ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Mar 2017

ਜ਼ਰਦ ਪੱਤਾ

Image result for budgie
ਅਚਾਨਕ ਬਦਲਿਆ ਸੀ ਮੌਸਮ ਦਾ ਮਿਜ਼ਾਜ਼। ਵੱਡੇ ਤੜਕੇ ਹੋਈ ਸੀ ਬੇਮੌਸਮੀ ਭਾਰੀ ਬਰਸਾਤ। ਤੁਫ਼ਾਨੀ ਹਵਾਵਾਂ ਵਗਣ ਤੋਂ ਬਾਦ ਹੁਣ ਚਾਰੇ ਪਾਸੇ ਮਰਨਾਊ ਚੁੱਪੀ ਦਾ ਪਸਾਰਾ ਸੀ। ਉਸ ਦੇ ਵਿਹੜੇ ' ਲੱਗੇ ਫੁੱਲ -ਬੂਟੇ ਤੇਜ਼ ਹਨ੍ਹੇਰੀ ਨਾਲ ਝੰਬੇ ਗਏ ਸਨ।ਕਿਆਰੀਆਂ '  ਇਧਰ ਓਧਰ ਉੱਡਦੇ ਸੁੱਕੇ ਪੀਲੇ ਤੇ ਭੂਰੇ ਪੱਤੇ ਸਹਿਕ ਰਹੇ ਸਨ। ਸਿਸਕਦੀ ਹਵਾ ਦਮ ਤੋੜਦੀ ਜਾਪ ਰਹੀ ਸੀ। ਉਸ ਦੇ ਖ਼ਾਮੋਸ਼ ਵਿਹੜੇ ਨੇ ਇੱਕ ਝੱਖੜ ਝੁੱਲਣ ਵਾਂਗ ਫਿਰ ਹਾਉਕਾ ਲਿਆ। ਉਸ ਦਾ ਕੁੱਤਾ ਘਰ ਦੇ ਬੂਹੇ ਅੱਗੇ ਸਿਰ ਸੁੱਟੀ ਉਦਾਸ ਜਿਹਾ ਬੈਠਾ ਸੀ। ਕਦੇ ਕਦੇ ਘਰ ਅੰਦਰ ਜਾ ਕੇ ਹਰ ਇੱਕ ਖੂੰਜਾ ਸੁੰਘਦਾ ਆਪਣੇ ਮਾਲਕ ਨੂੰ ਲੱਭਣ ਲੱਗਦਾ। ਉਸ ਦਾ ਮਾਲਕ ਵੀ ਜਾ ਰਲਿਆ ਸੀ ਹੁਣ ਆਪਣੀ ਜੀਵਨ ਸਾਥਣ ਦੇ ਨਾਲ ਦੂਰ ਅੰਬਰੀਂ ਇੱਕ ਤਾਰਾ ਬਣ। 
       ਉਸ ਦਾ ਘਰ ਗਲੀ ਦੇ ਮੋੜ 'ਤੇ ਸੀ। ਨਿੱਤ ਆਉਂਦੇ ਜਾਂਦੇ ਰਾਹਗੀਰਾਂ ਨੂੰ ਉਹ ਆਪਣੀ ਪਤਨੀ ਨਾਲ ਬਾਹਰ ਬਰਾਂਡੇ ' ਬੈਠਾ ਕਦੇ ਚਾਹ ਦੀਆਂ ਚੁਸਕੀਆਂ ਭਰਦਾ ਤੇ ਕਦੇ ਅਖ਼ਬਾਰ ਜਾਂ ਰੇਡੀਓ ਨਾਲ ਮਨ ਪ੍ਰਚਾਉਂਦਾ ਨਜ਼ਰ ਆਉਂਦਾ। ਕੋਲ਼ ਹੀ ਉਸ ਦੇ ਘਰ ਦੇ ਬਾਕੀ ਜੀਅ ਵੀ ਹਾਜ਼ਰੀ ਭਰਦੇ ਹੁੰਦੇ। ਜਿਨ੍ਹਾਂ ' ਦੋ ਖ਼ਰਗੋਸ਼ਇੱਕ ਕੁੱਤਾ, ਬਿੱਲੀ ਤੇ ਇੱਕ ਬਜਰੀਗਰ ਸ਼ਾਮਿਲ ਸਨ । ਅੱਜ ਵੀ ਉਹ ਸਾਰੇ ਉੱਥੇ ਹੀ ਬੈਠੇ ਸਨ ਆਪਣੇ ਮਾਲਕ ਦੇ ਨਿੱਘ ਤੋਂ ਸੱਖਣੇ। ਅੱਜ ਉਨ੍ਹਾਂ ਦੀਆਂ ਖ਼ਾਮੋਸ਼ ਸੈਨਤਾਂ ਦਾ ਹੁੰਗਾਰਾ ਭਰਨ ਵਾਲਾ ਕੋਈ ਨਹੀਂ ਸੀ। ਇਓਂ ਲੱਗਦਾ ਸੀ ਜਿਵੇਂ ਉਨ੍ਹਾਂ ਦੇ ਗੂੰਗੇ ਹਾਉਕੇ ਪਪੀਹੇ ਵਾਂਗੂ ਵਰਲਾਪ ਕਰਦੇ ਹੋਣ। ਜਾਨਵਰਾਂ ਦੀ ਆਵਾਜ਼ ਬਣੀ ਇੱਕ ਸੰਸਥਾ ਉਨ੍ਹਾਂ ਸਭਨਾਂ ਨੂੰ ਆਪਣੇ ਨਾਲ ਲੈ ਗਈ ਸਿਵਾਏ ਇੱਕ ਬਜਰੀਗਰ ਦੇ। 
        ਉਸ ਰੰਗੀਨ ਬਜਰੀਗਰ ਨੂੰ ਉਸ ਦੀ ਨਿੱਕੀ ਪੋਤੀ ਨੇ ਕਿਸੇ ਨੂੰ ਹੱਥ ਨਹੀਂ ਸੀ ਲਾਉਣ ਦਿੱਤਾ। ਕਦੇ -ਕਦੇ ਦਾਦੇ ਨੂੰ ਮਿਲਣ ਆਈ ਉਹ ਉਸ ਰੰਗੀਲੇ ਪੰਛੀ ਨਾਲ ਖੇਡਦੀ ਰਹਿੰਦੀ ਜਿਸ ਨੂੰ ਉਹ ਪਿਕਸੀ ਬੁਲਾਉਂਦੀ ਸੀ  ਸ਼ਾਇਦ ਉਸ ਦੀ ਰੰਗੀਨ ਖੂਬਸੂਰਤੀ ਹੀ ਉਸ ਨੂੰ ਵਾਰ ਵਾਰ ਇੱਥੇ ਲੈ ਆਉਂਦੀ ਸੀ। ਨਿੱਕੀ ਹੁਣ ਪਿਕਸੀ ਦੀ ਨਵੀਂ ਮਾਲਕਣ ਸੀ ਤੇ ਉਨ੍ਹਾਂ ਦੀ ਜਾਣ -ਪਛਾਣ ਵੀ ਪੁਰਾਣੀ  ਸੀ। ਉਹ ਆਪਣੇ ਦਾਦੇ ਵਾਂਗਰ ਹੀ ਪਿਕਸੀ ਨੂੰ ਤਲੀ 'ਤੇ ਚੋਗ ਚੁਗਾਉਂਦੀ। ਕਦੇ ਖੇਡਦੀ ਤੇ ਕਦੇ ਉਸ ਲਈ ਗੀਤ ਗਾਉਂਦੀ। ਪਰ ਇਹ ਸਿਲਸਿਲਾ ਕੋਈ ਬਹੁਤਾ ਲੰਮਾ ਨਾ ਚੱਲ ਸਕਿਆ  ਨਾ ਕੋਈ ਰੋਗ ਨਾ ਬਿਮਾਰੀਦੋ ਕੁ ਹਫ਼ਤਿਆਂ ਦੇ ਵਕਫ਼ੇ ਬਾਦ ਉਸ ਰੰਗੀਨ ਪੰਛੀ ਨੇ ਮੌਤ ਨੂੰ ਗਲ ਲਾ ਲਿਆ ਸੀ । ਸ਼ਾਇਦ ਉਸ ਨੂੰ ਲੱਗਾ ਚੰਦਰਾ ਰੋਗ ਨਾ ਕਿਸੇ ਨੂੰ ਨਜ਼ਰ ਆਇਆ ਤੇ ਨਾ ਸਮਝ ਹੀ ਲੱਗਿਆ । 
       ਕੌਣ ਕਹਿੰਦੈ ਕਿ ਪੰਛੀਆਂ ਦੇ ਦਿਲ ਨਹੀਂ ਟੁੱਟਦੇ। ਆਪਣੇ ਮਾਲਕ ਦੇ ਹੱਥਾਂ ਦੀ ਛੋਹ ਤੋਂ ਵਿਰਵੇ ਪੰਛੀ ਦੇ ਜਿਉਣ ਦਾ ਲਰਜ਼ਦਾ ਅਹਿਆਸ ਸ਼ਾਇਦ ਆਪੂੰ ਹੀ ਦਮ ਤੋੜ ਗਿਆ ਸੀ। 

ਸੁੰਨਾ ਵਿਹੜਾ 
ਟਾਹਣੀਓਂ ਟੁੱਟਿਆ 
ਜ਼ਰਦ ਪੱਤਾ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 235 ਵਾਰ ਪੜ੍ਹੀ ਗਈ ਹੈ।

30 Mar 2017

ਮੌਤ

Image result for death lineਐ ਮੌਤ
ਤੂੰ ਕੀ ਹੈ
ਨਿਰਾਧਾਰ
ਨਿਰਾਕਾਰ
ਕਦੇ ਸੋਚਿਆ
ਆਪਣੇ ਵਜੂਦ ਬਾਰੇ
ਇੱਕ ਰੇਖਾ ਦਾ ਅੰਤਿਮ ਸਿਰਾ
ਜੋ ਜੀਵਨ ਘੜਦਾ ਹੈ
ਰੇਖਾ ਮਿਟੇ ਤੂੰ ਵੀ ਮਿਟ ਜਾਂਦੀ।
ਤਨ ਦੀ ਜੋਤ ਖਿੱਚ ਕੇ
ਤੂੰ ਆਕਾਰ ਬਣਾ
ਉੜਦੀ ਜਾਵੇਂ  
ਆਪਣੇ ਨੂੰ ਅਮਰ ਸਮਝੇ।
ਬਿੰਨ ਤਨ ਤੋਂ ਤੇਰਾ
ਹੋਣਾ ਨਾ ਹੋਣਾ
ਇੱਕ ਬਰਾਬਰ
ਕਰੇ ਕਾਹਦਾ ਗਰੂਰ ?
ਨਾ ਕਿਸੇ ਦੀ ਸਖ਼ੀ ਨਾ ਸਹੇਲੀ
ਕੋਈ ਕਿਸਮਤ ਮਾਰਿਆ ਹੀ
ਤੈਨੂੰ ਗਲੇ ਲਗਾਏ
ਫਿਰ ਮੁਕਤੀ ਦੀ ਭਾਲ ‘ਚ ਭਟਕੇ ।

ਕਮਲਾ ਘਟਾਔਰਾ 
ਯੂ ਕੇ 

ਨੋਟ : ਇਹ ਪੋਸਟ ਹੁਣ ਤੱਕ 52 ਵਾਰ ਪੜ੍ਹੀ ਗਈ ਹੈ।

29 Mar 2017

ਰੁੱਤ ਬਦਲੀ

Displaying rose.png
ਫੁੱਲਾਂ ਦਾ ਬੂਟਾ 
ਕੌਣ ਇੱਥੇ ਲਾ ਗਿਆ 
ਖਿੜੇ ਫੁੱਲੀਂ ਲੱਦਿਆ ।
ਰੁੱਤ ਬਦਲੀ 
ਕੀ ਕੁਝ ਪੁੰਗਰਿਆ 
ਹਰੀ ਭਰੀ ਏ ਗੋਦ ।

ਦਿਲਜੋਧ ਸਿੰਘ 
ਨੋਟ : ਇਹ ਪੋਸਟ ਹੁਣ ਤੱਕ 48 ਵਾਰ ਪੜ੍ਹੀ ਗਈ ਹੈ।

28 Mar 2017

ਹਸਰਤ


ਮਨ ਦੇ ਕਿਸੇ ਖੂੰਜੇ 
ਚੁੱਪ ਛੁੱਪ ਬੈਠੀ 
ਹੌਕੇ ਹਾਵੇ ਭਰਦੀ 
ਓਸ ਹਸਰਤ ਨੂੰ 
ਇੰਝ ਹੀ ਖੁਦ 
ਸਮਝਾ ਲੈਂਦਾ ਹਾਂ 
ਆਪੇ 'ਚੋਂ ਹੋ ਕੇ 
ਲੰਘ ਆਪੇ ਨੂੰ 
ਪਰਚਾ ਲੈਂਦਾ ਹਾਂ 
ਬੱਸ ਇੰਝ ਹੀ 
ਧੁੱਪ ਦੀ ਇੱਕ ਕਾਤਰ 
ਆਪਣੇ ਕਲਾਵੇ 
ਭਰ ਲੈਂਦਾ ਹਾਂ !

ਡਾ.ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 98 ਵਾਰ ਪੜ੍ਹੀ ਗਈ ਹੈ।

27 Mar 2017

ਬੋਲਣ ਵਾਲ਼ੇ ਅਤੇ ਸੁਣਨ ਵਾਲ਼ੇ ਦਰਮਿਆਨ ਸੰਚਾਰ ਸਬੰਧ


No automatic alt text available.
ਹਰ ਇੰਨਸਾਨ ਜੀਵਨ ਵਿੱਚ ਬੁਲਾਰਾ ਵੀ ਹੈ ਤੇ ਸਰੋਤਾ ਵੀ, ਇਸ ਲਈ ਇਹਨਾਂ ਦੋਹਾਂ ਧਿਰਾਂ ਵਿਚਕਾਰ ਸੁਹਿਰਦ ਅਤੇ ਵਾਜਿਬ ਸੰਚਾਰ ਬੜਾ ਹੀ ਜ਼ਰੂਰੀ ਹੈ। ਬੁਲਾਰੇ ਦੇ ਰੂਪ ਵਿੱਚ ਇੰਨਸਾਨੀ ਸੂਝ ਅਤੇ ਸਿਆਣਪ ਦੀ ਹਾਂ-ਪੱਖੀ ਅਤੇ ਪ੍ਰੇਰਨਾਮਈ ਪਹਿਚਾਣ ਇਹ ਹੈ ਕਿ ਉਹ ਵਾਰਤਾਲਾਪ ਕਰ ਰਹੇ ਬੰਦੇ ਨੂੰ ਆਪਾ ਪ੍ਰਗਟਾਉਣ ਲਈ ਉਤਸ਼ਾਹਿਤ ਕਰੇ ਨਾ ਕਿ ਨਿਰਉਤਸ਼ਾਹਿਤ। ਪਰ ਅਫ਼ਸੋਸ ਕਿ ਬਹੁਤੀ ਵਾਰੀ ਏਦਾਂ ਨਹੀਂ ਹੁੰਦਾ। ਅਸੀਂ ਸਮਾਜਿਕ ਵਰਤਾਰੇ ਅਤੇ ਪ੍ਰੋਗਰਾਮ ਅਧੀਨ ਇਹ ਮਹੱਤਵਪੂਰਨ ਧਾਰਨਾ ਭੁੱਲ ਜਾਂਦੇ ਹਾਂ। ਇਸਦੇ ਕਾਰਣ ਵੀ ਬਹੁ-ਪ੍ਰਤੀ ਹਨ। ਇੱਕ ਤਾਂ ਇਹ ਕਿ ਅਸੀਂ ਸਿਰਫ਼ ਆਪਣੀ ਗੱਲ ਦੀ ਸਰਵ ਉੱਚਤਾ ਦੇ ਧਾਰਨੀ ਹਾਂ। ਸਾਨੂੰ ਇਹ ਠੀਕ ਅਤੇ ਜਾਇਜ਼ ਲੱਗਦਾ ਹੈ ਕਿ ਸਾਡੀ ਗੱਲ ਤੋਂ ਵਧੀਆ, ਉੱਚਿਤ ਅਤੇ ਸਿਖਰ ਦੀ ਗੱਲ ਹੋਰ ਹੋ ਹੀਨਹੀਂ ਸਕਦੀ। ਇਹ ਹੋ ਵੀ ਸਕਦਾ ਹੈ ਅਤੇ ਨਹੀਂ ਵੀ,ਪਰ ਕੀ ਇਹ ਫ਼ੈਸਲਾ ਕਰਨਾ ਸਾਡਾ ਕੰਮ ਹੈ ਜਾਂ ਉਸਦਾ ਜੋ ਸੁਣ ਰਿਹਾ ਹੈ? ਅਸਲ ਵਿੱਚ ਉਸਦਾ, ਕਿਉਂਕਿ ਸਾਡਾ ਨਿਰਪੱਖ ਹੋ ਕੇ ਇਸ ਵਾਰੇ ਸਿੱਟਾ ਕੱਢਣਾ ਔਖਾ ਹੀ ਨਹੀਂ ਸਗੋਂ ਅਸੰਭਵ ਹੈ। ਦੂਜਾ, ਅਸੀਂ ਖੜੋਤ ਵਿੱਚ ਰਹਿ ਕੇ ਬੋਲ ਰਹੇ ਹੁੰਦੇ ਹਾਂ ਅਤੇ ਸੁਣਨ ਵਾਲਾ ਖੜੋਤ ਦੇ ਦਾਇਰੇ ਤੋ ਬਾਹਰ ਹੋ ਕੇ ਸੁਣ ਰਿਹਾ ਹੁੰਦਾ ਹੈ । ਜਾਣੀ ਕਿ ਉਸ ਮੁੱਦੇ ਵਾਰੇ ਅਸੀਂ ਵਿਚਾਰ ਬਣਾ ਚੁੱਕੇ ਹੁੰਦੇ ਹਾਂ ਅਤੇ ਦੂਸਰੇ ਵਿਅਕਤੀ ਨੇ ਬਣਾਉਣਾ ਹੁੰਦਾ ਹੈ । ਤੀਜਾ ਬੋਲਣ ਵਾਲ਼ੇ ਦੀ ਉਮਰ, ਸਿਆਣਪ, ਰਿਸ਼ਤਾ, ਰੁੱਤਬਾ, ਵਿਦਿਆ ਅਤੇ ਵਿਸ਼ੇ ਦੀ ਪਕੜ ਸੁਣਨ ਵਾਲ਼ੇ ਤੇ ਹਾਵੀ ਪ੍ਰਭਾਵ ਛੱਡਦੀ ਹੈ । ਹੋਰ ਬਾਕੀ ਵਰਤਾਰਿਆਂ ਦੇ ਨਾਲ ਨਾਲ ਇਹ ਤਿੰਨ ਮੁੱਖ ਵਰਤਾਰੇ ਵਕਤਾ ਅਤੇ ਸਰੋਤੇ ਵਿੱਚ ਉਸਰ ਗਈ ਕੰਧ ਦਾ ਰੂਪ ਧਾਰਨ ਕਰ ਜਾਂਦੇ ਹਨ । ਸਿੱਟੇ ਵਜੋਂ ਸੰਚਾਰ ਦੀ ਲੜੀ ਲੱਗ ਭੱਗ ਟੁੱਟ ਹੀ ਜਾਂਦੀ ਹੈ । 

ਜੇ ਅਸੀਂ ਇਸ ਨੂੰ ਸਹੀ ਮੰਨ ਲਈਏ ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਅਸੀਂ ਆਪਣੇ ਮਨੋਰਥ ਵਿੱਚ ਸਫ਼ਲ ਹੁੰਦੇ ਹਾਂ ਜਾਂ ਅਸਫ਼ਲ? ਜਵਾਬ ਬਿਲਕੁੱਲ ਸਪੱਸ਼ਟ ਹੈ, ਅਸਫ਼ਲ। ਤੁਸੀਂ ਦੂਸਰੇ ਪਾਸੇ ਦੇ ਵਿਚਾਰਾਂ ਤੋਂ ਵਿਰਵੇ ਰਹਿ ਜਾਂਦੇ ਹੋ। ਸੁਣ ਰਹੇ ਬੰਦੇ ਦੀ ਪ੍ਰਤਿਭਾ ਤੁਹਾਡੀ ਸੰਭਾਵੀ ਸਿਆਣਪ ਦੀ ਸ਼ਿਕਾਰ ਹੋ ਕੇ ਦੱਬੀ ਦੀ ਦੱਬੀ ਰਹਿ ਜਾਂਦੀ ਹੈ । ਤੁਹਾਡੇ ਇੱਕ ਪਾਸੜ, ਹਾਵੀ ਅਤੇ ਕੱਟੜ ਵਿਚਾਰ ਸੁਣਨ ਵਾਲੇ ਤੇ ਸਿਰਫ਼ ਵਕਤੀ ਅਤੇ ਅਸਥਾਈ ਪ੍ਰਭਾਵ ਛੱਡਦੇ ਹਨ । ਭਵਿੱਖ ਵਿੱਚ ਉਹ ਤਹਾਡੇ ਨਾਲ਼ ਵਾਰਤਾਲਾਪ ਜਾਂ ਵਿਚਾਰ ਕਰਨ ਤੋਂ ਕੰਨੀ ਕਤਰਾਉਣ ਲੱਗਦਾ ਹੈ । ਤੁਹਾਡਾ ਆਪਣੇ ਸਹੀ ਹੋਣ ਦਾ ਭਰਮ ਤੁਹਾਡੇ ਵਿਕਾਸ ਨੂੰ ਖੜ੍ਹੇ ਛੱਪੜ ਦਾ ਪਾਣੀ ਬਣਾ ਦਿੰਦਾ ਹੈ। ਉਸਦੇ ਸਾਫ਼ ਹੋਣ ਦੀ ਸੰਭਾਵਨਾ ਬੜੀ ਸੌੜੀ ਅਤੇ ਸੀਮਿਤ ਹੋ ਕੇ ਰਹਿ ਜਾਂਦੀ ਹੈ । ਸਿੱਟਾ ਇਹੀ ਨਿੱਕਲਦਾ ਹੈ ਕਿ ਅਸੀਂ ਵਿਚਾਰਾਂ ਦਾ ਅਦਾਨ ਪ੍ਰਦਾਨ ਕਰਦੇ ਸਮੇਂ ਆਪਣੇ ਗਿਆਨ, ਸਮੇਂ, ਵਿਸ਼ੇ ਦੀ ਸੀਮਾ ਅਤੇ ਸਮਰੱਥਾ ਦਾ ਧਿਆਨ ਰੱਖੀਏ ਤਾਂ ਜੋ ਅਸਲ ਵਿੱਚ ਸੁਣ ਰਹੇ ਬੰਦੇ ਨਾਲ਼ ਅਸੀਂ ਸੁਖਾਵਾਂ ਅਤੇ ਸਿੱਖਿਆਦਾਇਕ ਸਬੰਧ ਕਾਇਮ ਕਰ ਸਕੀਏ, ਜਿਹੜਾ ਦੋਵੇਂ ਧਿਰਾਂ ਨੂੰ ਹਾਂ-ਪੱਖੀ ਸੇਧ ਅਤੇ ਸਿਹਤਮੰਦ ਦਿਸ਼ਾ ਨਿਰਧਾਰਿਤ ਕਰਨ ਵਿੱਚ ਸਹਾਈ ਹੋ ਸਕੇ।

ਅਮਰੀਕ ਪਲਾਹੀ
27/03 /2017 

ਨੋਟ : ਇਹ ਪੋਸਟ ਹੁਣ ਤੱਕ 71 ਵਾਰ ਪੜ੍ਹੀ ਗਈ ਹੈ।

26 Mar 2017

ਚਾਰ ਇੱਟਾਂ

 ਸਾਡੇ ਸਕੂਲ ਦੇ ਮੁੱਖ ਅਧਿਆਪਕ ਰਾਮ ਚੰਦ ਦੀ ਮੈਟ੍ਰਿਕ ਪ੍ਰੀਖਿਆ ਵਿੱਚ ਬੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਖੇ ਸੁਪਰਡੈਂਟ ਦੀ ਡਿਊਟੀ ਲੱਗੀ ਹੋਈ ਸੀ। ਪ੍ਰੀਖਿਆ ਕੇਂਦਰ ਵਿੱਚ ਨਿਗਰਾਨ ਅਮਲੇ ਦੀ ਘਾਟ ਹੋਣ ਕਾਰਨ ਉਣ ਮੈਨੂੰ ਵੀ ਆਪਣੇ ਨਾਲ ਨਿਗਰਾਨ ਡਿਊਟੀ ਕਰਨ ਲਈ ਲੈ ਗਿਆ ਸੀ। ਇੱਕ ਦਿਨ ਅਸੀਂ ਦੋਵੇਂ ਜਣੇ ਮੋਟਰ ਸਾਈਕਲ 'ਤੇ ਪੇਪਰ ਖਤਮ ਹੋਣ ਤੋਂ ਬਾਅਦ ਪ੍ਰੀਖਿਆ ਕੇਂਦਰ ਤੋਂ ਵਾਪਸ ਆ ਰਹੇ ਸਾਂ ਕਿ ਅਚਾਨਕ ਰਾਮ ਚੰਦ ਨੇ ਮੋਟਰ ਸਾਈਕਲ ਰੋਕਿਆ ਅਤੇ ਮੈਨੂੰ ਆਖਿਆ, "ਸੰਧੂ ਸਾਹਿਬ , ਉਤਰਿਓ ਜ਼ਰਾ। ਆ ਵੇਖੋ ਸੜਕ ਦੇ ਐਨ ਵਿਚਕਾਰ ਚਾਰ ਇੱਟਾਂ ਕਿਸੇ ਟਰਾਲੀ 'ਚੋਂ ਡਿੱਗੀਆਂ ਪਈਆਂ ਆਂ। ਕਿਸੇ ਵੀ ਸਕੂਟਰ /ਮੋਟਰ ਸਾਈਕਲ ਵਾਲੇ ਦਾ ਟਾਇਰ ਇਨ੍ਹਾਂ ਇੱਟਾਂ 'ਚ ਵੱਜ ਸਕਦਾ ਆ। ਇਸ ਤਰਾਂ ਜਾਨੀ ਨੁਕਸਾਨ ਹੋ ਸਕਦਾ ਆ। "
   ਮੈਂ ਮੋਟਰ ਸਾਈਕਲ ਤੋਂ ਉੱਤਰ ਕੇ ਚਾਰੇ ਇੱਟਾਂ ਨੂੰ ਦੋ -ਦੋ ਕਰ ਕੇ ਚੁੱਕਿਆ ਅਤੇ ਸੜਕ ਦੇ ਦੂਜੇ ਕਿਨਾਰੇ 'ਤੇ ਹੇਠਾਂ ਵੱਲ ਨੂੰ ਸੁੱਟ ਦਿੱਤਾ। "ਸੰਧੂ ਸਾਹਿਬ , ਤੁਹਾਡਾ ਬਹੁਤ ਬਹੁਤ ਧੰਨਵਾਦ " ਕਹਿ ਕੇ ਰਾਮ ਚੰਦ ਨੇ ਮੋਟਰ ਸਾਈਕਲ ਸਟਾਰਟ ਕੀਤਾ। ਫਿਰ ਮੈਂ ਉਸ ਦੇ ਪਿੱਛੇ ਬੈਠ ਗਿਆ ਅਤੇ ਸੋਚਣ ਲੱਗਾ ਪਿਆ ਕਿ ਰਾਮ ਚੰਦ ਤੋਂ ਪਹਿਲਾਂ ਪਤਾ ਨਹੀਂ ਹੋਰ ਕਿੰਨੇ ਸਕੂਟਰਾਂ /ਮੋਟਰ ਸਾਈਕਲਾਂ ਵਾਲੇ ਇਥੋਂ ਲੰਘੇ ਹੋਣਗੇ , ਜਿਨ੍ਹਾਂ ਨੇ ਇਨ੍ਹਾਂ ਇੱਟਾਂ ਨੂੰ ਅਣਗੌਲਿਆ ਕਰ ਦਿੱਤਾ ਹੋਵੇਗਾ। ਇਨ੍ਹਾਂ ਨਾਲ ਹੋਣ ਵਾਲੇ ਨੁਕਸਾਨ ਬਾਰੇ ਸੋਚਿਆ ਨਹੀਂ ਹੋਵੇਗਾ। ਕਾਸ਼ ! ਸਾਰੇ ਲੋਕ ਰਾਮ ਚੰਦ ਵਰਗੀ ਵਧੀਆ ਸੋਚ ਅਤੇ ਦੂਜਿਆਂ ਦਾ ਭਲਾ ਚਾਹੁਣ ਵਾਲੇ ਹੋਣ। 

ਮਹਿੰਦਰ ਮਾਨ 
 ipMf qy fwk r~kVW Fwhw 
 (s.B.s.ngr) 

ਨੋਟ : ਇਹ ਪੋਸਟ ਹੁਣ ਤੱਕ 25 ਵਾਰ ਪੜ੍ਹੀ ਗਈ ਹੈ।

23 Mar 2017

ਚਾਨਣ ਲੀਕ

Image result for chinese man with doll as his daughter
ਬੇਰੰਗ ਜਿਹਾ ਮੌਸਮ ਸੀ। ਸਲੇਟੀ ਬੱਦਲਾਂ ਨੇ ਘੁਲ ਕੇ ਅੰਬਰ ਨੂੰ ਹੋਰ ਗਹਿਰਾ ਕਰ ਦਿੱਤਾ ਸੀ। ਹੁਣ ਹਵਾ ਵੀ ਸਿੱਲੀ ਜਿਹੀ ਹੋ ਗਈ ਸੀ। ਇਓਂ ਲੱਗਦਾ ਸੀ ਕਿ ਜਿਵੇਂ ਸੁੰਨੇ ਜਿਹੇ ਘਰ ਦੀ ਕੰਧੀਂ ਲੱਗ ਹੁਣੇ ਹੁਣੇ ਕੋਈ ਰੋਇਆ ਹੋਵੇ। ਉਸ ਨੇ ਖੁੱਲ੍ਹੇ ਅਸਮਾਨ ਵੱਲ ਝਾਕਿਆ। ਉਸ ਨੂੰ ਆਪਣੀ ਉਮੀਦ ਦਾ ਪੰਛੀ ਫੜਫੜਾਉਂਦਾ ਨਜ਼ਰ ਆਇਆ। ਉਸ ਨੂੰ ਲੱਗਾ ਕਿ ਉਦਾਸ ਰੁੱਖਾਂ ਦੀਆਂ ਸੁੱਕੀਆਂ ਟਹਿਣੀਆਂ ਦੇ ਹਉਕੇ ਉਸ ਦੀ ਬੇਰਸ ਜ਼ਿੰਦਗੀ ਦੀ ਨੀਰਸਤਾ ਹੋਰ ਵਧਾ ਰਹੇ ਨੇ  ਇੱਕ ਬੇਰੰਗ ਅਹਿਸਾਸ ਉਸ ਦੇ ਚੁਫੇਰੇ ਪਸਰ ਗਿਆ ਸੀ
          ਉਹ ਕਿਸੇ ਗੰਭੀਰ ਰੋਗ ਨਾਲ ਪੀੜਤ ਸੀ। ਪਿਛਲੇ ਦੋ ਵਰ੍ਹਿਆਂ ਤੋਂ ਨਿਰੰਤਰ ਹੁੰਦੀ ਸਿਰ ਪੀੜ ਉਸ ਦੀ ਉਪਰਾਮਤਾ ਹੋਰ ਵਧਾ ਦਿੰਦੀ। ਇਲਾਜ ਲਈ ਹੋਏ ਅਪ੍ਰੇਸ਼ਨ ਕਰਕੇ ਉਸ ਨੂੰ ਹਸਪਤਾਲ ਕਾਫ਼ੀ ਦਿਨਾਂ ਤੱਕ ਦਰਦ ਭਰੀ ਜ਼ਿੰਦਗੀ ਬਿਤਾਉਣੀ ਪਈ। ਨਿਰਾਸ਼ਾ ਤੇ ਨਮੋਸ਼ੀ ਉਸ 'ਤੇ ਓਦੋਂ ਹੋਰ ਭਾਰੂ ਹੋ ਗਈ ਜਦੋਂ ਉਸ ਨੂੰ ਪਤਾ ਲੱਗਾ ਕਿ ਹੁਣ ਉਹ ਕਦੇ ਪਿਤਾ ਨਹੀਂ ਬਣ ਸਕਦਾ। ਰੋਜ਼ਮਰ੍ਹਾ ਦੇ ਕੰਮਕਾਰਾਂ ' ਉਸ ਦੀ ਦਿਲਚਸਪੀ ਹੁਣ ਘੱਟ ਗਈ ਸੀ।  ਉਹ ਕਿਸੇ ਨੂੰ ਵੀ ਮਿਲਣ ਤੋਂ ਗੁਰੇਜ਼ ਕਰਦਾ। ਸੱਖਣਾ ਤੇ ਇੱਕਲਤਾ ਨਾਲ ਭਰਿਆ ਘਰ ਉਸ ਨੂੰ ਹੋਰ ਡਰਾਉਂਦਾ। ਕਦੇ ਕਦੇ ਉਸ ਦਾ ਖ਼ਾਲੀਪਣ ਟੁੱਟੇ ਖ਼ਾਲੀ ਪੀਪੇ ਵਾਂਗ ਖੜਕਣ ਲੱਗਦਾ। ਭੁੱਖ -ਤ੍ਰੇਹ ਤੋਂ ਉਹ ਸੀ ਬੇਨਿਆਜ਼ ਤੇ ਮਨ ਵਿਹੜੇ ਉਤਰਦੀ ਸੀ ਹਰ ਪਲ ਘੋਰ ਹਨ੍ਹੇਰੀ ਰਾਤ। 
           
ਕਹਿੰਦੇ ਨੇ ਜਦੋਂ ਜੀਵਨ ਆਸਥਾ ਡਗਮਗਾਉਣ ਲੱਗੇ ਤਾਂ ਅੱਕੀਂ ਪਲਾਹੀਂ ਹੱਥ ਮਾਰਨਾ ਹੀ ਪੈਂਦੈ। ਉਸ ਨੇ ਵੀ ਹੇਠ ਉਤਲੀ ਇੱਕ ਕਰ ਦਿੱਤੀ। ਇੰਟਰਨੈਟ ਤੋਂ ਵੱਡ ਆਕਾਰੀ ਗੁੱਡੀਆਂ ਸਬੰਧੀ ਮਿਲੀ ਜਾਣਕਾਰੀ ਉਸ ਦੇ ਦਰਦ ਦੀ ਦਵਾ ਹੋ ਨਿਬੜੀ। ਬੇਆਰਾਮ ਚੁੱਪੀ ਤੇ ਆਪਣੇ ਇਕੱਲੇਪਣ ਦੇ ਘੇਰੇ ਨੂੰ ਤੋੜਨ ਲਈ ਉਹ ਇੱਕ ਰਬੜ ਦੀ ਗੁੱਡੀ ਖਰੀਦ ਲਿਆਇਆ ਚਾਰ ਫੁੱਟ ਦੱਸ ਇੰਚ ਉੱਚੀ ਇਹ ਪਰੀਆਂ ਜਿਹੀ ਗੁੱਡੀ ਅਮਲੀ ਰੂਪ ' ਸੁਭਾਵਿਕਤਾ ਦੇ ਬਹੁਤ ਨੇੜੇ ਸੀ। ਜਾਂ ਫੇਰ ਉਸ ਨੇ ਆਪਣੇ ਮਨ ਨਾਲ ਓਸ ਗੁੱਡੀ ਦੀ ਵਾਸਤਵਿਕਤਾ ਘੜ ਆਪਣੀ ਧੀ ਬਣਾ ਲਿਆ ਸੀ। ਉਸ ਦਾ ਨਾਂ ਰੱਖਿਆ ਜ਼ਿਆਓ ਡਾਈ ਜਾਣੀ ਨੰਨ੍ਹੀ ਤਿੱਤਲੀ। 
         ਉਹ ਆਪਣੀ ਨੰਨ੍ਹੀ ਤਿੱਤਲੀ ਨੂੰ ਨਿੱਤ ਨਵੀਆਂ ਪੋਸ਼ਾਕਾਂ ਨਾਲ ਸਜਾਉਂਦਾ। ਉਹ ਜਿੱਥੇ ਵੀ ਘੁੰਮਣ ਜਾਂਦਾ,ਉਸ ਨੂੰ ਆਪਣੇ ਨਾਲ ਹੀ ਲੈ ਕੇ ਜਾਂਦਾ। ਫੇਰ ਚਾਹੇ ਉਹ ਸੈਰ ਕਰਨ ਜਾ ਰਿਹਾ ਹੋਵੇ ਜਾਂ ਫੇਰ ਬਾਜ਼ਾਰ।ਕਦੇ ਰੈਸਟੋਰੈਂਟ ' ਆਪਣੇ ਨਾਲ ਖਾਣਾ ਖੁਆਉਂਦਾ ਤੇ ਕਦੇ ਸਿਨਮਾ ' ਫਿਲਮ ਦਿਖਾਉਂਦਾ। ਉਸ ਦਾ ਚਿਹਰਾ ਚਾਹਤ ਤੇ ਮੋਹ ਦੇ ਝਲਕਾਰਿਆਂ ਦੀ ਹਾਮੀ ਭਰ ਰਿਹਾ ਸੀ ਜਿਵੇਂ ਕਿ ਉਹ ਕਿਸੇ ਅਸਲੀ ਬੱਚੇ ਦੇ ਨਾਲ ਵਿਚਰ ਰਿਹਾ ਹੋਵੇ। ਪਿਓ -ਧੀ ਦੇ ਅਮੁੱਲੇ ਰਿਸ਼ਤੇ ਦੀ ਤੰਦ ' ਬੱਝਿਆ ਉਹ ਤਾਂ ਹੁਣ ਕਿਸੇ ਰੂਹ ਦੇ ਰਿਸ਼ਤੇ ਦੀ ਬਾਤ ਪਾਉਂਦੈ। 
         ਉਸ ਦੇ ਪਿਆਰ ਕਰਨ ਦੀ ਇਹ ਅਦਾ ਹਰ ਕਿਸੇ ਦੇ ਦਿਲ ' ਉਤਰ ਗਈ ਸੀ। ਨਿਰਾਸ਼ ਪੁੱਤਰ ਦੀ ਖੁਸ਼ੀ ਲਈ ਅਜਿਹੇ ਅਵੱਲੇ ਜਿਹੇ ਵਰਤਾਰੇ ਤੋਂ ਉਸ ਦੀ ਮਾਂ ਨੂੰ ਵੀ ਕੋਈ ਏਤਰਾਜ਼ ਨਹੀਂ ਸੀ ।ਭਾਵੇਂ ਇਹ ਕੋਈ ਸਿਹਤਮੰਦ ਵਰਤਾਰਾ ਨਹੀਂ ਸੀ ਪਰ ਫੇਰ ਵੀ ਉਸ ਦੀ ਮਾਂ ਨੇ ਨਾ ਤਾਂ ਇਸ ਨੂੰ ਕਦੇ ਨਿੰਦਿਆ ਤੇ ਨਾ ਹੀ ਨਕਾਰਿਆ। ਸ਼ਾਇਦ ਮਾਂ ਨੂੰ ਉਸ ਦੇ ਮਨ 'ਤੇ ਛਾਈਆਂ ਕਾਲੀਆਂ ਬੱਦਲੋਟੀਆਂ ਦੇ ਪਾਰ ਚਾਨਣ ਦੀ ਕੋਈ ਲੀਕ ਨਜ਼ਰ ਆਉਂਦੀ ਹੋਵੇ। 

ਧੁੰਦਲੀ ਸ਼ਾਮ 
ਖਿੰਡੇ ਬੱਦਲਾਂ ਪਿੱਛੇ 
ਚਾਨਣ ਲੀਕ। 

ਡਾ. ਹਰਦੀਪ ਕੌਰ ਸੰਧੂ  

ਨੋਟ : ਇਹ ਪੋਸਟ ਹੁਣ ਤੱਕ 238 ਵਾਰ ਪੜ੍ਹੀ ਗਈ ਹੈ।