ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Feb 2013

ਹਾਇਕੁ-ਕਾਵਿ 'ਚ ਅਨੁਵਾਦ ਦੀ ਚੁਣੌਤੀ

ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ 'ਚ 4-10 ਫਰਵਰੀ 2013 ਦੇ ਦੌਰਾਨ ਆਯੋਜਿਤ ਕੀਤਾ ਗਿਆ 21ਵਾਂ ਪੁਸਤਕ ਮੇਲਾ ਸਾਹਿਤ ਤੇ ਪੁਸਤਕ ਪ੍ਰੇਮੀਆਂ ਦੇ ਵਿੱਚ ਸੁਰਖੀਆਂ 'ਚ ਰਿਹਾ । ਇਸ ਮੇਲੇ ਦੀ ਖਾਸ ਖਿੱਚ ਸੀ - ਲੇਖਕ ਮੰਚ । 8 ਫਰਵਰੀ ਨੂੰ ਸ਼ਾਮ 7 -8 ਵਜੇ ਇਸ ਲੇਖਕ ਮੰਚ 'ਤੇ 'ਕਥਾ ਪੰਜਾਬ' ਤੇ 'ਨੈਸ਼ਨਲ ਬੁੱਕ ਟ੍ਰਸੱਟ'  ਦੇ ਸੰਯੋਜਨ ਦੁਆਰਾ ਇੱਕ ਬਿਲਕੁਲ ਨਵੇਂ ਤੇ ਅਛੂਤੇ ਵਿਸ਼ੇ 'ਬਲਾਗ ਤੇ ਅਨੁਵਾਦ' 'ਤੇ ਚਰਚਾ ਹੋਈ। ਸਟੇਜ ਦਾ ਸੰਚਾਲਨ ਸ਼੍ਰੀ ਸੁਭਾਸ਼ ਨੀਰਵ ਨੇ ਕੀਤਾ। ਸ਼੍ਰੀ ਰਾਮੇਸ਼ਵਰ ਕੰਬੋਜ ਹਿੰਮਾਂਸ਼ੁ ਨੇ ਹਾਇਕੁ ਕਾਵਿ 'ਚ ਅਨੁਵਾਦ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ । ਆਪ ਦੇ ਵਿਚਾਰਾਂ ਨੂੰ ਮੈਂ ਹਾਇਕੁ -ਲੋਕ ਮੰਚ ਦੇ ਪਾਠਕਾਂ ਨਾਲ ਸਾਂਝਾ ਕਰਨ ਦੀ ਖੁਸ਼ੀ ਲੈ ਰਹੀ ਹਾਂ ।
ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ' , ਸੁਭਾਸ਼ ਨੀਰਵ, ਰਜਿੰਦਰ ਗੌਤਮ, ਡਾ. ਜਗਬੀਰ ਸਿੰਘ ਤੇ ਸੂਰਜ ਪ੍ਰਕਾਸ਼

                                         ਹਾਇਕੁ-ਕਾਵਿ 'ਚ ਅਨੁਵਾਦ ਦੀ ਚੁਣੌਤੀ
                              ਰਾਮੇਸ਼ਵਰ ਕੰਬੋਜ 'ਹਿੰਮਾਂਸ਼ੂ'
ਭਾਸ਼ਾ ਮਨੁੱਖ ਦੇ ਵਜੂਦ ਦਾ ਇੱਕ ਬਹੁਤ ਹੀ ਜ਼ਰੂਰੀ ਤੇ ਮਹੱਤਵਪੂਰਣ ਪ੍ਰਾਣ-ਤੰਤੂ ਹੈ, ਗਰਭਨਾਲ਼ ਨਾਲ਼ ਜੁੜੇ ਬੱਚੇ ਵਾਂਗ। ਭਾਸ਼ਾ 'ਚ ਲਗਾਤਾਰ ਵਹਾਓ ਦਾ ਹੋਣਾ ਇਸ ਦੀ ਸਭ ਤੋਂ ਵੱਡੀ ਤਾਕਤ ਹੈ। ਇਹ ਤਾਕਤ ਸਮਾਜਿਕ ਸੰਵਾਦ ਅਤੇ ਚਿੰਤਨ ਧਾਰਾ ਦੇ ਵਹਾਓ ਸਦਕਾ ਹੋਰ ਗਹਿਰੀ ਤੇ ਵਿਸ਼ਾਲ ਹੁੰਦੀ ਹੈ। ਸ਼ਬਦਾਂ ਨੂੰ ਸਹਿਜਤਾ ਨਾਲ਼ ਅਪਣਾਉਂਦੇ ਜਾਣਾ ਮਨੁੱਖ ਦੀ ਸਭ ਤੋਂ ਵੱਡੀ ਤਾਕਤ ਹੈ। ਇਹੋ ਤਾਕਤ ਭਾਸ਼ਾ ਦੇ ਰੂਪ 'ਚ ਸਾਡੇ ਸਾਹਮਣੇ ਆਉਂਦੀ ਹੈ। ਇਹੀ ਤਾਕਤ ਪ੍ਰਫੁੱਲਤ ਹੋ ਕੇ ਬੋਲੀ ਨੂੰ ਭਾਸ਼ਾ ਤੇ ਗਿਰਾਵਟ ਵੱਲ ਜਾ ਕੇ ਭਾਸ਼ਾ ਨੂੰ ਬੋਲੀ ਅਤੇ ਅਣਗਹਿਲੀ ਕਾਰਣ ਇਸ ਨੂੰ ਲੁਪਤ ਵੀ ਕਰ ਸਕਦੀ ਹੈ। ਅੱਜ ਅਸੀਂ ਆਪਣੀਆਂ ਬੋਲੀਆਂ ਬਾਰੇ ਅਣਗਹਿਲੀ ਵਰਤ ਰਹੇ ਹਾਂ ਤੇ ਕਮਜ਼ੋਰ ਕਰ ਰਹੇ ਹਾਂ। ਛੋਟੇ-ਛੋਟੇ ਨਦੀ-ਨਾਲ਼ਿਆਂ ਨੂੰ ਜੇ ਅਸੀਂ ਸਮੁੰਦਰ ਨਾਲ਼ ਮਿਲਣ ਤੋਂ ਰੋਕਦੇ ਰਹਾਂਗੇ ਤਾਂ ਵਹਾਓ-ਗਹਿਰਾਈ ਤੇ ਵਿਸ਼ਾਲਤਾ ਦਾ ਘਟਾਓ ਸ਼ੁਰੂ ਹੋ ਜਾਵੇਗਾ।
            ਡਾ. ਭਗਵਤ ਸ਼ਰਣ ਅਗਰਵਾਲ ਨੇ 'ਅਰਘ' (1995) 'ਚ ਆਪਣੇ 65 ਹਿੰਦੀ ਹਾਇਕੁ 18 ਭਾਰਤੀ ਤੇ 7 ਵਿਦੇਸ਼ੀ ਭਾਸ਼ਾ 'ਚ ਪੇਸ਼ ਕੀਤੇ ਹਨ। ਇਹ ਅਨੋਖਾ ਤੇ ਵੱਡਾ ਕੰਮ ਹੈ। ਕੁਝ ਭਾਸ਼ਾਵਾਂ 'ਚ ਉਲੱਥੇ ਹਾਇਕੁ ਦੇ ਅਨੁਵਾਦ ਦੇ ਨਾਲ਼ ਸ਼ਿਲਪ ਵੀ ਕਾਇਮ ਰਹੀ ਹੈ। ਜਿਵੇਂ ਕਿ...
ਬੈਠਤੀਂ ਟਿੱਡੀ/ ਗੇਹੂੰ ਕੀ ਬਾਲੀਓਂ ਪੇ/ ਕਿਸਾਨ ਸੋਤੇ (ਹਿੰਦੀ)
ਤੀਡ ਬੇਸਤਾਂ/ ਘਊਂਨੇ ਕਣਸਲੇ/ ਖੇਡੂਤ ਸੂਤਾ (ਗੁਜਰਾਤੀ) 
          ਲੇਕਿਨ ਸਾਰੀਆਂ ਭਾਸ਼ਾਵਾਂ ਦਾ ਰੁਝਾਨ ਇੱਕੋ ਜਿਹਾ ਨਹੀਂ ਹੈ ਕਿ ਛੰਦ ਦੀ ਪਾਲਣਾ ਕਰਦੇ ਹੋਏ ਅਨੁਵਾਦ ਕੀਤਾ ਜਾ ਸਕੇ। ਇਹ ਸਭ ਅਨੁਵਾਦ-ਕਰਤਾ ਦੀ ਸਮਰੱਥਾ 'ਤੇ ਵੀ ਨਿਰਭਰ ਕਰਦਾ ਹੈ। ਕਾਵਿ ਦਾ ਅਨੁਵਾਦ ਕਰਨਾ ਵੈਸੇ ਵੀ ਬਹੁਤ ਵੱਡੀ ਚੁਣੌਤੀ ਹੈ। ਹਾਇਕੁ-ਜਗਤ ਨੇ ਡਾ. ਭਗਵਤ ਸ਼ਰਣ ਅਗਰਵਾਲ਼ ਦੇ ਇਸ ਵੱਡੇ ਕੰਮ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ।
          ਹਿੰਦੀ ਤੇ ਮਰਾਠੀ ਦੇ ਪ੍ਰਸਿੱਧ ਕਵੀ ਸ਼ਿਆਮ ਖਰੇ ਨੇ 'ਮਹਿਕ' (2008) 24 ਮਰਾਠੀ ਹਾਇਕੁਕਾਰਾਂ ਦੇ ਹਾਇਕੁ ਦਾ ਅਨੁਵਾਦ ਹਿੰਦੀ 'ਚ ਪੇਸ਼ ਕੀਤਾ। ਬਾਕੀ ਰਚਨਾਕਾਰਾਂ ਦਾ ਅਨੁਵਾਦ ਕੇਵਲ ਅਨੁਵਾਦ ਹੀ ਬਣ ਸਕਿਆ, ਹਾਇਕੁ ਨਹਿਂ। ਫਿਰ ਵੀ ਖਰੇ ਜੀ ਨੇ ਇਸ ਦਿਸ਼ਾ 'ਚ ਇੱਕ ਉਸਾਰੂ ਯਤਨ ਕੀਤਾ। ਇਹਨਾਂ ਦੇ ਕੁਝ ਹਾਇਕੁ 'ਚ ਹੀ ਛੰਦ ਦਾ ਨਿਰਬਾਹ ਹੋ ਸਕਿਆ, ਜਿਵੇਂ -
ਅਲਾਵ ਜਲ਼ੇ/ਹਮ ਨਹੀਂ ਜਾਨਤੇ/ ਦੁੱਖ ਵ੍ਰਕਸ਼ੋਂ ਕਾ ( ਸ਼ਿਆਮ ਖਰੇ)
ਸ਼ੇਕੋਟਿ ਜਲੇ/ ਮਾਨਵਾਂ ਕਾਂ ਨਾ ਕਲੇ/ ਦੁੱਖ ਵ੍ਰਕਸ਼ਾਂਚੇ (ਸ਼ਿਆਮ ਖਰੇ)
        ਡਾ. ਅੰਜਲੀ ਦੇਵਧਰ ਨੇ ਭਾਰਤੀ ਹਾਇਕੁ (2008) 'ਚ 105 ਹਾਇਕੁਕਾਰਾਂ ਦੇ ਇੱਕ-ਇੱਕ ਹਾਇਕੁ ਅਨੁਵਾਦ ਅੰਗਰੇਜ਼ੀ 'ਚ ਪੇਸ਼ ਕੀਤਾ। ਇਸ ਨੂੰ ਵੀ ਕੇਵਲ ਅਨੁਵਾਦ ਹੀ ਕਿਹਾ ਜਾ ਸਕਦਾ ਹੈ, ਨਾ ਕਿ ਅੰਗਰੇਜ਼ੀ ਹਾਇਕੁ। ਅੰਗਰੇਜ਼ੀ ਸਿਲੇਬਲ ( ਅੱਖਰ ਪ੍ਰਧਾਨ) ਭਾਸ਼ਾ ਹੈ, ਨਾ ਕਿ ਵਰਣ ਪ੍ਰਧਾਨ। ਇਸੇ ਲਈ ਛੰਦ ਦਾ ਪਾਲਣ ਕਰਦੇ ਹੋਏ ਅਨੁਵਾਦ ਕਰਨਾ ਬਹੁਤ ਹੀ ਔਖਾ ਕੰਮ ਹੈ। ਜਪਾਨੀ ਹਾਇਕੁ ਦੇ ਅੰਗਰੇਜ਼ੀ ਅਨੁਵਾਦ ਦੀ ਇਹ ਦਿੱਕਤ 'ਵਨ ਹੰਡਰਡ ਫਰਾਗ'(ਹਿਰੋਆਕਿ ਸਾਤੋ-1983) ਵਿੱਚ ਦੇਖੀ ਜਾ ਸਕਦੀ ਹੈ।
       ਡਾ. ਹਰਦੀਪ ਕੌਰ ਸੰਧੂ ਨੇ ਜੁਲਾਈ 2010 ਤੋਂ ਪੰਜਾਬੀ ਹਾਇਕੁ ਅਨੁਵਾਦ ਹਿੰਦੀ 'ਚ ਸ਼ੁਰੂ ਕੀਤਾ। ਇਨ੍ਹਾਂ ਦੇ ਹਿੰਦੀ ਅਨੁਵਾਦ 'ਚ ਮੂ਼ਲ ਭਾਵਨਾਵਾਂ ਦੇ ਨਾਲ਼ ਹਾਇਕੁ ਲੇਖਣ ਕਲਾ ਵੀ ਸੁਰੱਖਿਅਤ ਰਹੀ ਹੈ। ਜੂਨ 2012 ਤੋਂ ਆਪ ਨੇ ਹਾਇਕੁ-ਲੋਕ 'ਚ ਪੰਜਾਬੀ 'ਚ ਛੰਦਨੁਸ਼ਾਸਣ ਦੀ ਰਾਖੀ ਕਰਦੇ ਹੋਏ ਅਨੁਵਾਦ ਕੀਤਾ। ਕੁਝ ਅਨੁਵਾਦ ਗੁਰਮੁੱਖੀ ਤੇ ਦੇਵਨਾਗਰੀ ਲਿਪੀਆਂ 'ਚ ਨਾਲ਼ੋ-ਨਾਲ਼ ਪ੍ਰਕਾਸ਼ਿਤ ਕੀਤਾ ਗਿਆ ਹੈ ਤਾਂ ਕਿ ਦੋਹਾਂ ਭਾਸ਼ਾਵਾਂ ਦੇ ਜਾਣੂ ਇਹਨਾਂ ਦਾ ਸੁਆਦ ਚੱਖ ਸਕਣ। ਇਹ ਸਹੀ ਅਨੁਵਾਦ ਦੀ ਦਿਸ਼ਾ 'ਚ ਕੀਤਾ ਜਾ ਰਿਹਾ ਸ਼ਲਾਘਾਯੋਗ ਕੰਮ ਹੈ।
ਹਿੰਦੀ- ਰਾਤ ਯਾ ਦਿਨ / ਆਂਸੂਓਂ ਕਾ ਮੌਸਮ / ਸਦਾ ਨਿਖਰਾ ( ਡਾ. ਸੁਧਾ ਗੁਪਤਾ)
ਪੰਜਾਬੀ- ਰਾਤ ਜਾਂ ਦਿਨ/ ਹੰਝੂਆਂ ਦਾ ਮੌਸਮ / ਸਦਾ ਨਿਖਰੇ 
ਹਿੰਦੀ- ਘਟਾ- ਸੀ ਘਿਰੀ / ਕਮਲੋਂ ਕੀ ਸੁਗੰਧ / ਵੋ ਆਏ ਕਿਆ ? (ਡਾ. ਭਗਵਤ ਸ਼ਰਣ ਅਗਰਵਾਲ਼)
ਪੰਜਾਬੀ - ਛਾਈ ਹੈ ਘਟਾ / ਕਮਲਾਂ ਦੀ ਖੂਸ਼ਬੋ / ਕੀ ਓਹ ਆਏ ?
       ਸੁਹਿਰਦ ਕਥਾਕਾਰ ਕਵਿਤਰੀ ਰਚਨਾ ਸ਼੍ਰੀਵਾਸਤਵ ਭਾਸ਼ਾ ਦੀ ਊਰਜਾ ਤੇ ਤਾਕਤ ਤੋਂ ਜਾਣੂ ਹੈ। ਇਹਨਾਂ ਦੀ ਸ਼ਬਦ ਚੋਣ ਇਨ੍ਹਾਂ ਦੇ ਕੋਮਲ ਮਨ ਦੀ ਝਲਕ ਪੇਸ਼ ਕਰਦਾ ਹੈ।ਆਪ ਨੇ ਲੱਗਭੱਗ 600 ਹਿੰਦੀ ਹਾਇਕੁ ਦਾ ਅਵਧੀ ਅਨੁਵਾਦ ਕੀਤਾ ਹੈ। ਅਨੁਵਾਦ 'ਚ ਮੂ਼ਲ ਹਾਇਕੁ ਦੇ ਭਾਵ ਦੀ ਰਾਖੀ ਕਰਦੇ ਹੋਏ ਛੰਦ-ਵਿਧਾਨ ਨੂੰ ਵੀ ਕਾਇਮ ਰੱਖਿਆ ਗਿਆ ਹੈ। ਇਹ ਕੰਮ ਸੱਚਮੁੱਚ ਬਹੁਤ ਔਖਾ ਸੀ। ਇਸ ਕੜੀ 'ਚ ਰਚਨਾ ਸ਼੍ਰੀਵਾਸਤਵ ਨੇ ਹਿੰਦੀ (ਖੜੀ ਬੋਲੀ) ਦੇ ਹਾਇਕੁ ਦਾ ਅਵਧੀ 'ਚ ਅਨੁਵਾਦ ਕੀਤਾ, ਓਹ ਵੀ 34 ਰਚਨਾਕਾਰਾਂ ਦੇ 542 ਹਾਇਕੁ ਦਾ। ਇਹ ਕੰਮ ਹੁਣ ਤੱਕ ਕੀਤੇ ਗਏ ਹਾਇਕੁ ੳਨੁਵਾਦ ਦੇ ਖੇਤਰ 'ਚ ਕਿਸੇ ਇੱਕਲੇ ਰਚਨਾਕਾਰ ਵੱਲੋਂ ਕਿਤਾ ਗਿਆ ਵੱਡਾ ਕਾਰਜ ਹੈ। 
ਇਹਨਾਂ ਦੇ ਅਨੁਵਾਦ ਦੀਆਂ ਕੁਝ ਉਦਾਹਰਣਾਂ ਪੇਸ਼ ਹਨ..........
ਡਾ. ਭਗਵਤੀ ਸ਼ਰਣ ਅਗਰਵਾਲ਼- ਭੋਰਵਾ ਸਾਥੇ / ਈ ਕੇਕਰ ਮਹਿਕ / ਬੌਰਾਯਾ / ਮਨ
ਡਾ. ਸੁਧਾ ਗੁਪਤਾ- ਚਨਾਰ ਪਾਤ / ਕਹਾਂ ਪਾਈਸ ਆਗ / ਬਤਾਵਾ ਜਰਾ
ਡਾ. ਰਮਾਕਾਂਤ ਸ਼੍ਰੀਵਾਸਤਵ- ਗਾਵਤ ਮੋਰ / ਪਿਰੇਮ ਕੈ ਗਿਤਿਯਾ /ਊਸ਼ਾ ਨਿਹਾਲ
ਡਾ. ਭਾਵਨਾ ਕੁੰਵਰ- ਪੰਛੀ ਬਨਿ ਕੈ / ਘੂਮਤ ਰਹੀਂ ਯਾਦੇਂ / ਭੁਇਯਾਂ ਗਿਰੀ    
ਡਾ. ਹਰਦੀਪ ਸੰਧੂ- ਪਿਆਰੀ ਬੇਟੀ / ਭੋਰ ਕੈ ਆਰਤੀ ਈ / ਪਾਵਨ ਬਾਨੀ
ਡਾ. ਸਤੀਸ਼ਰਾਜ ਪੁਸ਼ਕਾਣਾ- ਹੰਸਾ ਏ ਦੋਸਤ / ਰੋਯੇ ਸੇ ਈ ਰਤਿਯਾ / ਛੋਟ ਨਾ ਕੋਈ 
        ਹਾਇਕੁ ਦੇ ਖੇਤਰ 'ਚ ਇਸ ਤੋਂ ਪਹਿਲਾਂ ਵੀ ਇਸ ਤਰਾਂ ਦੇ ਯਤਨ ਕੀਤੇ ਗਏ ਹਨ। ਡਾ. ਸੱਤਿਆ ਭੂਸ਼ਣ ਵਰਮਾ ਤੇ ਅਗੇਯ ਜੀ ਨੇ ਜੋ ਅਨੁਵਾਦ ਕੀਤੇ ਹਨ, ਉਹ ਹਾਇਕੁ ਨਹੀਂ ਬਣ ਸਕੇ। 
        ਡਾ. ਜਿਯੋਤਸਨਾ ਸ਼ਰਮਾ, ਸੁਸ਼ੀਲਾ ਸ਼ਿਵਰਣ ਤੇ ਤੁਹਿਨਾ ਰੰਜਨ ਨੇ ਕੁਝ ਹਾਇਕੁ ਦਾ ਅਨੁਵਾਦ ਕ੍ਰਮਵਾਰ : ਗੁਜਰਾਤੀ, ਰਾਜਸਥਾਨੀ ਤੇ ਉੜੀਆ ਵਿੱਚ ਕੀਤਾ ਹੈ। 
1.ਡਾ. ਜਿਯੋਤਸਨਾ ਸ਼ਰਮਾ
ਹਿੰਦੀ - ਲੋ ਆਈ ਭੋਰ / ਝਾਂਕ ਰਹਾ ਸੂਰਜ / ਪੂਰਵ ਕੀ ਓਰ
ਗੁਜਰਾਤੀ - ਆਵੀ ਸਵਾਰ/ ਜੋਈ ਰਹੋ ਸੂਰਜ / ਪੈਰਵ ਨੀ ਬਾਜੁ
ਹਿੰਦੀ- ਫੂੱਲੋਂ ਸੇ ਪੱਤੇ / ਕਿਤਨਾ ਬਤਿਯਾਤੇ / ਹਵਾ ਬਤਾਏ
ਗੁਜਰਾਤੀ - ਫੂੱਲੋਂ ਥੀ ਪਾਨ / ਕੇਟਲੀ ਵਾਤੋ ਕਰੀ / ਹਵਾ ਬਤਾਵੇ 
2.ਸੁਸ਼ੀਲਾ ਸ਼ਿਵਰਣ 
ਚੜ ਚੌਬਾਰੈ / ਗੋਰੀ ਨਿਰਖੈ ਚਾਂਦ / ਹਿਵੜੋ ਰੋਵੈ
ਕੋਖ ਮੈਂ ਮਾਰੀ / ਕਦੈ ਜਲਮਾਂ ਮਾਰੀ/ ਕਾਈ ਕਸੂਰ
3. ਤੁਹਿਨਾ ਰੰਜਨ
ਕਹੀ ਜਾਏ ਨਾ / ਮੇਰੇ ਮਨ ਕੀ ਬਾਤ / ਸਹੀ ਜਾਏ ਨਾ 
ਕੋਹੀ ਹੁਏ ਨਾ / ਮੋਰ ਮਨ ਰ ਕੋਥਾ/ ਸੋਹੀ ਹੁਏ ਨਾ 
ਜੀਵਨ ਨਦੀ / ਕੈਸੇ ਕਰੂੰਗੀ ਪਾਰ / ਟੂਟੀ ਹੈ ਨੌਕਾ 
ਜੀਬਨ ਨੋਈ / ਪਾਰ ਹੇਬੋ ਕੇਮਿਤਿ / ਭਾਨਿੰਚੀ ਡੰਗਾ 
      ਹੁਣੇ 2013 ਜਨਵਰੀ 'ਚ ਕਸ਼ਮੀਰੀ ਲਾਲ ਚਾਵਲਾ ਤੇ ਪ੍ਰੋ. ਨਿਤਨੇਮ ਸਿੰਘ ਦੇ ਦੋਭਾਸ਼ੀ (ਪੰਜਾਬੀ-ਹਿੰਦੀ ) ਹਾਇਕੁ ਸੰਗ੍ਰਿਹ ਆਏ ਹਨ ।ਇਹਨਾਂ ਦੋਹਾਂ ਸੰਗ੍ਰਿਹਾਂ ਵਿੱਚ ਦੋਹਾਂ ਕਵੀਆਂ ਨੇ ਦੋਹਾਂ ਭਾਸ਼ਾਵਾਂ 'ਚ ਛੰਦਨੁਸ਼ਾਸਨ ਦੀ ਪਾਲਣਾ ਕੀਤੀ ਹੈ। ਮੂ਼ ਹਾਇਕੁ ਸਧਾਰਣ ਹਨ। ਉਲੱਥੇ ਹਿੰਦੀ ਹਾਇਕੁ 'ਚ ਹਿੰਦੀ ਭਾਸ਼ਾ ਦੇ ਸਤਰ ਤੇ ਵਿਵਹਾਰਿਕ ਪ੍ਰਯੋਗ ਦੀ ਕਮੀ ਰੜਕਦੀ ਹੈ; ਫਿਰ ਵੀ ਇੱਕ ਉਤਸ਼ਾਹ ਪੂਰਵਕ ਸ਼ੁਰੂਆਤ ਤਾਂ ਹੋਈ ਹੈ। ਇਸ ਦਾ ਸੁਆਗਤ ਹੋਣਾ ਚਾਹੀਦਾ ਹੈ। 

ਹਿੰਦੀ ਤੋਂ ਅਨੁਵਾਦ: ਡਾ. ਹਰਦੀਪ ਕੌਰ ਸੰਧੂ 
(ਨੋਟ: ਇਹ ਪੋਸਟ ਹੁਣ ਤੱਕ 40 ਵਾਰ ਖੋਲ੍ਹ ਕੇ ਪੜ੍ਹੀ ਗਈ)

26 Feb 2013

ਪੱਤੇ ਪੁੰਗਰੇ

1.
ਨੱਪ ਲੈਂਦੀ ਹੈ 
ਤਨ ਤੇ ਮਨ ਮੇਰਾ 
ਉੱਠਦੀ ਪੀੜ 


2.
ਪੱਤੇ ਪੁੰਗਰੇ 
ਗਹਿਰੀਆਂ ਯਾਦਾਂ ਦੇ 
ਖਿੜਨ ਰੰਗ 


3.
ਯਾਦ ਆਉਂਦੇ
ਟੁੱਟੇ ਆ
ਪਣੇ ਖੰਭ 
ਵੇਖ ਪਰਿੰਦੇ 

ਹਰਕੀਰਤ ਹੀਰ
(ਗੁਹਾਟੀ-ਅਸਾਮ)

24 Feb 2013

ਸੋਗੀ ਵਿਹੜਾ -ਅੱਜ ਭੋਗ 'ਤੇ ਵਿਸ਼ੇਸ਼

ਜ਼ਿੰਦਗੀ ਚੁੱਲ੍ਹੇ 'ਤੇ ਅਪਣੱਤ ਦੀ ਕੜਾਹੀ 'ਚ ਮੋਹ ਦੀ ਚਾਸ਼ਨੀ 'ਚ ਰਿਸ਼ਤਿਆਂ ਦੀ ਸਾਂਝ ਪੱਕਦੀ ਰਹਿੰਦੀ ਹੈ। ਇਨ੍ਹਾਂ ਸਾਂਝਾ ਦੇ ਸਹਾਰੇ ਅਸੀਂ ਇਹ ਜ਼ਿੰਦਗੀ ਸੌਖੀ ਗੁਜ਼ਾਰ ਲੈਂਦੇ ਹਾਂ। ਪਰ ਜਦੋਂ ਕੋਈ ਅੱਧ-ਵਿਚਾਲ਼ੇ ਹੀ ਏਸ ਪੱਕਦੀ ਚਾਸ਼ਨੀ ਨੂੰ ਛੱਡ ਚੱਲਾ ਜਾਂਦਾ ਹੈ ਤਾਂ ਮਿਠਾਸ ਘੱਟ ਜਾਂਦੀ ਹੈ। ਜਦੋਂ ਬੁੱਢੇ ਮਾਂ-ਬਾਪ ਦੀ ਡੰਗੋਰੀ ਤੇ ਵੱਡੀਆਂ ਭੈਣਾਂ ਦਾ ਛੋਟਾ ਵੀਰ ਓਸ ਦਰਗਾਹ 'ਚੋਂ ਆਏ ਬੇਵਕਤੇ ਸੱਦੇ ਨੂੰ ਕਬੂਲਦਾ ਚਲਾ ਜਾਂਦਾ ਹੈ ਤਾਂ ਇਹੋ ਜ਼ਿੰਦਗੀ ਹੋਰ ਵੀ ਫਿੱਕੀ ਜਿਹੀ ਲੱਗਣ ਲੱਗਦੀ ਹੈ। 
ਅਜਿਹੀ ਹੀ ਦੁੱਖ ਘੜੀ ਸਾਡੇ ਭੈਣਾਂ-ਭਰਾਵਾਂ ( ਮੇਰੇ, ਵਰਿੰਦਰਜੀਤ ਬਰਾੜ ਤੇ ਪ੍ਰੋ. ਦਵਿੰਦਰ ਕੌਰ ਸਿੱਧੂ) ਦੇ ਵਿਹੜੇ ਆ ਢੁੱਕੀ ਜਦੋਂ ਮੇਰੇ ਤੇ ਵਰਿੰਦਰਜੀਤ ਤੋਂ ਵੱਡਾ ਤੇ ਭੈਣ ਦਵਿੰਦਰ ਤੋਂ ਛੋਟਾ ਸਾਡਾ ਵੀਰ ਜਗਜੀਤ ਸਿੰਘ ਤੂਰ 16 ਫਰਵਰੀ 2013 ਨੂੰ ਆਵਦੀ ਜ਼ਿੰਦਗੀ ਦੀ 50ਵੀਂ ਬਸੰਤ ਦੇਖਣ ਤੋਂ ਬਾਦ ਸਾਡੇ ਤੋਂ ਸਦਾ-ਸਦਾ ਲਈ ਦੂਰ ਚਲਾ ਗਿਆ।ਅੱਜ ਉਸ ਦੀ ਅੰਤਿਮ ਅਰਦਾਸ 'ਚ ਆਤਮਿਕ ਤੌਰ 'ਤੇ ਜੁੜ ਮੈਂ ਸ਼ਰਧਾ ਦੇ ਫੁੱਲ ਚੜ੍ਹਾ ਰਹੀ ਹਾਂ। ਪ੍ਰਮਾਤਮਾ ਉਸ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ।
ਅਜਿਹੀ ਦੁੱਖ ਘੜੀ 'ਚ ਮਾਂ-ਬਾਪ, ਭੈਣ-ਭਰਾ, ਪਤਨੀ,ਧੀਆਂ-ਪੁੱਤਰ ਤੇ ਹੋਰ ਸਕੇ ਸਬੰਧੀਆਂ ਦੇ ਅਹਿਸਾਸਾਂ ਨੂੰ ਮੇਰੀ ਹਾਇਕੁ ਕਲਮ ਨੇ ਕੁਝ ਇਓਂ ਬਿਆਨਿਆ ਹੈ ।

1.
ਅਣਦੱਸੀਂ ਥਾਂ
ਛੱਡ ਕੇ ਤੁਰ ਗਿਆ
ਰੋਵਣ ਅੱਖਾਂ

2.
ਕਾਨ੍ਹੀ ਲੱਗਿਆ
ਪੁੱਤਰ ਦੀ ਅਰਥੀ
ਬਾਪੂ ਬੇਚਾਰਾ

3.
ਪੁੱਤ ਮੋਇਆ 
ਤੜਕ ਟੁੱਟ ਗਈ
ਬਾਪੂ ਦੀ ਲਾਠੀ 

4.
ਭੁੱਬੀਂ ਰੋਵਣ
ਲੱਭਦੀਆਂ ਅੱਖੀਆਂ 
ਸੋਗੀ ਵਿਹੜਾ

5.
ਚੁੱਪ-ਚੁਪੀਤੀ
'ਡੀਕੇ ਜਿੰਦ ਨਿਮਾਣੀ
ਰੂਹ ਦਾ ਹਾਣੀ 

6.
ਚੁੱਪ ਵਿਹੜਾ 
ਤੁਰ ਗਿਆ ਦੁਰੇਡੇ
ਗੱਲਾਂ ਦਾ ਧਨੀ 

ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ) 
(ਨੋਟ: ਇਹ ਪੋਸਟ ਹੁਣ ਤੱਕ 48 ਵਾਰ ਖੋਲ੍ਹ ਕੇ ਪੜ੍ਹੀ ਗਈ )

21 Feb 2013

ਰੰਗ ਬਸੰਤੀ

ਬਸੰਤ ਦੀ ਰੁੱਤ ਆਉਣ 'ਤੇ ਅਸੀਂ ਇਹ ਸਮਝ ਲੈਂਦੇ ਹਾਂ ਕਿ ਇਹ ਹਰ ਇੱਕ ਲਈ ਇੱਕੋ ਜਿਹੇ ਰੰਗਾਂ ਦੀ ਬਹਾਰ ਲੈ ਕੇ ਆਈ ਹੈ । ਪਰ ਅਜਿਹਾ ਹੁੰਦਾ ਨਹੀਂ ਸਦਾ। ਬਾਹਰੀ ਬਸੰਤ ਦੇ ਨਾਲ਼-ਨਾਲ਼ ਮਨ ਦੀ ਬਸੰਤ ਦਾ ਖਿੜਨਾ ਵੀ ਜ਼ਰੂਰੀ ਹੁੰਦਾ ਹੈ । ਸੋ ਕੋਸ਼ਿਸ਼ ਕਰੀਏ ਕਿ ਮਨ ਵਿਹੜੇ ਨੂੰ ਬਸੰਤੀ ਰੰਗਾਂ ਤੋਂ ਵਾਂਝੇ ਨਾ ਹੋਣ ਦੇਈਏ । ਅੱਜ ਦੀ ਪੋਸਟ ਹਾਇਕੁ -ਜੁਗਲਬੰਦੀ ਦੀ ਪੋਸਟ ਹੈ ਜੋ ਬਾਹਰੀ ਤੇ ਅੰਦਰੂਨੀ ਬਸੰਤ ਦੀ ਬਾਤ ਪਾਉਂਦੀ ਹੈ ।

1.
ਵਿੱਚ ਪ੍ਰਦੇਸਾਂ
ਬਸੰਤ ਨਾ ਆਉਂਦੀ
ਝੂਠ ਦਲੀਲਾਂ ...............ਦ. ਸਿੰਘ

ਪ੍ਰਦੇਸੀਂ ਆਈ
ਬਸੰਤ ਨਾ ਦਿੱਖਦੀ
ਸੱਜਣਾਂ ਬਿਨਾ ..............ਹ. ਕੌਰ

2.
ਫੁੱਲ ਸਰੋਂ ਦਾ
ਜਿਸ ਧਰਤੀ ਦਿੱਸੇ
ਛੱਡ ਏ ਦਿੱਤੀ ...............ਦ. ਸਿੰਘ

ਧਰਤੀ ਛੱਡੀ
ਸਰੋਂ ਫੁੱਲਾਂ ਵਾਲੜੀ 
ਮੋਹ ਨਹੀਂਓ.................ਹ.ਕੌਰ

3.
ਫਿੱਕਾ ਹੋਇਆ
ਹੁਣ ਰੰਗ ਬਸੰਤੀ
ਕੱਚੇ ਰੰਗ ਨੇ ...............ਦ. ਸਿੰਘ

ਰੰਗ ਬਸੰਤੀ
ਰੰਗਦੇ ਕੁਦਰਤ
ਖਿੜੇ ਚੁਫੇਰਾ ...............ਹ. ਕੌਰ

4.
ਮਰੀ ਬਸੰਤ
ਮੋਹਣ ਕਵੀ ਬਣ
ਲਿਖੀ ਬਸੰਤ ...............ਦ. ਸਿੰਘ

ਤੇਰੇ ਵਿਹੜੇ
ਅਜੇ ਜੀਵੇ ਬਸੰਤ
ਭਰ ਝੋਲੀਆਂ ...............ਹ. ਕੌਰ

ਦਿਲਜੋਧ ਸਿੰਘ 
(ਨਵੀਂ ਦਿੱਲੀ-ਯੂ.ਐਸ.ਏ.)
ਡਾ.ਹਰਦੀਪ ਕੌਰ ਸੰਧੂ
(ਬਰਨਾਲ਼ਾ-ਸਿਡਨੀ)
 ( ਨੋਟ: ਇਹ ਪੋਸਟ ਹੁਣ ਤੱਕ 43 ਵਾਰ ਖੋਲ੍ਹ ਕੇ ਪੜ੍ਹੀ ਗਈ )


20 Feb 2013

ਯਾਤਰਾ (ਚੋਕਾ)


ਉੱਡਿਆ ਪੰਛੀ 
ਬਾਰਾਂ ਹਜ਼ਾਰ ਮੀਲ
ਭੂਮੀ ਤੋਂ ਉੱਚਾ
ਜਾ ਪੁੱਜਾ ਸਿੰਗਾਪੁਰ
ਖੰਭ ਖਿਲਾਰੀ
ਬਹੁਤ ਸਮੁੰਦਰ
ਧਰਤੀ ਘੱਟ
ਸ਼ਹਿਰ ਹੈ ਸੁੰਦਰ
ਲੋਕੀਂ ਪੁੱਜਣ
ਅੱਸ਼ -ਅੱਸ਼ ਕਰਦੇ
ਕਰ ਵਪਾਰ
ਝੋਲੀਆਂ ਨੇ ਭਰਦੇ
ਦੁਨੀਆਂ ਵਿੱਚ
ਕਿਸਮਤ ਦੀ ਮਣੀ
ਵਪਾਰੀ ਧਨੀ 
ਏਥੇ-ਓਥੇ ਤੱਕਦੇ
ਇਸ ਪੰਛੀ ਨੋ
ਮਾਰੀ ਫਿਰ ਉੱਡਾਰੀ
ਰਾਤ ਹਨ੍ਹੇਰੀ
ਟਿਮਕਦੇ ਨੇ ਤਾਰੇ
ਅੱਧ 'ਸਮਾਨੀ
ਅਗਲੀ ਪੈੜਾਂ ਵਾਚੇ
ਜਾਗੇ ਮੈਂ ਜਿਹਾ
ਕਈ ਸੁੱਤੇ ਨਾ ਜਾਗੇ
ਰਾਜਧਾਨੀ ਜਾ
ਸੋਨ-ਕਿਰਨਾਂ ਉੱਗ
ਚੜ੍ਹਿਆ ਦਿਨ 
ਜਨਮ ਭੂਮੀ ਚੁੰਮ
ਪਿਆ ਦਮ 'ਚ ਦਮ 

ਜੋਗਿੰਦਰ ਸਿੰਘ ' ਥਿੰਦ '
( ਅੰਮ੍ਰਿਤਸਰ  )

19 Feb 2013

ਪਾਲ਼ੇ ਦਾ ਘੁੰਡ


ਭੂਪਿੰਦਰ ਸਿੰਘ ਨੇ ਹਾਇਕੁ-ਲੋਕ ਪਰਿਵਾਰ ਨਾਲ਼ ਇੱਕ ਹਾਸੇ ਭਰਿਆ ਵਾਕਿਆ ਸਾਂਝਾ ਕੀਤਾ ਹੈ ਜਿਸ ਨੂੰ ਆਪ ਨੇ ਹਾਇਕੁ-ਲੇਖਣ ਨਾਲ਼ ਜੋੜਿਆ ਹੈ। ਕਿਸੇ ਵੀ ਸਧਾਰਨ ਤੇ ਆਮ ਜਿਹੀ ਗੱਲ 'ਤੇ ਬੋਲਣਾ ਜਾਂ ਲਿਖਣਾ ਅਤੇ ਸਰੋਤਿਆਂ/ ਪਾਠਕਾਂ ਨੂੰ ਪ੍ਰਭਾਵਿਤ ਕਰਨਾ ਐਨਾ ਸੌਖਾ ਨਹੀਂ ਜਿੰਨਾ ਕਿ ਸੋਚ ਲਿਆ ਜਾਂਦਾ ਹੈ। ਬਸੰਤ ਰੁੱਤ ਦੇ ਨਜ਼ਾਰਿਆਂ ਨੂੰ ਪਾਠਕਾਂ ਤੱਕ ਅੱਪੜਦਾ ਕਰਨ ਲਈ ਹਾਇਕੁ ਅੱਖ ਦੀ ਲੋੜ ਹੈ। ਸਾਡੀ ਇਸ ਹਾਇਕੁ ਕਲਮ ਨੇ ਕੁਝ ਇਓਂ ਬਿਆਨਿਆ ਹੈ........
ਇਸ ਤੋਂ ਪਹਿਲਾਂ ਕਿ ਹਾਇਕੁ-ਲੋਕ ਪਰਿਵਾਰ ਨਾਲ਼ ਆਪਣੇ ਹਾਇਕੁ ਸਾਂਝੇ ਕਰਾਂ, ਇੱਕ ਹਾਸੇ ਭਰਿਆ ਵਾਕਿਆ ਸਾਂਝਾ ਕਰਨਾ ਚਾਹਾਂਗਾ। ਕਿਸੇ ਵਿਸ਼ੇ ਬਾਰੇ ਕੁਝ ਸਾਰਥਕ ਲਿਖਣ ਜਾਂ ਬੋਲਣ ਲਈ ਕਾਫੀ ਮਿਹਨਤ ਦੀ ਲੋੜ ਹੁੰਦੀ ਹੈ। ਗਾੱਰਮਿੰਟ ਕਾੱਲਜ ਆੱਫ ਐਜੂਕੇਸ਼ਨ ਜਲੰਧਰ ਵਿਖੇ ਪੜ੍ਹਦਿਆਂ ਅਖੀਰਲਾ ਦਿਨ ਸਾਡੀ ਭਾਸ਼ਣ ਪ੍ਰਤੀਯੋਗਤਾ ਦਾ ਦਿਨ ਸੀ। ਇੰਚਾਰਜ ਪ੍ਰੋਫੈਸਰ ਸਾਹਿਬਾਨ ਹੁਰਾਂ ਕਹਾਣੀ ਇੰਝ ਬਣਾਈ ਕਿ ਭਾਸ਼ਣ ਮੁਕਾਬਲੇ ਦਾ ਆਧਾਰ ਪਰਚੀ ਸਿਸਟਮ 'ਤੇ ਰੱਖ ਦਿੱਤਾ। ਯਾਨੀ ਪਰਚੀ ਉਠਾਓ ਤੇ ਭਾਸ਼ਣ ਦਿਓ। ਮੁਕਾਬਲੇ ਦੇ ਵਿਸ਼ੇ ਬੜੇ ਮਜ਼ਾਕੀਆ ਢੰਗ ਵਾਲ਼ੇ ਰੱਖੇ ਗਏ। ਜਿਵੇ:

  • ਕਾਲਜੀਏਟਾਂ ਦੀ ਜੇਬ ਖਰਚੀ ਦਸ ਰੁਪਏ
  • ਦੋ ਲੱਤਾਂ ਵਾਲ਼ੇ ਕੁੱਤੇ....ਆਦਿ ।
ਜਦੋਂ ਮੇਰੀ ਵਾਰੀ ਆਈ ਤਾਂ ਪਰਚੀ ਵਿਚਲਾ ਵਿਸ਼ਾ ਪੜ੍ਹ ਕੇ ਮੇਰੇ ਪਸੀਨੇ ਛੁੱਟਣ ਲੱਗੇ। ਇਹ ਵਿਸ਼ਾ ਸੀ ਕਾਲਜ ਦਾ ਨਲ਼ਕਾ। ਪੈ ਗਈ ਭਸੂੜੀ। ਦੋ ਸੌ ਦੇ ਕਰੀਬ ਹੋਣ ਵਾਲ਼ੇ ਮਾਸਟਰ, ਪ੍ਰੋਫੈਸਰ ਸਾਹਿਬਾਨ ਅਤੇ ਬਾਹਰੋਂ ਆਏ ਮਹਿਮਾਨਾਂ ਨਾਲ ਭਰੇ ਹਾਲ ਵਿਚ ਚੁੱਪ ਛਾ ਗਈ। ਸੋਚਣ ਲੱਗਾ, ਕੀ ਬੋਲਿਆ ਜਾਵੇ ? ਹਾਲਤ ਵਾੜ ਚ ਫਸੇ ਬਿੱਲੇ ਵਾਲ਼ੀ ਹੋ ਰਹੀ ਸੀ। ਜੱਕੋਂ-ਤੱਕੋਂ ਵਿਚ ਖਿੱਚ-ਧੂਹ ਕੇ ਬੋਲਣਾ ਸ਼ੁਰੂ ਕਰ ਦਿੱਤਾ,
 ਅਸੀਂ ਇਸ ਕਾੱਲਜ ਦੇ ਵਿਦਿਆਰਥੀ ਹਾਂ। ਸਾਨੂੰ ਮਾਣ ਹੈ ਆਪਣੇ ਕਾਲਜ ਦੇ ਇਸ ਨਲਕੇ ਉੱਤੇ।....ਅਸੀਂ ਏਥੇ ਪਾਣੀ ਪੀਣ ਲਈ ਆਉਂਦੇ ਹਾਂ।...........!”
 ਕਿਸੇ ਪਾਸਿਓਂ ਗੱਲ ਬਣਦੀ ਨਹੀਂ ਸੀ ਦਿਸ ਰਹੀ। ਆਖਰਕਾਰ ਦੋ ਕੁ ਗੰਭੀਰ ਸ਼ਬਦ ਬੋਲ ਦਿੱਤੇ ਤਾਂ ਹਾਲ ਵਿਚ ਤਾੜੀਆਂ ਦੀ ਆਵਾਜ਼ ਗੂੰਜਣ ਲੱਗੀ।

ਕਹਿਣ ਤੋਂ ਭਾਵ ਕਿ ਕੁਝ ਏਸੇ ਤਰਾਂ ਦਾ ਵਿਸ਼ਾ ਹੁਣ ਬਸੰਤ ਰੁੱਤ ਹੋ ਨਿੱਬੜਿਆ ਹੈ। ਫਿਰ ਵੀ ਕੋਸ਼ਿਸ਼ ਕੀਤੀ ਹੈ। ਉਮੀਦ ਹੈ ਆਪ ਜੀ ਪਸੰਦ ਕਰੋਗੇ।

 1.
ਆਈ ਬਸੰਤ
ਸਰਦੀ ਤੇ ਗਰਮੀ
ਵਿਚਲਾ ਜੋੜ

2.
ਬਸੰਤ ਰੁੱਤੇ
ਕੁਦਰਤ ਚੁੱਕਦੀ
ਪਾਲ਼ੇ ਦਾ ਘੁੰਡ

3.
ਹਵਾ ਦੇ ਬੁੱਲੇ
ਆਸਮਾਨੀ ਲਾਇਆ
ਉੱਡੇ ਪਤੰਗ

ਭੂਪਿੰਦਰ ਸਿੰਘ
(ਨਿਊਯਾਰਕ)

18 Feb 2013

ਆਵੇ ਬਸੰਤ (ਸੇਦੋਕਾ)


 1.
ਕਸੂਰਵਾਰ 
ਮੌਸਮ ਭਾਵੇਂ ਦਿਲ 
ਹੁਣ ਆਵੇ ਬਸੰਤ
ਡੋਡੀ ਦਾ ਹਾਲ 
ਕੰਡਿਆਂ ਵਿੱਚ ਖਾਸ
ਦੱਸ ਰਾਹ ਕਿੱਧਰ। 

ਉਦਯ ਵੀਰ ਸਿੰਘ
(ਗੋਰਖਪੁਰ-ਉ:ਪ੍ਰਦੇਸ਼)

15 Feb 2013

ਬਸੰਤ ਪੰਚਮੀ


ਅੱਜ ਬਸੰਤ ਪੰਚਮੀ ਹੈ। ਬਸੰਤ ਰੁੱਤ ਦਾ ਸੁਆਗਤ ਕਰਨ ਲਈ ਬਸੰਤ ਪੰਚਮੀ ਮਾਘ ਦੀ 5 ਤਾਰੀਖ (ਫਰਵਰੀ) ਨੂੰ ਮਨਾਈ ਜਾਂਦੀ ਹੈ। ਖੁਸ਼ੀ ਦਰਸਾਉਣ ਲਈ ਨਵੇਂ ਕੱਪੜੇ ਪਾਏ ਜਾਂਦੇ ਹਨ ਅਤੇ ਗੀਤ-ਸੰਗੀਤ ਦਾ ਆਨੰਦ ਮਾਣਿਆ ਜਾਂਦਾ ਹੈ। ਵੰਨ-ਸਵੰਨੇ ਨਾਵਾਂ ਵਾਲ਼ੇ ਪਤੰਗ ਉਡਾਏ ਜਾਂਦੇ ਹਨ ਜਿਵੇਂ ਕਿ ਪਰੀ (ਪੂਛ ਲੱਗੇ ਪਤੰਗ) , ਛੱਜ, ਅੱਖਲ, ਝੰਡਾ, ਗੁੱਡੀ ਆਦਿ।  ਫੁੱਲਾਂ ਉੱਤੇ ਬਹਾਰ ਆ ਜਾਂਦੀ, ਖੇਤਾਂ ਵਿੱਚ ਸਰ੍ਹੋਂ ਦੇ ਫੁੱਲ ਚਮਕਣ ਲੱਗਦੇ ਤੇ ਬਸੰਤ ਮੇਲੇ ਨੂੰ ਸਾਰਿਆਂ ਦੇ ਪੈਰ ਆਪ-ਮਹਾਰੇ ਹੋ ਤੁਰਦੇ ਹਨ। 


                                                                 
                                                               ਡਾ. ਹਰਦੀਪ ਕੌਰ ਸੰਧੂ 

ਨੋਟ ; ਇਹ ਪੋਸਟ ਹੁਣ ਤੱਕ 239 ਵਾਰ ਖੋਲ੍ਹ ਕੇ ਵੇਖੀ ਗਈ। 

14 Feb 2013

ਵੈਲੇਨਟਾਈਨ ਡੇ

ਵੈਲੇਨਟਾਈਨ ਡੇ ਮਨਾਉਣ ਦੀ ਸ਼ੁਰੂਆਤ ਰੋਮ ਤੋਂ ਹੋਈ ਸੀ। ਇਹ ਹਰ ਸਾਲ ਦੁਨੀਆਂ ਦੇ ਹਰ ਕੋਨੇ 'ਚ 14 ਫਰਵਰੀ ਨੂੰ ਮਨਾਇਆ ਜਾਂਦਾ ਹੈ।ਇਹ ਦਿਨ ਕੇਵਲ ਪ੍ਰੇਮੀ-ਪ੍ਰੇਮਿਕਾਵਾਂ ਲਈ ਰਾਖਵਾਂ ਨਹੀਂ ਹੈ। ਇਸ ਦਿਨ ਤੁਸੀਂ ਆਪਣੇ ਮਾਤਾ-ਪਿਤਾ, ਭੈਣ-ਭਰਾ ਜਾਂ ਆਪਣੇ ਨਜ਼ਦੀਕੀ;ਕਿਸੇ ਨੂੰ ਵੀ ਜਿਸ ਨਾਲ ਤੁਹਾਡਾ ਰਿਸ਼ਤਾ ਹੈ, ਉਸ ਨੂੰ ਵੈਲੇਨਟਾਈਨ ਡੇ ਦੀਆਂ ਮੁਬਾਰਕਾਂ ਦੇ ਸਕਦੇ ਹੋ ਅਤੇ ਉਸ ਨਾਲ ਇਹ ਦਿਨ ਮਨਾ ਸਕਦੇ ਹੋ। ਹਾਇਕੁ-ਲੋਕ ਪਰਿਵਾਰ ਵਲੋਂ ਇਸ ਦਿਨ ਦੀਆਂ ਸਾਰਿਆਂ ਨੂੰ ਮੁਬਾਰਕਾਂ! 




ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 20 ਵਾਰ ਖੋਲ੍ਹ ਕੇ ਪੜ੍ਹੀ ਗਈ ।

11 Feb 2013

ਚੰਗੀ ਨਾ ਵਾਦੀ

1.
ਚਾਰ ਦਿਨ ਦੀ 
ਕਹਿੰਦੇ ਜ਼ਿੰਦਗਾਨੀ
ਮਾਣ ਤੂੰ ਪ੍ਰਾਣੀ


2.
ਤੇਰਾ ਦਰਸ
ਦਿਲ ਨੂੰ ਧੜਕਾਵੇ
ਕਰੇ ਬੇਵੱਸ


3.
ਕੱਲ ਸੀ ਖਾਧੀ
ਅੱਜ ਫਿਰ ਤੂੰ ਮੰਗੇਂ
ਚੰਗੀ ਨਾ ਵਾਦੀ

ਹਰਭਜਨ ਸਿੰਘ ਖੇਮਕਰਨੀ
(ਅੰਮ੍ਰਿਤਸਰ)

9 Feb 2013

ਜ਼ਖਮੀ ਕੁੜੀ (ਸੇਦੋਕਾ)


1.
ਧੀ ਦੀ ਇੱਜ਼ਤ
ਮਹਿਫੂਜ਼ ਨਹੀਓਂ 
ਹੁਣ ਮੇਰੇ ਦੇਸ਼ 'ਚ 
ਜ਼ਖਮੀ ਕੁੜੀ 
ਵਹਿਸ਼ਤ ਦਾ ਨਾਚ 
ਕਿਉਂ ਚੁੱਪ ਸੀ ਸਭ। 
2.
ਝੱਲਦੀ ਰਹੀ 
ਦਰੌਪਦੀ- ਦਾਮਿਨੀ 
ਕਿਉਂ ਓਹੀ ਸੰਤਾਪ 
ਦਿੱਖੇ ਧੁੰਦਲੀ
ਭਾਰਤੀ ਸੱਭਿਅਤਾ
ਕੇਹਾ ਸਾਡਾ ਸਮਾਜ। 
3.
ਹੁਣ ਤਾਂ ਜਾਗੋ
ਬਦਲੋ ਸਮਾਜ ਨੂੰ
ਪਰ ਪਹਿਲਾਂ ਸੋਚ
ਬਚਾ ਕੇ ਰੱਖੋ 
ਅਮੀਰ ਸੱਭਿਅਤਾ 
ਰੌਸ਼ਨਾਓ ਦੇਸ਼ ਨੂੰ। 

ਵਰਿੰਦਰਜੀਤ ਸਿੰਘ ਬਰਾੜ
(ਬਰਨਾਲ਼ਾ) 

8 Feb 2013

ਅੰਮੜੀ ਦਾ ਵਿਹੜਾ

'ਮਾਂ' ਕਿੰਨਾ ਮਿੱਠਾ ਸ਼ਬਦ ਹੈ, ਸੁਣ ਕੇ ਕੰਨੀ ਰਸ ਘੁਲ਼ਦਾ ਹੈ। ਮਾਂ ਦੀ ਮਮਤਾ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਬੜਾ ਔਖਾ ਹੈ। ਇਸ ਨੂੰ ਮਹਿਸੂਸਦਿਆਂ ਤੇ ਦਿਲ 'ਚ ਉਤਾਰਦਿਆਂ ਜੋ ਸਕੂਨ ਮਿਲ਼ਦਾ ਹੈ ਸ਼ਬਦਾਂ ਦੀ ਪਹੁੰਚ ਤੋਂ ਪਰੇ ਹੈ। ਕਿਸੇ ਵੀ ਵਿਅਕਤੀ ਵਿਸ਼ੇਸ਼ ਦੀ ਸ਼ਕਸ਼ੀਅਤ ਓਸ ਦੀ ਮਾਂ ਦੀ ਦਿੱਤੀ ਸੇਧ ਤੇ ਸੰਸਕਾਰਾਂ ਸਦਕਾ ਹੀ ਹੁੰਦੀ ਹੈ। ਚਿਹਰਾ ਦੇਖ ਮਨ ਪੜ੍ਹਨ ਵਾਲ਼ੀ ਅੰਮੜੀ ਲਈ ਅੱਜ ਦੇ ਦਿਨ ਨੂੰ ਵਿਸ਼ੇਸ਼ ਬਨਾਉਣ ਲਈ ਇਹ ਹਾਇਕੁ ਪੋਸਟ ਮੈਂ ਓਸ ਦੇ ਨਾਂ ਕਰ ਰਹੀ ਹਾਂ। 

1.
ਲੋਰੀ ਦੇਵੇ ਮਾਂ
ਬੁੱਕਲ਼ 'ਚ ਨਿੱਕੜੀ
ਨੀੰਦ ਦੇ ਝੂਟੇ

2.
ਆਥਣ ਵੇਲ਼ਾ
ਅੰਮੜੀ ਦਾ ਵਿਹੜਾ
ਛਿੜਕਾਂ ਪਾਣੀ

3.
ਧੀਆਂ ਖੇਡਣ
ਗੁੱਡੀਆਂ ਤੇ ਪਟੋਲੇ
ਮਾਂ ਦੇ ਵਿਹੜੇ

ਡਾ.ਹਰਦੀਪ ਕੌਰ ਸੰਧੂ
(ਬਰਨਾਲ਼ਾ) 

6 Feb 2013

ਜੱਗ ਬੇਗਾਨਾ (ਸੇਦੋਕਾ)


ਧੀ ਪਿਆਰੀ ਏ 
ਰਹਿਮਦਿਲ ਭੋਲੀ 
ਇੱਕ ਚਿਰਾਗ ਹੋਸੀ ।
ਇੱਕ ਸੰਸਾਰ 
ਵਸਦਾ ਕੁੱਖ ਧੀਆਂ 
ਇਹ ਜੱਗ ਬੇਗਾਨਾ ।



ਉਦਯ ਵੀਰ ਸਿੰਘ 
(ਗੋਰਖਪੁਰ -ਉ: ਪ੍ਰਦੇਸ਼)

4 Feb 2013

ਧੀਆਂ

1.

ਉੜਾ ਐੜਾ ਸੀ
ਲਿਖਦੀ ਕੱਲ ਤੱਕ  
ਪਾਇਆ ਚੂੜਾ
2.
ਗੁਆਚ ਗਿਆ
ਚਿੜੀਆਂ ਦਾ ਵਿਹੜਾ
ਵਹਿੰਦੇ ਹੰਝੂ

3.
ਤੂੰ ਕੀ ਜਾਣੇ
ਕਿੰਨਾ ਰੋਈਆਂ ਕੰਧਾਂ
ਤੋਰ  ਕੇ ਤੈਨੂੰ


ਹਰਕੀਰਤ ਹੀਰ
(ਗੁਹਾਟੀ- ਅਸਾਮ)