ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 Jan 2013

ਸਾਗਰ ਛੱਲਾਂ

ਆਸਟ੍ਰੇਲੀਆ 'ਚ ਅੱਜ-ਕੱਲ ਗਰਮੀਆਂ ਦਾ ਮੌਸਮ ਹੈ। ਸਮੁੰਦਰ ਨੇੜੇ ਹੋਣ ਕਰਕੇ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਅਕਸਰ ਸਮੁੰਦਰ ਕੰਢੇ (ਬੀਚ) 'ਤੇ ਜਾਣਾ ਪਸੰਦ ਕਰਦੇ ਹਨ। ਮੇਰਾ ਵੀ ਕੁਝ ਅਜਿਹਾ ਹੀ ਸਬੱਬ ਬਣਿਆ । ਸਮੁੰਦਰ 'ਚ ਉੱਠਦੀਆਂ ਛੱਲਾਂ ਦੇ ਨਾਲ਼ -ਨਾਲ਼ ਜੋ ਮਨੋ-ਭਾਵ ਦਿਲ ਦੀ ਤਖ਼ਤੀ 'ਤੇ ਝਰੀਟੇ ਗਏ, ਓਨ੍ਹਾਂ ਨੂੰ ਮੈਂ ਸਮੁੰਦਰ ਤੱਟ 'ਤੇ ਉੱਕਰ ਕੇ ਕੈਮਰਾਬੱਧ ਕਰ ਲਿਆ। ਲਓ ਪੇਸ਼ ਨੇ ਸਮੁੰਦਰੀ ਝਲਕਾਂ........


ਹਾਇਕੁ-ਲੋਕ 

                                                         ਆਉਣ ਛੱਲਾਂ
                                           ਸਮੁੰਦਰ ਕਿਨਾਰੇ
                                             ਮਿਟਾਉਣ ਨਾਂ


ਡਾ. ਹਰਦੀਪ ਕੌਰ ਸੰਧੂ 
(ਸਿਡਨੀ) 

25 Jan 2013

ਚਿੰਤਾ ਚਿੰਤਨ

1.
ਚਿੰਤਾ ਚਿੰਤਨ
ਰੋਜ਼ਾਨਾ ਕਰਨ 'ਤੇ
ਆਵੇ ਚੇਤਨਾ

2.
ਕੱਚ ਦੀ ਵੰਗ
ਮਰਦਾ ਜਦ ਸਾਈੰ
ਤੋੜਦੈ ਜੱਗ 

3.
ਮਾਂ ਦੀਆਂ ਗਾਲ਼੍ਹਾਂ
ਪੁੱਤਰ ਨਾ ਜਰਦਾ
ਖਾਂਦਾ ਜ਼ਰਦਾ


ਹਰਭਜਨ ਸਿੰਘ ਖੇਮਕਰਨੀ
(ਅੰਮ੍ਰਿਤਸਰ) 

24 Jan 2013

ਸਾਡਾ ਸ਼ਾਹ (ਚੋਕਾ)

ਅੱਜ ਹਾਇਕੁ-ਲੋਕ ਨਾਲ਼ ਇੱਕ ਨਵਾਂ ਨਾਂ ਆ ਜੁੜਿਆ ਹੈ- ਸ. ਜੋਗਿੰਦਰ ਸਿੰਘ 'ਥਿੰਦ'। 
ਆਪ ਦਾ ਜਨਮ 1939 ਈ: ਨੂੰ ਪੱਛਮੀ ਪਾਕਿਸਤਾਨ ਚੱਕ ਨੰਬਰ 369, ਯੋਧਾਨਗਰੀ, ਤਹਿਸੀਲ ਟੋਬਾ ਟੇਕ ਸਿੰਘ ਜ਼ਿਲ੍ਹਾ ਲਾਇਲਪੁਰ 'ਚ ਹੋਇਆ। ਆਪ ਨੇ ਪਹਿਲੀਆਂ ਚਾਰ ਜਮਾਤਾਂ ਇਸੇ ਪਿੰਡ 'ਚ ਪੜ੍ਹੀਆਂ। ਅਜੇ ਪੰਜਵੀਂ ਜਮਾਤ ਸ਼ੁਰੂ ਹੀ ਹੋਈ ਸੀ ਕਿ ਦੇਸ਼ ਦਾ ਬਟਵਾਰਾ ਹੋ ਗਿਆ। ਫਿਰ ਆਪ ਦਾ ਪਰਿਵਾਰ ਅੰਮ੍ਰਿਤਸਰ ਆ ਵਸਿਆ ਤੇ ਆਪ ਨੇ ਅਗਲੇਰੀ ਪੜ੍ਹਾਈ ਮਜੀਠਾ ਵਿਖੇ ਕੀਤੀ। ਇੰਜਨੀਅਰਿੰਗ ਲਖਨਊ ਤੋਂ ਕਰਨ ਤੋਂ ਬਾਅਦ ਪੰਜਾਬ ਦੇ ਨਹਿਰੀ ਮਹਿਕਮੇ 'ਚ 1959 ਈ: 'ਚ ਨੌਕਰੀ ਸ਼ੁਰੂ ਕੀਤੀ। 38 ਸਾਲਾਂ ਦੀ ਨੌਕਰੀ ਤੋਂ ਬਾਅਦ ਆਪ ਐਕਸੀਅਨ ਵਜੋਂ 1997 'ਚ ਰਿਟਾਇਰ ਹੋ ਗਏ। 

                 'ਥਿੰਦ' ਜੀ ਨੂੰ ਪੰਜਾਬੀ ਤੇ ਹਿੰਦੀ ਭਾਸ਼ਾ ਦੇ ਨਾਲ਼-ਨਾਲ਼ ਉਰਦੂ ਭਾਸ਼ਾ ਦਾ ਵੀ ਗਿਆਨ ਹੈ। ਅਜੇ ਆਪ ਦਸਵੀਂ ਜਮਾਤ 'ਚ ਹੀ ਸਨ ਜਦੋਂ ਕਲਮ ਵਾਹੁਣ ਲੱਗੇ। ਸੰਨੇਦਨਸ਼ੀਲ ਮਨ ਨੇ ਆਪਣੇ ਆਲ਼ੇ-ਦੁਆਲ਼ੇ ਨੂੰ ਸ਼ਬਦਾਂ 'ਚ ਢਾਲ਼ ਕੇ ਕੋਰੇ ਪੰਨਿਆਂ 'ਤੇ ਉਕਰਨਾ ਸ਼ੁਰੂ ਕਰ ਦਿੱਤਾ। ਆਪਨੇ ਪੰਜਾਬੀ ਤੇ ਉਰਦੂ ਦੋਵੇਂ ਭਾਸ਼ਾ 'ਚ ਕਵਿਤਾਵਾਂ ਤੇ ਗਜ਼ਲਾਂ ਲਿਖੀਆਂ। ਨੌਕਰੀ 'ਚ ਆਉਣ ਤੋਂ ਬਾਅਦ ਆਪ ਦੀਆਂ ਲਿਖਤਾਂ ਸਮੇਂ ਦੀਆਂ ਅਖ਼ਬਾਰਾਂ ਤੇ ਰਸਾਲਿਆਂ ਦੀ ਸ਼ੋਭਾ ਬਣੀਆਂ। ਆਪ ਦੇ ਲਿਖਣ ਪਿੱਛੇ ਆਪ ਦੀ ਸੁਪਤਨੀ ਸ਼੍ਰੀਮਤੀ ਮਹਿੰਦਰ ਕੌਰ ਜੀ ( ਜੋ 33 ਸਾਲ ਉਗੋਕੇ ਪਬਲਿਕ ਸਕੂਲ ਗੁਰਦਾਸਪੁਰ ਵਿਖੇ ਹੈਡਮਿਸਟਰਿਸ ਰਹੇ ਤੇ 1999 'ਚ ਰਿਟਾਇਰ ਹੋਏ ) ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। 
           ਜ਼ਿੰਦਗੀ ਦੀ ਕਿਸ਼ਤੀ ਸੋਹਣੀ ਚੱਲਦੀ-ਚੱਲਦੀ ਕਿਸੇ ਅਣਦੇਖੇ ਤੇ ਅਣਕਿਆਸੇ ਤੂਫ਼ਾਨ ਨੇ ਆ ਘੇਰੀ ਜਦੋਂ ਪਿਛਲੇ ਵਰ੍ਹੇ ਉਨ੍ਹਾਂ ਦਾ ਜੁਆਨ ਪੁੱਤਰ ਇਸ ਸੰਸਾਰ ਨੂੰ ਅਚਾਨਕ ਅਲਵਿਦਾ ਕਹਿ ਗਿਆ। ਆਪ ਸਹਾਰਾ ਬਣਨ ਵਾਲ਼ਾ ਆਪਣਿਆਂ ਨੂੰ ਬੇਆਸਰਾ -ਬੇਸਹਾਰਾ ਛੱਡ ਪਤਾ ਨਹੀਂ ਕਿਹੜੀ ਦੁਨੀਆਂ 'ਚ ਜਾ ਵਸਿਆ। ਇਸ ਦੁੱਖ ਦੀ ਘੜੀ 'ਚ ਆਪਣੇ -ਆਪ ਨੂੰ ਸੰਭਾਲਣਾ ਕਿੰਨਾ ਔਖਾ ਹੈ ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। 
         ਸ਼ਬਦਾਂ ਦਾ ਆਪਣਾ ਇੱਕ ਸੰਸਾਰ ਹੈ ਤੇ ਅਜਿਹੇ ਸੰਸਾਰ 'ਚ ਵਿਚਰ ਕੇ ਦੁੱਖ ਦੂਰ ਤਾਂ ਨਹੀਂ ਹੁੰਦਾ ਪਰ ਕੁਝ ਸਮੇਂ ਲਈ ਭੁੱਲ ਜ਼ਰੂਰ ਜਾਂਦਾ ਹੈ। ਮੇਰੀ ਮੁਲਾਕਾਤ 'ਥਿੰਦ' ਅੰਕਲ ਨਾਲ਼ ਓਸ ਅਣਕਿਆਸੇ ਤੂਫ਼ਾਨ ਤੋਂ ਬਾਅਦ ਹੀ ਹੋਈ। ਕਈ ਮਹੀਨਿਆਂ ਦੀਆਂ ਮੁਲਾਕਾਤਾਂ 'ਚ ਐਡੀ ਦੁੱਖ ਦੀ ਘੜੀ 'ਚ  ਸਾਹਿਤ ਦੀ ਕੋਈ ਗੱਲ ਕਰਨ ਦੀ ਹਿੰਮਤ ਮੇਰੇ 'ਚ ਨਹੀਂ ਸੀ। ਅਜੇ ਪਿੱਛਲੇ ਹਫ਼ਤੇ ਹੀ ਅਚਾਨਕ ਜਦੋਂ ਅੰਕਲ ਨੇ ਕਿਸੇ ਸਾਹਿਤਕਾਰ ਦਾ ਜ਼ਿਕਰ ਛੇੜਿਆ ਤਾਂ ਮੈਂ ਬੜੀ ਹਿੰਮਤ ਜਿਹੀ ਕਰਕੇ ਆਪ ਨੂੰ ਹਾਇਕੁ-ਲੋਕ ਬਾਰੇ ਦੱਸਿਆ। ਨਾਲ਼ ਹੀ ਆਪ ਦੀਆਂ ਲਿਖਤਾਂ ਨੂੰ ਸਾਂਭਣ ਲਈ ਇੱਕ ਬਲਾਗ 'ਚੀਸਾਂ' ਸ਼ੁਰੂ ਕੀਤਾ ਜਿਸ ਨੂੰ ਪੜ੍ਹਨ ਲਈ ਇੱਥੇ ਕਲਿੱਕ ਕਰੋ
        ਅੱਜ 'ਥਿੰਦ' ਜੀ ਨੇ ਆਪਣਾ ਚੋਕਾ ਹਾਇਕੁ-ਲੋਕ 'ਚ ਸ਼ਾਮਲ ਕਰਨ ਲਈ ਭੇਜਿਆ। ਮੈਂ  ਹਾਇਕੁ-ਲੋਕ ਪਰਿਵਾਰ ਵਲੋਂ ਆਪ ਜੀ ਦਾ ਨਿੱਘਾ ਸੁਆਗਤ ਕਰਦੀ ਹਾਂ। ਆਪ ਸਭ ਦੇ ਭਰਪੂਰ ਹੁੰਗਾਰੇ ਦੀ ਆਸ ਰਹੇਗੀ। 
        

ਸ਼ਾਹ ਦਾ ਘਰ   
ਸੂਮ ਹੋਣ ਦਾ ਵਰ
ਪੈਸੇ ਬਹੁਤ                        
ਪਰ ਖਰਚੋਂ ਡਰ 
 ਝੱਗਾ ਸਿਲਾਆ
ਕਦੀ ਨਹੀਂ ਪਾਇਆ 
ਮੋਡੇ ਤੇ ਰੱਖੇ        
ਕਦੀ ਨਾ ਧੁਵਾਇਆ 
ਘਰ ਦਾ ਗੁੜ
ਗਲੀ ਗਲੀ ਜਾ ਵੇਚੇ 
ਸਸਤਾ ਲੱਗਾ 
ਐਦਾਂ ਦਿੰਦਾ ਏ ਹੋਕੇ 
ਨਾ ਪੈਰੀਂ ਜੁੱਤੀ 
ਨਾ ਪੱਗ ਸਿਰ ਬੰਨੀ
ਅਨਪੜ੍ਹ ਜੋ   
ਸਰਦਾਰ  ਕਹਾਵੇ 
ਭੰਬਲ  ਭੂਸੇ
ਹਰ ਇੱਕ ਨੂੰ ਪਾਏ 
ਉੱਕਾ ਮੂਰਖ
ਤੜਫੈ -ਤੜਫਾਏ   
ਓਹਦੇ ਬੇਟੇ 
ਓਹਦੇ ਪੈਰੀਂ ਚੱਲੇ  
ਓਹਈ ਕਿੱਤਾ 
ਗਲੀ -ਗਲੀ ਦਾ ਹੋਕਾ
ਜਾਣੋ ਓਹਨਾਂ
ਪਿਓ ਦੀ ਜੁੱਤੀ ਪਾਈ   
ਪਿਓ ਗਿਆ ਤਾਂ 
ਚਾਦਰ ਫਟੀ ਪਾਈ 
ਓਹ ਸ਼ਰੀਕਾ 
'ਥਿੰਦ ' ਸ਼ਾਹ ਨੂੰ ਜਾਣੇ   
ਨਿਆਣੇ ਭੁੱਖੇ ਭਾਣੇ ।

ਜੋਗਿੰਦਰ ਸਿੰਘ 'ਥਿੰਦ'

(ਨੋਟ: ਇਹ ਪੋਸਟ ਹੁਣ ਤੱਕ 37 ਵਾਰ ਖੋਲ੍ਹ ਕੇ ਪੜ੍ਹੀ ਗਈ )

22 Jan 2013

ਚਿੜੀ ਗੁਆਚੀ

ਕੁਝ ਦਿਨ ਪਹਿਲਾਂ ਇੱਕ ਪੋਸਟ 'ਚ ਬੀਤੇ ਦਹਾਕਿਆਂ ਦੇ ਪੰਜਾਬ ਦੇ ਪਿੰਡ ਦੀ ਸਵੇਰ ਦਾ ਜ਼ਿਕਰ ਛਿੜਿਆ ਸੀ ਤੇ ਨਾਲ਼ ਹੀ ਸਾਡੇ ਪਾਠਕਾਂ ਤੇ ਲੇਖਕਾਂ ਨੂੰ ਆਪਣੇ-ਆਪਣੇ ਪਿੰਡ ਬਾਰੇ ਕੁਝ ਦੱਸਣ ਲਈ ਇੱਕ ਛੋਟੀ ਜਿਹੀ ਅਰਜ਼ੋਈ ਵੀ ਕੀਤੀ ਸੀ। ਜਵਾਬ 'ਚ ਸਾਡੀ ਹਾਇਕੁ ਕਲਮ ਨੇ ਅਜੋਕੇ ਪੰਜਾਬ ਦੇ ਪਿੰਡ ਨੂੰ ਹਾਇਕੁ ਰਾਹੀਂ ਦਿਖਾਉਣ ਦਾ ਯਤਨ ਕੀਤਾ ਹੈ। ਆਸ ਹੈ ਆਪ ਸਭ ਇਸ ਦੀ ਹਾਮੀ ਜ਼ਰੂਰ ਭਰੋਗੇ।



1.
ਚਿੜੀ ਗੁਆਚੀ
ਜਿਹੜੀ ਚੂਕਦੀ ਸੀ
ਪਹੁ-ਫੁਟਾਲ਼ੇ

2.
ਚੱਕੀ ਦਾ ਪੁੜ
ਦਰਵਾਜ਼ੇ ਦੇ ਅੱਗੇ
ਥੜੀ ਬਣਿਆ

ਦਿਲਜੋਧ ਸਿੰਘ
(ਨਵੀਂ ਦਿੱਲੀ) 

21 Jan 2013

ਭੱਜੇ ਦੁਨੀਆਂ

ਕੁਦਰਤ ਦੇ ਨਜ਼ਾਰਿਆਂ ਨੂੰ ਮਾਨਣਾ ਕਿਸ ਨੂੰ ਚੰਗਾ ਨਹੀਂ ਲੱਗਦਾ। ਇਸ ਨੂੰ ਮਾਨਣ ਲਈ ਆਲਸ ਨੂੰ ਛੱਡ ਉੱਦਮੀ ਬਨਣ ਲਈ ਸਾਡੀ ਨਿੱਕੜੀ ਦੀ ਹਾਇਕੁ ਕਲਮ ਕੁਝ ਇਓਂ ਬਿਆਨ ਕਰਦੀ ਹੈ।

1.
ਖੁੱਲਾ ਵਿਹੜਾ
ਮੰਜੇ 'ਤੇ ਪਈ ਵੇਖਾਂ
ਅੰਬਰੀਂ ਤਾਰੇ 

2.
ਖੋਲ੍ਹ ਤੂੰ ਅੱਖਾਂ
ਸੱਤਾ ਨਾ ਰਹਿ ਜਾਈਂ
ਭੱਜੇ ਦੁਨੀਆਂ 

ਸੁਪ੍ਰੀਤ ਕੌਰ ਸੰਧੂ
(ਜਮਾਤ-ਨੌਵੀਂ)

17 Jan 2013

ਯਾਦਾਂ ਲਏ ਸੰਭਾਲ


1.
ਮਿਲਾਵੇ ਸਾਰੇ
 ਪੁੱਛੇ ਸਭ ਦਾ ਹਾਲ
 ਏ ਨਵਾਂ ਸਾਲ
ਢੇਰ ਖੁਸ਼ੀਆਂ ਵੰਡੇ
ਹੱਲ  ਕਰੇ ਸਵਾਲ। 

2.
ਹੰਝੂ ਨੂੰ ਪੂੰਝੇ
ਯਾਦਾਂ ਲਏ ਸੰਭਾਲ
ਏ ਨਵਾਂ ਸਾਲ
ਦਿਨ ਰਾਤ ਖਿੜ੍ਹਨ
ਚਾਨਣ ਪਿਆ ਫੈਲੇ। 

3.
ਹਰ ਹਾਲ 'ਚ
ਢਿੱਡ ਭਰੇ ਸਭ ਦਾ 
ਨਵੇਂ ਸਾਲ 'ਚ
ਦੁਆ ਨਾ ਅਰਦਾਸ
ਹਰ ਕੋਸ਼ਿਸ਼ ਹੋਵੇ। 

4.
ਹੋਵੇ ਡੰਗੋਰੀ
ਬੁੱਢੇ ਮਾਂ -ਬਾਪ ਲਈ
ਨਵੇਂ ਸਾਲ 'ਚ
ਹੁਣ ਇੱਜ਼ਤ ਹੋਵੇ 
ਹਰੇਕ ਧੀ - ਭੈਣ ਦੀ। 





ਡਾ. ਸ਼ਿਆਮ ਸੁੰਦਰ ਦੀਪਤੀ
(ਅੰਮ੍ਰਿਤਸਰ)

16 Jan 2013

ਉਡੀਕ

ਇੱਕਲੇ ਮਨ ਨੂੰ ਆਪਣੇ ਸਾਥੀ ਦੀ ਉਡੀਕ ਤੇ ਸੁੰਨੇ ਘਰ ਨੂੰ ਪਰਦੇਸੀ ਗਿਆਂ ਦੀ ਉਡੀਕ ਸਦਾ ਰਹਿੰਦੀ ਹੈ। ਏਸੇ ਉਡੀਕ ਨੂੰ ਸਾਡੀ ਹਾਇਕੁ ਕਲਮ ਨੇ ਕੁਝ ਇਓਂ ਬਿਆਨ ਕੀਤਾ ਹੈ......

1.
ਵਿੱਚ  ਉਡੀਕਾਂ 
ਵਿਹੜੇ  ਦੀ ਬੇਰੀ ਵੀ 
ਹੋ ਗਈ ਬਾਂਝ ।

2.

ਕਿਹੜਾ ਪਾਣੀ 
ਤੂੰ ਪਰਦੇਸੀਂ  ਪੀਵੇਂ 
ਬੁਝਾਵੇਂ  ਤੇਹ ।

3.

ਤੂੰ ਪਰਦੇਸੀ 
ਘਰ ਦੇ ਦਰਵਾਜ਼ੇ 
ਖਾਧੇ ਸਿਉਂਕ ।

4.

ਅੰਦਰ  ਚੁੱਪ 
ਦਰਵਾਜ਼ੇ  ਜੰਦਰਾ 
ਘਰ  ਉਦਾਸ ।


ਦਿਲਜੋਧ ਸਿੰਘ
(ਨਵੀਂ ਦਿੱਲੀ)

15 Jan 2013

ਪਿੰਡ ਦੀ ਸਵੇਰ

ਬੀਤੇ ਦਹਾਕਿਆਂ 'ਚ ਪਿੰਡ ਦੀ ਸਵੇਰ ਦਾ ਨਜ਼ਾਰਾ ਹੀ ਅਜੀਬ ਹੁੰਦਾ ਸੀ। ਸਾਡੇ 'ਚੋਂ ਕਈਆਂ ਦੀ ਸਵੇਰ ਅਜਿਹੀ ਹੀ ਹੁੰਦੀ ਹੋਵੇਗੀ। ਪਿੰਡ ਦੀ ਸਵੇਰ ਦੇ ਜੋ ਝਲਕਾਰੇ ਮੈਂ ਵੇਖੇ ਨੇ, ਆਪ ਸਭ ਨੂੰ ਮੇਰੀ ਹਾਇਕੁ ਕਲਮ ਨਾਲ਼ ਦਿਖਾਉਣ ਦੀ ਇੱਕ ਨਿੱਕੀ ਜਿਹੀ ਕੋਸ਼ਿਸ਼........

1.
ਅੰਮ੍ਰਿਤ ਵੇਲ਼ਾ
ਗੁਰਬਾਣੀ ਗੂੰਜਦੀ
ਚਿੜੀ ਚੂਕਦੀ

2.
ਪਹੁ ਫੁਟਾਲ਼ਾ
ਚੱਕੀਆਂ ਦੀ ਘੂਕਰ
ਰਾਗ ਇਲਾਹੀ

3.
ਸੰਝ-ਸਵੇਰਾ 
ਟੁਣਕੇ ਪਰੀਬੰਦ
ਚੱਕੀ ਪੀਂਹਦੀ 

ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ)




7 Jan 2013

ਜੋਤ ਜਗਾਈਂ

ਦਿੱਲੀ 'ਚ ਵਾਪਰੀ ਭਿਆਨਕ ਦਿਲ ਕੰਬਾਊ ਘਟਨਾ ਨੇ ਹਰ ਇੱਕ ਦੇ ਦਿਲ ਨੂੰ ਝੰਜੋੜ ਦਿੱਤਾ ਹੈ। ਸਾਡੀ ਹਾਇਕੁ ਕਲਮ ਨੇ ਆਪਣੇ ਦਿਲ ਦੀ ਅਵਾਜ਼ ਇਓਂ ਬਿਆਨ ਕੀਤੀ। 

1.

ਡੋਲੀ ਨਾ ਉੱਠੀ
ਉੱਠਿਆ ਵੇ ਜਨਾਜਾ
ਲਾਜ ਗਵਾਈ 




2.
ਫੜਾ ਰਹੀ ਮੈਂ
ਮਸ਼ਾਲ ਹੰਝੂਆਂ ਨਾਂ
ਜੋਤ ਜਗਾਈਂ 

ਹਰਕੀਰਤ ਹੀਰ
ਗੁਹਾਟੀ-ਅਸਾਮ 

2 Jan 2013

ਨੂਰੀ ਕਿਤਾਬ (ਸੇਦੋਕਾ)


1.
ਆਈ ਖ਼ਬਰ
ਆ ਰਿਹਾ ਨਵਾਂ ਸਾਲ 
ਖੁਸ਼ੀਆਂ ਨਾਲ ਲੈ ਕੇ 
ਨੂਰੀ ਕਿਤਾਬ 
ਪੜ੍ਹਦਾ ਹੈ ਫ਼ਕੀਰ 
ਬਿਨ ਅੱਖਰ ਪੜ੍ਹੇ। 

ਉਦਯ ਵੀਰ ਸਿੰਘ 
(ਗੋਰਖਪੁਰ-ਉ:ਪ੍ਰਦੇਸ਼)

1 Jan 2013

ਨਵਾਂ ਸਾਲ - 2013

ਸਾਲ 2013 ਦਾ ਹਾਰਦਿਕ ਸੁਆਗਤ ਹੈ। ਦਿਲ ਦੀਆਂ ਮੁਰਾਦਾਂ ਪੂਰਦਾ ਇਹ ਸਾਲ ਸਭਨਾ ਦੇ ਵਿਹੜੇ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ। ਹਾਇਕੁ-ਲੋਕ ਪਰਿਵਾਰ ਵਲੋਂ ਨਵਾਂ ਸਾਲ ਮੁਬਾਰਕ !
************
1
ਜਾਗੇ ਸੂਰਜ
ਹਰੇਕ ਦਿਨ ਵਾਂਗ
ਸਾਲ ਏ ਨਵਾਂ

2
ਦਿਨ ਏ ਨਵਾਂ
ਲੰਘਿਆ ਇੱਕ ਸਾਲ
ਓਹੀਓ ਸਭ 

ਸੁਪ੍ਰੀਤ ਕੌਰ ਸੰਧੂ
(ਨੌਵੀਂ ਜਮਾਤ)