ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Oct 2012

ਹੈਲੋਵੀਨ

ਪੱਛਮੀ ਦੇਸ਼ਾਂ 'ਚ ਅਕਤੂਬਰ ਦੇ ਮਹੀਨੇ 'ਹੈਲੋਵੀਨ' ਦਾ ਤਿਓਹਾਰ ਮਨਾਇਆ ਜਾਂਦਾ ਹੈ। ਇਹ ਬਦਰੂਹਾਂ ਨੂੰ ਖੁਸ਼ ਕਰਨ ਦਾ ਤਿਓਹਾਰ ਹੈ। ਲੋਕ ਦਾ ਕਹਿਣਾ ਹੈ ਕਿ ਇਹ ਰੂਹਾਂ ਜੇ ਨਾਰਾਜ਼ ਹੋ ਜਾਣ ਤਾਂ ਬਹੁਤ ਨੁਕਸਾਨ ਕਰ ਸਕਦੀਆਂ ਹਨ। ਇਨ੍ਹਾਂ ਨੂੰ ਖੁਸ਼ ਕਰਨ ਲਈ 31 ਅਕਤੂਬਰ ਨੂੰ ਲੋਕ ਖਾਣ ਵਾਲ਼ੀਆਂ ਮਿੱਠੀਆਂ ਚੀਜ਼ਾਂ ਦਾਨ ਕਰਦੇ ਹਨ। ਬੱਚੇ ਤੇ ਜਵਾਨ ਮੁੰਡੇ-ਕੁੜੀਆਂ ਏਸ ਦਿਨ ਭੂਤਾਂ-ਪ੍ਰੇਤਾਂ ਤੇ ਚੜੇਲਾਂ ਵਰਗੀਆਂ ਭੈੜੀਆਂ ਸ਼ਕਲਾਂ ਦੇ ਮਖੌਟੇ ਅਤੇ ਕੱਪੜੇ ਪਾ ਕੇ ਟੋਲੀਆਂ ਬਣਾ ਕੇ ਆਥਣ ਨੂੰ ਘਰੋ-ਘਰੀਂ ਮੰਗਣ ਜਾਂਦੇ ਹਨ। ਹਰ ਘਰ ਦੇ ਬੂਹੇ ਅੱਗੇ 'ਟ੍ਰਿਕ ਔਰ ਟ੍ਰੀਟ' ਕਹਿੰਦੇ ਹਨ ਤੇ ਘਰ ਵਾਲੇ ਉਨ੍ਹਾਂ ਨੂੰ ਟਾਫੀਆਂ (ਕੈਂਡੀ)ਤੇ ਚਾਕਲੇਟ ਆਦਿ ਦਿੰਦੇ ਹਨ। 

1.
ਪਾਏ ਮਖੌਟੇ
ਬਣਾ ਟੋਲੀਆਂ ਬੱਚੇ
ਮੰਗਣ ਆਏ 

2.
ਟ੍ਰੀਟ ਟਾਫੀਆਂ 
ਹੈਲੋਵੀਨ ਆਥਣ 
ਬੱਚੇ ਮੰਗਣ 

3.
ਆਥਣ ਵੇਲ਼ਾ
ਗਲ਼ੀ-ਮੁਹੱਲਿਆਂ 'ਚ
ਭੂਤਾਂ ਦਾ ਨਾਚ 

ਡਾ. ਹਰਦੀਪ ਕੌਰ ਸੰਧੂ 
(ਸਿਡਨੀ-ਬਰਨਾਲ਼ਾ)



30 Oct 2012

ਪੀੜ ਪਹਾੜ (ਸੇਦੋਕਾ)

 

1.                                                                                        
ਪੀੜ ਪਹਾੜ                                                                                                         
ਪਿਘਲਦੀ ਰਹਿੰਦੀ 
ਸਭ ਕਹਿਣ ਅੱਖਾਂ 
ਸੁਪਨੇ ਵਿੱਚ
ਪ੍ਰੇਮ ਹੋਇਆ ਕੇਹਾ
ਫਿਰ ਨਿਭਿਆ ਕਦੋਂ ?


2.
ਪੜ੍ਹਦਾ ਰਿਹਾ 
ਜੀਵਨ ਦੀ ਕਿਤਾਬ
ਕਿਉਂ ਡੁੱਬਦਾ ਗਿਆ 
ਅਦਬ ਨਾਲ਼
ਅਰਦਾਸ ਕਰਨੀ
ਵੰਡ ਦੇਣਾ ਪਿਆਰ। 

ਉਦਯ ਵੀਰ ਸਿੰਘ 
(ਗੋਰਖਪੁਰ -ਉ. ਪ੍ਰਦੇਸ਼ )

29 Oct 2012

ਚਾਨਣੀ ਰਾਤ

1.

ਚਾਨਣੀ ਰਾਤ
ਉੱਤਰੀ ਗੁੰਮਸੁਮ 

ਝੀਲ ਦੇ ਪਾਣੀ

2.
ਟੁੱਟ ਗਿਆ ਵੇ
ਦਿਲ ਦਾ ਫੁੱਲਦਾਨ
ਫੁੱਲ ਖਿੜੇ ਨਾ 


3.
ਰੁੱਖੋਂ ਝੜਗੇ 
ਮੁਹੱਬਤਾਂ ਦੇ ਪੱਤੇ
ਜਿਉਵਾਂ ਕਿਵੇਂ



ਹਰਕੀਰਤ ਹੀਰ 
( ਗੁਵਾਹਾਟੀ -ਅਸਾਮ) 
                                                                                                           

27 Oct 2012

ਪਰਵਾਜ਼ ਗੀਤ ਦੀ (ਤਾਂਕਾ)

'ਤਾਂਕਾ' ( Tanka ) ਜਪਾਨੀ ਕਾਵਿ ਵਿਧਾ ਹੈ। ਇਹ 5 ਸਤਰਾਂ 'ਚ ਲਿਖਿਆ ਜਾਂਦਾ ਹੈ, ਜਿਸ 'ਚ ਕ੍ਰਮਵਾਰ 5 + 7 + 5 + 7 + 7 ਧੁਨੀ ਖੰਡ ਹੁੰਦੇ ਹਨ।
1.
ਝੜੇ ਪੱਤਰ
ਟੁੱਟਿਆ ਆਸ਼ਿਆਨਾ
ਆਸ ਨਾ ਛੱਡੀਂ
ਪਰਤੇਗੀ ਬਹਾਰ
ਆਲ੍ਹਣਾ ਫਿਰ ਬਣੂ

2.
ਸ਼ਬਦ ਲੱਭੇ
ਪਰਵਾਜ਼ ਗੀਤ ਦੀ
ਅਕਾਸ਼ ਤੱਕ
ਅੰਬੀਂ ਕੋਇਲ ਕੂਕੀ
ਸਾਜ਼ 'ਚੋਂ ਸ਼ਬਦ ਵੀ

3.
ਚੁੱਪ-ਗੜੁੱਪ
ਸੁੰਨੀ ਮੂਰਤ ਵਿੱਚ
ਵਹੇ ਦਰਿਆ
ਅੰਦਰ ਵਹਿ  ਵੇਖ
ਵੇਖੇਗਾਂ ਤੂਫਾਨ ਤੂੰ 

ਦਵਿੰਦਰ ਕੌਰ ਸਿੱਧੂ
(ਦੌਧਰ-ਮੋਗਾ) 

25 Oct 2012

ਅੰਬਰੋਂ ਟੁੱਟਿਆ ਤਾਰਾ

ਪੰਜਾਬੀ ਕਲਾਕਾਰੀ ਨੂੰ ਨਵੀਂ ਸੇਧ ਦੇਣ ਵਾਲ਼ਾ ਜਸਪਾਲ ਭੱਟੀ ਅੱਜ ਸਾਡੇ ਦਰਮਿਆਨ ਨਹੀਂ ਰਿਹਾ। ਸਮਾਜਿਕ ਬੁਰਾਈਆਂ ਨੂੰ ਬੜੇ ਹੀ ਸੁੱਚਜੇ ਢੰਗ ਨਾਲ਼ ਪੇਸ਼ ਕਰਨ ਵਾਲ਼ਾ ਹਾਸਿਆਂ ਦਾ ਕਲਾਕਾਰ ਅੱਜ ਜਲੰਧਰ ਨੇੜੇ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਉਹ ਆਪਣੀ ਨਵੀਂ ਫਿਲਮ ਪਾਵਰ ਕੱਟ ਦੇ ਪ੍ਰੋਮੋਸ਼ਨ ਲਈ ਜਾ ਰਿਹਾ ਸੀ ਜੋ 26 ਅਕਤੂਬਰ ਨੂੰ ਰਿਲੀਜ਼ ਹੋਣੀ ਹੈ। 

1.
ਵਿਛੜ ਸਾਥੋਂ 
ਅੰਬਰੀਂ ਜਾ ਰਲ਼ਿਆ
ਬਣ ਕੇ ਤਾਰਾ

2.
ਧੁੰਦਲੀ ਸ਼ਾਮ
ਡੁੱਬ ਗਿਆ ਸੂਰਜ
ਦੂਰ-ਦੁਮੇਲ਼

3.
ਸਾਡੇ ਅੰਬਰੋਂ
ਟੁੱਟਿਆ ਅੱਜ ਤਾਰਾ
ਸੇਜਲ ਅੱਖਾਂ 

ਡਾ. ਹਰਦੀਪ ਕੌਰ ਸੰਧੂ
(ਸਿਡਨੀ-ਬਰਨਾਲ਼ਾ) 

24 Oct 2012

ਦੁਸਹਿਰਾ

ਅੱਜ ਦੁਸਹਿਰਾ ਹੈ। ਨੌ-ਨਰਾਤਿਆਂ 'ਚ ਆਥਣ ਵੇਲ਼ੇ ਸਾਂਝੀ ਮਾਈ ਦੀ ਆਰਤੀ ਉਤਾਰੀ ਜਾਂਦੀ ਹੈ ਤੇ ਬਾਦ 'ਚ ਸੁੱਕੀ ਪੰਜੀਰੀ ਦਾ ਪ੍ਰਸਾਦ ਵੰਡਿਆ ਜਾਂਦਾ ਹੈ। ਕੋਰੇ ਕੁੱਜੇ 'ਚ ਜੌਂਅ ਵੀ ਬੀਜੇ ਜਾਂਦੇ ਹਨ ਜਿਸ ਨੂੰ 'ਖੇਤਰੀ' ਕਿਹਾ ਜਾਂਦਾ ਹੈ। ਉੱਗੇ ਹੋਏ ਜੌਆਂ ਨੂੰ 'ਗੌਰਜਾਂ' ਵੀ ਕਿਹਾ ਜਾਦਾ ਹੈ। ਦੁਸਹਿਰੇ ਵਾਲ਼ੇ ਦਿਨ ਜੌਂਅ-ਖੇਤਰੀ ਦੇ ਬੁੰਬਲ਼ਾਂ ਨੁੰ ਕੁੜੀਆਂ ਆਪਣੇ ਵੀਰਾਂ ਦੇ ਟੁੰਗਦੀਆਂ ਹਨ ਤੇ ਸਾਂਝੀ ਮਾਈ ਦੀ ਮੂਰਤੀ ਨੂੰ ਪਿੰਡ ਦੇ ਕਿਸੇ ਟੋਭੇ ਜਾਂ ਸੂਏ 'ਚ ਜਲ-ਪ੍ਰਵਾਹ ਕਰਦੀਆਂ ਹਨ। 

1.
ਅੱਸੂ ਨਰਾਤੇ
ਸਾਂਝੀ ਮਾਈ ਪੂਜਣ
ਮਿਲ਼ ਕੁੜੀਆਂ

2.
ਲਿੱਪੀ ਕੰਧ 'ਤੇ
ਚੰਦੂਏ ਤਾਰੇ ਬਣਾ
ਲਾਵਣ ਸਾਂਝੀ

3.
ਅੱਸੂ ਦੀ ਸੰਝ
ਸਾਂਝੀ ਦੀ ਆਰਤੀ ਗਾ
ਵੰਡੀ ਪੰਜੀਰੀ

4.
ਜੌਆਂ ਦੇ ਠੂਠੇ
ਤਾਰਨ ਨੂੰ ਚੱਲੀਆਂ
ਪਿੰਡ ਦੇ ਟੋਭੇ

5.
ਜੌਂਅ ਬੁੰਬਲ਼
ਵੀਰ ਪੱਗ ਟੁੰਗਦੀ
ਦੁਸਹਿਰੇ ਨੂੰ 

ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ- ਸਿਡਨੀ)

ਨੋਟ : ਇਹ ਪੋਸਟ ਹੁਣ ਤਲ 87 ਵਾਰ ਖੋਲ੍ਹ ਕੇ ਵੇਖੀ ਗਈ। 

23 Oct 2012

ਚੰਨ ਘੇਰਦੇ ਤਾਰੇ


1.
ਤਾਰੇ ਰਲ਼ ਕੇ
ਚੰਨ ਨੂੰ ਘੇਰੀ ਬੈਠੇ
ਘਰ ਭਰਿਆ

2.
ਵਾਹ ਕਮਾਲ
ਸਰਦੀ ਦੀ ਠੰਡ 'ਚ
ਯਾਦਾਂ ਦਾ ਨਿੱਘ 

3.
ਬਸੰਤ ਰੁੱਤ 
ਹਰ  ਪਾਸੇ ਖੁਸ਼ਬੂ 
ਤੇਰਾ ਆਉਣਾ  

ਡਾ. ਸ਼ਿਆਮ ਸੁੰਦਰ 'ਦੀਪਤੀ'
(ਅੰਮ੍ਰਿਤਸਰ)

22 Oct 2012

ਰੁੱਖ ਇੱਕਲਾ

ਝੜਦੇ  ਪੱਤੇ
ਹੋਏ ਲਾਲ ਸੁਰਖ 
ਰੁੱਖ  ਚਿਨਾਰ 

ਰੁੱਖਾਂ ਦੀ ਜਾਤ  
ਪਹਿਲੇ ਕੁਝ ਗਵਾ 
ਫਿਰ ਨਵਾਂ ਪਾ  

ਬੇਰੀ ਦਾ ਰੁੱਖ 
ਵਿਹੜੇ ਛਾਂ ਕਰਦਾ 
ਫੱਲੋਂ  ਵਿਹੂਣਾ

ਛਾਂ ਛਾਂ ਕਰਦੇ 
ਘਰ ਦੇ ਵਿਹੜੇ 'ਚ
ਰੁੱਖ ਇੱਕਲਾ  

ਬੂਹਾ ਖੜਕੇ 
ਕੌਣ ਆਇਆ ਅੱਜ
ਮੈਂ  ਹਾਂ ਸੂਰਜ 


ਦਿਲਜੋਧ ਸਿੰਘ
(ਬਟਾਲ਼ਾ-ਦਿੱਲੀ) 

20 Oct 2012

ਖਿੜਦਾ ਹਾਸਾ

ਹਾਇਕੁ-ਲੋਕ ਨੇ ਰਾਮੇਸ਼ਵਰ ਜੀ ਦੀ ਪੰਜਾਬੀ ਲੇਖਣੀ ਨਾਲ਼ ਪੱਕੀ ਗੰਢ ਪੁਆ ਦਿੱਤੀ ਹੈ।  ਪੰਜਾਬੀ-ਸਿਆਹੀ ਨਾਲ਼ ਭਰੀ ਕਲਮ ਨੇ ਕੁਝ ਹੋਰ ਹਾਇਕੁ ਮੋਤੀ ਹਾਇਕੁ-ਲੋਕ ਦੀ ਝੋਲ਼ੀ ਪਾਏ। 

1.
ਮੀਂਹ ਵਰ੍ਹਦਾ
ਮਨ ਹੈ ਤਰਸਦਾ
ਉਹ ਨਾ ਆਏ
2.
ਖਿੜਦਾ ਹਾਸਾ
ਚਮਕ ਮਨ ਵਾਸਾ 
ਬਣ ਬਿਜਲੀ
3.
ਭੁੱਲ ਤੂੰ ਜਾਵੇਂ 
ਹੱਕ ਬਣਦਾ ਤੇਰਾ
ਮੈਂ ਨਾ ਭੁੱਲਦਾ 

ਰਾਮੇਸ਼ਵਰ ਕੰਬੋਜ 'ਹਿਮਾਂਸ਼ੂ'
(ਨਵੀਂ ਦਿੱਲੀ)

17 Oct 2012

ਸਾਂਝੀ ਮਾਈ

ਪੰਜਾਬ ਦੇ ਪਿੰਡਾਂ 'ਚ ਅੱਸੂ ਦੇ ਨਰਾਤਿਆਂ ਵਿੱਚ ਸਭ ਨਿੱਕੀਆਂ-ਵੱਡੀਆਂ ਕੁੜੀਆਂ ਰਲ਼ ਕੇ ਸਾਂਝੀ ਮਾਈ ਦੀ ਪੂਜਾ ਕਰਦੀਆਂ ਸਨ। ਦੁਸਹਿਰੇ ਤੋਂ ਨੌਂ ਦਿਨ ਪਹਿਲਾਂ ਇਹ ਸਾਂਝੀ ਦਾ ਤਿਉਹਾਰ ਸ਼ੁਰੂ ਹੋ ਜਾਂਦਾ। ਇੱਕ ਕੰਧ 'ਤੇ ਗੋਹਾ -ਮਿੱਟੀ ਥੱਪ ਕੇ 'ਸਾਂਝੀ ਮਾਈ ' ਦੀ ਮੂਰਤੀ ਬਣਾਈ ਜਾਂਦੀ। ਇਸ ਨੂੰ ਬਨਾਉਣ ਵੇਲ਼ੇ ਕੁੜੀਆਂ ਆਪਣੀ ਸ਼ਿਲਪ-ਕਲਾ ਦੀ ਨਿਪੁੰਨਤਾ ਨੂੰ ਉਜਾਗਰ ਕਰਦੀਆਂ। ਸਾਂਝੀ ਮਾਈ ਨੂੰ ਹਾਰ-ਸ਼ਿੰਗਾਰ ਕੇ ਆਥਣ ਵੇਲ਼ੇ ਆਰਤੀ ਉਤਾਰਦੀਆਂ। ਸਾਂਝੀ ਮਾਈ ਰਾਹੀਂ ਜੀਵਨ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ ਜਾਂਦੀ। 
   ਹੁਣ ਅੱਸੂ ਦੇ ਨਰਾਤੇ ਸ਼ੁਰੂ ਹੋ ਗਏ ਹਨ । ਜੇ ਅੱਜ ਤੋਂ 3 ਕੁ ਦਹਾਕੇ ਪਹਿਲੇ ਪੰਜਾਬ ਦੀ ਗੱਲ ਕਰੀਏ ਤਾਂ ਇਹ ਤਿਉਹਾਰ ਜ਼ਰੂਰ ਕਿਤੇ ਨਾ ਕਿਤੇ ਮਨਾਇਆ ਜਾ ਰਿਹਾ ਹੁੰਦਾ। 
ਰੰਗਲਾ ਪੰਜਾਬ (ਜਲੰਧਰ) 'ਚ ਪੁਰਾਣੇ ਪੰਜਾਬ ਦੇ ਪਿੰਡਾਂ ਦੀ ਝਲਕ 'ਚ  ਸਾਂਝੀ ਮਾਈ ਦੀ ਮੂਰਤੀ ਵੇਖ ਕੇ ਇਸ ਬਾਰੇ ਜਾਨਣ ਦੀ ਉਤਸੁਕਤਾ ਨਾਲ਼ ਹੋਰ ਜਾਣਕਾਰੀ ਲੈ ਕੇ, ਸਾਡੀ ਸਭ ਤੋਂ ਛੋਟੀ ਉਮਰ ਦੀ ਹਾਇਕੁਕਾਰਾ ਨੇ ਅੱਜ ਹਾਇਕੁ-ਲੋਕ ਮੰਚ 'ਤੇ ਓਹੀ ਦਿਨ ਜਿਓਂਦੇ ਕਰ ਦਿੱਤੇ ਹਨ।

1.
ਕੱਚੀ ਕੰਧ 'ਤੇ
ਚਮਕੇ ਸਾਂਝੀ ਮਾਈ
ਕਰ ਸ਼ਿੰਗਾਰ

2.
ਰਲ਼ ਕੁੜੀਆਂ
ਗਹਿਣੇ-ਗੋਟੇ ਪਾ ਕੇ
ਸਜਾਈ ਸਾਂਝੀ 

3.
ਆਥਣ ਵੇਲ਼ੇ
ਕੁੜੀਆਂ ਗਾਉਂਦੀਆਂ
ਸਾਂਝੀ ਦੇ ਗੀਤ

ਸੁਪ੍ਰੀਤ ਕੌਰ ਸੰਧੂ 
ਅੱਠਵੀਂ ਜਮਾਤ
(ਬਰਨਾਲ਼ਾ-ਸਿਡਨੀ) 
(ਨੋਟ: ਇਹ ਪੋਸਟ ਹੁਣ ਤੱਕ 73 ਵਾਰ ਖੋਲ੍ਹ ਕੇ ਪੜ੍ਹੀ ਗਈ )

16 Oct 2012

ਬੇਵੱਸ ਅੰਨ ਦਾਤਾ


ਖੇਤੀ ਪ੍ਰਧਾਨ ਦੇਸ ਪੰਜਾਬ 'ਚ ਮੰਦੇ ਹਾਲੀਂ ਹੋਈ ਖੇਤੀ ਅਤੇ ਸਿਰ ਚੜ੍ਹੇ ਕਰਜ਼ੇ ਕਾਰਨ ਕਿਸਾਨ ਦਾ ਜਿਓਣਾ ਦੁਸ਼ਵਾਰ ਹੋ ਗਿਆ ਹੈ। ਪਿੰਡਾ ਲੂੰਹਦੀਆਂ ਧੁੱਪਾਂ ਤੇ ਠਰਦੀਆਂ ਰਾਤਾਂ ਨੂੰ ਤਾਂ ਓਹ ਸਦਾ ਹੀ ਹੰਡਾਉਂਦਾ ਆਇਆ ਹੈ। ਪਰ ਸਮੇਂ ਦੀਆਂ ਸਰਕਾਰਾਂ ਦੀ ਅਣਗਹਿਲੀ ਤੇ ਖੇਤੀ ਸੰਕਟ ਨੇ ਕਮਾਊ ਪੁੱਤਾਂ ਨੂੰ ਮੌਤ ਦੇ ਮੂੰਹ ਧਕੇਲ ਦਿੱਤਾ ਹੈ। ਇੱਕ ਸੰਵੇਦਨਸ਼ੀਲ ਹਾਇਕੁ ਕਲਮ ਕਿਸਾਨ ਦੀ ਹਾਲਤ ਨੂੰ ਕੁਝ ਇਓਂ ਬਿਆਨ ਕਰਦੀ ਹੈ। 

1.
ਧੋਖਾ ਦੇਵਣ
ਸਾਡੀਆਂ ਸਰਕਾਰਾਂ 
ਦੁੱਖੀ ਕਿਸਾਨ

2.
ਵੇਚ ਫਸਲ  
ਪੂਰਾ ਨਾ ਮਿਲੇ ਮੁੱਲ   
ਕੌਣ ਹੈ ਦੋਸ਼ੀ

3.
ਡੀਜ਼ਲ ਮੱਚੇ  
ਨਾ ਹੀ ਪੂਰੀ ਬਿਜਲੀ
ਚੜ੍ਹੇ ਕਰਜ਼ਾ

4.
ਦਿਨ-ਬ-ਦਿਨ
ਡੂੰਘੇ ਪਾਣੀ ਪੱਧਰ 
ਬਣੇ ਨਸੂਰ 

5.
ਚੜ੍ਹੇ ਕਰਜ਼ਾ
ਬੇਵੱਸ ਅੰਨ ਦਾਤਾ
ਲੈ ਲੈਂਦਾ ਫਾਹਾ 

ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ)
(ਨੋਟ: ਇਹ ਪੋਸਟ ਹੁਣ ਤੱਕ 54 ਵਾਰ ਖੋਲ੍ਹ ਕੇ ਪੜ੍ਹੀ ਗਈ )

15 Oct 2012

ਦਿਲ ਦਾ ਬੂਹਾ

1.

ਵਰ੍ਹੇ ਬੀਤਗੇ
ਡਰੇ ਖੁੱਲ੍ਹਣੋ ਹੁਣ 

ਦਿਲ ਦਾ ਬੂਹਾ 

2.


ਜਾਂਦੀ ਰਾਤ ਦੇ 
ਅੰਤਿਮ ਪਹਿਰ 'ਚ
ਰੋਈ ਖਾਮੋਸ਼ੀ

3.

ਆ ਇੱਕ ਵਾਰੀ
ਪੈਰਾਂ 'ਤੇ ਡੋਲ੍ਹ ਦੇਵਾਂ
ਉਮਰ ਸਾਰੀ 


ਹਰਕੀਰਤ ਹੀਰ
ਸੁੰਦਰਪੁਰ - ਗੁਵਾਹਾਟੀ-੫ (ਅਸਾਮ )

14 Oct 2012

ਦੀਵੇ ਦੀ ਬੱਤੀ


1.
ਫੁਲਕਾ ਅੱਜ
ਫੁੱਲ-ਫੁੱਲ ਕੇ ਲੱਥੇ
ਭੈਣ ਉਡੀਕੇ 

2.
ਦੀਵੇ ਦੀ ਬੱਤੀ
ਵੱਡੀ ਹੋ ਰੁਸ਼ਨਾਈ 
ਬੁਝਣ ਵੇਲੇ

3.
ਹਰੇਕ ਵਾਰੀ
ਲਿਖ ਕੇ ਮਿਟਾਇਆ
ਉਹਦਾ ਨਾਮ 

ਕਮਲ ਸੇਖੋਂ
(ਪਟਿਆਲ਼ਾ)

13 Oct 2012

ਰਿਸ਼ਤੇ -ਨਾਤੇ (ਸੇਦੋਕਾ)

ਇਸ ਜੱਗ ਤ੍ਰਿੰਝਣ ਵਿੱਚ ਹਰ ਕੋਈ ਰਿਸ਼ਤੇ-ਨਾਤਿਆਂ ਦੀ ਡੋਰ ਨਾਲ ਬੱਝਾ ਹੁੰਦਾ ਹੈ ।ਇਹ ਡੋਰ ਕਿੰਨੀ ਕੁ ਪਕੇਰੀ ਹੈ ਏਸ ਦਾ ਫੈਸਲਾ ਤਾਂ ਓਸ ਰਿਸ਼ਤੇ ਦੀ ਨੇੜਤਾ ਅਤੇ ਮੋਹ ਦੀਆਂ ਤੰਦਾਂ ਹੀ ਕਰਦੀਆਂ ਹਨ । ਕੁਝ ਅਹਿਜੇ ਹੀ ਅਹਿਸਾਸ ਲੈ ਕੇ ਆਈ ਹੈ ਸਾਡੀ ਇਹ ਕਲਮ !
1.                                                                                                              
ਆਏ ਖ਼ਾਕ ਚੋਂ
ਮਾਣ ਕਿਸ ਗੱਲ ਦਾ
ਫਿਰ ਜਾਣਾ ਖ਼ਾਕ 'ਚ
ਕੋਸ਼ਿਸ਼ ਕੀਤੀ
ਪਾਉਣ ਦੀ ਓਸ ਨੂੰ 
ਪਾ ਨਾ ਸਕਿਆ ਕੋਈ।  

2.
ਕੁੱਖ 'ਚ ਮਰੇ
ਜਿਓਂਦਿਆਂ ਵੀ ਸਤੇ
ਕਿਓਂ ਨਾਰੀ ਸੰਸਾਰ
ਦੁਨੀਆਂਦਾਰੀ
ਉਮਰ ਲੰਘੀ ਸਾਰੀ
ਵੇਖੋ ਹਾਲੇ ਵੀ ਬਾਕੀ। 



ਨਿਰਮਲ ਸਿੰਘ ਸਿੱਧੂ  
( ਬਰੈਂਪਟਨ  - ਕੈਨੇਡਾ )


12 Oct 2012

ਫੈਲੀ ਖੁਸ਼ਬੂ (ਤਾਂਕਾ)*

ਪੰਜਾਬੀ 'ਚ ਤਾਂਕਾ ਲਿਖਣ ਦੀ ਸ਼ੁਰੂਆਤ ਅਸੀਂ 5 ਸਤੰਬਰ 2012 ਨੂੰ ਹਾਇਕੁ-ਲੋਕ ਮੰਚ 'ਤੇ ਪਹਿਲਾਂ ਹੀ ਕਰ ਚੁੱਕੇ ਹਾਂ। ਫਿਰ ਇਹ 22 ਸਤੰਬਰ ਨੂੰ ਪ੍ਰਕਾਸ਼ਿਤ ਹੋਏ। ਓਸੇ ਕੜੀ ਨੂੰ ਅੱਗੇ ਤੋਰਦੀ ਇਹ ਕਲਮ .........

1.
ਉਂਗਲ ਫੜ੍ਹ
ਘਰ ਨੂੰ ਲਈ ਜਾਵੇ
ਰਾਹ ਦਿਖਾਵੇ
ਨਸ਼ੈੜੀ ਬਾਬਲ ਦੀ
ਇੱਕ ਸਿਆਣੀ ਬੇਟੀ !

2.
ਪੰਜਾਬੀ ਲੋਕ
ਵਸਦੇ ਪ੍ਰਦੇਸਾਂ 'ਚ
ਫੈਲੀ ਖੁਸ਼ਬੂ
ਦਰਦ ਪੰਜਾਬ ਦਾ
ਲਕੋ ਬੈਠੇ ਦਿਲਾਂ 'ਚ !
ਭੂਪਿੰਦਰ ਸਿੰਘ
(ਨਿਊਯਾਰਕ)
*ਨੋਟ:'ਤਾਂਕਾ' ( Tanka ) ਜਪਾਨੀ ਕਾਵਿ ਵਿਧਾ ਹੈ। ਇਹ 5 ਸਤਰਾਂ 'ਚ ਲਿਖਿਆ ਜਾਂਦਾ ਹੈ, ਜਿਸ 'ਚ ਕ੍ਰਮਵਾਰ 5 + 7 + 5 + 7 + 7 ਧੁਨੀ ਖੰਡ ਹੁੰਦੇ ਹਨ।

11 Oct 2012

ਖੱਟ-ਮਿੱਠੀਆਂ

ਰੋਜ਼ਾਨਾ ਦੇ ਜੀਵਨ ਨੂੰ ਫਲਸਫਾਨਾ ਢੰਗ ਨਾਲ਼ ਜਿਓਣ ਦੀਆਂ ਗੱਲਾਂ ਕਈ ਵਾਰ ਅਕਾ ਪੈਦਾ ਕਰਦੀਆਂ ਹਨ। ਓਦੋਂ ਕੁਝ ਹਲਕੀਆਂ-ਫੁਲਕੀਆਂ ਤੇ ਮਨ ਨੂੰ ਤਾਜ਼ਾ ਕਰਨ ਵਾਲ਼ੇ ਨੁਕਤਿਆਂ ਵੱਲ ਧਿਆਨ ਮੋੜਨਾ ਪੈਂਦਾ ਹੈ। ਜੇ ਗਹੁ ਨਾਲ਼ ਵੇਖੀਏ- ਸੁਣੀਏ ਤਾਂ ਸਾਡਾ ਸਾਰਾ ਆਲ਼ਾ-ਦੁਆਲ਼ਾ ਸਾਡੇ ਨਾਲ਼ ਬਹੁਤ ਸਾਰੀਆਂ ਗੱਲਾਂ ਕਰਦਾ ਹੈ। ਪਰ ਅਜਿਹਾ ਵੇਖਣ ਲਈ ਤੁਹਾਨੂੰ ਆਪਣੇ ਸਾਰੇ ਤਨ 'ਤੇ ਅੱਖਾਂ ਲਾਉਣੀਆਂ ਪੈਣਗੀਆਂ ਤੇ ਸੁਣਨ ਲਈ ਸਾਰੇ ਸਰੀਰ 'ਤੇ ਕੰਨ ਉਗਾਉਣੇ ਪੈਣੇ ਹਨ। ਫੇਰ ਤਾਂ ਤੁਹਾਨੂੰ ਰਸੋਈ 'ਚ ਪਏ ਆਲੂ-ਗੰਢੇ ਵੀ ਗੱਲਾਂ ਕਰਦੇ ਪ੍ਰਤੀਤ ਹੋਣਗੇ। ਲਓ ਪੇਸ਼ ਨੇ ਅਜਿਹੀਆਂ ਹੀ ਕੁਝ ਖੱਟ-ਮਿੱਠੀਆਂ ਇਨ੍ਹਾਂ ਹਾਇਕੁ/ਹਾਇਗਾ ਦੀ ਜ਼ੁਬਾਨੀ।




ਡਾ.ਹਰਦੀਪ ਕੌਰ ਸੰਧੂ 
(ਸਿਡਨੀ-ਬਰਨਾਲ਼ਾ)
(ਨੋਟ: ਇਹ ਪੋਸਟ ਹੁਣ ਤੱਕ 31 ਵਾਰ ਖੋਲ੍ਹ ਕੇ ਪੜ੍ਹੀ ਗਈ )

10 Oct 2012

ਗੂਗਲ ਦਾਦਾ

'ਜਿਸ ਨੂੰ ਚਾਹਉਸ ਨੂੰ ਲੱਭੇ ਰਾਹ' ਦੇ ਅਨੁਸਾਰ ਜੇ ਕਿਸੇ ਨੂੰ ਕੋਈ ਕੰਮ ਕਰਨ ਦੀ ਦਿਲੋਂ ਇੱਛਾ ਹੋਵੇਤਾਂ ਉਸ ਨੂੰ ਕਰਨ ਦਾ ਢੰਗ ਵੀ ਲੱਭ ਲੈਂਦਾ ਹੈ। ਕੁਝ ਅਜਿਹਾ ਹੀ ਹੋਇਆ ਹਾਇਕੁ-ਲੋਕ ਨਾਲ਼ ਹੁਣੇ-ਹੁਣੇ ਜੁੜੀ ਮਨਵੀਰ ਨਾਲ਼। ਪ੍ਰੋ. ਦਵਿੰਦਰ ਕੌਰ ਸਿੱਧੂ ਦੀ ਪ੍ਰੇਰਨਾ ਸਦਕਾ ਉਹ ਹਾਇਕੁ ਪੜ੍ਹਨ ਲੱਗੀ। 27 ਸਤੰਬਰ 2012 ਨੂੰ ਹਾਇਕੁ-ਲੋਕ 'ਤੇ ਦਿੱਤੇ ਗੂਗਲ ਦੇ 14ਵੇਂ ਜਨਮ ਦਿਨ 'ਤੇ ਹਾਇਕੁ ਲਿਖਣ ਦੇ ਸੱਦੇ ਨੂੰ ਕਬੂਲਦੀ ਮਨਵੀਰ ਓਸ ਕੜੀ 'ਚ ਸ਼ਾਮਲ ਹੋਣ ਲਈ ਹਾਇਕੁ ਲਿਖ ਲਿਆਈ। ਪ੍ਰੋ. ਦਵਿੰਦਰ ਕੌਰ ਸਿੱਧੂ ਦੀ ਦਿੱਤੀ ਸੇਧ ਸਦਕਾ ਅੱਜ ਮਨਵੀਰ ਕੌਰ ਹਾਇਕੁ-ਲੋਕ ਮੰਚ 'ਤੇ ਹਾਜ਼ਰ ਹੈ। 

1.
ਸਾਡਾ ਗੂਗਲ
ਰੰਗ ਹੈ ਬਿਖੇਰਦਾ
ਮਨ ਭਾਉਂਦਾ 

2.
ਇੱਕੋ ਕਲਿੱਕ
ਦੇਵੇ ਦਸ ਜਵਾਬ
ਗੂਗਲ ਦਾਦਾ 

3.
ਉਮਰ ਚੌਦਾਂ 
ਹੈ ਗੂਗਲ ਕਿਸ਼ੋਰ 
ਸਭ ਜਾਣਦਾ 

ਮਨਵੀਰ ਕੌਰ
(ਦੌਧਰ-ਮੋਗਾ)

9 Oct 2012

ਪੱਚਰਾਂ

ਤਸਵੀਰਾਂ ਨਾਲ਼ ਸ਼ਿੰਗਾਰੀ ਪੁਸਤਕ 'ਪੱਚਰਾਂ' ਜਨਮੇਜਾ ਸਿੰਘ ਜੌਹਲ ਦੀ ਪਲੇਠੀ ਹਾਇਕੁ-ਕਾਵਿ ਪੁਸਤਕ ਹੈ। ਇਸ ਪੁਸਤਕ ਵਿੱਚ  ਆਪ ਦੀ ਕਲਾ ਦੇ ਦੋ ਪੱਖ ਪੇਸ਼ ਕੀਤੇ ਗਏ ਹਨ- ਫੋਟੋਗਰਾਫ਼ੀ ਤੇ ਹਾਇਕੁ-ਕਾਵਿ। ਭਾਵੇਂ ਇਸ ਪੁਸਤਕ ਦੇ ਹਾਇਕੁ 5+7+5 ਵਿਧਾ ਤੋਂ ਹਟ ਕੇ ਲਿਖੇ ਗਏ ਹਨ, ਪਰ ਬਹੁਤ ਹੀ ਵਧੀਆ ਹਨ। 

ਲੇਖਕ ਦੀ ਸਹਿਮਤੀ ਨਾਲ਼ ਇਸੇ ਪੁਸਤਕ 'ਚੋਂ ਕੁਝ ਹਾਇਕੁ ਲੈ ਕੇ ਓਨ੍ਹਾਂ ਦਾ ਜਪਾਨੀ ਹਾਇਕੁ ਵਿਧਾ ਅਨੁਸਾਰ ਸੰਪਾਦਨ ਕਰਕੇ ਪੇਸ਼ ਕਰ ਰਹੀ ਹਾਂ। 


 ਸੰਪਾਦਿਤ ਰੂਪ                               ਮੂਲ ਰੂਪ                                      

1.                                               1.
ਪੱਤਾ ਨਾ ਹਿੱਲੇ                           ਸਿੱਖਰ ਦੁਪਹਿਰਾ                              
ਸਿੱਖਰ ਦੁਪਹਿਰਾ                       ਪੱਤਾ ਨਾ ਹਿੱਲੇ                            
ਖੁਰਪਾ ਚੱਲੇ                               ਖੁਰਪਾ ਚੱਲੇ

2.                                              2.
ਹੱਥ ਨਾ ਆਵੇ                             ਰੰਗ ਅਸਮਾਨੀ                           
ਰੰਗ ਜੋ ਅਸਮਾਨੀ                       ਹੱਥ ਨਾ ਆਵੇ                             
 ਨਕੰਮਾ ਬੰਦਾ                             ਨਕੰਮਾ ਬੰਦਾ 

3.                                             3.
ਦੀਵੇ- ਚਾਨਣ                            ਦੀਵੇ ਦਾ ਚਾਨਣ                        
ਨਾ ਰੋਸ਼ਨ ਕਰਿਆ                     ਰੋਸ਼ਨ ਨਾ ਕਰੇ                          
ਕੰਧਾਂ ਓਹਲੇ                              ਕੰਧਾਂ ਦੇ ਓਹਲੇ                           

4.                                           4.
ਹਵਾ ਰੁਮਕੇ                              ਹਵਾ ਰੁਮਕਦੀ                          
ਦੇਖ ਨਹੀਂ ਸਕਦੇ                      ਦੇਖ ਨਹੀਂ ਸਕਦੇ
ਏ.ਸੀ. ਕਮਰੇ                            ਏ. ਸੀ. ਕਮਰੇ

5.                                            5.
ਕੈਂਚੀ ਸੈਂਕਲ                              ਕੈਂਚੀ ਸੈਂਕਲ
ਹੁਣ ਨਹੀਂ ਚੱਲਦਾ                      ਹੁਣ ਨਹੀਂ ਚੱਲਦਾ
ਵਧੀ ਉਮਰ                               ਉਮਰਾਂ ਵਧੀਆਂ                          

ਹਾਇਕੁਕਾਰ- ਜਨਮੇਜਾ ਸਿੰਘ ਜੌਹਲ 

ਹਾਇਕੁ ਸੰਪਾਦਨ- ਡਾ. ਹਰਦੀਪ ਕੌਰ ਸੰਧੂ 


8 Oct 2012

ਦੇਵੇ ਗੁੜ੍ਹਤੀ


ਜਦੋਂ ਕੁਦਰਤ ਬਾਗੀਂ ਖਿੜਦੀ ਹੈ ਤਾਂ ਇਹ ਖੇੜਾ ਸਾਡੀ ਨਿੱਕੜੀ ਘਰੇ ਬਿਖੇਰਦੀ ਹੈ ਆਪਣੀ ਖਿੜੀ ਸੋਚ ਨਾਲ਼ । ਉਹ ਬਾਗਾਂ ਤੋਂ ਫੁੱਲਾਂ 'ਚ ਜਾਂਦੀ ਹੈ....ਫੁੱਲਾਂ ਤੋਂ ਮਿਠਾਸ ਤੱਕ ਹੁੰਦੀ ਹੋਈ ਦਾਦੀ ਦੀ ਗੁੜ੍ਹਤੀ ਨੂੰ ਚੇਤੇ ਕਰਦੀ ਹੈ। ਇਸੇ ਅਹਿਸਾਸ ਦੀ ਸਿਆਹੀ ਆਪਣੀ ਹਾਇਕੁ ਕਲਮ 'ਚ ਭਰਦੀ ਤਿੰਨ ਸੋਹਣੇ ਹਾਇਕੁ ਲਿਖ ਹਾਇਕੁ-ਲੋਕ ਮੰਚ 'ਤੇ ਲਿਆ ਪਰੋਸਦੀ ਹੈ। 

1.
ਚੜ੍ਹੇ ਸੂਰਜ
ਜਿਓਂਦੀ ਕੁਦਰਤ
ਚੁਫ਼ੇਰੇ ਫੁੱਲ

2.
ਮਧੂ ਮੱਖੀਆਂ
ਚੂਸਦੀਆਂ ਮਿਠਾਸ
ਖਿੜੇ ਫੁੱਲਾਂ ਤੋਂ

3.
ਦੇਵੇ ਗੁੜ੍ਹਤੀ
ਦਾਦੀ ਸ਼ਹਿਦ ਚਟਾ
ਨਵ-ਜੰਮੇ ਨੂੰ

ਸੁਪ੍ਰੀਤ ਕੌਰ ਸੰਧੂ
ਅੱਠਵੀਂ ਜਮਾਤ
(ਸਿਡਨੀ-ਬਰਨਾਲ਼ਾ)

7 Oct 2012

ਮਾਈ ਕੱਤਦੀ

ਕੁਦਰਤ ਦੇ ਨਜ਼ਾਰਿਆਂ ਨਾਲ਼ ਅਚੰਭਿਤ ਹੋਇਆ ਮਨ ਖਿੜ ਉੱਠਦਾ ਹੈ। ਓਸ ਨੂੰ ਹਰ ਸ਼ੈਅ ਸੋਹਣੀ ਲੱਗਦੀ ਹੈ। ਆਲ਼ੇ-ਦੁਆਲ਼ੇ ਨੂੰ ਆਪੇ 'ਚ ਸਮੇਟਦਾ ਮਨ ਖੁਸ਼ੀਆਂ ਵੰਡਦਾ ਹੋਇਆ ਕਈ-ਕਈ ਵਾਰ ਰੱਬ ਨੂੰ ਵੀ ਤਾਕੀਦ ਕਰ ਬੈਠਦਾ ਹੈ ਕਿ ਇਨ੍ਹਾਂ ਖਿਣਾਂ ਦੀ ਕਦਰ ਕਰਨ ਵਾਲ਼ਿਆਂ ਨੂੰ ਸਾਜੀਂ । ਏਹੋ ਅਹਿਸਾਸ ਅੱਜ ਇਹ ਹਾਇਕੁ ਕਲਮ ਲੈ ਕੇ ਆਈ ਹੈ। 



1.ਚੰਦਾ 


ਚੰਦ ਚੜ੍ਹਿਆ 
ਅੰਬਰ ਦੇ ਵਿਹੜੇ
ਮਾਈ ਕੱਤਦੀ
     

2.ਰੱਬਾ ਵੇ 


 ਘੁਮਿਆਰਾ ਵੇ !
 ਸੋਹਣੇ ਭਾਂਡੇ ਘੜ 
 ਖੜਕਣ ਨਾ 
    

3. ਉਡੀਕ 


ਕੋਇਲ ਕੂਕੇ 
ਫੁੱਲ ਪਏ ਖਿੜਦੇ 
ਕੌਣ ਆਇਆ 
      

4.ਬਸੰਤੀ 


ਰੁੱਤਾਂ ਦੀ ਰਾਣੀ
ਬਸੰਤੀ ਵੇਸ ਕਰ 
ਦਰ 'ਤੇ ਆਈ


ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਧਰ-ਮੋਗਾ)

6 Oct 2012

ਚਿੱਠੀ ਦੀਆਂ ਬਾਤਾਂ

4.10.12
 ਹਰਦੀਪ ਜੀ,
ਬਹੁਤ ਬਹੁਤ ਵਧਾਈ !
ਸੱਚਮੁੱਚ ਹਾਇਕੁ ਲੋਕ ਆਪਣੀ ਤਰਾਂ ਦਾ ਵੱਖਰਾ ਬਲੋਗ ਹੈ ।
ਤੁਸੀਂ ਕਈ ਦੇਸ਼ਾਂ ਨੂੰ ਇਸ ਨਾਲ ਜੋੜਿਆ ਹੈ।ਤੁਹਾਡੀ ਕਾਮਯਾਬੀ ਦਾ ਰਾਜ਼ ਤੁਹਾਡਾ ਮਿੱਠਾ ਵਰਤਾਓ ਹੈ।
ਰੱਬ ਕਰੇ ਇਹ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇ !
ਹਰਕੀਰਤ ਹੀਰ
ਆਸਾਮ (ਗੁਵਾਹਾਟੀ)
******************************************************************************************
5.10.12
ਹਾਇਕੁ -ਲੋਕ ਇੱਕ ਐਸਾ ਮੰਚ ਹੈ ਜਿਸ ਨੇ ਨਵੇਂ ਲੇਖਕਾਂ ਨੂੰ  ਉਤਸ਼ਾਹਿਤ ਕੀਤਾ ਤਾਂ ਜੋ ਉਹ ਆਪਣੀ ਪ੍ਰਤਿਭਾ ਲੋਕਾਂ ਤੱਕ ਪਹੁੰਚਾ  ਸਕਣ ।ਇਹ ਸਭ ਸਭੰਵ ਹੋਇਆ ਹਾਇਕੁ -ਲੋਕ ਦੇ ਕਾਰਨ।  ਮੈਨੂੰ ਵੀ ਇਸ ਤੋਂ ਪ੍ਰੇਰਨਾ ਮਿਲੀ। ਮੈਂ ਤਾਂ ਸਿਰਫ ਐਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਆਪਣੀ ਪ੍ਰਤਿਭਾ ਨੂੰ ਅੰਦਰ ਦਬਾ ਕੇ ਨਾ ਰੱਖੋ ।ਹਾਇਕੁ- ਲੋਕ ਦੇ ਦਰਵਾਜ਼ੇ ਹਰ ਇੱਕ ਪ੍ਰਤਿਭਾਸ਼ਾਲੀ ਲਈ ਖੁੱਲੇ ਹਨ।ਅੰਤ ਵਿੱਚ ਮੈਂ ਇਹ ਹੀ ਕਹਾਂਗਾ ਕਿ ਚੰਗੀ ਤੇ ਸਾਫ ਸੁਥਰੀ ਲਿਖਤ ਲਿਖੋ ਤਾਂ ਜੋ ਆਪਾਂ ਹਾਇਕੁ- ਲੋਕ ਦਾ ਨਾਮ ਸਾਰੀ ਦੁਨੀਆਂ ਵਿੱਚ ਰੌਸ਼ਨ ਕਰ ਸਕੀਏ ।
ਸ਼ੁੱਭ-ਇੱਛਾਵਾਂ ਨਾਲ਼
ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ)
********************************************************************************************
6.10.12
ਡਾ. ਸੁਧਾ ਗੁਪਤਾ ਜੀ ਨੇ ਹੱਥਲੀ ਚਿੱਠੀ ਆਪਣੀ ਹਾਇਕੁ-ਕਾਵਿ ਪੁਸਤਕ "ਧੂਪ ਸੇ ਗੱਪਸ਼ੱਪ" 'ਚੋਂ ਲਏ ਹਾਇਕੁਆਂ ਦਾ ਪੰਜਾਬੀ ਅਨੁਵਾਦ ਪੜ੍ਹਨ ਤੋਂ ਬਾਦ ਹਾਇਕੁ-ਲੋਕ ਦੇ ਨਾਂ ਲਿਖੀ।
''किसी भी कविता का अविकल अनुवाद कठिन और ना मुमकिन काम है । अगर वह कविता छन्द में बँधी है और उसका अनुवाद उसी छन्द में किया जाए तो यह कवि के लिए बड़ी चुनौती है ड़ॉ हरदीप जी ने इस चुनौती को स्वीकार किया है ।मैंने अपने हाइकु के अनुवाद पढ़े । मुझे आश्चर्य के साथ खुशी भी हुई कि हरदीप जी ने भावों की रक्षा करते हुए अनुवाद को सफलतापूर्वक अंजाम दिया । आप इसी तरह दिन दौ गुनी रात चगुनी तरक्की करती रहो । मेरे सारे के सारे आशीर्वाद आपके लिए ।'' 
डॉ सुधा गुप्ता 
(मेरठ)
dr.sudhagupta.meerut@gmail.com
************************************************************************************
ਹੋਰ ਚਿੱਠੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ 

ਰੱਤ ਬਣੇ ਜ਼ਿੰਦਗੀ (ਸੇਦੋਕਾ)

ਹਰ ਇੱਕ ਨੂੰ ਆਪਣਾ ਕਹਿਣ ਵਾਲ਼ੇ ਤੇ ਓਨ੍ਹਾਂ ਦੀਆਂ ਅੱਖਾਂ ਨਾਲ਼ ਇਸ ਸੋਹਣੇ ਤੇ ਮਨ-ਮੋਹਣੇ ਜੱਗ-ਤ੍ਰਿੰਝਣ ਨੂੰ ਵੇਖਣ ਦੀ ਇੱਛਾ ਰੱਖਣ ਵਾਲ਼ੇ ਉਦਯ ਵੀਰ ਸਿੰਘ ਜੀ, ਗੋਰਖਪੁਰ (ਉੱਤਰ ਪ੍ਰਦੇਸ਼) ਦੇ ਰਹਿਣ ਵਾਲ਼ੇ ਹਨ। ਆਪ ਹਿੰਦੀ ਤੇ ਪੰਜਾਬੀ ਦੋਵੇਂ ਭਾਸ਼ਾਵਾਂ 'ਚ ਲਿਖਦੇ ਹਨ।
ਹਾਇਕੁ -ਲੋਕ ਮੰਚ ਨਾਲ਼ ਇੱਕ ਪਾਠਕ ਦੇ ਤੌਰ 'ਤੇ ਉਹ ਪਹਿਲਾਂ ਹੀ ਜੁੜ ਚੁੱਕੇ ਸਨ।ਅੱਜ ਪਹਿਲੀ ਵਾਰ ਆਪਣੇ ਸੇਦੋਕਾ ਲੈ ਕੇ ਪਾਠਕਾਂ ਦੇ ਰੂ-ਬ-ਰੂ ਹੋ ਰਹੇ ਹਨ। ਆਸ ਕਰਦੀ ਹਾਂ ਕਿ ਓਨ੍ਹਾਂ ਦੇ ਪਲੇਠੀ  ਲਿਖਤ ਉਪਰਾਲੇ ਨੂੰ ਹਾਇਕੁ-ਲੋਕ ਮੰਚ ਪਰਿਵਾਰ ਖਿੜੇ ਮੱਥੇ ਜੀ ਆਇਆਂ ਨੂੰ ਕਹੇਗਾ।

1.
ਰਗਾਂ 'ਚ ਵਹੇ
ਰੱਤ ਬਣੇ ਜ਼ਿੰਦਗੀ
ਰਿਸਦੇ ਰਹੇ  ਫੱਟ। 
ਖੜ੍ਹਾ ਮਕਾਨ
ਮਜ਼ਬੂਤ ਨੀਹਾਂ ਦੀ
ਹੁਣ ਦੱਸੇ ਕਹਾਣੀ। 

2. 
ਲੱਭੇ ਤਾਂ ਪਾਏ
ਰੱਜ-ਰੱਜ ਕੇ ਨੂਰ
ਓਸ ਸਤਿਨਾਮ ਦਾ 
ਪੈਰੀਂ ਤੁਰਿਆ 
ਪਹੁੰਚ ਮੰਜ਼ਿਲ 'ਤੇ 
ਫਿਰ ਆਏ ਸ਼ਬਾਬ ।

ਉਦਯ ਵੀਰ ਸਿੰਘ
( ਗੋਰਖਪੁਰ-ਉ.ਪ੍ਰਦੇਸ਼) 


5 Oct 2012

ਸਮਝੋ ਕਸ਼ਮੀਰ


ਕਸ਼ਮੀਰ ਦੇ ਹਾਲਾਤ ਬਹੁਤ ਚਿੰਤਾਜਨਕ ਰਹੇ ਹਨ।ਅਖਬਾਰਾਂ 'ਚ ਇਸ ਮਸਲੇ 'ਤੇ ਭਖਵੀਂ ਚਰਚਾ ਹੋ ਰਹੀ ਹੈ । ਅਮਨ ਪਸੰਦ ਤੇ ਸੁਰੱਖਿਆ ਦੀ ਹਾਮੀ ਭਰਦੇ ਹਰ ਬੰਦੇ ਦੀ ਇਹੀ ਇੱਛਾ ਹੈ ਕਿ ਕਸ਼ਮੀਰ ਦਾ ਮਸਲਾ ਹੱਲ ਹੋ ਜਾਵੇ।ਕੋਈ ਕਸ਼ਮੀਰੀ ਅਸ਼ਾਂਤੀ ਨਹੀਂ ਚਾਹੁੰਦਾ। ਲੋਕਾਂ 'ਚੋਂ ਬੇਗਾਨਗੀ ਦਾ ਅਹਿਸਾਸ ਖ਼ਤਮ ਹੋ ਜਾਵੇ। ਕਸ਼ਮੀਰ ਦੀ ਆਥਿਕਤਾ ਕੇਵਲ ਸੈਰ ਸਪਾਟੇ ਦੇ ਸਿਰ 'ਤੇ ਹੀ ਖੜ੍ਹੀ ਹੈ। ਅਸ਼ਾਂਤੀ ਕਾਰਨ ਕਸ਼ਮੀਰ ਬਰਬਾਦ ਹੋ ਚੁੱਕਾ ਹੈ।ਹਿੰਸਾ ਨਾਲ਼ ਕਦੇ ਵੀ ਕਿਸੇ ਸਮੱਸਿਆ ਦਾ ਹੱਲ ਨਹੀਂ ਨਿਕਲ਼ਿਆ। ਜ਼ਖਮ 'ਤੇ ਪਿਆਰ, ਹਮਦਰਦੀ ਤੇ ਸੰਜਮ ਦੀ ਮਲ੍ਹਮ ਲਾਉਣ ਦੀ ਲੋੜ ਹੈ।
ਕੁਝ ਅਜਿਹੇ ਅਹਿਸਾਸਾਂ ਨਾਲ਼ ਸਾਡੇ ਹਾਇਕੁਕਾਰ ਦੀ ਕਲਮ ਨੇ ਜੋ ਬਿਆਨ ਕੀਤਾ ਹੈ ਲਓ ਆਪ ਦੀ ਨਜ਼ਰ ਹੈ:

1.
ਖੂਬਸੂਰਤੀ
ਆਉਂਦੇ ਕਸ਼ਮੀਰ
ਲੋਕ ਵੇਖਣ

2.
ਨਾਂ ਕਸ਼ਮੀਰ
ਸੁਣ ਡਰਦੇ ਲੋਕੀਂ
ਮੌਤ ਦਾ ਖੌਫ਼

3.
ਪੁੱਛਦੀ ਫਿਜ਼ਾ
ਫੈਲਾਈ ਨਫ਼ਰਤ
ਖੂਨ ਖਰਾਬਾ

4.
ਦਰਦ ਵੰਡਾਂ
ਸਮਝੋ ਕਸ਼ਮੀਰ
ਦਿਲ ਜ਼ਖ਼ਮੀ 

ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ) 

4 Oct 2012

ਰੋਈ ਉਡੀਕ

1.
ਤਰਕਾਲਾਂ ਨੂੰ 
ਦਰਵਾਜ਼ਾ  ਖੜਕੇ 
ਚੰਦਰੀ  ਹਵਾ  

2.
ਖੋਲਕੇ ਬਾਰੀ 
ਕੌਣ ਪਿਆ ਦੇਖਦਾ 
ਰੋਈ  ਉਡੀਕ 

3.
ਵਿਹੜੇ  ਚੁੱਪ 
ਦੁਪਹਿਰ  ਦਾ ਵੇਲ਼ਾ

ਆਵੇਗਾ ਕੌਣ 

4.
ਅੱਖਾਂ  ਦੇ ਹੰਝੂ 
ਮੋਤੀ ਨੇ ਅਨਮੋਲ 

ਮਿੱਟੀ ਨਾ ਰੋਲ

ਦਿਲਜੋਧ ਸਿੰਘ

ਬਟਾਲਾ-ਦਿੱਲੀ 

3 Oct 2012

ਅੱਲ੍ਹੜ ਧੁੱਪ

ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ' ਜੀ ਦੀ ਹਾਇਕੁ ਲੋਕ ਨਾਲ਼ ਪੁਰਾਣੀ ਸਾਂਝ ਹੈ। ਆਪ ਹਿੰਦੀ-ਜਗਤ ਦੇ ਮੰਨੇ-ਪ੍ਰਮੰਨੇ ਲੇਖਕ ਹਨ। ਆਪ ਭਾਵੇਂ ਦਿੱਲੀ 'ਚ ਰਹਿ ਰਹੇ ਹਨ ਪਰ ਪੰਜਾਬ ਤੇ ਪੰਜਾਬੀ ਬੋਲੀ ਨਾਲ਼ ਆਪ ਦਾ ਸਦਾ ਹੀ ਲਗਾਓ ਰਿਹਾ ਹੈ। ਅੱਜ ਓਸੇ ਲਗਾਓ ਨੇ ਆਪ ਦੀ ਕਲਮ ਨੂੰ ਪੰਜਾਬੀ ਦੀ ਸਿਆਹੀ 'ਚ ਡੋਬ ਕੇ ਆਪ ਨੂੰ ਪੰਜਾਬੀ ਬੋਲੀ ਦੇ ਲੇਖਕਾਂ 'ਚ ਸ਼ਾਮਲ ਕਰ ਦਿੱਤਾ ਹੈ। ਪਹਿਲੀ ਵਾਰ ਇਹ ਕਲਮ ਪੰਜਾਬੀ 'ਚ ਲਿਖੇ ਹਾਇਕੁ ਲੈ ਕੇ ਹਾਇਕੁ-ਲੋਕ ਮੰਚ 'ਤੇ ਆਪ ਦੇ ਰੂ-ਬ-ਰੂ ਹੋਈ ਹੈ। 



ਰਾਮੇਸ਼ਵਰ ਕੰਬੋਜ 'ਹਿਮਾਂਸ਼ੂ'
(ਨਵੀਂ ਦਿੱਲੀ) 

2 Oct 2012

ਦੂਜਾ ਦਰਿਆ


1.
 ਚਾਟੀ ਦੀ ਲੱਸੀ
ਗੁਣਕਾਰੀ ਖ਼ੁਰਾਕ
ਦੂਜਾ ਦਰਿਆ
2.
 ਭੰਗ ਦੇ ਬੂਟੇ
ਮਿਹਨਤੀ ਨਸ਼ੈੜੀ
ਜੋੜਦੇ ਮੈਲ਼
3.
 ਪੋਹ ਮਹੀਨਾ
ਅਰਮਾਨਾਂ ਦਾ ਨਿੱਘ
ਭੁੱਖ ਡਾਹਢੀ

ਭੂਪਿੰਦਰ ਸਿੰਘ
(ਨਿਊਯਾਰਕ)