ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Sept 2013

ਉਡੀਕੇ ਚੰਨ ਮਾਹੀ

1.
ਦੂਰ-ਦੁਰੇਡੇ
ਸਪੀਕਰ ਵੱਜਣ
ਰਕਾਟਾਂ ਵਾਲ਼ੇ।

2.
ਦੁੱਧ-ਮਧਾਣੀ
ਘੁੰਮੇ ਵਿੱਚ ਚਾਟੀਆਂ
ਸਾਂਝ-ਸਵੇਰੇ।

3.
ਬੈਠ ਕੇ ਬੂਹੇ
ਉਡੀਕੇ ਮੁਟਿਆਰ
ਚੰਨ ਮਾਹੀ ਨੂੰ ।

4.
ਤੋਪੇ ਭਰਦੀ
ਬੈਠ ਕੇ ਨਿੰਮ ਥੱਲੇ
ਲੈ ਫੁਲਕਾਰੀ ।

ਅੰਮ੍ਰਿਤ ਰਾਏ (ਪਾਲੀ)
ਫ਼ਾਜ਼ਿਲਕਾ 

28 Sept 2013

ਬੇਬੇ ਮਗਰੋਂ

ਪੰਜਾਬ ਦੇ ਪਿੰਡਾਂ 'ਚ ਇਹ ਆਮ ਵੇਖਣ ਨੂੰ ਮਿਲਦਾ ਸੀ। ਹਾਰੇ 'ਚ ਰਿੱਝੀ ਦਾਲ਼ ਦਾ ਵੱਖਰਾ ਜਿਹਾ ਸੁਆਦ ਪ੍ਰੈਸ਼ਰ-ਕੁੱਕਰਾਂ 'ਚ ਪੱਕੀ ਦਾਲ਼ ਤੋਂ ਕਈ ਗੁਣਾਂ ਵਧੇਰੇ ਵਧੀਆ ਸੀ। ਹੁਣ ਨਾ ਹਾਰਿਆਂ 'ਚ ਦਾਲ਼ ਰਿੱਝਦੀ ਹੈ ਤੇ ਬੇਬੇ ਦੇ ਤੁਰ ਜਾਣ ਮਗਰੋਂ ਉਸ ਦਾ ਸੰਦੂਕ ਤੇ ਚਰਖੇ ਦੀ ਹਾਲਤ ਤੁਸੀਂ ਆਪਣੇ ਅੱਖੀਂ ਵੇਖ ਲਓ।


ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ-ਸਿਡਨੀ)

27 Sept 2013

ਚਾਨਣ ਲੱਭਾਂ

1.
ਏਨਾ ਵਕਫ਼ਾ
ਜਿੰਦ ਨਿਕਲਣ ਨੂੰ 
ਮਿੰਟ ਨਾ ਲੱਗੇ
ਕਿਉਂ ਵੈਰ ਕਮਾਵੇਂ 
ਵੇ ਮੈਨੂੰ ਤੜਪਾਵੇਂ ।
2.
ਏਨੀ ਉਡੀਕ 
ਚੰਨ ਲੱਥਾ-ਚੰੜ੍ਹਿਆ 
ਹਾਲ ਨਾ ਠੀਕ
ਮੇਰਾ ਖਿੜੇ ਨਸੀਬ 
ਜੇ ਤੂੰ ਹੋਵੇਂ ਕਰੀਬ ।
3.
ਚਾਨਣ ਲੱਭਾਂ 
ਤੇਰਾ ਮੁਖੜਾ ਦੂਰ 
ਤੂੰ ਮਜਬੂਰ 
ਕਿੱਥੇ ਭੇਜਾਂ ਅਰਜੀ 
ਜਿੰਦ ਹੌਕੇ ਭਰਦੀ ।

ਡਾ. ਸ਼ਿਆਮ ਸੁੰਦਰ ਦੀਪਤੀ
(ਅੰਮ੍ਰਿਤਸਰ)

25 Sept 2013

ਮੇਲੇ ਸੱਖਣੇ (ਤਾਂਕਾ)

1.
ਸਮਾਂ ਦਰਿਆ
ਵਹਿ ਗਏ ਤ੍ਰਿੰਞਣ
ਯਾਦਾਂ ਬਚੀਆਂ
ਵਿਸਰ ਜਾਣਗੀਆਂ
ਕਦੇ ਇਹ ਯਾਦਾਂ ਵੀ।

2.
ਰੋਵੇ ਜਵਾਨੀ
ਨਸ਼ਿਆਂ 'ਚ ਵਹਿੰਦੀ
ਮੇਲੇ ਸੱਖਣੇ
ਭਟਕਣਾ-ਮੁਕਤ
ਲੱਭਦੀ ਪਈ ਰਾਹ।

ਪ੍ਰੋ. ਦਵਿੰਦਰ ਕੌਰ ਸਿੱਧੂ
(ਦੌਧਰ-ਮੋਗਾ) 

23 Sept 2013

ਸੱਚੋ-ਸੱਚ (ਸੇਦੋਕਾ)

1.
ਦੇਸ਼ ਬੇਗਾਨੇ
ਉਤਰਿਆ ਜਹਾਜ਼
ਹੱਡ ਭੰਨਾਈ ਕਰੇ
ਕਦ ਆਵਣਾ

ਬੁੱਢੀ ਮਾਈ ਪੁੱਛਦੀ
ਸ਼ਾਇਦ ਕਦੇ ਨਹੀਂ ।


2.
ਝੂਠ ਤੇ ਸੱਚ
ਖੜ੍ਹੇ ਕਟਿਹਰੇ 'ਚ
ਆਪਸ 'ਚ ਲੜਦੇ
ਪੱਖ ਪੂਰਦੇ 
ਮੈਂ ਸਹੀ ਤੂੰ ਗਲਤ
ਜਿੱਤਿਆ ਸੱਚੋ-ਸੱਚ ।

ਅੰਮ੍ਰਿਤ ਰਾਏ (ਪਾਲੀ)
ਫ਼ਾਜ਼ਿਲਕਾ

ਨੋਟ : ਸੇਦੋਕਾ ਜਪਾਨੀ ਕਾਵਿ ਵਿਧਾ ਹੈ ਜਿਸ ਵਿੱਚ 5-7-7, 5-7-7 ਧੁੰਨੀ ਖੰਡ ਵਾਲ਼ੀਆਂ ਦੋ ਅੱਧੀਆਂ /ਅਧੂਰੀਆਂ  ਕਾਵਿ ਟੁਕੜੀਆਂ ਹੁੰਦੀਆਂ ਹਨ- ਜੋ ਮਿਲ਼ ਕੇ ਕਿਸੇ ਇੱਕ ਭਾਵ ਨੂੰ ਬਿਆਨਦੀਆਂ ਹਨ।


22 Sept 2013

ਤੱਕਣੀ ਤੇਰੀ (ਤਾਂਕਾ)

1.
ਨਖਰਾ ਤੇਰਾ
ਇੱਕ ਜਵਾਰ ਭਾਟਾ
ਚੜ੍ਹੇ ਉੱਤਰੇ
ਜਾਦੂ ਦੇ ਖੇਲ ਇਹ
ਹੁਲਾਰੇ ਪਏ ਦਿੰਦੇ।

2.
ਵਤੀਰਾ ਤੇਰਾ
ਨਿੱਘ ਦਾ ਅਹਿਸਾਸ
ਠਰਿਆ ਦਿਲ
ਹਰਕਤ ਮਿਲੇ ਤਾਂ
ਧੱਕ-ਧੱਕ ਧੜਕੇ ।

3.
ਤੱਕਣੀ ਤੇਰੀ
ਛੱਡੇ ਤੀਰ ਤਿੱਖੜੇ
ਕਰੇ ਘਾਇਲ
ਤੜਪਣ ਜ਼ਖਮ
ਮੱਲ੍ਹਮ ਕੌਣ ਲਾਵੇ।

ਜਸਵਿੰਦਰ ਸਿੰਘ ਰੁਪਾਲ
(ਲੁਧਿਆਣਾ)                                    

20 Sept 2013

ਮਨ ਦੀਆਂ ਮੌਜਾਂ

1.
ਗਗਨੀ ਤਾਰੇ
ਵਿਹੜੇ 'ਚ ਨਿਆਣੇ
ਖੇਡੀਂ ਮਸਤ ।
2.
ਮਿੱਟੀ ਉਡਾਵਾਂ
ਘਰ ਵੱਲ ਆਉਂਦੇ
ਮਟੈਲੀ ਸ਼ਾਮ ।
3.
ਵਿੱਚ ਪ੍ਰਦੇਸੀਂ
ਗਲੋਬ ਰੱਖ ਅੱਗੇ
ਦੇਸ਼ ਨੂੰ ਤੱਕਾਂ ।

ਦਿਲਜੋਧ ਸਿੰਘ
(ਯੂ. ਐਸ. ਏ.)

18 Sept 2013

ਲੰਬੀ ਕਹਾਣੀ

1.   
ਖੂਹ ਦੀ ਲੱਜ     
ਮਹਿੰਦੀ-ਹੱਥ ਭੌਣੀ
ਲੰਬੀ ਕਹਾਣੀ । 
2.
ਮਟਕੇ ਪਾਣੀ
ਵੱਜੇ ਝਾਂਜਰ ਚੂੜਾ
ਯਾਦ ਸਤਾਵੇ । 
3
ਕਾਗ ਉਡਾਵਾਂ 
ਚੂਰੀ ਕੁੱਟ ਕੇ ਪਾਵਾਂ
ਲਾਮ ਤੋਂ ਆ ਜਾ । 

ਜੋਗਿੰਦਰ ਸਿੰਘ  ਥਿੰਦ
(ਅੰਮ੍ਰਿਤਸਰ-ਸਿਡਨੀ)

17 Sept 2013

ਸੱਜ ਵਿਆਹੀ

1.
ਚੰਨ ਚਾਨਣੀ
ਮੁੱਖ 'ਤੇ ਜਦ ਪੈਂਦੀ
ਕੱਢੇ ਘੁੰਘਟ ।

2.
ਸੱਜ ਵਿਆਹੀ
ਅੱਜ ਬੈਠੀ ਆ ਪੇਕੇ
ਕੰਤ ਕਨੇਡਾ।

3. 
ਦਾਤੀ ਦੰਦਰੇ
ਦੰਦੀਆਂ ਨੇ ਕੱਢਦੇ
ਵਾਢੇ ਵਿਹਲੇ ।

ਹਰਭਜਨ ਸਿੰਘ ਖੇਮਕਰਨੀ
(ਅੰਮ੍ਰਿਤਸਰ) 

15 Sept 2013

ਮਸਤ ਭੌਰੇ

1.

ਹੋਈ ਸਵੇਰ
ਸੂਰਜ ਚਮਕਿਆ
ਲੈ ਕੇ ਕਿਰਨਾਂ।

2.
ਮਸਤ ਭੌਰੇ
ਤਿੱਤਲੀਆਂ ਦੇ ਪਿੱਛੇ
ਹੋਏ ਪਾਗਲ ।

3.
ਸ਼ਾਂਤੀ ਦਾ ਰਾਜ-
ਕੁਦਰਤ ਦੀ ਗੋਦ
ਪਹਾੜਾਂ ਉੱਤੇ ।

ਕਸ਼ਮੀਰੀ ਲਾਲ ਚਾਵਲਾ
( ਮੁਕਤਸਰ)
* ਬਾਂਕੇ ਦਰਿਆ (ਹਾਇਕੁ ਸੰਗ੍ਰਹਿ) 'ਚੋਂ ਧੰਨਵਾਦ ਸਹਿਤ

14 Sept 2013

ਪਿੰਡ ਲੈ ਚੱਲਾਂ

ਆਓ ਅੱਜ ਤੁਹਾਨੂੰ ਆਪਣੇ ਪਿੰਡ ਲੈ ਚੱਲਾਂ। ਸ਼ਾਇਦ ਇਹ ਤੁਹਾਨੂੰ ਵੀ ਆਪਣਾ ਹੀ ਲੱਗੇ। 

1.
ਹੱਟੀ 'ਤੇ ਜਾਣਾ
ਅੱਠ ਆਨੇ ਦਾ ਸੌਦਾ
ਰੂੰਗਾ ਲੈ ਖਾਣਾ।

2.
ਅੰਬੋ ਪਕਾਵੇ
ਨਾਲ਼ੇ ਕਰੇ ਗਿਣਤੀ
ਦੋ-ਦੋ ਸਭ ਨੂੰ।

3.
ਭੜੋਲਾ ਖਾਲੀ
ਪੀਹਣਾ ਕਰਨ ਨੂੰ
ਛੱਜ ਭਾਲਦੀ ।

ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ-ਸਿਡਨੀ)

ਨੋਟ: ਇਹ ਪੋਸਟ ਹੁਣ ਤੱਕ 42 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।

12 Sept 2013

ਇੱਕ ਅਸੀਸ

1.
ਦੂਰ ਦੇ ਸੁਰ.....
ਕਿਲਕਾਰੀਆਂ ਸੰਗ
ਬੋਹੜੀਂ ਪੀਘਾਂ ।

2.
ਨਸ਼ੇ 'ਚ ਟੱਲੀ
ਸਵਾਲ ਕਿੰਨੇ ਪੁੱਛਾਂ
ਰੂਹ-ਬ- ਖ਼ੁਦ ।

3.
ਇੱਕ ਅਸੀਸ
ਔਖੇ ਸਫ਼ਰ ਉੱਤੇ
ਬੁੱਢਾ ਬੋਹੜ।

ਦਲਵੀਰ ਗਿੱਲ
(ਕਨੇਡਾ) 
ਨੋਟ: ਇਹ ਪੋਸਟ ਹੁਣ ਤੱਕ 13 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।

11 Sept 2013

ਉਡੀਕਾਂ ਤੇਰੀਆਂ

ਹਾਇਕੁ-ਲੋਕ ਨਾਲ਼ ਅੱਜ ਇੱਕ ਹੋਰ ਨਾਂ ਆ ਜੁੜਿਆ ਹੈ- ਜਸਵਿੰਦਰ ਸਿੰਘ ਰੁਪਾਲ। ਆਪ ਨੇ ਪੰਜਾਬੀ, ਅੰਗਰੇਜ਼ੀ,ਇਕਨਾਮਿਕਸ ਤੇ ਮਾਸ ਕੌਮੂਨੀਕੇਸ਼ਨ 'ਚ ਐਮ. ਏ. ਤੱਕ ਦੀ ਵਿਦਿਅਕ ਯੋਗਤਾ ਹਾਸਿਲ ਕੀਤੀ ਹੈ। ਅੱਜਕੱਲ ਸਰਕਾਰੀ ਸੀਨੀ. ਸੈਕੰਡਰੀ ਸਕੂਲ ਭੈਣੀ ਸਾਹਿਬ (ਲੁਧਿਆਣਾ) ਵਿਖੇ ਅਰਥ-ਸ਼ਾਸਤਰ ਦੇ ਲੈਕਚਰਰ ਹਨ। 
       ਅੱਜ ਆਪ ਨੇ ਕੁਝ ਤਾਂਕਾ ਲਿਖ ਕੇ ਪਹਿਲੀ ਵਾਰ ਹਾਇਕੁ-ਲੋਕ ਨਾਲ਼ ਸਾਂਝ ਪਾਈ ਹੈ। ਮੈਂ ਆਪ ਜੀ ਦਾ ਨਿੱਘਾ ਸੁਆਗਤ ਕਰਦੀ ਹਾਂ।

1.
ਹੁਸਨ ਤੇਰਾ
ਚਮਕਦਾ ਸੂਰਜ
ਚਾਨਣ ਵੰਡੇ
ਫੜਾਂ ਕਿੰਝ ਚਾਨਣ
ਇਹ ਹੱਥ ਨਾ ਆਵੇ।

2.
ਪਿਆਰ ਤੇਰਾ
ਹਿੰਮਤ ਨੂੰ ਚੁਣੌਤੀ
ਕਬੂਲ ਮੈਨੁੰ
ਜ਼ਮਾਨੇ ਦੇ ਸਿਤਮ
ਸਹਿ ਲਵਾਂ ਹੱਸ ਕੇ।

3.
ਵਾਅਦਾ ਤੇਰਾ
ਊਠ ਬੁੱਲ ਵਰਗਾ
ਨਾ ਡਿੱਗੇ ਕਦੇ
ਪਰਚਿਆ ਹੈ ਦਿਲ
ਉਡੀਕਾਂ ਨੇ ਤੇਰੀਆਂ।

ਜਸਵਿੰਦਰ ਸਿੰਘ ਰੁਪਾਲ
(ਲੁਧਿਆਣਾ) 
ਨੋਟ:ਇਹ ਪੋਸਟ ਹੁਣ ਤੱਕ 28 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।





9 Sept 2013

ਲੇਬਰ ਚੌਂਕ

1.
ਆਈ ਹੈ ਗੱਡੀ
ਉਤਰੇ ਮੁਸਾਫਿਰ
ਮਿਲ਼ਿਆ ਮੀਤ।

2.
ਲੇਬਰ ਚੌਂਕ
ਖੜ੍ਹੇ ਬੰਨ੍ਹ ਕਤਾਰ
ਮਿਲੇ ਨਾ ਕੰਮ ।

3.
ਹੱਥ ਟਿਫ਼ਿਨ
ਸਾਈਕਲ 'ਤੇ ਪੈਰ
ਚੱਲੇ ਦਿਹਾੜੀ।

ਜਗਦੀਸ਼ ਰਾਏ ਕੁਲਰੀਆਂ
ਬਰੇਟਾ (ਮਾਨਸਾ)

(ਨੋਟ: ਇਹ ਪੋਸਟ ਹੁਣ ਤੱਕ 11 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ)

5 Sept 2013

ਅਜੋਕਾ ਪੰਜਾਬ

ਹਾਇਕੁ-ਲੋਕ ਮੰਚ 'ਤੇ ਪ੍ਰਕਾਸ਼ਿਤ ਰਚਨਾਵਾਂ ਸਾਡੇ ਪਾਠਕਾਂ ਤੇ ਲੇਖਕਾਂ ਲਈ ਪ੍ਰੇਰਨਾ ਸਰੋਤ ਬਣਦੀਆਂ ਹਨ। ਸਾਡੀ ਇੱਕ ਸੰਵੇਦਨਸ਼ੀਲ ਕਲਮ ਪ੍ਰਕਾਸ਼ਿਤ ਰਚਨਾਵਾਂ ਤੋਂ ਪ੍ਰੇਰਿਤ ਹੋ ਕੇ ਅਕਸਰ ਕੁਝ ਨਵਾਂ ਸਾਡੇ ਨਾਲ਼ ਸਾਂਝਾ ਕਰਦੀ ਹੈ। ਜੀ ਹਾਂ ਤੁਸੀਂ ਸਹੀ ਅੰਦਾਜ਼ਾ ਲੱਗਾਇਆ .....ਇਹ ਹੈ ਦਿਲਜੋਧ ਸਿੰਘ ਜੀ ਦੀ ਕਲਮ। 

ਤੰਦੂਰ ਦੀ ਅਜੋਕੀ ਹਾਲਤ ਨੂੰ ਬਾਖੂਬੀ ਬਿਆਨ ਕੀਤਾ ਹੈ ਇਸ ਸੇਦੋਕਾ ਵਿੱਚ !

ਪਿਆ ਤੰਦੂਰ
ਵਿਹੜੇ ਦੀ ਨੁੱਕਰੇ
ਅੰਦਰ ਬਿੱਲੀ ਸੂਈ ।
ਤੰਦੂਰੀ ਰੋਟੀ
ਘਰ ਨਹੀਂ ਪੱਕਦੀ
ਖਾਓ ਜਾ ਕੇ ਹੋਟਲ ।


ਅੱਜਕੱਲ ਦੇ ਹਾਲਾਤ ਤੇ ਬਾਪੂ ਦੀ ਤਸਵੀਰ ਪੇਸ਼ ਹੈ ਇਸ ਸੇਦੋਕਾ 'ਚ !

ਬਾਪੂ ਏ ਪਿੰਡ
ਪੁੱਤਰ ਅਮਰੀਕਾ
ਉਮਰਾਂ ਦੀ ਉਡੀਕ ।
ਵੇਚੀ ਜ਼ਮੀਨ
ਬਾਪੂ ਏ ਵਿਹਲੜ
ਖੇਡਦਾ ਤਾਸ਼ਪੱਤੀ ।


ਦਿਲਜੋਧ ਸਿੰਘ 
(ਯੂ. ਐਸ. ਏ.)

(ਨੋਟ: ਇਹ ਪੋਸਟ ਹੁਣ ਤੱਕ 17 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ)

ਖਿੜਦੇ ਫੁੱਲ




ਅੰਮ੍ਰਿਤ ਰਾਏ (ਪਾਲੀ)
ਫਾਜ਼ਿਲਕਾ
(ਨੋਟ: ਇਹ ਪੋਸਟ ਹੁਣ ਤੱਕ 45 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ)

1 Sept 2013

ਬਾਪੂ ਦਾ ਖੂੰਡਾ

ਹਰ ਦੇਸ਼ 'ਚ 'ਪਿਤਾ ਦਿਵਸ' ਵੱਖੋ-ਵੱਖਰੇ ਦਿਨਾਂ ਨੂੰ ਮਨਾਇਆ ਜਾਂਦਾ ਹੈ। ਇਹ ਭਾਰਤ 'ਚ ਜੂਨ ਦੇ ਤੀਜੇ ਐਤਵਾਰ ਅਤੇ ਆਸਟ੍ਰੇਲੀਆ 'ਚ ਸਤੰਬਰ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਅੱਜ ਕੁਝ ਹਾਇਕੁ ਪੇਸ਼ ਕਰ ਰਹੀ ਹਾਂ ਜਿਨ੍ਹਾਂ 'ਚ ਪਿੰਡ ਵਾਲ਼ੇ ਵਿਹੜੇ 'ਚ ਬਾਪੂ ਦੀ ਤਸਵੀਰ ਵਿਖਾਈ ਦੇਵੇਗੀ। 

1.
ਹਨ੍ਹੇਰੀ ਠੰਢ
ਰਾਤੀਂ ਦੇਵੇ ਪਹਿਰਾ
ਬਾਪੂ ਦੀ ਖੰਘ ।

2.
ਜੋੜ ਬਦਲ਼
ਕੱਖ-ਪੱਠਾ ਲੱਦਦਾ
ਗੱਡੇ 'ਤੇ ਬਾਪੂ।

3.
ਪੁਰਾਣਾ ਘਰ
ਵਿਹੜੇ 'ਚ ਖੜਕੇ
ਬਾਪੂ ਦਾ ਖੂੰਡਾ। 

ਡਾ. ਹਰਦੀਪ ਕੌਰ ਸੰਧੂ
(ਸਿਡਨੀ-ਬਰਨਾਲ਼ਾ)
(ਨੋਟ: ਇਹ ਪੋਸਟ ਹੁਣ ਤੱਕ 43 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ)