ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 May 2015

ਜੁਗਨੀਨਾਮਾ - 3. ਬੇਬੇ ਦੀ ਚਿੱਠੀ

 ਸਿਆਲੂ ਰੁੱਤ 'ਚ ਕੱਚੇ ਬਨੇਰਿਆਂ 'ਤੇ ਡੁੱਲਦਾ ਚੜ੍ਹਦੀ ਟਿੱਕੀ ਦਾ ਸੂਹਾ ਚਾਨਣ। ਕੋਸੀ -ਕੋਸੀ ਧੁੱਪ ਸੇਕਦੀ ਬੇਬੇ ਦੇ ਬੋਲਾਂ ਦਾ ਅੰਮ੍ਰਿਤ ਅੱਜ ਇੰਝ ਝਰ ਰਿਹਾ ਸੀ ਜਿਵੇਂ ਨਿੱਤਰਿਆ ਪਾਣੀ ਤ੍ਰਿਹਾਈਆਂ ਫਸਲਾਂ ਨੂੰ ਸਿੰਜ ਰਿਹਾ ਹੋਵੇ। ਬੇਬੇ ਦੇ ਇਹਨਾਂ ਅਣਤੋਲੇ ਬੋਲਾਂ ਨੂੰ ਬੋਚ-ਬੋਚ ਕਾਗਜ਼ ਦੀ ਹਿੱਕ 'ਤੇ ਉਕਰ ਰਹੀ ਸੀ ਜੁਗਨੀ ....'ਬੇਬੇ ਦੇ ਇਲਾਹੀ ਪੈਂਡਿਆਂ ਦਾ ਚਾਨਣ ਖਿਲੇਰਦੀ ਚਿੱਠੀ ਦੇ ਰੂਪ 'ਚ। 
 "ਅੰਤਾਂ ਪਿਆਰੀਓ ਧੀਓ, ਜਿਉਂਦੀਆਂ ਵੱਸਦੀਆਂ ਰਓ। ਰੱਬ ਥੋਨੂੰ ਬਹੁਤਾ ਦੇਵੇ। ਧਰ -ਧਰ ਭੁੱਲੋ। ਹਰਾਨੀ ਤਾਂ ਪੁੱਤ ਥੋਨੂੰ ਬੌਤ ਹੋਊ ਬਈ ਇਹ ਕਿਹੜਾ ਆ ਅਜੇ ਬੀ ਗਏ ਗੁਜਰੇ ਜਮਾਨੇ ਦੀਆਂ ਬਾਤਾਂ ਪਾਈ ਜਾਂਦੈ। ਕੰਪੂਟਰਾਂ ਦੇ ਜਮਾਨੇ 'ਚ ਬੀ ਚਿੱਠੀਆਂ ਪਾਈ ਜਾਂਦੈ। ਪੁੱਤ ਥੋਡਾ ਕੋਈ ਆਵਦਾ ਹੀ ਇਹ ਹੱਕ ਜਤਾ ਸਕਦੈ। ਥੋਡੇ ਨਾਲ ਗੱਲਾਂ ਕਰਨ ਨੂੰ ਤਾਂ ਮੈਂ ਕਦੋਂ ਦੀ ਤਕਾਉਂਦੀ ਸਾਂ, ਬੱਸ ਬਿੰਦ -ਝੱਟ ਕਰਦੀ ਨੂੰ ਆ ਵੇਲਾ ਆ ਗਿਆ।ਚਿੱਠੀ -ਪੱਤਰੀ ਤਾਂ ਪੁੱਤ ਥੋਡੇ ਆ ਚੰਦਰੇ ਫੂਨਾਂ -ਕੰਪੂਟਰਾਂ ਨੇ  ਖਾ ਲੀ।
ਮੈਂ ਸਦਕੇ ਜਾਮਾਂ ਪੁੱਤ ਤਰੱਕੀ ਤਾਂ ਤੁਸੀਂ ਬੌਤ ਕਰਲੀ। ਬੌਤ ਪੜ੍ਹ -ਲਿਖ ਗਈਓਂ। ਬੌਤਾ ਪੜ੍ਹ ਕੇ ਲੱਗਦੈ ਥੋਡਾ ਡਮਾਕ ਚੱਕਿਆ ਗਿਐ। ਡੁੱਬੜੀਆਂ ਨੂੰ ਨਾ ਕੋਈ ਫਿਕਰ -ਨਾ ਫਾਕਾ। ਨਾ ਕੋਈ ਚੜ੍ਹੀ ਦੀ ਨਾ ਲੱਥੀ ਦੀ। ਕਿੰਨੀਆਂ ਅਲਗਰਜ਼ ਹੋ ਗਈ ਓਂ ਨੀ ਤੁਸੀਂ। ਆਵਦੇ ਮਾਂ -ਪਿਓ ਨੂੰ ਬੋਲਣ ਲੱਗੀਆਂ ਅੱਗਾ -ਪਿੱਛਾ ਨੀ ਵੇਂਹਦੀਆਂ। ਚੰਗੇ -ਚੰਗੇ ਘਰਾਂ ਦੀਆਂ ਧੀਆਂ ਐਂ ਲੱਪਰ -ਲੱਪਰ ਜਬਾਨ ਚਲਾਉਂਦੀਆਂ ਨੇ ਆਵਦੀਆਂ ਮਾਂਵਾਂ ਨੂੰ। ... ਅਖੇ ਗੋਲ ਰੋਟੀ ਪਕਾਉਣ ਦੀਆਂ ਨਸੀਹਤਾਂ ਸਾਨੂੰ ਹੀ ਕਿਓਂ ਦਿੰਨੇ ਓਂ , ਮੁੰਡੇ ਕਿਓਂ ਨੀ ਸਿੱਖਦੇ ? ਚੁੱਲ੍ਹਾ -ਚੌਂਕਾ ਤਾਂ ਹੁਣ ਰਿਹਾ ਨੀ ਜਿਹੜਾ ਬਈ ਏਨਾ ਨੇ ਲਿੱਪਣਾ ਆ, ਰੋਟੀ -ਟੁੱਕ ਕਰਦੀਆਂ ਦੀ ਡੁੱਬੜੀਓ ਥੋਡੀ ਜਾਨ ਨਿਕਲਦੀ ਆ। 

ਬੀਰ, ਰੱਬ ਝੂਠ ਨਾ ਬਲਾਵੇ….ਸਾਡੇ ਵੇਲ਼ਿਆਂ ‘ਚ ਕੁੜੀਆਂ ਬੌਤਾ ਨੀ ਸੀ ਪੜ੍ਹਦੀਆਂ। ਬੱਸ ਚਿੱਠੀ-ਚਪਾਠੀ ਲਿਖਣ ਜੋਗਾ ਈ ਜਾਣਦੀਆਂ ਸੀ। ਮੂੰਹ -ਨ੍ਹੇਰੇ ਉੱਠ ਮਾਲ- ਡੰਗਰ ਸਾਂਭਦੀਆਂ…ਧਾਰਾਂ ਕੱਢ…ਦੁੱਧ ਰਿੜਕਦੀਆਂ… ਰੋਟੀ-ਟੁੱਕ ਨਬੇੜ ਖੇਤ ਨੂੰ ਰੋਟੀ ਲੈ ਕੇ ਜਾਂਦੀਆਂ। ਵਿਹਲੇ ਵੇਲ਼ੇ ਚੁੱਲ੍ਹਾ-ਚੌਂਕਾ ਲਿੱਪਦੀਆਂ-ਸੁਆਰਦੀਆਂ। ਬਹੁਤੀਆਂ ਸਚਿਆਰੀਆਂ ਪਰੋਲ਼ਾ ਫੇਰ ਲੈਂਦੀਆਂ…ਕੰਧੋਲ਼ੀ -ਓਟਿਆਂ ‘ਤੇ ਫੁੱਲ-ਬੂਟੇ ਤੇ ਤੋਤੇ ਮੋਰਨੀਆਂ ਛਾਪਦੀਆਂ। ਕੱਢਣਾ-ਕੱਤਣਾ ਹਰ ਕੁੜੀ -ਕੱਤਰੀ ਦਾ ਸ਼ੌਕ ਹੁੰਦਾ। ਦਰੀਆਂ-ਖੇਸ ਬੁਣਦੀਆਂ…ਚਾਦਰਾਂ-ਸਰਾਣੇ ਤੇ ਬਾਗ-ਫੁਲਕਾਰੀਆਂ ਕੱਢਦੀਆਂ। ਪੱਖੀਆਂ-ਬੋਹੀਏ…ਮੰਜੇ-ਪੀੜ੍ਹੀਆਂ ਬੁਣਦੀਆਂ। ਫੇਰ ਪਿੰਡਾਂ ‘ਚ ਜਦੋਂ ਸਿਲਾਈ ਮਸ਼ੀਨਾਂ ਆਗੀਆਂ…ਕੱਪੜੇ ਸਿਊਣਾ ਸਿੱਖੀਆਂ। ਕੋਟੀਆਂ-ਸਵਾਟਰ ਬੁਣਨ ਲੱਗਪੀਆਂ। ਕੁੜੇ ਨੌਂ ਨੀ ਔਂਦਾ..ਓਹ ਗਿੱਠ ਕ ਜਿਹੀ ਸਲ਼ਾਈ ਦਾ….ਆਹੋ ਸੱਚ….ਕਰੋਸ਼ੀਆ …’ਤੇ ਭਾਂਤ-ਸਭਾਂਤੇ ਨਮੂਨੇ ਲਾਹੁਣ ਲੱਗਪੀਆਂ। 


ਪੁੱਤ ਜਮਾਨਾ ਬਦਲ ਗਿਆ..ਮੈਂ ਕਦੋਂ ਮੁੱਕਰਦੀਆਂ। ਕੁੜੇ ਜੈ-ਖਾਣੇ ਦੀ ਕੁਦਰਤ ਤਾਂ ਨੀ ਬਦਲੀ। ਕਈ ਕੰਮ ਕੁਦਰਤੋਂ ਈ ਕੁੜੀਆਂ ਨੂੰ ਸੋਭਦੇ ਆ।ਜੇ ਕੁਦਰਤ ਆਵਦਾ ਨੇਮ ਨੀ ਤੋੜਦੀ ਤਾਂ ਮਾਤੜਾਂ-ਧਮਾਤੜਾਂ ਨੇ ਤੋੜਕੇ ਤਾਂ ਔਖੇ ਹੀ ਹੋਣਾ ਆ। ਨਿਆਣੇ ਤਾਂ ਤੀਮੀਆਂ ਈ ਜੰਮਦੀਆਂ ਨੇ। ਧੁਰੋਂ ਮਿਲ਼ੀ ਦਾਤ ਥੋਨੂੰ “ਮਾਂ” ਬਣਾਉਂਦੀਆ। ਮਾਂ ਦੇ ਰੁੱਤਬੇ ਨੂੰ ਚੰਗੂ ਹੰਢਾਉਣ ਲਈ…ਪੁੱਤ ਕੁੜੀਆਂ-ਕੱਤਰੀਆਂ ਨੂੰ ਕੂਨੀਆਂ -ਸਚਿਆਰੀਆਂ ਬਣਨਾ ਹੀ ਪੈਣਾ।ਹੁਣ ਤਾਂ ਬੱਸ ਇੱਕੋ ਹੀ ਸੰਸਾ ਆ…ਬਈ ਬੱਡੀਆਂ ਪਟਰਾਣੀਆਂ ਡੱਕਾ ਭੰਨ ਕੇ ਦੂਹਰਾ ਕਰਦੀਆਂ ਨੀ …ਸਚਿਆਰੀਆਂ ਇਨ੍ਹਾਂ ਸੁਆਹ ਬਣਨਾ। 
ਲਿਖਤਮ ਬੇਬੇ ਧੰਨ ਕੁਰ। 
 ਗਹਿਰ -ਗੰਭੀਰ ਗੱਲਾਂ ਦਾ ਪੈਂਡਾ ਕਰਦੀ  ਬੇਬੇ ਦੀਆਂ ਅੱਖਾਂ 'ਚ ਰੋਹ ਤੇ ਚਿੰਤਾ ਦੇ ਰਲਵੇਂ ਜਿਹੇ ਭਾਵ ਵੇਖਦਿਆਂ ਜੁਗਨੀ ਦੀ ਚੱਲਦੀ ਕਲਮ ਰੁੱਕ ਗਈ। .........ਉਹ ਹੁਣ ਸੋਚ ਝਨਾਵਾਂ 'ਚ ਗੋਤੇ ਖਾ ਰਹੀ ਸੀ। 

ਖੂਹ ਦੀ ਖੇਲ 

ਖੜ੍ਹਾ ਗੰਧਲਾ ਪਾਣੀ 
ਪਿਆਸਾ ਰਾਹੀ। 

ਡਾ. ਹਰਦੀਪ ਕੌਰ ਸੰਧੂ 


(ਜੁਗਨੀਨਾਮਾ ਦੀ ਪਿਛਲੀ ਲੜੀ ਜੋੜਨ ਲਈ ਇੱਥੇ ਕਲਿੱਕ ਕਰੋ


ਨੋਟ: ਇਹ ਪੋਸਟ ਹੁਣ ਤੱਕ 60 ਵਾਰ ਪੜ੍ਹੀ ਗਈ।

27 May 2015

ਚੀਸ ਕਲੇਜੇ (ਚੋਕਾ)

ਇੱਕ ਸੋਚ ਸੀ 
ਮੈਨੂੰ ਜੋ ਕਹਿ ਗਈ 
ਮੇਰੀ ਮੰਜ਼ਿਲ
ਪਿੱਛੇ ਹੀ ਰਹਿ ਗਈ
ਸੁੱਕਾ ਹੈ ਰੁੱਖ 
ਮਾਰੂਥਲ 'ਨ੍ਹੇਰੀਆਂ 
ਹੁਣ ਤਾਂ ਜਾਨ 
ਲੱਬਾਂ 'ਤੇ ਬਹਿ ਗਈ 
ਦੁੱਖ ਦਰਦ 
ਵੰਡਾਓਣ ਵਾਲਿਆ 
ਓਏ ਕਿੱਥੇ ਤੂੰ 
ਇੱਕ ਚੀਸ ਕਲੇਜੇ 
ਹਾਂ, ਰਹਿ ਗਈ 
ਵੇਖ ਆਸਾਂ ਦੀ ਲਾਟ 
 ਓ 'ਦਿਲਜਲੀ' 
ਗਮ ਖਾਰ ਬਣ ਕੇ 
ਧੁਰ ਅੰਦਰ 
ਕਿਤੇ ਜੋ ਲਹਿ ਗਈ 
ਆਪਣੀ ਅੱਗ 
ਹੁਣ ਆਪ ਸੇਕ ਤੂੰ 
ਤੇਰੇ ਅੰਦਰ 
ਭਾਵੇਂ ਭੁੱਬਲ ਬਾਕੀ 
ਦੱਬੀ ਹੀ ਰਹਿ ਗਈ। 

ਇੰ :ਜੋਗਿੰਦਰ ਸਿੰਘ 'ਥਿੰਦ'
(ਸਿਡਨੀ)
ਨੋਟ: ਇਹ ਪੋਸਟ ਹੁਣ ਤੱਕ 27 ਵਾਰ ਪੜ੍ਹੀ ਗਈ।

21 May 2015

ਬੂਹੇ ਜੰਦਰਾ




ਕਮਲਾ ਘਟਾਔਰਾ 
(ਯੂ ਕੇ.)    
ਨੋਟ: ਇਹ ਪੋਸਟ ਹੁਣ ਤੱਕ 102 ਵਾਰ ਪੜ੍ਹੀ ਗਈ।

19 May 2015

ਮਾਂ ਦਾ ਜਨਮ

1.
ਲੇਬਰ ਰੂਮ 
ਇੱਕ ਬੱਚੇ ਦੀ ਚੀਕ 
ਮਾਂ ਦਾ ਜਨਮ ।



2.
ਮੁੰਡਾ ਕਿ ਕੁੜੀ 
ਮਾਂ ਪਈ ਕੁਰਲਾਵੇ 
ਪੀੜ ਦਾ ਲਿੰਗ  ।


ਦਿਲਜੋਧ ਸਿੰਘ
(ਯੂ. ਐਸ. ਏ.)

 ਨੋਟ: ਇਹ ਪੋਸਟ ਹੁਣ ਤੱਕ 30 ਵਾਰ ਪੜ੍ਹੀ ਗਈ।

17 May 2015

ਅਦਿੱਖ ਪੀੜ

ਉਸ ਦਾ ਸਰੀਰ ਅੱਜ ਟੁੱਟ ਰਿਹਾ ਸੀ......ਤਨ ਦਾ ਦਰਦ ਅੱਖਾਂ ਰਾਹੀਂ ਵਹਿ ਰਿਹਾ ਸੀ। ਇਓਂ ਲੱਗਦਾ ਸੀ ਜਿਵੇਂ ਉਹਨਾਂ ਅੱਖਾਂ 'ਚ ਸੂਰਜ ਡੁੱਬ ਗਿਆ ਹੋਵੇ।  ਪਰ ਉਹ ਖਾਮੋਸ਼ ਮੰਜੇ 'ਤੇ ਪਈ ਅਥਾਹ ਜੰਮਣ ਪੀੜਾਂ ਸਹਿ ਰਹੀ ਸੀ। ਬਰਦਾਸ਼ਤ ਚਾਹੇ ਜਵਾਬ ਦੇ ਚੁੱਕੀ ਸੀ ਪਰ ਪਤਾ ਨਹੀਂ ਫਿਰ ਵੀ ਕਿਵੇਂ ਉਹ ਬਿਨ-ਆਵਾਜ਼ ਕੀਤਿਆਂ ਪੀੜਾਂ ਨਾਲ ਜੂਝ ਰਹੀ ਸੀ। ਕੋਲ਼ ਬੈਠੀ ਉਸ ਦੀ ਮਾਂ ਨੇ ਡਾਕਟਰ ਨੂੰ ਬੁਲਾ ਕੇ ਇੱਕ ਵਾਰ ਉਸ ਦਾ ਚੈਕਅਪ ਕਰਨ ਲਈ ਅਰਜ਼ ਕੀਤੀ। ਤਸੱਲੀ ਦੇ ਰਹੀ ਡਾਕਟਰ ਨੇ ਕਿਹਾ, "ਅਜੇ ਬਹੁਤ ਸਮਾਂ ਹੈ ਬੱਚੇ ਦੇ ਜਨਮ 'ਚ ..... ਏਥੇ ਤਾਂ ਚੀਖਾਂ ਵੱਜਦੀਆਂ ਨੇ, ਇਸ ਦੀਆਂ ਇਹ ਪੀੜਾਂ ਤਾਂ ਅਜੇ ਕੁਝ ਵੀ ਨਹੀਂ ਹਨ।" 
               ............ਪਰ ਉਹ ਦਰਦਾਂ ਨਾਲ ਹਾਲੋਂ -ਬੇਹਾਲ ਹੋਈ ਪਈ ਸੀ। ਉਸ ਦੀ ਤਾਂ ਜਿਵੇਂ ਜਾਨ ਨਿਕਲ ਰਹੀ ਸੀ ਪਰ ਜਦੋਂ ਵੀ ਉਸ ਦੇ ਦਰਦ ਉੱਠਦਾ ਉਹ ਬੁੱਲ੍ਹਾਂ ਨੂੰ ਚਿੱਥਦੀ, ਆਕੜਾਂ ਭੰਨਦੀ ਅੰਦਰੋਂ -ਅੰਦਰੀਂ ਹੀ ਘੁੱਟ ਲੈਂਦੀ ਸੀ। ਜ਼ਿਹਨ ਦੀ ਗੁੰਝਲਾਈ ਜ਼ੁਲਫ਼ ਨੂੰ ਕੰਘੀ ਕਰਦੀ ਉਹ ਇਸ ਔਖੇ ਵਕਤ ਦੇ ਖਤਮ ਹੋਣ ਦੀ ਉਡੀਕ ਕਰ ਰਹੀ ਸੀ। ਮਾਂ ਤੋਂ ਉਸ ਦਾ ਦਰਦ ਝੱਲਿਆ ਨਹੀਂ ਜਾ ਰਿਹਾ ਸੀ। ਮਾਂ ਨੇ  ਫਿਰ ਡਾਕਟਰ ਨੂੰ ਕਿਹਾ," ਮੈਂ ਆਪ ਵਾਂਗ ਡਾਕਟਰ ਤਾਂ ਨਹੀਂ ਹਾਂ ਜੋ ਜਾਂਚ ਕਰਕੇ ਦੇਖ ਸਕਾਂ ....ਪਰ ਇਸ ਦੀ ਮਾਂ ਜ਼ਰੂਰ ਹਾਂ .....  ਮੇਰੀ ਧੀ ਦੀ ਅਸਹਿ ਤੇ ਅਕਹਿ ਪੀੜਾ ਮੈਨੂੰ ਦਿਖਾਈ ਦੇ ਰਹੀ ਹੈ .....ਉਸ ਦੇ ਚਿਹਰੇ ਪਸਰੀ ਅਦਿੱਖ ਪੀੜ ਮੈਨੂੰ ਆਪਣੇ ਪੋਰ -ਪੋਰ 'ਚ ਮਹਿਸੂਸ ਹੋ ਰਹੀ ਹੈ .....ਮੇਰੀ ਧੀ ਬਹੁਤ ਪੀੜਾ 'ਚ ਹੈ....ਉਸ ਨੂੰ ਅੰਦਰ ਲੈ ਜਾਓ।" 
              ਡਾਕਟਰ ਅਣਮੰਨੇ ਜਿਹੇ ਮਨ ਨਾਲ ਉਸ ਨੂੰ ਲੇਬਰ ਰੂਮ 'ਚ ਲੈ ਗਈ ....... ਤੇ ਅਗਲੇ ਕੁਝ ਪਲਾਂ ਬਾਦ ਹੀ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦੇਣ ਲੱਗੀ। ਸੋਹਣਾ ਲੜਕਾ ਹੋਇਆ ਸੀ ... ਸਾਰੇ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਸਨ। ਮਾਂ ਡਾਕਟਰ ਤੋਂ ਆਪਣੀ ਧੀ ਦਾ ਹਾਲ ਪੁੱਛਦੀ ਉਸ ਦੇ ਸਿਹਤ ਅਫ਼ਜ਼ਾ ਹੋਣ ਦੀ ਦੁਆ ਕਰ ਰਹੀ ਸੀ। 

ਲੇਬਰ ਰੂਮ -
ਪੀੜਾਂ 'ਚ ਕੁਰਲਾਏ 
ਅੱਖਾਂ ਪੂੰਝੇ ਮਾਂ ।  

ਡਾ.ਹਰਦੀਪ ਕੌਰ ਸੰਧੂ  

ਨੋਟ: ਇਹ ਪੋਸਟ ਹੁਣ ਤੱਕ 70 ਵਾਰ ਪੜ੍ਹੀ ਗਈ। 

15 May 2015

ਰੌਣਕ ਮੇਲੇ

1.
ਪਈਆਂ ਪੀਘਾਂ
ਨਾਰਾਂ ਪੇਕੇ ਆਈਆਂ
ਝੂਟਣ ਪੀਘਾਂ । 

2.
ਪਿੱਪਲਾਂ ਥੱਲੇ
ਮੁੰਡੀਰ ਤਾਸ਼ ਖੇਡੇ 
ਰੌਣਕ ਮੇਲੇ। 

ਕਸ਼ਮੀਰੀ ਲਾਲ ਚਾਵਲਾ 
(ਮੁਕਤਸਰ) 
ਨੋਟ: ਇਹ ਪੋਸਟ ਹੁਣ ਤੱਕ 33 ਵਾਰ ਪੜ੍ਹੀ ਗਈ। 

13 May 2015

ਹੀਰ ਦੀ ਕਲੀ

1.

ਪਿੱਪਲ ਛਾਵੇਂ 
ਪਿੰਡ ਦੇ ਬਜੁਰਗ 
ਹੀਰ ਦੀ ਕਲੀ । 

2.

ਪਿੱਪਲ ਥੱਲੇ  
ਦਿਓਰ ਭਰਜਾਈ 
ਕਰਦੇ ਗੱਲਾਂ । 

3.

ਛੜਾ  ਅਮਲੀ 
ਪਿੱਪਲ 'ਤੇ ਚੜਿਆ 
ਨਾਨਕਾ ਮੇਲ । 


ਹਰਜਿੰਦਰ ਢੀਂਡਸਾ 
(ਕੈਨਬਰਾ)

ਨੋਟ: ਇਹ ਪੋਸਟ ਹੁਣ ਤੱਕ 29 ਵਾਰ ਪੜ੍ਹੀ ਗਈ। 

11 May 2015

ਬਲਦੀ ਚਿਤਾ (ਹਾਇਬਨ)

ਸਕੂਲ ਦੀਆਂ ਛੁੱਟੀਆਂ 'ਚ ਅਸੀਂ ਪਿੰਡ ਜਾਂਦੇ। ਉੱਥੇ ਮੇਰੀਆਂ ਦੋ ਸਹੇਲੀਆਂ ਵੀ ਬਣ ਗਈਆਂ ਸਨ। ਬਹੁਤ ਹੀ ਮਿਲਣਸਾਰ, ਹੱਸ ਮੁੱਖ, ਦਰਿਆ ਦਿਲ ਤੇ ਘਿਓ ਮੱਖਣਾ ਨਾਲ ਪਲੀਆਂ। ਬਹੁਤ ਪਿਆਰੀਆਂ .......ਉਹਨਾਂ ਨੂੰ ਦੇਖ ਕੇ ਮਨ ਖੁਸ਼ ਹੋ ਜਾਂਦਾ। ਸਾਡੇ ਘਰ ਆਉਂਦੀਆਂ ਤਾਂ ਰੌਣਕ ਲੱਗ ਜਾਂਦੀ। ਆਪਣੀਆਂ ਮਨ -ਲੁਭਾਉਣ ਵਾਲੀਆਂ ਗੱਲਾਂ ਨਾਲ ਬਹੁਤ ਹਸਾਉਂਦੀਆਂ, ਮਨ ਮੋਹ ਲੈਂਦੀਆਂ ਉਹ। ਜਦੋਂ ਵੀ ਉਹਨਾਂ ਮਿਲਣ ਆਉਣਾ .....ਖੇਤਾਂ ਦੀਆਂ ਤਾਜ਼ੀਆਂ ਸੁਗਾਤਾਂ ਨਾਲ ਹੁੰਦੀਆਂ। 
ਇਸ ਵਾਰ ਕਾਫੀ ਦੇਰ ਬਾਅਦ ਜਦ ਮੈਂ ਦੁਬਾਰਾ ਪਿੰਡ ਗਈ ਤਾਂ ਪਤਾ ਲੱਗਾ ਕਿ ਦੋਹਾਂ ਦਾ ਵਿਆਹ ਹੋ ਚੁੱਕਾ ਹੈ। ਮਨ ਉਦਾਸ ਹੋ ਗਿਆ। ਪਰ ਜਦੋਂ ਇਹ ਸੁਣਿਆ ਕਿ ਦੋਹਾਂ 'ਚੋਂ ਛੋਟੀ ਭੈਣ ਤਾਂ ਦੁਨੀਆਂ ਤੋਂ ਹੀ ਵਿਦਾ ਹੋ ਗਈ ਹੈ.........ਬਹੁਤ ਦੁੱਖ ਹੋਇਆ। ਅੱਖਾਂ ਭਰ ਆਈਆਂ ........ਵਿਆਹ ਤੋਂ ਬਾਦ ਤਾਂ ਸਹੇਲੀਆਂ ਦਾ ਕਦੇ ਨਾ ਕਦੇ ਮਿਲਣ ਹੋ ਸਕਦਾ ਹੈ ...ਪਰ ਜੋ ਦੁਨੀਆਂ ਤੋਂ ਹੀ ਚਲਾ ਜਾਵੇ ਉਹ ਫਿਰ ਕਦੋਂ ਮਿਲਦਾ ਹੈ ?
ਲੇਕਿਨ ਇਸ ਤੋਂ ਵੀ ਜ਼ਿਆਦਾ ਦੁੱਖ ਦੀ ਗੱਲ ਓਹ ਸੀ ਜੋ ਉਸ ਦੇ ਦਾਹ -ਸੰਸਕਾਰ ਵੇਲ਼ੇ ਹਾਜ਼ਰ ਪਿੰਡ ਦੀਆਂ ਔਰਤਾਂ ਨੇ ਸੁਣਾਈ। ਮਰਨ ਵੇਲੇ ਉਹ ਗਰਭਵਤੀ ਸੀ। ਮੌਤ ਦਾ ਕਾਰਣ ਜਾਨਣਾ ਉਸ ਉਮਰ 'ਚ ਬੱਚਿਆਂ ਦੇ ਜਾਨਣ ਦਾ ਵਿਸ਼ਾ ਨਹੀਂ ਸੀ। ਪਿੰਡਾਂ 'ਚ ਅਜਿਹੀ ਸਹੂਲਤ ਹੀ ਕਿੱਥੇ ਸੀ ਕਿ ਉਸ ਦਾ ਚੈਕਅਪ ਹੁੰਦਾ .........ਦਾਈਆਂ ਹੀ ਬੱਚਿਆਂ ਦੇ ਜਨਮ ਕਰਾਉਂਦੀਆਂ। ਉਸ ਦੀ ਕੁੱਖ 'ਚ ਪਲ ਰਿਹਾ ਬੱਚਾ ਬਲਦੀ ਚਿਤਾ 'ਚੋਂ ਭੁੜਕ ਕੇ ਬਾਹਰ ਜਾ ਡਿੱਗਾ .......ਸ਼ਾਇਦ ਉਹ ਜਿਓਂਦਾ ਸੀ। ਇਹ ਸੁਣ ਕੇ ਮੇਰਾ ਮਨ ਕੁਰਲਾ ਉੱਠਿਆ।

ਬਲਦੀ ਚਿਤਾ
ਦਾਣੇ ਵਾਂਗ ਭੁੱਜਦੀ
ਉੱਛਲੀ ਜਿੰਦ।

ਕਮਲਾ ਘਟਾਔਰਾ 
(ਯੂ. ਕੇ.)

 ਨੋਟ: ਇਹ ਪੋਸਟ ਹੁਣ ਤੱਕ 65 ਵਾਰ ਪੜ੍ਹੀ ਗਈ।

10 May 2015

ਮਾਂ ਦਿਵਸ


ਮੋਹ ਪਾਕੀਜ਼ਾ 
ਨਿੱਕੇ ਹੱਥੀਂ ਖੁਆਵੇ 
ਮਾਂ ਨੂੰ ਪਹਿਲਾਂ । 
ਡਾ .ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 27 ਵਾਰ ਪੜ੍ਹੀ ਗਈ।

9 May 2015

ਭਿਖਾਰੀ ਦਾ ਕਾਸਾ (ਹਾਇਬਨ)*

ਭੀੜ -ਭੜਕੇ ਵਾਲੇ ਨਿਊਯਾਰਕ ਸ਼ਹਿਰ ਦੀ ਸੜਕ 'ਤੇ ਚੱਲਦਿਆਂ ਉਸ ਨੇ ਭਿਖਾਰੀ ਦੇ ਕਾਸੇ 'ਚ ਕੁਝ ਸਿੱਕੇ ਪਾਏ ਤੇ ਆਪਣੇ ਰਾਹ ਤੁਰਦੀ ਬਣੀ। ਪੈਸੇ ਪਾਉਂਦਿਆਂ ਉਸ ਦੀ ਮੰਗਣੀ ਦੀ ਕੀਮਤੀ ਮੁੰਦਰੀ ਵੀ ਕਾਸੇ 'ਚ ਡਿੱਗ ਪਈ ਸੀ। ਪਰ ਉਹ ਇਸ ਗੱਲ ਤੋਂ ਅਣਜਾਣ ਸੀ। ਕੁਝ ਦੇਰ ਮਗਰੋਂ ਜਦੋਂ ਭਿਖਾਰੀ ਨੇ ਇਹ ਮੁੰਦਰੀ ਦੇਖੀ ਤਾਂ ਹੈਰਾਨ ਰਹਿ ਗਿਆ। ਅਗਲੇ ਹੀ ਪਲ ਉਸ ਦੀ ਸਮਝ 'ਚ ਸਭ ਕੁਝ ਆ ਗਿਆ। ਇਹ ਅਨਮੋਲ ਸੁਗਾਤ ਵਾਪਸ ਕਰਨ ਲਈ ਉਹ ਉਸ ਮੁੰਦਰੀ ਵਾਲੀ ਦੀ ਭਾਲ ਕਰਨ ਲੱਗਾ। ਪਰ ਉਹ ਕੁੜੀ ਕਿਧਰੇ ਨਜ਼ਰੀਂ ਨਹੀਂ ਆਈ। ਉਸ ਭਿਖਾਰੀ ਨੇ ਕੀਮਤੀ ਮੁੰਦਰੀ ਸੰਭਾਲ ਕੇ ਰੱਖ ਲਈ। 
        ਅਗਲੇ ਦਿਨ ਉਹ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਉਸੇ ਥਾਂ ਆ ਬੈਠਾ ਤੇ ਉਸ ਕੁੜੀ ਦੀ ਉਡੀਕ ਕਰਨ ਲੱਗਾ। ਸਾਰਾ ਦਿਨ ਉਸ ਨੂੰ ਉਡੀਕਦਾ ਰਿਹਾ ਪਰ ਉਹ ਨਾ ਮਿਲੀ। ਸ਼ਾਮ ਢਲੇ ਅਚਾਨਕ ਉਹ ਕੁੜੀ ਉਸ ਵੱਲ ਆਉਂਦੀ ਨਜ਼ਰ ਪਈ। ਉਸ ਨੂੰ ਰੋਕਣ ਲਈ ਉਸ ਨੇ ਆਪਣਾ ਕਟੋਰਾ ਉਸ ਵੱਲ ਵਧਾਇਆ। ਉਹ ਰੁਕੀ ਤੇ ਸਿੱਕੇ ਪਾਉਣ ਲਈ ਜਦੋਂ ਉਸ ਆਪਣਾ ਹੱਥ ਕਾਸੇ ਵੱਲ ਵਧਾਇਆ ਤਾਂ ਭਿਖਾਰੀ ਨੇ ਝੱਟ ਕੀਮਤੀ ਮੁੰਦਰੀ ਉਸ ਨੂੰ ਫੜਾ ਦਿੱਤੀ।ਮੁੰਦਰੀ ਵੇਖਦਿਆਂ ਉਸ ਦੀ ਖਿੜੀ ਮੁਸਕਾਨ ਨੇ ਚੁਫ਼ੇਰਾ ਭਰ ਦਿੱਤਾ ਸੀ। ਉਸ ਕੁੜੀ ਨੇ ਭਿਖਾਰੀ ਨੂੰ ਮੁੰਦਰੀ ਬਦਲੇ ਕੁਝ ਇਨਾਮ ਦੇਣਾ ਚਾਹਿਆ ਪਰ ਉਸ ਨੇ ਨਿਮਰਤਾ ਨਾਲ ਇਹ ਪੇਸ਼ਕਸ਼ ਠੁਕਰਾ ਦਿੱਤੀ। ਭਿਖਾਰੀ ਦੀਆਂ ਅੱਖਾਂ 'ਚ ਇੱਕ ਅਨੋਖੀ ਚਮਕ ਸੀ ਤੇ ਚਿਹਰੇ 'ਤੇ ਆਤਮਿਕ ਸਕੂਨ ।

ਹਵਾ ਬਸੰਤੀ  -
ਭਿਖਾਰੀ ਦੇ ਕਾਸੇ 'ਚ 
ਫੁੱਲ ਸੰਧੂਰੀ। 

ਡਾ. ਹਰਦੀਪ ਕੌਰ ਸੰਧੂ 

ਨੋਟ: ਇਹ ਪੋਸਟ ਹੁਣ ਤੱਕ 35 ਵਾਰ ਪੜ੍ਹੀ ਗਈ। 
* ਇੱਕ ਸੱਚੀ ਘਟਨਾ 

6 May 2015

ਆਲ੍ਹਣਾ (ਹਾਇਬਨ )

1947 ਦੀ ਵੰਡ ਤੋਂ ਬਾਦ  ਸਾਡੇ ਟੱਬਰ ਨੇ ਮੁਸਲਮਾਨਾਂ ਦੇ ਛੱਡੇ ਘਰ ਵਿੱਚ ਜਦ ਤੋਂ ਰਹਿਣਾ ਸ਼ੁਰੂ ਕੀਤਾ, ਇੱਕ ਚਿੜੀਆਂ ਦੇ ਜੋੜੇ ਨੇ ਵੀ ਪਸਾਰ (ਸੂਫ਼ਾ ਜਾਂ ਵੱਡਾ ਕਮਰਾ) ਦੇ ਛਤੀਰ ਵਿੱਚ ਆਲ੍ਹਣਾ ਬਣਾ ਲਿਆ ਅਤੇ ਨਾਲ ਹੀ ਰਹਿਣਾ ਸ਼ੁਰੂ ਕਰ ਦਿੱਤਾ । ਚਿੜੀਆਂ ਦਾ ਖਾਨਦਾਨ ਵੀ ਚੱਲਦਾ  ਗਿਆ ਅਤੇ ਅਸੀਂ ਘਰ ਦੇ ਬੱਚੇ  ਸਮੇਂ  ਨਾਲ  ਵੱਡੇ ਹੁੰਦੇ ਗਏ।ਇਸ ਸਮੇਂ ਦੌਰਾਨ ਚਿੜੀਆਂ ਦੀਆਂ ਕਈ ਪੀੜ੍ਹੀਆਂ  ਉਸ ਆਲ੍ਹਣੇ ਵਿੱਚ ਰਹਿਦੀਆਂ ਗਈਆਂ ਅਤੇ ਘਰ ਦੇ ਬਾਲ ਵੀ ਵੱਡੇ ਹੋ ਕੇ ਉਡਾਰੀਆਂ ਮਾਰ ਗਏ। ਮਾਂ- ਬਾਪ ਨੂੰ ਘਰ ਨਾਲ ਮੋਹ ਸੀ ,ਉਹ ਘਰ ਛੱਡ ਕੇ ਕਿਸੇ ਬੱਚੇ ਕੋਲ ਨਹੀਂ ਗਏ ।ਚਿੜੀਆਂ ਦਾ ਆਲ੍ਹਣਾ  ਵੀ ਆਪਣੀ ਜਗ੍ਹਾ ਕਾਇਮ ਰਿਹਾ । ਸਮੇਂ ਨੇ ਆਪਣਾ ਰੰਗ ਦਿਖਾਇਆ।ਪਹਿਲਾਂ  ਪਿਤਾ ਜੀ ਦੁਨੀਆਂ  ਤੋਂ ਗਏ ਅਤੇ ਕੁਝ ਸਾਲ ਬਾਦ ਮਾਤਾ ਜੀ ਵੀ ਉਮਰ ਪੂਰੀ ਕਰ ਗਏ । ਹੁਣ ਘਰ ਨੂੰ ਜੰਦਰਾ  ਲਾਉਣ ਦਾ ਵਕਤ ਆ ਗਿਆ ।ਪਸਾਰ ਨੂੰ ਵੀ ਬਾਹਰੋਂ ਜੰਦਰਾ ਲਾਉਣਾ ਸੀ ਅਤੇ ਚਿੜੀਆਂ ਨੂੰ ਵੀ ਹੁਣ ਘਰੋਂ - ਬੇਘਰ ਕਰਨਾ  ਸੀ । ਚਿੜੀਆਂ  ਪਸਾਰ ਨੂੰ ਛੱਡਣ ਲਈ ਤਿਆਰ ਹੀ ਨਹੀਂ ਸਨ  । ਝਾੜੂ ਅਤੇ
ਸੋਟੀਆਂ ਨਾਲ  ਕਈ ਜਣੇ ਉਹਨਾ ਨੂੰ ਕਮਰੇ 'ਚੋਂ  ਬਾਹਰ  ਕੱਢਣ ਲੱਗ ਗਏ ਪਰ ਚਿੜੀਆਂ  ਦਾ ਜੋੜਾ ਉੱਡ -ਉੱਡ ਕਦੇ ਇੱਕ ਜਗ੍ਹਾ ਬੈਠ ਜਾਏ ਕਦੇ ਦੂਸਰੀ ਜਗ੍ਹਾ  ਛੁਪ ਜਾਏ  ।
        ਅਖੀਰ ਚਿੜੀਆਂ ਦਾ ਜੋੜਾ ਹਾਰ ਗਿਆ ਅਤੇ ਵਕਤ ਦੇ ਦੁਖਾਂਤ ਨੂੰ ਸਮਝਦਾ, ਉੱਡ ਕੇ ਪਸਾਰ ਤੋਂ ਬਾਹਰ ਹੋ ਗਿਆ ਅਤੇ ਚੂੰ- ਚੂੰ ਕਰਦਾ ਸਾਹਮਣੇ ਬਨ੍ਹੇਰੇ 'ਤੇ ਜਾ ਬੈਠਾ  । ਪਸਾਰ ਨੂੰ ਕੁੰਡਾ ਲਾ ਕੇ ਜੰਦਰਾ ਲੱਗ ਗਿਆ  । ਜੰਦਰਾ ਲਾ ਕੇ ਜਦੋਂ ਅਸੀਂ ਬਾਹਰ ਦੇ ਦਰਵਾਜ਼ੇ ਵੱਲ ਤੁਰੇ ਤਾਂ ਦੇਖਿਆ ਕਿ ਚਿੜੀ -ਚਿੜਾ ਉੱਡ ਕੇ , ਜੰਦਰੇ ਲੱਗੇ ਕੁੰਡੇ 'ਤੇ ਬੈਠ ਗਏ  ਅਤੇ ਕੁੰਡੇ ਨੂੰ ਚੁੰਝਾਂ ਮਾਰਨ ਲੱਗੇ  । ਪਰ ਸਮਾਂ ਆਪਣੀ ਖੇਡ , ਖੇਡ ਚੁੱਕਾ ਸੀ |


ਬੂਹੇ ਜੰਦਰਾ
ਚਿੜੀ-ਚਿੜਾ ਬਾਹਰ
ਇੱਕ ਉਜਾੜਾ ।

ਦਿਲਜੋਧ ਸਿੰਘ 
(ਯੂ.ਐਸ. ਏ.)
ਨੋਟ: ਇਹ ਪੋਸਟ ਹੁਣ ਤੱਕ 32 ਵਾਰ ਪੜ੍ਹੀ ਗਈ। 

4 May 2015

ਤ੍ਰਿੰਝਣਾਂ ਦੀ ਗੱਲ

ਅੱਜ ਸਾਡੇ ਨਾਲ ਇੱਕ ਹੋਰ ਨਾਂ ਆ ਜੁੜਿਆ ਹੈ -ਕਮਲਾ ਘਟਾਔਰਾ  । ਆਪ ਦਾ ਜਨਮ ਵੰਡ ਤੋਂ ਪਹਿਲਾਂ ਦੇ ਪੰਜਾਬ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਪੈਂਦੇ ਇੱਕ ਪਿੰਡ ਮਹਿਮੂਦਪੁਰ ਦਾ ਹੈ । ਫਿਰ ਫ਼ਿਲੌਰ ਰਹਿੰਦਿਆਂ ਆਪ ਪੰਜਵੀਂ ਜਮਾਤ ਤੱਕ ਪੜ੍ਹੇ ਫਿਰ ਕਲੱਕਤਾ ਆ ਗਏ। ਆਪ ਨੇ ਮੈਟ੍ਰਿਕ ਤੱਕ ਸਿੱਖਿਆ ਪ੍ਰਾਪਤ ਕੀਤੀ। ਪਹਿਲਾਂ ਪੱਛਮੀ ਬੰਗਾਲ ਤੇ ਹੁਣ ਯੂ. ਕੇ. 'ਚ ਨਿਵਾਸ। ਘਰੇਲੂ ਗ੍ਰਹਿਣੀ ਪਰ ਪੜ੍ਹਨ -ਲਿਖਣ ਦਾ ਸ਼ੌਕ। ਆਪ ਨੇ ਮੇਰੇ ਬਲਾਗ 'ਪੰਜਾਬੀ ਵਿਹੜਾ' ਤੋਂ ਪ੍ਰੇਰਿਤ ਹੋ ਕੇ ਸਾਹਿਤ ਨਾਲ ਸਾਂਝ ਪਾਈ ਹੈ। ਆਪ ਨੂੰ ਬੂੰਦ 'ਚ ਸਾਗਰ ਭਰਨ ਵਾਲੀ ਹਾਇਕੁ ਵਿਧਾ ਨੇ ਵੀ ਪ੍ਰਭਾਵਿਤ ਕੀਤਾ ਹੈ। ਜੀਵਨ ਦੇ ਅੰਤਿਮ ਪੜਾਅ 'ਚ ਪੰਜਾਬੀ ਤੇ ਹਿੰਦੀ ਸਾਹਿਤ ਚ ਯੋਗਦਾਨ ਪਾਉਣ ਦੀ ਇੱਛਾ ਹੈ।
ਮੈਂ ਆਪ ਜੀ ਦਾ ਤਹਿ ਦਿਲੋਂ ਸੁਆਗਤ ਕਰਦੀ ਹਾਂ ਤੇ ਆਪ ਦਾ ਹਾਇਬਨ ਹਾਇਕੁ -ਲੋਕ ਦੇ ਪਾਠਕਾਂ ਨਾਲ ਸਾਂਝਾ ਕਰਨ ਦੀ ਖੁਸ਼ੀ ਲੈ ਰਹੀ ਹਾਂ।


*******************************************************************************************

ਤ੍ਰਿੰਝਣਾਂ ਦੀ ਗੱਲ

ਇੱਕ ਦਿਨ ਹਰਦੀਪ ਸੰਧੂ ਦਾ ਤ੍ਰਿੰਝਣ ਪੜ੍ਹਿਆ, ਦੋਬਾਰਾ ਮਿਲਿਆ ਹੀ ਨਹੀ। ਲਿੰਕ ਭੁੱਲ ਗਈ ਸਾਂ, ਲੇਕਿਨ ਮੇਰੀਆਂ ਯਾਦਾਂ ਨਾਲ ਅਜਿਹਾ ਲਿੰਕ ਜੁੜਿਆ ਕਿ ਅਤੀਤ ਦਾ ਇੱਕ -ਇੱਕ ਪੰਨਾ ਬਾਹਰ ਆਉਣ ਲਈ ਮਚਲਣ ਲੱਗਾ। ਵਾਹ ਕੀ ਚੀਜ਼ ਹੈ ਦਿਮਾਗ ਵੀ। ਇਸੇ ਨਾਲ ਵਿਗਿਆਨੀਆਂ ਨੇ ਕੰਮਪਿਊਟਰ ਦੀ ਖੋਜ ਕੀਤੀ ਹੋਵੇਗੀ ਜਿਸ ਨੇ ਇਨਸਾਨਾਂ ਨੂੰ ਦੁਨੀਆਂ ਨਾਲ ਜੋੜ ਦਿੱਤਾ। ਘਰ ਬੈਠੇ ਅਸੀਂ ਕਿਤੇ ਵੀ ਗੱਲ ਕਰ ਸਕਦੇ ਹਾਂ।
ਗੱਲ ਤ੍ਰਿੰਝਣਾਂ ਦੀ ਸੀ ......ਮੇਰੀਆਂ ਯਾਦਾਂ ਦੀ। ਛੁੱਟੀਆਂ 'ਚ ਜਦ ਵੀ ਪਿੰਡ ਜਾਂਦੇ ਤਾਂ ਤ੍ਰਿੰਝਣਾਂ ਦੇ ਨਜ਼ਾਰਿਆਂ ਨੂੰ ਮਾਣਦੇ। ਹਮ-ਉਮਰ ਕੁੜੀਆਂ ਮਿਲ ਕੇ ਕਿਸੇ ਇੱਕ ਘਰ ਦੇ ਦਲਾਨ 'ਚ ਦੀਵੇ ਦੀ ਲੌਅ 'ਚ ਚਰਖਾ ਕੱਤਦੀਆਂ। ਹੱਸਦੀਆਂ -ਗਾਉਂਦੀਆਂ ਮਨ ਪ੍ਰਚਾਉਂਦੀਆਂ। ਕਿੰਨਾ ਖੁਸ਼ ਰਹਿੰਦੀਆਂ ਸਨ ਓਹ ! ਰਾਤ ਬੀਤ ਜਾਂਦੀ ਪਤਾ ਹੀ ਨਾ ਲੱਗਦਾ ਸੀ। ਗਾਂਧੀ ਚਰਖਾ ਤਾਂ ਮੇਰੀ ਦਾਦੀ ਕੋਲ਼ ਵੀ ਸੀ।
ਚਰਖਾ ਕੱਤ ਕੇ .....ਸੂਤ ਨੂੰ ਅਟੇਰ .....ਲੱਛੇ ਬਣਾ -ਬਣਾ ਉਹ ਖਾਦੀ ਭੰਡਾਰ ਲੈ ਜਾਂਦੀਆਂ। ਬਦਲੇ 'ਚ ਦਰੀਆਂ -ਖੇਸ ਜਾਂ ਸੂਟਾਂ ਵਾਸਤੇ ਖਾਦੀ ਦਾ ਕੱਪੜਾ ਲੈ ਆਉਂਦੀਆਂ। ਆਪਣਾ ਦਹੇਜ਼ ਆਪਣੇ ਹੱਥੀਂ ਬਣਾਉਂਦੀਆਂ। ਆਪਣੀ ਕਲਾ ਦੇ ਨਮੂਨੇ ਲਾਹਉਂਦੀਆਂ ਦਰੀਆਂ 'ਤੇ। ਕਈ ਕੁੜੀਆਂ ਨੇ ਤਾਂ ਕੰਨਾਂ ਦੀਆਂ ਬਾਲੀਆਂ -ਝੁਮਕੇ ਵੀ ਬਣਾ ਲੈਣੇ ਸੋਨੇ ਦੇ ਪੈਸੇ ਜੋੜ -ਜੋੜ......ਚਾਂਦੀ ਦੀਆਂ ਝਾਂਜਰਾਂ ਵੀ। ਓਦੋਂ ਜ਼ਮਾਨਾ ਸਸਤਾ ਸੀ।

ਚਰਖਾ ਡਾਹਾਂ
ਕੱਤ -ਕੱਤ ਪੂਣੀਆਂ
ਵਿਆਹੀ ਜਾਵਾਂ।

ਕਮਲਾ ਘਟਾਔਰਾ 

(ਯੂ. ਕੇ. )

ਨੋਟ: ਇਹ ਪੋਸਟ ਹੁਣ ਤੱਕ 54 ਵਾਰ ਪੜ੍ਹੀ ਗਈ। 

3 May 2015

ਪਿੱਪਲ

1.
ਪੰਡਤ ਬਾਲੇ 
ਪਿੱਪਲ ਦੀ ਲੱਕੜ 
ਹੋਰਾਂ ਨੂੰ ਪਾਪ । 

2.

ਸੰਧਾਰਾ ਤੀਆਂ 
ਪਿੱਪਲ ਥੱਲੇ ਬੈਠੀ 
ਤਾਈ  ਉਡੀਕੇ । 

3.

ਪਿੰਡ ਦੀ ਸੱਥ 
ਪਿੱਪਲ ਹੇਠਾਂ ਬਾਬੇ 
ਖੇਡਣ ਸੀਪ । 


ਹਰਜਿੰਦਰ ਢੀਂਡਸਾ 
(ਕੈਨਬਰਾ)
ਨੋਟ: ਇਹ ਪੋਸਟ ਹੁਣ ਤੱਕ 32 ਵਾਰ ਪੜ੍ਹੀ ਗਈ। 

2 May 2015

ਤੇਜ਼ ਹਨ੍ਹੇਰੀ ( ਹਾਇਬਨ)

ਅੱਜ ਸਵੇਰ ਤੋਂ ਹਵਾ ਦੇ ਮੱਠੇ-ਮੱਠੇ ਬੁੱਲੇ ਆ ਰਹੇ ਸਨ। ਹਰਨਾਮੂ ਨੇ ਪੱਲੜ-ਪੱਲੀਆਂ ਚੁੱਕੀਆਂ। ਖੇਤ ਆਉਂਦਿਆਂ ਤੱਕ ਹਵਾ ਦੇ ਬੁੱਲੇ ਥੋੜੇ ਤੇਜ਼ ਹੋ ਗੲੇ। ਉਹ ਘਰ ਮੁੰਡੇ ਨੂੰ ਕਹਿ ਗਿਆ, "ਪੁੱਤਰਾ ਖੇਤ ਛੇਤੀ ਆੲੀਂ" ਜੋ ਅਜੇ ਤੱਕ ਬਿਸਤਰੇ 'ਚ ਹੀ ਪਿਆ ਸੀ।
      ਦੁਪਹਿਰ ਹੋ ਗੲੀ......... ਹਰਨਾਮੂ ਦਾ ਮੁੰਡਾ ਖੇਤ ਨਾ ਆੲਿਆ। ਵਾ-ਵਰੋਲਿਆਂ 'ਚ ਉਹ ਚੰਗੀ-ਮਾੜੀ ਤੂੜੀ ਕੱਜਦਾ ਰਿਹਾ। ੲਿੱਕਲੇ ਕੋਲੋਂ ਤੂੜੀ ਦੇ ਕੁੱਪ 'ਤੇ ਪੱਲੀਆਂ ਪਾੲੀਆਂ ਨਹੀਂ ਜਾ ਰਹੀਆਂ ਸਨ।
      ਸ਼ਾਮ ਹੁੰਦਿਆਂ ਨੈਬ ਤੇ ਜੈਲਾ ਸ਼ਹਿਰ ਤੋਂ ਘਰ ਨੂੰ ਜਾ ਰਹੇ ਸੀ। ਉਹਨਾਂ ਹਰਨਾਮੂ ਨੂੰ ਕਿਹਾ, " ਬੲੀ! ਕਿਵੇਂ ੲਿੱਕਲਾ ਹੀ ਤੂੜੀ ਨਾਲ ਖੲੀ ਜਾਨਾ......ਮੁੰਡਾ ਕਿੱਥੇ ਆ?" ਅਜੇ ਹਰਨਾਮੂ ਕੁਝ ਕਹਿਣ ਹੀ ਲੱਗਾ ਸੀ ਕਿ ਉਹ ਤਾਂ ਘਰੇ .............ਮੁੰਡਾ ਮੋਟਰ-ਸਾੲੀਕਲ ਤੇ ਫੂਰਰਰ..ਰ.ਰ ਕਰਕੇ ਕੋਲ ਦੀ ਲੰਘ ਗਿਆ। ਉਧਰੋਂ ਹਵਾ ਦਾ ਵੱਡਾ ਸਾਰਾ ਬੁੱਲਾ ਆੲਿਆ ਅਤੇ ਤੂੜੀ 'ਤੇ ਪਾਈਆਂ ਪੱਲੜ-ਪੱਲੀਆਂ ਲਹਿ ਗਈਆਂ ।
       ਹਰਨਾਮੂ ਘੜੀ-ਮੁੜ ਕਦੇ ਸ਼ਹਿਰ ਵੱਲ ਜਾਂਦੇ ਮੁੰਡੇ ਵੱਲ ਦੇਖਦਾ ਤੇ ਕਦੇ ਖਿੰਡਦੀ ਜਾਂਦੀ ਤੂੜੀ ਵੱਲ।

ਤੇਜ਼ ਹਨ੍ਹੇਰੀ -
ਬਾਪੂ ਘਬਰਾਇਆ 
ਉੱਡਦੀ ਤੂੜੀ। 



ਅੰਮ੍ਰਿਤ ਰਾੲੇ 'ਪਾਲੀ'
(ਫ਼ਾਜ਼ਿਲਕਾ)

ਨੋਟ: ਇਹ ਪੋਸਟ ਹੁਣ ਤੱਕ 35 ਵਾਰ ਪੜ੍ਹੀ ਗਈ।