ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Aug 2014

ਹਾਕਮੀ ਜ਼ੋਰ

ਜਗਦੀਸ਼ ਰਾਏ ਕੁਲਰੀਆਂ 

ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ। 

26 Aug 2014

ਦੁੱਧੀਆ ਰਾਤ

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 30 ਵਾਰ ਪੜ੍ਹੀ ਗਈ। 

24 Aug 2014

ਬੱਦਲ਼ ਕਾਲੇ (ਤਾਂਕਾ)

1.
ਬੱਦਲ਼ ਕਾਲੇ 
ਨਾ ਚੜ੍ਹੀਆਂ ਘਟਾਵਾਂ
ਚਾਰ-ਚੁਫੇਰੇ
ਬਦਲਿਆ ਮੌਸਮ
ਲੰਘਾ ਸੁੱਕਾ ਸਾਵਣ।


2.
ਕੋਇਲ ਕੂਕੇ 
ਲੱਗੇ ਮਨਮੋਹਣੀ 
ਬਾਗਾਂ ਦੇ ਵਿੱਚ
ਸਾਉਣ ਦੇ ਮਹੀਨੇ
ਠੰਢੀ ਮਿੱਠੀ ਰੁੱਤ 'ਚ।



ਅੰਮ੍ਰਿਤ ਰਾੲੇ 'ਪਾਲੀ'
ਫਾਜ਼ਿਲਕਾ 
ਨੋਟ : ਇਹ ਪੋਸਟ ਹੁਣ ਤੱਕ 30 ਵਾਰ ਪੜ੍ਹੀ ਗਈ। 

23 Aug 2014

ਤੋਤਲੀ ਬੋਲੀ

1.

ਨਿੱਕੀ ਬਾਲੜੀ 
ਤੋਤਲੀ ਬੋਲੀ ਬੋਲੇ 
ਲੱਗੇ ਪਿਆਰੀ। 




2.
ਵੰਗ ਖੜਕੇ 
ਝਾਂਜਰਾਂ ਛਣਕਣ 
ਪੈਰੀਂ ਪਾਈਆਂ। 

ਜਰਨੈਲ ਸਿੰਘ ਭੁੱਲਰ 
(ਮੁਕਤਸਰ)

ਨੋਟ : ਇਹ ਪੋਸਟ ਹੁਣ ਤੱਕ 10 ਵਾਰ ਪੜ੍ਹੀ ਗਈ। 

20 Aug 2014

ਇੱਕੋ ਹੀ ਰੰਗ (ਸੇਦੋਕਾ)

1.
ਕੁਰੱਪਟ ਨੂੰ
ਕੁਰੱਪਟ ਹੀ ਖਾਵੇ
ਪੈਸਾ ਰੰਗ ਵਿਖਾਵੇ
ਰੱਤ ਨਿਚੋੜੇ
ਡ੍ਹਾਢਾ ਦੱਬੇ ਤੇ ਘੂਰੇ  
ਗਰੀਬ ਪਿਆ ਝੂਰੇ। 

2.
ਲਹੂ ਸਭ ਦਾ
ਹੈ ਇੱਕੋ  ਹੀ ਰੰਗ ਦਾ
ਡੰਕਾ ਕਿਓਂ ਜੰਗ ਦਾ
ਵੱਖਰੇ ਸਾਰੇ
ਕਰਨ ਪੈ ਪਸਾਰਾ
ਹੋਵੇ ਸੱਚ ਨਿਤਾਰਾ। 

ਜੋਗਿੰਦਰ ਸਿੰਘ  ਥਿੰਦ
(ਸਿ਼ਡਨੀ---ਅੰਮ੍ਰਿਤਸਰ )

ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ। 

18 Aug 2014

ਕੁਦਰਤ(ਸੇਦੋਕਾ)

1.
ਹੋਈ ਸਵੇਰ 
ਚੰਦ ਅਤੇ ਚਾਂਦਨੀ 
ਕਿਤੇ ਗੁਫ਼ਾ 'ਚ ਗੁੰਮ 
ਚੰਦ ਨੂੰ ਦੇਖ 
ਚੰਦ ਜਿਹਾ ਚਿਹਰਾ 
ਰਾਤ 'ਚ ਖਿੜਿਆ ਏ 

2.
ਉਮਰਾਂ ਨਾਪੇ 
ਦਿਨ ਅਤੇ ਰਾਤ ਵੀ 
ਵੇਖੋ ਬਣੇ ਪੈਮਾਨੇ 
ਕੁਦਰਤ ਦੇ 
ਚੰਦ ਅਤੇ ਸੂਰਜ 
ਬਣੇ ਨੇ ਚੌਕੀਦਾਰ। 

ਕਸ਼ਮੀਰੀ ਲਾਲ ਚਾਵਲਾ 
(ਮੁਕਤਸਰ) 

ਨੋਟ : ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ। 



   

15 Aug 2014

ਜੁਗਨੀਨਾਮਾ- 2. ਬਾਰ ਦੀ ਜੂਹੇ (ਹਾਇਬਨ)


Click the arrow to listen

ਤਿੱਖੜ ਦੁਪਹਿਰਾ .......ਨਿੰਮ ਥੱਲੇ ਚਰਖਾ ਕੱਤਦੀ ਬੇਬੇ। ਕੋਲ ਬੈਠੀ ਜੁਗਨੀ ਨੂੰ ਦੇਖ ਕੇ ਬੇਬੇ ਪੁੱਛਣ ਲੱਗੀ, " ਕੁੜੇ ਜੁਗਨੀ ਅੱਜ ਸਕੂਲੇ ਨੀ ਜਾਣਾ ?" " ਬੇਬੇ ਅੱਜ ਛੁੱਟੀ ਹੈ ......ਅੱਜ ਆਜ਼ਾਦੀ ਦਿਵਸ ਹੈ। " ਜੁਗਨੀ ਨੇ ਬੇਬੇ ਨੂੰ ਜਿਵੇਂ ਬਹੁਤ ਕੁਝ ਚੇਤੇ ਕਰਾ  ਦਿੱਤਾ ਸੀ। ਉਸ ਦੀ ਬਿਰਤੀ ਝੱਟ ਜਾ ਜੁੜੀ ਸੀ 'ਸਾਂਦਲ ਬਾਰ ' ਨਾਲ।

ਨਵੀਂ ਪੂਣੀ ਛੋਹੰਦਿਆਂ ਬੇਬੇ ਕਹਿਣ ਲੱਗੀ," ਪੁੱਤ ਇਹ ਕਾਹਦੀ 'ਜਾਦੀ ਆ ਜਿਹੜੀ ਸਾਨੂੰ ਆਪਣਾ ਮੁਲਖ ਛੱਡ ਕੇ ਮਿਲੀ ਆ। ਘਰੋਂ ਬੇਘਰ ਕਰਤਾ ਸੀ ਏਸ ਖਸਮਾਂ -ਖਾਣੀ 'ਜਾਦੀ ਨੇ। ਉਦੋਂ ਤਾਂ ਲੱਗੇ ਖਬਨੀ ਲੋਟ ਹੀ ਹੋ ਹੋਜੂ ਸਾਰਾ ਕੁਝ.....ਖਬਨੀ  ਮੁੜ ਹੀ ਪਮਾਂਗੇ ਘਰਾਂ ਨੂੰ।  ਪਰ ਕੀ ਪਤਾ ਸੀ ਉਹਨਾਂ ਘਰਾਂ ਦਾ ਮੂੰਹ ਮੁੜ ਕੇ ਦੇਖਣ ਨੂੰ ਨਹੀਂ ਮਿਲਣਾ। ਜਮਾਂ ਈ ਸਮਝੋਂ ਬਾਹਰ ਦੀ ਸ਼ੈਅ ਸੀ......ਇਹ ਖਸਮਾਂ ਖਾਣੀ 'ਜਾਦੀ।
ਲਹੂ ਪੀਣੀਆਂ ਨੰਗੀਆਂ ਤਲਵਾਰਾਂ ਨਾਲ ਵੱਢ -ਟੁੱਕ ਹੋ ਰਹੀ ਸੀ । ਬਾਬੇ ਨਾਨਕ ਤੇ ਪੀਰਾਂ- ਪੰਗਬਰਾਂ ਦੀ ਧਰਤੀ ਰੱਤ ਨਾਲ ਲਾਲੋ- ਲਾਲ ਹੋ ਗਈ ਸੀ। ਹਾਹਾਕਾਰ ਮੱਚੀ ਵੀ ਸੀ ਚਾਰੇ ਪਾਸੇ।  ਓਦੋਂ ਤਾਂ ਸਾਡਾ ਰੱਬ ਵੀ ਨਹੀਂ ਸੀ ਬੌਹੜਿਆ।  ਉਹ ਵੀ ਪਤਾ ਨੀ ਕਿਹੜੀ ਗੱਲੋਂ ਡਰਿਆ ਕਿਸੇ ਕਾਲ -ਕੋਠੜੀ 'ਚ ਜਾ ਲੁਕਿਆ ਸੀ ਕਿਧਰੇ। ਧੀਆਂ -ਭੈਣਾਂ ਦੀ ਇੱਜ਼ਤ ਸਰੇਆਮ ਨੀਲਾਮ ਹੋਈ ਸੀ। ਕਈਆਂ ਨੇ ਆਪਣੀਆਂ ਧੀਆਂ -ਭੈਣਾਂ ਦੀ ਇੱਜ਼ਤ ਬਚਾਉਣ ਲਈ ਆਪਣੇ ਹੱਥੀਂ ਆਪ ਕਰਪਾਨਾਂ ਨਾਲ ਵੱਢਤਾ ਸੀ ਤੇ ਕਈਆਂ ਨੇ ਆਪਣੀਆਂ ਜਿਉਂਦੀਆਂ ਕੁੜੀਆਂ ਨੂੰ ਨਹਿਰਾਂ 'ਚ ਰੋੜਤਾ ਸੀ.............ਤੇ ਮਗਰੋਂ ਏਧਰ ਆ ਕੇ ਕਈ ਤਾਂ ਜਮਾਂ ਈ ਚੁੱਪ ਕਰਗੇ ਤੇ ਕਈਆਂ ਨੂੰ ਕਮਲੇ ਹੋਏ ਮੈਂ ਆਪ ਦੇਖਿਆ। ਆਪਣੇ ਟੱਬਰ ਨੂੰ .......ਆਪਣੇ ਹੱਥੀਂ ਮਾਰ ਕੇ ਕਿਵੇਂ ਕੋਈ ਜਿਉਂ ਲੂਗਾ ਭਲਾ।  ਮਨ 'ਤੇ ਪਿਆ ਵਜਨ ਕਮਲਾ ਨੀ ਕਰੂ ਤਾਂ ਹੋਰ ਕੀ ਕਰੂ ? ਨਾਲੇ ਆਵਦਾ ਮੁਲਖ ਛੱਡਣਾ ਕੀ ਸੁਖਾਲਾ ਪਿਆ।"

ਬੇਬੇ ਦੀਆਂ ਅੱਖਾਂ 'ਚੋਂ ਧਰਲ -ਧਰਲ ਹੰਝੂ ਵਹਿ ਰਹੇ ਸੀ। ਉਸਨੇ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝੀਆਂ ਤੇ ਨਾਲੇ ਐਨਕ ਨੂੰ। ਫੇਰ ਉਹ ਵੱਡੇ ਦਰਵਾਜ਼ੇ ਵੱਲ ਇਓਂ ਦੇਖਣ ਲੱਗੀ ਜਿਵੇਂ ਪੂੰਝੀ ਹੋਈ ਐਨਕ ਵਿੱਚੋਂ ਉਹਨੂੰ ਦਰਵਾਜ਼ੇ ਦੇ ਪਰਲੇ ਪਾਸੇ 'ਸਾਂਦਲ ਬਾਰ' ਨੂੰ ਜਾਂਦਾ ਖੌਰੇ ਕੋਈ ਰਾਹ ਹੀ ਦਿੱਖ ਜਾਊ। 

ਆਪਣਾ ਪਿੰਡ ਫਿਰ ਤੋਂ ਦੋਬਾਰਾ ਦੇਖੇ ਬਿਨਾਂ ਹੀ ਬੇਬੇ ਤਾਂ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਈ ਪਰ ਓਸ ਦੇ ਹੰਝੂ ਜੁਗਨੀ ਦੀਆਂ ਅੱਖਾਂ ਰਾਹੀਂ ਅੱਜ ਵੀ ਵਹਿ ਰਹੇ ਨੇ। ਜੁਗਨੀ ਕੋਲ਼ ਤਾਂ ਹੁਣ ਬੇਬੇ ਦੀ ਮਲਮਲ ਦੀ ਚੁੰਨੀ ਵੀ ਨਹੀਂ ਜਿਸ ਨਾਲ ਅੱਖਾਂ ਪੂੰਝ ਕੇ ਉਹ ਬੇਬੇ ਦੀ ਸਾਂਦਲ ਬਾਰ ਵੇਖ ਸਕੇ। 

ਕੱਤਦੀ ਬੇਬੇ 
ਛੋਹ ਪੂਣੀ ਜਾ ਪੁੱਜੀ 
ਬਾਰ ਦੀ ਜੂਹੇ।  

ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 32 ਵਾਰ ਪੜ੍ਹੀ ਗਈ। 

ਜੁਗਨੀਨਾਮਾ ਦੀ ਪਿਛਲੀ ਲੜੀ ਜੋੜਨ ਲਈ ਇੱਥੇ ਕਲਿੱਕ ਕਰੋ 

10 Aug 2014

ਰੱਖੜੀ (ਸੇਦੋਕਾ)

ਵੀਰ ਉਡੀਕੇ 
ਭੈਣ ਦੀਆਂ ਰਾਹਾਂ ਨੂੰ 
ਹੱਸੇ ਅੱਜ ਰੱਖੜੀ 
ਬੱਝੀ ਗੁੱਟ 'ਤੇ 
ਭੈਣ ਦੇ ਤਰਲੇ 'ਚ 
ਕਿਤੇ ਰੋਂਦੀ ਰੱਖੜੀ। 



ਅੰਮ੍ਰਿਤ ਰਾਏ (ਪਾਲੀ)
ਫਾਜ਼ਿਲਕਾ 

ਨੋਟ : ਇਹ ਪੋਸਟ ਹੁਣ ਤੱਕ 11 ਵਾਰ ਪੜ੍ਹੀ ਗਈ। 

9 Aug 2014

ਬੁੱਲੇ ਦੇ ਦੇਸ਼ੋਂ (ਹਾਇਬਨ)


Click the arrow to listen.....Bulle de deshon
                             
ਕੈਲਗਿਰੀ ਦੇ ਟੀ. ਡੀ. ਮਾਲ ਦੀ ਚੌਥੀ ਮੰਜ਼ਿਲ..........ਸੁੰਦਰ ਬਾਗ.......ਫ਼ੋਟੋਗ੍ਰਾਫ਼ੀ ਅਜ਼ਮਾ ਰਹੇ ਸੀ ਕਿ ਇੱਕ ਕੁੜੀ ਨੇ ਹੌਲੇ ਜਿਹੇ ਆ ਕੇ ਕਿਹਾ, " ਲਓ ਜੀ ਮੈਂ ਤੁਹਾਡੀ ਫ਼ੋਟੋ ਕਰਦੀ ਹਾਂ। " ਬੜੇ ਸਲੀਕੇ ਨਾਲ ਮੇਰੀ ਚੁੰਨੀ ਸੁਆਰਦੀ ਉਹ ਬੋਲੀ, " ਮੈਂ ਫ਼ੈਸਲਾਬਾਦ ਤੋਂ ਹਾਂ ਤੇ ਨਾਂ ਹੈ ਸੁਮੈਰਾ। " ਫ਼ੈਸਲਾਬਾਦ ਜਾਣੀ ਲਾਇਲਪੁਰ.....ਮੇਰੇ ਪਿਤਾ ਜੀ ਦਾ ਜਨਮ ਅਸਥਾਨ । ਸੁਣਦਿਆਂ ਬੜਾ ਅਜੀਬ ਅਹਿਸਾਸ ਹੋਇਆ ਤੇ ਇੱਕ ਖ਼ਾਸ ਲੋਰ ਜਿਹੀ ਆ ਗਈ। ਬਚਪਨ ਤੋਂ ਹੀ ਲਾਇਲਪੁਰ ਦੀਆਂ ਗੱਲਾਂ ਸੁਣਦਿਆਂ ਇਸ ਨੂੰ ਜਾਣਿਆ ਹੀ ਨਹੀਂ ਸਗੋਂ ਮਾਣਿਆ ਵੀ ਹੈ। ਉਹ ਲਾਇਲਪੁਰ ਜਿੱਥੇ ਮੇਰੇ ਦਾਦੇ ਦੀ ਰੂਹ ਵੱਸਦੀ ਰਹੀ ਤੇ ਮੇਰੇ ਪਿਤਾ ਦੇ ਚੇਤਿਆਂ 'ਚ ਚੱਕ ਨੰ: 52 ਦੇ ਖੇਤ -ਖਲਿਆਰ ਤੇ ਅੰਬਾਂ ਦੇ ਬਾਗ ਹਾਲੇ ਵੀ ਖਿੱਚਾਂ ਪਾਉਂਦੇ ਨੇ। ਫੈਸਲਬਾਦ ਮੈਨੂੰ ਹਮੇਸ਼ਾਂ ਹੀ ਭਾਵੁਕ ਕਰ ਜਾਂਦਾ ਹੈ। 
            " ਸੁਮੈਰਾ...ਬੜਾ ਸੋਹਣਾ ਨਾਂ ਹੈ ਤੇ ਤੂੰ ਤਾਂ ਪੰਜਾਬੀ ਵੀ ਬੜੀ ਸੋਹਣੀ ਬੋਲਦੀ ਏਂ " ਮੈਂ ਧੰਨਵਾਦੀ ਸ਼ਬਦਾਂ ਵਜੋਂ ਕਿਹਾ। ਸੁਮੈਰਾ ਮੁਸਕਰਾ ਕੇ ਕਹਿਣ ਲੱਗੀ , " ਮੈਂ ਐਮ. ਏ. ਪੰਜਾਬੀ ਤੇ ਐਲ.ਐਲ. ਬੀ. ਕੀਤੀ ਹੋਈ ਹੈ ਤੇ ਸ਼ਾਇਰਾ ਵੀ ਹਾਂ। " ਗੱਲਾਂ ਦਾ ਸਿਲਸਿਲਾ ਸ਼ੁਰੂ ਹੋਇਆ ......ਪੀਰਾਂ ਫਕੀਰਾਂ ਤੇ ਸੂਫ਼ੀਆਂ ਦੇ ਮੰਥਨ ਦਾ। ਉਹ ਕੁੜੀ ਗਹਿਰ -ਗੰਭੀਰ ਬਣੀ ਹੋਈ ਸੋਹਣੀ ਸੂਰਤ ਤਾਂ ਸੀ ਹੀ ਤੇ ਹੁਣ ਸੀਰਤ ਉਸ ਦੇ ਵਿਚਾਰਾਂ ਵਿੱਚੋਂ ਝਲਕ ਰਹੀ ਸੀ। ਸ਼ਹਿਦ ਵਰਗੀ ਮਿੱਠੀ ਬੋਲੀ ਤੇ ਅਰਬੀ -ਫ਼ਾਰਸੀ ਦੇ ਅਲਫ਼ਾਜ਼ਾਂ ਨਾਲ ਭਰਪੂਰ ਪੰਜਾਬੀ ਉਹ ਬੋਲ ਰਹੀ ਸੀ। ਅਸਾਂ ਸ਼ਾਇਰੀ ਵੀ ਕੀਤੀ। 
            ਵਿਦਾ ਲੈਣ ਲੱਗਿਆਂ ਜਦ ਉਹ ਮੇਰੇ ਗੱਲ ਲੱਗੀ ਤਾਂ ਮੇਰਾ ਆਪਾ ਬੋਲ ਪਿਆ, " ਦੇਖ ਸੁਮੈਰਾ ....ਤੇਰੀ ਮੇਰੀ ਇੱਕ ਸਾਂਝ ਹੈ ਪੰਜਾਬੀ ਹੋਣ ਦੀ .....ਦੂਜੀ ਪੰਜਾਬੀ ਐਮ. ਏ. ਹੋਣ ਦੀ ......ਤੀਜੀ ਫ਼ੈਸਲਾਬਾਦ ਦੀ ਤੇ ਚੌਥੀ ਹੈ ਸ਼ਾਇਰੀ ਦੀ ਸਾਂਝ। ਤੂੰ ਬਾਬਾ ਫ਼ਰੀਦ, ਵਾਰਿਸ ਤੇ ਬੁੱਲੇ ਦੇ ਦੇਸ਼ੋਂ ਠੰਡੀ ਹਵਾ ਦਾ ਬੁੱਲਾ ਬਣ ਕੇ ਆਈਂ ਹੈਂ......ਤੇ ਮੈਨੂੰ ਮੋਹ ਗਈ ਏਂ। ਰੱਬ ਕੋਲ ਦੁਆ ਕਰਾਂਗੀ ਕਿ ਇਹ ਸਾਂਝ ਬਣੀ ਰਹੇ। "
            ਕੁਝ ਦਿਨਾਂ ਬਾਅਦ ਮੇਰਾ ਟੀ. ਡੀ. ਮਾਲ ਜਾਣ ਦਾ ਫਿਰ ਸਬੱਬ ਬਣਿਆ। ਉਹੀਓ ਬਾਗ ਘੁੰਮਿਆ  .....ਕੌਫ਼ੀ ਵੀ ਪੀਤੀ ਪਰ ਮਨ ਨਾ ਜਾਣੇ ਕਿਓਂ ਉਦਾਸ ਸੀ।ਸਮਝ ਨਹੀਂ ਆ ਰਹੀ ਸੀ ਕਿ ਅੱਜ ਫੇਰ ਮੈਂ ਇੱਥੇ ਕੀ ਲੈਣ ਆ ਗਈ ਸੀ ? ਮੇਰੀਆਂ ਅੱਖਾਂ ਸ਼ਾਇਦ ਸੁਮੈਰਾ ਨੂੰ ਹੀ ਲੱਭ ਰਹੀਆਂ ਸਨ ਤੇ ਇਹ ਉਸ ਦੀ ਖਿੱਚ ਹੀ ਸੀ ਜੋ ਮੈਨੂੰ ਇੱਥੇ ਲੈ ਆਈ ਸੀ। 

ਬੁੱਲੇ ਦੇ ਦੇਸ਼ੋਂ -
ਠੰਡੀ ਹਵਾ ਦਾ ਬੁੱਲਾ 
ਟੱਪਿਆ ਹੱਦਾਂ। 

ਪ੍ਰੋ. ਦਵਿੰਦਰ ਕੌਰ ਸਿੱਧੂ 
(ਕੈਲਗਿਰੀ -ਕਨੇਡਾ )
ਨੋਟ: ਇਹ ਪੋਸਟ ਹੁਣ ਤੱਕ 77 ਵਾਰ ਵੇਖੀ ਗਈ। 

4 Aug 2014

ਜੁਗਨੀਨਾਮਾ (ਹਾਇਬਨ) 1. ਲਿਸ਼ਕੀ ਧੁੱਪ

 ਸਿਆਲੂ ਰੁੱਤ......ਧੁੰਦਾਂ ਭਰੇ ਦਿਨ .....ਬਨੇਰਿਆਂ 'ਤੇ ਬੈਠੀ ਪਾਲੇ ਨਾਲ ਸੁੰਗੜੀ ਠੁਰ -ਠੁਰ ਕਰਦੀ ਧੁੱਪ। ਘਰ ਦੇ ਚੜ੍ਹਦੇ ਪਾਸੇ ਵੱਲ ਠਾਰੀ ਭੰਨਣ ਲਈ ਓਟੇ ਦੇ ਓਹਲੇ ਜੁਗਨੀ ਦੀ ਵੱਡੀ ਬੇਬੇ ਧੰਨ ਕੁਰ ਮੰਜੀ 'ਤੇ ਟੋਟੇ ਦੀ ਬੁੱਕਲ ਮਾਰੀ ਬੈਠੀ ਸੀ । ਬੇਬੇ ਧੰਨ ਕੁਰ ਬੜੀ ਹੀ ਸਚਿਆਰੀ ਤੇ ਕਾਮੀ ਬੁੜੀ ਸੀ।  ਹਰ ਵੇਲ਼ੇ ਕੋਈ ਨਾ ਕੋਈ ਕੰਮ ਵਿੱਢੀ ਹੀ ਰੱਖਦੀ। ਕਦੇ ਉਹ ਰੂੰ ਪਿੰਜਵਾਉਂਦੀ, ਪੂਣੀਆਂ ਵੱਟਦੀ , ਚਰਖਾ ਕੱਤਦੀ ਤੇ ਸੂਤ ਅਟੇਰਦੀ। ਕਦੇ ਦਰੀਆਂ ਖੇਸ ਬੁਣਦੀ ਜਾਂ ਫਿਰ ਬੰਬਲ਼ ਵੱਟਦੀ। ਕਿਸੇ ਨੇ ਨਵਾਂ ਚੁੱਲ੍ਹਾ -ਹਾਰਾ ਪੱਥਣਾ ਹੁੰਦਾ ਜਾਂ ਟਾਂਡਾ ਬਨਾਉਣੀਆਂ ਹੁੰਦੀਆਂ ਬੇਬੇ ਦੀ ਸਲਾਹ ਜ਼ਰੂਰ ਲਈ ਜਾਂਦੀ।  '47 ਦੇ ਹੱਲਿਆਂ ਤੋਂ ਪਹਿਲਾਂ ਬੇਬੇ ਦਾ ਪਰਿਵਾਰ ਲਾਇਲਪੁਰ (ਸਾਂਦਲ ਬਾਰ )ਦੇ ਇਲਾਕੇ 'ਚ ਰਹਿੰਦਾ ਸੀ। ਬੇਬੇ ਅਕਸਰ ਅਤੀਤ 'ਚ ਗੁਆਚੀ ਜੁਗਨੀ ਨੂੰ ਬਾਰ ਦੀਆਂ ਗੱਲਾਂ ਸੁਣਾਉਂਦੀ। 
ਹਾਜ਼ਰੀ ਵੇਲ਼ੇ ਦੀ ਖਾ ਕੇ ਥਾਲੀ ਨੂੰ ਮੰਜੀ ਹੇਠ ਸਰਕਾਉਂਦਿਆਂ ਬੇਬੇ ਨੇ ਕੋਲ ਬੈਠੀ ਜੁਗਨੀ ਨੂੰ ਹੱਥ ਨਾਲ਼ ਇਸ਼ਾਰਾ ਕਰਦਿਆਂ ਕਿਹਾ, " ਕੁੜੇ ਪੁੱਤ ਜੁਗਨੀ, ਭੋਰਾ ਗੁੜ ਦੀ ਰੋੜੀ ਤਾਂ ਲਿਆਈਂ।  ਐਂ ਕਰੀਂ ......ਨਾਲੇ ਆਉਂਦੀ ਵੀ ਸੂਤ ਆਲਾ ਬੋਹੀਆ ਚੱਕੀਂ ਆਈਂ।" ਬੇਬੇ ਸੂਤ ਅਟੇਰਨ ਲੱਗੀ ਤੇ ਜੁਗਨੀ ਆਪਣਾ ਸਕੂਲ ਦਾ ਕੰਮ ਮੁਕਾਉਣ 'ਚ ਰੁੱਝ ਗਈ।
ਪੜ੍ਹਾਈ ਕਰਦੀ ਜੁਗਨੀ ਦਾ ਧਿਆਨ ਵਾਰ -ਵਾਰ ਬੇਬ ਵੱਲ ਚੱਲਿਆ ਜਾਂਦਾ। ਜੁਗਨੀ ਦਾ ਖ਼ਿਆਲ ਸੀ ਕਿ ਬੇਬੇ ਅੱਜ ਫੇਰ ਕੋਈ ਹੱਡ -ਬੀਤੀ ਸੁਣਾਊ। ਪਰ ਗੱਲਾਂ 'ਚੋਂ ਗੱਲਾਂ ਕੱਢਣ ਵਾਲੀ ਬੇਬੇ ਆਪਣੀ ਆਦਤ ਤੋਂ ਉਲਟ ਅੱਜ ਕੁਝ ਜ਼ਿਆਦਾ ਹੀ ਚੁੱਪ ਬੈਠੀ ਸੀ। ਜੁਗਨੀ ਤੋਂ ਰਿਹਾ ਨਹੀਂ ਗਿਆ, " ਬੇਬੇ ਤੂੰ ਤਾਂ ਚੁੱਪ ਕਰਾਇਆਂ ਚੁੱਪ ਨੀ ਸੀ ਹੁੰਦੀ, ਅੱਜ ਤੈਨੂੰ ਕੀ ਹੋ ਗਿਆ?
"ਪੁੱਤ ਹੁਣ ਤਾਂ 'ਗਾਹਾਂ ਨੂੰ ਜਾਣ ਦੀਆਂ ਤਿਆਰੀਆਂ ਨੇ। ਨਾ ਚੰਗੂ ਦੀਂਹਦਾ ਤੇ ਨਾ ਚੰਗੂ ਤੁਰਿਆ ਜਾਂਦਾ।  ਗੋਡੇ -ਗਿੱਟੇ ਜਮਾਂ ਹੀ ਖੜ੍ਹਗੇ ਹੁਣ ਤਾਂ। ਬੰਦਾ ਤਾਂ ਕਹਿੰਦੇ .....ਪਾਣੀ ਦਾ ਬੁਲਬਲਾ ......ਖੌਰੇ ਕਦੋਂ ਹਵਾ ਨਿਕਲ ਜਾਵੇ।" ਬੇਬੇ ਨੇ ਉੱਲਝਦੇ ਜਾਂਦੇ ਗਲੋਟਿਆਂ ਨੂੰ ਠੀਕ ਕਰਦੇ ਲੰਮੇਰਾ ਸਰਦ ਹਉਕਾ ਲੈਂਦਿਆਂ ਕਿਹਾ।
" ਲੈ ਬੇਬੇ ਐਂ ਕਿਉਂ ਕਹਿਨੀ ਐਂ .....ਅਜੇ ਤਾਂ ਮੈਂ ਤੈਥੋਂ ਬੌਤ ਕੁਛ ਸਿੱਖਣਾ" ਜੁਗਨੀ ਨੇ ਬੇਬੇ ਦੀ ਨਿਰਾਸ਼ਤਾ ਤੋੜਨ ਲਈ ਕਿਹਾ। ਐਨੀ ਗੱਲ ਸੁਣਦਿਆਂ ਹੀ ਬੇਬੇ ਦਾ ਹਰਾਸਿਆ ਚਿਹਰਾ ਚਮਕ ਗਿਆ।  ਬੇਬੇ ਆਪਣੇ ਰੌਂਅ 'ਚ ਆਉਂਦਿਆਂ ਬੋਲੀ," ਪੁੱਤ ਤੂੰ ਭੋਰਾ ਸੰਸਾ ਨਾ ਮੰਨ, ਐਡੀ ਛੇਤੀ ਨੀ ਮੈਂ ਜਾਂਦੀ ਕਿਧਰੇ। ਤੂੰ ਐਂ ਕਰ .....ਆਵਦੇ ਝੋਲੇ 'ਚੋਂ ਕਾਗਦ -ਪਿਲ਼ਸਲ਼ ਕੱਢ।" 
" ਕਾਗਜ਼ -ਪੈਨਸਿਲ ਕਾਹਦੇ ਲਈ?" ਜੁਗਨੀ ਨੇ ਬੇਬੇ ਦੀ ਆਖਰੀ ਗੱਲ ਦੁਹਰਾਉਂਦਿਆਂ ਪੁੱਛਿਆ। " ਤੈਥੋਂ ਚਿੱਠੀ ਲਖਾਉਣੀ ਆ, ਸਾਂਝਾ ਖੱਤ, ਤੇਰੇ ਬਰਗੀਆਂ ਕੁੜੀਆਂ -ਕੱਤਰੀਆਂ ਦੇ ਨਾਉਂ। " ਓਸ ਤੋਂ ਮਗਰੋਂ ਬੇਬੇ ਪਤਾ ਨਹੀਂ ਕਿੰਨਾ ਚਿਰ ਬੋਲੀ ਗਈ ਤੇ ਜੁਗਨੀ ਬੇਬੇ ਦੇ ਡੂੰਘੇ ਵਿਚਾਰਾਂ ਨੂੰ ਕਾਗਜ਼ ਦੇ ਨਾਲ਼ - ਨਾਲ਼ ਆਪਣੀ ਮਨ ਦੀ ਤਖਤੀ 'ਤੇ ਵੀ ਉੱਕਰਦੀ ਗਈ। 

ਤਰੇਲ਼ੀ ਠੰਢ - 
ਬੇਬੇ ਨੇ ਤੋੜੀ ਚੁੱਪ 
ਲਿਸ਼ਕੀ ਧੁੱਪ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ।