ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Jul 2012

ਸਾਵਣ ਬੂੰਦਾਂ

 ਅੱਜ 16 ਸਾਉਣ ਹੈ । ਅੱਧਾ  ਸਾਵਣ ਬੀਤ ਗਿਆ ਹੈ ਪਰ ਦੱਖਣ ਵਲੋਂ ਚੱਲੀਆਂ ਮੌਨਸੂਨ ਪੌਣਾਂ ਲੱਗਦਾ ਹੈ ਧੋਖਾ ਦੇ ਗਈਆਂ ਤੇ ਪੰਜਾਬ ਲੱਗਭੱਗ ਸੁੱਕਾ ਹੀ ਰਹਿ ਗਿਆ ਹੁਣ ਤੱਕ । ਸਾਵਣ ਮਹੀਨੇ ਦਾ ਨਾਂ ਲੈਂਦਿਆਂ ਹੀ ਅਸੀਂ  ਕਾਲੀਆਂ ਘਟਾਵਾਂ ਤੇ ਤੀਆਂ ਨੂੰ ਆਪਣੇ ਮਨ 'ਚ ਚਿਤਵਦੇ ਹਾਂ 'ਤੇ ਓਹੀ ਰੰਗ ਹਰਫ ਬਣ ਕੋਰੇ ਪੰਨਿਆ ਦਾ ਸ਼ਿੰਗਾਰ ਬਣਦਾ ਹੈ ।

1.
ਬਾਰਸ਼ ਆਈ
ਟੁੱਟੀ ਹੈ ਤਨਹਾਈ
ਕਲਮ ਵਾਹੀ
2.
ਝੜੀ ਏ ਲੱਗੀ
ਚਿੱੜੀ ਦਾ ਬੋਟ ਭਿੱਜਾ
ਪੂੜੇ ਕੀ ਕਰਾਂ
3.
ਕੋਇਲ ਕੂਕਾਂ
ਹਿਜਰਾਂ ਦੀਆਂ ਹੂਕਾਂ
ਤੰਦ ਚਰਖੇ
4.
ਪਿੱਪਲੀ ਪੀਂਘਾਂ
ਚੜ੍ਹੀ ਹੈ ਅਸਮਾਨੀ
ਤੀਆਂ ਦੇ ਚਾਅ
5.
ਸਾਵਣ ਬੂੰਦਾਂ
ਹਿਜਰਾਂ ਦਾ ਏ ਤਾਅ
ਵੇ ਲੈਣ ਤੇ ਆ
6.
ਘੋੜੀ ਸ਼ਿੰਗਾਰੀ
ਝੱਟ ਤੁਰਿਆ ਮਾਹੀ
ਗੋਰੀ ਦੇ ਚਾਅ

ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਧਰ -ਮੋਗਾ ਪੰਜਾਬ )

29 Jul 2012

ਘੁੰਡ ਚੁਕਾਈ

1.
ਮੀਂਹ ਦਾ ਰੰਗ 
ਲੱਗਦਾ ਨਹੀਂ ਚੰਗਾ 
ਮਾਹੀ ਨਾ ਸੰਗ 


2.
ਕੜਕੇ ਜਦੋਂ 
ਅਸਮਾਨੀਂ ਬਿਜਲੀ 
ਬੰਦ ਬਿਜਲੀ 


3.
ਅਜੀਬ ਰੰਗ 
ਸਤਰੰਗੀ ਤੋਂ ਵੱਖ 
ਜਿੰਦਗਾਨੀ ਦੇ 


4.
ਵਿਲਕੇ ਬਾਲ 
ਥੰਨੀ ਵਗਦਾ ਦੁੱਧ
ਸਿਰ 'ਤੇ ਭਾਰ


5.
ਘੁੰਡ ਚੁਕਾਈ 
ਰਸਮ ਕਿੰਝ  ਹੋਵੇ
ਪਹਿਨੀ ਜੀਨ 


ਹਰਭਜਨ ਸਿੰਘ ਖੇਮਕਰਨੀ 
(ਅੰਮ੍ਰਿਤਸਰ)

26 Jul 2012

ਧੁੱਪ ਬਾਲੜੀ

1.
ਆਥਣ ਵੇਲੇ
ਮੇਰੇ ਵੇਹੜੇ ਖੇਡੇ
ਧੁੱਪ ਬਾਲੜੀ


2. 
ਮਾਵਾਂ - ਧੀਆਂ ਨੇ
ਬੈਠ ਦੁਖ ਫਰੋਲੇ
ਕੰਬੀ ਧਰਤੀ .


 3.
ਤੇਰੀਆਂ ਯਾਦਾਂ
ਕਦੇ ਨਾ ਵੇਖਦੀਆਂ
ਵੇਲਾ-ਕੁਵੇਲਾ


 4.
ਯਾਦ ਸੁਹਾਣੀ
ਜਦ ਵੀ ਆਵੇ ਤੇਰੀ
ਜੱਗ  ਨੂੰ ਭੁੱਲਾਂ


  ਸੁਭਾਸ਼ ਨੀਰਵ
(ਨਵੀਂ ਦਿੱਲੀ )

23 Jul 2012

ਤੀਆਂ ਤੀਜ ਦੀਆਂ

ਅੱਜ 8 ਸਾਉਣ ਹੈ।ਤੀਆਂ ਦਾ ਤਿਉਹਾਰ ਸਾਉਣ ਮਹੀਨੇ ਦੀ ਮੱਸਿਆ ਤੋਂ ਬਾਦ ਤੀਜ ਤੋਂ ਸ਼ੁਰੂ ਹੁੰਦਾ ਹੈ  ਤੇ ਪੁੰਨਿਆ ਤੱਕ ਚਲਦਾ ਰਹਿੰਦਾ ਹੈਇਸ ਵਰ੍ਹੇ 4 ਸਾਉਣ (19 ਜੁਲਾਈ) ਦੀ ਮੱਸਿਆ ਸੀ ਤੇ 7 ਸਾਉਣ ਨੂੰ ਤੀਜ ਜਾਣੀ ਕਿ ਤੀਆਂ ਤੀਜ ਦੀਆਂ....
                                            ਤੀਆਂ ਦਾ ਪਿੜ
                                         ਮੱਚੇ ਗਿੱਧੇ ਦੀ ਲਾਟ
                                             ਪੈਣ ਬੋਲੀਆਂ

ਪਤਲੀ ਵੀਣੀ
ਵੰਗਾਂ ਨੇ ਮੋਕਲ਼ੀਆਂ
ਸੱਤਰੰਗੀਆਂ 


ਡਾ.ਹਰਦੀਪ ਕੌਰ ਸੰਧੂ
(ਸਿਡਨੀ)

22 Jul 2012

ਕੰਜਕਾਂ ਪੂਜੇ


1.
ਚਿੜੀ ਬਨ੍ਹੇਰੇ
ਸੱਸ ਮੱਥੇ ਤਿਉੜੀ
ਨੂੰਹ ਪੇਟ ਤੋਂ ।
2.
ਹੱਥ ਲਾਇਆ
ਪਾਣੀ ਦਾ ਬੁਲਬੁਲਾ
ਫੁੱਸ ਹੋਇਆ ।
3.
ਵਾਲ਼ਾਂ 'ਤੇ ਜੈਲ
ਵਰਦੀ ‘ਤੇ ਸੈਂਟ ਲਾ
ਜਾਂਦਾ ਸਕੂਲ  ।
4.
ਨਰਾਤਿਆਂ ‘ਚ
ਭਰੂਣ ਹੱਤਿਆਰੀ
ਕੰਜਕਾਂ ਪੂਜੇ ।


ਕਮਲ ਸੇਖੋਂ 
(ਪਟਿਆਲਾ)

21 Jul 2012

ਵਾਅਦਾ ਤੇਰਾ

1.
ਆ ਗੱਲ਼ ਲੱਗ
ਬਰਖਾ ਰੁੱਤ ਦੂਰ 
ਠੰਡਕ ਪਵੇ 

2.

ਵਾਅਦਾ ਤੇਰਾ 
ਬਾਰਿਸ਼ ਦਾ ਮੌਸਮ 
ਬੱਸ ਖਬਰਾਂ 

3.

ਬਰਖਾ ਆਈ 
ਹੈ ਆ ਕੇ ਚਲੀ ਗਈ 
ਯਾਦਾਂ ਉੱਥੇ ਹੀ 



ਡਾ. ਸ਼ਿਆਮ ਸੁੰਦਰ ਦੀਪਤੀ
( ਅੰਮ੍ਰਿਤਸਰ) 

18 Jul 2012

ਚਿੱਠੀ ਦੀਆਂ ਬਾਤਾਂ

18.07.12
ਸਤਿਕਾਰਯੋਗ ਹਰਦੀਪ ਜੀ , 
ਹਾਇਕੁ-ਲੋਕ ਆਪਣੀ ਪਛਾਣ ਵੱਲ ਵਧ ਰਿਹਾ ਹੈ । ਇਹ ਤੁਹਾਡੀ ਲਗਨ ਅਤੇ ਮਿਹਨਤ ਸਦਕਾ ਹੀ ਹੈ। ਮੇਰੇ ਲਾਇਕ ਕੋਈ ਸੇਵਾ ਹੋਵੇ , ਹਾਜ਼ਰ ਹਾਂ।
ਡਾ. ਸ਼ਿਆਮ ਸੁੰਦਰ ਦੀਪਤੀ
ਗੌਰਮਿੰਟ ਮੈਡੀਕਲ ਕਾਲਜ
ਅੰਮ੍ਰਿਤਸਰ 
*******************************************************************************************
 
ਹਰਦੀਪ ਜੀ,
ਮੈਨੂੰ ਹਾਇਕੁ ਪਸੰਦ ਨਹੀਂ ਸੀ ਪਰ ਜਦੋਂ ਤੋਂ ਤੁਸੀਂ ਬਲਾਗ ਖੋਲ੍ਹਿਆ ਹੈ ਲਿਖਣ ਦੀ ਜਿਗਿਆਸਾ ਬਣ ਗਈ ਹੈ |
ਹਰਕੀਰਤ 'ਹੀਰ'
ਗੁਵਾਹਾਟੀ ਅਸਾਮ
ਹੋਰ ਚਿੱਠੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ 

ਆਪਣਾ ਸੱਚ

1.
ਫੁੱਲ ਖਿੜਿਆ
ਟਾਹਣੀ ਝੁੱਕ ਗਈ
ਖੁਸ਼ਬੂ ਅੱਗੇ


2.

ਅੱਕ ਦੇ ਫੁੱਲ
ਨਹੀਂ ਕੌੜੇ ਲੱਗਦੇ
ਬੱਕਰੀਆਂ ਨੂੰ

3.
ਕਾਰਜ ਪੂਰਾ
ਸੌਖਾ ਜਿਹਾ ਲੱਗਦਾ
ਮੁਰਝਾਉਣਾ

4.
ਵਿਦੇਸ਼ੀ ਪੁੱਤ
ਸਵੇਰਿਆਂ ਦੇ ਸੁੱਤੇ
ਰਾਤੀਂ ਜਾਗਣ

5.
ਆਪਣਾ ਸੱਚ
ਧੁਰ ਅੰਦਰ ਤੀਕ
ਕੂੜ ਕੰਬਾਵੇ 

ਜਨਮੇਜਾ ਸਿੰਘ ਜੌਹਲ
(ਲੁਧਿਆਣਾ)



17 Jul 2012

ਪਹਿਲਾ-ਛੱਲਾ


1.
ਤਪੀ ਧਰਤੀ 
ਆ ਪਿਆ ਲੱਛੇਦਾਰ
ਪਹਿਲਾ-ਛੱਲਾ

 2.

ਬੱਦਲ ਗੱਜੇ
ਆਸਮਾਨੀ ਬਿਜਲੀ
ਧਰਤੀ ਚੁੰਮੇ

 3.

ਭਿੱਜੀ ਜੁਲਫ਼
ਤਿੱਪ-ਤਿੱਪ ਡਿੱਗੀਆਂ
ਇਕ ਦੋ ਬੂੰਦਾਂ

 4.

ਛੱਤੜੀ ਉਤੇ
ਛਿੱਟਾਂ ਦੀ ਕਿੜ-ਕਿੜ
ਸਾਉਣ ਵਰ੍ਹੇ

5. 

ਚੜ੍ਹਦੀ ਪੀਂਘ
ਲਿਫ਼ੇ ਪਿਆ ਟਾਹਣ
ਸਾਉਣ ਵਿੱਚ

 6.

ਪੁੱਤ ਸ਼ਰਾਬੀ
ਬਾਪੂ ਵੱਟਾਂ ਚੋਪੜੇ
ਛੱਨ 'ਤੇ ਛਿੱਟਾਂ
ਭੂਪਿੰਦਰ ਸਿੰਘ
(ਨਿਊਯਾਰਕ)

16 Jul 2012

ਕਿਣਮਿਣ ਕਣੀਆਂ

ਅੱਜ ਸਾਵਣ (ਸਾਉਣ) ਦਾ ਮਹੀਨਾ ਚੜ੍ਹ ਗਿਆ ਹੈ। ਇਸ ਮਹੀਨੇ ਕਦੇ ਕਿਣ-ਮਿਣ ਹੁੰਦੀ ਹੈ ਤੇ ਕਦੇ ਮੋਹਲੇਧਾਰ ਮੀਂਹ ਪੈਂਦਾ ਹੈ। ਚਾਰੇ ਪਾਸੇ ਖੁਸ਼ੀ ਦਾ ਆਲਮ ਹੁੰਦਾ ਹੈ।


                                                                 1
                                                          ਹਵਾ ਫਰਾਟੇ
                                                      ਸਾਵਣ ਦੀ ਫੁਹਾਰ
                                                          ਮੀਂਹ ਛਰਾਟੇ 
                                                             
                                                               2
                                                        ਸਾਉਣ ਝੜੀ
                                                     ਅੰਬਰੀਂ ਛੂਹੇ ਪੀਂਘ
                                                       ਭਿੱਜੀ ਝੂਟਦੀ


                                                               3
                                                       ਸਾਵਣ ਭੂਰ
                                                    ਪਕਾਵਾਂ ਗੁਲਗਲੇ
                                                      ਮਿੱਠੀ ਖੁਸ਼ਬੋ
    
                                                              4
                                                      ਰੁਮਕੇ ਹਵਾ
                                                  ਕਿਣਮਿਣ ਕਣੀਆਂ
                                                      ਛਿੜਿਆ ਰਾਗ 
ਡਾ.ਹਰਦੀਪ ਕੌਰ ਸੰਧੂ
 ਬਰਨਾਲ਼ਾ 

15 Jul 2012

ਤ੍ਰੇਲ ਤੁਪਕੇ


1.
ਸੁੱਚੇ ਮੋਤੀ ਨੇ            
ਚਿੱਟੇ ਗੁਲਾਬ ਉੱਤੇ      
ਤ੍ਰੇਲ ਤੁਪਕੇ               
2.
ਦੋਸਤ ਮਿਲ਼ੇ
ਬੜੇ ਸਾਲਾਂ ਬਾਅਦ 
ਨੈਣ ਨੇ ਸਿਲ੍ਹੇ

3.
ਪੁਰੇ ਦੀ ਵਾਅ
ਨੰਗੇ ਪਿੰਡੇ ਖੇਤਾਂ 'ਚ
ਖੋਤਦਾ ਘਾਹ 

4.
ਨੂੰਹ ਡੇਰੇ 'ਚ
ਪਕਾਉਂਦੀ ਲੰਗਰ
ਸੱਸ ਏ ਭੁੱਖੀ 


5.
ਦੁੱਖ ਘੜੀਆਂ
ਪੁੱਤ ਨੂੰ ਮੋਢਾ ਦੇਵੇ
ਬਾਪੂ ਮੜ੍ਹੀਆਂ 

ਕਮਲ ਸੇਖੋਂ
(ਪਟਿਆਲਾ) 

14 Jul 2012

ਖੁੱਲ੍ਹਾ ਅੰਬਰ

ਪ੍ਰੋ. ਜਸਵੰਤ ਸਿੰਘ ਵਿਰਦੀ ਦਾ ਜਨਮ 7 ਮਈ 1934 ਨੂੰ ਹੋਇਆ । ਲੱਗਭਗ 1955 ਤੋਂ ਉਨ੍ਹਾਂ ਲਿਖਣਾ ਸ਼ੁਰੂ ਕੀਤਾ ।ਉਨ੍ਹਾਂ  ਹਿੰਦੀ ਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿੱਚ ਸਾਹਿਤ ਦੀ ਹਰ ਵੰਨਗੀ 'ਚ ਲਿਖਿਆ। 30 ਜੂਨ 2011 ਨੂੰ ਉਹ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ। ਸਾਡੇ 'ਚੋਂ ਬਹੁਤ ਘੱਟ ਜਾਣਦੇ ਹਨ ਕਿ ਉਨ੍ਹਾਂ ਨੇ ਜਪਾਨੀ ਕਾਵਿ ਵਿਧਾ 'ਚ ਵੀ ਸਾਹਿਤ ਰਚਨਾ ਕੀਤੀ ਤੇ ਸਾਹਿਤ ਦੀ ਝੋਲ਼ੀ ਹਾਇਕੁ ਪਾਏ। ਅੱਜ ਮੈਂ ਵਿਰਦੀ ਜੀ ਹੋਰਾਂ ਦੇ ਲਿਖੇ ਹਾਇਕੁ ਪਾਠਕਾਂ ਨਾਲ਼ ਸਾਂਝੇ ਕਰਨ ਦੀ ਖੁਸ਼ੀ ਲੈ ਰਹੀ ਹਾਂ।
ਡਾ.ਹਰਦੀਪ ਕੌਰ ਸੰਧੂ 

1.
ਉੱਗਦੇ ਰੁੱਖ
ਜੜ੍ਹਾਂ ਦੇ ਤਪ ਨਾਲ਼
ਬਣਦੇ ਫੁੱਲ

2.
ਬਣੇ ਕਵਿਤਾ
ਫੈਲੇ ਨੇ ਅੰਬਰ 'ਚ
ਝੂਮਦੇ ਰੁੱਖ

3.
ਡੁੱਬਣ ਲੱਗਾ
ਸੂਰਜੀ ਤਪ ਤੇਜ਼
ਆਥਣ ਵੇਲ਼ਾ

4.
ਫੁੱਲਾਂ ਦੇ ਲਈ 
ਕੰਡਿਆਂ 'ਤੇ ਚਲਦੀ
ਆਤਮਾ ਸਾਡੀ  

5.
ਦੂਰ ਤੀਕਰ
ਸੰਵੇਦਨਸ਼ੀਲਤਾ
ਖੁੱਲ੍ਹਾ ਅੰਬਰ

ਪ੍ਰੋ. ਜਸਵੰਤ ਸਿੰਘ ਵਿਰਦੀ
(ਜਲੰਧਰ) 
( ਨੋਟ: ਇਹ ਹਾਇਕੁ 'ਸਦੀ ਕੇ ਪ੍ਰਥਮ ਦਸ਼ਕ ਕਾ ਹਿੰਦੀ ਹਾਇਕੁ-ਕਾਵਿਆ ' 'ਚੋਂ ਲਏ ਗਏ ਹਨ)
ਅਨੁਵਾਦ ਕਰਤਾ: ਡਾ. ਹਰਦੀਪ ਕੌਰ ਸੰਧੂ 

12 Jul 2012

ਮੀਂਹ ਜੋ ਵਰ੍ਹੇ

1.
ਪਿੱਤ ਮਰਦੀ
ਮੀਂਹ ਵਿੱਚ ਨਹਾ ਕੇ
ਕਹਿੰਦੀ ਬੇਬੇ
2.
ਮੀਂਹ ਜੋ ਵਰ੍ਹੇ
ਸਾਰਾ ਦਿਨ ਨਹਾ ਕੇ
ਚਾਅ ਨਾ ਲਹੇ
3.
ਮੁੱਕੀ ਉਡੀਕ
ਦੁੱਖ ਟੁੱਟੇ ਕਿਸਾਨਾਂ
ਵਰ੍ਹਿਆ ਮੀਂਹ 
4.
ਯਾਦ ਨੇ ਦਿਨ
ਮੀਂਹ ਵਿੱਚ ਭੱਜਦੇ 
ਫੜ੍ਹ ਨਿੱਕਰ













5.
ਖੇਡਣ ਬੱਚੇ
ਛੱਡਣ ਵਿੱਚ ਪਾਣੀ
ਬਣਾ ਕਿਸ਼ਤੀ
















ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ)

11 Jul 2012

ਮੀਂਹ ਦੇ ਛਰਾਟੇ

ਅੱਜ 28 ਹਾੜ ਹੈ ਤੇ ਸਾਉਣ ਦਾ ਮਹੀਨਾ ਚੜ੍ਹਨ ਹੀ ਵਾਲ਼ਾ ਹੈ। ਪਰ ਮੌਸਮ 'ਚ ਬਦਲਾਓ ਨੇ ਪਹਿਲਾਂ ਹੀ ਝਲਕਾਰਾ ਮਾਰ ਦਿੱਤਾ ਹੈ। ਤਿੱਖੀਆਂ ਧੁੱਪਾਂ ਦੇ ਝੰਬੇ ਲੋਕਾਂ ਨੂੰ ਮੀਂਹ ਦੇ ਛਰਾਟੇ ਨੇ ਕੁਝ ਰਾਹਤ ਦਿਵਾਈ ਹੈ। ਏਹੋ ਨਜ਼ਾਰਾ ਸਾਡੇ ਹਾਇਗਾ ਨੇ ਚਿੱਤਰਿਆ ਹੈ।


ਜਨਮੇਜਾ ਸਿੰਘ ਜੌਹਲ
(ਲੁਧਿਆਣਾ) 

ਡਾ.ਹਰਦੀਪ ਕੌਰ ਸੰਧੂ
(ਸਿਡਨੀ)

10 Jul 2012

ਚਿੱਠੀ ਦੀਆਂ ਬਾਤਾਂ

1 जुलाई 2012 को 'हाइकु -लोक' पर  मेरे हिंदी हाइकु का पंजाबी में अनुवाद पढ़ने को मिला । किसी भाषा के छन्द का दूसरी भाषा में छन्द का निर्वाह करके अनुवाद करना कठिन है ; लेकिन  हरदीप बहन हर ओखे काम को सोखा बनाकर पेश करने में सचमुच जादूगर है । दिल के हर कोने से बधाइयाँ और मेरा आभार । इतना सुन्दर अनुवाद करना हर किसी के बस का नहीं। 
पुन: आपके इस नए काम के लिए आभार ! 


रामेश्वर काम्बोज 'हिमांशु 
सम्पादक 
लघुकथा डॉट काम तथा हिंदी हाइकु डॉट नेट 
*******************************************************************************************
ਡਾ. ਮੈਡਮ,
ਪੰਜਾਬੀ ਹਾਇਕੁ ਲਈ ਬਹੁਤ ਵਧੀਆ ਉਪਰਾਲਾ ਹੈ। ਤੁਹਾਡਾ ਕੰਮ ਸ਼ਲਾਘਾਯੋਗ ਹੈ। ਪ੍ਰਮਾਤਮਾ ਹਮੇਸ਼ਾਂ ਤੁਹਾਡੇ ਨਾਲ਼ ਹੈ। ਤੁਸੀਂ ਪੰਜਾਬੀ ਬੋਲੀ ਲਈ ਬਹੁਤ ਵਧੀਆ ਕੰਮ ਕਰ ਰਹੇ ਹੋ।
ਸੋਮ ਸਹੋਤਾ
(ਡਾਇਰੈਕਟਰ/ ਪਰਿਜ਼ੈਂਟਰ)
ਹਰਮਨ ਰੇਡੀਓ 
**********************************************************************
ਹੋਰ ਚਿੱਠੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ 

ਹਾੜਾਂ ਦੇ ਦਿਨ

ਜੇਠ ਹਾੜ ਦੀਆਂ ਝੁਲਸਾਉਂਦੀਆਂ ਧੁੱਪਾਂ ਵਾਤਾਵਰਨ ਨੂੰ ਰੁੱਖਾ ਜਿਹਾ ਬਣਾ ਦਿੰਦੀਆਂ ਹਨ। ਅੰਤਾਂ ਦੀ ਪੈਂਦੀ ਗਰਮੀ 'ਚ ਪ੍ਰਭਾਵਿਤ ਹੋਏ  ਜਨ-ਜੀਵਨ ਨੂੰ ਹਾਇਕੁ 'ਚ ਪੇਸ਼ ਕਰਨ ਦਾ ਇੱਕ ਨਿਮਾਣਾ ਜਿਹਾ ਉਪਰਾਲਾ .......
1.
ਬੋਹੜ ਦੀ ਛਾਂ
ਹਾੜ ਦੇ ਦੁਪਹਿਰੇ
ਭੇੜਦੇ ਗੱਪਾਂ
2.
ਹਾੜਾਂ ਦੇ ਦਿਨ
ਘੜੇ ਤੇ ਝੱਜਰੀਆਂ
ਠਾਰਨ ਪਾਣੀ
3.
ਬੱਤੀ ਹੈ ਗੁੱਲ
ਤਪਦੀ ਤਪੈਹਰ
ਨਾ ਹੁੰਦੀ ਝੱਲ
4.
ਤਿਹਾਇਆ ਕਾਂ
ਛਾਣ ਮਾਰੀ ਹਰ ਥਾਂ
ਤੌੜਾ ਲੱਭੇ ਨਾ
5.
ਹਿੱਲੇ ਨਾ ਪੱਤਾ
ਤਿੱਖੜ ਦੁਪਹਿਰ
ਚੋਵੇ ਮੁੜਕਾ
6.
ਬਿਜਲੀ ਕੱਟ
ਕਹਿਰਾਂ ਦਾ ਵੱਟ
ਟੱਪੇ ਨਾ ਝੱਟ
7.
ਹਾੜ ਮਹੀਨੇ
ਤਪੇ ਪੱਕਾ ਵਿਹੜਾ
ਭੱਖੇ ਤੰਦੂਰ


ਡਾ.ਹਰਦੀਪ ਕੌਰ ਸੰਧੂ 
( ਸਿਡਨੀ-ਆਸਟ੍ਰੇਲੀਆ)

9 Jul 2012

ਧਰਤ ਤ੍ਰੇਹੀ

ਅੰਤਾਂ ਦੀ ਪੈ ਰਹੀ ਗਰਮੀ 'ਚ ਜਿਉਣਾ ਮੁਹਾਲ ਹੋ ਜਾਂਦਾ ਹੈ। ਗਰਮੀ ਦਾ ਕਹਿਰ ਜਾਰੀ ਹੈ ਤੇ ਹਾਇਕੁ ਕਲਮ ਵੀ ਇੰਝ ਬੋਲੀ ਹੈ।
1.
ਅੱਗ ਵਰਦੀ
ਰੁੱਖ ਹਰਿਆ ਨਾਹੀ
ਛਾਵਾਂ ਗੁੰਮੀਆਂ
2.
ਤੇਰੇ ਕਜ਼ਲੇ 'ਚੋਂ
ਨੀ ਝੋਨਾ ਲਾਉਂਦੀਏ
ਸਾਵਣ ਦਿੱਸੇ
3.
ਧਰਤ ਤ੍ਰੇਹੀ
ਝੋਲ਼ੀ ਖਾਲੀ ਕਾਮੇ ਦੀ
ਰੱਬਾ ਮੀਂਹ ਦੇ
4
ਰੁੱਖ ਛਤਰੀ
ਗਰਮੀ 'ਚ ਕੰਮ ਦੀ
ਰੱਖ ਸਾਂਭ ਕੇ
5.
ਧਰਤ ਤ੍ਰੇਹੀ
ਚੂਕੇ ਪਈ ਪਾਣੀ ਨੂੰ
ਚਿੜੀ ਰੰਗੀਲੀ

ਪ੍ਰੋ. ਦਵਿੰਦਰ ਕੌਰ ਸਿੱਧੂ
ਦੌਧਰ-ਮੋਗਾ 

7 Jul 2012

ਬਿਜਲੀ ਗੁੱਲ


ਅੱਜਕੱਲ ਪੰਜਾਬ 'ਚ ਪੈਂਦੀਆਂ ਤਪਦੀਆਂ ਧੁੱਪਾਂ ਨੇ ਆਲ਼ਾ-ਦੁਆਲ਼ਾ ਝੁਲਸਾ ਦਿੱਤਾ ਹੈ। ਏਸੇ ਗਰਮੀ ਦੀ ਰੁੱਤ ਨੂੰ ਬਿਆਨਦੇ ਨੇ ਇਹ ਕੁਝ ਹਾਇਕੁ।
1.
ਉੱਚਾ ਉੱਡਦਾ
ਬਾਰਿਸ਼ ਨੂੰ ਆਇਆ
ਬਬੀਹਾ ਬੋਲੇ

 2.

ਮੱਥੇ ਪਸੀਨਾ
ਮੋਢੇ ਉੱਪਰ ਕਹੀ
ਬਿਜਲੀ ਗੁੱਲ

 3.

ਕੁਲਫ਼ੀ ਲਓ
ਕੁਲਫ਼ੀ ਵਾਲਾ ਭਾਈ
ਜੇਬ ਚ ਧੇਲੀ

 4.

ਪਿੰਡ ਦਾ ਸੂਆ
ਸਿਖਰ ਦੁਪਹਿਰੇ
ਮਾਰਦੇ ਛਾਲਾਂ

 5.

ਦਾਜ ਬਣਾਵੇ
ਸਹੇਲੀਆਂ ਚ ਬੈਠੀ
ਬੁਣਦੀ ਪੱਖੀ

ਭੂਪਿੰਦਰ ਸਿੰਘ
(ਨਿਊਯਾਰਕ)

6 Jul 2012

ਬੇਬੇ ਕਰੇ ਛਾਂ

ਜੇਠ-ਹਾੜ 'ਚ ਪੈਂਦੀ ਤਪਸ਼ ਤੋਂ ਲੋਕ ਬੇਹਾਲ ਨੇ। ਰੋਜ਼ਾਨਾ ਤਾਪਮਾਨ ਵੱਧਦਾ ਜਾਂਦਾ ਹੈ ਤੇ ਗਰਮੀ ਨਾਲ਼ ਜੁੜੀਆਂ ਪ੍ਰੇਸ਼ਾਨੀਆਂ ਵੀ ਦਿਨੋ-ਦਿਨ ਵੱਧਦੀਆਂ ਜਾ ਰਹੀਆਂ ਹਨ। ਹਰ ਚੀਜ਼ ਇਸ ਤਪਸ਼ ਨਾਲ਼ ਪ੍ਰਭਾਵਿਤ ਹੈ , ਏਥੋਂ ਤੱਕ ਕਿ ਹਾਇਕੁ ਵੀ ।

1.
ਵਗਦੀ ਲੋਅ
ਲੋਹੜਿਆਂ ਦੀ ਤੱਤੀ
ਘਰ ਨਾ ਬੱਤੀ

2.
ਬੱਚੇ ਆਖਣ
ਆ ਗਈ ਚੱਲੀ ਗਈ
ਓਹੀ ਬਿਜਲੀ

3.
ਪਾਣੀ ਛਿੜਕ
ਵਿਹੜੇ ਠੰਢ ਪਾਵੇ
ਮੰਜੇ ਨੇ ਡਾਹੇ 

4.
ਨੀਂਦ ਨਾ ਆਵੇ
ਮਾਂ ਪੱਖੀ ਝੱਲੀ ਜਾਵੇ
ਨਿੱਕੂ ਸੌਂ ਜਾਵੇ

5.
ਖੜ੍ਹਾ ਕੇ ਮੰਜਾ
ਤਿੱਖੜ ਦੁਪਹਿਰੇ
ਬੇਬੇ ਕਰੇ ਛਾਂ 

ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ) 

ਨੋਟ : ਇਹ ਪੋਸਟ ਹੁਣ ਤਲ 67 ਵਾਰ ਖੋਲ੍ਹ ਕੇ ਵੇਖੀ ਗਈ। 

3 Jul 2012

ਘੜੀ ਦੀ ਟਿੱਕ


1.
ਕੁੱਤੇ ਝਾਕਣ
ਓ ਲੰਗਰ ਸੁੱਟਦਾ
ਖੁਸ਼ੀ 'ਚ ਖੀਵੇ

2.
ਅਮਲੀ ਰੋਵੇ
ਡੱਬੀ ਖੜਕੇ ਖਾਲੀ
ਜਾਗੂ ਤੜਕੇ

3.
ਘੜੀ ਦੀ ਟਿੱਕ
ਨੀਂਦਰ ਕਿੰਝ ਆਵੇ
ਕੰਮ 'ਤੇ ਜਾਣਾ

4.
ਕੰਮਪੂਟਰ
ਨਾ ਹੱਸੇ ਨਾ ਰੋਆਵੇ
ਚੱਲਦਾ ਜਾਵੇ

5.
ਵਿਦੇਸ਼ੀਂ ਬੈਠਾ
ਰੂੜੀਆਂ ਨੂੰ ਤਰਸੇ
ਪੋਂਡ ਕਮਾਵੇ

6.
ਪੱਗ ਬੰਨਣੀ
ਸਿੱਖਣ ਦੀ ਕੀ ਲੋੜ
ਆਪੇ ਲੁਹਾਈ 

ਜਨਮੇਜਾ ਸਿੰਘ ਜੌਹਲ
(ਲੁਧਿਆਣਾ)

2 Jul 2012

ਯਾਦ ਪਿੰਜਰਾ

1.
ਯਾਦ ਪਿੰਜਰਾ
ਪੰਛੀ ਫੜਫੜਾਵੇ
ਉੱਡਦਾ ਨਹੀਂ

2.
ਘਰ ਉਦਾਸ
ਤੇਰੇ-ਮੇਰੇ ਕਾਰਣ
ਕਰ ਤਲਾਸ਼


3.                                                                     
ਫੁੱਲਾਂ ਤੋਂ ਰੰਗ
ਖੁਸ਼ਬੋ ਕਿੱਥੇ ਗਈ
ਪੁੱਛਦੀ ਹਵਾ 


4.
ਪੱਤਝੜ ਦੀ
ਕੁਦਰਤ ਨੂੰ ਜਾਣ
ਆਪ ਪਛਾਣ


5.
ਸਾਵਣ ਘੇਰੇ
ਸਰਦੀ ਦੀ ਯਾਦ ਵੀ
ਤੇਰੇ ਵਿਹੜੇ


6.
ਮਿਲ਼ਦਾ ਨਹੀਂ
ਤੇਰੇ ਨਾਲ਼ ਸੁਭਾਅ
ਕੀ ਕਰੇ ਚਾਅ 


ਡਾ. ਸ਼ਿਆਮ ਸੁੰਦਰ ਦੀਪਤੀ
ਅੰਮ੍ਰਿਤਸਰ 

1 Jul 2012

ਚਿੱਠੀ ਦੀਆਂ ਬਾਤਾਂ

ਚਿੱਠੀ ਆਉਂਦੀ
ਨਿੱਘੇ-ਨਿੱਘੇ ਮੋਹ ਦੇ
ਤੰਦ ਪਾਉਂਦੀ
ਆਪ ਦੇ ਮੋਹ-ਭਿੱਜੇ ਦੋ ਸ਼ਬਦ 'ਹਾਇਕੁ-ਲੋਕ' ਨੂੰ ਵੱਡਾ ਹੁਲਾਰਾ ਦੇ ਜਾਂਦੇ ਨੇ ਤੇ ਇਸ ਦੀ ਪੀਂਘ ਅੰਬਰੀਂ ਛੋਹਣ ਲੱਗਦੀ ਹੈ। ਜਾਂਦੇ-ਜਾਂਦੇ ਸ਼ਬਦੀ-ਹੁਲਾਰਾ ਦਿੰਦੇ ਜਾਣਾ।
ਅਦਬ ਸਹਿਤ
ਸੰਪਾਦਕ ਤੇ ਸਲਾਹਕਾਰ ਕਮੇਟੀ 
**************************************************************************


ਮਾਣਯੋਗ ਹਰਦੀਪ ਭੈਣ ਜੀ,

ਸਤਿ ਸ਼੍ਰੀ ਅਕਾਲ!
"ਹਾਇਕੂ-ਲੋਕ" ਤੇ ਝਾਤ ਪਾਈ। ਬਹੁਤ ਹੀ ਵਧੀਆ ਉਪਰਾਲਾ ਹੈ। ਆਪ ਜੀ ਅਤੇ ਹੋਰਨਾਂ ਸਹਿਯੋਗੀਆਂ ਨੂੰ ਬਹੁਤ-ਬਹੁਤ ਵਧਾਈ। ਬਹੁਤ ਥੋੜੇ ਲੋਕ ਹਨ ਜੋ ਇਸ ਕਦਰ ਪੰਜਾਬੀ ਮਾਂ-ਬੋਲੀ ਨੂੰ ਪਿਆਰ ਕਰਦੇ ਹਨ। ਅੱਜ ਨੌਜੁਆਨ ਪੀੜੀ ਇਸ ਤੱਤੜੀ ਵੱਲੋਂ  ਮੂੰਹ ਮੋੜ ਗਈ, ਕਿਉਂਕਿ ਇਸ ਦਾ ਪ੍ਰਚਾਰ ਅਤੇ ਪ੍ਰਸਾਰ ਕੋਈ ਕਾਰਗਰ ਤਰੀਕੇ ਨਾਲ ਨਹੀਂ ਹੋ ਸਕਿਆ। ਜੇ ਕੋਈ ਲੇਖਕ ਬਣ ਗਿਆ ਤਾਂ ਉਸਦੀ ਪ੍ਰਵਿਰਤੀ ਮਹਾਨ ਲੇਖਕ ਬਣਨ ਦੀ ਹੋ ਗਈ ਅਤੇ ਜੇ ਕੋਈ ਮਹਾਨ ਲੇਖਕ ਬਣਿਆ ਤਾਂ ਉਹ ਬਸ "ਮਹਾਨ" ਹੀ ਬਣਿਆ ਰਿਹਾ। ਆਪਣੀਆਂ ਸਮਾਜਿਕ (ਮਾਂ-ਬੋਲੀ ਪ੍ਰਤੀ) ਜਿੰਮੇਵਾਰੀਆਂ ਵੱਲੋਂ ਕਿਨਾਰਾ ਕਰ ਗਿਆ। ਕਿਸੇ ਨਵੇਂ ਲੇਖਕ ਦੀ ਕੋਈ ਰਚਨਾ 'ਤੇ ਟਿੱਪਣੀ ਕਰਨ ਨਾਲ ਉਸ ਦੀ ਸ਼ਾਨ ਵਿਚ ਫਰਕ ਪੈਣ ਲੱਗਿਆ ਰਿਹਾ। ਇਸ ਤੋਂ ਇਲਾਵਾ ਉਸ ਕੋਲ ਸਮਾਂ ਵੀ ਨਹੀਂ ਰਹਿੰਦਾ ਰਿਹਾ ਜੋ ਕਿਸੇ ਦੀ ਉਂਗਲ਼ੀ ਫੜ ਕੇ ਸੇਧ ਦੇ ਸਕੇ। ਸੰਭਵ ਹੋ ਸਕਦਾ ਸੀ, ਜੇ ਉਹ ਕਿਸੇ ਦੀ ਉਂਗਲ ਫੜ ਲੈਂਦਾ, ਕਿ ਪੰਜਾਬੀ ਭਾਸ਼ਾ ਦੇ ਪਾਠਕ ਅਣਗਿਣਤ ਤੇ ਹੋਰ ਲੋਕ ਵੀ ਹੁੰਦੇ। ਉਸ ਨੇ ਇਸ ਨੂੰ ਕੋਈ ਨਵੀਂ ਦਿਸ਼ਾ ਦੇਣ ਦਾ ਕੋਈ ਉਪਰਾਲਾ ਵੀ ਨਾ ਕੀਤਾ। ਕੋਈ ਵਿਗਿਆਨਿਕ ਸੋਚ ਨਾ ਭਰੀ। ਬਸ ਲਕੀਰ ਦਾ ਫਕੀਰ ਹੀ ਰਿਹਾ। ਕਿਤਾਬਾਂ ਲਿਖ-ਲਿਖ ਢੇਰਾਂ-ਦੇ-ਢੇਰ ਲਾਉਂਦਾ ਰਿਹਾ ਪਰ ਪਾਠਕ ਪੈਦਾ ਨਾ ਕਰ ਸਕਿਆ। ਸ਼ਾਇਦ ਏਸੇ ਹੀ ਕਰਕੇ  ਹੁਣ ਤੱਕ ਦੂਸਰੀਆਂ ਭਾਸ਼ਾਵਾਂ ਦੇ ਮੁਕਾਬਲੇ ਇਹ ਗਰੀਬ ਰਹੀ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਚਾਹੇ ਲੱਖ ਅਮੀਰ ਹੋਣ।
ਖੈਰ, ਆਪਜੀ ਦੁਆਰਾ ਕੀਤੇ ਜੀ ਰਹੇ ਸਾਰੇ ਹੀ ਉਪਰਾਲੇ ਸੁਲਾਹੁਣਯੋਗ ਹਨ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਆਪ ਏਸੇ ਤਰਾਂ ਹੀ ਤੰਦ-ਤੰਦ ਜੋੜਦੇ ਰਹੋਗੇ। 
ਭੂਪਿੰਦਰ
ਨਿਊਯਾਰਕ 
*********************************************************************************************************
ਹਰਦੀਪ ਜੀ,
ਤੁਸੀਂ ਕੋਈ ਨਾ ਕੋਈ ਉਪਰਾਲਾ ਕਰਦੇ ਰਹਿੰਦੇ ਹੋ। ਇਹ ਜਾਣ ਕੇ ਬਹੁਤ ਹੀ ਖੁਸ਼ੀ ਹੁੰਦੀ ਹੈ ਅਤੇ ਫਖਰ ਵੀ। ਤੁਹਾਡੀ ਇਹ ਲਗਨ ਅਤੇ ਮਿਹਨਤ ਇਸੇ ਤਰਾਂ ਬਰਕਰਾਰ ਰਹੇ ਇਹੀ ਕਾਮਨਾ ਹੈ।

ਪੰਜਾਬੀ ਹਾਇਕੁ ਦੇ ਪ੍ਰਸਾਰ ਲਈ ਇੱਕ ਨਵੀਂ ਸਾਈਟ ਸ਼ੁਰੂ ਕਰਨ ਦੀ ਗੱਲ ਨਿਸਚੇ ਹੀ ਇੱਕ ਨਵੀਂ ਖੁਸ਼ਖਬਰੀ ਹੈ। ਇਸਦੀ ਸਫਲਤਾ ਲਈ ਦੁਆ ਵੀ ਕਰਦਾ ਹੈਂ ਅਤੇ ਹਰ ਸੰਭਵ ਸਹਿਯੋਗ ਦਾ ਵਾਅਦਾ ਵੀ।

ਤੁਹਾਡੇ ਕਲਮੀ ਪਰਿਵਾਰ ਦਾ ਆਪਣਾ ਹੀ,
ਰੈਕਟਰ ਕਥੂਰੀਆ 

ਸੰਪਾਦਕ-
ਪੰਜਾਬ ਸਕਰੀਨ
ਲੁਧਿਆਣਾ 
*********************************************************************************************************

ਹਰਦੀਪ ਭੈਣ,
ਸਤਿ ਸਿਰੀ ਅਕਾਲ !

        ਪੰਜਾਬੀ ਸਾਹਿਤ ਨੂੰ ਤੁਹਾਡੀ ਦੇਣ ਪਹਿਲਾਂ ਹੀ ਬਹੁਤ ਹੈ ...ਇਹ ਉਪਰਾਲਾ ਕਰ ਕੇ ਤੁਸੀਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ...ਮੈਂ ਵੀ ਕੋਸ਼ਿਸ ਕਰਾਂਗਾ ਕਿ 'ਹਾਇਕੁ-ਲੋਕ' 'ਤੇ ਆਪਣੀ ਹਾਜਰੀ ਲੁਆ ਕੇ ਖੁਸ਼ੀ ਲੈ ਸਕਾਂ ।ਹਾਲੇ ਇੱਕ ਕਿਤਾਬ 'ਤੇ ਕੰਮ ਕਰ ਰਿਹਾ ਹਾਂ।
ਬਹੁਤ ਬਹੁਤ ਦੁਆਵਾਂ ਦੇ ਨਾਲ !
 ਤੁਹਾਡਾ ਵੀਰ 
 ਹਰਵਿੰਦਰ ਧਾਲੀਵਾਲ 
***********************************************************************************************************
ਹਰਦੀਪ ਜੀ, 
ਪੰਜਾਬੀ ਵਿਚ ਤੁਹਾਡਾ ਇਹ ਉੱਦਮ ਪ੍ਰੰਸ਼ਸਾ ਯੋਗ ਹੈ... ਇਸ ਨਾਲ ਪੰਜਾਬੀ ਵਿਚ ਲਿਖੇ ਜਾ ਰਹੇ ਹਾਇਕੁ ਨੂੰ ਇੱਕ ਦਿਸ਼ਾ ਤੇ ਸੇਧ ਮਿਲੇਗੀ, ਮੈਨੂੰ ਉਮੀਦ ਹੈ।ਹਿੰਦੀ ਵਿਚ ਤਾਂ ਤੁਸੀਂ ਬਹੁਤ ਕੁਝ ਕਰ ਹੀ ਰਹੇ ਹੋ, ਆਪਣੀ ਮਾਂ-ਬੋਲੀ ਲਈ ਵੀ ਜੋ ਫਰਜ਼ ਬਣਦਾ ਹੈ, ਉਹ ਤੁਸੀਂ ਪੂਰਾ ਕਰ ਰਹੇ ਹੋ... ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ...ਤੁਹਾਡੇ ਜਿੰਨੀ ਊਰਜਾ ਤੇ ਤੁਹਾਡੇ ਜਿੰਨ੍ਹਾ ਜ਼ਜਬਾ ਮੈਂ ਕਿੱਥੇ ਰੱਖ ਸਕਦਾ ਹਾਂ।ਤੁਸੀਂ ਆਪਣਾ ਇਹ ਯਤਨ ਜਾਰੀ ਰੱਖੋ...ਬਹੁਤ ਚੰਗੇ ਲੋਕ ਜੁੜਨਗੇ ਇਸ ਕਾਰਵਾਂ ਵਿਚ !ਮੇਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਹਨ ।
ਮੇਰੀਆਂ ਸ਼ੁਭ ਕਾਮਨਾਵਾਂ !
ਸੁਭਾਸ਼ ਨੀਰਵ
ਸੰਪਾਦਕ 
ਕਥਾ ਪੰਜਾਬ
********************************************************************
ਹੋਰ ਚਿੱਠੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ 

ਕਾਸ਼ੀ ਜਾਂ ਕਾਬਾ

ਹਿੰਦੀ ਤੋਂ ਅਨੁਵਾਦ ਕੀਤੇ ਹਾਇਕੁ*
1.
ਪੱਕੇ ਅੰਬ ਤੋਂ
ਸਹਿਜ ਰਸ ਚੋਏ
ਹਾਇਕੁ ਓਹੀ
2.
ਅਜਾਣਾ ਰਾਹ
ਤੁਰੇ ਚੱਲੋ ਦੀਵਾ ਲੈ                                                    
ਆਪਣਾ ਰੱਥ                                                                                          
3.
ਦੀਪ ਮੋਹ ਦਾ
ਹਰ ਘਰ 'ਚ ਜਲ਼ੇ
ਹਨ੍ਹੇਰਾ ਟਲ਼ੇ
4.
ਹਨ੍ਹੇਰਾ ਹਟਾ
ਉਗਾਵਾਂਗੇ ਸੂਰਜ
ਹਰ ਵਿਹੜੇ
5.
ਦੀਪ ਜਲ਼ਾਓ
ਜੋ ਭਟਕੇ ਰਾਹ ਤੋਂ
ਰਾਹ ਦਿਖਾਓ
6.
ਮੋਹ ਕਰਜ਼ਾ
ਕਦੇ ਉਤਰਿਆ ਨਾ
ਵੱਧਦਾ ਜਾਵੇ
7.
ਕਾਸ਼ੀ ਜਾਂ ਕਾਬਾ
ਹੰਝੂਆਂ ਦੀ ਜੱਗ 'ਚ
ਇੱਕੋ ਹੀ ਭਾਸ਼ਾ
8.
ਕੰਡੇ ਜੋ ਮਿਲ਼ੇ
ਜੀਵਨ ਦੇ ਗੁਲਾਬ
ਓਥੇ ਹੀ ਖਿੜੇ
9.
ਆਲ੍ਹਣਾ ਖਾਲੀ
ਚਿੜੀ ਉਦਾਸ ਬੈਠੀ
ਮੁੜੇ ਨਾ ਬੱਚੇ
10.
ਚੁੰਝ 'ਚ ਚੋਗਾ
ਤੱਕਦੀ ਚਾਰੇ ਪਾਸੇ
ਬੇਚੈਨ ਅੱਖਾਂ 

ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ'
ਨਵੀਂ ਦਿੱਲੀ 
* ਇਹ ਹਾਇਕੁ  ਮੇਰੇ ਸਾਤ ਜਨਮ-2011 'ਚੋਂ ਲਏ ਗਏ ਹਨ।
 ਅਨੁਵਾਦ ਕਰਤਾ- ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤਲ 35 ਵਾਰ ਖੋਲ੍ਹ ਕੇ ਵੇਖੀ ਗਈ।