ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Jun 2016

ਕੱਚੀਆਂ ਕੰਧਾਂ (ਹਾਇਬਨ)

Surjit Bhullar's Profile Photo
ਮੇਰੇ ਦੋਸਤਾਂ ਨੇ ਨਿੱਘੇ ਮੋਹ ਨਾਲ ਮੈਨੂੰ ਅੱਜ ਸ਼ਾਮ ਨੂੰ ਆਪਣੇ ਨਾਲ ਹੀ ਰੱਖਿਆ। ਮੈਂ ਚਾਹੁੰਦੇ ਹੋਏ ਵੀ ਉਨ੍ਹਾਂ ਨੂੰ ਨਾ ਨਹੀਂ ਕਹਿ ਸਕਿਆ ਸੀ । ਆਖ਼ਿਰ ਜ਼ਿੰਦਗੀ 'ਚ ਦੋਸਤੀ ਦਾ ਮੁਕਾਮ ਵੀ ਤਾਂ ਖ਼ਾਸ ਹੁੰਦਾ ਹੈ।  ਮੈਨੂੰ ਸ਼ਾਮ ਦੀ ਮਹਿਫ਼ਲ ਦਾ ਤਾਜ ਪਹਿਨਾਇਆ ਗਿਆ। ਮਹਿਫ਼ਲ ਦੇ ਉੱਠਦਿਆਂ ਹੀ ਦੋਸਤ ਤਾਂ ਕਿਧਰੇ ਖਿੰਡ ਗਏ। ਪਰ ਮੇਰੀ ਚੇਤਨਾ ਮੈਨੂੰ ਮੇਰੇ ਪਿੰਡ ਵਾਲੇ ਘਰ ਦੇ ਦਰਵਾਜ਼ੇ ਮੂਹਰੇ ਲੈ ਗਈ। ਹੁਣ ਮੈਂ ਦੇਖ ਰਿਹਾ ਸੀ ਘਰ ਦੀਆਂ ਕੱਚੀਆਂ ਕੰਧਾਂ ਜਿਨ੍ਹਾਂ ਨਾਲ ਅੱਜ ਵੀ ਮੈਨੂੰ ਮੋਹ ਹੈ। ਜੋ ਅਜੇ ਵੀ ਮੇਰੀਆਂ ਯਾਦਾਂ ਨੂੰ ਹਿੱਕ ਨਾਲ ਸਾਂਭੀ ਖੜ੍ਹੀਆਂ ਨੇ। ਜਦ ਮੈਂ ਇੱਕਲਤਾ ਦੇ ਹਨੇਰਿਆਂ ਤੋਂ ਹਾਰ ਜਾਂਦਾ ਹਾਂ ਤਾਂ ਉਨ੍ਹਾਂ ਗੱਲ ਲੱਗ ਭੁੱਬਾਂ ਮਾਰ ਮਾਰ ਹੌਕੇ ਭਰਦਾ ਹਾਂ। 

ਹੁਣ  ਮੇਰੀ ਸੋਚ ਮੈਨੂੰ ਰੋਹੀ ਵਾਲੇ ਖੇਤ 'ਚ ਇਕੱਲੀ ਖੜੀ ਕਿੱਕਰ ਕੋਲ ਲੈ ਪਹੁੰਚਦੀ ਹੈ ਜਿਸ ਨੂੰ ਮੈਂ ਜਾ ਕਲਾਵੇ ‘ਚ ਲੈਂਦਾ ਹਾਂ। ਉਸ ਅਭਾਗੀ ਨੇ ਮੁੱਦਤ ਪਹਿਲਾਂ ਆਪਣੇ ਸਿਰ ਤੇ ਲੁੰਗ ਦਾ ਤਾਜ ਪਹਿਨਿਆ ਸੀ। ਮੈਨੂੰ ਲੱਗਾ ਜਿਵੇਂ ਉਹ  ਮੈਨੂੰ ਨਿੱਘ ਦਿੰਦੀ ਹੋਵੇ, ਧਰਵਾਸ ਦਿੰਦੀ ਤੇ ਡੁਸਕਦੀ ਕਹਿ ਰਹੀ ਹੋਵੇ, "ਜੀਣ  ਜੋਗਿਆ !ਮੈਂ ਤਾਂ ਕੰਡਿਆਂ ਨਾਲ ਵਿੰਨ੍ਹੀਂ ਪਈ ਹਾਂ,ਤੇਰਾ ਦੁੱਖ ਕਿਵੇਂ ਚੁਗਾਂ? ਜਾ ਪਰਤ ਜਾ ਆਪਣੀਆਂ ਕੱਚੀਆਂ ਕੰਧਾਂ ਦੇ ਕੋਲ,ਮੇਰੇ ਜੀਣ  ਜੋਗਿਆ!"

  ਮੈਂ ਜਦ ਪਿੱਛੇ ਮੁੜ ਦੇਖਦਾ ਹਾਂ, ਨਾ ਕੋਈ ਆਵਾਜ਼ ਸੀ ,ਨਾ ਕੋਈ ਪੈਰ ਚਾਲ ਸੀ। ਕੇਵਲ ਇੱਕੋ ਇੱਕ ਦੁਖਦਾਈ ਖ਼ਿਆਲ ਸੀ ਜੋ ਮੇਰੀ ਅਰਧ ਚੇਤਨਾ ਦਾ ਜਾਲ- ਜੰਜਾਲ ਸੀ।  ਮੈਂ ਅਹਿਸਾਸਾਂ ਦੀ ਆਤਮ ਹੱਤਿਆ ਹੁੰਦੀ ਦੇਖਦਾ ਹਾਂ। ਆਪਣੇ ਦਰਦ ਨੂੰ ਸੀਨੇ 'ਚ ਦਬਾ, ਚੁੱਪ ਦੀ ਜ਼ਬਾਨ ਸਾਧ ਮੈਂ ਫਿਰ ਘਰ ਦੀਆਂ ਕੱਚੀਆਂ ਕੰਧਾਂ ਕੋਲੇ ਆ ਖਲੋਂਦਾ ਹਾਂ ਤੇ ਰੋਂਦਾ ਹਾਂ ਜੋ ਮੈਨੂੰ ਹਿੱਕ ਨਾਲ ਲਾਈ ਸਾਂਭੀ ਖੜ੍ਹੀਆਂ ਨੇ। ਕਦੇ ਮੈਨੂੰ ਲੱਗਦਾ ਕਿ ਇਹ ਗੁੰਗੀਆਂ ਨੇ ਤੇ ਕਦੇ ਲੱਗਦਾ ਇਹ ਬੋਲਦੀਆਂ ਵੀ ਨੇ। ਮੇਰੇ ਤਨ ਦੀਆਂ ਕੱਚੀਆਂ ਕੰਧਾਂ! ਮੇਰੇ ਘਰ ਦੀਆਂ ਕੱਚੀਆਂ ਕੰਧਾਂ! 

        ਮੇਰੀ ਆਕਾਸ਼ ਚੜ੍ਹੀ ਸੋਚ ਇੱਕ ਦਮ ਧਰਤੀ ਤੇ ਆ ਡਿਗਦੀ ਹੈ। ਮੈਂ ਆਪਣੇ ਆਪ ਨੂੰ ਸਹਿਜ ਕਰਨ ਦਾ ਯਤਨ ਕਰਦਾ ਹਾਂ। ਸਵੇਰ ਹੋਣ ਤੱਕ ਮੇਰੀਆਂ ਅੱਖਾਂ ਦਾ ਦਰਿਆ ਸੁੱਕ ਚੁੱਕਾ ਸੀ।ਮੈਂ ਹੀ ਜਾਣਦਾ ਮੇਰੇ ਜ਼ਖਮ ਕਿਨ੍ਹੇ ਸੱਚੇ ਨੇ। ਸ਼ਾਇਦ ਮੈਂ ਪਾਗਲਾਂ ਵਾਂਗ ਮੇਰੇ ਘਰ ਦੀਆਂ ਕੱਚੀਆਂ ਕੰਧਾਂ ਨੂੰ ਅੱਜ ਵੀ ਮੋਹ ਕਰਦਾ ਹਾਂ। 

ਯਾਦ ਸਫ਼ਰ -

ਰੋਹੀ ਵਾਲੀ ਕਿੱਕਰ 

ਕੱਚੀਆਂ ਕੰਧਾਂ। 

ਸੁਰਜੀਤ ਸਿੰਘ ਭੁੱਲਰ
ਨੋਟ : ਇਹ ਪੋਸਟ ਹੁਣ ਤੱਕ 56 ਵਾਰ ਪੜ੍ਹੀ ਗਈ

29 Jun 2016

ਵਿਲੱਖਣ ਸਫ਼ਰ

ਵਿਲੱਖਣ ਸਫ਼ਰ 
ਸਵੇਰ ਸਾਫ਼ ਤੇ ਧੁੱਪ ਵਾਲੀ ਸੀ। ਕਾਦਰ ਦੀ ਕੁਦਰਤ ਹਰ ਟਾਹਣੀ ਨੂੰ ਡੋਡੀਆਂ ਦਾ ਸ਼ਗਨ ਪਾ ਖਿੜਨ ਦਾ ਵਰ ਦੇ ਰਹੀ ਜਾਪ ਰਹੀ ਸੀ। ਬਿਖਰਦੀਆਂ ਧੁੱਪ ਕਿਰਨਾਂ ਨੇ ਆਰਟ ਰੂਮ ਨੂੰ ਸੰਧੂਰੀ ਰੰਗ ਨਾਲ ਭਰ ਦਿੱਤਾ ਸੀ। ਸੱਤਰੰਗੀ ਪੀਂਘ ਪਾਉਂਦੇ ਰੰਗਾਂ ਵਾਲੇ ਏਸ ਕਮਰੇ ਦੀਆਂ ਕੰਧਾਂ 'ਤੇ ਟੰਗੇ ਚਿੱਤਰ,ਕੈਨਵਸ,ਰੰਗੀਨ ਕਾਗਜ਼, ਬੁਰਸ਼, ਰੰਗ ਤੇ ਪੈਨਸਿਲਾਂ ਇੱਕ ਦੂਜੇ ਤੋਂ ਮੂਹਰੇ ਹੋ- ਹੋ ਹੇ ਕੇ ਸਾਨੂੰ ਗਲਵੱਕੜੀ ਪਾਉਂਦੇ ਜਾਪ ਰਹੇ ਸਨ। 
     ਮਸੂਮ ਜਿਹੇ ਚਿਹਰਿਆਂ 'ਤੇ  ਫੁੱਟਦੀਆਂ ਮੁਸਕਾਨਾਂ ਧੁੱਪ ਸੰਗ ਰਲ ਕੇ ਰੰਗਾਂ ਦੇ ਪ੍ਰਛਾਵਿਆਂ ਹੇਠ ਆ ਬੈਠੀਆਂ ਸਨ। ਇਹ ਉਹ ਅਭਾਗੇ ਬੱਚੇ ਸਨ ਜਿਨ੍ਹਾਂ ਦੇ ਮਨ ਸਰੀਰ ਤੋਂ ਕਈ ਵਰ੍ਹੇ ਪਿਛਾਂਹ ਚੱਲਦੇ ਨੇ। ਦੇਖਣ ਨੂੰ ਉਹ ਸਾਰੇ ਚੌਦਾਂ -ਪੰਦਰਾਂ ਵਰ੍ਹਿਆਂ ਦੇ ਨੇ ਪਰ ਮਾਨਸਿਕ ਪੱਖੋਂ ਉਨ੍ਹਾਂ ਜ਼ਿੰਦਗੀ ਦੀਆਂ ਮਸੀਂ ਛੇ -ਸੱਤ ਬਾਹਰਾਂ ਹੀ ਹੰਢਾਈਆਂ ਹੋਣਗੀਆਂ। ਓਸ ਦਾਤੇ ਦੀ ਮੇਹਰ ਨਾ ਹੋਣ ਕਰਕੇ ਇਨ੍ਹਾਂ  'ਚੋਂ ਬਹੁਤੇ ਕਈਆਂ ਪੱਖਾਂ ਤੋਂ ਊਣੇ ਤੇ ਸੱਖਣੇ ਰਹਿ ਗਏ ਪਰ ਸੁਭਾਅ ਦੇ ਸਾਊ ਤੇ ਬੀਬੇ ਨੇ। ਕਈ ਝਗੜਾਲੂ ਤੇ ਟੁੱਟੇ ਪਰਿਵਾਰਾਂ ਦੇ ਝੰਬੇ ਮੱਧਮ ਸੋਚ ਦੇ ਭਾਗੀ ਬਣੇ ਤੇ ਹੌਲੀ ਹੌਲੀ ਉਹਨਾਂ ਦੀ ਸੁਰਤੀ ਬਦਰੰਗ ਹੋ ਗਈ।ਬੇਹੁਦਾਪਣ ਹਾਵੀ ਹੁੰਦਾ ਗਿਆ ਤੇ ਕਿਸੇ ਦਾ ਆਦਰ ਸਤਿਕਾਰ ਕਰਨ ਦੀ ਦਾਤ ਤੋਂ ਉਹ ਵਿਹੂਣੇ ਹੀ ਰਹਿ ਗਏ। 
         ਪਿਛਲੇ ਕੁਝ ਸਮੇਂ ਦੌਰਾਨ ਉਨ੍ਹਾਂ ਦੀ ਮਾਨਸਿਕਤਾ ਦੀਆਂ ਤੈਹਾਂ ਫਰੋਲਦਿਆਂ ਮੈਨੂੰ ਹਰ ਇੱਕ ਦੇ ਆਪੇ ਅੰਦਰ ਬੈਠੇ ਇੱਕ ਕਲਾਕਾਰ ਦੀ ਧੁੰਦਲੀ ਜਿਹੀ ਤਸਵੀਰ ਨਜ਼ਰ ਆਈ ਸੀ। ਅੱਜ ਨਿੱਕੀਆਂ ਹੱਥੇਲੀਆਂ 'ਤੇ ਕਲਾ ਡੋਡੀਆਂ ਸਜਾਉਣ ਦਾ ਚਾਅ ਮੇਰੀ ਰੰਗਸ਼ਾਲਾ ਵਿੱਚੋਂ ਮੇਰਾ ਘੜਿਆ ਪੈਲਾਂ ਪਾਉਂਦਾ ਮੋਰ ਚੁੱਕ ਲਿਆਇਆ ਸੀ । ਵੱਖੋ -ਵੱਖਰੀ ਸੱਭਿਅਤਾ ਨਾਲ ਜੁੜੇ ਇਹਨਾਂ ਬੱਚਿਆਂ ਲਈ ਮੋਰ ਇੱਕ ਅਣਜਾਣ ਪੰਛੀ ਸੀ। ਪਰ ਕੁਦਰਤ ਦੀ ਇਸ ਅਤਿਅੰਤ ਮੋਹਣੀ ਘਾੜਤ ਨੇ ਪਹਿਲੀ ਨਜ਼ਰੇ ਹੀ ਉਹਨਾਂ ਦਾ ਦਿਲ ਮੋਹ ਲਿਆ ਸੀ। ਨੱਚਦੇ ਮੋਰ ਨੂੰ ਵੇਖਦਿਆਂ ਹੀ ਸਭਨਾਂ ਦੀਆਂ ਅੱਖਾਂ 'ਚ ਉਸ ਨੂੰ ਫੜ੍ਹਨ ਦੀ ਤਾਂਘ ਸਾਫ਼ ਝਲਕ ਰਹੀ ਸੀ। ਹੁਣ ਆਪਣੇ -ਆਪਣੇ ਮੋਰ ਨੂੰ ਬਨਾਉਣ ਲਈ ਢੰਗ ਤੇ ਤਰਕੀਬ ਜਾਨਣ ਲਈ ਉਹ ਕਾਹਲੇ ਪੈਣ ਲੱਗੇ। 
        ਅਗਲੇ ਕੁਝ ਪਲਾਂ ਬਾਅਦ ਉਹ ਪਲਾਸਟਿਕ ਦੇ ਚਮਚਿਆਂ ਨੂੰ ਰੰਗ ਕੇ ਮੋਰ ਖੰਭਾਂ 'ਚ ਢਾਲਣ ਲੱਗੇ। ਚਮਕੀਲੇ ਨੀਲੇ ਰੰਗ ਨਾਲ ਰੰਗੇ ਨਿੱਕੇ -ਨਿੱਕੇ ਰੂੰ ਫੰਬੇ ਧੌਣ ਤੇ ਧੜ ਤੇ ਆ ਸਜਣ ਲੱਗੇ। ਪਰ ਇਹ ਪ੍ਰਕਿਰਿਆ ਉਨ੍ਹਾਂ ਲਈ ਕੋਈ ਆਸਾਨ ਨਹੀਂ ਸੀ। ਵਾਰ -ਵਾਰ ਹਦਾਇਤਾਂ ਤੇ ਦੁਹਰਾਓ ਦੇ ਬਾਵਜੂਦ ਉਹ ਲੀਹ ਤੋਂ ਉਤਰ ਜਾਂਦੇ।ਕਦੇ ਰੰਗ ਬਿਖੇਰ ਆਪਣੇ ਹੱਥ ਰੰਗ ਲੈਂਦੇ ਤੇ ਕਦੇ ਕਲਾਤਮਿਕ ਸੁਹਜ ਨੂੰ ਬੇਰੰਗ ਕਰ ਦਿੰਦੇ। ਪਰ ਰੰਗਾਂ ਦੀ ਦੁਨੀਆਂ ਵਿੱਚ ਵਿਚਰਦਿਆਂ ਉਨ੍ਹਾਂ ਵਿੱਚੋਂ ਬਹੁਤਿਆਂ ਦੇ ਚਿਹਰਿਆਂ ਨੂੰ ਵੇਖ ਕੇ ਲੱਗਦਾ ਸੀ ਕਿ ਜਿਵੇਂ ਬੀਆਬਾਨਾਂ 'ਚ ਰੌਣਕਾਂ ਲੱਗ ਗਈਆਂ ਹੋਣ। ਕਈ ਆਪਣੀ ਸਿਰਜਣਾ ਨੂੰ ਨੇਪਰੇ ਚੜ੍ਹਦਿਆਂ ਵੇਖ ਖੁਮਾਰੀ ਵਿੱਚ  ਚੀਕਾਂ ਜਿਹੀਆਂ ਮਾਰਨ ਲੱਗਦੇ। ਮੁੜ -ਮੁੜ ਕੇ ਉਨ੍ਹਾਂ ਨੂੰ ਸਹਿਜ ਕਰਨਾ ਪੈਂਦਾ। 
       ਕਹਿੰਦੇ ਨੇ ਜਦੋਂ ਕਲਾ ਦਾ ਬੀਜ ਕਦੇ ਕਿਸੇ ਦੇ ਮਨ ਵਿੱਚ ਬੀਜਿਆ ਹੀ ਨਾ ਗਿਆ ਹੋਵੇ ਜਾਂ ਫੇਰ ਕਿਧਰੇ ਅਲੋਪ ਹੋ ਜਾਵੇ ਤਾਂ ਉਸ ਨੂੰ ਕੋਈ ਵੀ ਰੰਗ ਬੰਨ੍ਹ ਨਹੀਂ ਸਕਦਾ। ਉਨ੍ਹਾਂ ਬੱਚਿਆਂ ਵਿੱਚ ਦੋ-ਤਿੰਨ ਅਜਿਹੇ ਵੀ ਸਨ ਜਿਨ੍ਹਾਂ ਦੀ ਜੰਗਾਲ ਖਾਧੀ ਮਾਨਸਿਕਤਾ 'ਤੇ ਰੰਗ ਚੜ੍ਹਨਾ ਬੜਾ ਹੀ ਔਖਾ ਸੀ । ਗੱਲਾਂ -ਗੱਲਾਂ 'ਚ ਹੀ ਉਹ ਗਾਲੀ -ਗਲੋਚ 'ਤੇ ਉੱਤਰ ਆਉਂਦੇ । ਰੰਗਾਂ ਤੇ ਬੁਰਸ਼ ਨੂੰ ਹਥਿਆਰ ਬਣਾ ਇੱਕ ਦੂਜੇ ਵੱਲ ਵਗ੍ਹਾ -ਵਗ੍ਹਾ ਮਾਰਨ ਲੱਗਦੇ । ਇਸੇ ਕਰਕੇ ਕੰਮ 'ਚ ਕਈ ਵਾਰ ਠਹਿਰਾਓ ਵੀ ਆਇਆ। 
     ਮੋਰ ਸਿਰਜਣਾ ਦੌਰਾਨ ਹਰ ਨਵਾਂ ਪੜਾਅ ਸ਼ੁਰੂ ਕਰਨ ਵੇਲੇ ਉਨ੍ਹਾਂ ਸਭਨਾਂ  ਦੀ ਮਨ-ਤਖਤੀ ਮੁੱਢ ਤੋਂ ਕੋਰੀ ਹੋ ਜਾਂਦੀ ਸੀ। ਕਈ ਇੱਕ ਪੜਾਅ ਤੋਂ ਦੂਜੇ ਤੱਕ ਦੇ ਸਫ਼ਰ ਦੌਰਾਨ ਐਨੇ ਉਤੇਜਿਤ ਹੋ ਜਾਂਦੇ ਕਿ ਅਗਲੇਰੀਆਂ ਹਦਾਇਤਾਂ ਦੀ ਉਡੀਕ ਕਰਨਾ ਵੀ ਉਨ੍ਹਾਂ ਨੂੰ ਭਾਰੀ ਲੱਗਦਾ। ਅਖੀਰ ਕਈ ਹਫ਼ਤਿਆਂ ਦੀ ਘਾਲਣਾ ਤੋਂ ਬਾਦ ਉਨ੍ਹਾਂ ਦੀ ਸਿਰਜਣਸ਼ੀਲਤਾ ਦੇ ਅਨੋਖੇ ਰੰਗਾਂ ਨਾਲ ਚੁਫ਼ੇਰਾ ਰੰਗਿਆ ਗਿਆ ਸੀ। ਪੈਲਾਂ ਪਾਉਂਦੇ ਮੋਰ ਨੂੰ ਉਨ੍ਹਾਂ ਆਪਣਾ ਬਣਾ ਲਿਆ ਸੀ। ਏਸ ਵਿਲੱਖਣ ਸਫ਼ਰ ਨੇ ਉਨ੍ਹਾਂ ਨੂੰ ਦੁਨੀਆਂ ਦੀ ਰੰਗੀਨਤਾ ਦਾ ਅਹਿਸਾਸ ਕਰਵਾਇਆ। ਹਰੇਕ ਲਈ ਇਹ ਤਾਂ ਇੱਕ ਅਚੰਭਾ ਹੀ ਸੀ ਕਿ ਉਨ੍ਹਾਂ ਦੇ ਬੇਢੰਗੇ ਹੁਨਰ ਤੇ ਬੇਹੂਦਗੀ ਨੂੰ ਮੈਂ ਕਿਵੇਂ ਤਰਾਸ਼ ਲਿਆ ਸੀ। ਇੱਕ ਅਸਧਾਰਨ  ਮਾਨਸਿਕਤਾ ਨੂੰ ਰੰਗਾਂ ਦੀ ਪਿਉਂਦ ਚੜ੍ਹਾ ਉਨ੍ਹਾਂ ਅੰਦਰਲੇ ਕਲਾਕਾਰ ਨੂੰ ਸਭ ਦੇ ਸਨਮੁੱਖ ਕਰ ਅੱਜ ਹੈਰਾਨ ਕਰ ਦਿੱਤਾ ਸੀ। 
       ਰਾਹੀ ਖੜ੍ਹ ਖੜ੍ਹ ਕੇ ਉਨ੍ਹਾਂ ਹੱਥੀਂ ਫੜੇ ਮੋਰ ਨੂੰ ਅਵਾਕ ਹੋ ਤੱਕ ਰਹੇ ਸਨ।ਪੈਲਾਂ ਪਾਉਂਦੇ ਮੋਰ ਸੰਗ ਨੱਚਦੇ ਉਹ ਸਾਵਣ ਦੇ ਮੀਂਹ 'ਚ ਭਿੱਜ ਰਹੇ ਸਨ। ਮੈਂ ਖਿੜਕੀ 'ਚੋਂ ਬਾਹਰ ਤੱਕਿਆ, ਅਸਮਾਨ ਤਾਂ ਅੱਜ ਵੀ ਬਿਲਕੁਲ ਸਾਫ਼ ਸੀ। ਹਾਂ ! ਕੁਝ ਸੰਵੇਦਨਸ਼ੀਲ ਮਾਂਵਾਂ ਦੇ ਨੈਣਾਂ 'ਚੋਂ ਅੱਜ ਖੁਸ਼ੀ ਦੀ ਬਰਸਾਤ ਜ਼ਰੂਰ ਹੋਈ ਸੀ ਜਦੋਂ ਬੱਚਿਆਂ ਨੇ ਇਹ ਕਲਹਿਰੀ ਮੋਰ ਉਨ੍ਹਾਂ ਦੇ ਹੱਥੀਂ ਜਾ ਫੜ੍ਹਾਇਆ ਸੀ। ਭਾਰਤੀ ਸੰਸਕ੍ਰਿਤੀ ਨਾਲ ਜੁੜਿਆ ਮੋਰ ਅੱਜ ਵਿਦੇਸ਼ੀਆਂ ਦੇ ਵਿਹੜੇ ਵਿੱਚ ਵੀ ਪੈਲਾਂ ਪਾ ਰਿਹਾ ਸੀ।  

ਨੀਲਾ ਅੰਬਰ 
ਵੇਖਾਂ ਮੋਰ ਦੀ ਪੈਲ 
ਨੈਣਾਂ 'ਚ ਹੰਝੂ। 

ਡਾ ਹਰਦੀਪ ਕੌਰ ਸੰਧੂ 


ਨੋਟ : ਇਹ ਪੋਸਟ ਹੁਣ ਤੱਕ 113 ਵਾਰ ਪੜ੍ਹੀ ਗਈ


       

26 Jun 2016

ਚੌਥਾ ਵਰ੍ਹਾ

ਹਾਇਕੁ -ਲੋਕ ਤੋਂ ਸਫ਼ਰਸਾਂਝ ਤੱਕ ਦੇ  ਬੀਤੇ ਚਾਰ ਸਾਲਾਂ ਦੀ ਸਫ਼ਰਝਾਤ 


ਅਸੀਂ ਇੱਕ ਅਮੁੱਕ ਸਫ਼ਰ ਦੇ ਪਾਂਧੀ ਹਾਂ। ਇਹ ਸਫ਼ਰ ਨਿਰੰਤਰ ਜਾਰੀ ਹੈ ਤੇ ਏਸ ਨੂੰ ਜਾਰੀ ਰੱਖਣ ਦੀ ਹਰ ਹੀਲੇ ਕੋਸ਼ਿਸ਼ ਜਾਰੀ ਰਹੇਗੀ। ਇਸ ਸਫ਼ਰ ਦੇ ਬੀਤੇ ਸਾਲਾਂ ਵੱਲ ਨਿਗ੍ਹਾ ਮਾਰਦਿਆਂ ਸਾਨੂੰ ਬਹੁਤ ਤਸੱਲੀ ਹੈ ਤੇ ਭਰੋਸਾ ਵੀ ਕਿ ਆਉਣ ਵਾਲੇ ਸਾਲਾਂ ਵਿੱਚ ਹੋਰ ਅੱਗੇ ਤੋਂ ਅਗੇਰੇ ਜਾਣ ਵਾਸਤੇ ਸਾਡੇ ਕੋਲ ਤੁਹਾਡਾ ਸਾਥ ਹੈ ਤੇ ਵਿਸ਼ਵਾਸ ਵੀ। ਹਾਇਕੁ -ਲੋਕ ਨੇ ਹੁਣ ਸਫ਼ਰਸਾਂਝ ਬਣ ਕੇ ਆਪਣੇ ਸਾਹਿਤਕ ਵਿਹੜੇ ਨੂੰ ਹੋਰ ਮੋਕਲਾ ਕਰ ਲਿਆ ਹੈ। ਇਸ ਦੇ ਕਲਾਵੇ ਵਿੱਚ ਹੁਣ ਹੋਰ ਸਾਹਿਤਕ ਵਿਧਾਵਾਂ ਆ ਸਕਣਗੀਆਂ। ਇਹ ਸਾਡਾ ਸਭ ਦਾ ਸਾਂਝਾ ਮੰਚ ਹੈ ਤੇ ਤੁਹਾਡਾ ਸਾਥ ਹੀ ਸਾਡੀ ਹਿੰਮਤ ਬਣਦੀ ਰਹੀ ਹੈ ਤੇ ਬਣਦੀ ਰਹੇਗੀ । ਨਵੇਂ ਵਿਵੇਕ ਦੇ ਚਾਨਣਾਂ 'ਚ ਇਹ ਸਾਂਝਾ ਸਫ਼ਰ ਇਸ ਤੋਂ ਵੱਧ ਜੋਸ਼ ਨਾਲ ਜਾਰੀ ਰਹੇਗਾ। ਇਸ ਸਫ਼ਰ ਦੌਰਾਨ ਅਸੀਂ ਇੱਕ ਦੂਜੇ ਦੀਆਂ ਗੱਲਾਂ ਦਾ ਹੁੰਗਾਰਾ ਭਰਦੇ ਰਹੇ,ਆਪਣੀਆਂ ਸੁਣਾਉਂਦੇ ਰਹੇ ਤੇ ਦੂਜਿਆਂ ਦੀਆਂ ਸੁਣਦੇ ਰਹੇ। ਕੁਝ ਦੱਬੇ ਪੈਰੀਂ ਆਏ ਤੇ ਖਾਮੋਸ਼ ਹਵਾ ਦੇ ਬੁੱਲ੍ਹੇ ਵਾਂਗ ਪਰਤ ਗਏ। ਕੁਝ ਆਪਣੇ ਹਰਫ਼ ਹਵਾ 'ਚ ਲਿਖ ਗਏ। ਨਵੇਂ ਸਾਥੀ ਆ ਜੁੜੇ ਤੇ ਕਾਫਲਾ ਤੁਰਦਾ ਜਾ ਰਿਹਾ ਹੈ। 
ਹਰ ਨਵੇਂ ਦਿਨ ਸੁਪਨਿਆਂ ਨੂੰ 
ਹਰਫ਼ਾਂ ਦੇ ਖੰਭ ਲਾ ਕੇ 
ਅਸਾਂ ਪਰਵਾਜ਼ ਭਰਨੀ 
ਖੁੱਲ੍ਹੇ ਅੰਬਰਾਂ ਦੀ !
ਲੰਘੀ ਰਾਤ ਨੂੰ ਅਲਵਿਦਾ ਆਖ 
ਨਵੇਂ ਰਾਹਾਂ 'ਤੇ ਚਾਨਣ ਤਰੌਂਕਣਾ ਏ !
ਅੱਜ ਆਪ ਦੇ ਮਿੱਠੇ ਹੁੰਗਾਰੇ ਸਾਂਝੇ ਕਰਨ ਦੀ ਖੁਸ਼ੀ ਲੈ ਰਹੇ ਹਾਂ !

*************************************************************
ਸਫ਼ਰ ਸਾਂਝ ਦਾ ਨਵੇਂ ਸਾਹਿਤਕ ਸਾਲ (ਚੌਥੇ ਵਰ੍ਹੇ )ਵਿੱਚ ਪ੍ਰਵੇਸ਼ ਹੋਣ 'ਤੇ ਸੰਦੇਸ਼। ਮੈਂ ਲੰਮੇ ਸਮੇਂ ਤੋਂ ਪੰਜਾਬੀ ਵਿੱਚ 'ਚੌਵਰਗੇ ਲਿਖਦਾ ਆ ਰਿਹਾ ਹਾਂ।ਕੁਝ ਮਹੀਨੇ ਪਹਿਲਾਂ ਇੱਕ ਪਾਠਕ ਨੇ ਇਸ ਬਾਰੇ ਜਾਣਕਾਰੀ ਚਾਹੀ,ਜੋ ਦੇ ਦਿੱਤੀ ਗਈ। ਪਿੱਛੋਂ ਪਤਾ ਲੱਗਿਆ ਕਿ ਉਹ ਕੋਈ ਸਾਧਾਰਨ ਪਾਠਕ ਨਹੀਂ ਸੀ, ਸਗੋਂ ਸਤਿਕਾਰਤ ਡਾ:ਹਰਦੀਪ ਕੌਰ ਸੰਧੂ ਸਨ-'ਹਾਇਕੂ-ਲੋਕ' ਤੋਂ 'ਸਫ਼ਰਸਾਂਝ' ਬਣੇ ਬਲਾਗ ਦੇ ਸੰਚਾਲਕ। ਇਸ ਤਰ੍ਹਾਂ ਮੈਂ ਇਸ ਯੋਜਨਾਬੱਧ ਬਲਾਗ ਨਾਲ ਆ ਜੁੜਿਆ। ਜਿਸ ਰਾਹੀਂ ਬਿਨਾਂ ਸਮਾਂ ਗਵਾਏ ਕਿਸੇ ਵੀ ਯੋਗਦਾਨ ਲਿਖਾਰੀ ਦੀ ਰਚਨਾ 'ਤੇ ਕਲਿੱਕ ਕੀਤਿਆਂ ਸਿੱਧੀ ਪਹੁੰਚ ਕਰਕੇ ਰਚਨਾ ਦਾ ਅਨੰਦ ਮਾਣਨ ਲੱਗਾ,ਜੋ ਨਿਰਸੰਦੇਹ ਹਰਦੀਪ ਜੀ ਦੀ ਅਣਥੱਕ ਮਿਹਨਤ ਦਾ ਸ਼ਲਾਘਾਯੋਗ ਉਪਰਾਲਾ ਹੈ। ਇਹ ਬਲੌਗ ਵਿਸ਼ੇ ਵਸਤੂ ਤੇ ਗੁਣਾਤਮਿਕ ਸਾਹਿਤਕ ਸਮਗਰੀ ਦੀ ਵਭਿੰਨਤਾ ਦਾ ਭੰਡਾਰ ਹੈ, ਜਿਸ ਦਾ ਅਧਿਐਨ ਕਰਦਿਆਂ ਮਨ ਦੀ ਤ੍ਰਿਪਤੀ ਹੁੰਦੀ ਹੈ। ਹਾਂ, ਇਸ ਬਾਰੇ ਇੱਕ ਗੱਲ ਸੰਕੋਚ ਨਾਲ ਕਹਿਣਾ ਚਾਹੁੰਦਾ ਹਾਂ ਕਿ ਐਨਾ ਵਧੀਆ ਹੋਣ ਦੇ ਬਾਵਜੂਦ,ਇਸ ਵਿਚ ਲੇਖਕਾਂ ਦੀ ਸੂਚੀ ਤਾਂ ਬਹੁਤ ਲੰਬੀ ਹੈ ਪਰ ਉਨ੍ਹਾਂ ਦੀਆਂ ਰਚਨਾਵਾਂ ਦੀ ਗਿਣਾਤਮਿਕ ਘਾਟ ਮਹਿਸੂਸ ਹੁੰਦੀ ਹੈ। ਇੱਕ ਵਾਰ ਕਿਉਂ ਨਾ ਉਨ੍ਹਾਂ ਲੇਖਕਾਂ ਨੂੰ,ਜਿਨ੍ਹਾਂ ਇਸ ਨੂੰ ਅਸਥਾਈ ਤੌਰ ਤੇ ਵਿਸਾਰ ਦਿੱਤਾ ਹੈ, ਨਵੇਂ ਸਿਰਿਓਂ ਪ੍ਰਤੀਬੱਧਤਾ ਦਿਖਾਉਣ ਦੀ ਨਿਮਰਤਾ ਸਹਿਤ ਪ੍ਰੇਰਕ ਬੇਨਤੀ ਕਰ ਕੇ ਦੇਖਿਆ ਜਾ ਸਕੇ। ਅੱਜ ਇਹ ਬਲਾਗ ਆਪਣੇ ਨਵੇਂ ਸਾਹਿਤਕ ਸਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਮੇਰੀ ਦਿਲੀ ਕਾਮਨਾ ਹੈ ਕਿ ਇਸ ਦੀ ਸੰਚਾਲਕਾ ਉਸੇ ਊਰਜਾਵਾਣ ਜਨੂਨੀ ਲਗਨ ਤੇ ਉਤਸ਼ਾਹ ਨਾਲ ਇਸ ਸਾਲ ਵੀ ਅਣਥੱਕ ਯਤਨ ਘਾਲਦੀ ਰਹੇ ਅਤੇ ਅਸੀਂ ਵੀ ਸਾਰੇ ਸਬੰਧਤ ਲੇਖਕ ਆਪਣੀ ਲਿਖਤ ਸਮਗਰੀ ਨਾਲ ਇਸ ਦਾ ਭੰਡਾਰ ਭਰਦੇ ਰਹੀਏ ਤਾਂ ਜੋ ਡਾ: ਹਰਦੀਪ ਕੌਰ ਸੰਧੂ ਆਪਣੇ ਯੋਜਨਾਬੱਧ ਤਰੀਕੇ ਨਾਲ ਉਨ੍ਹਾਂ ਰਚਨਾਵਾਂ ਨੂੰ ਇਸ ਬਲਾਗ 'ਚ ਪਰੋਸ ਕੇ ਸਾਹਿਤ ਪ੍ਰੇਮੀਆਂ ਤੱਕ ਪਹੁੰਚਾ ਕੇ ਖ਼ੁਸ਼ੀਆਂ ਤੇ ਦੁਆਵਾਂ ਲਵੇ।
ਮੈਂ ਇਸ ਦੀ ਮਹਾਨ ਸਫਲਤਾ ਦੀ ਕਾਮਨਾ ਕਰਦਾ ਹਾਂ। -ਸੁਰਜੀਤ ਸਿੰਘ ਭੁੱਲਰ
ਯੂ ਐਸ ਏ

*************************************************************************************************


ਹਾਇਕੁ ਲੋਕ ਜਿਸ ਦਾ ਨਾਂ ਹੁਣ ਸਫ਼ਰਸਾਂਝ ਵਿੱਚ ਤਬਦੀਲ ਹੋ ਗਿਆ ਹੈ ਇਸ ਨਾਲ ਕਾਫ਼ੀ ਅਰਸੇ ਤੋਂ ਜੁੜੀ ਹੋਈ ਹਾਂ। ਦੋ ਲਫ਼ਜ਼ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੀ ਹਾਂ। ਤੁਹਾਡੇ ਕੋਲ ਦ੍ਰਿਸ਼ ਚਿਤਰਣ ਵਾਲਾ ਖੂਬਸੂਰਤ ਚਿਤਰਕਾਰ ਮਨ ਹੈ। ਸੱਤਰੰਗੀ ਪੀਂਘ ਵਾਂਗ ਤੁਹਾਡੀਆਂ ਰਚਨਾਵਾਂ ਅਨੇਕਾਂ ਰੰਗ ਬਿਖੇਰਦੀਆਂ ਹਨ। ਇਹ ਰੰਗ ਸਮੇਂ ਨਾਲ ਹੋਰ ਗੂੜ੍ਹੇ ਤੇ ਗਹਿਰੇ ਹੁੰਦੇ ਜਾ ਰਹੇ ਹਨ। ਤੁਹਾਡੇ ਦਿਮਾਗ ਵਿੱਚ ਖੂਬਸੂਰਤ ਲਫਜ਼ਾਂ ਦੀ ਭਰਮਾਰ ਹੈ ਜੋ ਤੁਹਾਡੇ ਖਿਆਲਾਂ ਨੂੰ ਹਮੇਸ਼ਾਂ ਤੋਂ ਹੀ ਅਤਿ ਹਸੀਨ ਲਹਿਜੇ ਵਿੱਚ ਪੇਸ਼ ਕਰਨ ਦੀ ਕਮਾਨ ਰੱਖਦੇ ਨੇ। ਬਹੁਤ ਸਾਰੇ ਹੋਰ ਲੇਖਕਾਂ ਨੂੰ ਵੀ ਉਂਗਲ ਲਾ ਕੇ ਆਪਣੇ ਨਾਲ ਤੋਰਨ ਦਾ ਜੋ ਵੱਲ ਆਪ ਨੂੰ ਆਉਂਦਾ ਹੈ ਉਹ ਕਾਬਿਲੇ -ਤਾਰੀਫ਼ ਹੈ। ਸ਼ਾਲਾ ਇਸੇ ਤਰ੍ਹਾਂ ਹੀ ਲਿਖਤਾਂ ਦੀ ਸਫ਼ਰਸਾਂਝ ਬਣੀ ਰਹੇ। ਤੁਹਾਡੀ ਘਾਲਣਾ ਨੂੰ ਫਲ ਲੱਗਣ। 

ਪ੍ਰੋ ਦਵਿੰਦਰ ਕੌਰ ਸਿੱਧੂ 
(ਦੌਦਰ -ਮੋਗਾ )
************************************************************************************************************



ਸਾਡਾ ਹਾਇਕੁ ਲੋਕ ਹੁਣ ਸਫ਼ਰਸਾਂਝ ਬਣ ਕੇ ਸੁੱਖ ਨਾਲ  ਚਾਰ ਸਾਲ ਦਾ ਹੋ ਗਿਆ ਹੈ  । ਨੰਨਾ -ਮੁੰਨਾ ਰੁੜਦਾ -ਰੁੜਦਾ ਚੱਲਣਾ ਸਿੱਖ ਗਿਆ ਹੈ ।ਸੋ ਅਸਾਂ ਇਹਦੀ ਖੁਸ਼ੀ ਲਈ ਇਸ ਦਾ ਨਵਾਂ ਨਾਂ ਸਵੀਕਾਰ ਕਰ ਲਿਆ - ਸਫ਼ਰਸਾਂਝ। ਇੱਕ ਲੰਮੇ ਸਫਰ ਦੀ ਰਾਹ 'ਤੇ ਅਸਾਂ ਇਸ ਦੇ ਨਾਲ ਚੱਲ ਪਏ ਹਾਂ ।ਹੱਸਦੇ ਗਾਉਂਦੇ ਅਸੀਂ ਉਚਾਈਆਂ 'ਤੇ ਜਾ ਕੇ ਡੇਰਾ ਜਰੂਰ ਲਾਵਾਂਗੇ ।ਜੇ  ਆਪਣੀ  ਮਾਂ ਬੋਲੀ ਨੂੰ  ਭੁਲਾ ਦੇਵਾਂਗੇ ਤਾਂ ਸਾਡੀ ਪਛਾਣ  ਕੀ ਬਚੂ ? ਇਹ ਸੋਚਣ  ਦੀ ਗੱਲ  ਹੈ । ਜਿਸ ਨੂੰ  ਹਰਦੀਪ ਨੇ ਗਹਿਰਾਈ  ਨਾਲ ਸਮਝਿਆ ਤੇ ਸਾਨੂੰ  ਰਾਹ ਦਿਖਾਈ। ਆਪਣੀ ਭਾਸ਼ਾ ਦੀ ਸੇਵਾ ਕਰਨ ਦੀ ।ਉਸ ਦਾ ਬਹੁਤ ਬਹੁਤ ਧੰਨਵਾਦ ।

ਹਰਦੀਪ ਦੀਆਂ ਜਦ ਮੈਂ ਲਿਖਤਾਂ ਪੜ੍ਹੀਆਂ ਤਾਂ ਬਹੁਤ  ਪ੍ਰਭਾਵਿਤ  ਹੋਈ ਸੀ। ਮੇਰੀ ਰੂਹ ਨੂੰ  ਉਸ ਦੀ ਲਿਖਤ ਨੇ ਜਿਵੇਂ ਗਲਵੱਕੜੀ ਪਾ ਕੇ ਆਪਣਾ ਬਣਾ ਲਿਆ ਹੋਵੇ ਤੇ  ਮੈਂ ਉਸ ਨਾਲ ਜੁੜ ਗਈ । ਜਦ ਕਿ ਮੈਨੂੰ  ਪੰਜਾਬੀ ਬਿਲਕੁਲ ਲਿਖਣੀ ਨਹੀਂ ਆਉਂਦੀ  ਸੀ ਪਰ ਉਸ ਦੀ ਲਿਖਤ ਨੇ ਥੋੜੀ ਬਹੁਤ ਸਿਖਾ ਹੀ ਦਿੱਤੀ, ਗੁਜਾਰੇ ਲਾਇਕ, ਕੰਮ ਚਲਾਉ ।

ਹਰਦੀਪ ਦੇ ਹੌਸਲੇ ਨੂੰ ਦਾਦ ਦੇਣੀ ਪਉਗੀ , ਜਿਸਨੇ ਅਪਣੀ  ਲਿਖਤ ਦੇ  ਦੁਵਾਰਾ ਸਭ ਨੂੰ ਸਕਾਰਾਤਮਕ ਸੋਚ ਵੱਲ ਜਾਣ  ਦਾ ਉਪਰਾਲਾ ਕੀਤਾ। ਉਸ ਨੇ ਹਾਇਬਨ ਲਿਖ ਕੇ ਆਪਣੀ  ਸੋਚ ਸਾਡੇ ਨਾਲ ਸਾਂਝੀ ਕੀਤੀ ।ਪੱਤਝੜ 'ਚ ਫੁੱਲ ਬਖੇਰੇ। 

ਕੋਈ ਕੰਮ ਸੌਖਾ ਨਹੀਂ ਹੁੰਦਾ ।ਜਦ ਅਸੀਂ ਚੱਲਣ ਲੱਗ ਜਾਈਏ  ਤਾਂ ਸਾਨੂੰ ਔਕੜਾਂ ਨਹੀਂ ਆਪਣਾ ਲਕਸ਼ ਨਜਰ ਆਉਂਦਾ ਹੈ । ਉਨ੍ਹਾਂ ਦੀ ਪਰਵਾਹ ਨਾ ਕਰਨ ਵਾਲਾ ਮੰਜ਼ਿਲ ਪਾ ਹੀ ਲੈਂਦਾ ਹੈ ।ਹਰਦੀਪ ਜੀ ਅਪਣੀ ਮੈਗਜੀਨ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ।ਸਾਡਾ ਇਹ ਕਾਰਵਾਂ ਇਸੇ ਤਰ੍ਹਾਂ ਚੱਲਦਾ ਰਹੇ ।ਨਵੀਂ -ਨਵੀਂ  ਸ਼ੈਲੀ ਨਾਲ ਪਛਾਣ ਕਰਵਾਉਂਦਾ। ਕਵਿਤਾ ਦੀ ਹਰ ਵਿਧਾ ਨਾਲ ਜੋੜਦਾ ।



पुराना हाइकुलोक 'सफर साँझ' के नये नाम से हम से हाथ मिलाने आया है ।अपने  चौथे जन्मदिन पर मेरी और से उसे बहुत बहुत सारी बधाई ।आशा है इस सफर में और नये साथी  भी इस के साथ चलने को सामने आयेंगे । नई नई रचनायों लेकर । हम एक दूसरे से रूबरू होंगे ।अपने विचारों की एक दूसरे से साँझ पायेंगे ।

इस सारी मेहनत का सेहरा हमारी सब की  अज़ीज हरदीप के सिर जाता है ।कितनों को यह अपने साथ लेकर चली कितनों को प्रेरणा देकर चलने लायक बनाया । यह तो वह ही बता सकती है । उनमें मैं अपना नाम पहला समझती हूँ ।मैं सिर्फ हिंदी लिखनी पढ़नी ही जानती थी । हरदीप के हाइकुलोक से जुड़ने के बाद मैं पंजाबी पढ़नी ही नहीं थोड़ा लिखना भी सीख गई । सिर्फ पत्र द्वारा । मेरे मन की सारी शुभ कामनायें हरदीप और उसके सफर साँझ के लिये हमेशा उपस्थित रहेंगी ।

ਕਮਲਾ ਘਟਾਔਰਾ 
ਯੂ  ਕੇ
**********************************************************************************************
good and best and fast 



ਕਸ਼ਮੀਰੀ ਲਾਲ ਚਾਵਲਾ 

(ਮੁਕਤਸਰ) 



***********************************************************************************************

  ਹਾਇਕੁ -ਲੋਕ ਦਾ  ਨਾਂ ਬਦਲ ਕੇ ਸਫਰ- ਸਾਂਝ  ਹੋ ਗਿਆ ਹੈ । ਕੁਝ ਸੋਚ ਕੇ ਹੀ ਨਾਂ ਦੀ ਤਬਦੀਲੀ ਕੀਤੀ ਹੋਵੇ ਗੀ । ਕੋਈ ਤਾਂ ਕਾਰਣ ਜ਼ਰੂਰ ਰਿਹਾ ਹੋਵੇਗਾ। ਮੈਂ ਤਾਂ ਪਹਿਲੇ ਦਿਨ ਤੋਂ ਹੀ ਹਾਇਕੁ ਲੋਕ ਨਾਲ ਜੁੜਿਆ ਹਾਂ , ਹੁਣ ਸਫ਼ਰ ਸਾਂਝ ਨਾਲ ਹੋ ਤੁਰਾਂਗਾ। ਲੋਕ ਬਹੁਤ ਤੇਜ਼ ਚੱਲਦੇ ਨੇ , ਕੋਈ ਅੱਗੇ ਨਿਕਲ ਜਾਂਦਾ ਹੈ , ਕੋਈ ਇਧਰ ਉਧਰ ਰਾਹ ਬਦਲ ਲੈਂਦਾ ਹੈ , ਮੈਂ ਤਾਂ ਹੌਲੀ -ਹੌਲੀ ਪਿੱਛੇ ਤੁਰਿਆ ਆਉਂਦਾ ਹਾਂ। ਕੋਈ ਜਲਦੀ ਨਹੀਂ ਹੈ। ਜਦ ਤੁਸੀਂ ਨਾਂ ਬਦਲ ਹੀ ਲਿਆ ਹੈ , ਤੁਸੀਂ ਇਸ ਦੇ ਸਾਹਿਤਕ ਘੇਰੇ। ਵੰਨਗੀਆਂ ਵਿੱਚ ਵੀ ਬਦਲਾਓ ਲਿਆ ਸਕਦੇ ਹੋ। ਇਸ ਨਾਲ ਹੋਰ ਵੀ ਲੇਖਕ /ਪਾਠਕ ਜੁੜਨਗੇ। ਤੁਸੀਂ ਆਪਣੀ ਮਿਹਨਤ ਤੇ ਲਗਨ ਨਾਲ ਚਾਰ ਸਾਲ ਬੜੇ ਸੋਹਣੇ ਤਰੀਕੇ ਨਾਲ ਇਸ ਨੂੰ ਚਲਾਈ ਰੱਖਿਆ ਹੈ , ਇਸ ਦੀ ਮੈਂ ਸ਼ਲਾਘਾ ਕਰਦਾ ਹਾਂ। ਆਉਣ ਵਾਲੇ ਸਮੇਂ ਦੀ ਸਫ਼ਲਤਾ ਦੀ ਕਾਮਨਾ ਕਰਦਾ ਹਾਂ। 
ਦਿਲਜੋਧ ਸਿੰਘ 
ਜੂਨ 2016 

***************************************************************************************************

ਬਦਲਾਵ ਬਹੁਤ ਚੰਗਾ ਲੱਗਿਆ 
ਅੰਮ੍ਰਿਤ ਰਾਏ ਪਾਲੀ 
(ਫਾਜ਼ਿਲਕਾ)

******************************************************************************************

ਸਤਿਕਾਰਯੋਗ ਭੈਣ ਜੀ ਹਰਦੀਪ,
ਸਤਿ ਸ਼੍ਰੀ ਅਕਾਲ ਜੀ,

ਪਰਚੇ ਨੂੰ ਚਾਰ ਸਾਲ ਪੂਰੇ ਹੋਣ 'ਤੇ ਆਪ ਅਤੇ ਸਾਰੇ ਸਫ਼ਰਸਾਂਝ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀਓ। ਇਹਨਾਂ ਚਾਰ ਸਾਲਾਂ ਦੇ ਸਫ਼ਰ ਦੌਰਾਨ ਮੈਂ ਭਾਵੇਂ ਆਪਣੇ ਰੁਝੇਵਿਆਂ ਕਰਕੇ ਆਪ ਜੀਆਂ ਨਾਲ਼ ਘੱਟ ਹੀ ਜੁੜਿਆਂ ਹਾਂ ਪਰ ਗਾਹੇ-ਬਗਾਹੇ ਇਸ 'ਤੇ ਝਾਤ ਜ਼ਰੂਰ ਮਾਰ ਲੈਂਦਾ ਹਾਂ। 
ਹਾਇਕੁ -ਲੋਕ ਤੋਂ ਸਫ਼ਰਸਾਂਝ ਤੱਕ ਦਾ ਸਫ਼ਰ ਆਪ ਜੀ ਦੀਆਂ ਅਣਥੱਕ ਕੋਸ਼ਿਸ਼ਾਂ ਕਰਕੇ ਹੀ ਸਿਰੇ ਚੜ੍ਹ ਸਕਿਆ ਹੈ। ਮੈਂ ਦੇਖਿਆ ਹੈ ਕਿ ਇਸ ਸਮੇਂ ਦੌਰਾਨ ਬਹੁਤ ਸਾਰੇ ਬੁੱਧੀਜੀਵੀ ਲੇਖਕ ਇਸ ਨਾਲ਼ ਆ ਜੁੜੇ ਹਨ ਅਤੇ ਬਹੁਤ ਹੀ ਸੁਲਝੀ ਅਤੇ ਤਜ਼ਰਬੇਕਾਰ ਲੇਖਣੀ ਨਾਲ਼ ਆਪਣਾ ਯੋਗਦਾਨ ਪਾ ਰਹੇ ਹਨ। ਸਾਹਿਤ ਦੀ ਹਾਇਕੁ  ਵਿਧਾ ਨੂੰ ਚਾਰ ਚੰਨ ਲਾ ਰਹੇ ਹਨ। ਮੈਨੂੰ ਵੱਖ-ਵੱਖ ਲੇਖਕਾਂ ਦੀਆਂ ਲਿਖਤਾਂ ਪੜ੍ਹ ਕੇ ਬਹੁਤ ਚੰਗਾ ਲੱਗਦਾ ਹੈ। ਇਸ ਲਈ ਆਪ ਵਧਾਈ  ਦੇ ਪਾਤਰ ਹੋ, ਜੋ ਦਿਨ ਰਾਤ ਇਸ ਖੇਤਰ ਵਿੱਚ ਯਤਨਸ਼ੀਲ ਰਹਿੰਦੇ ਹੋ। ਮੈਂ ਦੇਖ ਰਿਹਾ ਹਾਂ ਕੇ ਆਪ ਜੀ ਦੀ ਮਿਹਨਤ ਅਤੇ ਲਗ਼ਨ ਨੂੰ ਹੁਣ ਫਲ਼ ਲੱਗਣਾ ਸ਼ੁਰੂ ਹੋ ਚੁੱਕਿਆ ਹੈ। ਮੈਂ ਦੁਆ ਕਰਦਾ ਹਾਂ ਕਿ ਆਪ ਜੀ ਇਸੇ ਤਰਾਂ ਹੀ ਦਿਨ ਪੁਰ ਰਾਤ ਅੱਗੇ ਆਉਣ ਵਾਲ਼ੇ ਸਮੇਂ ਵਿੱਚ ਵੀ ਯਤਨਸ਼ੀਲ ਰਹੋ। ਸਫ਼ਰਸਾਂਝ ਹੋਰ ਵੀ ਤਰੱਕੀ ਕਰੇ ਅਤੇ ਪੰਜਾਬੀ ਸਾਹਿਤ ਦੀ ਇਸ ਵਿਧਾ ਹੋਰ ਵੀ ਚਮਕੇ। 
ਬਹੁਤ ਬਹੁਤ ਦੁਆਵਾਂ ਨਾਲ਼।

ਭੁਪਿੰਦਰ ਸਿੰਘ 
(ਨਿਊਯਾਰਕ)
************************************************************************************************


                                        
ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ

20 Jun 2016

ਸੁੱਖੀ ਦੇ ਅਠਾਰਾਂ ਸਾਲਾਂ ਵਿਚੋਂ ਆਖ਼ਰੀ ਦੋ ਦਿਨ (ਕਹਾਣੀ ਨਹੀਂ)

ਗੁਰਸੇਵਕ ਸਿੰਘ ਧੌਲਾ


‘‘ਮੇਰੇ ਜਾਣ ਤੋਂ ਬਾਅਦ ਤੂੰ ਰੋਈਂ ਨਾ ਮੰਮੀ, ਇੱਕ ਦੋ-ਚਾਰ ਦਿਨਾਂ ਵਿਚ ਮੇਰਾ +2 ਦਾ ਸਰਟੀਫਿਕੇਟ ਆ ਜਾਊ, ਜਦੋਂ ਡਾਕੀਆ ਫੜਾਉਣ ਆਇਆ ਤਾਂ ਬਿਨਾ ਪੜ੍ਹੇ ਹੀ ਪਾੜ ਕੇ ਸੁੱਟ ਦਿਓੂ।" 
‘‘ਦਿਲ ਰੱਖ ਪੁੱਤ ਏਹੇ ਜੀਆਂ ਬੁਰੀਆਂ ਗੱਲਾਂ ਨੀ ਮੂੰਹੋਂ ਕੱਢੀਦੀਆਂ’’
ਮੇਰੀ ਛੋਟੀ ਭੈਣ ਪਰਮਜੀਤ ਨੇ ਸੁੱਖੀ ਦੀ ਗੱਲ ਕਿਸ ਜਿਗਰੇ ਨਾਲ ਸੁਣੀ ਹੋਵੇਗੀ। ਤਸੱਵਰ ਕਰਨਾ ਔਖਾ ਹੈ। ਮਾਂ ਨੇ ਆਪਣੇ 18 ਸਾਲ ਦੇ ਪੁੱਤ ਦੇ ਮੱਥੇ 'ਤੇ ਆਇਆ ਮੁੜ੍ਹਕਾ ਆਪਣੀ ਚੁੰਨੀ ਨਾਲ ਪੂੰਝਿਆ ਅਤੇ ਗੱਡੀ ਹਸਪਤਾਲ ਨੂੰ ਤੁਰ ਪਈ।  ਗੱਡੀ ਵਿੱਚ ਹਸਪਤਾਲ ਦਾਖਲ ਹੋ ਜਾਣ ਲਈ ਜਾ ਰਹੇ ਸੁੱਖੀ ਨੂੰ ਪਤਾ ਸੀ ਕਿ ਉਸ ਨੇ ਹੁਣ ਘਰੇ ਜਿਉਂਦੇ ਜੀਅ ਵਾਪਸ ਨਹੀਂ ਆਉਣਾ। ਪਰ ਹੋਰ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਭਾਣਾ ਵਰਤਣ ਵਾਲਾ ਹੈ। 
ਮੈਨੂੰ ਸੁਖਪ੍ਰੀਤ ਸਿੰਘ ਸੁੱਖੀ ਦੇ ਦੇ ਡੈਡੀ ਦਾ ਫ਼ੋਨ ਆਇਆ , ਘਬਰਾਈ ਹੋਈ ਆਵਾਜ਼ 'ਚ ਗੁਰਜੰਟ ਸਿੰਘ ਸਿੰਘ ਬੋਲਿਆ ‘‘ਜੋ ਕੰਮ ਹੱਥ ਵਿੱਚ ਹੈ, ਛੱਡ ਕੇ ਬਰਨਾਲੇ ਸਰਕਾਰੀ ਹਸਪਤਾਲ ਵਿਚ ਆ ਜਾ ਬਾਈ, ਸੁੱਖੀ ਅਚਾਨਕ ਬਹੁਤ ਬਿਮਾਰ ਹੋ ਗਿਆ , ਜਲਦੀ ਕਰ।’’ ਅਜੇ ਕੱਲ੍ਹ  ਹੀ ਸੁੱਖੀ ਮੇਰੇ ਕੋਲ ਚਾਰ ਸਾਲਾਂ ਬਾਅਦ ਮਿਲਣ ਆਇਆ ਸੀ ! ਬਿਮਾਰੀ ਵਾਲੀ ਕੋਈ ਗੱਲ ਨਹੀਂ ਸੀ ਲਗਦੀ।
ਮੈਨੂੰ ਯਾਦ ਆਇਆ ਤਿੰਨ ਕੁ ਸਾਲ ਪਹਿਲਾਂ ਮੈਂ ਸੁੱਖੀ ਦੀ ਰਿਪੋਰਟਾਂ ਪਟਿਆਲਾ ਦੇ ਪੈਥੋਲਜੀ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਬੱਲ ਨੂੰ ਡਾ. ਅਮਨਦੀਪ ਸਿੰਘ ਟੱਲੇਵਾਲੀਆ ਦੇ ਘਰ ਬਰਨਾਲੇ ਦਿਖਾਈਆਂ ਸੀ। ਡਾ. ਬੱਲ ਨੇ ਸਾਫ਼ ਦੱਸ ਦਿੱਤਾ ਸੀ ਕਿ ‘ਮਸਕੂਲਰ ਡਿਸਟਰੌਫੀ’ ਨਾਮ ਦੀ ਇਸ ਬਿਮਾਰੀ ਦਾ ਦੁਨੀਆ ਭਰ ਵਿਚ ਕੋਈ ਇਲਾਜ ਨਹੀਂ।ਇਸ ਬਿਮਾਰੀ ਨਾਲ ਪੀੜਤ ਬੱਚੇ ਦੀ ਵੱਧ ਤੋਂ ਵੱਧ ਉਮਰ 23 ਸਾਲ ਹੁੰਦੀ ਹੈ। "
ਡਾ ਬੱਲ ਦੀ ਗੱਲ ਸੁਣ ਕੇ ਮੈਨੂੰ ਭਾਰੀ ਝਟਕਾ ਲੱਗਿਆ ਸੀ। ਮੈਂ ਉਸ ਦਿਨ ਦੀ ਸੁੱਖੀ ਦੀਆਂ ਰਿਪੋਰਟਾਂ ਵਾਪਸ ਕਰਨ ਦੀ  ਥਾਂ ਆਪਣੇ ਆਪ ਨੂੰ ਸਹਿਜ ਕਰਨ ਲਈ ਦੋ ਦਿਨ ਰੁਕ ਗਿਆ ਸੀ ਤਾਂ ਕਿ ਮੇਰੇ ਚਿਹਰੇ ਤੋਂ ਕੋਈ ਬਿਮਾਰੀ ਦੀ ਭਿਆਨਕਤਾ ਦਾ ਅੰਜਾਦਾ ਨਾ ਲਾ ਲਵੇ। ਤੀਜੇ ਦਿਨ ਜਦੋਂ ਮੈਂ ਰਿਪੋਰਟਾਂ ਵਾਪਸ ਕਰਨ ਪਿੰਡ ਭੱਠਲ ਗਿਆ ਤਾਂ ਸੁੱਖੀ ਦੇ ਦਾਦੀ ਨੇ ਪੁੱਛਿਆ ‘‘ਕੀ ਕਹਿੰਦਾ ਪੁੱਤ ਡਾਕਟਰ ?’’ 
‘‘ਡਾਕਟਰ ਨੇ ਕਿਹਾ ਕਿ ਸੁੱਖੀ 23 ਸਾਲਾਂ ਤੋਂ ਬਾਅਦ ਆਪਣੇ ਆਪ ਠੀਕ ਹੋਣਾ ਸ਼ੁਰੂ ਹੋ ਜਾਵੇਗਾ’’ ਮੈਂ ਝੂਠ ਬੋਲਿਆ। ਕੋਲ ਮੰਜੇ ਤੇ ਪਿਆ ਸੁੱਖੀ ਹੱਸਦਾ ਬੋਲਿਆ ,‘‘ਮਾਮਾ ! ਓਦੋਂ ਤੱਕ ਤਾਂ ਮੈਨੂੰ ਲਗਦਾ ਮੈਂ ਦੂਜੇ ਜਨਮ ਵਿੱਚ ਵੀ ਛੇ-ਸੱਤ ਸਾਲ ਦਾ ਹੋ ਜਾਊਂਗਾ।"
ਸੁੱਖੀ ਦੀ ਮੰਮੀ ਨੇ ਅੱਖਾਂ ਭਰ ਲਈਆਂ ਸੁੱਖੀ ਨੂੰ ਝਿੜਕ ਕੇ ਬੋਲੀ ‘‘ਚੰਦਰੇ ਬੋਲ ਨੀ ਮੂੰਹੋਂ ਕੱਢੀਦੇ, ਤੇਰਾ ਮਾਮਾ ਦੱਸ ਤਾਂ ਰਿਹਾ ਕਿ ਤੂੰ ਹੁਣ ਠੀਕ ਹੋਣਾ ਸ਼ੁਰੂ ਹੋ ਜਾਣਾ। " ਸਭ ਨੂੰ ਪਤਾ ਸੀ ਕਿ ਇਹ ਦਿਲ-ਖੜ੍ਹਾਉ ਗੱਲਾਂ ਨੇ।
ਸੁੱਖੀ ਦਾ ਲੱਕ ਤੱਕ ਦਾ ਸਰੀਰ ਤਕਰੀਬਨ ਖੜ੍ਹ ਚੁੱਕਿਆ ਸੀ। ਹੱਥ ਅਤੇ ਬਾਹਵਾਂ ਦੀ ਕਮਜ਼ੋਰ ਹੋ ਚੁੱਕੇ ਸਨ। ਪਰ ਉਸ ਨੇ ਕਦੇ ਉਦਾਸੀ ਵਾਲੀ ਗੱਲ ਨਹੀਂ ਸੀ ਕੀਤੀ। ਆਪਣੇ ਨਾਨਕੇ ਪਿੰਡ ਧੌਲੇ ਆਇਆਂ ਵੀ ਹੁਣ ਚਾਰ-ਪੰਜ ਸਾਲ ਹੋ ਗਏ ਸਨ।ਮੈਂ ਜਦੋਂ ਵੀ ਉਸ ਨੂੰ ਧੌਲੇ ਆਉਣ ਲਈ ਕਹਿਣਾ ਤਾਂ ਉਸ ਨੇ ਸਖ਼ਤੀ ਨਾਲ ਕਹਿਣਾ ‘‘ਮੈਂ ਨਹੀਂ ਜਾਣਾ’’ ਕਿੰਨੇ ਵਾਰ ਕਹਿਣ ਤੇ ਬਾਵਜੂਦ ਸੁੱਖੀ ਨਾਨਕੇ ਘਰ ਨਹੀਂ ਸੀ ਆਇਆ। ਸ਼ਾਇਦ ਉਸ ਦੇ ਮਨ ਵਿਚ ਇਹ ਗੱਲ ਸੀ ਕਿ ਉਸ ਨੂੰ ਦੇਖ ਕੇ ਗਲ਼ੀ-ਗੁਆਂਢ ਦੀਆਂ ਬੁੜ੍ਹੀਆਂ ਆਉਣਗੀਆਂ ਤੇ ਤਰਸ ਭਰੀਆਂ ਗੱਲਾਂ ਕਰਕੇ ਮਾਂ-ਬਾਪ ਨੂੰ ਹੋਰ ਦੁਖੀ ਕਰਨੀਆਂ। ਪਰ 12 ਜੂਨ ਨੂੰ ਉਸ ਨੇ  ਜਿੱਦ ਕੀਤੀ ਕਿ ਮੈਂ ਧੌਲੇ ਜਾਣਾ ਹੈ। ਸੁੱਖੀ, ਪਰਮਜੀਤ, ਗੁਰਜੰਟ ਅਤੇ ਸੁੱਖੀ ਦੀ ਭੂਆ ਦਾ ਮੁੰਡਾ ਰਾਜਾ ਧੌਲੇ ਆਏ । ਮੈਨੂੰ ਸੁੱਖੀ ਵੀਲ-ਚੇਅਰ 'ਤੇ ਬੈਠਾ ਬੜਾ ਖ਼ੁਸ਼ ਨਜ਼ਰ ਆ ਰਿਹਾ ਸੀ। ਇਨਾਂ ਖ਼ੁਸ਼ ਉਹ ਕਈ ਸਾਲ ਬਾਅਦ ਹੋਇਆ ਸੀ। ਜਦ ਉਹ ਪਹਿਲਾਂ ਆਇਆ ਸੀ ਤਾਂ ਸਾਡਾ ਪਰਿਵਾਰ ਸਾਂਝਾ ਸੀ ਪਰ ਹੁਣ ਅਸੀਂ ਦੋਨੋਂ ਭਾਈ ਅੱਡ-ਅੱਡ ਹੋ ਗਏ ਸਾਂ। ਅਸੀਂ ਦੋਨਾਂ ਨੇ ਵੱਖ-ਵੱਖ ਘਰ ਪਾ ਲਏ ਸਨ। 
‘‘ਮਾਮਾ! ਮੈਨੂੰ ਸਾਰੇ ਕਮਰੇ ਦਿਖਾ ਦੇ’’ 
ਮੈਂ ਵੀਲ-ਚੇਅਰ ਨੂੰ ਰੋੜ੍ਹ ਕੇ ਸੁੱਖੀ ਨੂੰ ਸਾਰੇ ਕਮਰੇ ਦਿਖਾਉਂਦਾ ਰਿਹਾ। ਨਾਲ-ਨਾਲ ਦਸਦਾ ਰਿਹਾ ਕਿ ਇਸ ਤੋਂ ਪਹਿਲਾਂ ਇੱਥੇ ਕੀ ਹੁੰਦਾ ਸੀ। ਸੁੱਖੀ ਹਰ ਕਮਰਾ ਦੇਖ ਕੇ ਪਹਿਲਾਂ ਨਾਲੋਂ ਵੱਧ ਖ਼ੁਸ਼ ਹੋ ਜਾਂਦਾ। ਸਾਰਾ ਦਿਨ ਬੜੀਆਂ ਸੋਹਣੀਆਂ ਗੱਲਾਂ ਕਰਦੇ ਰਹੇ। ਦੋ ਵਾਰ ਚਾਹ ਪੀਤੀ ਅਤੇ ਦੁਪਹਿਰ ਦੀ ਰੋਟੀ ਖਾਧੀ । ਆਥਣੇ ਜਾਣ ਦੀ ਤਿਆਰੀ ਕੀਤੀ ਤਾਂ ਮੈਂ ਰਾਤ ਰੁਕਣ ਲਈ ਜ਼ੋਰ ਪਾਇਆ। ਸੁੱਖੀ ਨੇ ਕਿਹਾ  ‘‘ਨਹੀਂ ਮਾਮਾ ! ਰਹਿਣਾ ਨਹੀਂ ਮੈਂ। "
ਜਾਣ ਲੱਗੇ ਸੁੱਖੀ ਨੇ ਗੱਡੀ ਵਿਚ ਬੈਠੇ ਨੇ ਮੈਨੂੰ ਨੇੜੇ ਸੱਦ ਕੇ ਕਿਹਾ 
‘‘ਤੇਰਾ ਉਲਾਂਭਾ ਲਾਹ ਚੱਲਿਆ ਹਾਂ ਮਾਮਾ! ਸਤਿ ਸ੍ਰੀ ਅਕਾਲ !!’’
ਸਤਿ ਸ੍ਰੀ ਅਕਾਲ॥
ਹੋਰ ਅੱਗੇ ਪੜ੍ਹਨ ਲਈ ਹੇਠਾਂ ਕਲਿੱਕ ਕਰੋ ਜੀ। .........

17 Jun 2016

ਖੇਤ ਦੀ ਰੇਹ

Surjit Bhullar's Profile Photoਨਿੱਤ ਦਿਨ ਦੇ ਕੰਮਾਂਕਾਰਾਂ ਤੋਂ ਵਿਹਲਾ ਹੋ ਮੈਂ ਜ਼ਿੰਦਗੀ ਦੀ ਐਲਬਮ ਲੈ ਬੈਠਾ। ਇਸ ਦੇ ਪੰਨੇ ਫਰੋਲਦਿਆਂ ਮੇਰੀ ਸੋਚ  ਕਈ ਦਹਾਕੇ ਪਿੱਛੇ ਲੈ ਗਈ, ਮੈਨੂੰ ਮੇਰੀ ਦਾਦੀ ਕੋਲ। ਮੇਰੀ ਦਾਦੀ ਜਦ ਉਦਾਸ ਹੁੰਦੀ ਤਾਂ ਆਪਣੇ ਆਪੇ ਨਾਲ ਗੱਲਾਂ ਕਰਦੀ ਰਹਿੰਦੀ ਜੋ ਮੇਰੀ ਸਮਝੋਂ ਬਾਹਰ ਹੁੰਦਾ। ਉਦੋਂ ਮੈਂ ਉਸ ਦਾ ਖੰਡ ਦਾ ਖਿਡੌਣਾ ਸੀ। ਪਰ ਹੁਣ ਉਸ ਦੀਆਂ ਗੱਲਾਂ ਦੀ ਮੈਨੂੰ ਸਮਝ ਪੈਣ ਲੱਗੀ ਹੈ।
        ਇੱਕ ਦਿਨ ਗੱਲਾਂ ਕਰੇਂਦੀ ਬੇਬੇ ਦੀਆਂ ਅੰਦਰ ਧੁੱਸੀਆਂ ਅੱਖਾਂ 'ਚ ਮੈਂ ਝਾਕਿਆ।  ਉਦਾਸੀ ਨਾਲ ਨੱਕੋ- ਨੱਕ ਭਰੀਆਂ- ਭਰੀਆਂ ਤੱਕੀਆਂ ਮੈਂ ਉਸ ਦੀਆਂ ਉਦਾਸ ਅੱਖਾਂ। ਮੈਂ ਉਸ ਦੇ ਕੰਨ ਕੋਲ ਹੌਲੀ ਜਿਹੀ ਕਿਹਾ, 'ਬੇਬੇ,ਤੂੰ ਕੀ ਕਹਿੰਦੀ ਰਹਿੰਦੀ ਏ?'  ਉਸ ਨੇ ਮੈਨੂੰ ਬੇ-ਯਕੀਨੀ ਨਾਲ ਤੱਕਿਆ। ਫਿਰ ਸਿਰ 'ਤੇ ਹੱਥ ਪਲੋਸਦੀ ਬੋਲੀ, " ਪੁੱਤਰ! ਮੈਨੂੰ ਮੇਰਾ ਪਿੰਡ ਵਿਖਾਲ ਦੇ। ਬਹੁਤ ਯਾਦ ਆਉਂਦਾ,ਤੇਰਾ ਪੜ੍ਹ-ਨਾਨਕਾ।"  ਬੇਬੇ ਦਾ ਹੱਥ ਆਪਣੇ ਹੱਥ 'ਚ ਲੈਂਦਿਆਂ ਮੈਂ ਦਿਲਾਸਾ ਦੇਣ ਵਾਂਗ ਕਿਹਾ," ਲੈ ਬੇਬੇ,ਤੂੰ ਪਹਿਲਾਂ ਦੱਸਦੀ,ਆਪਾਂ ਸਵੇਰੇ ਚਲੇ ਚੱਲਾਂਗੇ, ਫ਼ਿਕਰ ਨਾ ਕਰ।"
          ਮੈਂ ਸੋਚੀਂ ਪੈ ਗਿਆ । ਇਹ ਨਿੱਕੀ ਜਿਹੀ, ਸੋਹਲ ਜਿੰਦ ਨਿਮਾਣੀ। ਆਪਣੇ 'ਤੇ ਕਿੰਨੀਆਂ ਹੀ ਗਰਮ ਸਰਦ ਰੁੱਤਾਂ ਦੀਆਂ ਪੱਤਝੜਾਂ ਤੇ ਬਹਾਰਾਂ ਹੰਢਾ ਕੇ ਅੱਜ ਵੀ ਜੜ੍ਹ-ਹੋਂਦ ਮਿਲਾਪ ਲਈ ਪਲ ਪਲ ਝੂਰ ਰਹੀ ਹੈ। ਪਲ ਪਲ ਤਰਸੇ-ਭਲਾ ਕਿਉਂ? ਪਤਾ ਨਹੀਂ ਬੇਬੇ ਨੇ ਰਾਤੀਂ ਕੀ -ਕੀ ਸੁਪਨੇ ਸਜਾਏ ਹੋਣੇ ਨੇ?

          ਅਗਲੀ ਸਵੇਰ ਮੈਂ ਤੇ ਬੇਬੇ ਤੁਰ ਪਏ ਉਦੇ ਪੇਕਿਆਂ ਵੱਲ ।ਉਹ ਜੋ- ਜੋ ਬੋਲੇ, ਸਭੇ ਥਾਂ ਟੋਲੇ।ਉਹ ਜੋ -ਜੋ ਦੱਸੇ, ਕੁਝ ਵੀ ਨਾ ਲੱਭੇ। ਜਿਸ ਖ਼ਾਤਰ ਰੂਹ ਤੜਫਾਈ, ਇਹ ਕੰਚਨ ਦੇਹ ਤਪ-ਤਪਾਈ। ਫਿਰ ਵੀ ਉਹ ਰਹੀ ਤਿਹਾਈ ਦੀ ਤਿਹਾਈ। ਹੰਭ ਹਾਰ ਕੇ ਬੇਬੇ ਬੋਲੀ, ''ਚੱਲ ਪੁੱਤ ਮੁੜੀਏ। ਖੇਲ ਜ਼ਿੰਦਗੀ ਪੂਰਾ ਹੋਇਆ। ਪੁੱਤਰਾ! ਮੈਂ ਤਾਂ ਰੇਹ ਖੇਤ ਤੁਹਾਡੇ ਦੀ।ਆਪਣਾ ਵਜੂਦ ਗਵਾ ਕੇ ਤੁਹਾਨੂੰ ਸਭ ਨੂੰ ਸ਼ਕਤੀ ਬਖ਼ਸ਼ੀ।" ਪੇਕੇ ਦੀ ਜੂਹ ਤੋਂ ਮੁੜਦਿਆਂ-ਮੁੜਦਿਆਂ ਹੁਣ ਉਦਾਸ ਨਹੀਂ ਸੀ ਬੇਬੇ। ਨਾ ਉਹ ਅਸ਼ਾਂਤ ਸੀ ਕਿਉਂਕਿ ਉਹ ਤਾਂ ਹੋ ਗਈ ਸੀ ਹੁਣ ਸਦੀਵੀ ਸ਼ਾਂਤ - ਮੇਰੀ ਪਿਆਰੀ ਬੇਬੇ।

      ਬੇਬੇ ਦੇ ਅੰਤਲੇ ਬੋਲੇ ਬੋਲ ਹੁਣ ਵੀ ਮੇਰੇ ਦਿਮਾਗ਼ 'ਚ ਘੁੰਮ ਰਹੇ ਨੇ," ਪੁੱਤਰਾ! ਮੈਂ ਤਾਂ ਰੇਹ ਖੇਤ ਤੁਹਾਡੇ ਦੀ। 

ਵਜੂਦ ਗਵਾ,ਤੁਹਾਨੂੰ ਸਭ ਨੂੰ ਸ਼ਕਤੀ ਬਖ਼ਸ਼ੀ।" ਅੱਜ ਮੈਨੂੰ ਬੇਬੇ ਦੀਆਂ ਗੱਲਾਂ ਮੁੜ ਤੋਂ ਉਦਾਸ ਕਰ ਗਈਆਂ। 


ਢਲਦੀ ਸ਼ਾਮ 
ਭਿੱਜ ਗਈਆਂ ਅੱਖਾਂ 
ਉਦਾਸ ਬੇਬੇ। 

ਸੁਰਜੀਤ ਸਿੰਘ ਭੁੱਲਰ
ਯੂ ਐਸ ਏ 
ਨੋਟ : ਇਹ ਪੋਸਟ ਹੁਣ ਤੱਕ 75 ਵਾਰ ਪੜ੍ਹੀ ਗਈ


12 Jun 2016

ਰੰਗਲੀ ਰੰਗਸ਼ਾਲਾ


ਸਾਵਣ ਮਹੀਨੇ ਨੇ ਆਪਣੇ ਪੂਰੇ ਜਲੌ 'ਚ ਆ ਬੂਹੇ 'ਤੇ ਆਣ ਦਸਤਕ ਦਿੱਤੀ ਸੀ। ਸਾਰੀ ਕਾਇਨਾਤ ਓਸ ਦੀ ਆਮਦ ਨੂੰ ਸ਼ੁਭ ਆਗਮਨ ਕਹਿੰਦੀ ਜਾਪ ਰਹੀ ਸੀ। ਕਾਲੀਆਂ ਘੋਰ ਘਟਾਵਾਂ ਨੇ ਸੂਰਜ ਨੂੰ ਪਿਛਾਂਹ ਧੱਕ ਆਪਣਾ ਜਲਵਾ ਦਿਖਾਉਣ ਦੀ ਤਿਆਰੀ ਖਿੱਚ ਲਈ ਸੀ। ਚੰਚਲ ਸ਼ੋਖ ਹਵਾਵਾਂ ਨੇ ਵੀ ਬੰਦ ਬੂਹੇ ਖੋਲ੍ਹ ਅੰਬਰਾਂ ਵੱਲ ਉਡਾਰੀ ਭਰ ਲਈ ਸੀ। ਖਿੜੀ ਹਰਿਆਲੀ ਨੇ ਹਰ ਸਾਹ 'ਚ ਜਿਉਣ ਦਾ ਸ਼ਗਨ ਧਰ ਦਿੱਤਾ ਸੀ।
     ਕੁਦਰਤ  ਦੀ ਰੂਹਾਨੀ ਉਡਾਣ ਮੈਨੂੰ ਅੰਬਰ ਤੱਕ ਪਰ ਫੈਲਾਉਣ ਦਾ ਆਹਰ ਦਿੰਦੀ ਹੈ। ਇਹਨਾਂ ਰੰਗਲੇ ਪਲਾਂ ਨੂੰ ਮਾਣਦੀ ਮੈਂ ਆਪਣੀ ਬੁੱਕਲ ਵਿੱਚ ਸਮੇਟਣ ਲਈ ਉਤਾਵਲੀ ਹੋ ਉਠਦੀ ਹਾਂ। ਮੀਂਹ 'ਚ ਭਿੱਜਦੇ ਬਚਪਨੀ ਦਿਨ ਚੇਤੇ ਆਉਂਦੇ ਨੇ। ਛਮ -ਛਮ ਬਰਸਾਤ 'ਚ ਪੈਲਾਂ ਪਾਉਂਦਾ ਮੋਰ ਮੇਰੀਆਂ ਅੱਖਾਂ ਸਾਹਵੇਂ ਨੱਚਣ ਲੱਗਦਾ ਹੈ । ਕਿਤਾਬਾਂ 'ਚ ਸਾਂਭ -ਸਾਂਭ ਰੱਖੇ ਮੋਰ ਖੰਭ ਮੇਰੇ ਮੂਹਰੇ ਆ ਬਿਖਰਣ ਲੱਗਦੇ ਨੇ । ਅਛੋਪਲੇ ਹੀ ਅੰਤਰੀਵ 'ਚ ਛੁਪੀਆਂ ਕਲਾਤਮਿਕ ਭਾਵਨਾਵਾਂ ਨੂੰ ਸੱਜਰੇ ਰੰਗਾਂ ਦੀ ਨਿਵੇਕਲੀ ਰੰਗ -ਲੀਲਾ ਰਾਹੀਂ ਸਿਰਜਣ  ਦਾ ਮਨ ਹੋਇਆ। ਮੇਰੀ ਚੇਤਨਾ 'ਚ ਨੱਚਦੇ ਮੋਰ ਨੂੰ ਆਪਣੇ ਹੱਥਾਂ 'ਚ ਲੈਣ ਦੀ ਲੋਚਾ ਮੈਨੂੰ ਆਪ ਮੁਹਾਰੇ ਓਸ ਨੂੰ ਘੜਨ ਦੇ ਆਹਰੇ ਲਾ ਗਈ। 
       ਚੁਫੇਰੇ ਪਸਰੀ ਨਿਰਮੋਹੀ ਹਵਾ ਦੇ ਘੇਰੇ ਨੂੰ ਤੋੜਦਾ ਹੁਣ ਮੇਰਾ ਆਪਾ ਰੰਗਾਂ ਦੇ ਵਿਹੜੇ ਆਣ ਬੈਠਾ ਸੀ।  ਰੰਗਾਂ ਲੱਦੇ ਬੁਰਸ਼ ਮੇਰੇ ਪੋਟਿਆਂ ਦੀ ਛੋਹ ਦਾ ਨਿੱਘ ਮਾਨਣ ਲੱਗੇ। ਪਲਾਸਟਿਕ ਦੇ ਚਮਚੇ ਚਮਕੀਲੇ ਰੰਗਾਂ ਨਾਲ ਖਿੜ ਕੇ ਮੋਰ ਖੰਭਾਂ ਦਾ ਸਿਰਜਣ ਅਧਾਰ ਬਣੇ। ਰੂੰ -ਫੰਬੇ ਸੁੰਦਰ ਲੰਬੀ ਧੌਣ ਤੇ ਧੜ ਲਈ ਰੰਗਾਂ ਦੀ ਕਰਮ ਭੂਮੀ ਬਣਦੇ ਗਏ। ਮੋਰ ਖੰਭੀ ਰੰਗਾਂ ਨੂੰ ਛੋਂਹਦੀ ਮੈਂ ਕਾਇਨਾਤ ਨਾਲ ਗੱਲਾਂ ਕਰਨ ਲੱਗੀ ਤੇ ਮੇਰੀ ਕਲਪਨਾ ਉਹ ਸਿਰਜਦੀ ਗਈ ਜਿਸ ਨੂੰ ਮੇਰੇ ਮਨ ਨੇ ਕਦੇ ਦੇਖਣਾ ਚਾਹਿਆ ਸੀ। 
       ਆਪਣੇ ਆਵੇਸ਼ ਤੇ ਮੌਲਿਕ ਅੰਦਾਜ਼ 'ਚ ਮੋਰ ਨੂੰ ਸਿਰਜਦਾ ਮੇਰਾ ਆਪਾ ਹੁਣ ਉਸ ਦੀ ਆਤਮਾ ਨਾਲ ਜਾ ਜੁੜਦਾ ਹੈ। ਮੈਂ ਓਸ ਸੁਪਨਮਈ ਲੋਕ 'ਚ ਪਹੁੰਚ ਜਾਂਦੀ ਹਾਂ ਜਿੱਥੇ ਕੋਈ ਹੱਦਬੰਦੀ ਨਹੀਂ ਸੀ ਅਤੇ ਮੈਂ ਬੇਅੰਤ ਸੰਭਾਵਨਾਵਾਂ ਨੂੰ ਆਪਣੇ ਕਲਾਵੇ ਚ ਲੈ ਰਹੀ ਸਾਂ। ਮੇਰਾ ਵਿਸ਼ਵਾਸ਼ ਦ੍ਰਿੜਤਾ ਦੀਆਂ ਪੌੜੀਆਂ ਚੜ੍ਹਦਾ ਸਿਖਰਲੇ ਟੰਬੇ 'ਤੇ ਜਾ ਬੈਠਦਾ ਹੈ ਜਿੱਥੇ ਹਰ ਵਰਤਾਰੇ ਦਾ ਆਪਣਾ ਵਕਤ ਸੀ ਤੇ ਏਸ ਬਹੁਰੰਗੀ ਸ਼੍ਰਿਸ਼ਟੀ ਨੂੰ ਆਪਣੀ ਜਾਦੂਮਈ ਛੋਹ ਨਾਲ ਓਸ ਨੂੰ ਵਾਪਰਨ ਦੇਣ ਦਾ ਭਰੋਸਾ। 
     ਕਹਿੰਦੇ ਨੇ ਕਿ ਰੰਗ ਪਰੰਗ ਕੁਦਰਤ ਸੁਹਜ ਸਲੀਕੇ ਵਿੱਚ ਵਿਚਰਦੀ ਮੋਹਕ ਰੰਗਾਂ ਨਾਲ ਖੇਲਦੀ ਹੈ। ਹੁਣ ਮੇਰੇ ਸਿਰਜੇ ਜਾਣ ਵਾਲੇ ਮੋਰ ਦੇ ਆਕਰਸ਼ਕ ਪੋਸ਼ਾਕੀ ਰੰਗ ਸਿਰਜਣਧਾਰਾ ਨੂੰ ਨਵੇਂ ਅਰਥ ਦੇਣ ਲੱਗਦੇ ਨੇ। ਜਿਓਂ ਹੀ ਹਰਾ ਰੰਗ ਬਿਖਰਿਆ ਦਿਲ ਤੇ ਦਿਮਾਗ ਦੀਆਂ ਭਾਵਨਾਵਾਂ ਇਕਸੁਰਤਾ ਦੇ ਵਹਾਓ 'ਚ ਵਹਿੰਦੀਆਂ ਇੱਕ ਦੂਜੇ 'ਚੋਂ ਆਪਣੇ ਆਪ ਨੂੰ ਵਿਸਥਾਰਨ ਦੀ ਚਾਹਤ ਤੇ ਰਾਹਤ ਦੇ ਰੰਗ 'ਚ ਰੰਗੀਆਂ ਗਈਆਂ। ਸੋਨੇ ਰੰਗੀ ਭਾਅ ਮਾਰਦੇ ਨੀਲੇ -ਬੈਂਗਣੀ ਰੰਗ ਦਾ ਸੁਨਹਿਰੀਪਣ ਮੈਨੂੰ ਆਸ਼ਾਵਾਦੀ ਉਚਾਣਾ ਵੱਲ ਲੈ ਉੱਡਿਆ ਤੇ ਨੀਲ ਲੋਹਿਤ ਰੰਗ ਦਿਲ ਦੀਆਂ ਗਹਿਰਾਈਆਂ ਨੂੰ ਛੁਹਣ ਦੀ ਜਾਂਚ ਸਿਖਾਉਂਦਾ ਅਚੇਤ ਮਨ ਦੀ ਸਰਦਲ 'ਤੇ ਸਕੂਨ ਦੇ ਛਿੱਟੇ ਮਾਰ ਗਿਆ। 
        ਸਾਰੇ ਦਿਨ ਦੀ ਭੱਜ ਦੌੜ ਤੋਂ ਬਾਅਦ ਏਸ ਰੰਗਸ਼ਾਲਾ 'ਚ ਬੈਠਣਾ ਮੈਨੂੰ ਕੁਦਰਤ ਦੀ ਸਾਂਝ ਮਾਨਣ ਦਾ ਗੁਰ ਦੱਸ ਗਿਆ। ਸਾਵਣ ਦੀ ਰਿਮਝਿਮ ਤੋਂ ਬਾਅਦ ਮਹਿਕੀ ਮਿੱਟੀ ਦੀ ਖੁਸ਼ਬੋ ਮੇਰੇ ਮਨ 'ਚ ਆਣ ਵੱਸੀ ਸੀ । ਕਲਹਿਰੀ ਮੋਰ ਵਾਂਗ ਨੱਚਦਾ ਮਨ ਜਦ  ਮੀਂਹ 'ਚ ਭਿੱਜ ਕੇ ਰੂਹ ਨੂੰ ਭਿਉਣ ਦੀ ਕੋਸ਼ਿਸ਼ ਕਰਦਾ ਏ ਤਾਂ ਮੇਰੀ ਅੰਤਰੀਵੀ  ਸੋਚ ਅਮਲੀ ਜਾਮਾ ਪਹਿਨ ਮੇਰੇ ਕੋਲ ਆ ਬਹਿੰਦੀ ਏ। ਹੁਣ ਪੈਲਾਂ ਪਾਉਂਦਾ ਮੋਰ ਮੇਰੇ ਘਰ ਦੀਆਂ ਖਾਮੋਸ਼ ਕੰਧਾਂ ਦਾ ਸ਼ਿੰਗਾਰ ਬਣਿਆ ਮੇਰੀ ਸੱਖਣਤਾ ਨੂੰ ਭਰ ਰਿਹਾ ਹੈ। 

ਬਿਖਰੇ ਰੰਗ 
ਰੰਗਾਂ ਦੀ ਰੰਗਸ਼ਾਲਾ 
ਮੋਰ ਦੀ ਪੈਲ। 

ਡਾ ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 166 ਵਾਰ ਪੜ੍ਹੀ ਗਈ

9 Jun 2016

ਇੱਕ ਮੇਰੀ ਮਾਂ (ਸੇਦੋਕਾ )

1.
ਅੰਤਿਮ ਵੇਲੇ 
ਮੌਤ ਦੇ ਬਿਸਤਰ 
ਆਖਿਰੀ ਪੜ੍ਹਾਅ 'ਤੇ 
ਹਰ ਸਾਹ 'ਚੋਂ 
ਨਿਕਲੇ ਇੱਕ ਹੀ ਨਾਂ 
ਓ ਮਾਂ ,ਹਾਏ ਮੇਰੀ ਮਾਂ। 
2.
ਇੱਕ ਮੇਰੀ ਮਾਂ 
ਦੁਨੀਆਂ ਤੋਂ ਨਿਆਰੀ 
ਮਹਿਕਦੀ ਕਿਆਰੀ 
ਸਿਰ ਠੰਢੀ ਛਾਂ 
ਮੇਰੇ ਸਾਹਾਂ 'ਚ ਵਸੇ 
ਅੰਮ੍ਰਿਤ ਵਰਗਾ ਨਾਂ। 

ਬੁੱਧ ਸਿੰਘ ਚਿੱਤਰਕਾਰ 
ਪਿੰਡ : ਨਡਾਲੋਂ 
ਹੁਸ਼ਿਆਰਪੁਰ 

ਨੋਟ : ਇਹ ਪੋਸਟ ਹੁਣ ਤੱਕ 14 ਵਾਰ ਪੜ੍ਹੀ ਗਈ

7 Jun 2016

ਚੇਤਨਾ ਚਿੱਤਰ


ਜੂਨ ਦਾ ਮਹੀਨਾ ਸੀ ਤੇ ਅਤਿ ਦੀ ਗਰਮੀ ਵੀ । ਸ਼ਾਮ ਵੇਲੇ ਹਲਕੀ -ਹਲਕੀ ਹਵਾ ਚੱਲਣ ਲੱਗੀ  ਤੇ ਮੈਂ ਬਾਹਰ ਸੈਰ ਕਰਨ ਲਈ ਤੁਰ ਪਈ । ਮੈਂ ਆਪਣੇ ਹੀ ਧਿਆਨੇ ਤੁਰੀ ਜਾ ਰਹੀ ਸਾਂ ਤੇ ਅਚਾਨਕ ਮੇਰੀ ਰੂਹ ਦਾ ਚਿੱਤਰ ਮੇਰੀਆਂ ਅੱਖਾਂ ਸਾਹਵੇਂ ਫੈਲਣ ਲੱਗਦਾ ਏ। ਜਦੋਂ ਦੁਨੀਆਂ ਦੀ ਸਦੀਵੀ ਸੁੰਦਰਤਾ ਦੀ ਸੁੰਨ ਮੇਰੀ ਰੂਹ 'ਤੇ ਹਾਵੀ ਹੁੰਦੀ ਏ ਤਾਂ ਇਹ ਦੇਸ਼ ਵੱਸਦੀ -ਵੱਸਦੀ ਪ੍ਰਦੇਸੀ ਹੋ ਜਾਂਦੀ ਹੈ। ਕਿਸੇ ਨੇ ਸਹੀ ਕਿਹਾ ਹੈ  ਕਿ ਕੁਦਰਤ ਦੇ ਦਿਸਦੇ ਦ੍ਰਿਸ਼ਾਂ ਤੋਂ ਅੱਗੇ ਸੁਹੱਪਣ 'ਚੋਂ ਕਿਰਦੇ ਨਾਦ ਨੂੰ ਸੁਣਨ ਦੀ ਤਮੰਨਾ ਹੀ ਇੱਕ ਸੁੰਨ ਨੂੰ ਰੂਹ 'ਤੇ ਹਾਵੀ ਕਰਦੀ ਹੈ। ਕੂੰਜਾਂ ਵਾਂਗ ਉੱਡਦੀ ਚੇਤਨਤਾ ਜਦੋਂ ਅਸਮਾਨੀ ਚੜ੍ਹਦੀ ਏ ਤਾਂ ਪਲ ਵਿੱਚ ਆਪਣੀ ਪਛਾਣ ਪਾ ਅੰਬਰੀਂ ਰਹੱਸ ਦੀਆਂ ਕੰਨਸੋਆਂ ਲੈਣ ਲੱਗਦੀ ਏ। ਉਹ ਸਭ ਜੋ ਚੇਤਨਤਾ ਹੰਢਾਉਣਾ ਚਾਹੁੰਦੀ ਹੈ ਉਹ ਅਣਦਿੱਸਦੇ ਭੇਦਾਂ ਪਿੱਛੇ ਛੁਪਿਆ ਪਿਆ ਹੈ। ਕਾਇਨਾਤ ਦੀ ਦੁਨਿਆਵੀ ਸੁੰਦਰਤਾ ਚੰਨ, ਤਾਰੇ, ਮਹਿਕਦੇ ਬਾਗ ਬਗੀਚੇ, ਸਮਾਜਿਕ ਬੰਧਨ ਅਤੇ ਇਸ ਨਾਸ਼ਵਾਨ ਦੁਨੀਆਂ ਦੇ ਬਖੇੜੇ ਛੱਡ ਰੂਹ ਦੀਆਂ ਬਾਤਾਂ ਪਾਉਣ ਦੀ ਲੋਚਾ ਹੈ।

      ਹੁਣ ਮੈਂ ਤੁਰਦੀ - ਤੁਰਦੀ ਇੱਕ ਵੱਡੇ ਪਾਰਕ 'ਚ ਪਹੁੰਚ ਗਈ ਸਾਂ। ਕਾਇਨਾਤ ਨੂੰ ਨਿਹਾਰ ਰਹੀ ਸਾਂ। ਉਸ ਦੀ ਫਜ਼ਰ ਸਮਝੋ ਕਿ ਇਹ ਅਦੁੱਤੀ ਕਾਇਨਾਤ ਮੇਰੇ 'ਤੇ ਹਾਵੀ ਨਹੀਂ ਰਹੀ। ਮੇਰੀ ਹੋਂਦ ਬਹੁਤ ਛੋਟੀ ਹੈ , ਕਿਣਕਾ ਮਾਤਰ ਮਿੱਟੀ ਵਿੱਚ ਮਿਲ ਗਿਆ , ਫਿਰ ਲੱਭੇ ਨਾ। ਬੂੰਦ ਮਾਤਰ , ਪਾਣੀ ਵਿੱਚ ਮਿਲ ਹੋਂਦ ਗੁਆ ਲਵੇ। ਪਰ ਮਿਹਰਾਂ ਵਾਲਿਆ ! ਅੱਜ ਮੇਰੀ ਨਿੱਕੀ ਜਿਹੀ ਹੋਂਦ ਤੇਰੇ ਰੰਗ ਬਰੰਗੇ ਸ਼ਹਿਰਾਂ, ਕਸਬਿਆਂ ਅਤੇ ਸਰਾਵਾਂ ਨੂੰ ਨਿਹਾਰਦੀ ਅਲਵਿਦਾ ਕਹਿਣ ਦੀ ਜੁਅਰਤ ਕਰ ਸਕੀ ਹੈ।
     ਘਰ ਵਾਪਿਸ ਆਈ ਤਾਂ ਮਨ 'ਚ ਦੀਦਾਰ ਦੀ ਖੁਸ਼ਬੂ ਉਤਰੀ ਸੀ। ਕਲਮ ਤੋਂ ਹਰਫਾਂ ਦੀ ਲੋਅ ਉਤਰੀ ਸੀ। ਕੈਸੀ ਖੁਸ਼ਬੋ , ਕੈਸੀ ਸਿਮਰਤੀ , ਅੱਖੀਂ ਹੰਝੂ ਭਰ ਗਈ। ਹੰਝੂਆਂ ਦੇ ਹੜ੍ਹਾਂ ਅੱਗੇ ਦੁਨਿਆਵੀ ਸੁੰਦਰਤਾ , ਪਿਆਰ , ਗੁਲਾਮੀ , ਬੰਧਨ ਸਭ ਵਹਿ ਤੁਰਿਆ ਏ। ਸਫ਼ਰ ਮੁਕਾਉਣ ਦਾ ਚਾਅ ਅਤੇ ਸ਼ੌਕ ਟਿਕਟਿਕੀ ਲਗਾਈ ਬੈਠਾ ਹੈ। ਸਫ਼ਰ ਤਦ ਹੀ ਮੁੱਕੇਗਾ ਜਦ ਅਣਦਿੱਸਦਾ ਵੀ ਦਿਖਣ ਲੱਗ ਜਾਏਗਾ ਤੇ ਰੂਹ ਓਸ ਨੂੰ ਹੰਢਾਏਗੀ। ਇਹ ਸਭ ਪਾਉਣ ਲਈ ਖਾਲੀ ਹੱਥ ਤੁਰਨਾ ਹੁੰਦਾ ਹੈ।  ਦੁਨਿਆਵੀ ਪਦਾਰਥ , ਸਮਾਜਿਕ ਬੰਧਨ , ਪਿਆਰੇ ਰਿਸ਼ਤੇ , ਕੁਦਰਤੀ ਸੁੰਦਰਤਾ ਸਭ ਛੱਡ ਕੇ ਤੁਰਨਾ ਹੁੰਦਾ ਹੈ ਜੋ ਬਲਦ ਗਲ ਪਾਈ ਪੰਜਾਲੀ ਵਾਂਗ ਹਨ। ਰੂਹ ਦੀ ਆਜ਼ਾਦੀ ਗਲੋਂ ਪੰਜਾਲੀ ਲਹਿਣ ਦਾ ਪ੍ਰਤੀਕ ਹੈ। ਜਦ ਇਹ ਸਭ ਕੁਝ ਛੱਡਦੇ ਹਾਂ ਤਾਂ ਹੱਥ ਤਾਂ ਖਾਲੀ ਹੋ ਹੀ ਜਾਣਗੇ ਪਰ ਭਾਰ  ਚੁੱਕ ਕੇ ਤੁਰਨਾ ਤੇ ਖਾਲੀ ਹੱਥ ਤੁਰਨਾ ਕਿੰਨਾ ਫ਼ਰਕ ਹੈ।  ਜਿਸ ਸ੍ਰਿਸ਼ਟੀ ਸਾਜੀ ਉਸ ਤੱਕ ਪਹੁੰਚ ਅਪਨਾਉਣੀ ਹੋਵੇ ਤਾਂ ਨੰਗੀ ਰੂਹ ਚਾਹੀਦੀ ਹੈ ਤੇ ਖਾਲੀ ਹੱਥ ਉਹ ਵੀ ਅੱਡੇ ਹੋਏ। ਰੂਹ ਨੂੰ ਨੰਗਾ ਕਰਕੇ ਹੱਥ ਅੱਡਣਾ ਸੁਖਦਾਈ ਅਨੁਭਵ। ਹੱਥ ਖਾਲੀ ਨੇ ਜੋ ਬਲਦ ਵੱਲੋਂ ਪੰਜਾਲੀ ਲਹਿਣ ਦਾ ਪ੍ਰਤੀਕ ਨੇ ਤੇ ਹੱਥ ਅੱਡਣਾ ਇੱਕ ਸਕੂਨਮਈ ਅਹਿਸਾਸ ਹੈ।

ਨੀਲਾ ਅੰਬਰ 
ਦੂਰ ਉਡੇਂਦੀ ਤੱਕਾਂ 
ਕੂੰਜਾਂ ਦੀ ਡਾਰ। 

ਪ੍ਰੋ ਦਵਿੰਦਰ ਕੌਰ ਸਿੱਧੂ
( ਦੌਦਰ -ਮੋਗਾ )   
ਨੋਟ : ਇਹ ਪੋਸਟ ਹੁਣ ਤੱਕ 151 ਵਾਰ ਪੜ੍ਹੀ ਗਈ

5 Jun 2016

ਡਾਇਰੀ ਦਾ ਪੰਨਾ


Open diary with pen Royalty Free Stock Images
     ਡਾਇਰੀ ਲਿਖਣਾ ਨਾ ਮੇਰਾ ਸ਼ੌਕ ਹੈ ਨਾ ਰੋਜ਼ਮਰਾ ਦਾ ਕੋਈ ਕੰਮ। ਲੇਕਿਨ ਅੱਜ ਇਸ ਦੀ ਸ਼ੁਰੁਆਤ ਜ਼ਰੂਰ ਹੋਈ ਹੈ , ਉਸ ਦੀ ਬਦੌਲਤ ਕਿਉਂਕਿ ਮੇਰੀ ਉਸ ਨਾਲ ਕਈ ਦਿਨਾਂ ਤੋਂ ਗੱਲ ਹੀ ਨਹੀਂ ਹੋਈ ਸੀ। ਗੱਲ ਨਾ ਕਰਨ ਦਾ ਕੋਈ ਵਿਸ਼ੇਸ਼ ਕਾਰਣ ਵੀ ਨਹੀਂ ਸੀ। ਮੈਨੂੰ ਜਦ ਗੱਲ ਕਰਨ ਵਾਸਤੇ ਅਗਲੇ ਦਿਨ ਦੀ ਉਡੀਕ ਕਰਨਾ ਭਾਰੀ ਲੱਗਿਆ ਤਾਂ ਉਸ ਨੂੰ ਆਪਣੇ ਸੁਪਨੇ 'ਚ ਹੀ ਬੁਲਾ ਲਿਆ, ਬਿਨਾਂ ਫੋਨ ਕੀਤਿਆਂ , ਬਿਨਾਂ ਕੋਈ ਚਿੱਠੀ ਲਿਖਿਆਂ। ਆਪਣਾ ਦੁੱਖ -ਸੁੱਖ ਉਸ ਨਾਲ ਸਾਂਝਾ ਜੋ ਕਰਨਾ ਸੀ। ਨਾ ਜਾਣੇ ਘਰ -ਗ੍ਰਹਿਸਤੀ ਦੀਆਂ ਕਿੰਨੀਆਂ ਹੀ ਗੱਲਾਂ ਉਸ ਨਾਲ ਕੀਤੀਆਂ , ਕੁਝ ਉਸ ਦੀਆਂ ਵੀ ਸੁਣੀਆਂ। ਉਸ ਨੂੰ ਕੁਝ ਕਿਹਾਂ ਬਗੈਰ ਮੇਰੀ ਤਾਂ ਜਿਵੇਂ ਕੱਲ ਹੀ ਨਹੀਂ ਹੁੰਦੀ। 
     ਸਵੇਰੇ ਉੱਠੀ ਤਾਂ ਮੇਰਾ ਮਨ ਪ੍ਰਫੁੱਲਤ ਹੋ ਕੇ ਝੂਮ ਉੱਠਿਆ। ਤਨ ਅੰਗੜਾਈ ਲੈ ਕੇ ਤਾਜ਼ਗੀ ਨਾਲ ਭਰ ਗਿਆ ਸੀ। ਜਿਵੇਂ ਤਾਕਤ ਦੀ ਬੈਟਰੀ ਰੀਚਾਰਜ ਹੋ ਗਈ ਹੋਵੇ। ਜਿਵੇਂ ਗਰਮੀਆਂ 'ਚ ਸੀਤਲ ਸੁਖਦ ਹਵਾ ਬੂਹੇ ਖੋਲਦਿਆਂ ਮਨ ਨੂੰ ਪ੍ਰਸੰਨ ਕਰ ਗਈ ਹੋਵੇ। ਮੇਰੇ ਵਾਂਗ ਰੁੱਖ ਵੀ ਸਵੇਰ ਦੀ ਤਾਜ਼ੀ ਹਵਾ ਦੀ ਛੋਹ ਪਾ ਕੇ ਝੂਮ ਉੱਠੇ ਸਨ ਤੇ ਪੱਤਾ -ਪੱਤਾ ਸੁਹਾਵਣੀ ਸਵੇਰ ਦੀ ਹਵਾ ਦਾ ਸ਼ੁਕਰੀਆ ਕਰ ਰਿਹਾ ਲੱਗਦਾ ਸੀ। ਵੈਸੇ ਹੀ ਉਸ ਨਾਲ ਗੱਲ ਕਰਕੇ ਮੇਰੇ ਅੰਦਰ ਬਹੁਤ ਸਾਰੀ ਤਾਜ਼ਗੀ ਤੇ ਤਾਕਤ ਭਰ ਗਈ ਸੀ। 
      ਮੈਂ ਉਸ ਦਾ ਸ਼ੁਕਰੀਆ ਕਰਨ ਲਈ ਅੱਜ ਆਪਣੀ ਡਾਇਰੀ ਦਾ ਪੰਨਾ ਉਸ ਦੇ ਨਾਮ ਲਿਖ ਰਹੀ ਹਾਂ। ਮੇਰੀ ਰੂਹ ਨੇ ਉਸਦੀ ਰੂਹ ਨਾਲ ਇੱਕ ਅਟੁੱਟ ਸਬੰਧ ਬਣਾ ਲਿਆ ਹੈ। ਕਦੇ -ਕਦੇ ਮੈ ਸੋਚਦੀ ਹਾਂ ਕਿ ਮੈਂ ਉਸਨੂੰ ਕਿੱਥੋਂ ਲੱਭ ਲਿਆ ? ਜਾਂ ਉਸ ਦੇ ਅੰਦਰ ਦੀ ਕਿਸ ਚੁੰਬਕੀ ਸ਼ਕਤੀ ਨੇ ਮੈਨੂੰ ਆਪਣੇ ਵੱਲ ਖਿੱਚ ਲਿਆ। ਇਹ ਪ੍ਰਮਾਤਮਾ ਦੀ ਅਪਾਰ ਕਿਰਪਾ ਹੋਈ ਹੈ ਮੇਰੇ 'ਤੇ ਜੋ ਮੈਨੂੰ ਉਸ ਨਾਲ ਮਿਲਾ ਦਿੱਤਾ। ਭਲੇ ਹੀ ਨੈਟ ਪਤ੍ਰਿਕਾ ਰਾਹੀਂ ਹੀ ਮੈਂ ਉਸਨੂੰ ਮਿਲ ਸਕੀ ਹਾਂ। 
         ਅੰਤਰ ਮਨ  'ਚ ਬਹੁਤ ਕੁਝ ਵਕਤ ਦੇ ਗਰਦੇ ਥੱਲੇ ਦੱਬਿਆ ਪਿਆ ਸੀ। ਜਦੋਂ ਤੋਂ ਉਸ ਦਾ ਜੀਵਨ ਨਾਲ ਸਬੰਧ ਜੁੜਿਆ ਹੈ , ਕੁਝ ਨਾ ਕੁਝ ਬਾਹਰ ਆਉਣ ਲ੍ਲ੍ਗਾ ਹੈ। ਉਸ ਦੀ ਅਪਣੱਤ ਭਰੀਆਂ ਗੱਲਾਂ ਨੇ ਮੈਨੂੰ ਐਨਾ ਮੋਹਿਤ ਕੀਤਾ , ਐਨਾ ਆਪਣਾ ਬਣਾ ਲਿਆ ਕਿ ਮੈਂ ਉਸ 'ਤੇ ਆਪਣਾ ਇੱਕ ਮਾਤਰ ਅਧਿਕਾਰ ਸਮਝਣ ਲੱਗੀ ਹਾਂ। ਕੋਈ ਦੂਜਾ ਉਸ ਦੇ ਪਿਆਰ 'ਤੇ ਆਪਣਾ ਹੱਕ ਜਤਾਉਣ ਦੀ ਗੱਲ ਕਰਦਾ ਹੈ ਤਾਂ ਮੈਂ ਈਰਖਾ ਨਾਲ ਸੜ ਜਾਂਦੀ ਹਾਂ। ਆਪਣੇ ਆਪ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰਦੀ ਹਾਂ ਕਿ ਚੰਦ ਆਪਣੀ ਸ਼ੀਤਲ ਚਾਂਦਨੀ ਕੀ ਕਿਸੇ ਇੱਕ ਲਈ ਬਿਖੇਰਦਾ ਹੈ ?ਸੂਰਜ ਕੀ ਕਿਸੇ ਇੱਕ ਘਰ 'ਚ ਉਜਾਲਾ ਕਰਨ ਲਈ ਚੜ੍ਹਦਾ ਹੈ ? ਖ਼ੁਸ਼ਬੂਦਾਰ ਪੌਣ ਕੀ ਕਿਸੇ ਇੱਕ ਲਈ ਸੁਗੰਧ ਫੈਲਾਉਣ ਆਉਂਦੀ ਹੈ  ? ਨਹੀਂ ਨਾ। ਫਿਰ ਤੂੰ ਕਿਉਂ ਉਸ ਨੂੰ ਸਿਰਫ਼ ਆਪਣੇ ਤਾਈਂ ਰੱਖਣਾ ਚਾਹੁੰਦੀ ਏਂ ? ਤੂੰ ਇਹ ਤਾਂ ਦੇਖ ਕਿੰਨੇ ਦਿਲਾਂ ਨੂੰ ਆਪਣੇ ਪਿਆਰ ਦੇ ਸਾਗਰ 'ਚ ਡੁੱਬਕੀ ਲਾਉਣ ਦਾ ਅਨੰਦ ਦੇ ਰਹੀ ਉਹ ਤੇਰੀ ਪਰਮ ਪਿਆਰੀ , ਤੇਰੀ ਮਾਰਗ ਦਰਸ਼ਕ। ਕੀ -ਕੀ ਨਹੀਂ ਹੈ ਉਹ ਤੇਰੀ ? ਹਾਂ , ਮੰਨਦੀ ਹਾਂ , ਉਸੇ ਦੀ ਬਦੌਲਤ ਹੀ ਮੈਂ ਇਹ ਸਤਰਾਂ ਲਿਖ ਪਾਈ ਹਾਂ। ਨਹੀਂ ਤਾਂ ਕਿਵੇਂ ਕਹਿ ਸਕਦੀ। 


ਫੈਲਿਆ 'ਨ੍ਹੇਰਾ -
ਮਨ ਮੇਰਾ ਰੌਸ਼ਨ 
ਉਸ ਨੂੰ ਪਾ ਕੇ। 

ਕਮਲਾ ਘਟਾਔਰਾ 



* ਹਿੰਦੀ ਤੋਂ ਅਨੁਵਾਦ - ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 45 ਵਾਰ ਪੜ੍ਹੀ ਗਈ