ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 Nov 2015

ਅੰਬਰੀਂ ਪੀਂਘ (ਸਫ਼ੈਦ ਰਿਬਨ ਦਿਵਸ 'ਤੇ ਵਿਸ਼ੇਸ਼ -25 ਨਵੰਬਰ )


(ਹਰ ਸਾਲ 25 ਨਵੰਬਰ ਨੂੰ ਦੁਨੀਆਂ ਭਰ ਵਿੱਚ ਵਾਈਟ ਰਿਬਨ ਦਿਵਸ ਮਨਾਇਆ ਜਾਂਦਾ ਹੈ - National Day to Stop Men’s Violence against Women )


ਪਲ -ਪਲ ਮਿਜ਼ਾਜ ਬਦਲਦਾ ਮੌਸਮ। ਕਦੇ ਛੜਾਕੇ ਨਾਲ ਮੀਂਹ ਪੈਣ ਲੱਗ ਜਾਂਦਾ ਤੇ ਕਦੇ ਤਿੱਖੀ ਧੁੱਪ। ਇਸ ਅਣਕਿਆਸੇ ਜਿਹੇ ਮੌਸਮ ਵਿੱਚ ਅੱਜ ਸਕੂਲਾਂ -ਕਾਲਜਾਂ ਦੇ ਵਿਦਿਆਰਥੀ ਸਫ਼ੈਦ ਪਹਿਰਾਵੇ 'ਚ ਤਿੱਤਰ ਖੰਭੀ ਬੱਦਲਾਂ ਵਾਂਗ ਸੜਕਾਂ 'ਤੇ ਉੱਤਰ ਆਏ ਸਨ। ਔਰਤ 'ਤੇ ਹੁੰਦੇ ਤਸ਼ੱਦਦ ਵਿਰੁੱਧ ਆਵਾਜ਼ ਬੁਲੰਦ ਕਰਨ ਲਈ। ਸਫ਼ੈਦ ਰਿਬਨ ਟੁੰਗਦੇ ਹੋਏ ਰਾਹ 'ਚ ਹੋਰ ਲੋਕ ਜੁੜਦੇ ਗਏ ਤੇ ਕਾਫ਼ਲਾ ਤੁਰਦਾ ਗਿਆ। ਵੱਡੇ ਚੌਂਕ 'ਚ ਪਹੁੰਚ ਧੂੰਆਂਧਾਰ ਤਕਰੀਰਾਂ ਤੋਂ ਬਾਦ ਹਜੂਮ 'ਚ ਸ਼ਾਮਿਲ ਸਾਰੇ ਮਰਦਾਂ ਨੂੰ ਖੜ੍ਹਾ ਕਰਕੇ ਔਰਤ ਦਾ ਸਨਮਾਨ ਕਰਨ ਲਈ ਸਹੁੰ ਚੁਕਾਈ ਗਈ।
         ਗੰਭੀਰ ਜਿਹੀ ਦਿੱਖ ਵਾਲੀ ਇੱਕ ਬੀਬੀ ਚੁੱਪੀ ਦੀ ਬੁੱਕਲ ਮਾਰੀ ਮੂਹਰਲੀ ਕਤਾਰ 'ਚ ਖੜ੍ਹੀ ਸਭ ਕੁਝ ਸੁਣ ਰਹੀ ਸੀ। ਪਰ ਉਸ ਦੀ ਚੁੱਪੀ 'ਚ ਭੁੱਬਲ ਵਰਗੀ ਸੁਲਘਣ ਸੀ। ਉਸ ਦੀ ਬੇਚੈਨੀ ਵੱਧਦੀ ਜਾ ਰਹੀ ਸੀ। ਅਚਾਨਕ ਉਸਦੀ ਚੁੱਪੀ ਰੋਹ 'ਚ ਬਦਲ ਗਈ । ਸਟੇਜ ਸਕੱਤਰ ਨੂੰ ਪਰਾਂ ਧਕੇਲਦੀ ਉਹ ਭੁੜਕ ਪਈ , " ਇੱਥੇ ਖੜ੍ਹੇ ਹਰ ਮਰਦ ਨੂੰ ਅੱਜ ਮੈਂ ਪੁੱਛਦੀ ਹਾਂ - ਕੀ ਕਦੇ ਉਸ ਸੋਚਿਆ ਹੈ ਕਿ ਔਰਤ ਬਿਨਾਂ ਉਹ ਕਿੰਨਾ ਅਧੂਰਾ ਹੈ ? ਕਦੇ 'ਕੱਲਾ ਬਹਿ ਕੇ ਸੋਚੀਂ ਵੇ ਅਸੀਂ ਕੀ ਨੀ ਕੀਤਾ ਤੇਰੇ ਲਈ। ਆਪਣਾ ਆਪਾ ਮਾਰ ਖੁਦ ਨੂੰ ਤੇਰੇ ਰੰਗ 'ਚ ਰੰਗਿਆ ਤੇ ਤੂੰ ਮੈਨੂੰ ਸਿਫ਼ਰ ਕਰਕੇ ਜਾਣਿਆ। ਖੁਦ ਨੂੰ ਏਕਮ ਦਾ ਯੱਕਾ ਮੰਨਣ ਵਾਲਿਆ ਸ਼ਾਇਦ ਤੈਨੂੰ ਨਹੀਂ ਪਤਾ ਕਿ ਏਥੇ 'ਕੱਲੇ ਏਕੇ ਦਾ ਕੋਈ ਮੁੱਲ ਨਹੀਂ। ਇਹ ਸਿਫ਼ਰ ਹੀ ਹੈ ਜਿਹੜੀ ਤੈਨੂੰ ਲੱਖਾਂ -ਕਰੋੜਾਂ ਬਣਾ ਦਿੰਦੀ ਹੈ। ਪਰ ਫਿਰ ਵੀ ਇੱਥੇ ਹਰ ਗਾਲ ਔਰਤ ਲਈ ਤੇ ਹਰ ਦੁਆ ਮਰਦ ਦੇ ਹਿੱਸੇ ਆਈ ਹੈ। "
        ਚੁਫ਼ੇਰੇ ਪਸਰੀ ਮੜੀਆਂ ਵਰਗੀ ਚੁੱਪ ਹੋਰ ਚੁੱਪ ਹੋ ਗਈ ਸੀ। ਆਪਾ ਝੰਜੋੜੂ ਹਿਰਦੇਵੇਦਕ ਸੱਚ ਨੂੰ ਨੰਗਾ ਕਰਦੀ ਉਹ ਤਾਂ ਗਲੋਟੇ ਵਾਂਗ ਉਧੜੀ ਹੀ ਜਾ ਰਹੀ ਸੀ। "ਮੇਰੀਆਂ ਭਾਵਨਾਵਾਂ ਤੇ ਸ਼ੌਕ ਨੂੰ ਕੁਚਲਣਾ ਤੇਰੀ ਆਦਤ ਬਣ ਗਈ ਹੈ। ਮੈਨੂੰ ਮੋਹਰਾ ਬਣਾ ਆਪਣਾ ਉੱਲੂ ਸਿੱਧਾ ਕਰਕੇ  ਹਰ ਹੀਲੇ ਮੈਨੂੰ ਹੀ ਗਲਤ ਸਾਬਤ ਕਰਦਾ ਆ ਰਿਹਾ ਹੈਂ । 'ਥੋਥਾ ਚਨਾ ਬਾਜੇ ਘਣਾ' ਕੇਵਲ ਗੱਲਾਂ ਨਾਲ ਹੀ ਪਹਾੜ ਖੜ੍ਹਾ ਕਰਦੈਂ । ਆਪਣੀਆਂ ਖੁਦ ਦੀਆਂ ਕਮੀਆਂ ਨੂੰ ਕੱਜਣ ਲਈ ਕਦੇ ਮੈਨੂੰ ਗੁਣਹੀਣ -ਬਦਚਲਨ ਤੇ ਕਦੇ ਪੈਰ ਦੀ ਜੁੱਤੀ ਕਹਿੰਦੈਂ । ਪਰ ਜਦੋਂ ਇਹ ਜੁੱਤੀ ਤੇਰੇ ਸਿਰ ਵੱਜੇਗੀ ਓਦੋਂ ਹੀ ਤੈਨੂੰ ਅਕਲ ਆਏਗੀ। ਹਰ ਵਕਤ ਮੇਰੇ 'ਚ ਬੁਰਾਈ ਲੱਭਣ ਵਾਲਿਆ ਤੂੰ ਤਾਂ ਓਹ ਮੱਖ ਹੈਂ ਜੋ ਕੇਵਲ ਜ਼ਖਮ 'ਤੇ ਹੀ ਬੈਠਣਾ ਜਾਣਦਾ। ਗੱਲ -ਗੱਲ 'ਤੇ ਮੈਨੂੰ ਬੇਘਰ ਕਰਨ ਦੀ ਧਮਕੀ ਦਿੰਦਾ ਆਇਆ ਹੈਂ, ਪਰ ਯਾਦ ਰੱਖੀਂ ਮੇਰੇ ਬਿਨਾਂ ਤੇਰਾ ਇਹ ਘਰ ਖੜ੍ਹੇ ਰਹਿਣ ਜੋਗਾ ਇੱਕ ਮਕਾਨ ਵੀ ਨਹੀਂ ਰਹਿਣਾ।"
       ਅਦਬ ਦਾ ਪੱਲਾ ਫੜ ਉਸ ਬੋਲਣਾ ਜਾਰੀ ਰੱਖਿਆ , "ਓ ਭਲਿਆ ਲੋਕਾ ਮੈਂ ਤਾਂ ਤਹਿਜ਼ੀਬ ਦੀ ਰੱਸੀ ਅਜੇ ਵੀ ਫੜੀ ਹੋਈ ਹੈ। ਤੇਰੇ ਏਸ ਅਖੌਤੀ ਘਰ ਦੀ ਇੱਜ਼ਤ ਨੂੰ ਆਪਣੇ ਪੱਲੂ 'ਚ ਸਮੇਟਿਆ ਹੋਇਆ ਹੈ। ਅੱਠੋ ਪਹਿਰ ਕੰਮ ਕਰਕੇ ਤੈਥੋਂ ਮੰਗਿਆ ਹੀ ਕੀ ਹੈ -ਦੋ ਡੰਗ ਦੀ ਰੋਟੀ ਤੇ ਥੋੜਾ ਜਿਹਾ ਆਦਰ।ਪਰ ਤੇਰੇ ਕੁਸੈਲੇ ਬੋਲ ਤੇ ਕੁਰੱਖਤ ਨਜ਼ਰਾਂ ਹਰ ਪਲ ਮੇਰੀ ਰੂਹ ਨੂੰ ਵਿੰਨੀ ਜਾਂਦੀਆਂ ਨੇ। ਮੇਰੀ ਚੁੱਪੀ ਨੂੰ ਮੇਰੀ ਕਮਜ਼ੋਰੀ ਨਾ ਸਮਝ ਬੈਠੀਂ। ਜਵਾਬ ਦੇਣਾ ਮੈਨੂੰ ਵੀ ਆਉਂਦਾ ਹੈ। "
         ਹੁਣ ਚੁਫ਼ੇਰੇ ਤਾੜੀਆਂ ਦੀ ਗੂੰਜ ਸੀ ਤੇ ਉਸ ਦੀਆਂ ਅੱਖਾਂ 'ਚ ਜਿੱਤ ਦੀ ਚਮਕ । ਉਸ ਨੇ ਦੂਰ ਅਸਮਾਨ 'ਤੇ ਪਈ ਸੱਤਰੰਗੀ ਪੀਂਘ ਵੱਲ ਤੱਕਿਆ। ਇਓਂ ਲੱਗਾ ਜਿਵੇਂ ਅੰਬਰੋਂ ਲਹਿ ਸੱਤ ਰੰਗ ਉਸ ਦੇ ਸਫ਼ੈਦ ਰਿਬਨ ਤੇ ਚੁੰਨੀ 'ਤੇ ਬਿਖਰ ਗਏ ਹੋਣ।


ਥੰਮਿਆ ਮੀਂਹ 
ਸੱਤਰੰਗ ਝਲਕੇ 
ਅੰਬਰੀਂ ਪੀਂਘ ।

ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 42 ਵਾਰ ਪੜ੍ਹੀ ਗਈ।

               

15 Nov 2015

ਨੰਬਰ ਪਲੇਟ (ਹਾਇਬਨ) -ਡਾ. ਹਰਦੀਪ ਕੌਰ ਸੰਧੂ

          Image result for LUVSON  plate car
ਬੱਦਲਵਾਈ ਤੇ ਘੁੱਲੇ ਜਿਹੇ ਬੱਦਲਾਂ ਕਰਕੇ ਅਸਮਾਨ ਘਸਮੈਲਾ ਜਿਹਾ ਹੋ ਗਿਆ ਸੀ। ਤੇਜ਼ ਹਨ੍ਹੇਰੀ ਨਾਲ ਮੀਂਹ ਪੈਣ ਲੱਗਾ । ਆਮ ਦਿਨਾਂ ਨਾਲੋਂ ਵੱਧਿਆ ਟ੍ਰੈਫ਼ਿਕ ਧੀਮੀ ਰਫ਼ਤਾਰ ਨਾਲ ਚੱਲ ਰਿਹਾ ਸੀ। ਅਚਾਨਕ ਤੇਜ਼ੀ ਨਾਲ ਇੱਕ ਸੁਨਹਿਰੀ ਕਾਰ ਮੇਰੇ ਕੋਲੋਂ ਦੀ ਲੰਘੀ। ਮੇਰੀ ਸਰਸਰੀ ਜਿਹੀ ਨਿਗ੍ਹਾ ਓਸ ਕਾਰ ਦੀ ਛੇ ਅੱਖਰੀ ਨੰਬਰ ਪਲੇਟ 'ਤੇ ਪਈ। ਇੱਕ ਨਵੇਕਲੀ ਜਿਹੀ ਤਰਤੀਬ 'ਚ ਸਜੇ ਅੱਖਰ - 'LUVSON' ਮੇਰਾ ਅਵਚੇਤਨ ਮਨ ਆਪਣੀ ਆਦਤ ਮੂਜਬ ਇਹਨਾਂ ਅੱਖਰਾਂ 'ਚ ਲੁਕੇ ਸ਼ਬਦ ਜੋੜ ਪੜ੍ਹਨ ਲੱਗਾ। ਸਮਝ ਆਉਂਦਿਆਂ ਹੀ ਰੂਹ ਸਰਸ਼ਾਰ ਹੋ ਗਈ ਸੀ। ਭਾਵੇਂ ਮਾਪਿਆਂ ਦੇ ਅਮੁੱਕ ਮੋਹ ਨੂੰ ਦਰਸਾਉਣ ਲਈ ਕਿਸੇ ਪ੍ਰਮਾਣਿਤ ਤਖਤੀ ਦੀ ਲੋੜ ਨਹੀਂ ਹੁੰਦੀ ਪਰ ਫਿਰ ਵੀ ਪੁੱਤਰ ਮੋਹ ਪ੍ਰਗਟਾਉਣ ਦਾ ਇਹ ਅਨੋਖਾ ਅੰਦਾਜ਼ ਮੇਰੇ ਮਨ ਦੇ ਪਾਣੀਆਂ 'ਚ ਰਸ ਘੋਲ ਗਿਆ।
           ਉਹ ਸੁਨਹਿਰੀ ਕਾਰ ਹੁਣ ਮੇਰੇ ਐਨ ਮੂਹਰੇ ਜਾ ਰਹੀ ਸੀ। ਮੇਰੀ ਨਜ਼ਰ ਹੁਣ ਕਾਰ ਦੇ ਪਿਛਲੇ ਸ਼ੀਸ਼ੇ ਦੀ ਲਿਖਾਈ 'ਤੇ ਆ ਟਿਕੀ ਸੀ। ਮਨਮੋਹਕ ਫੁੱਲਾਂ ਦੇ ਸੰਗ ਇੱਕ ਨਾਂ ਜਨਮ ਤੇ ਮੌਤ ਦੀ ਤਾਰੀਖ਼ ਸਮੇਤ ਉਕਰਿਆ ਹੋਇਆ ਸੀ। 'ਜੋ ਉਪਜੈ ਸੋ ਬਿਨਸਿ ਹੈ ' - ਅਜੇ ਤਾਂ ਡੋਡੀ ਨੇ ਫੁੱਲ ਬਣਨਾ ਸੀ। ਕੋਈ ਡੇਢ ਕੁ ਦਹਾਕਾ ਪਹਿਲਾਂ ਕਿਸੇ ਦੀ ਨੰਨ੍ਹੀ ਜਾਨ ਆਪਣੀ ਜ਼ਿੰਦਗੀ ਦੀਆਂ ਕੇਵਲ ਦਸ ਬਹਾਰਾਂ ਮਾਣ ਇਸ ਫ਼ਾਨੀ ਦੁਨੀਆਂ ਤੋਂ ਰੁਖਸਤ ਹੋ ਗਈ ਸੀ। ਹੋਏ ਅਨਰਥ ਦੀਆਂ ਕੁਵੇਲੇ ਝੁੱਲੀਆਂ ਹਨ੍ਹੇਰੀਆਂ ਦੀ ਸ਼ਾਂ -ਸ਼ਾਂ ਮੈਨੂੰ ਹੁਣ ਸਾਫ਼ ਸੁਣਾਈ ਦੇ ਰਹੀ ਸੀ।
             ਕੁਝ ਪਲਾਂ ਬਾਅਦ ਸੁਨਹਿਰੀ ਕਾਰ ਮੇਰੀ ਕਾਰ ਤੋਂ ਥੋੜ੍ਹੀ ਜਿਹੀ ਵਿੱਥ 'ਤੇ ਆ ਖਲੋਈ ਸੀ।  ਇੱਕ ਅੱਧਖੜ ਜਿਹੀ ਉਮਰ ਦੀ ਕਮਜ਼ੋਰ ਜਿਹੀ ਦਿਖਦੀ ਔਰਤ ਓਸ ਕਾਰ 'ਚੋਂ ਉੱਤਰੀ। ਉਹ ਤਾਂ ਰਵਾਂ -ਰਵੀਂ  ਤੁਰਦੀ ਭੀੜ 'ਚ ਕਿਧਰੇ ਅਲੋਪ ਹੋ ਗਈ ਸੀ  ਪਰ ਉਸ ਦੀ ਜ਼ਿੰਦਗੀ ਦੇ ਖਰਵੇਂ ਪਲਾਂ ਦੀ ਦਾਸਤਾਨ ਮੇਰੀਆਂ ਅੱਖਾਂ ਸਾਹਵੇਂ ਸਾਕਾਰ ਹੋਣ ਲੱਗੀ। ਕਦੇ ਉਹ ਮੈਨੂੰ ਜ਼ਿੰਦਗੀ ਦੇ ਖੁਰਦੇ ਕਿਨਾਰਿਆਂ 'ਤੇ ਖਲੋਤੀ ਜਾਪੀ ਤੇ ਕਦੇ ਉਦਾਸੀ ਦੀਆਂ ਪਰਤਾਂ ਫਰੋਲੀਦੀ। ਪੁੱਤਰ ਦੀ ਮੌਤ ਦੇ ਕਰੂਰ ਪ੍ਰਛਾਵਿਆਂ ਨੇ ਉਸ ਦੇ ਮਨ ਨੂੰ ਟੋਟੇ -ਟੋਟੇ ਕਰ ਦਿੱਤਾ ਹੋਣਾ। ਸੋਗੀ ਤੇ ਪੀੜਾ ਭਰੇ ਰਾਹਾਂ 'ਤੇ ਚੱਲਦੀ ਆਪਣੇ ਨਿੱਕੜੇ ਨੂੰ ਉਹ ਆਪਣੇ ਅੰਗ -ਸੰਗ ਮਹਿਸੂਸਦੀ ਹੋਵੇਗੀ। ਕਦੇ ਨਿੱਕੀਆਂ -ਨਿੱਕੀਆਂ ਸ਼ਰਾਰਤਾਂ ਕਰਦੇ ਤੇ ਕਦੇ ਗੱਭਰੂ ਜਵਾਨ ਪੁੱਤ ਨੂੰ ਆਪਣਾ ਸਹਾਰਾ ਬਣੇ। 
                'ਨਾਨਕ ਦੁਖੀਆ ਸਭ ਸੰਸਾਰ'- ਧੰਨ ਹੈ ਓਸ ਮਾਂ ਦਾ ਜਿਗਰਾ ਜਿਸ ਨੇ ਇਹ ਸਭ ਕੁਝ ਆਪਣੀ ਰੂਹ 'ਤੇ ਝੱਲਿਆ ਤੇ ਫੇਰ ਕਿਵੇਂ ਇਹ ਸਭ ਕੁਝ ਲਿਖਣ ਦਾ ਵੀ ਹੌਸਲਾ ਕੀਤਾ ਹੋਣਾ। ਇਹ ਵੀ ਤਾਂ ਸੱਚ ਹੈ ਕਿ ਦੁੱਖ ਵੰਡਿਆਂ ਘੱਟਦੈ। ਉਸ ਨੇ ਤਾਂ ਆਪਣੇ ਦੁੱਖ ਦੀ ਸਾਂਝ ਸਾਰੇ ਜੱਗ ਨਾਲ ਪਾ ਲਈ ਸੀ ਤਾਂ ਕਿ ਉਹ ਆਪਣੀ ਜ਼ਿੰਦਾ ਲਾਸ਼ ਦੇ ਬੋਝ ਨੂੰ ਢੋਂਹਦੀ ਜਿਉਣ ਜੋਗੀ ਹੋ ਜਾਵੇ। ਅੱਥਰੂ ਭਿੱਜੇ ਦਿਨ ਕੁਝ ਸੁਖਾਲੇ ਹੋ ਜਾਣ। 
            ਮੈਨੂੰ ਲੱਗਾ ਕਿ ਅੱਜ ਕੁਦਰਤ ਵੀ ਉਸ ਨਾਲ ਸੋਗ ਮਨਾ ਰਹੀ ਸੀ। ਹੁਣ ਮੀਂਹ ਵੀ ਬੰਦ ਹੋ ਗਿਆ ਸੀ ਤੇ ਉੱਚਾ ਹੋਇਆ ਆਸਮਾਨ ਤਰੋ -ਤਾਜ਼ਾ ਦਿਖ ਰਿਹਾ ਸੀ। ਲੱਗਦਾ ਸੀ ਕਿ ਉਹ ਵੀ ਰੋ ਕੇ ਥੋੜਾ ਜਿਹਾ ਉਸ ਵਾਂਗ ਦੁੱਖੋਂ  ਹੌਲਾ ਹੋ ਗਿਆ ਹੋਵੇਗਾ।


ਤੇਜ਼ ਹਵਾਵਾਂ 

ਨਿਖਰਿਆ ਅੰਬਰ 
ਮੀਂਹ ਮਗਰੋਂ।

ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 82 ਵਾਰ ਪੜ੍ਹੀ ਗਈ।

            

12 Nov 2015

ਤਲੀਆਂ ਦੀ ਮਹਿੰਦੀ

1.

ਸੱਚ ਕਹਿੰਦੀ 
ਤਲੀਆਂ ਦੀ ਮਹਿੰਦੀ 
ਪਾ ਲਿਆ ਸੂਹਾ ਬਾਣਾ 
ਦਿਓ ਅਸੀਸਾਂ 
ਸੱਜਣ ਘਰ ਜਾਣਾ 
ਛੱਡ ਦੇਸ਼ ਪੁਰਾਣਾ। 
2.
ਸੁਣ ਸਖੀਏ 
ਦੱਸ ਕਿਧਰ ਜਾਣਾ 
ਕਿਸ ਹਾਲ ਸੁਣਾਵਾਂ 
ਟੁੱਟੇ ਦਿਲ ਦਾ 
ਕੋਈ ਸੁੱਖ ਸੁਨੇਹਾ 
ਕਿਤਿਓਂ ਨੀ ਮਿਲਦਾ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਜ਼ਿਲ੍ਹਾ :ਹੁਸ਼ਿਆਰਪੁਰ 
ਨੋਟ: ਇਹ ਪੋਸਟ ਹੁਣ ਤੱਕ 214 ਵਾਰ ਪੜ੍ਹੀ ਗਈ।

7 Nov 2015

ਪੱਤ -ਝੜੇ

1.
ਤੇਜ ਹਵਾਵਾਂ 
ਪੱਤ ਪੱਤ ਉੱਡਿਆ 
ਕੋਈ ਦਿਸ਼ਾ ਨਾ।


2.
ਸ਼ਾਖ ਤੋਂ ਟੁੱਟੇ
ਕਹਿਰ ਮੌਸਮ ਦਾ
ਹਵਾ 'ਚ ਉੱਡੇ  ।

3.
ਸੁੱਕੀ ਟਾਹਣੀ
ਲਗਦੀ ਏ ਰੋਗਣ
ਲੱਕ ਤੋਂ ਟੁੱਟੀ ।

4.
ਸਰਦ ਹਵਾ
ਕਰ ਸੁੰਨੇ ਆਲ੍ਹਣੇ
ਲੰਮੀ ਉਡਾਰੀ ।

ਦਿਲਜੋਧ ਸਿੰਘ 
ਯੂ ਐਸ ਏ
ਨੋਟ: ਇਹ ਪੋਸਟ ਹੁਣ ਤੱਕ 47 ਵਾਰ ਪੜ੍ਹੀ ਗਈ।

1 Nov 2015

ਘੜਮੱਸ (ਹਾਇਬਨ) ਡਾ. ਹਰਦੀਪ ਕੌਰ ਸੰਧੂ



ਸੁਣਨ ਲਈ ਫੋਟੋ 'ਤੇ ਬਣੇ ਤੀਰ ਨੂੰ ਕਲਿੱਕ ਕਰੋ -

ਵਿਭਾਗ ਦੇ ਮੁੱਖੀ ਦਾ ਕਮਰਾ ........ਖੁੱਲ੍ਹਾ, ਹਵਾਦਾਰ ਤੇ ਸ਼ਾਂਤ। ਅੱਜ ਪਹਿਲੇ ਹੀ ਦਿਨ ਮੁੱਖੀ ਦੀ ਗੈਰਮੌਜੂਦਗੀ 'ਚ ਮੇਰਾ ਉਸ ਦੇ ਕਮਰੇ 'ਚ ਜਾਣ ਦਾ ਸਬੱਬ ਬਣਿਆ। ਖੁੱਲ੍ਹੀ ਖਿੜਕੀ 'ਚੋਂ ਬਾਹਰ ਝਾਤੀ ਮਾਰਦਿਆਂ ਕਾਦਰ ਦੀ ਬੁਣਤੀ ਦਾ ਅਜਬ ਖਿਲਾਰਾ ਮੇਰੀ ਰੂਹ ਨੂੰ ਤਾਜ਼ਗੀ ਦੇ ਗਿਆ। ਪਰ ਜਿਓਂ ਹੀ ਮੇਰੀ ਘੁੰਮਦੀ ਨਿਗ੍ਹਾ ਉਸ ਦੇ ਮੇਜ਼ 'ਤੇ ਪਈ, ਇਹ ਸਲੀਕੇ ਦੇ ਘਾਣ ਦੀ ਇੱਕ ਕੋਝੀ ਮਿਸਾਲ ਲੱਗੀ। ਮੇਜ਼ 'ਤੇ ਪਿਆ ਖਿਲਾਰਾ ਮੇਰੀ ਸੋਚ ਨੂੰ ਬਿਖੇਰਦਾ ਜਾਪਿਆ। ਹੁਣ ਬਦਹਵਾਸ ਹੋਈ ਹਵਾ 'ਚ ਆਉਂਦੇ ਅਣਸੁਖਾਵੇਂ ਸਾਹਾਂ ਨਾਲ ਮਨ ਅਸ਼ਾਂਤ ਹੋ ਗਿਆ। 
       ਉਸ ਦੇ ਬਦਰੰਗ ਜਿਹੇ ਮੇਜ਼ 'ਤੇ ਸਭ ਕੁਝ ਖਿਲਰਿਆ -ਪੁਲਰਿਆ ਤੇ  ਉਘੜ -ਦੁਘੜਾ ਹੋਇਆ ਪਿਆ ਸੀ। ਲੱਗਦਾ ਸੀ ਕਿ ਉਸ ਨੇ ਕਦੇ ਸਲੀਕੇ ਦੀ ਘੁੱਟ ਤੱਕ ਨਹੀਂ ਭਰ ਕੇ ਦੇਖੀ ਹੋਣੀ। ਮੇਜ਼ 'ਤੇ ਡੁੱਲੀ ਕੌਫ਼ੀ ਨਾਲ ਜੁੜੇ ਖਿਲਰੇ ਵਰਕੇ, ਰਸੀਦਾਂ ,ਇਮਤਿਹਾਨਾਂ ਦੇ ਪਰਚੇ ਤੇ ਖੁੱਲ੍ਹੀਆਂ ਪਈਆਂ ਕਿਤਾਬਾਂ ਤੋਂ ਸਰਕਦੀ ਮੇਰੀ ਨਿਗ੍ਹਾ ਅੱਧ ਖਾਲੀ ਰੁੜੀ ਪਈ ਪਾਣੀ ਵਾਲੀ ਬੋਤਲ, ਟਾਫੀਆਂ ਦੇ ਪੰਨੇ, ਟੁੱਟੇ ਖਾਲੀ ਡੱਬਿਆਂ ਤੋਂ ਹੁੰਦੀ ਹੋਈ ਮੇਜ਼ 'ਤੇ ਪਈਆਂ ਖਿੜਕੀ ਦੀਆਂ ਟੁੱਟੀਆਂ ਪੱਚਰਾਂ  'ਤੇ ਆ ਟਿਕੀ ਸੀ। ਤਿੰਨ -ਚਾਰ ਖਾਲੀ ਚਾਹ ਵਾਲੇ ਕੱਪਾਂ 'ਚ ਪਏ ਟੁੱਟੇ -ਫੁੱਟੇ ਪੈਨ  -ਪੈਨਸਲਾਂ ਕਿਸੇ ਤਰਤੀਬ ਨੂੰ ਉਡੀਕਦੇ ਲੱਗੇ। ਨੱਕੋ -ਨੱਕ ਭਰੇ ਅੱਧ -ਖੁੱਲ੍ਹੇ ਦਰਾਜਾਂ 'ਚੋਂ ਝਾਕਦਾ ਨਿੱਕ -ਸੁੱਕ ਕਿਸੇ ਸੁੱਚਜੇ ਹੱਥਾਂ ਦੀ ਛੋਹ ਨੂੰ ਤਰਸ ਰਿਹਾ ਸੀ। 
        ਏਸ ਬੇਤਰਤੀਬ ਖਿਲਾਰੇ 'ਚੋਂ ਮੈਨੂੰ ਉਸ ਦਾ ਅਕਸ ਹੁਣ ਸਾਫ਼ ਦਿਖਾਈ ਦੇ ਰਿਹਾ ਸੀ। ਕਿਸੇ ਚੀਜ਼ ਨੂੰ ਵਿਵਸਥਿਤ ਕਰਕੇ ਰੱਖਣ ਦਾ ਮੋਹ ਤਾਂ ਸ਼ਾਇਦ ਉਸ ਅੰਦਰ ਕਦੇ ਪਣਪਿਆ ਹੀ ਨਹੀਂ ਹੋਣਾ। ਉਸ ਦਾ ਮੇਜ਼ ਕਿਸੇ ਕਬਾੜਖਾਨੇ ਤੋਂ ਘੱਟ ਨਹੀਂ ਜਾਪਦਾ ਸੀ। ਕਦੇ ਇਹ ਮੈਨੂੰ ਉਸ ਦੇ ਵਿਅਸਤ ਹੋਣ ਦਾ ਵਿਖਾਵਾ ਕਰਨ ਦੀ ਆਦਤ ਦਾ ਪ੍ਰਤੀਕ ਲੱਗੇ ਤੇ ਕਦੇ ਉਸ ਦੇ ਆਪੇ ਅੰਦਰ ਪਏ ਘੜਮੱਸ ਦਾ ਸੂਚਕ। ਮੇਰੀ ਸੋਚ 'ਚ ਉਘੜ ਕੇ ਆਇਆ ਓਸ ਦਾ ਆਪਾ ਉਸ ਦੀ ਅਸਲ ਸ਼ਕਸੀਅਤ ਨਾਲ ਓਦੋਂ ਮੇਲ ਖਾ ਗਿਆ ਜਦੋਂ ਇੱਕ ਸਾਥੀ ਨੇ ਉਸ ਦੇ ਗੁਸੈਲ, ਅੜੀਅਲ, ਰੁੱਖੇ, ਆਪਮਤੇ ਜਿਹੇ ਖੁਦਗਰਜ਼ ਸੁਭਾਅ ਹੋਣ ਦੀ ਹਾਮੀ ਭਰੀ ਸੀ । ਕਹਿੰਦੇ ਨੇ ਕਿ ਕੁਦਰਤ ਦੇ ਸਭਿਆਚਾਰ 'ਚ ਵੀ ਬੇਪਰਵਾਹੀਆਂ, ਬੇਤਾਲ ਤੇ ਘੜਮੱਸ ਦੀ ਕੋਈ ਥਾਂ ਨਹੀਂ ਹੁੰਦੀ। ਤੇ ਫੇਰ ਇਸ ਨਿਰਮੋਹੇ ਜਿਹੇ ਰੂਹ ਦੀ ਲਿਆਕਤ ਦੀ ਥੁੜ ਵਾਲੇ ਵਿਅਕਤੀ ਦਾ ਅਕਸ ਏਹੋ ਜਿਹਾ ਹੀ ਤਾਂ ਹੋਵੇਗਾ। ਮੈਂ ਖੁੱਲ੍ਹੀ ਖਿੜਕੀ 'ਚੋਂ ਇੱਕ ਵਾਰ ਫੇਰ ਬਾਹਰ ਤੱਕਿਆ। ਸੂਰਜ ਦੀ ਮਧੱਮ ਲਾਲੀ 'ਚ ਸ਼ਿੰਗਾਰੇ ਰੁੱਖ ਮੈਨੂੰ ਕਿਸੇ ਸਲੀਕੇ ਤੇ ਜਾਂਚ ਦਾ ਕ੍ਰਿਸ਼ਮਾ ਜਾਪੇ। 
ਸੰਧਿਆ ਵੇਲਾ 
ਲਾਲੀ ਦੀ ਲਿਸ਼ਕੋਰ 
ਸੰਧੂਰੀ ਪੱਤੇ। 

ਡਾ. ਹਰਦੀਪ  ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 125 ਵਾਰ ਪੜ੍ਹੀ ਗਈ।