ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

22 Apr 2016

ਸੁੱਚਾ ਆਬਸ਼ਾਰ (ਹਾਇਬਨ)


ਚੜ੍ਹਦੇ ਸਿਆਲਾਂ ਦੀ ਰੁੱਤ ਦੀ ਚੜ੍ਹਦੀ ਟਿੱਕੀ ਅੱਜ ਕੁਝ ਜ਼ਿਆਦਾ ਹੀ ਰੱਤੀ ਜਾਪਦੀ ਸੀ। ਅੰਗੜਾਈ ਭਰਦੀ ਕੁਦਰਤ ਤੇ ਰੁੱਖਾਂ ਦੇ ਪੱਤਿਆਂ 'ਚ ਥਿਰਕਦੀ ਰੁਮਕਣ। ਆਲ੍ਹਣਿਆਂ 'ਚੋਂ ਨਿਕਲ ਵੰਨ -ਸੁਵੰਨੇ ਪੰਛੀਆਂ ਦੀਆਂ ਡਾਰਾਂ ਸੁਰੀਲੇ ਸੰਗੀਤ ਛੇੜਦੀਆਂ ਦੂਰ ਦੁਰੇਡੇ ਉਡਾਰੀ ਮਾਰ ਚੁੱਕੀਆਂ ਸਨ। ਖ਼ੁਸ਼ਗਵਾਰ ਤੇ ਸੁਹਾਵਣੇ ਜਿਹੇ ਮੌਸਮ ਦਾ ਪ੍ਰਵਾਹ ਕੰਨਾਂ ਵਿਚ ਮਾਖ਼ਿਓਂ ਮਿੱਠਾ ਰਸ ਘੋਲ਼ ਰਿਹਾ ਸੀ। ਪਰਵਾਜ਼ ਲਈ ਪਰ ਤੋਲਦੇ ਪੰਛੀਆਂ ਦੀ ਪੈੜਚਾਲ ਨੂੰ ਫੜਦੀਆਂ ਮੇਰੀਆਂ ਸੋਚਾਂ ਦਾ ਪ੍ਰਵਾਹ ਮੁੜ -ਮੁੜ ਇੱਕ ਵਿਹੜੇ ਆ ਰੁਕ ਜਾਂਦਾ ਹੈ। ਜਿੱਥੇ ਉਹ ਸਦਾ ਬਹਾਰ ਬੋਹੜ ਵਾਂਗ ਜ਼ਿੰਦਗੀ ਦੀ ਵੱਖਰੀ ਜਿਹੀ ਤਸਬੀਹ ਸਿਰਜਦਾ ਜ਼ਿੰਦਗੀ ਦੇ ਸੂਹੇ ਰੰਗਾਂ ਨੂੰ ਜੀਵਨ ਦਿੱਸਹਦਿਆਂ 'ਚੋਂ ਨਿਹਾਰਣ ਦੀ ਜਾਂਚ ਦੱਸ ਰਿਹਾ ਹੈ।
     ਉਹ ਜ਼ਿੰਦਗੀ ਦੀਆਂ ਬਿਆਸੀ ਬਹਾਰਾਂ ਮਾਣ ਚੁੱਕਿਆ ਹੈ। ਉਹ ਹਨ੍ਹੇਰਿਆਂ ਨੂੰ ਚੀਰ ਕੇ ਚਾਨਣ ਵਾਲੇ ਪਾਸੇ ਆਇਆ ਹੈ। ਉਸ ਦੇ ਮਨ 'ਚ ਹੁਣ ਚਾਨਣ ਹੀ ਚਾਨਣ ਹੈ ਤੇ ਉਸ ਨੂੰ ਜ਼ਿੰਦਗੀ ਕਦੇ ਵੀ ਬੋਝਲ ਨਹੀਂ ਜਾਪੀ। ਉਸ ਦੇ ਚਿਹਰੇ ’ਤੇ  ਜ਼ਿੰਦਗੀ ਦੀ ਲਿਸ਼ਕ ਅਜੇ ਵੀ ਸਲਾਮਤ ਹੈ।ਉਸ ਨੇ ਜ਼ਿੰਦਗੀ ਦੀ ਮੜ੍ਹਕ ਨੂੰ ਉਸੇ ਤਰ੍ਹਾਂ ਕਾਇਮ ਰੱਖਿਆ ਹੋਇਆ ਹੈ। ਉਸ ਦੇ ਮਨ ਵਿੱਚ ਇੱਕ ਅੱਗ ਮਘ ਰਹੀ  ਹੈ ਤੇ ਉਹ ਇਸ ਅੱਗ ਦੀ ਜੋਤ ਨੂੰ ਕਦੇ ਬੁਝਣ ਨਹੀਂ ਦਿੰਦਾ। ਉਸ ਦੇ ਮੱਥੇ ਕਦੇ ਵੱਟ ਨਜ਼ਰ ਨਹੀਂ ਆਇਆ ਸਗੋਂ ਜ਼ਿੰਦਗੀ ਦੀਆਂ ਬਹਾਰਾਂ ਤੇ ਮੌਲ਼ਦੀਆਂ ਰੁੱਤਾਂ ਉਸ ਦੇ ਚਿਹਰੇ ’ਤੇ ਹਰ ਵਾਰ ਖ਼ੁਸ਼ਆਮਦੀਦ ਲਿਖ ਦਿੰਦੀਆਂ ਹਨ। 
           ਰਮਤੇ ਜੋਗੀ ਵਾਂਗ ਸਾਹਿਤਕ ਪਿੜ 'ਚ ਭਾਉਂਦੇ -ਫਿਰਦਿਆਂ ਅਚਾਨਕ ਉਸ ਨਾਲ ਮੁਲਾਕਾਤ ਹੋ ਗਈ। ਇੱਕ ਪਲ ਲਈ ਮਨ ਦੀਆਂ ਕਿਆਸ ਅਰਾਈਆਂ ਸਾਨੂੰ ਖੁਦ ਦੀ ਸਪਸ਼ੱਟਤਾ ਤੋਂ ਕੋਹਾਂ ਦੂਰ ਲੈ ਗਈਆਂ। ਪਰ ਦੂਜੇ ਹੀ ਪਲ ਅੱਖਰਾਂ 'ਚ ਤਾਰਿਆਂ ਦੀ ਫ਼ਸਲ ਖੁਦ -ਬ -ਖੁਦ ਉੱਗ ਆਈ ਜਦੋਂ ਅਰਥਾਂ 'ਚ ਰੌਸ਼ਨੀ ਦਾ ਦਰਿਆ ਵਹਿਣ ਲੱਗਾ ਤੇ ਅੰਤਰੀਵ ਚਾਨਣ 'ਚ ਰੂਹ ਸਰਸ਼ਾਰ ਹੋ ਗਈ। ਮਨ 'ਚ ਖੁਸ਼ੀ ਮੌਲਣ ਲੱਗੀ ਜਿਵੇਂ ਕਿਸੇ ਖਿੜਦੇ ਫੁੱਲ 'ਚ ਰੰਗ ਚੜ੍ਹਦੇ ਹੋਣ। 
           ਜ਼ਿੰਦਗੀ ਦੀਆਂ ਤਲਖੀਆਂ ਸਾਹਿਤ ਦੇ ਸੁੱਚੇ ਆਬਸ਼ਾਰ ਨੂੰ ਵਹਿਣ ਤੋਂ ਨਾ ਰੋਕ ਸਕੀਆਂ। ਉਹ ਸਾਹਿਤਕ ਰੰਗ ਵਿੱਚ ਅੱਜ ਵੀ ਰੰਗਿਆ ਹੋਇਆ ਹੈ।ਉਹ ਸਾਹਿਤ ਪ੍ਰੇਮ ਭਗਤੀ ਨੂੰ ਤਸਬੀਹ ਬਣਾ ਸਾਹਿਤ ਨੂੰ ਸਿਮਰਦਾ ਕਹਿੰਦਾ ਹੈ, " ਰਚਨਾਵਾਂ ਮਿੱਸੀ ਰੋਟੀ ਵਰਗੀਆਂ ਹੁੰਦੀਆਂ ਨੇ। ਮੇਰੀ ਲਿਖਤ ' ਚ ਮੇਰੇ ਪੈਰ ਭੂਤਕਾਲ ਦੀ ਸੁਨਹਿਰੀ ਧੂੜ 'ਚ ਧਸੇ ਹੋਏ ਨੇ ਤੇ ਸਿਰ ਭਵਿੱਖ ਦੀਆਂ ਚਮਤਕਾਰ ਖਲਾਵਾਂ 'ਚ ਘੁੰਮਦਾ ਕੁਝ ਟੋਲਦਾ ਰਹਿੰਦਾ ਹੈ। " ਉਹ ਕਲਮ ਦੀ ਨੋਕ ਨੂੰ ਮਨੁੱਖਤਾ ਦੀ ਜ਼ੁਬਾਨ ਸਮਝਦਾ ਹੈ। ਕਹਿੰਦੇ ਨੇ ਕਿ ਸੁੱਚੀਆਂ ਰੂਹਾਂ ਮੱਲੋਮੱਲੀ ਮਿਲਣ ਵਾਲੇ ਦਾ ਦਿਲ ਮੋਹ ਲੈਂਦੀਆਂ ਨੇ। ਨਵੀਂਆਂ ਆਮਦਾਂ ਨੂੰ ਚਾਅ ਨਾਲ ਝੋਲੀ ਪਾਉਂਦੀਆਂ ਨੇ ਤੇ ਨਿਰੋਏ ਹਸਤਾਖਰ ਖੁਣਨ ਦੀ ਸਮਰੱਥਾ ਰੱਖਦੀਆਂ ਨੇ। ਉਹ ਇਹੋ ਜਿਹਾ ਹੀ ਤਾਂ ਹੈ ਜੋ ਸ਼ਫਾਫ਼ ਮਨਾਂ 'ਚ ਪਾਕੀਜ਼ਗੀ ਦਾ ਅਹਿਸਾਸ ਜਗਾਉਂਦਾ ਸੰਦਲੀ ਸੋਚ 'ਚ ਅਤਮਿਕਤਾ ਦਾ ਜਾਗ ਲਾਉਂਦਾ ਹੈ। ਹਰ ਸਵੇਰ ਨੂੰ ਸ਼ੁਭ -ਆਗਮਨ ਕਹਿੰਦਾ ਆਪਣੇ ਮਨ ਦੇ ਬੂਹੇ 'ਤੇ ਨਿੱਤ ਸੂਹੇ ਸ਼ਬਦਾਂ ਨਾਲ ਸ਼ਗਨਾਂ ਦਾ ਤੇਲ ਚੋਂਦਾ ਹੈ। 
ਰੱਤਾ ਸੂਰਜ -
ਰੰਗਾਂ ਦੀ ਆਬਸ਼ਾਰ 
ਤ੍ਰੇਲ ਤੁਪਕੇ । 
ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 76 ਵਾਰ ਖੋਲ੍ਹੀ ਗਈ 

20 Apr 2016

ਚਿੱਠੀ ਦੀਆਂ ਬਾਤਾਂ

ਹਾਇਕੁ -ਲੋਕ ਦੇ ਨਾਂ ਆਈ ਅੱਜ ਇੱਕ ਹੋਰ ਚਿੱਠੀ -

O my dear Beti Hardeep,

A great work you are doing. Hats off to you.You are genius.I have also listen your sweet voice in JUGANINAMA-4 , great presentation beta.I read only one today.I am lucky to have person like you to encourage my talent -a hope to lead myself in a better way in the fag end of life.One never knows when some will come on your way to lead you where you want to reach.In my case, you are my torch bearer in the field of haiku. I will always look for guidance.With healthy interaction, I also started gaining a lot from your superb writings. I would enjoy reading regularly,A new vista of learning is opened today,under my guide-Dr,Beti,You command fathomed respect in my mind and heart, May God bestow you and your family- all comforts on you.

Surjit Singh Bhullar (USA)
Ex-MD, Milkfed Verka Plants

ਹੋਰ ਚਿੱਠੀਆਂ  ਚਿੱਠੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ 

ਨੋਟ: ਇਹ ਪੋਸਟ ਹੁਣ ਤੱਕ 31 ਵਾਰ ਖੋਲ੍ਹੀ ਗਈ 

18 Apr 2016

ਦੂਰ ਸਾਗਰ ( ਸੇਦੋਕਾ )

1.
ਕੋਲ ਆ ਬੈਠੇ 
ਕੁਝ ਦੇਰ ਠਹਿਰੇ 
ਧੋਖਾ ਕਰ ਗਏ ਸੀ 
ਰਾਹ 'ਚ ਮਿਲੇ 
ਚੁਰਾਉਣ ਨਜ਼ਰਾਂ
ਚੁਪਚਾਪ ਨਿਕਲੇ। 

2.
ਦੂਰ ਸਾਗਰ 
ਲੈ ਕੇ ਖ਼ਾਲੀ ਗਾਗਰ 
ਭਰਨ ਚੱਲੇ ਅਸੀਂ 
ਵੰਡੀ ਅਸਾਂ ਨੇ 
ਹਰ ਬੂੰਦ ਰਾਹ 'ਚ 
ਜੋ ਸਾਗਰ ਤੋਂ ਪਾਈ। 

ਰਾਮੇਸ਼ਵਰ ਕੰਬੋਜ ਹਿੰਮਾਂਸ਼ੂ 
(ਨਵੀਂ ਦਿੱਲੀ) 

ਨੋਟ: ਇਹ ਪੋਸਟ ਹੁਣ ਤੱਕ 10 ਵਾਰ ਖੋਲ੍ਹੀ ਗਈ 

17 Apr 2016

ਲੁਕ ਲੁਕ ਤੱਕਦੇ (ਤਾਂਕਾ)

1.
ਰੋਗੀ ਵਿਰਤੀ 
ਸੋਗ ਮਈ ਸੁਭਾਅ 
ਮਰ ਜਾਂਦੇ ਨੇ 
ਇੱਕ -ਇੱਕ ਕਰਕੇ 
ਮਨ ਵਿਚਲੇ ਚਾਅ। 

2.
ਅੱਜ ਅਕਾਸ਼ੀਂ 
ਚੰਦ ਅਤੇ ਸੂਰਜ 
ਇੱਕ ਦੂਜੇ ਨੂੰ 
ਲੁਕ ਲੁਕ ਤੱਕਦੇ 
ਖਿੜ੍ਹ -ਖਿੜ੍ਹ ਹੱਸਦੇ। 

ਬੁੱਧ ਸਿੰਘ ਚਿੱਤਰਕਾਰ 
ਪਿੰਡ :ਨਡਾਲੋਂ 
ਹੁਸ਼ਿਆਰਪੁਰ 
ਨੋਟ: ਇਹ ਪੋਸਟ ਹੁਣ ਤੱਕ 38 ਵਾਰ ਖੋਲ੍ਹੀ ਗਈ 

15 Apr 2016

ਝੋਲੀ ਹਨ੍ਹੇਰਾ

1.
ਸਖੀ ਸਹੇਲੀ 
ਤ੍ਰਿੰਝਣ ਪੂਣੀ ਕੱਤੇ 
ਯਾਦਾਂ ਬਣੀਆਂ। 2.
ਤ੍ਰਿਕਾਲ ਢਲੀ 
ਡੁੱਬਿਆ ਏ ਸੂਰਜ 
ਝੋਲੀ ਹਨ੍ਹੇਰਾ। 

ਜਰਨੈਲ ਸਿੰਘ ਭੁੱਲਰ 
(ਮੁਕਤਸਰ)

ਨੋਟ: ਇਹ ਪੋਸਟ ਹੁਣ ਤੱਕ 05 ਵਾਰ ਖੋਲ੍ਹੀ ਗਈ 

14 Apr 2016

ਜੁਗਨੀਨਾਮਾ -4. ਤੀਲ੍ਹੇ -ਤੀਲ੍ਹੇ ਆਲ੍ਹਣਾ


Click on the arrow to listen Teele -Teele Aalna 

ਹਲਕੀ -ਹਲਕੀ ਧੁੰਦ ਦੀ ਚਾਦਰ ਦੀ ਝੁੰਬ ਮਾਰੀ ਘਰਾਂ ਦੇ ਉੱਤੋਂ ਦੀ ਝਾਕਦਾ ਸੂਰਜ। ਖੇਸ ਦੇ ਬੰਬਲ ਵੱਟਦੀ ਬੇਬੇ। "ਅੰਮਾ ਜੀ ਲੱਸੀ," ਛਿੰਦੋ ਨੇ ਡੋਲੂ ਨੂੰ ਓਟੇ 'ਤੇ ਧਰਦਿਆਂ ਕਿਹਾ। "ਕੁੜੇ ਜੁਗਨੀ ਪੁੱਤ, ਛਿੰਦੋ ਨੂੰ ਲੱਸੀ ਪਾਈਂ ਆ ਕੇ। " ਬੇਬੇ ਨੇ ਉੱਚੀ ਦੇਣੇ ਹਾਕ ਮਾਰਦਿਆਂ ਕਿਹਾ। ਅੱਜ ਫੇਰ ਛਿੰਦੋ ਦੀ ਆਮਦ ਜੁਗਨੀ ਦੇ ਖਿਆਲਾਂ ਦੇ ਦਰ 'ਤੇ ਇੱਕ ਦਸਤਕ ਦੇ ਗਈ। ਉਹ ਆਪਣੇ ਦਿਮਾਗ ਦੇ ਬਾਲਪੁਣੇ ਦੇ ਜਾਲੇ ਲਾਹ ਕੇ ਕੁਝ ਅਣਬੁੱਝ ਸੁਆਲਾਂ ਦੇ ਜਵਾਬ ਲੱਭਣ ਲੱਗੀ। ਜਦੋਂ  ਕੁਝ ਵੀ ਹੱਥ ਪੱਲੇ ਨਾ ਪਿਆ ਤਾਂ ਆਪਣੇ ਸੁਆਲਾਂ ਦਾ ਪੱਲਾ ਬੇਬੇ ਮੂਹਰੇ ਆ ਝਾੜਿਆ, " ਭਲਾ ਬੇਬੇ ਛਿੰਦੋ ਦੀ ਬੀਬੀ ਨੂੰ ਮਿਲਟਰੀ ਆਲੇ ਫ਼ੌਜੀ ਕਿਧਰ ਲੈ ਗਏ ਸੀ ? ਉਹ ਹੁਣ ਕਿੱਥੇ ਆ ? ਕਦੋਂ ਮੁੜ ਕੇ ਆਊਗੀ ?" 
         "ਪੁੱਤ ਓਸ ਕਰਮਾਂ -ਮਾਰੀ ਨੇ ਹੁਣ ਕਿੱਥੋਂ ਮੁੜਨਾ ?" ਜੁਗਨੀ ਦੇ ਸੁਆਲ ਬੇਬੇ ਨੂੰ ਕਈ ਵਰ੍ਹੇ ਪਿਛਾਂਹ ਲੈ ਗਏ। ਚੇਤੇ ਦੇ ਵਹਿਣਾਂ 'ਚ ਵਹਿ ਤੁਰੀ ਬੇਬੇ। " ਛਿੰਦੋ ਦੀ ਬੀਬੀ ਆਪਣੇ ਨਾਲ ਦੇ ਪਿੰਡ ਵਾਲੇ ਜੁਲਾਹੇ ਫਜਲੇ ਦੀ ਪੰਜਾਂ ਧੀਆਂ 'ਚੋਂ ਸਭ ਤੋਂ ਵੱਡੀ ਧੀ ਸੀ। ਨਾਂ ਤਾਂ ਉਹਦਾ ਫਾਤਿਮਾ ਸੀ , ਪਰ ਸਾਰੇ ਫੱਤੋ ਹੀ ਬੁਲਾਉਂਦੇ। ਬਲਾਂ ਈ ਸੋਹਣੀ , ਲੰਮੀ -ਲੰਝੀ ਕੈਲ ਅਰਗੀ। ਹੱਲਿਆਂ ਵੇਲ਼ੇ ਲਾਹੌਰ ਨੂੰ ਜਾਂਦੇ ਉਨ੍ਹਾਂ ਦੇ ਕਾਫ਼ਲੇ 'ਤੇ ਹੱਲਾ ਹੋ ਗਿਆ। ਟੱਬਰ ਤੋਂ ਨਿਖੜੀ ਫੱਤੋ, ਕਈ ਦਿਨਾਂ ਮਗਰੋਂ ਲੁਕਦੀ -ਲੁਕਾਉਂਦੀ ਆਪਣੇ ਪਿੰਡ ਆ ਵੜੀ। ਭਲਾ ਹੋਵੇ ਪੈਂਚ ਨਰੰਜਣ ਸਿਉਂ ਦਾ। ਬਲਾਂ ਈ ਪੁੰਨ ਆਲਾ ਕੰਮ ਕੀਤਾ। ਪਹਿਲਾਂ ਤਾਂ ਫੱਤੋ ਨੂੰ ਆਵਦੇ ਘਰ ਢੋਈ ਦਿੱਤੀ , ਫੇਰ ਫੁੰਮਣ ਨਾਲ ਉਸ ਦਾ ਘਰ ਵਸਾ ਤਾ। ਫਤਿਹ ਕੁਰ ਬਣੀ ਫੱਤੋ, ਫੁੰਮਣ ਦੇ ਦੋ ਜੁਆਕਾਂ ਪੋਪੀ ਤੇ ਛਿੰਦੋ ਦੀ ਹੁਣ ਮਾਂ ਸੀ। ਆਵਦੇ ਟੱਬਰ 'ਚ ਸੋਹਣੀ ਰਚੀ -ਬੱਸੀ, ਉਹ ਤਾਂ ਸ਼ਾਇਦ ਭੁੱਲ ਹੀ ਗਈ ਹੋਊ ਪਾਕਿਸਤਾਨ ਗਏ ਆਪਣੇ ਭਾਈ -ਭੈਣਾਂ ਨੂੰ ਕਿ ਇੱਕ ਦਿਨ ਮਿਲਟਰੀ ਆਲ਼ੇ ਆ ਧਮਕੇ ਉਸ ਦਾ ਖ਼ੁਰਾ -ਖੋਜ ਕੱਢਦੇ। ਅਖੇ ਸਾਡੀ ਸਰਕਾਰ ਐਧਰ ਰਹਿ ਗਈਆਂ ਮੁਸਲਮਾਨ ਕੁੜੀਆਂ ਨੂੰ ਓਧਰ ਭੇਜ ਰਹੀ ਹੈ ਤੇ ਓਧਰੋਂ ਹਿੰਦੂ -ਸਿੱਖਾਂ ਦੀਆਂ ਧੀਆਂ -ਭੈਣਾਂ ਨੂੰ ਏਧਰ। ਮੱਤ ਮਾਰੀ ਵੀ ਸੀ ਇਹਨਾਂ ਕਲ਼ਮੂੰਹੀਆਂ ਸਰਕਾਰਾਂ ਦੀ। ਬਥੇਰੇ ਤਰਲੇ ਕੀਤੇ ਫੱਤੋ ਨੇ ," ਹਾੜਾ ਵੇ ਭਾਈਓ , ਮੈਨੂੰ ਮੇਰੇ ਟੱਬਰ ਤੋਂ ਅੱਡ ਨਾ ਕਰੋ।" ਇੱਕ ਨੀ ਸੁਣੀ। ਧੂਹ ਕੇ ਲੈ ਗਏ ਉਹਨੂੰ।"
          "ਫੇਰ ਤਾਂ ਫੱਤੋ ਚਾਚੀ ਆਵਦੇ ਮਾਪਿਆਂ ਨੂੰ ਜਾ ਮਿਲੀ ਹੋਣੀ ਆ", ਡਾਢੀ ਸੰਸਾ ਦੇ ਘੇਰੇ ਨੂੰ ਤੋੜਦੀ ਜੁਗਨੀ ਬੋਲੀ। "ਕਾਹਨੂੰ ਪੁੱਤ , ਓਸ ਕਰਮਾਂਮਾਰੀ ਦੀ ਕਿਸਮਤ 'ਚ ਅਜੇ ਹੋਰ ਰੁਲਣਾ ਬਾਕੀ ਸੀ। ਤਿੰਨੀ -ਚੌਂਹ ਮਹੀਨਿਆਂ ਬਾਅਦ ਕਿਸੇ ਜਾਣੂ ਨੇ ਨਹਿਰ 'ਚ ਰੁੜੀ ਆਉਂਦੀ ਫੱਤੋ ਨੂੰ ਸਿਆਣ ਲਿਆ। ਪਿੰਡ ਲਿਆਂਦੀ , ਸਾਹ ਚੱਲਦੇ ਸੀ। ਦਾਰੂ -ਬੂਟੀ ਕੀਤੀ। ਬਸੁਰਤੀ ਜਿਹੀ 'ਚ ਬੜਬੜਾਉਂਦੀ ਨੇ ਉਹਨੇ ਆਪਾ ਫਰੋਲਿਆ, "ਓਧਰ ਗਈ ਨੂੰ ਪਿਓ ਨੇ ਦੇਹਲ੍ਹੀ ਨੀ ਟੱਪਣ ਦਿੱਤੀ। ਅਖੇ ਤੈਨੂੰ ਘਰ ਬਠਾ ਲਿਆ ਤਾਂ ਬਾਕੀ ਚੌਹਾਂ ਨੂੰ ਕਿੱਥੇ ਤੋਰੂੰ। ਓਥੋਂ ਧੱਕੀ ਕਿਧਰ ਜਾਂਦੀ। ਨਹਿਰ 'ਚ ਛਾਲ ਮਾਰਤੀ। ਮੈਥੋਂ ਨਿਕਰਮੀ ਤੋਂ ਤਾਂ ਮੌਤ ਨੇ ਵੀ ਮੂੰਹ ਮੋੜ ਲਿਆ। ਮੈਨੂੰ ਪੋਪੀ ਤੇ ਛਿੰਦੋ ਦਾ ਮੂੰਹ ਦਿਖਾਲ ਦਿਓ। ਖਵਨੀ ਉਹਨਾਂ ਨੂੰ ਦੇਖਣ ਖਾਤਰ ਈ ਇਹ ਜਾਨ ਅਟਕੀ ਵੀ ਐ। ਆਵਦੇ ਜਵਾਕਾਂ ਨੂੰ ਗਲ਼ ਨਾਲ ਲਾਉਂਦਿਆਂ ਈ ਥਾਂਏਂ ਪੂਰੀ ਹੋਗੀ।"
     ਅੰਦਰੋਂ ਉੱਠੇ ਦਰਦ ਦੀ ਕਸਕ ਨੇ ਬੇਬੇ ਦੀਆਂ ਅੱਖਾਂ 'ਚ ਕੋਸਾ ਪਾਣੀ ਭਰ ਦਿੱਤਾ ਸੀ। ਜੁਗਨੀ ਦੀਆਂ ਅੱਖਾਂ ਦੇ ਕੋਏ ਵੀ ਮੱਲੋ -ਮੱਲੀ ਚੋਅ  ਪਏ। 

ਹਵਾ ਬਰੂਦੀ -
ਤੀਲ੍ਹੇ -ਤੀਲ੍ਹੇ ਆਲ੍ਹਣਾ 
ਮੋਇਆ ਪੰਛੀ। 

ਡਾ. ਹਰਦੀਪ ਕੌਰ ਸੰਧੂ 

(ਜੁਗਨੀਨਾਮਾ ਦੀ ਪਿਛਲੀ ਕੜੀ ਜੋੜਨ ਲਈ ਇੱਥੇ ਕਲਿੱਕ ਕਰੋ )

ਨੋਟ: ਇਹ ਪੋਸਟ ਹੁਣ ਤੱਕ 80 ਵਾਰ ਖੋਲ੍ਹੀ ਗਈ 

6 Apr 2016

ਪੁਕਾਰClick on the arrow to listen -                       A word of appreciation from Dr. Sudha Gupta                                                 
ਅੱਜ ਤੜਕੇ -ਤੜਕੇ ਹੀ ਅੱਖ ਖੁੱਲ੍ਹ ਗਈ, ਘੜੀ ਵੱਲ ਨਜ਼ਰਾਂ ਘੁੰਮੀਆਂ -ਪੌਣੇ ਚਾਰ। ਅਚਾਨਕ ਜਾਗ ਉਠਣ ਦਾ ਕਾਰਨ ਵੀ ਅਗਲੇ ਹੀ ਪਲ ਸਮਝ 'ਚ ਆ ਗਿਆ। ਬਾਹਰ ਦੇ ਕਿਸੇ ਰੁੱਖ 'ਤੇ ਕੋਇਲ ਲਗਾਤਾਰ ਕੂਕ ਰਹੀ ਸੀ, ਬਿਨਾਂ ਰੁਕੇ , ਨਿਰੰਤਰ -ਬਿਨਾਂ ਸਾਹ ਲਏ। ਅਜਿਹੀ ਬੇਚੈਨ, ਐਨੀ ਪ੍ਰੇਸ਼ਾਨ ਕਿ ਕੁਝ ਕਿਹਾ ਹੀ ਨਾ ਜਾਏ। ਕਿਹੋ ਜਿਹੀ ਇਹ ਪੁਕਾਰ ਹੈ ?
     ਸਾਡੇ ਰੀਤੀਕਾਲ ਦੇ ਕਵੀਆਂ ਨੇ ਕੋਇਲ ਨੂੰ 'ਕੋਸਣ' ਵਾਲੇ ਗ੍ਰੰਥ ਦੇ ਗ੍ਰੰਥ ਲਿਖ ਮਾਰੇ ਨੇ। ਤਰਾਂ -ਤਰਾਂ ਦੇ ਉਲਾਂਭੇ ਤੇ ਦੋਸ਼ -  'ਨੀ ਭਰੀ ਪੀਤੀ ਕੋਇਲੇ, ਤੂੰ ਕੂਕ -ਕੂਕ ਕੇ ਬਿਰਹਣ ਦਾ ਕਲੇਜਾ ਕੱਢ ਰਹੀ ਏਂ' ਆਦਿ ਅਲੰਕਾਰਾਂ ਨਾਲ ਭਰਿਆ ਪਿਆ ਹੈ ਉੱਤਰਕਾਲੀਨ ਭਗਤੀ ਕਾਵਿ :ਰੀਤੀ ਕਾਵਿ। 
     ਪਰ  ਮੈਨੂੰ ਕੋਇਲ ਦੀਆਂ ਬੇਚੈਨ ਆਵਾਜ਼ਾਂ ਸੁਣ ਕੇ ਹਮੇਸ਼ਾਂ ਲੱਗਦਾ ਹੈ ਕਿ ਕੋਇਲ ਦੀ ਕੂਕ ਆਪਣੇ -ਆਪ 'ਚ ਐਨੀ ਪੀੜਾ ਤੇ ਐਸੀ ਵਿਆਕੁਲ ਬੇਸਬਰੀ ਵਾਲੀ ਹੁੰਦੀ ਹੈ ਕਿ ਉਹ  ਦੂਜਿਆਂ ਨੂੰ ਕੀ ਦੁੱਖੀ ਕਰੇਗੀ। ਉਸ ਨੂੰ ਤਾਂ ਆਪਣੀ ਛੱਟਪਟਾਹਟ ਤੋਂ ਹੋਸ਼ ਨਹੀਂ। ਅੱਜ ਵੀ ਕੋਇਲ ਦੀ ਨਿਰਵਿਘਨ ਪੁਕਾਰ ਨੇ ਆਪਣੀ ਬੇਚੈਨੀ ਨਾਲ ਮੈਨੂੰ ਨੀਂਦ ਤੋਂ ਜਗਾ ਕੇ ਆਪਣੇ ਅਸ਼ਾਂਤ -ਅਸੰਤੋਸ਼ ਜਗਤ ਵਿੱਚ ਖਿੱਚ ਲਿਆ ਹੈ -
ਕੋਇਲ ਪੀੜਾ -
ਜੱਗ ਨਾ ਜਾਣੇ -ਬੁੱਝੇ 
ਸ਼ੋਕ ਬਿਰਥਾ।  

ਡਾ. ਸੁਧਾ ਗੁਪਤਾ 
ਹਾਇਬਨ -ਹਾਇਕੁ ਸੰਗ੍ਰਹਿ 'ਸਫ਼ਰ ਕੇ ਛਾਲੇ ਹੈਂ' 'ਚੋਂ ਧੰਨਵਾਦ ਸਾਹਿਤ 
(ਅਨੁਵਾਦ -ਡਾ ਹਰਦੀਪ ਕੌਰ ਸੰਧੂ )
ਨੋਟ: ਇਹ ਪੋਸਟ ਹੁਣ ਤੱਕ 102 ਵਾਰ ਪੜ੍ਹੀ ਗਈ 

3 Apr 2016

ਸੁਪਨੇ (ਤਾਂਕਾ )

1.
ਘਰ ਤਿਆਗੇ 
ਪਰਦੇਸ ਹੰਢਾਏ 
ਮਾਪੇ ਗਵਾਏ 
ਸੁਪਨੇ ਵੀ ਸਜਾਏ 
ਕਿਸੇ ਕੰਮ ਨਾ ਆਏ। 

2.
ਲੋਕਾਂ ਦਾ ਰਾਜ਼ 
ਲੋਕਾਂ ਦੀ ਅਦਾਲਤ 
ਹੈ ਜਹਾਲਤ 
ਦਿਨੋਂ ਦਿਨ ਨਿੱਘਰੀ 
ਮੁਲਕ ਦੀ ਹਾਲਤ। 

ਬੁੱਧ ਸਿੰਘ ਚਿੱਤਰਕਾਰ 
(ਪਿੰਡ:ਨਡਾਲੋਂ) 
ਜ਼ਿਲ੍ਹਾ :ਹੁਸ਼ਿਆਰਪੁਰ 

ਨੋਟ: ਇਹ ਪੋਸਟ ਹੁਣ ਤੱਕ 165 ਵਾਰ ਪੜ੍ਹੀ ਗਈ