ਇਸ ਵਾਰ ਕਸ਼ਮੀਰ ਜਾਣ ਦਾ ਅਚਾਨਕ ਪ੍ਰੋਗਰਾਮ ਬਣ ਗਿਆ। ਸਖਤ ਗਰਮੀ 'ਚੋਂ ਨਿਕਲ ਕੇ ਆਇਆਂ ਨੂੰ ਠੰਡੀ -ਠੰਡੀ ਹਵਾ ਦੇ ਬੁੱਲਿਆਂ ਨਾਲ ਸੱਚੀਂ ਹੀ ਕਸ਼ਮੀਰ ਦੀ ਸੁੰਦਰ ਘਾਟੀ ਸਵਰਗ ਜਾਪ ਰਹੀ ਸੀ।
ਕਸ਼ਮੀਰ ਦੀ ਘਾਟੀ, ਘਾਟੀ ਦੀ ਨਦੀ, ਨਦੀ ਦੇ ਦੋਵੇਂ ਪਾਸੇ ਟੈਂਟ ਲੱਗੇ ਹੋਏ ਸਨ। ਟੈਂਟਾਂ 'ਚ ਰਹਿਣ ਦਾ ਆਪਣਾ ਹੀ ਮਜ਼ਾ ਸੀ । ਕਈ ਦਿਨਾਂ ਤੋਂ ਬਾਰਸ਼ ਦਾ ਮੌਸਮ ਬਣਿਆ ਹੋਇਆ ਸੀ....ਤੇ ਅਚਾਨਕ ਨਦੀ ਦਾ ਪਾਣੀ ਛੱਲਾਂ ਮਾਰਦਾ ਭਿਆਨਕ ਖੇਡਾਂ ਖੇਡਣ ਲੱਗਾ। ਟੈਂਟ ਛੱਡ ਅਸੀਂ ਕਿਸੇ ਸੁਰੱਖਿਅਤ ਥਾਂ ਦੀ ਭਾਲ 'ਚ ਚੱਲ ਪਏ। ਵੇਖਦੇ ਹੀ ਵੇਖਦੇ ਤਵੀ ਨਦੀ ਦੇ ਜਲ ਦੀ ਕਿਆਮਤ ਨੇ ਵਾਦੀ ਦਾ ਦਾਮਨ ਲੀਰੋ -ਲੀਰ ਕਰ ਦਿੱਤਾ ਸੀ । ਅੱਜ ਫਿਰ ਲੁੱਟੀ ਗਈ ਕਸ਼ਮੀਰ ਦੀ ਧਰਤੀ। ਕੱਲ ਵੈਰੀਆਂ ਲਹੂ -ਲੁਹਾਣ ਕੀਤਾ ਸੀ ਅੱਜ ਰੱਬੀ ਕਹਿਰ ਵਰਸਿਆ ਏ।
ਅਹਿਲੇ ਹਿੰਦ ਦੀ ਮੁੰਦਰੀ ਦਾ ਨਗੀਨਾ ਜੰਮੂ -ਕਸ਼ਮੀਰ ਅੱਜ ਬਿਪਤਾ ਦੀ ਘੜੀ ਵਿੱਚ ਹੈ। ਸੁਰੱਖਿਆ ਅਮਲੇ ਤੇ ਰਾਹਤ ਟੀਮਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਰਹੀਆਂ ਹਨ । ਕਸ਼ਮੀਰ ਯਾਤਰਾ ਨੂੰ ਅੱਧ -ਵਿਚਾਲੇ ਹੀ ਛੱਡ ਕੇ ਅਸੀਂ ਤਾਂ ਪੰਜਾਬ ਮੁੜ ਆਏ.....ਪਰ ਕਸ਼ਮੀਰ ਵਾਸੀਆਂ ਦੇ ਦਿਲੀ ਉੱਠਦੇ ਹੌਲ , ਹੌਕੇ ਅਤੇ ਹਾਵੇ ਪਤਾਲ ਤੱਕ ਗੂੰਜਦੇ ਨੇ ਤੇ ਅਸਮਾਨ ਤੱਕ ਸੁਣਦੇ ਨੇ। ਕਈ ਪਿੰਡਾਂ ਦੇ ਨਿਸ਼ਾਨ ਤੱਕ ਮਿਟ ਗਏ ਨੇ। ਘਾਟੀ ਦੀ ਮਿੱਟੀ ਦੀ ਕੁਰਲਾਹਟ ਮੇਰੇ ਦਿਲ ਨੂੰ ਐਥੇ ਬੈਠੀ ਨੂੰ ਵੀ ਹੌਲ ਪਾ ਰਹੀ ਏ। ਆਓ ਅਸੀਂ ਦੇਸ਼ ਦੇ ਇਸ ਅਤਿ ਸੁੰਦਰ ਭੂਮੀ ਦੇ ਟੁਕੜੇ 'ਤੇ ਵਸਦੇ ਲੋਕਾਂ ਦੀ ਬਾਂਹ ਫੜੀਏ।
ਵਾਦੀ ਦਾ ਪਾਣੀ
ਉੱਛਲਦਾ -ਖੌਲਦਾ
ਢਾਹੇ ਕਹਿਰ।
ਪ੍ਰੋ.ਦਵਿੰਦਰ ਕੌਰ ਸਿੱਧੂ
(ਦੌਧਰ -ਮੋਗਾ )
ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ।