ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 May 2017

ਰੱਸਾ (ਮਿੰਨੀ ਕਹਾਣੀ )

ਅਰਜਨ ਨੇ ਅਾਪਣੇ ਇਕਲੌਤੇ ਪੁੱਤਰ ਦੀ ਜਿੱਦ ਅੱਗੇ ਬੇਵਸ ਹੋ ਕੇ ਵੱਡੀ ਕੋਠੀ ਪਾ ਦਿੱਤੀ ਅਤੇ ਇੱਕ ਵਾਰ ਫਿਰ ਤੋਂ ੳੁਸ ਦਾ ਪੁੱਤਰ ਵੱਡੇੇ ਟਰੈਕਟਰ ਦੀ ਮੰਗ ਕਰਨ ਲੱਗ ਪਿਆ। 
ਅਰਜਨ ਨੇ ਦੁਖੀ ਮਨ ਨਾਲ਼ ਕਿਹਾ,      

"ਪੁੱਤਰ, ਚਾਦਰ ਦੇਖ ਕੇ ਹੀ ਪੈਰ ਪਸਾਰ,ਅੈਨਾ ਕਰਜਾ ਲਾਹੁਣਾ ਮੇਰੇ ਬੱਸ ਵਿੱਚ ਨਹੀਂ।" ਪਿਤਾ ਦੀ ਗੱਲ ਅਣਸੁਣੀਂ ਕਰਕੇ ੳੁਹ ਸ਼ਾਹੂਕਾਰ ਵੱਲ ਜਾਣ ਹੀ ਲੱਗਾ ਸੀ ਕਿ ਅਰਜਨ ਦੁਬਾਰਾ ਬੋਲਿਅਾ, 

" ਚੰਗਾ ਫਿਰ , ਮੇਰੇ ਲਈ ਅਾਉਂਦਾ ਹੋਇਅਾ ਇੱਕ ਰੱਸਾ ਵੀ ਲੈ ਅਾਵੀਂ। " 
ਇਹ ਸੁਣ ਕੇ ੳੁਸ ਦੇ ਪੈਰ ਥਾਂ 'ਤੇ ਹੀ ਰੁੱਕ ਗਏ |

ਮਾਸਟਰ ਸੁਖਵਿੰਦਰ ਦਾਨਗੜ੍ਹ

94171 -80205
ਨੋਟ : ਇਹ ਪੋਸਟ ਹੁਣ ਤੱਕ 21 ਵਾਰ ਪੜ੍ਹੀ ਗਈ ਹੈ। 

28 May 2017

ਇੱਛਾਵਾਂ ਦੇ ਸੁਪਨੇ (ਮਿੰਨੀ ਕਹਾਣੀ)


ਦਫ਼ਤਰ ਜਾਣ ਲਈ ਮੈਨੂੰ ਇਸ ਸ਼ਹਿਰ ਦੀ ਪ੍ਰਸਿੱਧ ਬੀਅਰ ਬਾਰ ਅੱਗੋਂ ਦੀ ਲੰਘ ਕੇ ਜਾਣਾ ਪੈਂਦਾ ਹੈ। ਬਾਰ 'ਤੇ ਲੱਗੇ ਬੋਰਡ ਤੋਂ ਬਿਨਾ ਹੋਰ ਕਿਸੇ ਪਾਸੇ ਮੈਂ ਕਦੇ ਬਹੁਤਾ ਧਿਆਨ ਨਹੀਂ ਦਿੱਤਾ ।ਪਰ ਅੱਜ ਟਰੈਫ਼ਿਕ ਚੌਕ 'ਤੇ ਜਦੋਂ ਸਕੂਟਰ ਰੋਕਿਆ ਤਾਂ ਤਕਰੀਬਨ ਗਿਆਰਾਂ ਬਾਰਾਂ ਸਾਲ ਦੀ ਇੱਕ ਬੱਚੀ ਮੇਰੇ ਕੋਲ ਆਈ ਅਤੇ ਨਿਮਰਤਾ ਨਾਲ ਕਹਿਣ ਲੱਗੀ,'ਜੀ,ਮੈਨੂੰ ਲਿਫ਼ਟ ਦੇ ਸਕਦੇ ਹੋ?'
ਉਸ ਦੀ ਬੇਬਸੀ ਅੱਖਾਂ ਵਿਚੋਂ ਛਲਕਦੀ ਦਿਖਾਈ ਦੇ ਰਹੀ ਸੀ।
"ਬੱਚੀਏ ਕਿੱਥੇ ਜਾਣਾ ਹੈ?'
"ਜੀ, ਸੰਗਤ ਨਗਰ ਤੱਕ । ਅੱਜ ਬੱਸ ਨਹੀਂ ਆਈ ਤੇ ਮੈਂ ਬਹੁਤ ਲੇਟ ਹੋ ਗਈ ਹਾਂ।'
ਮੈਂ ਉਸ ਨੂੰ ਪਿਛਲੀ ਸੀਟ 'ਤੇ ਬੈਠਣ ਨੂੰ ਕਹਿ ਦਿੱਤਾ।
'ਬੇਟੀ,ਸੰਗਤ ਨਗਰ ,ਕਿਸ ਥਾਂ 'ਤੇ ਜਾਣਾ ਹੈ?'
'ਜੀ,ਬੀਅਰ ਬਾਰ ਦੇ ਕੋਲ।"
'ਕੀ ਤੂੰ ਉੱਥੇ ਕੰਮ ਕਰਦੀ ਏ?'
'ਨਹੀਂ ਜੀ, ਉਸ ਦੇ ਨਾਲ ਵਾਲੀ ਥਾਂ , ਜਿੱਥੇ ਕਾਰਾਂ ਖੜੀਆਂ ਹੁੰਦੀਆਂ ਹਨ,ਉਨ੍ਹਾਂ ਨੂੰ ਸਾਫ਼ ਕਰਦੀ ਹੁੰਦੀ ਹਾਂ।'
ਕਿੰਨੇ ਕੁ ਪੈਸੇ ਕਮਾ ਲੈਂਦੀ ਏ?'
'ਜੀ ਵੀਹ ਪੱਚੀ ਰੁਪਈਏ।ਪਰ ਬੀਅਰ ਬਾਰ ਦਾ ਮੈਨੇਜਰ ਕਹਿੰਦਾ ਸੀ ਕਿ ਤੂੰ ਥੋੜ੍ਹੀ ਹੋਰ ਵੱਡੀ ਹੋ ਲੈ,ਫਿਰ ਬੀਅਰ ਬਾਰ ਵਿਚ ਮੈਨੂੰ ਨੌਕਰੀ ਦੇ ਦੇਵੇਗਾ ਅਤੇ ਮਹੀਨੇ ਦੇ ਮਹੀਨੇ ਬੱਝਵੀਂ ਤਨਖ਼ਾਹ ਮਿਲਣ ਲੱਗ ਪਏਗੀ। ਮੈਂ ਫਿਰ ਆਪਣੇ ਛੋਟੇ ਭਰਾ ਨੂੰ ਪੜ੍ਹਾ ਸਕਾਂਗੀ। ਤੁਸੀਂ ਵੀ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਨੀ ਕਿ ਮੈਂ ਛੇਤੀ ਵੱਡੀ ਹੋ ਜਾਵਾਂ।'ਉਹ ਥੋੜ੍ਹੀ ਦੇਰ ਚੁੱਪ ਰਹਿਣ ਪਿੱਛੋਂ ਫਿਰ ਕਹਿਣ ਲੱਗੀ,'ਜੀ,ਜੱਦੋ ਮੇਰੀ ਤਰੱਕੀ ਹੋ ਗਈ,ਤਾਂ ਮੈਂ ਆਪਣੇ ਮਾਂ ਬਾਪ ਦੀ ਬਹੁਤ ਸੇਵਾ ਕਰਿਆ ਕਰਾਂਗੀ।'

ਉਹਦੇ ਇਸ ਭੋਲ਼ੇਪਣ ਨੇ ਮੇਰਾ ਦਿਲ ਹਲੂਣ ਕੇ ਰੱਖ ਦਿੱਤਾ। ਮੇਰੀ ਸੋਚ ਬਾਰ ਮੈਨੇਜਰ 'ਤੇ ਆ ਕੇ ਅਟਕ ਗਈ ਸੀ। ਕਿਹੋ ਜਿਹਾ ਹੋਵੇਗਾ ਉਹ ?ਨੇਕ ਜਾਂ--? ਉਸ ਨੇ ਇਸ ਬੱਚੀ ਦੇ ਮਨ ਵਿਚ ਕਿੰਨੇ ਰੰਗੀਨ ਸੁਪਨੇ ਸਜਾ ਦਿੱਤੇ ਹਨ।
ਅਸੀਂ ਹੁਣ ਸੰਗਤ ਨਗਰ ਦੇ ਬੀਅਰ ਬਾਰ ਕੋਲ ਪਹੁੰਚ ਚੁੱਕੇ ਸੀ। ਉਹ ਹੁਣ ਕਾਰ ਪਾਰਕਿੰਗ ਵਾਲੇ ਪਾਸੇ ਜਾਣ ਲੱਗੀ।ਮੈਂ ਉੱਥੇ ਖੜਾ ਕੁਝ ਚਿਰ ਲਈ ਉਹਨੂੰ ਦੇਖਦਾ ਰਿਹਾ। ਦਫ਼ਤਰ ਜਾ ਕੇ ਵੀ ਕੰਮ ਵਿੱਚ ਮਨ ਨਾ ਲੱਗਿਆ। ਸੋਚਦਾ ਰਿਹਾ ਕਿ ਗ਼ਰੀਬੀ ਵੀ ਕੇਹੀ ਮਜਬੂਰੀ ਹੈ, ਜਿੱਥੇ ਫੁੱਲਾਂ ਵਰਗੇ ਪਿਆਰੇ ਬੱਚੇ ਆਪਣਾ ਬਚਪਨ ਬੇਚੈਨੀ ਨਾਲ ਜਵਾਨੀ ਆਉਣ ਦੇ ਇੰਤਜ਼ਾਰ ਵਿੱਚ ਗੁਜ਼ਾਰ ਦਿੰਦੇ ਹਨ। ਮੇਰੀਆਂ ਅੱਖਾਂ ਦੇ ਸਾਹਮਣੇ ਹੁਣ ਉਹ ਗਿਆਰਾਂ ਬਾਰਾ ਸਾਲ ਦੀ ਬੱਚੀ ਜਵਾਨ ਹੁੰਦੀ ਮਹਿਸੂਸ ਹੋਣ ਲੱਗੀ।
ਹੁਣ ਜਦੋਂ ਵੀ ਮੈਂ ਬੀਅਰ ਬਾਰ ਕੋਲੋਂ ਦੀ ਲੰਘਦਾ ਹਾਂ ਤਾਂ ਮੇਰੀਆਂ ਨਜ਼ਰਾਂ ਬਾਰ ਦੇ ਬੋਰਡ ਤੋਂ ਹਟ ਕੇ ਕਾਰ ਪਾਰਕ ਵਾਲੇ ਪਾਸੇ ਨੁੰ ਜਾਂਦੀਆਂ ਨੇ ਤੇ ਮੇਰਾ ਮਨ ਉਦਾਸ ਹੋ ਜਾਂਦਾ ਹੈ ।
-0-
ਸੁਰਜੀਤ ਸਿੰਘ ਭੁੱਲਰ
27-05-2017

ਨੋਟ : ਇਹ ਪੋਸਟ ਹੁਣ ਤੱਕ 110 ਵਾਰ ਪੜ੍ਹੀ ਗਈ ਹੈ। 

27 May 2017

ਬੌਕਸਰ (ਮਿੰਨੀ ਕਹਾਣੀ)

Image result for boxer dog sketchਉਹ ਡਾਢਾ ਚਿੰਤਤ ਦਿਖਾਈ ਦੇ ਰਿਹਾ ਸੀ। ਪਹਿਲੀ ਘੰਟੀ ਵੱਜਦੇ ਹੀ ਉਸ ਨੇ ਫੋਨ ਚੁੱਕ ਲਿਆ,"ਮੈਂ ਬਿਰਧ ਆਸ਼ਰਮ ਤੋਂ ਬੋਲ ਰਿਹਾ ਹਾਂ।ਆਪ ਦਾ ਗੁਆਚੇ ਕੁੱਤੇ ਦਾ ਇਸ਼ਤਿਹਾਰ ਦੇਖਿਆ  ਸੀ । ਆਪ ਦਾ ਕੁੱਤਾ ਲੱਭ ਗਿਆ ਹੈ।"
'ਹੈਂ ! ਬੌਕਸਰ ਤੁਹਾਨੂੰ ਲੱਭ ਗਿਆ ਹੈ ? ਉਹ ਕਿੱਥੇ ਹੈ ਹੁਣ ? ਮੈਨੂੰ ਛੇਤੀ ਦੱਸੋ। ਮੈਂ ਹੁਣੇ ਲੈਣ ਆਉਂਦਾ ਹਾਂ।" ਉਹ ਹੜਬੜਾਉਂਦਾ ਹੋਇਆ ਬੇਰੋਕ ਬੋਲੀ ਜਾ ਰਿਹਾ ਸੀ। 
"ਤੁਸੀਂ ਪ੍ਰੇਸ਼ਾਨ ਨਾ ਹੋਵੋ। ਬੌਕਸਰ ਹੁਣ ਸੁਰੱਖਿਅਤ ਹੈ ਤੇ ਬੜਾ ਖੁਸ਼ ਵੀ। ਇਸ ਵਕਤ ਉਹ ਐਥੇ ਸਾਡੇ ਆਸ਼ਰਮ 'ਚ  ਤੁਹਾਡੇ ਮਾਪਿਆਂ ਨਾਲ ਖੇਡ ਰਿਹਾ ਹੈ। "
ਫੋਨ ਸੁਣਦਿਆਂ ਹੀ ਉਹ ਬੌਕਸਰ ਅਤੇ ਆਪਣੇ ਬਿਰਧ ਮਾਂ-ਬਾਪ ਨੂੰ ਆਸ਼ਰਮ 'ਚੋਂ ਲੈਣ ਤੁਰ ਪਿਆ। 

ਡਾ.  ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 420 ਵਾਰ ਪੜ੍ਹੀ ਗਈ ਹੈ। 

ਫੇਸਬੁੱਕ ਲਿੰਕ 

26 May 2017

ਸੁਪਨਾ (ਮਿੰਨੀ ਕਹਾਣੀ )

Sukhwinder Singh Sher Gill's Profile Photo, Image may contain: 1 person, hat and closeup
ਮਨਜੋਤ ਦੇ ਦਸਵੀਂ ਕਲਾਸ ਵਿ਼ੱਚੋਂ ਘੱਟ ਅੰਕ ਆਏ ਦੇਖ ਕੇ ੳੁਸ ਦੇ ਪਿਤਾ ਦਾ ਗੁੱਸਾ ਸੱਤਵੇਂ ਅਸਮਾਨ ਤੇ ਜਾ ਪੁੱਜਾ ੳੁਹ ਚੀਕ ਕੇ ਬੋਲਿਅਾ," ਤੈਨੂੰ ਪਤਾ ? ਮੇਰਾ ਸੁਪਨਾ ਸੀ ਕਿ ਤੈਨੂੰ ਡਾਕਟਰ ਬਣਾ ਕੇ ਵਿਦੇਸ਼ ਭੇਜਾਂ, ਸਭ ਖ਼ਤਮ ਕਰਕੇ ਰੱਖਤਾ ਤੂੰ "

"ਪਰ ਪਾਪਾ, ਮੈਂ ਤਾਂ ਚੰਗਾ ਹਾਕੀ ਖਿਡਾਰੀ ਬਣ ਕੇ ਦੇਸ਼ ਦਾ ਨਾਮ ਉੱਚਾ ਕਰਨਾ ਹੈ, ਤੁਸੀਂ ਮੇਰਾ ਸੁਪਨਾ ਤਾਂ ਕਦੇ ਪੁੱਛਿਅਾ ਹੀ ਨਹੀਂ "

ਮਨਜੋਤ ਨੇ ਰੋਦੇਂ ਹੋਏ ਕਿਹਾ ।ਜਵਾਬ ਸੁਣ ਕੇ ਮਾਪੇ ਸੁੰਨ ਹੋ ਗਏ

ਮਾਸਟਰ ਸੁਖਵਿੰਦਰ ਦਾਨਗੜ੍ਹ

94171-80205

ਨੋਟ : ਇਹ ਪੋਸਟ ਹੁਣ ਤੱਕ 37 ਵਾਰ ਪੜ੍ਹੀ ਗਈ ਹੈ। 

25 May 2017

ਇਹ ਵੀ ਇੱਕ ਸੋਚ

ਇਹ ਤਾਂ ਹੋਣਾ ਹੀ ਸੀ 
ਰੁੱਤ ਬਦਲ ਗਈ ਏ ,
ਪੱਤੇ ਝੜਣੇ ਹੀ ਸਨ 
ਪੱਤਝੜ ਜੁ ਆ ਗਈ ਏ ,
ਰੁੱਖ ਤਾਂ ਖੜਾ ਹੈ 
ਨਿਡਰ  ਅਡੋਲ ,
ਠੰਡ ਅਤੇ ਕੱਕਰਾਂ ਨੂੰ 
ਸਹੇਗਾ- ਲੜੇਗਾ ,
ਅਗਲੀ ਰੁੱਤੇ ਮੁੜ 
ਹਰਿਆ ਭਰਿਆ 
ਤੇਰੇ ਲਈ ਛਾਂ ਲੈ ਕੇ ਆਵੇਗਾ ,
ਤੂੰ ਵੀ ਅਗਲੀ ਰੁੱਤ ਦਾ 
ਇੰਤਜ਼ਾਰ ਕਰੀਂ ,
ਉਸ ਨੂੰ ਰੱਜ ਕੇ ਦੇਖੀਂ 
ਉਸ ਦੀ ਛਾਵੇਂ 
ਜ਼ਰੂਰ ਬੈਠੀਂ ,
ਐਵੇਂ ਗਲੀਆਂ ਕੂਚਿਆਂ ਵਿੱਚ 
ਨਾ ਖੱਜਲ ਹੋਵੀਂ ,
ਅਤੇ ਜਿੰਨਾ ਘਰਾਂ ਨੂੰ 
ਜੰਦਰੇ ਲੱਗੇ ਨੇ ,
ਉਹਨਾਂ ਦੇ ਬੂਹੇ ਹੀ ਨਾ 
ਖੜਕਾਂਦਾ ਰਹੀਂ ।

ਦਿਲਜੋਧ ਸਿੰਘ

ਨੋਟ : ਇਹ ਪੋਸਟ ਹੁਣ ਤੱਕ 32 ਵਾਰ ਪੜ੍ਹੀ ਗਈ ਹੈ। 

24 May 2017

ਖ਼ੁਰਕ (ਮਿੰਨੀ ਕਹਾਣੀ)

Image result for stop eve teasingਲਾਗਲੇ ਪਿੰਡ ਨਵੀਂ-ਨਵੀਂ ਲੱਗੀ ਨੌਕਰੀ ਲਈ ਉਹ ਰੋਜ਼ਾਨਾ ਬੱਸ 'ਚ ਸਫ਼ਰ ਕਰਦੀ ਸੀ । ਅੱਜ ਬੱਸ 'ਚ ਕੋਈ ਬਹੁਤੀ ਭੀੜ ਵੀ ਨਹੀਂ ਸੀ ਪਰ ਫੇਰ ਵੀ ਉਹ ਨੌਜੁਆਨ ਉਸ ਦੇ ਨਾਲ ਦੀ ਸੀਟ 'ਤੇ ਆ ਕੇ ਬੈਠ ਗਿਆ। ਕੁਝ ਪਲਾਂ ਬਾਦ ਹੀ ਉਸ ਦੀਆਂ ਕੋਝੀਆਂ ਹਰਕਤਾਂ ਉਸ ਨੂੰ ਪ੍ਰੇਸ਼ਾਨ ਕਰਨ ਲੱਗੀਆਂ। ਉਹ ਅਚਾਨਕ ਹੀ ਕਈ ਵਰ੍ਹੇ ਪਿਛਾਂਹ ਪਰਤ ਗਈ ਸੀ। ਉਸ ਦਿਨ ਵੀ ਅਜਿਹੀਆਂ ਭੱਦੀਆਂ ਹਰਕਤਾਂ ਤੋਂ ਤੰਗ ਹੋਈ ਉਹ ਰੋਂਦੀ -ਰੋਂਦੀ ਘਰ ਪਹੁੰਚੀ ਸੀ। ਮਾਂ ਨੇ ਅਜਿਹੀ ਨੀਚ ਤੇ ਅਸੱਭਿਅਕ ਮਾਨਸਿਕਤਾ ਨੂੰ ਮੌਕੇ 'ਤੇ ਹੀ ਸਬਕ ਸਿਖਾਉਣ ਦਾ ਉਸ ਨੂੰ ਪਾਠ ਪੜ੍ਹਾਇਆ ਸੀ। 
ਉਹ ਕੜਕ ਕੇ ਬੋਲੀ, "ਕਾਕਾ ਲੱਗਦੈ ਤੇਰੇ ਆਹਾ ਜਿਹੜੀ ਖ਼ੁਰਕ ਪਈ ਆ ਏਸ ਦਾ ਇਲਾਜ ਕਰਨਾ ਹੀ ਪੈਣਾ।" 
" ਨ .....ਨਹੀਂ, ਮ ....ਮੈਂ ਤਾਂ ਥੋਨੂੰ ਕੁਸ਼ ਨੀ ਕਿਹਾ। ਜੇ ਬਹੁਤੇ ਔਖੇ ਹੁੰਦੇ ਹੋ ਤਾਂ ਮੈਂ ਓਹ ਪਰਲੀ ਸੀਟ 'ਤੇ ਜਾ ਬਹਿਨਾ। " 
" ਤੇ ਤੂੰ ਮੈਨੂੰ ਕੁਝ ਕਹਿ ਵੀ ਨਹੀਂ ਸਕਦਾ। ਨਾਲ਼ੇ ਬੈਠੇਂਗਾ ਵੀ ਤੂੰ ਹੁਣ ਐਥੇ ਹੀ ਬੰਦੇ ਦਾ ਪੁੱਤ ਬਣ ਕੇ। ਤੇਰੇ ਵਰਗਿਆਂ ਨੂੰ ਮੈਂ  ਨਿੱਤ ਜਮਾਤ 'ਚ ਪਿਛਲੇ ਬੈਂਚ 'ਤੇ ਖੜ੍ਹਾ ਰੱਖਦੀ ਹਾਂ।" ਬੱਸ 'ਚ ਬੈਠੀਆਂ ਸਵਾਰੀਆਂ ਉਸ ਦੇ ਬੇਬਾਕ ਬੋਲਾਂ ਨੂੰ ਹੁਣ ਭਰਵੀਂ ਦਾਦ ਦੇ ਰਹੀਆਂ ਸਨ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 1296 ਵਾਰ ਪੜ੍ਹੀ ਗਈ ਹੈ। 

ਫੇਕਬੁੱਕ ਲਿੰਕ 

23 May 2017

ਭੇਦ ਨਾ ਖੋਲ

ਫੁੱਲਾਂ ਵਾਂਗ ਸਦਾ ਖਿੜੇ ਰਹੀਏ !!
ਮੰਦੇ ਬੋਲ ਕਦੇ ਨਾ ਬੋਲੀਏ ਜੀ !!

ਜੋ ਰੂਹ  ਤੋਂ ਕਰੇ ਪਿਆਰ ਸੱਜਣੋ !!
ਭੇਦ ਓਸ ਦੇ ਕਦੇ ਨਾ ਖੋਲੀਏ ਜੀ !!

ਦੇਸ਼ ਦੀ ਖਾਤਿਰ ਵਾਰਨਾਂ ਸੀਸ ਹੋਵੇ !!
ਵੀਰੋ ਸਿਦਕੋਂ ਕਦੇ ਨਾ ਡੋਲੀਏ ਜੀ !!

ਜਿਹਦਾ ਹਾਜ਼ਮਾ ਕਮਜ਼ੋਰ ਹੋਵੇ !!
ਰਾਜ਼  ਕਦੇ ਨਾ ਫਰੋਲੀਏ  ਜੀ !!

ਨਸ਼ੇ ਲਾਈਏ ਨਾ ਪੁੱਤ ਕਿਸੇ ਦਾ !!
ਮਿੱਟੀ 'ਚ ਵਿਸ਼ ਕਦੇ ਨਾ ਘੋਲੀਏ ਜੀ !!

ਮਾੜੇ ਬੰਦੇ ਨੂੰ ਜੇ ਕਿਤੇ ਭੀੜ ਪੈ ਜੇ !!
ਪਤ ਓਸ ਦੀ ਕਦੇ ਨਾ ਰੋਲੀਏ ਜੀ !!

ਨਿਰਮਲ ਰੂਹ ਤੋਂ ਜੋ ਜੁੜ ਜਾਵੇ !!
ਫਿਰ ਐਬ ਕਦੇ ਨਾ ਟੋਲੀਏ ਜੀ !!
  
 ਨਿਰਮਲ ਕੋਟਲਾ

ਨੋਟ : ਇਹ ਪੋਸਟ ਹੁਣ ਤੱਕ 56 ਵਾਰ ਪੜ੍ਹੀ ਗਈ ਹੈ। 

22 May 2017

ਚਪੇੜ

Sukhwinder Singh Sher Gill's Profile Photo, Image may contain: 1 person, hat and closeup ਰਮਨ ਕਾਲਜ ਜਾਣ ਲਈ ਅਜੇ ਬੱਸ ਦੀ ਸੀਟ ੳੁਪਰ ਬੈਠੀ ਹੀ ਸੀ ਕਿ ਨਾਲ਼ ਬੈਠਾ ਅੱਧਖੜ ੳੁਮਰ ਦਾ ਅਾਦਮੀ ਲੱਚਰ ਗਾਣੇ ਦੀ ਲੋਰ 'ਚ ਕੋਝੀਅਾਂ ਹਰਕਤਾਂ ਕਰਨ ਲੱਗ ਪਿਅਾ |
ਸਬਰ ਦਾ ਪੁਲ਼ ਤੋੜ ਕੇ ਰਮਨ ਬੋਲੀ , " ਚਾਚਾ ਜੀ , ਜਦੋਂ ਤੁਹਾਡੀ ਧੀ -ਭੈਣ ਨਾਲ਼ ਬੈਠੀ ਹੁੰਦੀ ਏ, ੳੁਦੋਂ ਵੀ ਤੁਸੀਂ ਇੰਝ ਹੀ ਹੱਥ -ਪੈਰ ਮਾਰਦੇ ਹੁੰਦੇ ਓ |"
ਸ਼ਬਦਾਂ ਦੀ ਚਪੇੜ ਲੱਗਣ ਸਾਰ ਹੀ ਨਹੀਂ - ਨਹੀਂ ਕਹਿੰਦਾ ਉਹ ਇੱਕ ਪਾਸੇ ਹੋ ਗਿਅਾ। ਤਕਰਾਰ ਵੇਖ ਰਹੇ ਡਰਾਈਵਰ ਨੇ ਫੌਰਨ ਗਾਣਾ ਬੰਦ ਕਰ ਦਿੱਤਾ ਤੇ ਸ਼ਰਮਿੰਦਗੀ ਨਾਲ ਮਿੱਟੀ ਹੋ ਗਿਆ। ਸੁਖਵਿੰਦਰ ਸਿੰਘ ਦਾਨਗੜ੍ਹ 94171-80205

ਨੋਟ : ਇਹ ਪੋਸਟ ਹੁਣ ਤੱਕ 35 ਵਾਰ ਪੜ੍ਹੀ ਗਈ ਹੈ। 

20 May 2017

ਨਵਾਂ ਦੁੱਖ (ਮਿੰਨੀ ਕਹਾਣੀ)


Surjit Bhullar's Profile Photo, Image may contain: 1 personਕਾਲਜ ਦੀ ਇੱਕ ਮਹਿਲਾ ਪ੍ਰੋਫੈਸਰ ਆਪਣੇ ਲੈਕਚਰ ਸਮੇਂ ਗਰੈਜੂਏਟ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਬੋਲੀ,'ਬੱਚੀਓ,ਤੁਹਾਥੋਂ ਅੱਜ ਕੁਝ ਜਾਣਨਾ ਚਾਹੁੰਦੀ ਹਾਂ। ਹੈ ਤਾਂ ਇਹ ਤੁਹਾਡੀ ਜ਼ਿੰਦਗੀ ਦੇ ਨਿੱਜ ਬਾਰੇ,ਪਰ ਮੈਂ ਆਪਣੇ ਇੱਕ ਲੇਖ ਲਈ ਇਹ ਜਾਣਕਾਰੀ ਚਾਹੁੰਦੀ ਹਾਂ।ਜੇ ਕਹੋ ਤਾਂ ਪੁੱਛ ਸਕਦੀ ਹਾਂ?'
'ਮੈਡਮ ਜੀ,ਤੁਸੀਂ ਜੋ ਦਿਲ ਚਾਹੇ,ਸਾਥੋਂ ਪੁੱਛੋ।' ਸਾਰੀਆਂ ਨੇ ਇੱਕੋ ਸੁਰ 'ਚ ਜਵਾਬ ਦਿੱਤਾ।
'ਅੱਛਾ!ਇਹ ਦੱਸੋ ਕਿ ਤੁਹਾਡੇ 'ਚੋਂ ਕਿੰਨਿਆਂ ਦੇ ਬੁਆਏ ਫਰੈਂਡਜ਼ ਹਨ?'
ਕਲਾਸ ਰੂਮ ਵਿਚ ਚੁੱਪ ਦੀ ਥਾਂ ਹਾਸਿਆਂ ਦੇ ਫੁਹਾਰੇ ਛੁੱਟ ਪਏ।
ਕੁਝ ਚਿਰ ਪਿੱਛੋਂ ਜਦ ਹਾਲਾਤ ਸਮਾਨ ਹੋਈ ਤਾਂ ਹੌਲੀ ਹੌਲੀ ਸਾਰੀਆਂ ਲੜਕੀਆਂ ਖੜੋ ਗਈਆਂ ਅਤੇ ਬਾਹਾਂ ਉਲਾਰ ਉਲਾਰ ਕਹਿਣ ਲੱਗੀਆਂ,'ਮੈਡਮ ਜੀ,ਤੁਹਾਥੋਂ ਕੀ ਲੁਕਾਉਣਾ।ਸਾਡਾ ਆਪਣਾ ਅਪਣਾ ਬੁਆਏ ਫਰੈਂਡ ਹੈ,ਜੀ।'
ਕਲਾਸ ਵਿੱਚ ਕੇਵਲ ਇੱਕ ਲੜਕੀ ਹੀ ਬੈਠੀ ਰਹਿ ਗਈ ਸੀ, ਜਿਸ ਦਾ ਕੋਈ ਬੁਆਏ ਫਰੈਂਡ ਨਹੀਂ ਸੀ। ਸਹਿ ਪਾਠਣਾਂ ਉਸ ਦਾ ਮਖ਼ੌਲ ਉਡਾਉਣ ਲੱਗੀਆਂ।
ਮੈਡਮ ਸਭ ਨੂੰ ਬੈਠਣ ਦਾ ਇਸ਼ਾਰਾ ਕਰ ਰਹੀ ਸੀ ਅਤੇ ਨਾਲ ਹੀ ਉਸ ਬੈਠੀ ਲੜਕੀ 'ਚੋਂ ਆਪਣੇ ਅਤੀਤ ਨੂੰ ਤੱਕਦੀ ਕਿਸੇ ਡੂੰਘੀ ਸੋਚ 'ਚ ਪੈ ਗਈ ਸੀ। ਸ਼ਾਇਦ ਗੁਆਚਦੇ ਜਾਂਦੇ ਅਤੀਤ ਦੇ ਨਵੇਂ ਦੁੱਖ ਦਾ ਅਹਿਸਾਸ ਹੁਣ ਜਾਗ ਪਿਆ ਸੀ।
ਸੁਰਜੀਤ ਸਿੰਘ ਭੁੱਲਰ
19-05-2017

ਨੋਟ : ਇਹ ਪੋਸਟ ਹੁਣ ਤੱਕ 209 ਵਾਰ ਪੜ੍ਹੀ ਗਈ ਹੈ। 

19 May 2017

ਪਿੰਡ ਦਾ ਵਿਕਾਸ

Surjit Bhullar's Profile Photo, Image may contain: 1 person
ਪਿੰਡ ਵਾਲੇ ਬਹੁਤ ਖ਼ੁਸ਼ ਸਨ ਕਿ ਉਨ੍ਹਾਂ ਦੇ ਪਿੰਡ ਦਾ ਬਿਜਲੀ ਮਹਿਕਮੇ ਚੋਂ ਕੱਢਿਆ ਮੁੰਡਾ ਇਨ੍ਹਾਂ ਇਲੈੱਕਸ਼ਨ ਵਿੱਚ ਜਿੱਤ ਗਿਆ ਹੈ ਅਤੇ ਐਮ. ਐਲ. ਏ ਬਣ ਗਿਆ ਹੈ। ਅੱਗੋਂ ਹੋਰ ਉਸ ਦੀ ਕਿਸਮਤ ਅਜਿਹੀ ਪਲਟੀ ਕਿ ਛੋਟੀ ਵਜ਼ੀਰੀ ਵੀ ਹੱਥ ਲੱਗ ਗਈ।

.
ਵਜ਼ੀਰੀ ਮਿਲਣ ਪਿੱਛੋਂ ਉਹ ਆਪਣੇ ਪਿੰਡ ਪਹਿਲੀ ਵਾਰ ਆਇਆ। ਲੋਕਾਂ ਨੇ ਉਹ ਨੂੰ ਸਿਰਾਂ ਤੇ ਚੁੱਕ ਲਿਆ। ਪਿੰਡ ਦੇ ਵਿਕਾਸ ਦੀ ਗੱਲ ਚੱਲੀ। ਬੜੇ ਵੱਡੇ ਵੱਡੇ ਪਲਾਨ ਘੜੇ ਗਏ। ਸੰਬੰਧਿਤ ਅਫ਼ਸਰਾਂ ਦਾ ਅਮਲਾ ਫੈਲਾ 'ਜੀ ਹਜ਼ੂਰੀਏ' ਰੂਪ 'ਚ ਪੱਬਾਂ ਭਾਰ ਹੋ ਕੇ ਮੁਸਤੈਦੀ ਨਾਲ ਉਸ ਦੀ ਦੇਖ ਰੇਖ ਕਰ ਰਿਹਾ ਸੀ।
.
"ਅੱਜ ਜਿੱਥੇ ਆਪਾਂ ਇਕੱਠੇ ਹੋਏ ਹਾਂ,ਆਪਣੇ ਸਾਰਿਆਂ ਦੇ ਬੈਠਣ ਲਈ ਥਾਂ ਬਹੁਤ ਘੱਟ ਹੈ। ਮੈਂ ਚਾਹੁੰਦਾ ਹਾਂ ਕਿ ਸਕੂਲ ਦੇ ਕੋਲੇ ਪਈ ਪੰਚਾਇਤੀ ਝਿੜੀ ਵਾਲੀ ਜ਼ਮੀਨ ਨੂੰ ਸਾਫ਼ ਕਰ ਕੇ, ਆਪਣੇ ਲੋਕਾਂ ਦੀ ਸਹੂਲਤ ਲਈ ਸੁਹਣਾ ਖੁੱਲ੍ਹਾ ਮੈਦਾਨ ਬਣਾਇਆ ਜਾਵੇ।"  ਉਹ ਜਾਂਦਾ ਜਾਂਦਾ ਲੁਕਵਾਂ ਹੁਕਮ ਕਰ ਗਿਆ।
.


ਉਸ ਦੀ ਝੋਲ਼ੀ-ਚੁੱਕ ਪੰਚਾਇਤ ਨੇ ਨਾਲ ਦੀ ਨਾਲ ਹੀ ਜੈਕਾਰੇ ਛੱਡ ਦਿੱਤੇ। ਜੈਕਾਰਿਆਂ ਦੀ ਗੂੰਜ ਸੁਣ ਕੇ, ਗੋਲ੍ਹੇ ਕਬੂਤਰ ਤੇ ਚਮਗਿੱਦੜ,ਜੋ ਦਰਵਾਜ਼ੇ ਦੀ ਬਾਲਿਆਂ ਵਾਲੀ ਛੱਤ ਦੀਆਂ ਮੋਰੀਆਂ 'ਚ ਬੈਠੇ ਤੇ ਲਟਕਦੇ ਸੀ,ਡਰਦਿਆਂ ਨੇ ਜਾ ਉਡਾਰੀਆਂ ਮਾਰੀਆਂ।

.
ਵਜ਼ੀਰ ਜੀ ਨੇ ਜਾਂਦਿਆਂ ਇਹ ਵੀ ਕਹਿ ਦਿੱਤਾ ਕਿ ਮੇਰੇ ਪਿੰਡ ਵਾਸੀਓ,ਮਾਲੀ ਸਹਾਇਤਾ ਦੀ ਫ਼ਿਕਰ ਨਾ ਕਰਿਓ। ਪਿਛਲੀ ਸਰਕਾਰ ਵਾਂਗ ਗਪੌੜ ਮਾਰਨੇ ਸਾਨੂੰ ਨਹੀਂ ਆਉਂਦੇ। ਤੁਸੀਂ ਦੇਖੋਗੇ ਕਿ ਕਿਵੇਂ ਟਰੱਕ ਭਰ ਭਰ ਇਸ ਪਿੰਡ ਦੇ ਵਿਕਾਸ ਲਈ ਆਉਂਦੇ ਹਨ?
.
ਇਸ ਵਾਰ ਜ਼ੋਰਦਾਰ ਤਾੜੀਆਂ 'ਚ ਸਾਰਿਆਂ ਦੀਆਂ ਆਵਾਜ਼ਾਂ ਰਲ-ਗੱਡ ਹੋ ਗਈਆਂ।
.
ਸੱਚ ਮੁਚ ਹੀ ਅਗਲੀ ਸਵੇਰ ਨੂੰ,ਬੀ. ਡੀ. ਓ ਦੀ ਨਿਗਰਾਨੀ ਹੇਠ,ਮਜ਼ਦੂਰਾਂ ਦੇ ਭਰੇ ਕਈ ਟਰੱਕ ਆ ਪਹੁੰਚੇ। ਪਿੰਡ ਦੀ ਝਿੜੀ ਨੂੰ ਸਪਾਟ ਮੈਦਾਨ ਵਿਚ ਜੋ ਬਦਲਣਾ ਸੀ।
.
ਪਿੰਡ ਦੇ ਕਈ ਅਗਾਂਹਵਧੂ ਨੌਜਵਾਨ ਇਹ ਕਹਿੰਦੇ ਸੁਣੇ ਗਏ ਕਿ ਇਹ ਤਾਂ ਅਜੇ ਸਾਡੇ ਆਪਣੇ ਮੰਤਰੀ ਦੀ ਪਹਿਲੀ ਫੇਰੀ ਦਾ ਵਿਕਾਸ ਦੌਰਾ ਹੈ,ਦੂਜੀ ਫੇਰੀ ਤੇ ਹੈਲੀਕਾਪਟਰ ਦੀ ਪੱਟੀ ਵੀ ਮੁੱਖ ਮੰਤਰੀ ਦੇ ਆਉਣ ਲਈ ਤਿਆਰ ਹੋਈ ਸਮਝੋ। ਚਲੋ, ਲੋਕਤੰਤਰ ਦੀ ਇਸ ਪ੍ਰਣਾਲੀ ਦੇ ਅਧੀਨ ਪਿੰਡ ਦਾ ਨਹੀਂ,ਪਿੰਡ ਵਾਲੇ ਦਾ ਵਿਕਾਸ ਤਾਂ ਹੋ ਜਾਵੇਗਾ।
-0-
ਸੁਰਜੀਤ ਸਿੰਘ ਭੁੱਲਰ-13-05-2017
ਨੋਟ : ਇਹ ਪੋਸਟ ਹੁਣ ਤੱਕ 25 ਵਾਰ ਪੜ੍ਹੀ ਗਈ ਹੈ। 

17 May 2017

ਪਲੇਠੀ ਧੀ

Image result for holding baby handਉਸ ਦੇ ਪਲੇਠੀ ਧੀ ਹੋਈ ਸੀ। "ਭਾਈ ਜੇ ਏਸ ਵਾਰ ਦਾਤਾ ਕੋਈ ਚੰਗੀ ਚੀਜ਼ ਦੇ ਦਿੰਦਾ ਤਾਂ ਅਸੀਂ ਬੇਫ਼ਿਕਰੇ ਹੋ ਜਾਂਦੇ। ਆਵਦੇ ਘਰ ਰੰਗੀਂ ਵੱਸਦੀ।" ਜਵਾਈ ਕੋਲ਼ ਢਿੱਡ ਹੌਲਾ ਕਰਦੀ ਮਾਂ ਦੇ ਮੱਧਮ ਜਿਹੇ ਬੋਲ ਉਸ ਦੇ ਕੰਨੀ ਪਏ।
ਨਿੱਕੜੀ ਦੇ ਮਲੂਕ ਜਿਹੇ ਹੱਥਾਂ ਨੂੰ ਪਲੋਸਦਾ ਉਹ ਬੋਲਿਆ, " ਬੇਬੇ ਵੇਂਹਦੀ ਐਂ ਹਰਵਾਂਹ ਦੀਆਂ ਫ਼ਲੀਆਂ ਅਰਗੀਆਂ ਇਹਦੀਆਂ ਪਤਲੀਆਂ -ਲੰਮੀਆਂ ਉਂਗਲਾਂ ਨੂੰ। ਮੇਰੀ ਧੀ ਤਾਂ ਕੋਈ ਵੱਡੀ ਮੁਸੱਵਰ ਬਣੂ।ਤੂੰ ਭੋਰਾ ਸੰਸਾ ਨਾ ਮੰਨ।"
ਸਰਬ ਕਲਾ ਨਿਪੁੰਨ ਉਸ ਦੀ ਹੁਨਰਮੰਦ ਧੀ ਅੱਜ ਬਾਪੂ ਦਾ ਹਰ ਬੋਲ ਪੁਗਾ ਰਹੀ ਸੀ ।
ਡਾ. ਹਰਦੀਪ ਕੌਰ ਸੰਧੂ


ਨੋਟ : ਇਹ ਪੋਸਟ ਹੁਣ ਤੱਕ 335 ਵਾਰ ਪੜ੍ਹੀ ਗਈ ਹੈ। 

16 May 2017

ਵਪਾਰ (ਮਿੰਨੀ ਕਹਾਣੀ )

Sukhwinder Singh Sher Gill's Profile Photo, Image may contain: 1 person, hat and closeupਸ਼ਹਿਰ ਦੇ ਵਿੱਚ ਇੱਕ ਬਹੁਤ ਵੱਡੇ ਹਸਪਤਾਲ ਦਾ ਉਦਘਾਟਨ ਸਮਾਰੋਹ ਹੋ ਰਿਹਾ ਸੀ | ਮੁੱਖ ਮਹਿਮਾਨ  ਵਿਚਾਰ ਪੇਸ਼ ਕਰ ਰਹੇ ਸਨ |
ਇੱਕ ਸਮਾਜ ਸੇਵੀ ਬੋਲਿਅਾ , " ਇੱਥੇ  ਹਸਪਤਾਲ ਖੋਲਣ ਦੀ ਨਹੀਂ , ਸਗੋਂ ਭਿਆਨਕ  ਬਿਮਾਰੀਆਂ ਦੀ ਜੜ੍ਹ ਸ਼ਹਿਰ ਲਾਗਲੀ ਫੈਕਟਰੀ ਬੰਦ ਕਰਨ ਦੀ ਲੋੜ ਏ..."
ਅਜੇ ੳੁਸ ਨੇ ਗੱਲ਼ ਪੂਰੀ ਵੀ ਨਹੀਂ ਸੀ ਕੀਤੀ , ਸਟੇਜ ਸੈਕਟਰੀ  ਵਿੱਚੋਂ ਹੀ ਬੋੋਲਿਆ,
" ਇਹ ਹਸਪਤਾਲ ਵੀ ਉਸੇ ਫੈਕਟਰੀ ਦੇ ਮਾਲਿਕ ਗੁਪਤਾ ਜੀ ਦਾ ਹੀ ਅੈ "
 ਪੰਡਾਲ  ਵਿੱਚ ਇਸ ਦੂਹਰੇ ਵਪਾਰ ਬਾਰੇ ਸੁਣ ਕੇ ਸੰਨਾਟਾ ਪਸਰ ਗਿਅਾ  |


ਮਾਸਟਰ ਸੁਖਵਿੰੰਦਰ ਦਾਨਗੜ੍ਹ  


14 May 2017

ਇੱਕ ਹਾਇਕੁ

Image may contain: one or more people, hat and textਇੱਕ ਸੰਵੇਦਨਸ਼ੀਲ ਅੱਖ ਨੂੰ ਹੀ ਕਿਸੇ ਦੀ ਮਿਹਨਤ ਤੇ ਸਿਰੜ ਨਜ਼ਰ ਆਉਂਦੈ।ਫ਼ੋਟੋ ਗੁਰਪ੍ਰੀਤ ਸਰਾਂ ਦੀ ਵਾਲ ਤੋਂ।ਸਿਰੜੀ ਬੀਬੀ 
ਖਿਆਲੀਂ ਡੁੱਬੀ ਬੈਠੀ 
ਹੱਥ ਬੁਰਕੀ।


ਡਾ. ਹਰਦੀਪ ਕੌਰ ਸੰਧੂ  
ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ ਹੈ। 

13 May 2017

ਸੰਤਾਪੀ ਕੁੱਖ (ਮਿੰਨੀ ਕਹਾਣੀ)

No automatic alt text available.ਚਿੜੀ ਦੇ ਆਂਡਿਆਂ 'ਚੋਂ ਬੋਟ ਨਿਕਲਣ ਤੋਂ ਬਾਅਦ ਆਲ੍ਹਣੇ 'ਚ ਇੱਕ ਵੱਖਰਾ ਜਿਹਾ ਚਹਿਕਾ। ਸੀ ਪਰ  ਗੁੰਮਸੁੰਮ ਆਲ੍ਹਣੇ 'ਚ ਸੁੰਨ ਦਾ ਪਸਾਰਾ ਸੀ। ਫਿਜ਼ਾ 'ਚ ਫ਼ੈਲੀ ਹਿਜਕੀ ਉਸ ਦੀ ਸੰਤਾਪੀ ਕੁੱਖ ਦੀ ਗਵਾਹੀ ਭਰ ਰਹੀ ਸੀ। ਉਸ ਦੀ ਕੁੱਖ ਸੁੰਨੀ ਹੋ ਗਈ ਸੀ ਜਦੋਂ ਅੱਧਖਿੜੀ ਕਲੀ ਨੂੰ ਖਿੜਨ ਤੋਂ ਪਹਿਲਾਂ ਜਬਰਨ ਮਸਲ ਦਿੱਤਾ ਗਿਆ ਸੀ। ਪੰਛੀ ਸੁਹਜ ਤੇ ਮਨੁੱਖੀ ਕੁਹਜ ਦਰਮਿਆਨ ਉਸ ਦੀਆਂ ਸਿਸਕੀਆਂ ਵਿਰਲਾਪ ਦੀ ਤੰਦੀ 'ਤੇ ਅਜੇ ਵੀ ਲਟਕ ਰਹੀਆਂ ਸਨ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 117 ਵਾਰ ਪੜ੍ਹੀ ਗਈ ਹੈ। 
10 May 2017

ਪੀੜ ( ਮਿੰਨੀ ਕਹਾਣੀ)


Sukhwinder Singh Sher Gill's Profile Photo, Image may contain: 1 person, hat and closeupਜੀਤੋ ਦਾ ਇਕਲੌਤਾ ਪੁੱਤ ਸਰਵਣ ਬਦਕਿਸਮਤੀ ਨਾਲ ਪੱਕਾ ਨਸ਼ੇੜੀ ਬਣ ਗਿਆ  ਸੀ | ਇੱਕ ਦਿਨ ਮਾਂ ਨੇ ਜਦੋਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਉਸ ਦੇ ਮੂੰਹ 'ਤੇ ਚਪੇੜ ਮਾਰ ਕੇ ਭੱਜ ਗਿਆ। 
" ਕਿੰਨੀ - ਕੁ  ਪੀੜ ਹੋ ਰਹੀ ਏ ? "  ਜੀਤੋ ਦੇ  ਪਤੀ ਨੇ ਪੁੱਛਿਆ |
" ਪ੍ਸੂਤ ਪੀੜਾ ਤੋਂ ਵੀ ਵੱਧ "
                                 
ਜੀਤੋ ਹਾਉਕਾ ਲੈ ਕੇ ਬੋਲੀ |

9 May 2017

ਗ਼ਜ਼ਲ

ਦੁਨੀਆਂ ਭੁਲਾ ਕੇ ਮੈਂ ਨਵਾਂ ਕੁਝ ਤਾਂ  ਕਰਾਂ ਹੁਣ ਮਨ ਕਰੇ ,
ਰਸਮਾਂ  ਮੈਂ ਛੱਡਾਂ ਫੋਕੀਆਂ ਹੋਜਾਂ  ਪਰ੍ਹਾਂ  ਹੁਣ   ਮਨ ਕਰੇ ।


ਲੋਕਾਂ 'ਚ  ਰਹਿ  ਕੇ   ਦੁੱਖੜੇ  ਸਭ   ਦੇ  ਵੰਡਾਵਾਂ  ਦੋਸਤੋ ,
ਫੁੱਲਾਂ  ਦੇ ਵਾਂਗੂ  ਅੰਤ  ਨੂੰ  ਮੈਂ   ਬਿੱਖਰਾਂ  ਹੁਣ ਮਨ  ਕਰੇ ।

ਯਾਦਾਂ ਸਹਾਰੇ  ਛੱਡ  ਗਿਆ ਸੀ ਉਹ  ਕਦੀ ਦਿਲ ਤੋੜ ਕੇ ,
ਮੈਂ ਮੁੜ ਉਸੇ  ਦੀ ਯਾਦ ਨੂੰ ਸਿਜ਼ਦਾ  ਕਰਾਂ ਹੁਣ ਮਨ  ਕਰੇ ।

ਮੈਂ ਚੁਪ-ਚੁਪੀਤੇ  ਦੁੱਖ  ਕਿੰਨੇ  ਹਨ ਸਹੇ  ਇਸ  ਜਾਨ  ਤੇ ,
ਕੋਈ ਵਧੀਕੀ  ਮੈਂ  ਕਿਸੇ  ਦੀ ਨਾ  ਜਰਾਂ   ਹੁਣ  ਮਨ ਕਰੇ ।

ਬਚਪਨ  ਪਿਆਰਾ  ਬੀਤਿਆ ਢਲ਼ਦੀ ਜਵਾਨੀ ਜਾ  ਰਹੀ ,
ਕਰ ਯਾਦ ਬੀਤੀ ਔਂਧ ਨੂੰ ਨਾ ਅੱਖ ਭਰਾਂ ਹੁਣ ਮਨ  ਕਰੇ ।

ਮਨਦੀਪ ਹੁਣ ਮੈਂ ਢਾਰਿਆਂ ਦੇ ਵਿੱਚ ਵੀ ਖੁਸ਼ -ਖੁਸ਼ ਰਹਾਂ,
ਪੱਕੇ ਕਿਸੇ ਦੇ ਤੱਕ  ਸੜ-ਸੜ ਨਾ  ਮਰਾਂ ਹੁਣ  ਮਨ ਕਰੇ ।
                           
ਮਨਦੀਪ ਗਿੱਲ ਧੜਾਕ                              
99988111134

ਨੋਟ : ਇਹ ਪੋਸਟ ਹੁਣ ਤੱਕ 55 ਵਾਰ ਪੜ੍ਹੀ ਗਈ ਹੈ। 

7 May 2017

ਮਾਂ ਬੋਲੀ ਪੰਜਾਬੀ

ਜਦ ਸਾਡੀ ਸਭ ਦੀ ਮਾਂ ਬੋਲੀ ਪੰਜਾਬੀ ਹੈ 
ਫਿਰ ਇਸ ਨੂੰ ਬੋਲਣ ਵਿੱਚ ਕੀ ਖਰਾਬੀ ਹੈ ?
ਇਹ ਸ਼ਹਿਦ ਨਾਲੋਂ ਮਿੱਠੀ , ਨਾ ਇਸ ਵਰਗਾ ਹੋਰ ਕੋਈ 
ਮੈਂ ਬੈਠਾਂ ਇਸ ਲਈ ਦਿਲ ਚ ਪਿਆਰ ਲਕੋਈ। 
ਇਸ ਦੇ ਗਿੱਧੇ ਤੇ ਭੰਗੜੇ ਸਭ ਨੂੰ ਮੋਹ ਲੈਂਦੇ ਨੇ 
ਓਸੇ ਲਈ ਵਾਹ ਪੰਜਾਬੀ ! ਵਾਹ ਪੰਜਾਬੀ ! ਸਾਰੇ ਕਹਿੰਦੇ ਨੇ। 
ਜਦ ਬੱਚਿਆਂ ਨੂੰ ਇਦ੍ਹੇ 'ਚ ਸੁਨਾਉਣ ਲੋਰੀਆਂ ਮਾਂਵਾਂ 
ਬੱਚਿਆਂ ਲਈ ਮਨ ਜਾਵਣ ਮਾਂਵਾਂ ਠੰਡੀਆਂ ਛਾਵਾਂ।
ਇਸ ਬੋਲੀ 'ਚ ਰਚੀ ਗੁਰੂਆਂ ਤੇ ਭਗਤਾਂ ਨੇ ਆਪਣੀ ਬਾਣੀ 
ਜਿਸ ਨੂੰ ਪੜ੍ਹ ਕੇ ਤਰ ਗਏ ਹੁਣ ਤੱਕ ਲੱਖਾਂ ਪ੍ਰਾਣੀ। 
ਇਸ ਨੂੰ ਭੁਲਾਣ ਵਾਲਿਆਂ ਵਰਗਾ ਬਦਕਿਸਮਤ ਨਾ ਕੋਈ 
ਆਣ ਘਰਾਂ ਨੂੰ ਮੁੜ ਉਹ ਸਾਰੇ , ਇਹ ਮੇਰੀ ਅਰਜ਼ੋਈ। 
ਵਿੱਚ ਪੰਜਾਬੀ ਰਚਦਾ ਹਾਂ ਕਵਿਤਾ, ਗ਼ਜ਼ਲ ਤੇ ਗੀਤ 
ਸ਼ਾਲਾ ! ਇਸੇ ਕੰਮ ;ਚ ਮੇਰੀ ਸਾਰੀ ਉਮਰ ਜਾਵੇ ਬਿੱਟ !

ਮਹਿੰਦਰ ਮਾਨ 
ਪਿੰਡ ਤੇ ਡਾਕ ਰੱਕੜਾਂ ਢਾਹਾ 
(ਸ਼. ਭ.ਸ।  ਨਗਰ ) 9915803554
ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ ਹੈ। 

ਇੱਕ ਹਾਇਕੁ

ਹਮਜ਼ਾਤੋਵ ਦਾ ਕਹਿਣਾ ਹੈ ਕਿ ਜੇ ਕਿਸੇ ਤੱਤ ਨੂੰ ਕੁਝ ਲਫਜ਼ਾਂ 'ਚ ਪੇਸ਼ ਕੀਤਾ ਜਾ ਸਕੇ ਤਾਂ ਲੰਮੀ ਭੁਮਿਕਾ ਬੰਨਣ ਦੀ ਲੋੜ ਨਹੀਂ ਹੁੰਦੀ। ਇਸੇ ਤਰ੍ਹਾਂ ਹਾਇਕੁ ਵਿੱਚ ਵੀ ‘ਕਹੇ’ ਨਾਲ਼ੋਂ ‘ਅਣ-ਕਿਹਾ’ ਜ਼ਿਆਦਾ ਹੁੰਦਾ ਹੈ। ਜੋ ਨਹੀਂ ਕਿਹਾ ਗਿਆ, ਉਹ ਪਾਠਕ ਨੇ ਆਪ ਸਿਰਜਣਾ ਹੁੰਦਾ ਹੈ।ਹੁਣ ਆਪੋ -ਆਪਣੇ ਖ਼ਿਆਲ ਨਾਲ ਇਸ ਬਿਰਤਾਂਤ ਤੋਂ ਪਹਿਲਾਂ ਵਾਲੀ ਤੇ ਬਾਅਦ ਵਾਲੀ ਗੱਲ ਪੂਰੀ ਕਰ ਲਿਓ !
                                                                                              ਫ਼ੋਟੋ ਗੁਰਪ੍ਰੀਤ ਸਰਾਂ ਦੀ ਵਾਲ ਤੋਂ।


Image may contain: cat and plant


ਚੜ੍ਹਦਾ ਦਿਨ 
ਮਿੱਟੀ ਦੇ ਆਲ੍ਹਣੇ 'ਚੋਂ 
ਤੱਕੇ ਚੁਗ਼ਲ।
(ਡਾ. ਹਰਦੀਪ ਕੌਰ ਸੰਧੂ)

ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ ਹੈ। 

6 May 2017

ਭੈਣ ਬਨਾਮ ਦੀਦੀ

ਟੋਰਾਂਟੋ ਕੈਨੇਡਾ 'ਚ ਛਪਣ ਵਾਲੇ ਅਖ਼ਬਾਰ ਸਿੱਖ ਸਪੋਕਸਮੈਨ 'ਚ ਮਿੰਨੀ ਕਹਾਣੀ 'ਭੈਣ ਬਨਾਮ ਦੀਦੀ' 4 ਮਈ 2017 ਨੂੰ ਪ੍ਰਕਾਸ਼ਿਤ ਹੋਈ। ਪੰਨਾ ਵੇਖਣ ਲਈ ਹੇਠਾਂ ਫ਼ੋਟੋ 'ਤੇ ਕਲਿੱਕ ਕਰੋ ਜੀ। 

ਨੋਟ : ਇਹ ਪੋਸਟ ਹੁਣ ਤੱਕ 10 ਵਾਰ ਪੜ੍ਹੀ ਗਈ ਹੈ। 

5 May 2017

ਬੂਟ (ਮਿੰਨੀ ਕਹਾਣੀ)


Surjit Bhullar's Profile Photo, Image may contain: 1 personਮੀਂਹ ਪੈਣ ਪਿੱਛੋਂ ਕੋਸੀ ਕੋਸੀ ਧੁੱਪ ਨਿਕਲੀ। ਮੈਂ ਤੇ ਮੇਰੀ ਚਾਰ ਸਾਲਾ ਬੇਟੀ ਅੱਲਵੀਰਾ ਬਰਾਂਡੇ ਵਿੱਚ ਆ ਬੈਠੇ। ਹਰ ਪਾਸੇ ਹਰਿਆਵਲ ਹੀ ਹਰਿਆਵਲ ਦਾ ਮਨ ਮੋਹਨਣਾ ਦ੍ਰਿਸ਼। ਨਾਲ ਲੱਗਦੀ ਪਹਾੜੀ ਤੇ ਗਾਵਾਂ ਘਾਹ ਚਰਨ ਜਾ ਰਹੀਆਂ ਸਨ। ਅੱਲਵੀਰਾ ਨੇ ਅੱਜ ਉਨ੍ਹਾਂ ਨੂੰ ਪਹਿਲੀ ਵਾਰ ਢਲਾਣ ਚੜ੍ਹਦਿਆਂ ਦੇਖਿਆ ਸੀ। ਮੈਨੂੰ ਪੁੱਛਣ ਲੱਗੀ,'ਡੈਡੀ,ਇਹ ਗਾਈਆਂ ਉੱਤਰਦੀਆਂ- ਚੜ੍ਹਦੀਆਂ ਡਿਗਦੀਆਂ ਵੀ ਨੇ ਕਿ ਨਹੀਂ?'

'ਨਹੀਂ ਮੇਰੀ ਲਾਡੋ, ਰੱਬ ਨੇ ਇਨ੍ਹਾਂ ਦੇ ਖੁਰ ਹੀ ਅਜਿਹੇ ਬਣਾਏ ਹਨ ਕਿ ਇਹ ਡਿਗਦੀਆਂ ਨਹੀਂ।'

'ਅੱਛਾ!' ਤੇ ਫ਼ੇਰ ਉਹ ਆਪਣੇ ਨਿੱਕੇ ਨਿੱਕੇ ਪੈਰਾਂ ਵੱਲ ਦੇਖਣ ਲੱਗ ਪਈ।

ਸ਼ਾਮ ਨੂੰ ਅਸੀਂ ਘਰ ਦੇ ਪਿਛਲੇ ਲਾਅਨ ਵਿੱਚ ਖੇਡ ਰਹੇ ਸੀ ਕਿ ਅੱਲਵੀਰਾ ਦਾ ਪੈਰ ਘਾਹ ਦੀ ਇੱਕ ਜੜ੍ਹ 'ਚ ਫਸ ਗਿਆ ਤੇ ਉਹ ਡਿੱਗ ਪਈ। ਮੈਂ ਉਸ ਨੂੰ ਪਿਆਰ ਨਾਲ ਉਠਾਇਆ। ਉਹ ਭੋਲਾ ਜਿਹਾ ਮੂੰਹ ਬਣਾ ਕੇ ਬੋਲੀ, 'ਪਾਪਾ, ਮੈਨੂੰ ਵੀ ਰੱਬ ਨੂੰ ਕਹਿ ਕੇ ਗਾਈਆਂ ਵਾਲੇ ਬੂਟ ਪੈਰ ਲੈ ਦਿਓ,ਫੇਰ ਮੈਂ ਕਦੇ ਡਿੱਗਿਆ ਨਹੀਂ ਕਰੂੰਗੀ।'


ਹੁਣ ਮੈਂ ਨਿਰੁੱਤਰ ਸੀ। 
ਨਿੱਕੇ ਨਿੱਕੇ ਪੈਰਾਂ ਨੂੰ ਪਲੋਸਦਿਆਂ,ਉਸ ਦੇ ਬਾਲਪਣ ਮਨ ਦੀ ਸਾਫ਼ ਸਲੇਟ ਤੇ  ਬੂਟ ਦੇ ਨਕਸ਼ ਦੇਖਣ ਦੀ ਕੋਸ਼ਿਸ਼ ਕਰਨ ਲੱਗਾ।

ਸੁਰਜੀਤ ਸਿੰਘ ਭੁੱਲਰ

05-05-2017

4 May 2017

ਕੀਮਤ (ਮਿੰਨੀ ਕਹਾਣੀ)

Sukhwinder Singh Sher Gill's Profile Photo, Image may contain: 1 person, hat and closeup
ਪਾਲੋ ਨੂੰ ਜਦੋਂ ਵੀ ਪਿਤਾ ਦੀ ਯਾਦ ਅਾਉਂਦੀ ਤਾਂ ੳੁਹ ਹਾੳੁਕੇ ਭਰ ਕੇ ਰੋਣ ਲੱਗ ਪੈਂਦੀ |

ਇੱਕ ਦਿਨ ੳੁਹਦੇ ਪਤੀ ਨੇ ਪੁੱਛਿਆ, " ਅੈਨਾ ਕਰਜਾ ਕਾਹਦਾ ਸੀ ? ਐਵੀਂ ਖੁਦਕਸ਼ੀ ਕੀਤੀ।"
" ਤੇਰੀ ਕੀਮਤ ਹੀ ਉਸ ਲਈ ਮੌਤ ਦਾ ਫੰਦਾ ਬਣ ਗਈ। " ਇਹ ਕਹਿੰਦੇ ਹੀ ਪਾਲੋ ਪਤੀ ਵੱਲ ਇੰਝ ਝਾਕੀ ਜਿਵੇਂ ੳੁਹ ਹੀ ੳੁਸ ਦੇ ਪਿਓ ਦਾ ਕਾਤਿਲ ਹੋਵੇ.....
ਮਾਸਟਰ ਸੁਖਵਿੰਦਰ ਦਾਨਗੜ੍ਹ

3 May 2017

ਕੋਝੀ ਸੋਚ

Manjinder Singh Aulakh's Profile Photo, Image may contain: 1 person, smiling
ਗੁਰਲੀਨ ਪਿਆਰੀ ਕੁੜੀ ਸੀ। ਸਾਰੇ ਅਧਿਆਪਕਾਂ ਦੀ ਚਹੇਤੀ। ਸਕੂਲ ਦੇ ਪ੍ਰਿੰਸੀਪਲ ਨੂੰ ਉਹ ਕਈ ਵਾਰ ਪਾਪਾ ਵੀ ਕਹਿ ਦਿੰਦੀ ਸੀ। ਆਪਣੀ ਔਲਾਦ ਨਾ ਹੋਣ ਕਰਕੇ ਗੁਰਲੀਨ ਦੇ ਇਹ ਬੋਲ ਪ੍ਰਿੰਸੀਪਲ ਨੂੰ ਇੱਕ ਵੱਖਰਾ ਹੀ ਅਨੰਦ ਦੇ ਜਾਂਦੇ। ਅੱਲ੍ਹੜ ਉਮਰ ਵਾਲ਼ੀਆਂ ਸ਼ੋਖ਼ੀਆਂ ਦੇ ਨਾਲ਼ -ਨਾਲ਼ ਪੜ੍ਹਨ 'ਚ ਹੁਸ਼ਿਆਰ,ਆਗਿਆਕਾਰੀ, ਮਿਹਨਤੀ ਅਤੇ ਅਗਾਂਹ ਵਧੂ ਸੀ ਗੁਰਲੀਨ|
ਅੱਜ ਗੁਰਲੀਨ ਦਾ ਸਾਲਾਨਾਂ ਨਤੀਜਾ ਘੋਸ਼ਿਤ ਹੋਇਆ ਸੀ| ਉਸ ਨੇ ਪਹਿਲਾ ਸਥਾਨ ਹਾਸਿਲ ਕੀਤਾ ਸੀ ਅਤੇ ਹੋਰ ਵੀ ਕਈ ਇਨਾਮ ਜਿੱਤੇ ਸਨ| ਉਸ ਦੇ ਮਾਪੇ ਖੁਸ਼ੀ 'ਚ ਖੀਵੇ ਸਨ| ਗੁਰਲੀਨ ਦੀਆਂ ਟਰਾਫੀਆਂ ਫੜ੍ਹੀ ਜਾਂਦੀ ਮਾਂ ਨੂੰ ਗਵਾਂਢਣ ਨੇ ਵਧਾਈ ਦਿੰਦਿਆਂ ਕਟਾਖਸ਼ ਕਰਦਿਆਂ ਕਿਹਾ, "ਜੇ ਮੇਰੀ ਕੁੜੀ ਵੀ ਮਾਸਟਰਾਂ ਨਾਲ ਹੱਸ-ਹੱਸ ਕੇ ਗੱਲਾਂ ਕਰ ਲਿਆ ਕਰੇ ਅਤੇ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਚਲੀ ਜਾਇਆ ਕਰੇ ਤਾਂ ਉਹ ਵੀ ਇਨਾਮ ਜਿੱਤ ਸਕਦੀ ਹੈ|"
ਹੁਣ ਗੁਰਲੀਨ ਦੀ ਮਾਂ ਸੋਚ ਰਹੀ ਸੀ ਕਿ ਲੋਕ ਕਿਸੇ ਨੂੰ ਖੁਸ਼ ਵੇਖ ਕੇ ਕਦੀ ਖੁਸ਼ ਨਹੀਂ ਹੁੰਦੇ ਬਲਕਿ ਉਸ ਵਿੱਚ ਨੁਕਸ ਜਰੂਰ ਕੱਢ ਦਿੰਦੇ ਨੇ। ਕਦੋਂ ਸੁਧਰੂਗੀ ਸਾਡੇ ਸਮਾਜ ਦੀ ਸੋਚ......ਕੋਝੀ ਸੋਚ?---???


ਮਨਜਿੰਦਰ ਸਿੰਘ ਔਲਖ਼ 


2 May 2017

ਮਾਂ ਬੋਲੀ ਪੰਜਾਬੀ

ਭੈਣ ਬਨਾਮ ਦੀਦੀ'  ਮਿੰਨੀ ਕਹਾਣੀ ਮਾਂ ਬੋਲੀ ਪੰਜਾਬੀ ਭਾਸ਼ਾ ਦੇ ਸ਼ਬਦ ਭੰਡਾਰ ਨੂੰ ਸੰਭਾਲਣ ਲਈ ਇੱਕ ਇਸ਼ਾਰਾ ਹੈ। ਭਾਸ਼ਾ ਕਿਸੇ ਵੀ ਸਮਾਜ ਦਾ ਅਨਿੱਖੜਵਾਂ ਅੰਗ ਹੁੰਦੀ ਹੈ। ਇਹ ਵੱਖਰੀ ਗੱਲ ਹੈ ਕਿ ਉਸ ਸਮਾਜ ਦੇ ਲੋਕ ਆਪਣੀ ਭਾਸ਼ਾ ਦੀ ਕਿੰਨੀ ਕੁ ਕਦਰ ਕਰਦੇ ਹਨ। ਪੰਜਾਬੀ ਭਾਸ਼ਾ ਹੁਣ ਪੰਜਾਬੀ ਤੋਂ ਹਿੰਦਾਬੀ ਬਣਦੀ ਜਾ ਰਹੀ ਹੈ। ਬੇਲੋੜੇ ਗੈਰ ਪੰਜਾਬੀ ਸ਼ਬਦਾਂ ਨੇ ਇਸ ਦਾ ਮੂੰਹ ਮੁਹਾਂਦਰਾ ਬਦਲ ਦਿੱਤਾ ਹੈ। ਆਪਣੀ ਮਾਂ -ਬੋਲੀ ਦੇ ਸ਼ਬਦਾਂ ਨੂੰ ਰੋਲਣਾ ਪਾਪ ਹੈ। 
ਇੱਥੇ ਮੈਂ  ਇੱਕ ਉਦਾਹਰਣ ਦੇਣਾ ਚਾਹਾਂਗੀ - ਟੋਨੀ ਮੌਰੀਸਨ ਇੱਕ ਅਮਰੀਕੀ ਨਾਵਲਕਾਰ ਤੇ ਸੰਪਾਦਕ ਹੈ ਜਿਸ ਨੂੰ  1993 ਵਿੱਚ ਨੋਬਲ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪੁਰਸਕਾਰ ਲੈਣ ਸਮੇਂ ਉਸ ਨੇ ਜੋ ਭਾਸ਼ਣ ਦਿੱਤਾ,ਉਹ ਬੋਲੀ ਸੁਹਜ ਤੇ ਕੁਹਜ ਬਾਰੇ ਸੀ। ਭਾਸ਼ਣ ਇੱਕ ਬਾਤ ਨਾਲ਼ ਇਉਂ ਸ਼ੁਰੂ ਹੁੰਦਾ ਹੈ -
"ਇੱਕ ਬੁੱਢੀ ਸੀ ਅੰਨੀ ਪਰ ਅਕਲਮੰਦ। ਕੁਝ ਹੁੱਲੜਬਾਜ਼ ਠਿੱਠ ਕਰਨ ਦੇ ਬਹਾਨੇ ਉਸ ਕੋਲ ਆਏ ਤੇ ਇੱਕ ਪੁੱਛਣ ਲੱਗਾ," ਮੇਰੇ ਹੱਥ 'ਚ ਇੱਕ ਚਿੜੀ ਹੈ, ਦੱਸ ਮਰੀ ਕਿ ਜਿਉਂਦੀ ਆ ?" ਬੁੱਢੀ ਕੁਝ ਨਾ ਬੋਲੀ। ਉਸ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਸੀ। ਪਰ ਜਿਹੜੀ ਗੱਲ ਉਨ੍ਹਾਂ ਦੇ ਢਿੱਡ 'ਚ ਸੀ ਬੁੱਢੀ ਦੇ ਨਹੁੰਆਂ 'ਚ ਸੀ। ਉਨ੍ਹਾਂ ਫੇਰ ਓਹੀਓ ਸੁਆਲ ਕੀਤਾ। ਬੁੱਢੀ ਦੀ ਚੁੱਪੀ ਲੰਬੀ ਹੁੰਦੀ ਗਈ ਤੇ ਉਹ ਹਿੜ ਹਿੜ ਕਰਨ ਲੱਗੇ। ਹੁਣ ਬੁੱਢੀ ਤੋਂ ਰਿਹਾ ਨਾ ਗਿਆ," ਮੈਂ ਨਹੀਂ ਜਾਣਦੀ, ਤੇਰੇ ਹੱਥ 'ਚ ਫੜੀ ਚਿੜੀ ਮਰੀ ਐ ਕਿ ਜਿਉਂਦੀ ? ਪਰ ਇਹ ਹੈ ਤੇਰੇ ਹੱਥਾਂ 'ਚ। 
         ਮਤਲਬ ਇਹ ਕਿ -ਜੇ ਚਿੜੀ ਮਰੀ  ਹੋਈ ਹੈ ਜਾਂ ਤਾਂ ਤੁਹਾਨੂੰ ਲੱਭੀ ਹੀ ਮਰੀ ਹੋਈ ਸੀ ਜਾਂ ਤੁਸੀਂ ਇਹਨੂੰ ਮਾਰ ਦਿੱਤਾ। ਜੇ ਇਹ ਜਿਉਂਦੀ ਹੈ ਤਾਂ ਤੁਸੀਂ ਹਾਲੇ ਵੀ ਮਾਰ ਸਕਦੇ ਹੋ। ਤੁਸੀਓਂ ਜਾਣੋ ਕਿ ਇਸ ਨੂੰ ਜਿਉਂਦੀ ਰਹਿਣ ਦੇਣਾ ਕਿ ਮਾਰ ਦੇਣਾ। ਇਹ ਤੁਹਾਡੇ ਜ਼ਿਮੇਂ ਹੈ। 
               ਬਾਤ 'ਚ ਚਿੜੀ ਬੋਲੀ ਹੈ ਤੇ ਬੁੱਢੀ ਇੱਕ ਕਾਬਲ ਲਿਖ਼ਾਰੀ। ਉਹ ਫ਼ਿਕਰਮੰਦ ਹੈ ਕਿ ਜਿਸ ਬੋਲੀ 'ਚ ਉਹ ਸੁਪਨੇ ਲੈਂਦੀ ਹੈ, ਜਿਸ ਬੋਲੀ ਦੀ ਗੁੜ੍ਹਤੀ ਮਿਲੀ ਹੈ, ਉਹ ਚਿੜੀ ਵਰਗੀ ਨੰਨ੍ਹੀ ਜਾਨ ਕੁਝ ਹੁੱਲੜਬਾਜ਼ਾਂ ਦੇ ਵੱਸ ਪਈ ਹੋਈ ਹੈ। ਉਸ ਦਾ ਮੰਨਣਾ ਹੈ ਕਿ ਅਣਗਹਿਲੀ, ਦੁਰਵਰਤੋਂ ਜਾਂ ਦੁਰਕਾਰ ਨਾਲ਼ ਜਾਂ ਐਵੇਂ ਸ਼ੁਗਲ ਨਾਲ਼ ਜੇ ਬੋਲੀ ਮਰਦੀ ਹੈ ਤਾਂ ਇਸ ਮੌਤ ਦੇ ਜ਼ਿੰਮੇਵਾਰ ਇਸ ਨੂੰ ਸਿਰਜਣ ਤੇ ਬਿਨਾਸਣ ਵਾਲ਼ੇ ਵੀ  ਹੁੰਦੇ ਹਨ। "
Facebook Link