sher Gill's Profile Photo, Image may contain: 1 person, hat and closeupਕੈਂਸਰ ਪੀੜਤ ਪ੍ਰੀਤਮ ਸਿੰਘ ਨੂੰ ਜਦੋਂ ਹਰ ਪਾਸੋਂ ਮਦਦ ਦੀ ਅਾਸ ਮੁੱਕ ਗਈ ਤਾਂ ੳੁਸ ਨੇ ਗੁਰਦਵਾਰੇ ਫਰਿਆਦ  ਕੀਤੀ ਜਿੱਥੇ ੳੁਹ ਗ੍ਰੰਥੀ ਰਿਹਾ ਸੀ |


  ਅੱਗੋਂ  ਪ੍ਰਧਾਨ ਨੇ  ਕਿਹਾ, " ਮੁਆਫ  ਕਰਨਾ  ਇੱਥੇ  ਪੱਥਰ ਦੀ ਕਾਰ ਸੇਵਾ ਚੱਲਦੀ  ਹੋਣ ਕਰਕੇ ਅਸੀਂ ਕੋਈ  ਮਦਦ ਨਹੀਂ ਕਰ ਸਕਦੇ। "
   
 ਮਾਸਟਰ  ਸੁਖਵਿੰਦਰ ਦਾਨਗੜ੍ਹ

19 Apr 2017

ਰਣਚੰਡੀ


Image result for shamshan ghat
ਅੱਗ ਦੀਆਂ ਲਪਟਾਂ ਚਿਤਾ ਨੂੰ ਪੂਰੀ ਤਰਾਂ ਆਪਣੇ ਆਗੋਸ਼ 'ਚ ਲੈ ਚੁੱਕੀਆਂ ਸਨ। ਅਰਥੀ ਦੇ ਨਾਲ਼ ਆਏ ਲੋਕ ਸ਼ਮਸ਼ਾਨ ਵੈਰਾਗ ਭਾਵ ਨਾਲ ਓਤ -ਪੋਤ ਦੂਰ ਵਰਾਂਡੇ 'ਚ ਜਾ ਖੜ੍ਹੇ। ਉਹ ਪੱਥਰ ਦੀ ਬੁੱਤ ਬਣੀ ਦੂਰ ਖੜ੍ਹੀ ਇੱਕ ਟੱਕ ਚਿਤਾ 'ਚ ਭਸਮ ਹੋ ਰਹੀ ਸੱਸ ਲਈ ਅੱਖਾਂ 'ਚੋਂ ਬੇਰੋਕ ਅੱਥਰੂ ਵਹਾਏ ਜਾ ਰਹੀ ਸੀ। ਔਰਤਾਂ ਦਾ ਇੱਕ ਝੁੰਡ ਖੁਸਰ -ਪੁਸਰ ਕਰ ਰਿਹਾ ਸੀ। ਕਿਵੇਂ ਪਖੰਡ ਕਰ ਰਹੀ ਹੈ ਜਿਵੇਂ ਇਸ ਦੀ ਮਾਂ ਦੀ ਚਿਤਾ ਮੱਚ ਰਹੀ ਹੋਵੇ। ਕੋਈ ਸੱਸ ਲਈ ਵੀ ਇਓਂ ਰੋਂਦਾ ਹੈ। ਅੰਦਰੋਂ ਤਾਂ ਖੁਸ਼ ਹੋਵੇਗੀ ਕਿ ਹੁਣ ਘਰ ਵਿੱਚ ਮੇਰਾ ਰਾਜ ਚੱਲੇਗਾ। 
       ਉਹ ਇਕਲੌਤੀ ਸੰਤਾਨ ਵਾਲ਼ੀ ਸ ਦੇ ਘਰ ਅੱਲੜ ਉਮਰੇ ਹੀ ਨੂੰਹ ਬਣ ਕੇ ਆਈ ਸੀ। ਨਵਾਂ ਮਾਹੌਲ, ਨਵੇਂ ਲੋਕਾਂ 'ਚ ਆਪਣੇ ਆਪ ਨੂੰ ਢਾਲਣ ਨੂੰਹ ਲਈ ਕਿੰਨਾ ਮੁਸ਼ਕਿਲ ਹੁੰਦਾ ਹੈ। ਸਭ ਜਾਣਦੇ ਨੇ ਕਿ ਨੂੰਹ -ਸੱਸ ਦਾ ਰਿਸ਼ਤਾ ਕਦੇ ਮਾਂ -ਧੀ ਦਾ ਰੂਪ ਲੈਂਦਾ ਹੀ ਨਹੀਂ। ਕਦੇ ਕਦੇ ਨਾ ਅਪਵਾਦ ਦਿਖਾਈ ਦੇ ਹੀ ਜਾਂਦਾ ਹੈ। 
         ਇਸ ਨੂੰਹ ਦੇ ਪਤੀ ਤੇ ਸੱਸ ਦਾ ਸੁਭਾਅ ਕੁਝ ਜ਼ਿਆਦਾ ਹੀ ਗਰਮ ਸੀ। ਅਕਸਰ ਦੋਵਾਂ 'ਚ ਠਣ ਜਾਂਦੀ। ਨੂੰਹ ਸਹਿਮ ਜਾਂਦੀ। ਬਿਨਾਂ ਕਿਸੇ ਵਿਸ਼ੇਸ਼ ਕਾਰਣ ਦੇ ਘਰ 'ਚ ਛੋਟੀ -ਮੋਟੀ ਗੱਲ ਨੂੰ ਲੈ ਕੇ ਤੇ ਭਾਂਡਾ ਫੁੱਟਦਾ ਨੂੰਹ ਸਿਰ। ਉਸ ਦਿਨ ਗੱਲ ਕੁਝ ਐਨੀ ਵੱਧ ਗਈ ਕਿ ਪੁੱਤ ਲੜਾਈ ਦੀ ਜੜ੍ਹ ਨੂੰ ਹੀ ਖਤਮ ਕਰਨ 'ਤੇ ਉਤਾਰੂ ਹੋ ਗਿਆ। ਨਾ ਜਾਣੇ ਕਿਵੇਂ ਉਸ ਨੇ ਰਸੋਈ 'ਚੋਂ ਲਿਆ ਕੇ ਮਿੱਟੀ ਦੇ ਤੇਲ ਦੀ ਪੂਰੀ ਬੋਤਲ ਪਤਨੀ ਉੱਪਰ ਪਾ ਮਾਚਿਸ ਲੈਣ ਦੌੜਿਆ। ਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਪੁੱਤ ਨੂੰ ਧੱਕਾ ਮਾਰ ਨੂੰਹ ਨੂੰ ਕਿਸੇ ਦੂਜੇ ਕਮਰੇ 'ਚ ਧਕੇਲ ਦਿੱਤਾ। ਕੁੰਡੀ ਲਾ ਕੇ ਅੱਗੇ ਖੜ੍ਹੀ ਹੋ ਗਈ ਨੂੰਹ ਦੀ ਜਾਨ ਬਚਾਉਣ। ਨੂੰਹ ਹੈਰਾਨ ਸੀ ਸੱਸ ਦਾ ਇਹ ਰੂਪ ਵੇਖ ਕੇ। ਲੜਦੇ ਮਾਂ ਪੁੱਤ ਨੇ , ਮੈਂ ਦੋ ਪਾਟਾਂ 'ਚ ਉਂਝ ਹੀ ਪੀਸ  ਜਾਂਦੀ ਹਾਂ। ਅੱਜ ਕਿਉਂ ਉਹ ਮੇਰੀ ਜਾਨ ਬਚਾ ਰਹੀ ਹੈ ? ਬੋਲੀ ," ਮਾਂ ਜੇ ਕਲੇਸ਼ ਦੀ ਜੜ੍ਹ ਮੈਂ ਹਾਂ ਖ਼ਤਮ ਹੋ ਜਾਣ ਦੇ ਮੈਨੂੰ। " ਨੂੰਹ ਵੀ ਅੱਜ ਫੈਸਲਾ ਕਰਨ 'ਤੇ ਅੜ ਗਈ ਸੀ। 
         "ਨਹੀਂ ਕਲੇਸ਼ ਦੀ ਜੜ੍ਹ ਤੂੰ ਨਹੀਂ ਮੈਂ ਹਾਂ ਜੋ ਅਜਿਹੇ ਪੁੱਤ ਨੂੰ ਜਨਮ ਦਿੱਤਾ। ਜੋ ਆਪਣੇ ਬੱਚਿਆਂ ਦੀ ਮਾਂ ਨੂੰ ਮਾਰਨ ਜਾ ਰਿਹਾ ਹੈ। ਜਿੰਦਾ ਜਲਾਉਣ। ਮੱਤ ਮਾਰੀ ਗਈ ਹੈ ਇਸ ਦੀ। ਮੈਨੂੰ ਮਾਰ। ਕਾਤਿਲ ਪੁੱਤ ਦੀ ਮਾਂ ਕਹਾਉਣ ਨਾਲੋਂ ਤਾਂ ਚੰਗਾ ਹੈ ਅਜਿਹੇ ਪੁੱਤ ਦੇ ਹੱਥੋਂ ਖੁਦ ਮਰ ਜਾਣਾ। " ਪੁੱਤ ਦੀ ਜਾਨ ਤਾਂ ਮਾਂ 'ਚ ਵਸਦੀ ਸੀ। ਉਹ ਸ਼ਰਮ ਨਾਲ ਪਾਣੀ -ਪਾਣੀ ਹੋ ਗਿਆ। ਜਿਵੇਂ ਕਿਸੇ ਨੇ ਉਸ 'ਤੇ ਸੌ ਘੜਾ ਪਾਣੀ ਡੋਲ੍ਹ ਦਿੱਤਾ ਹੋਵੇ। ਇਸ ਗੱਲ ਨੂੰ ਹੁਣ ਅਰਸਾ ਬੀਤ ਗਿਆ ਸੀ। 
          ਅੱਜ ਓਹੀ ਸ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਚਿਤਾ 'ਤੇ ਪਈ ਰਾਖ 'ਚ ਤਬਦੀਲ ਹੋ ਰਹੀ ਸੀ। ਨੂੰਹ ਲਪਟਾਂ ਨੂੰ ਵੇਖ ਕੇ ਯਾਦਾਂ 'ਚ ਅਜਿਹੀ ਗੁਆਚੀ ਕਿ ਅੱਥਰੂ ਆਪ ਮੁਹਾਰੇ ਵਹਿ ਤੁਰੇ। ਉਸ ਨੂੰ ਨਾ ਭੁੱਲਣ ਵਾਲੀ ਇਸ ਯਾਦ ਨੇ ਆ ਘੇਰਿਆ। ਅੱਥਰੂ ਸੀ ਕਿ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਸਨ। ਇੱਕ ਦਿਨ ਜਿੰਦਾ ਜਲ ਗਈ ਹੁੰਦੀ ਬੱਚਿਆਂ ਨੂੰ ਵਿਲਕਦਾ ਛੱਡ ,ਜੇ ਸ ਨੇ ਬਚਾਇਆ ਨਾ ਹੁੰਦਾ। ਜਿਵੇਂ ਜਿਵੇਂ ਚਿਤਾ ਦੀਆਂ ਲਪਟਾਂ ਤੇਜ਼ ਹੁੰਦੀਆਂ ਜਾ ਰਹੀਆਂ ਸਨ ਉਸ ਦੀਆਂ ਅੱਖਾਂ 'ਚੋਂ ਗੰਗਾ -ਜਮਨਾ ਦਾ ਪ੍ਰਵਾਹ ਵੱਧਦਾ ਜਾ ਰਿਹਾ ਸੀ। ਲੋਕਾਂ ਨੂੰ ਉਸ ਦੇ ਅੱਥਰੂ ਬਨਾਉਟੀ ਲੱਗ ਰਹੇ ਸਨ। ਪ੍ਰੰਤੂ  ਉਹ ਅੱਥਰੂਆਂ ਨਾਲ ਧੁੰਦਲਾਈਆਂ ਅੱਖਾਂ ਨਾਲ ਰਾਖ ਬਣਦੀ ਸੱਸ ਦੇ ਅਸ਼ੀਰਵਾਦ ਨੂੰ ਮਹਿਸੂਸ ਕਰ ਰਹੀ ਸੀ। 

ਕਮਲਾ ਘਟਾਔਰਾ 
ਹਿੰਦੀ ਤੋਂ ਅਨੁਵਾਦ :ਡਾ.ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 78 ਵਾਰ ਪੜ੍ਹੀ ਗਈ ਹੈ।

18 Apr 2017

ਪਹਿਲ

Sukhwinder Singh Sher Gill's Profile Photo, Image may contain: 1 person, hat and closeup
ਸਰਕਾਰੀ ਸਕੂਲ ਵੱਲੋਂ ਦਾਖਲਾ ਵਧਾਉਣ ਲਈ ਕੀਤੀ ਜਾ ਰਹੀ ਰੈਲੀ ਵਿੱਚ ਪੂਰੇ ਜ਼ੋਰ -ਸ਼ੋਰ ਨਾਲ ਸਹੂਲਤਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ। ਜਦੋਂ ਲੋਕਾਂ ਨੇ ਪੁੱਛਿਆ, " ਮਾਸਟਰ ਜੀ ਫਿਰ ਤੁਹਾਡੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਕਿਉਂ ਪੜ੍ਹਦੇ ਨੇ ?"
       ਕੌੜਾ ਸੱਚ ਸੁਣਦੇ ਹੀ ਮਾਸਟਰ ਚੇਤ ਰਾਮ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਸਰਕਾਰੀ ਸਕੂਲ 'ਚ ਦਾਖਲ ਕਰਨ ਦਾ ਐਲਾਨ ਕਰਕੇ ਪਹਿਲ ਕਰ ਦਿੱਤੀ। 

ਮਾਸਟਰ ਸੁਖਵਿੰਦਰ ਦਾਨਗੜ੍ਹ 

17 Apr 2017

ਪੀੜ ਪਰੁੰਨੇ ਵਾਲ਼


Related image
ਮੀਢੀਆਂ ਗੁੰਦ ਗੁੰਦ ਲੰਮੇ ਕੀਤੇ ਆਪਣੇ ਖੂਬਸੂਰਤ ਰੇਸ਼ਮੀ ਵਾਲ਼ਾਂ 'ਚ ਅੱਜ ਉਹ ਤੇਜ਼ੀ ਨਾਲ ਕੈਂਚੀ ਚਲਵਾ ਰਹੀ ਸੀ।ਦੋ ਢਾਈ ਇੰਚ ਵਾਲ਼ ਕੱਟ ਕੇ ਸ਼ਹਿਰੀ ਨੈਣ ਨੇ ਸ਼ੀਸ਼ਾ ਦਿਖਾਉਂਦਿਆਂ ਪੁੱਛਿਆ,"ਐਨੇ ਠੀਕ ਨੇ ?"
"ਨਹੀਂ , ਹੋਰ ਛੋਟੇ। "
ਵਾਲ਼ਾਂ ਨੂੰ ਹੋਰ ਛੋਟੇ ਕਰ ਫੇਰ ਓਹੀ ਸਵਾਲ ਤੇ ਫੇਰ ਓਹੀਓ ਜਵਾਬ। 
ਜਦੋਂ ਉਸ ਨੇ ਹੁਣ ਛੇਵੀਂ ਵਾਰ ਪੁੱਛਿਆ ਤਾਂ ਮਨ ਦੀ ਪੀੜ ਉਸ ਦੇ ਚਿਹਰੇ 'ਤੇ ਪਸਰ ਗਈ। ਉਹ ਆਪਣੇ ਵਾਲ਼ਾਂ 'ਚ ਹੱਥ ਪਾ ਖਿੱਚਦੇ ਹੋਏ ਬੋਲੀ ," ਮੇਰੇ ਵਾਲ਼ ਐਨੇ ਛੋਟੇ ਕਰ ਦੇ ਕਿ ਉਸ ਜ਼ਾਲਮ ਦੇ ਹੱਥਾਂ 'ਚ ਹੀ ਨਾ ਆਉਣ। ਉਹ ਬੇਰਹਿਮ ਮੈਨੂੰ ਵਾਲ਼ਾਂ ਤੋਂ ਫੜ੍ਹ ਕੇ ਘੜੀਸ ਨਾ ਸਕੇ। " 

ਡਾ. ਹਰਦੀਪ ਕੌਰ  ਸੰਧੂ 


ਨੋਟ : ਇਹ ਪੋਸਟ ਹੁਣ ਤੱਕ 432 ਵਾਰ ਪੜ੍ਹੀ ਗਈ ਹੈ।

ਫੇਸਬੁੱਕ ਲਿੰਕ

16 Apr 2017

ਪਾਪ ਜਾਂ ਪੁੰਨ

Image result for dog feeding pups punjab
ਸੰਘਣੀ ਅਬਾਦੀ ਵਾਲੇ ਉਸ ਰਿਹਾਇਸ਼ੀ ਇਲਾਕੇ 'ਚ ਇੱਕ ਭੀੜੀ ਜਿਹੀ ਸੜਕ 'ਤੇ ਬੜੀ ਆਵਾਜਾਈ ਰਹਿੰਦੀ ਸੀ। ਦੋਨਾਂ ਪਾਸੇ ਸਬਜ਼ੀ ਵਾਲਿਆਂ ਦੇ ਛਾਬੜੇ ਫੁੱਟਪਾਥ ਰੋਕ ਲੈਂਦੇ। ਰਿਕਸ਼ੇ, ਸਕੂਟਰਾਂ, ਠੇਲਿਆਂ ਤੇ ਅੱਗੇ ਜਾ ਕੇ ਇੰਡਸਟਰੀ ਦਾ ਸਮਾਨ ਲਿਆਉਣ ਵਾਲੇ ਟਰੱਕਾਂ ਦਾ ਵੀ ਆਉਣਾ -ਜਾਣਾ ਰਹਿੰਦਾ। ਤੇਜ਼ ਰਫ਼ਤਾਰ ਜ਼ਿੰਦਗੀ 'ਚ ਕੌਣ ਕਿੱਥੇ ਕੁਚਲ ਦਿੱਤਾ ਜਾਏ ਕਿਸੇ ਨੂੰ ਨਹੀਂ ਪਤਾ। ਹਾਦਸਾ ਹੋਣ 'ਤੇ ਕੋਈ ਮੁੜ ਕੇ ਵੀ ਨਹੀਂ ਦੇਖਦਾ ਕਿ ਉਹ ਕਿਸ ਨੂੰ ਕੁਚਲ ਕੇ ਆ ਰਿਹਾ ਹੈ। 
    ਸਵੇਰ ਦਾ ਨਾਸ਼ਤਾ ਕਰਕੇ ਉਹ ਇਓਂ ਹੀ ਆਪਣੀ ਖਿੜਕੀ ਤੋਂ ਬਾਹਰ ਦੇ ਨਜ਼ਾਰੇ ਦੇਖਣ ਲੱਗੀ। ਉਸ ਨੇ ਦੇਖਿਆ ਓਥੇ ਇੱਕ ਜਗ੍ਹਾ ਨਿੱਕੇ ਨਿੱਕੇ ਪਿਆਰੇ ਜਿਹੇ ਪੰਜ -ਛੇ ਕਤੂਰੇ ਆਪਣੀ ਮਾਂ ਦਾ ਦੁੱਧ ਚੁੰਘ ਰਹੇ ਸਨ ਕਿ ਇੱਕ ਸਾਈਕਲ ਸਵਾਰ ਸੜਕ 'ਤੇ ਅੱਗੇ ਜਾਣ ਦੀ ਕਾਹਲ 'ਚ ਇੱਕ ਕਤੂਰੇ ਦੀ ਲੱਤ ਤੋਂ ਹੋ ਕੇ ਲੰਘ ਗਿਆ। ਕਤੂਰੇ ਦੀ ਬਰੀਕ ਜਿਹੀ ਚੀਕ ਦੇ ਨਾਲ ਉਸ ਦੇ ਮੂੰਹੋਂ ਵੀ ਹਾਏ ਨਿਕਲ ਗਈ। ਪਲਾਂ 'ਚ ਹੀ ਖੁਸ਼ਨੁਮਾ ਮਾਹੌਲ ਦੁਖਾਂਤ 'ਚ ਬਦਲ ਗਿਆ। ਉਹ ਅਜੇ ਸੋਚ ਹੀ ਰਹੀ ਸੀ ਕਿ ਕਾਸ਼ ਉਨ੍ਹਾਂ 'ਚੋਂ ਕਿਸੇ ਇੱਕ ਕਤੂਰੇ ਨੂੰ ਉਹ ਘਰ ਲਿਆ ਕੇ ਪਾਲ ਸਕਦੀ। ਪਰ ਘਰ ਵਾਲਿਆਂ ਤੋਂ  ਇਜ਼ਾਜਤ ਨਹੀਂ ਮਿਲ ਸਕਦੀ ਸੀ। ਉਸ ਨੇ ਸੋਚਿਆ ਕਿ ਉਹ ਪਾਲ ਨਹੀਂ ਸਕਦੀ ਤਾਂ ਕੀ ਹੋਇਆ ? ਉਸ ਦੀ ਲੱਤ ਦੀ ਸੱਟ ਦਾ ਤਾਂ ਇਲਾਜ ਕਰਵਾ ਸਕਦੀ ਹੈ। ਉਹ ਤੁਰੰਤ ਬਿਨਾਂ ਸੋਚੇ ਵਿਚਾਰੇ ਉਸ ਕਤੂਰੇ ਨੂੰ ਚੁੱਕ ਕੇ ਪਸ਼ੂ ਹਸਪਤਾਲ਼ ਲੈ ਗਈ। ਚੈਕ ਕਰਾਇਆ ਕਿਤੇ ਲੱਤ ਟੁੱਟ ਤਾਂ ਨਾ ਗਈ ਹੋਵੇ। ਤਾਕਤ ਦਾ ਟੀਕਾ ਲਗਵਾਇਆ। ਦਵਾਈ ਪਿਲਾਈ ਤੇ ਉਸ ਨੂੰ ਉਸ ਦੀ ਮਾਂ ਕੋਲ ਛੱਡ ਆਈ। ਦੋਬਾਰਾ ਫੇਰ ਇੱਕ ਵਾਰ ਡਾਕਟਰ ਕੋਲ ਲੈ ਗਈ। ਡਾਕਟਰ ਨੇ ਤਸੱਲੀ ਕਰਵਾਈ ਕਿ ਲੱਤ ਬਿਲਕੁਲ ਠੀਕ ਹੈ। ਇੱਕ ਦੋ ਦਿਨ 'ਚ ਠੀਕ ਹੋ ਜਾਵੇਗੀ। ਅਤੇ ਸੱਚੀ ਦੋ ਦਿਨਾਂ ਬਾਦ ਉਹ ਫਿਰ ਤੋਂ ਚੱਲਣ ਲਾਇਕ ਹੋ ਗਿਆ। ਪਰ ਹੁਣ ਉਸ ਦੀ ਮਾਂ ਉਸ ਨੂੰ ਆਪਣੇ ਕੋਲ ਫਟਕਣ ਨਾ ਦੇਵੇ। ਉਹ ਕੁਝ ਦਿਨਾਂ 'ਚ ਚੱਲਣ -ਫਿਰਨ ਦੇ ਯੋਗ ਹੋ ਕੇ ਵੀ ਬਹੁਤੇ ਦਿਨ ਨਾ ਚੱਲ ਸਕਿਆ। ਹੁਣ ਭੁੱਖ ਨੇ ਉਸ ਦੇ ਪ੍ਰਾਣ ਲੈ ਲਏ। 
     ਉਸ ਨੂੰ ਨਹੀਂ ਪਤਾ ਸੀ ਕਿ ਬਿੱਲੀ ਜਾਂ ਕੁੱਤੇ ਦੇ ਬੱਚੇ ਨੂੰ ਉਨ੍ਹਾਂ ਕੋਲੋਂ ਵੱਖ ਕਰਕੇ ਫੇਰ ਦੁਬਾਰਾ ਛੱਡ ਆਉਣ 'ਤੇ ਮਾਂ ਉਸ ਬੱਚੇ ਨੂੰ ਨਹੀਂ ਅਪਣਾਉਂਦੀ। ਉਹ ਅਜਿਹੀਆਂ ਗੱਲਾਂ ਨੂੰ ਨਹੀਂ ਮੰਨਦੀ ਸੀ। ਲੇਕਿਨ ਇਹ ਦ੍ਰਿਸ਼ ਉਸ ਨੂੰ ਮੰਨਣ ਲਈ ਮਜਬੂਰ ਕਰ ਗਿਆ ਤੇ ਉਦਾਸ ਕਰ ਗਿਆ। ਉਹ ਸੋਚਣ ਲੱਗੀ ਕਿ ਉਸ ਨੇ ਪੁੰਨ ਕੀਤਾ ਜਾਂ ਪਾਪ ਕਮਾਇਆ ?

ਕਮਲਾ ਘਟਾਔਰਾ 

ਹਿੰਦੀ ਤੋਂ ਅਨੁਵਾਦ : ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 75 ਵਾਰ ਪੜ੍ਹੀ ਗਈ ਹੈ।

ਹਿੰਦੀ 'ਚ ਪੜ੍ਹਨ ਲਈ 

15 Apr 2017

ਵੰਗਾਰ

ਭਰੂਣ ਹੱਤਿਆ ਤੋਂ ਜਦੋਂ ਮੈਂ ਬਚੀ 
ਲੱਗਿਆ ਸੁਪਨਾ ਹੋਵੇਗਾ ਹੁਣ ਸਾਕਾਰ ਲੋਕੋ
ਹੋਂਦ ਮੇਰੀ ਬਣ ਗਈ ਪਰ ਅੜਿੱਕਾ
ਜੋੜੀ ਭਰਾਵਾਂ ਦੀ ਵਿਚਕਾਰ ਲੋਕੋ
ਵਿਤਕਰਾ ਮੇਰੇ ਨਾਲ਼ ਹੋ ਗਿਆ ਸ਼ੁਰੂ
ਰੱਖਦਾ ਨਹੀਂ ਸੀ ਕੋਈ ਮੇਰਾ ਖਿ਼ਆਲ ਲੋਕੋ
ਮਾਂ ਮੇਰੀ ਇੱਕ ਔਰਤ ਹੋ ਕੇ ਵੀ
ਕਰਦੀ ਨਹੀਂ ਸੀ ਮੈਨੂੰ ਪਿਆਰ ਲੋਕੋ
ਬਾਪ ਮੇਰੇ ਦਾ ਕਰਜ਼ ਵੀ ਹੋ ਗਿਆ ਹੌਲ਼ਾ
ਵਿੱਚ ਵੇਚ ਕੇ ਭਰੇ ਬਜ਼ਾਰ ਲੋਕੋ
ਬਿਨਾਂ ਮਰਜ਼ੀ ਤੋਂ ਮੈਨੂੰ ਪਿਆ ਜਾਣਾ
ਮਿਲਿਆ ਕੁਦੇਸਣ ਦਾ ਉੱਥੇ ਖ਼ਿਤਾਬ ਲੋਕੋ
ਹੋ ਕੇ ਉਹਨਾਂ ਦੀ ਵੀ ਮੈਂ ਪਰਾਈ ਹੀ ਰਹੀ
ਨਹੀਂ ਮਿਲਿਆ ਕੋਈ ਸਤਿਕਾਰ ਲੋਕੋ
ਹੱਡ ਬੀਤੀ ਇਹ ਜੱਗ ਜਨਣੀਆਂ ਦੀ
ਪਰ ਦਿੰਦੀਆਂ ਸਭ ਨੇ ਇਹ ਵਿਸਾਰ ਲੋਕੋ
ਹੈ ਔਰਤ, ਔਰਤ ਦੀ ਦੁਸ਼ਮਣ
ਕਿਹੋ ਜਿਹਾ ਹੈ ਇਹ ਸੰਸਾਰ ਲੋਕੋ
ਕੋਈ ਅੱਖ ਚੱਕ ਕੇ ਨਹੀਂ ਸੀ ਵੇਖ ਸਕਦਾ
ਬਣਨ ਇਹ ਸਭ ਜੇ ਮੇਰੀ ਢਾਲ਼ ਲੋਕੋ
ਇਤਿਹਾਸ ਵਾਰ-ਵਾਰ ਆਪ ਨੂੰ ਦੁਹਰਾਈ ਜਾਵੇ
ਘਿਰੀ ਮੈਂ ਜਿਊਂਦੀਆਂ  ਲਾਸ਼ਾਂ ਵਿਚਕਾਰ ਲੋਕੋ
ਲੜਾਈ ਪਹਿਚਾਣ ਦੀ ਕਰਨੀ ਹੈ ਖ਼ੁਦ ਪੈਣੀ
ਹੈ ਮੈਨੂੰ ਇਹ ਵੰਗਾਰ ਲੋਕੋ
ਹੈ ਮੈਨੂੰ ਇਹ ਵੰਗਾਰ ਲੋਕੋ

ਅਨਿਲ ਕੁਮਾਰ ਫਰਵਾਹੀ
ਹੈੱਡ ਟੀਚਰ
ਸ  ਪ੍ਰਾ ਸ   ਭੱਠਲਾਂ
81460-44417


ਨੋਟ : ਇਹ ਪੋਸਟ ਹੁਣ ਤੱਕ 51 ਵਾਰ ਪੜ੍ਹੀ ਗਈ ਹੈ।

14 Apr 2017

ਔਤ

Sukhwinder Singh Sher Gill's Profile Photo, Image may contain: 1 person, hat and closeupਜਦੋਂ ਇੱਕ ਬਜ਼ੁਰਗ ਮਾਤਾ ਦਾ ਬਿਰਧ ਆਸ਼ਰਮ ਵੱਲੋਂ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ ਤਾਂ ਕਿਸੇ ਨੌਜਵਾਨ ਦੇ ਪੁੱਛਣ 'ਤੇ ਸੰਸਥਾ ਪ੍ਰਧਾਨ ਤ੍ਰਭਕ ਕੇ ਬੋਲਿਆ,"ਕੌਣ ਕਹਿੰਦਾ ਔਤ ਸੀ , ਬਹੁਤ ਵੱਡਾ ਪਰਿਵਾਰ ਆ ਪਰ ਓਹ  ਵਿਦੇਸ਼ 'ਚ ਰਹਿੰਦੇ ਹੋਣ ਕਰਕੇ ਮੌਕੇ 'ਤੇ ਨਹੀਂ ਆ ਸਕੇ। "

ਮਾਸਟਰ ਸੁਖਵਿੰਦਰ ਦਾਨਗੜ੍ਹ 
9417180205

ਨੋਟ : ਇਹ ਪੋਸਟ ਹੁਣ ਤੱਕ 51 ਵਾਰ ਪੜ੍ਹੀ ਗਈ ਹੈ।

13 Apr 2017

ਪ੍ਰਵਾਸੀ ਕੂੰਜਾਂ (ਹਾਇਬਨ )



        ਚਾਂਦੀ ਰੰਗੀਆਂ ਸਾਵੀਆਂ ਪਹਾੜੀਆਂ ਵਾਲੇ ਅਪ੍ਰਾਕ੍ਰਿਤਕ ਜ਼ਖੀਰੇ 'ਤੇ ਬਣਿਆ ਹਾਂਗਕਾਂਗ ਦਾ ਹਵਾਈ ਅੱਡਾ। ਬਾਅਦ ਦੁਪਹਿਰ ਹਲਕੀ ਬੱਦਲਵਾਈ ਵਾਲਾ ਮੌਸਮ ਬਣਿਆ ਹੋਇਆ ਸੀ। ਪਹਾੜੀਆਂ ਤੋਂ ਨੀਵੇਂ ਹੋ ਹੋ ਲੰਘਦੇ ਸੁਰਮਈ ਬੱਦਲਾਂ ਵਿੱਚੋਂ ਲੰਘਦੀ ਧੁੱਪ ਕੁਝ ਅਲਸਾਈ ਜਿਹੀ ਜਾਪ ਰਹੀ ਸੀ। ਅਸਮਾਨ 'ਚ ਕਈ ਰੰਗਾਂ ਦਾ ਵਰਤਾਰਾ ਨਜ਼ਰ ਆ ਰਿਹਾ ਸੀ। ਸੁਰਮਈ ਤੋਂ ਘਸਮੈਲੇ ਹੋ ਹਲਕੀ ਸੰਧੂਰੀ ਭਾਅ ਮਾਰਦੇ ਬੱਦਲ ਭਾਂਤ -ਸੁਭਾਂਤੇ ਨਕਸ਼ਾਂ ਨਾਲ  ਅੰਬਰਾਂ 'ਤੇ ਮਨਮਾਨੀਆਂ ਕਰਦੇ ਜਾਪ ਰਹੇ ਸਨ। 
       ਪਤਾ ਨਹੀਂ ਅਚਾਨਕ ਜਹਾਜ਼ੀ ਉਡਾਣਾਂ ਦੀ ਗੜਗੜਾਹਟ ਮੱਧਮ ਪੈ ਗਈ ਸੀ ਜਾਂ ਫੇਰ ਪਰਿੰਦਿਆਂ ਦੀ ਚੁਲਬੁਲੀ ਚਹਿਚਹਾਟ ਦਾ  ਸੁਰ ਉੱਚਾ ਹੋ ਗਿਆ ਸੀ। ਹਵਾਈ ਅਮਲੇ ਨੂੰ ਪ੍ਰਵਾਸੀ ਪੰਛੀਆਂ ਦੇ ਆਗਮਨ ਬਾਰੇ ਮਿਲੀ ਅਗਾਊਂ ਸੂਚਨਾ ਦੇ ਅਧਾਰ 'ਤੇ ਜਹਾਜ਼ੀ ਉਡਾਣਾਂ 'ਤੇ ਕੁਝ ਸਮੇਂ ਲਈ ਪਾਬੰਦੀ ਲੱਗ ਗਈ ਸੀ। ਸੜਕਾਂ 'ਤੇ ਤਾਂ ਆਵਾਜਾਈ ਦਾ ਠੱਪ ਹੋਣਾ ਇੱਕ ਆਮ ਜਿਹੀ ਗੱਲ ਹੈ ਪਰ ਅੱਜ ਤਾਂ  ਇਓਂ ਲੱਗਦਾ ਸੀ ਕਿ ਜਿਵੇਂ ਅੰਬਰਾਂ 'ਚ ਟ੍ਰੈਫਿਕ ਜਾਮ ਹੋ ਗਿਆ ਹੋਵੇ। ਵਿਸਾਖੀ ਤੋਂ ਪਹਿਲਾਂ ਪਹਿਲਾਂ ਇਹ ਕੱਤਕ ਕੂੰਜਾਂ ਭਾਰਤ ਤੇ ਹੋਰ ਦੇਸ਼ਾਂ ਤੋਂ ਵਾਪਸ ਆਪਣੇ ਵਤਨੀਂ ਪਰਤ ਰਹੀਆਂ ਸਨ। 
          ਨਿੱਘੇ ਬਸੰਤੀ ਦਿਨਾਂ 'ਚ ਇਹ ਪ੍ਰਵਾਸੀ ਕੂੰਜਾਂ ਇੱਥੇ ਘੱਟ ਠੰਢ ਵਾਲੇ ਪਿੰਡੀਂ ਆਪਣਾ ਆਰਜ਼ੀ ਡੇਰਾ ਆਣ ਲਾਉਂਦੀਆਂ ਨੇ। ਹਵਾ ਦੇ ਵੇਗ ਤੋਂ ਬੇਪ੍ਰਵਾਹ ਨਿਰੰਤਰ ਉੱਡਦੀਆਂ ਕਿਸੇ ਰੌਸ਼ਨੀ ਦੇ ਉਗਮਣ ਨੂੰ ਨਹੀਂ ਉਡੀਕਦੀਆਂ।ਬਿਨਾਂ ਕਿਸੇ ਕੰਪਾਸ ਤੋਂ ਜੁੜ -ਜੁੜ ਕੇ ਉੱਡਦੀਆਂ ਇੱਕ ਸਾਂਝ ਦਾ ਸਫ਼ਰ ਕਰਕੇ ਮੰਜ਼ਿਲਾਂ ਪਾਉਂਦੀਆਂ ਨੇ ਇਹ ਕੂੰਜਾਂ। ਪਿੰਡ ਵਾਲਿਆਂ ਨੂੰ ਵਿਸ਼ੇਸ਼ ਖਿੱਚ ਪਾਉਂਦੀਆਂ ਨੇ ਇਹ ਪ੍ਰਾਹੁਣੀਆਂ ਜਦੋਂ ਹੱਦਾਂ ਦੀ ਬੇਝਿਜਕ ਉਲੰਘਣਾ ਕਰਦੀਆਂ ਨੇ। ਕੁਝ ਅਰਸੇ ਦਾ ਵਕਤੀ ਪੜਾਅ ਲੰਬੇ ਪੈਂਡਿਆਂ ਦੀ ਥਕਾਨ ਲਾਹ  ਮੁੜ ਤੋਂ ਉਡਾਣ ਭਰਨ ਲਈ ਤਰੋ ਤਾਜ਼ਾ ਕਰ ਦਿੰਦਾ ਹੈ। ਕਹਿੰਦੇ ਨੇ ਸਫ਼ਰਸਾਂਝ ਤਾਂ ਹੁੰਦੀ ਹੀ ਬੜੀ ਮਨੋਹਰ ਤੇ ਕੂਲ਼ੀ ਸਾਂਝ ਹੈ ਜੋ ਸਾਨੂੰ ਤ੍ਰੈਭਵਨ ਦੇ ਹਾਣ ਦਾ ਬਣਾ ਬੇਫ਼ਿਕਰਾ ਸਫ਼ਰ ਕਰਨ ਦੀ ਕਲਾ ਸਿਖਾਉਂਦੀ ਹੈ। 
          ਜਦੋਂ ਵਗਦੀਆਂ ਪੌਣਾਂ ਰੁਪਹਿਰੀ ਬੱਦਲਾਂ 'ਚ ਨਕਸ਼ ਉਲੀਕ ਰਹੀਆਂ ਸਨ ਤਾਂ ਦੂਰ ਦਰਾਡਿਓਂ ਠੰਢੇ ਮੁਲਕਾਂ 'ਚੋਂ ਲੰਬਾ ਸਫ਼ਰ ਕਰਕੇ ਆਈਆਂ ਹਵਾ 'ਚ ਪੈਲਾਂ ਪਾਉਂਦੀਆਂ ਕੂੰਜਾਂ ਆਪਣੀ ਖੁਸ਼ਆਮਦੀਦ ਹਾਜ਼ਰੀ ਲਾਉਂਦੀਆਂ ਨੇ। ਬੜਾ ਅਲੌਕਿਕ ਨਜ਼ਾਰਾ ਬੱਝਾ ਸੀ ਜਦੋਂ ਨਿਯਮਬੱਧ ਹੋ ਕੇ ਉੱਡ ਰਹੀਆਂ ਸਨ ਅੰਬਰੀਂ ਕੂੰਜਾਂ ਦੀਆਂ ਡਾਰਾਂ। ਖੁੱਲ੍ਹੇ ਅੰਬਰ 'ਚ ਕੂੰਜਾਂ ਦੀਆਂ ਪਾਲਾਂ ਚੂੰਗੀਆਂ ਭਰਦੀਆਂ ਜਾਪ ਰਹੀਆਂ ਸਨ। ਇਓਂ ਲੱਗਦਾ ਸੀ ਜਿਵੇਂ ਕਿਸੇ ਨੇ ਗਾਨੀਆਂ ਬਣਾ -ਬਣਾ ਭੇਜ ਦਿੱਤਾ ਸੀ ਇਨ੍ਹਾਂ ਕੂੰਜਾਂ ਦੀਆਂ ਡਾਰਾਂ ਨੂੰ। ਕਦੇ ਅੰਬਰ ਦੇ ਪਿੰਡ 'ਤੇ ਲਹਿਰਾਂ ਵਾਂਗਰ ਵਲ ਖਾਵੰਦੀਆਂ ਤੇ ਕਦੇ ਉੱਡਣੇ ਖੰਭ ਬੱਦਲਾਂ ਸੰਗ ਕਲੋਲਾਂ ਕਰਦੇ ਜਾਪ ਰਹੇ ਸਨ। 
       ਸਮੁੱਚੇ ਚੌਗਿਰਦੇ 'ਚ ਅਨੋਖੀ ਜਿਹੀ ਚਹਿਕ ਦਾ ਖਿਲਾਰਾ ਸੀ। ਇਓਂ ਲੱਗਦਾ ਸੀ ਕਿ ਜਿਵੇਂ ਕਣ -ਕਣ ਇਨ੍ਹਾਂ ਪ੍ਰਵਾਸੀ ਕੂੰਜਾਂ ਨੂੰ ਪਨਪਣ ਤੇ ਵਿਗਸਣ ਦਾ ਵਰ ਦੇ ਰਿਹਾ ਹੋਵੇ। ਪੂਰੀ ਕਾਇਨਾਤ ਦਾ ਪਸਾਰਾ ਬਣ ਇਹ ਅੰਬਰੀਂ ਨਜ਼ਾਰਾ ਹਰ ਸੋਚ ਭਟਕਣ ਨੂੰ ਦੇ ਰਿਹਾ ਸੀ ਇੱਕ ਠਹਿਰਾਓ ਦਾ ਸਹਾਰਾ ਤੇ ਹਰ ਝੋਲੀ ਪੈ ਰਿਹਾ ਸੀ ਬੱਸ ਆਪੋ -ਆਪ ਸਰਬ ਸੁਖਨ ਦਾ ਨਿਉਂਦਾ। 

ਢਲਦਾ ਦਿਨ 
ਬੱਦਲਾਂ ਸੰਗ ਉੱਡੇ 
ਕੂੰਜਾਂ ਦੀ ਡਾਰ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 100 ਵਾਰ ਪੜ੍ਹੀ ਗਈ ਹੈ।
                                                                             

12 Apr 2017

ਆਸ


Image may contain: 1 person, smilingਕੰਢਿਆਂ ਉੱਤੇ ਬਹਿ ਕੇ
ਪੱਤਣ ਪਾਰ ਨਹੀਂ ਹੋਣੇ|
ਕਿਤੁ ਲੱਗੇਂਗਾ ਪਾਰ
ਜੇ ਡੁੱਬਣੋ ਡਰ ਜੇਂ ਗਾ?
ਲਹਿਰਾਂ ਦੇ ਵਿੱਚ ਠੇਲ ਦੇ
ਬੇੜੀ ਸੱਧਰਾਂ ਦੀ,
ਲਹਿਰਾਂ ਦੇ ਸੰਗ ਤੂੰ ਵੀ
ਸੱਜਣਾਂ ਤਰ ਜੇਂ ਗਾ||
ਜੇ ਨਿਰਮਲ ਨੀਰ ਹੋ
ਵੇਗ 'ਚ ਸੱਜਣਾਂ ਵਹਿੰਦਾ ਹੈਂ,
ਫਿਰ ਟੇਢੇ-ਮੇਢੇ ਰਾਹ ਵੀ
ਪਾਰ ਤੂੰ ਕਰ ਜੇਂ ਗਾ||
ਖੁਦ 'ਤੇ ਰੱਖ ਭਰੋਸਾ
ਸਿਦਕੋਂ ਡੋਲੀਂ ਨਾ,
ਫੇਰ ਭਲਾ ਤੂੰ ਦੱਸ
ਕਿ ਕਿੱਦਾਂ ਹਰ ਜੇਂ ਗਾ??
ਤੂਫ਼ਾਨਾਂ ਨਾਲ
ਸਾਹਵੇਂ ਹੋ ਕੇ ਲਾ ਮੱਥਾ,
ਤੂੰ ਲੂਣ ਨਹੀਂ ਕਿ
ਬੂੰਦ ਪਈ ਤੋਂ ਖ਼ਰ ਜੇਂ ਗਾ||
ਹਾਸੇ-ਹਉਕੇ, ਸੁੱਖ-ਦੁੱਖ
ਜ਼ਿੰਦਗੀ ਨਾਲ ਹੀ ਨੇ,
ਸੁੱਖ ਵੀ ਆਊ ਜੇ ਅੱਜ
ਦੁੱਖ ਨੂੰ ਜਰ ਜੇਂ ਗਾ||
ਦੁੱਖ-ਦਰਦ ਕਿਸੇ ਦਾ
ਹੰਝੂਆਂ ਨਾਲ ਵਟਾ ਅਪਣੇ,
ਇੰਞ ਝੋਲੀ ਆਪਣੀ
ਖੁਸ਼ੀਆਂ, ਹਾਸੇ ਭਰ ਜੇਂ ਗਾ||
ਮੌਤ ਤੋਂ ਡਰ ਕੇ "ਔਲਖ਼ਾ"
ਜੀਣਾ ਛੱਡੀਂ ਨਾ,
ਨਹੀਂ ਤਾਂ ਮਰਨੋ ਪਹਿਲਾਂ ਈ
ਸੌ-ਸੌ ਵਾਰੀ ਮਰ ਜੇਂ ਗਾ||
ਮਨਜਿੰਦਰ ਸਿੰਘ ਔਲਖ਼ 
ਅੰਮ੍ਰਿਤਸਰ 

ਨੋਟ : ਇਹ ਪੋਸਟ ਹੁਣ ਤੱਕ 36 ਵਾਰ ਪੜ੍ਹੀ ਗਈ ਹੈ।

11 Apr 2017

ਗਜ਼ਲ

ਚਲਾ ਚੱਲ ਪੜਾਵਾਂ ਅਜੇ ਹੋਰ ਵੀ ਨੇ
ਠਹਿਰਨ ਨੂੰ ਥਾਂਵਾਂ ਅਜੇ ਹੋਰ ਵੀ ਨੇ
ਜੰਡਾਂ ਕਰੀਰਾਂ 'ਚ ਫੱਸ  ਕੇ ਨਾ ਰਹਿ ਜਾ
ਇਸ ਤੋਂ ਵੱਧ  ਛਾਂਵਾਂ ਅਜੇ ਹੋਰ ਵੀ ਨੇ
ਸੀਖਾਂ ਤੋਂ ਡਰਕੇ ਗੁਲਾਮੀ ਨਾ ਮੰਨ ਲਈਂ
ਇਸ ਤੋਂ ਵੱਧ ਸਜ਼ਾਵਾਂ ਅਜੇ ਹੋਰ ਵੀ ਨੇ
ਝੱਖੜਾਂ ਤੋਂ ਡਰ ਕੇ ਢੇਰੀ ਨਾ ਢਾਹ ਬਹੀਂ
ਇਸ ਤੋਂ ਵੱਧ ਬਲਾਵਾਂ ਅਜੇ ਹੋਰ ਵੀ ਨੇ
ਹੁਸਨਾਂ 'ਚ ਫਸ ਕੇ ਮੰਜ਼ਲ ਨਾ ਭੁਲ ਜਾਈਂ
ਇਸ ਤੋਂ ਵੱਧ ਅਦਾਵਾਂ ਅਜੇ ਹੋਰ ਵੀ ਨੇ
ਟੋਏ ਟਿੱਬਿਆਂ 'ਚ ਰੁਲ ਕੇ ਨਾ ਰਹਿ ਜਾਈਂ
ਇਸ ਤੋਂ ਕਠਿਨ ਰਾਹਵਾਂ ਅਜੇ ਹੋਰ ਵੀ ਨੇ
ਠਹਿਰ ਜਾ ਮੌਤੇ ਕਾਹਲੀ ਨਾ ਕਰ ਤੂੰ
"ਥਿੰਦ" ਮਨ ਸਲਾਵਾਂ ਅਜੇ ਹੋਰ ਵੀ ਨੇ

ਇੰਜ: ਜੋਗਿੰਦਰ ਸਿੰਘ "ਥਿੰਦ"
 ਸਿਡਨੀ

ਨੋਟ : ਇਹ ਪੋਸਟ ਹੁਣ ਤੱਕ 11 ਵਾਰ ਪੜ੍ਹੀ ਗਈ ਹੈ।

ਦਿਲਾਂ 'ਚ ਕੰਧ ਅਤੇ ਆਸ ਦੀ ਖਿੜਕੀ


Related image

ਬਚਪਨ 'ਚ ਬੱਚੇ ਆਪਸ ਵਿੱਚ ਲੜ -ਝਗੜ ਕੇ ਗੁੱਸੇ ਹੋ ਕੇ ਕੱਟੀ ਕਰ ਲੈਂਦੇ  ਨੇ। ਇਹ ਹੈ ਨੰਨ੍ਹੇ ਦਿਲਾਂ 'ਚ  ਕੱਚੀ ਕੰਧ ਜੋ ਕੁਝ ਪਲਾਂ ਤੱਕ ਹੀ ਖੜ੍ਹੀ ਰਹਿਣ ਵਾਲੀ ਹੁੰਦੀ ਹੈ। ਬੱਚੇ ਛੇਤੀ ਹੀ ਭੁੱਲ -ਭੁਲਾ ਕੇ ਸੁਲਾਹ ਕਰ ਲੈਂਦੇ ਹਨ। ਇੱਥੇ ਆਸ ਦੀ ਖਿੜਕੀ ਬਣ ਹੀ ਨਹੀਂ ਸਕਦੀ। ਕੰਧ ਆਪੇ ਹੀ ਢਹਿ ਜਾਂਦੀ ਹੈ। 
ਜਵਾਨੀ -ਜਿੱਥੇ ਇੱਕੋ ਤੱਕਣੀ 'ਚ ਹੀ ਜਨਮ ਜਨਮਾਂਤਰਾਂ ਦੇ ਬੰਧਨ ਅਚਾਨਕ ਬੱਝ ਜਾਂਦੇ ਨੇ। ਇੱਥੇ ਦਿਲਾਂ 'ਚ ਕੰਧ ਉਸਰਣ ਦੇ ਅਨੇਕਾਂ ਕਾਰਣ ਹੋ ਸਕਦੇ ਨੇ -ਜਾਤ -ਪਾਤ , ਅਮੀਰੀ -ਗਰੀਬੀ , ਧਰਮ ਭੇਦ। ਇੱਥੇ ਪ੍ਰੇਮ ਨੂੰ ਜਿਉਂਦਾ ਰੱਖਣ ਲਈ ਇਸ ਨੂੰ ਮਿੱਤਰਤਾ ਦੇ ਰੂਪ 'ਚ ਬਦਲ ਦਿੱਤਾ ਜਾ ਸਕਦਾ ਹੈ। ਸੰਭਾਵਨ ਇੱਥੇ ਆਸ ਦੀ ਖਿੜਕੀ ਮਾਅਨੇ ਰੱਖਦੀ ਹੈ। ਜਦੋਂ ਜੀ ਕਰੇ ਮਿਲਿਆ ਵਰਤਿਆ ਜਾ ਸਕਦਾ ਹੈ। 
 ਪਤੀ ਪਤਨੀ -ਇਨ੍ਹਾਂ ਦੋਹਾਂ ਦੇ ਦਿਲਾਂ 'ਚ ਕੰਧ ਅਕਸਰ ਬਣ ਜਾਂਦੀ ਹੈ, ਨਰਾਜ਼ਗੀ 'ਚ ਚੁੱਪੀ ਦੀ। ਇੱਥੇ ਆਸ ਦੀ ਖਿੜਕੀ ਬਨਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ। ਰੁੱਸੇ ਨੂੰ ਮਨਾਉਣ ਲਈ ਬੱਸ ਇੱਕ ਮੁਸਕਾਨ ਹੀ ਕਾਫ਼ੀ ਹੈ। ਰੁੱਸੇ ਨੂੰ ਮਨਾਏ ਬਿਨਾਂ ਜੀਵਨ ਅੱਗੇ ਚੱਲ ਹੀ ਨਹੀਂ ਸਕਦਾ। ਗੱਲ ਕੀਤੇ ਬਿਨਾਂ ਲੰਬੇ ਸਮੇਂ ਤੱਕ ਇਨਸਾਨ ਨਹੀਂ ਰਹਿ ਸਕਦਾ। ਇੱਥੇ ਕੰਧ ਇੱਟਾਂ -ਪੱਥਰ ਦੀ ਨਹੀਂ ਹੁੰਦੀ ਸਗੋਂ ਦਿਖਾਈ ਨਾ ਦੇਣ ਵਾਲੀ ਅਦ੍ਰਿਸ਼ ਹੁੰਦੀ ਹੈ। ਆਪਣੇ ਆਪ ਗਾਇਬ ਹੋ ਜਾਂਦੀ ਹੈ। 
   ਅਜੋਕੇ ਯੁੱਗ 'ਚ ਇਹ ਕੰਧ ਦਿਲਾਂ 'ਚ ਨਹੀਂ ਦੋ ਜ਼ਿੰਦਗੀਆਂ ਦੇ ਵਿਚਕਾਰ ਬਣਦੀ ਹੈ। ਇਹ ਕੰਧ ਹੈ ਤਲਾਕ ਦੀ। ਇੱਥੇ ਕੋਈ ਵੀ ਖਿੜਕੀ ਨਹੀਂ ਬਣਦੀ। ਸਿਰਫ਼ ਬੱਚਿਆਂ ਨੂੰ ਮਿਲਣ ਲਈ ਅਦਾਲਤ ਵੱਲੋਂ ਬਣਾਈ ਜਾਂਦੀ ਹੈ ਇੱਕ ਖਿੜਕੀ। 
       ਇਸ ਕੰਧ ਤੇ ਆਸ ਦੀ ਖਿੜਕੀ ਦੇ ਦਾਰਸ਼ਨਿਕ ਪੱਖ ਨੂੰ ਘੋਖਦਿਆਂ - ਆਤਮਾ ਰੂਪੀ ਦੇਹਧਾਰੀ ਜੀਵ ਪਰਮਾਤਮਾ ਰੂਪੀ ਪ੍ਰੀਤਮ ਨੂੰ ਜਦੋਂ ਪਾਉਣ ਦਾ ਹੱਕਦਾਰ ਜਾਣੀ ਅਧਿਕਾਰੀ ਨਹੀਂ ਹੁੰਦਾ ਤਾਂ ਮੋਹ ਮਾਇਆ ਦੇ ਜਾਲ ਤੋਂ ਆਪਣੇ ਆਪ ਨੂੰ ਦੂਰ ਨਹੀਂ ਰੱਖ ਪਾਉਂਦਾ। ਓਦੋਂ ਪਰਮਾਤਮਾ ਆਪਣੇ ਤੇ ਆਪਣੇ ਭਗਤਾਂ ਵਿਚਕਾਰ ਕੰਧ ਦੀ ਗੱਲ ਕਰਦਾ ਹੈ ਕਿਉਂਕਿ ਇੱਕ ਮੀਆਂ 'ਚ ਦੋ ਤਲਵਾਰਾਂ ਨਹੀਂ ਟਿਕ ਸਕਦੀਆਂ। ਇਹ ਉਹ ਕੰਧ ਹੈ ਜੋ ਜੀਵ ਨੂੰ ਪਰਮਾਤਮਾ ਤੋਂ ਦੂਰ ਕਰ ਦਿੰਦੀ ਹੈ। ਮੋਹ ਮਾਇਆ ਵਿੱਚ ਫੱਸਿਆ ਜੀਵ ਮਜਬੂਰ ਹੈ ਕਿਉਂਕਿ ਅਜੇ ਉਹ ਆਪਣੇ ਪ੍ਰੀਤਮ ਨੂੰ ਪਾਉਣ ਦਾ ਪੂਰਾ ਹੱਕਦਾਰ ਨਹੀਂ ਬਣ ਸਕਿਆ। ਸੋ ਮਨ ਨੂੰ ਓਸ ਕੰਧ ਦੀ ਮੌਜੂਦਗੀ ਦਾ ਅਹਿੰਸਾ ਕਰਾਉਂਦਾ ਹੈ। ਆਪਣੇ ਪ੍ਰੀਤਮ ਦੀ ਖੁਸ਼ੀ ਲਈ ਹਾਮੀ ਭਰਦਾ ਹੈ। ਕਹਿੰਦਾ ਹੈ ਕਿ ਮੇਰੀ ਆਤਮਾ ਇੱਕ ਦਿਨ ਇਸ ਕੰਧ ਨੂੰ ਢਾਹੁਣ ਯੋਗ ਜ਼ਰੂਰ ਬਣ ਜਾਵੇਗੀ ਤੇ ਤੈਨੂੰ ਮੈਨੂੰ ਅਪਨਾਉਣਾ ਹੀ ਪਵੇਗਾ। ਇੱਥੇ ਆਸ ਦੀ ਖਿੜਕੀ ਦੀ ਸ਼ਰਤ ਰੱਖਦਾ ਹੈ। ਉਸ ਨੂੰ ਵਿਸ਼ਵਾਸ ਹੈ ਕਿ ਕਦੇ ਨਾ ਕਦੇ ਸਾਡਾ ਮਿਲਣ ਜ਼ਰੂਰ ਹੋਵੇਗਾ। ਉਹ ਆਸ ਦੀ ਖਿੜਕੀ ਤੋਂ ਆਪਣੀ ਗੱਲ ਕਹਿ ਸਕੇਗਾ -ਮੋਹੇ ਨ ਬਿਸਰਨਾ ਮੈਂ ਤੋਂ ਜਨ ਤੇਰਾ। 
ਕਮਲਾ ਘਟਾਔਰਾ 
ਹਿੰਦੀ ਤੋਂ ਅਨੁਵਾਦ : ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 41 ਵਾਰ ਪੜ੍ਹੀ ਗਈ ਹੈ।

ਹਿੰਦੀ 'ਚ ਪੜ੍ਹਨ ਲਈ 

10 Apr 2017

ਜ਼ਮੀਰ


Sukhwinder Singh Sher Gill's Profile Photo, Image may contain: 1 person, hat and closeupਪੈਸਿਆਂ ਬਦਲੇ ਵੋਟਾਂ ਮੰਗਣ ਆਏ ਜਥੇਦਾਰ  ਨੂੰ ਬੰਤ ਸਿੰਘ ਨੇ ਇਹ ਕਹਿ ਕੇ ਉਨ੍ਹੀਂ ਪੈਰੀਂ ਮੋੜ ਦਿੱਤਾ , " ਜਾ ਭਾਈ , ਅਸੀਂ ਜ਼ਮੀਰ ਥੋੜ੍ਹੀ ਮਾਰਨੀ ਆ ਆਪਣੀ ਵੋਟਾਂ ਵੇਚ ਕੇ। ਅਸੀਂ ਤਾਂ ਜਿੱਥੇ ਡੇਰੇ ਵਾਲ਼ੇ ਸੰਤਾਂ ਨੇ ਕਿਹਾ ਉੱਥੇ ਹੀ ਪਾਵਾਂਗੇ। "

ਮਾਸਟਰ ਸੁਖਵਿੰਦਰ ਦਾਨਗੜ੍ਹ 

94171 80205

ਨੋਟ : ਇਹ ਪੋਸਟ ਹੁਣ ਤੱਕ 33 ਵਾਰ ਪੜ੍ਹੀ ਗਈ ਹੈ।

9 Apr 2017

ਆਸ ਦੀ ਖਿੜਕੀ

Surjit Bhullar's Profile Photo, Image may contain: 1 personਮੇਰੀ ਦਿਲੋਂ ਤਾਂ ਸਹਿਮਤੀ ਨਹੀਂ
ਕਿ ਤੇਰੀ ਜ਼ਿੱਦ ਅੱਗੇ ਇਨਕਾਰ ਕਰਾਂ
ਪਰ ਜਦ ਤੂੰ ਮਨ ਬਣਾ ਹੀ ਲਿਆ ਹੈ
ਦੋ ਦਿਲਾਂ ਵਿਚਕਾਰ ਦੀਵਾਰ ਕੱਢਣੀ
ਤਾਂ ਇਸ ਦੀ ਰੋਕ ਨਾਮੁਮਕਨ।
.
ਚੱਲ ਮੈਂ ਤੇਰੀ ਇਹ ਜ਼ਿੱਦ ਮੰਨ ਲੈਂਦੀ ਹਾਂ
ਤੂੰ ਵੀ ਮੇਰੀ ਇੱਕ ਗੱਲ ਤਾਂ ਮੰਨ ਲੈ
ਇਸ ਵਿਚ ਆਸ ਦੀ ਇੱਕ ਖਿੜਕੀ ਤਾਂ ਰੱਖ ਦੇਵੀ।
ਆਸ ਦੀ ਖਿੜਕੀ!
-0-
ਸੁਰਜੀਤ ਸਿੰਘ ਭੁੱਲਰ

08-04-2017

ਨੋਟ : ਇਹ ਪੋਸਟ ਹੁਣ ਤੱਕ 43 ਵਾਰ ਪੜ੍ਹੀ ਗਈ ਹੈ।

8 Apr 2017

ਕੰਢੇ 'ਤੇ ਰੁੱਖੜਾ

ਸੋਚ ਉਡਾਰੀ ਗਹਿਰਾ ਸਮੁੰਦਰ ਕਿਸ਼ਤੀ ਮੰਝਧਾਰ ਹੈ ! ਢ਼ਲਦੀ ਉਮਰ ਕੰਢੇ 'ਤੇ ਰੁੱਖੜਾ ਫੇਰ ਵੀ ਜ਼ਿੰਦਗੀ ਨਾਲ ਪਿਆਰ ਹੈ ! ਦੀਦਿਆਂ 'ਚੋਂ ਨੂਰ ਗਿਆ ਦਿਲ ਚੋਂ ਗਰੂਰ ਗਿਆ , ਮੰਗੇ ਸੱਚੇ ਵਾਲੀ ਦਾ ਦੀਦਾਰ ਹੈ ! ਆਵੋ ਜੀ ਮਿਲਾ ਦੇਵੋ ਬਿਰਹਾ ਦੇ ਮਾਰੇ ਨੂੰ ਵਿਛੜੀ ਕੂੰਜਾਂ ਦੀ ਡਾਰ ਹੈ ! ਨਿਰਮਲ ਕੋਟਲਾ



ਨੋਟ : ਇਹ ਪੋਸਟ ਹੁਣ ਤੱਕ 152 ਵਾਰ ਪੜ੍ਹੀ ਗਈ ਹੈ।

7 Apr 2017

ਸ਼ਿਕਾਰੀ

Sukhwinder Singh Sher Gill's Profile Photo, Image may contain: 1 person, hat and closeupਨਹੀਂ ਬਣ ਸਕਿਆ ਮੈਂ 
ਅਤਿ ਦਰਜੇ ਦਾ ਸ਼ਿਕਾਰੀ 
ਮਨੁੱਖ ਹੀ ਰਹੀ ਗਿਆ। 

ਮੋਰ, ਚਿੜੀਆਂ ਘੁੱਗੀਆਂ 
ਹਾਥੀ ਦੰਦ, ਸ਼ੇਰ ਦੀ ਖੱਲ 
ਸਭ ਕੁਝ ਖਾ ਪੀ ਗਿਆ 
ਤੀਰ ਤੋਂ ਐਟਮ ਦੇ ਸਫ਼ਰ ਤੱਕ। 

ਕਦੇ ਮਨ ਨਾ ਭਰਿਆ 
ਨਾ ਹੀ ਮਿਟੀ ਤ੍ਰਿਸ਼ਨਾ। 

ਕੁੱਖ ਵਿੱਚ ਔਰਤ ਦਾ ਸ਼ਿਕਾਰ 
ਕਰਕੇ ਵੀ ਸਬਰ ਨਾ ਆਇਆ। 

ਪਰ ਸ਼ਾਇਦ ਇਹ ਮਨ 
ਹੋ ਜਾਵੇ ਸ਼ਾਂਤ ਤਦ ਤੱਕ। 

ਜਦ ਧਰਤੀ 'ਤੇ ਕਰ ਲਿਆ 
ਪੂਰੇ ਜੀਵਨ ਦਾ ਸ਼ਿਕਾਰ 
ਹੋਂਦ ਖਤਮ ਕਰ ਲਈ ਆਪਣੀ ਵੀ 
ਅਤੇ ਪਾ ਲਿਆ ਰੁਤਬਾ 
ਅਤਿ ਦਰਜੇ ਦੇ ਸ਼ਿਕਾਰੀ ਦਾ। 

ਮਾਸਟਰ ਸੁਖਵਿੰਦਰ ਦਾਨਗੜ੍ਹ 
(ਬਰਨਾਲਾ )

94171 80205 

ਨੋਟ : ਇਹ ਪੋਸਟ ਹੁਣ ਤੱਕ 34 ਵਾਰ ਪੜ੍ਹੀ ਗਈ ਹੈ।