ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 May 2016

ਕਹਿਕਸ਼ਾਂ

>Click on the arrow to listen.
ਸਰਘੀ ਵੇਲ਼ਾ ਸੀ। ਸ਼ਫ਼ਾਫ਼ ਨੀਲੇ ਅੰਬਰ ਦੀ ਹਿੱਕ 'ਤੇ ਸਰਕਦੇ ਸੁਰਮਈ ਤੇ ਸੰਤਰੀ ਰੰਗ ਦੀ ਭਾਅ ਮਾਰਦੇ ਬੱਦਲ ਦੂਰ -ਦੁਮੇਲ 'ਤੇ ਚੜ੍ਹਦੀ ਸੂਹੀ ਟਿੱਕੀ ਦੀ ਨਿਸ਼ਾਨਦੇਹੀ ਕਰ ਰਹੇ ਜਾਪ ਰਹੇ ਸਨ। ਕੁਝ ਪਲਾਂ ਬਾਅਦ ਬੂੰਦਾਬਾਂਦੀ ਹੋਣ ਲੱਗੀ। ਨਿੱਕੀਆਂ ਬੂੰਦਾਂ ਦੇ ਆਰ -ਪਾਰ ਲੰਘਦੀਆਂ ਧੁੱਪ ਕਿਰਨਾਂ ਸੱਤ ਰੰਗ ਬਣ ਕੇ ਖਿੰਡਣ ਲੱਗੀਆਂ। ਭਾਂਤ -ਸੁਭਾਂਤੇ ਖ਼ੁਸ਼ਬੂਦਾਰ ਫੁੱਲਾਂ ਤੋਂ ਹੋ ਕੇ ਆਈ ਪੌਣ ਮਿੱਠੀ -ਮਿੱਠੀ ਲੱਗ ਰਹੀ ਸੀ। ਪੰਛੀਆਂ ਨੇ ਰਲ ਕੇ ਆਪਣੀ ਮਿੱਠੀ ਆਵਾਜ਼ ਦਾ ਸੁਰ ਛੇੜਿਆ ਹੋਇਆ ਸੀ। 
 ਮੈਂ ਬਾਹਰ ਬਰਾਂਡੇ 'ਚ ਬੈਠੀ ਇਸ ਅਲੌਕਿਕ ਨਜ਼ਾਰੇ ਦਾ ਅਨੰਦ ਲੈ ਰਹੀ ਸੀ। ਚਾਂਦੀ ਕਣੀਆਂ ਬਣ ਵਰ੍ਹਦੀਆਂ ਬੂੰਦਾਂ ਦੀ ਟਿੱਪ -ਟਿੱਪ ਤੇ ਦੂਰ -ਦੁਮੇਲ ਵੱਲ ਉਡਾਰੀ ਭਰਦੀ ਕੋਇਲ ਦੀ ਆਵਾਜ਼ ਦਾ ਸੁਮੇਲ ਮੈਨੂੰ ਉਸ ਦੀ ਕਹਿਕਸ਼ਾਂ ਵੱਲ ਲੈ ਤੁਰੇ। ਅਗਲੇ ਹੀ ਪਲ ਅਛੋਪਲੇ ਜਿਹੇ ਉਸ ਦੇ ਖਿਆਲਾਂ ਤੱਕ ਆਣ ਪਹੁੰਚੇ ਮੇਰੇ ਅਹਿਸਾਸਾਂ ਨੂੰ ਜਿਓਣ ਜੋਗੇ ਸਾਹਾਂ ਦੀ ਖੈਰਾਤ ਮਿਲ ਗਈ । ਉਹ ਆਪਣੀ ਕਹਿਕਸ਼ਾਂ 'ਚੋਂ ਬਾਹਰ ਨਿੱਕਲ ਮੇਰੇ ਨਾਲ ਗੱਲਾਂ ਕਰਨ ਲੱਗੀ," ਤੈਨੂੰ ਕਿਵੇਂ ਪਤਾ ਲੱਗਾ ਕਿ ਕੋਇਲ ਦੀ ਕੂਕ ਮੈਨੂੰ ਵੀ ਮੋਹਿਤ ਕਰਦੀ ਹੈ ?" ਹੁਣ ਮੈਂ ਜਾਗਦੀਆਂ ਅੱਖਾਂ ਦੇ ਸੁਪਨਿਆਂ ਰਾਹੀਂ ਓਹ ਪਲ ਜੀਅ ਰਹੀ ਸਾਂ ਜੋ ਮੇਰੀ ਅਸਲ ਜ਼ਿੰਦਗੀ 'ਚ ਕਦੇ ਨਹੀਂ ਆਏ। 
ਉਸ ਦੀ ਕਹਿਕਸ਼ਾਂ ਦੀ ਹਮਸਫ਼ਰ ਬਣੀ ਮੈਂ ਉਸ ਦੇ ਨਾਲ ਹੋ ਤੁਰੀ। ਉਹ ਮੈਨੂੰ ਅੰਤਰੀਵ ਵਿੱਚ ਝਾਤ ਪਵਾਉਂਦੀ ਆਪਣੇ ਓਸ ਆਲਮੀ ਵਿਹੜੇ 'ਚ ਲੈ ਗਈ ਜਿੱਥੇ ਦੇਸ਼ ਪ੍ਰੇਮ ਨਾਲ ਓਤ -ਪ੍ਰੋਤ ਵੀਰ ਗਾਥਾਵਾਂ ਤੇ ਗੀਤ ਸੁਣਦੀ ਉਹ ਵੱਡੀ ਹੋਈ ਸੀ। ਬਟਵਾਰੇ ਵੇਲੇ ਉਹ ਮਸੀਂ 13 ਕੁ ਵਰ੍ਹਿਆਂ ਦੀ ਹੋਵੇਗੀ। ਉਸ ਦੇ ਆਪੇ ਨੂੰ ਪਤਾ ਵੀ ਨਾ ਲੱਗਾ ਕਿ ਸੰਵਾਦ ਰਚਾਉਣ ਦੀ ਆਤਮਿਕ ਪਿਰਤ ਉਸ ਅੰਦਰ ਕਦੋਂ ਪੈਦਾ ਹੋ ਗਈ । ਮਸਤਕ 'ਚ ਚਾਨਣਾਂ ਦਾ ਕਾਫ਼ਲਾ ਕਾਵਿ ਰਿਸ਼ਮਾਂ ਬਣ ਵਹਿਣ ਲੱਗਾ। ਉਹ ਆਪਣੀ ਜਾਦੂਮਈ ਛੋਹ ਨਾਲ ਮੌਲਿਕ ਅੰਦਾਜ 'ਚ ਨਿੱਤ ਨਵਾਂ ਸਿਰਜਦੀ ਰਹੀ ਤੇ ਹੁਣ ਤੱਕ ਸਿਰਜ ਰਹੀ ਏ। ਨਵੀਆਂ ਉਚਾਣਾਂ ਨੂੰ ਨੱਤਮਸਤਕ ਹੋਣਾ ਉਸ ਦੀ ਸੁੱਚੀ ਇਬਾਦਤ ਹੈ।
ਮੇਰਾ ਮਨ ਕਣੀਆਂ ਦੀ ਰਿਮ-ਝਿਮ 'ਚ ਸਰਸ਼ਾਰ ਹੋਇਆ ਉਸ ਦੀਆਂ ਅਮੁੱਕ ਗੱਲਾਂ ਦਾ ਹੁੰਗਾਰਾ ਭਰੀ ਜਾ ਰਿਹਾ ਸੀ। ਕਦੇ -ਕਦੇ ਮੈਨੂੰ ਇੰਝ ਲੱਗਦਾ ਜਿਵੇਂ ਮੈਂ ਆਪਣੀ ਪੜਨਾਨੀ ਨਾਲ ਗੱਲਾਂ ਕਰ ਰਹੀ ਹੋਵਾਂ।  ਹੁਣ ਉਹ ਆਪਣੀ ਕਿਰਮਚੀ ਕਿਆਰੀ 'ਚੋਂ ਫੁੱਲ ਬਿਖੇਰ ਰਹੀ ਸੀ ," ਬੰਦ ਕਮਰਿਆਂ 'ਚ ਮੇਰਾ ਦਮ ਘੁੱਟਦਾ ਹੈ। ਰੰਗ -ਬਿਰੰਗੀ ਕਾਇਨਾਤ ਦੀ ਮੈਂ ਦੀਵਾਨੀ ਹਾਂ।ਕੁਦਰਤ ਨਾਲ ਰਹਿ ਕੇ ਬਹੁਤ ਕੁਝ ਮਿਲਿਆ। ਪਰ ਕੋਈ ਵੀ ਖੁਸ਼ੀ ਇੱਕਦਮ ਨਹੀਂ ਮਿਲੀ ,ਸਾਲਾਂ ਬੱਧੀ ਮਿਹਨਤ ਤੇ ਉਡੀਕ ਤੋਂ ਬਾਦ ਮਿਲੀ ਹੈ। ਪਰ ਅਜੇ ਤਾਂ ਛੋਪ ਵਿੱਚੋਂ ਪੂਣੀ ਵੀ ਨਹੀਂ ਕੱਤੀ। ਜਦ ਤੱਕ ਉਂਗਲੀਆਂ 'ਚ ਜਾਨ ਹੈ ਲੇਖਣ ਜਾਰੀ ਰਹੇਗਾ। " 
ਕਹਿੰਦੇ ਨੇ ਕਿ ਅਹਿਸਾਸਾਂ ਦੀ ਸਾਂਝ ਦਾ ਰਿਸ਼ਤਾ ਸਭ ਤੋਂ ਸੁੱਚਾ ਰਿਸ਼ਤਾ ਹੁੰਦਾ ਹੈ ਜਿਹੜਾ ਉਮਰਾਂ ਦੇ ਤਰਾਜੂ 'ਚ ਨਹੀਂ ਤੁਲਦਾ। ਸੋਚ ਦੇ ਹਾਣੀਆਂ 'ਚ ਸਾਹ -ਜਿੰਦ ਜਿਹੀ ਨੇੜਤਾ ਹੁੰਦੀ ਹੈ ਤੇ ਸਾਡੀ ਸਾਂਝ ਵੀ ਕੁਝ ਏਹੋ ਜਿਹੀ ਹੀ ਹੈ।  ਕਦੇ ਉਹ ਕਿਣਮਿਣੀ ਚਾਨਣ 'ਚ ਬਹਿ ਕੇ ਧੁੱਪ ਨਾਲ ਗੱਪ -ਸ਼ੱਪ ਕਰਦੀ ਏ ਤੇ ਕਦੇ ਉਸ ਦੇ ਹਿੱਸੇ ਆਈ ਚੁਲਬੁਲੀ ਰਾਤ ਨੇ ਕੋਰੀ ਮਿੱਟੀ ਦੇ ਦੀਵੇ ਬਾਲ ਓਕ ਭਰ ਕਿਰਨਾਂ ਨਾਲ ਖੁਸ਼ਬੂ ਦਾ ਸਫ਼ਰ ਤੈਅ ਕੀਤਾ ਹੈ। ਆਪਣੇ ਕਲਾਮਈ ਕ੍ਰਿਸ਼ਮਿਆਂ ਨਾਲ ਉਹ ਮੁਹਾਂਦਰਾ ਲਿਸ਼ਕਾਉਂਦੀ ਗਈ ਜਦ ਕਦੇ ਇੱਕਲਾ ਸੀ ਸਮਾਂ। ਉਸ ਦੇ ਨਵੇਂ ਮਰਹੱਲਿਆਂ ਦੇ ਦਸਤਾਵੇਜ਼ ਮਹਿਜ ਲਫ਼ਜ਼ ਨਹੀਂ ਬਲਕਿ ਉਸ ਦੇ ਸਫ਼ਰ ਦੇ ਛਾਲੇ ਨੇ। 
ਹੁਣ ਮੱਠੀ -ਮੱਠੀ ਪੌਣ ਨੇ ਬੱਦਲਾਂ ਦਾ ਘੁੰਡ ਚੁੱਕ ਦਿੱਤਾ ਸੀ । ਮੈਨੂੰ ਲੱਗਾ ਜਿਵੇਂ ਅੱਜ ਸੂਹੀ ਸਵੇਰ ਮੈਨੂੰ ਸੁਰਖ਼ ਰੰਗਾਂ ਨਾਲ਼ ਸਰਸ਼ਾਰ ਕਰ ਰਹੀ ਹੋਵੇ। ਉਸ ਦੀ ਕਹਿਕਸ਼ਾਂ ਦਾ ਰੁੱਖ ਅੱਜ ਸਾਡੇ ਵਿਹੜੇ ਉੱਗ ਆਇਆ ਸੀ। 
ਕੋਇਲ ਕੂਕ 
ਮੀਂਹ ਭਿੱਜੀ ਸਰਘੀ 
ਚਿਲਕੀ ਧੁੱਪ। 
ਡਾ. ਹਰਦੀਪ ਕੌਰ ਸੰਧੂ 
*****         ********        *********       **************
ਕਹਿਕਸ਼ਾਂ ਦੀ ਪਾਤਰ ਵੱਲੋਂ ਭੇਜਿਆ ਮੋਹ ...............


ਨੋਟ : ਇਹ ਪੋਸਟ ਹੁਣ ਤੱਕ 183 ਵਾਰ ਪੜ੍ਹੀ ਗਈ

28 May 2016

ਯਾਦ ਦਾ ਮੌਸਮ (ਚੌਵਰਗਾ )

Surjit Bhullar's Profile Photo1.
ਜੀਵਨ ਹੈ ਇੱਕ ਲੁਕਣ ਤਮਾਸ਼ਾ ।
ਪਲ 'ਚ ਰੋਸਾ ਪਲ 'ਚ ਹਾਸਾ।
ਕਿੰਨੀ ਕਰ ਲੇ ਅਭਿਨੈ ਮੰਚ 'ਤੇ,
ਪਰ ਅੰਤ 'ਚ ਖੇਡੇ ਇੱਕੋ ਪਾਸਾ ।


2.
ਮੇਰੇ ਇਸ਼ਕ ਦਾ ਮਤਲਬ, ਗ਼ਮ ਨਹੀਂ ਹੁੰਦਾ।
ਦੂਰੀ ਹੋਣ ਤੇ ਵੀ ਪਿਆਰ, ਕਮ ਨਹੀਂ ਹੁੰਦਾ।
ਵਕਤ ਬੇ-ਵਕਤ ਕੋਇਆਂ'ਚ ਸਿਲ ਦਾ ਹੋਣਾ,
'ਸੁਰਜੀਤ'ਯਾਦ ਦਾ ਕੋਈ,ਮੌਸਮ ਨਹੀਂ ਹੁੰਦਾ।
3.
ਆਪਣੀ ਬਰਬਾਦੀ ਦਾ ਜਸ਼ਨ,ਮਨਾ ਲਿਆ।
ਆਕਾਸ਼ ਗੰਗਾ ਨੂੰ ਪਲਕਾਂ 'ਚ,ਸਮਾ ਲਿਆ।
ਤੂੰ ਤੇ ਮੇਰਾ ਸੀ, ਮੇਰਾ ਅਖੀਰ ਤਾਂ ਦੇਖਦਾ,
ਮੈਨੂੰ ਡੁੱਬਦੇ ਨੂੰ ਗ਼ੈਰਾਂ ਕੀਕਣ, ਬਚਾ ਲਿਆ ?

ਸੁਰਜੀਤ ਸਿੰਘ ਭੁੱਲਰ
(ਯੂ. ਐਸ. ਏ। ) 

ਨੋਟ : ਇਹ ਪੋਸਟ ਹੁਣ ਤੱਕ 39 ਵਾਰ ਪੜ੍ਹੀ ਗਈ

25 May 2016

ਅਮਰੋ


ਮੇਰੇ ਅੱਗੇ ਅੱਗੇ  , ਮੇਰੇ ਅਤੇ ਉਸਦੇ  ਘਰ ਵੱਲ ਜਾਂਦੀ ਛੇ ਕੁ ਫੁੱਟ ਚੌੜੀ ਗਲੀ  ਵਿੱਚ ਦੀ  ਉਹ ਜਾ ਰਹੀ ਸੀ। ਗਰਮੀਆਂ ਦੀ ਰੁੱਤ ਸੀ ,ਦੁਪਹਿਰ ਢਲੇ ਕੋਈ ਤਿੰਨ ਕੁ ਵੱਜੇ ਦਾ ਸਮਾਂ ਹੋਵੇ ਗਾ। ਮੈਂ ਹਫਤੇ ਦੀ ਛੁੱਟੀ 'ਤੇ ਘਰ  ਆਇਆ  ਹੋਇਆ ਸੀ।  ਜੁੱਤੀ  ਗੰਢਾ  ਕੇ  ਮੋਚੀ ਤੋਂ ਵਾਪਿਸ ਜਾ  ਰਿਹਾ ਸੀ। ਉਹ ਸਾਡੇ ਘਰ ਤੋਂ ਇੱਕ ਘਰ ਛੱਡ ਕੇ ਰਹਿੰਦੀ ਸੀ  ਨਾਂ ਉਸ ਦਾ ਅਮਰਜੀਤ  ਸੀ ,ਪਰ ਸਾਰੇ ਅਮਰੋ ਕਹਿ ਕੇ ਬੁਲਾਉਂਦੇ ਸਨ।  ਗੱਲ ਪੰਜਾਹ ਸਾਲ ਪੁਰਾਣੀ ਹੈ।  ਮੈਂ ਕੋਈ ਪੰਝੀ ਕੁ ਸਾਲ ਦਾ ਹੋਵਾਂਗਾ  ਅਤੇ ਉਹ ਮੇਰੇ ਤੋਂ ਕਾਫੀ ਛੋਟੀ ਸੀ , ਕੋਈ ਵੀਹ ਕੁ ਸਾਲ ਦੇ ਨੇੜੇ ਤੇੜੇ  ਦੀ ਹੋਵੇਗੀ । 
ਉਦੋਂ ਆਬਾਦੀ ਵੀ ਕਾਫੀ ਘੱਟ ਹੁੰਦੀ ਸੀ  ਅਤੇ ਗਰਮੀਆਂ  ਦੀ  ਰੁੱਤ ਕਰਕੇ ਗਲੀ ਵਿੱਚ ਮੇਰੇ ਅਤੇ ਉਸਦੇ ਸਿਵਾ ਹੋਰ ਕੋਈ ਨਹੀਂ ਸੀ।ਮੈਂ ਉਸ ਤੋਂ ਤੇਜ਼ ਚੱਲ ਰਿਹਾ ਸੀ ਅਤੇ ਜਦੋਂ  ਕਾਹਲੀ ਵਿੱਚ ਆਪਣੇ ਧਿਆਨੇ ਉਸ ਤੋਂ ਅੱਗੇ ਨਿਕਲਣ ਲੱਗਾ , ਉਸ ਨੇ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਵੱਲ ਖਿੱਚ ਲਿਆਕਿੱਥੇ ਦੌੜੀ ਜਾਨੈਂ ,ਕਾਹਦੀ ਜਲਦੀ ਏ ,ਅਸੀਂ ਵੀ ਇਸੇ ਗਲੀ ਵਿੱਚ ਰਹਿੰਦੇ ਹਾਂ,ਕਦੀ ਇਧਰ ਉਧਰ ਵੀ ਝਾਤੀ ਮਾਰ ਲਿਆ ਕਰ। " ਬਿੰਨ ਕਿਸੇ  ਝਿਜਕ ਡਰ  ਦੇ  ਉਹ ਬੋਲ ਗਈ ਅਤੇ ਮੇਰਾ ਹੱਥ ਵੀ ਘੁੱਟੀ ਰੱਖਿਆ ।ਮੈਂ ਹੱ  ਛਡਾਉਂਦੇ  ਬੋਲਿਆ ,ਕੀ ਪਈ ਕਰਦੀ ਏਂ, ਕੋਈ ਦੇਖ  ਲਏਗਾ ।"ਕਾਹਨੂੰ ਡਰਨਾ ਏਂ , ਕੁਝ ਨਹੀਂ ਹੁੰਦਾ , ਇਹ ਦੱਸ ਕਦੋਂ ਆਇਆ ਏਂ , ਅੱਜ ਮਿਲ ਮੈਨੂੰ , ਇੱਕ ਜ਼ਰੂਰੀ ਗੱਲ ਕਰਨੀ  ਏਂ। " ਮੈਂ ਗਲੀ ਵਿੱਚ ਚੰਗੀ ਤਰਾਂ ਝਾਤੀ ਮਾਰਕੇ  ਬੋਲਿਆ ,ਦੋ ਦਿਨ ਹੋ ਗਏ ਆਏ ਨੂੰ , ਦੱਸ  ਕਿੱਥੇ ਅਤੇ ਕਦੋਂ  ਮਿਲੇਂਗੀ। " ਉਹ ਸੋਹਣੀ ਬੜੀ ਸੀ । ਮੈਂ ਵੀ ਮਿਲਣ  ਲਈ ਝੱਟ ਤਿਆਰ ਹੋ ਗਿਆ ।
"ਪੂਰੇ ਪੰਜ ਵਜੇ ਮੈਂ 'ਬਾਹਰ' ਜਾਣ ਦੇ ਬਹਾਨੇ ਵੱਡੇ  ਪਹੇ  ਵੱਲ  ਜਾਵਾਂਗੀ , ਜਾਂਦੀ ਹੋਈ ਤੁਹਾਡੇ ਬੂਹੇ ਨੂੰ ਧੱਕਾ ਮਾਰ ਜਾਵਾਂਗੀ । ਤੂੰ   ਪਿੱਛੇ ਆ ਜਾਵੀਂ , ਥੋੜਾ ਪਿੱਛੇ ਪਿੱਛੇ ਹੀ ਰਵੀਂ  , ਮੈਨੂੰ  ਦੇਖਦਾ ਰਵੀਂ  ਮੈਂ ਕਿਧਰ ਜਾਂਦੀ ਹਾਂ । ਡਰੀਂ ਡੁਰੀਂ ਕੋਈ ਨਾ , ਕੋਈ ਨਹੀਂ ਉਸ ਵੇਲੇ ਬਾਹਰ ਹੁੰਦਾ "। ਇਹ ਕਹਿ ਕੇ , ਮੇਰੇ ਢਿੱਡ  'ਤੇ ਚੂੰਡੀ ਵੱਢ ਕੇ ਆਪਣੇ  ਘਰ ਅੰਦਰ ਦੌੜ ਗਈ ਅਤੇ ਮੈਂ ਆਪਣੇ  ਘਰ ਅੰਦਰ ਚਲਾ ਗਿਆ । ਮੇਰਾ ਦਿਲ ਬੜੇ ਜ਼ੋਰ ਜ਼ੋਰ ਨਾਲ ਧੜਕ  ਰਿਹਾ ਸੀ  ।

23 May 2016

ਕੰਤ ਵਿਛੋੜਾ(ਸੇਦੋਕਾ )

1.
ਉਦਾਸ ਸ਼ਾਮ 
ਅੱਜ ਆਥਣ ਵੇਲੇ 
ਸੱਜਣ ਛੱਡ ਗਏ 
ਬੜੇ ਕੁਵੇਲੇ 
ਮੁੜ ਯਾਦ ਸਤਾਵੇ 
ਇੱਕ ਇੱਕ ਪਲ ਦੀ। 

2.
ਦੇਹਰੀ ਬੈਠੀ 
ਜ਼ਿੰਦ ਹੌਕੇ ਭਰਦੀ 
ਪਲ -ਪਲ ਮਰਦੀ 
ਕੰਤ ਵਿਛੋੜਾ 
ਕਦੇ ਸਾਰ ਤਾਂ ਲੈ ਜਾ 
ਦੁਖਿਆਰੇ ਘਰ ਦੀ। 

3.
ਦੁੱਖਾਂ ਭਰਿਆ 
ਜਿੱਤ -ਜਿੱਤ ਹਰਿਆ 
ਏ ਜੀਵਨ ਤੱਕਿਆ 
ਦਿਲ ਰੋਇਆ 
ਹੰਝੂਆਂ 'ਚ ਧੋਇਆ 
ਸਾਰਾ ਜੱਗ ਹੱਸਿਆ। 

ਬੁੱਧ ਸਿੰਘ ਚਿੱਤਰਕਾਰ 

ਪਿੰਡ :ਨਡਾਲੋਂ
ਹੁਸ਼ਿਆਰਪੁਰ 

ਨੋਟ : ਇਹ ਪੋਸਟ ਹੁਣ ਤੱਕ 31 ਵਾਰ ਪੜ੍ਹੀ ਗਈ। 

22 May 2016

ਕੁਝ ਨਵਾਂ ਨਕੋਰ

ਕਲਾ ਸਾਡੇ ਅੰਤਰੀਵ 'ਚ ਜਿਉਂਦੀ ਹੈ ਤੇ ਸ਼ਬਦਾਂ ਤੇ ਰੰਗਾਂ ਨਾਲ ਜਨਮ ਲੈਂਦੀ ਹੈ। ਕੋਮਲ ਭਾਵਨਾਵਾਂ ਦੀ ਸ਼ਾਬਦਿਕ ਵਿਆਖਿਆ ਹੀ ਕਲਾ ਹੈ। ਇਹ ਇੱਕ ਕਲਾਕਾਰ ਦਾ ਪੈਦਾਇਸ਼ੀ ਗੁਣ ਮੰਨੀ ਗਈ ਹੈ। ਇਸ ਨੂੰ ਪੈਦਾ ਨਹੀਂ ਕੀਤਾ ਜਾ ਸਕਦਾ। ਸਗੋਂ ਸਾਧਨਾ ਨਾਲ ਤਰਾਸ਼ਿਆ ਤੇ ਸੰਵਾਰਿਆ ਜਾ ਸਕਦਾ ਹੈ। ਸੁਰਜੀਤ ਸਿੰਘ ਭੁੱਲਰ ਇੱਕ ਐਸਾ ਕਲਾਕਾਰ ਹੈ ਜਿਸ ਨੇ ਲਿਖਣ ਕਲਾ ਨੂੰ ਆਪਣੀ ਰੂਹ 'ਚ ਵਸਾ ਲਿਆ ਹੈ। ਨਿੱਤ ਆਪਣੇ ਮਨ ਦੀਆਂ ਤਹਿਆਂ ਫਰੋਲਦਾ ਉਹ ਏਸੇ ਰਾਹੀਂ ਹੀ ਸਾਹ ਲੈਂਦਾ ਹੈ। ਓਸ ਨੇ ਸੁੱਚੀ ਸਾਧਨਾ ਨਾਲ ਆਪਣੀ ਲੇਖਣ ਕਲਾ ਨੂੰ ਤਰਾਸ਼ ਕੇ ਹੀਰਾ ਬਣਾ ਲਿਆ ਹੈ। ਉਹ ਜਦ ਕੁਝ ਲਿਖਦਾ ਹੈ ਤਾਂ ਓਸ ਨੂੰ ਖੁਦ ਜਿਉਂਦਾ ਹੈ। ਕਿਸੇ ਵੀ ਰਚਨਾ ਨੂੰ ਓਹ ਸਿਰਫ਼ ਪੜ੍ਹਦਾ ਹੀ ਨਹੀਂ ਸਗੋਂ ਗੁਣਦਾ ਵੀ ਹੈ। ਇਹ ਗੁਣ ਬਹੁਤ ਹੀ ਘੱਟ ਲੋਕਾਂ ਦੇ ਹਿੱਸੇ ਆਇਆ ਹੈ। 
               ਸਫ਼ਰਸਾਂਝ ਨੇ 12 ਮਈ 2016 ਨੂੰ ਦਿਲਜੋਧ ਸਿੰਘ ਹੋਣਾਂ ਦਾ ਲਿਖਿਆ ਝਾਤੀਆਂ ਹਾਇਬਨ ਪ੍ਰਕਾਸ਼ਿਤ ਕੀਤਾ ਸੀ। ਇਹ ਹਾਇਬਨ ਮਨੁੱਖ ਦੀ ਬੇਚੈਨ ਇੱਕਲਤਾ ਨੂੰ ਚਿਤਵਦਾ ਹੈ। ਇੱਕਲਤਾ 'ਚ ਭਾਵੇਂ ਤੁਸੀਂ ਆਪਣੇ ਆਪ ਤੋਂ ਜਾਣੁ ਹੁੰਦੇ ਹੋ ਤੇ ਆਪਣਿਆਂ ਨੂੰ ਯਾਦ ਕਰਦੇ ਹੋ ਪਰ ਏਸ ਇੱਕਲਤਾ ਦੇ ਡੂੰਘੇ ਸਾਗਰ ਨੂੰ ਪਾਰ ਕਰਨਾ ਔਖਾ ਹੀ ਜਾਪਦਾ ਹੈ। ਇਹ ਹਾਇਬਨ ਪੜ੍ਹਨ ਲਈ ਇੱਥੇ ਕਲਿੱਕ ਕਰੋ। 

         ਸੁਰਜੀਤ ਸਿੰਘ ਭੁੱਲਰ ਨੇ ਆਪਣੇ ਸ਼ਬਦਾਂ 'ਚ ਏਸ ਦੀ ਵਿਆਖਿਆ ਇਸ ਤਰਾਂ ਕੀਤੀ ਹੈ - 
Surjit Bhullar's Profile Photo
ਝਾੜੀਆਂ (ਹਾਇਬਨ) ਨੂੰ ਪੜ੍ਹਦਿਆਂ ਹੀ, ਮੇਰਾ ਮਨ ਮੈਨੂੰ ਸੁਤੇ - ਸੁੱਧ ਆਪਣੇ ਅਤੀਤ ਵੱਲ ਉਂਗਲ ਫੜ ਲੈ ਤੁਰਿਆ।ਆਪਣੇ ਦੇਸ਼ ਦੇ ਚਲਾਕ ਕਾਂਵਾਂ ਦੀਆਂ ਬਚਪਨ ਵਿੱਚ ਦੇਖੀਆਂ - ਸੁਣੀਆਂ ਅਣਗਿਣਤ ਘਟਨਾਵਾਂ ਦਿਮਾਗ਼ 'ਚ ਘੁੰਮ ਗਈਆਂ।ਆਰੰਭਿਕ ਸ਼ਬਦ ਚਿੱਤਰ ਹੀ ਐਨਾ ਪ੍ਰਭਾਵਸ਼ਾਲੀ ਹੈ ਕਿ ਕਾਂਵਾਂ ਦੀ ਕਾਂ-ਰੌਲ਼ੀ ਵਿੱਚ ਵੀ ਆਪਣੇ ਦੇਸ਼ ਦੇ ਘਰਾਂ ਤੇ ਇੱਥੋਂ ਦੇ ਘਰਾਂ ਵੱਲ ਸੋਚ ਨੇ ਘੇਰਾ ਆ ਪਾਇਆ। ਮਨ ਸੋਚੀਂ ਪੈ ਗਿਆ ਕਿ ਕਿਵੇਂ ਕੋਈ ਵਿਅਕਤੀ ਪੱਛਮੀ ਦੇਸ਼ਾਂ ਵਿੱਚ ਰਹਿੰਦਾ ਹੋਇਆ,ਜੀਵਨ ਦੇ ਸਾਰੇ ਸੁੱਖ ਅਨੰਦ ਭੋਗਦਾ ਦੋ ਵੱਖ- ਵੱਖ ਹਾਲਾਤ ਵਿੱਚੋਂ ਦੀ ਲੰਘਦਾ,ਅਜੇ ਵੀ ਉਲਝਣ 'ਚ ਪਿਆ ਭਟਕਦਾ ਰਹਿੰਦਾ ਹੈ।
        ਲੋਕੀਂ ਠੀਕ ਹੀ ਕਹਿੰਦੇ ਨੇ ਕਿ ਜਿਵੇਂ ਪੂਰਬ ਅਤੇ ਪੱਛਮ ਆਪਸ ਵਿਚ ਕਦੇ ਮਿਲ ਨਹੀਂ ਸਕਦੇ,ਇਸੇ ਤਰ੍ਹਾਂ ਜ਼ਿੰਦਗੀ ਦੇ ਜਿਊਣ ਦੇ ਫ਼ਲਸਫ਼ੇ ਅਤੇ ਵਿਸ਼ਵਾਸ ਵਿੱਚ ਵੀ ਭਿੰਨਤਾਵਾਂ ਹੋਣ ਕਾਰਨ,ਮਨ ਅੰਦਰਲੇ ਸੱਚ ਦੀ ਤਲਾਸ਼ ਦਾ ਮਾਰਗ ਵੀ ਵੱਖਰਾ ਵੱਖਰਾ ਹੀ ਹੁੰਦਾ। ਹਰ ਸਭਿਆਚਾਰ ਵਿੱਚ ਰਿਸ਼ਤੇ ਹੀ ਪਰਿਵਾਰ ਤਿਆਰ ਕਰਦੇ ਹਨ,ਪਰ ਇਹਨਾਂ ਦੀ ਸਾਰਥਿਕਤਾ ਨੂੰ ਸਹੀ ਤਰੀਕੇ ਨਾਲ ਕਾਇਮ ਰੱਖਣਾ ਹਰ ਵਿਅਕਤੀ ਦੇ ਆਪਣੇ ਹੱਥ ਹੁੰਦਾ ਹੇ। ਪੱਛਮੀ ਸਭਿਅਤਾ ਵਿੱਚ, ਵਿਅਕਤੀਗਤ ਨੂੰ ਪਰਿਵਾਰ 'ਤੇ ਤਰਜੀਹ ਦਿੱਤੀ ਗਈ ਹੈ ਜਦ ਕਿ ਪੂਰਬੀ ਸਮਾਜ ਸੰਯੁਕਤ ਪਰਿਵਾਰ  'ਤੇ ਬਲ ਦਿੱਤਾ ਜਾਂਦਾ ਹੈ।
     ਇਸੇ ਸੰਦਰਭ ਵਿੱਚ ਲੇਖਕ ਕਈ ਨਾਟਕੀ ਸਥਿਤੀ ਦੇ ਉਪ ਪਲਾਟਾਂ ਨਾਲ ਆਪਣੇ ਆਸ਼ੇ ਵੱਲ ਵਧਣਾ ਸ਼ੁਰੂ ਕਰਦਾ ਹੈ।ਪਹਿਲਾਂ ਕਾਂ ਦੀ ਇੱਕਲਤਾ ਨੂੰ ਅਮਰੀਕੀ ਬਜ਼ੁਰਗ ਜੋੜੇ ਦੀ ਤਨਹਾਈ, ਫਿਰ ਕਈ ਹਜ਼ਾਰ ਗਜ ਵਾਲੇ ਮੁੱਖ ਘਰ ਨੂੰ ਛੱਡ ਕੇ,ਇਸ ਦੇ ਪਿਛਵਾੜੇ  ਇੱਕੋ ਕਮਰੇ 'ਚ ਗੁਜ਼ਰਾਨ, ਸੜਕ 'ਤੇ ਇੱਕ ਕਮਜ਼ੋਰ ਬਜ਼ੁਰਗ ਕਾਲੀ ਅਮਰੀਕਨ ਦਾ ਚੱਲਣਾ ਤੇ ਪੁਰਾਣੇ ਮਾਡਲ ਦੀ ਕਾਰ ਨੂੰ ਢਲਦੀ ਉਮਰ ਦਾ ਸਹਿਜਤਾ ਨਾਲ ਤੁਲਨਾ ਕਰਦਿਆਂ,ਪਾਠਕ ਦੇ ਮਨ ਤੇ ਨਕਸ਼ ਉੱਕਰਨ ਵਿਚ ਪੂਰੀ ਤਰ੍ਹਾਂ ਸਫਲ ਰਿਹਾ ਹੈ।
     ਅੱਗੇ ਚੱਲਦਿਆਂ ਲੇਖਕ ਆਪਣੇ ਵਿਚਾਰਾਂ ਵਿੱਚ ਦਾਰਸ਼ਨਿਕ ਪ੍ਰਭਾਵ ਪੈਦਾ ਕਰਦਿਆਂ ਕਹਿੰਦਾ ਹੈ ਕਿ ਕੀ ਇੱਥੇ ਮਕਾਨ ਕੇਵਲ ਭੋਗਣ ਦੀ ਵਸਤੂ ਹੀ ਹੁੰਦੇ ਹਨ ਤੇ ਰਿਸ਼ਤਿਆਂ ਦੀ ਤੰਦ ਵੀ ਓਨੀ ਹੀ ਕੱਚੀ ? ਉਹ ਅਜਿਹੀਆਂ ਪ੍ਰਸਥਿਤੀਆਂ ਨੂੰ ਆਪਣੇ ਦੇਸ਼ ਨਾਲ ਤੁਲਨਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਕਾਂ ਦੀ ਕਾਂ-ਕਾਂ ਉਸ ਦੀ ਸੋਚ ਨੂੰ ਝੰਜੋੜਦੀ ਹੈ,ਜਿਵੇਂ ਕਹਿੰਦੀ ਹੋਵੇ ਕਿ ਤੂੰ ਇੱਕਲਤਾ ਦੀ ਉਦਾਸੀ ਵਿਚ ਘਿਰਿਆ ਹੋਇਆ ਹੈਂ, ਮੇਰੀ ਫ਼ਿਕਰ ਛੱਡ ਤੂੰ ਆਪਣੀ ਸੋਚ।
     ਇੱਥੇ ਪਹੁੰਚ ਕੇ,ਦਿਲਜੋਧ ਸਿੰਘ ਮਨੁੱਖ ਦੀ ਤ੍ਰਾਸਦੀ ਤੇ ਬੇਬਸੀ ਦੀ ਤਸਵੀਰ ਨੂੰ ਪ੍ਰਭਾਵਮਈ ਪੂਰਨਤਾ ਨਾਲ ਹਾਇਬਨ ਵਿੱਚ ਪੇਸ਼ ਕਰਨ ਵਿਚ ਸਫਲ ਹੋਇਆ ਹੈ, ਮੈਂ ਜਿਸ ਦੀ ਸ਼ਲਾਘਾ ਕਰਦਾ ਹਾਂ।

-ਸੁਰਜੀਤ ਸਿੰਘ ਭੁੱਲਰ-16-05-2016


      ਹਾਇਬਨ ਦੀ ਲੜੀ ਨੂੰ ਹੋਰ ਅੱਗੇ ਤੋਰਦਿਆਂ 21 ਮਈ 2016 ਨੂੰ ਮੇਰਾ ਲਿਖਿਆ ਹਾਇਬਨ ਰੁਣਝੁਣ ਪ੍ਰਕਾਸ਼ਿਤ ਹੋਇਆ। ਇਸ ਹਾਇਬਨ 'ਚ ਕਾਦਰ ਦੀ ਕੁਦਰਤ ਦੇ ਅਜਬ ਨਜ਼ਾਰੇ ਨੂੰ ਪੇਸ਼ ਕੀਤਾ ਗਿਆ ਸੀ। ਅਸੀਂ ਸਾਰੇ ਕੁਦਰਤ ਦੇ ਅੰਗ -ਸੰਗ ਹੀ ਜਿਉਂਦੇ ਹਾਂ। ਬੱਸ ਲੋੜ ਹੈ ਜ਼ਰਾ ਖਲ੍ਹੋ ਕੇ ਖੁੱਲ੍ਹੀਆਂ ਅੱਖਾਂ ਨਾਲ ਏਸ ਨੂੰ ਤੱਕਣ ਦੀ। ਇਹ ਹਾਇਬਨ ਪੜ੍ਹਨ ਲਈ ਇੱਥੇ ਕਲਿੱਕ ਕਰੋ। ਬਹੁਤਾ ਕੁਝ ਨਾ ਕਹਿੰਦੀ ਹੋਈ ਮੈਂ ਭੁੱਲਰ ਸਾਹਿਬ ਹੋਣਾਂ ਦੀ ਜ਼ੁਬਾਨੀ ਏਸ ਦੀ ਵਿਆਖਿਆ ਸੁਣਾਉਂਦੀ ਹਾਂ  - 

'ਰੁਣਝੁਣ' ਵਿੱਚ ਲੇਖਕਾ ਕੁਦਰਤ ਦੀ ਗੋਦੀ ਵਿਚੋਂ ਜੰਮੇ ਮੱਘਰ ਮਹੀਨੇ ਦਾ ਕਲਾਤਮਕ ਢੰਗ ਨਾਲ ਵਰਣਨ ਕਰਦਿਆਂ ਤੇ ਏਸ ਦਾ ਨਿੱਘ ਮਾਣਦੀ ਦੀ ਜਦ ਜਾਗ ਖੁੱਲ੍ਹਦੀ ਹੈ ,ਤਾਂ ਵਿਹੜੇ ਵਿੱਚ ਪੰਛੀਆਂ ਦੇ ਸੁਰਾਂ ਦੀ ਚਹਿਚਹਾਟ ਸੁਣਦੀ ਹੈ। ਇਹ ਉਨ੍ਹਾਂ ਪ੍ਰਤੀ ਉਸ ਦੀ ਪ੍ਰੀਤੀ ਤਾਂਘ ਨੂੰ ਰੂਪਮਾਨ ਕਰਦੀ ਹੈ।ਉਸ ਦਾ ਬਚਪਨ ਤੋਂ ਹੀ ਪੰਛੀਆਂ ਲਈ ਬਹੁਤ ਪਿਆਰ ਰਿਹਾ ਹੈ। ਭਾਵੇਂ ਇਹ ਗੱਲ ਹੋਰ ਹੈ ਕਿ ਉਸ ਦੇ ਕੁਝ ਪੱਕੇ ਮਿੱਤਰ ਪੰਛੀ ਸਮੇਂ ਦੇ ਮਾਰੂ ਹੱਥਾਂ 'ਚ ਫੜੇ ਕਿਤੇ ਜਾ ਡਿੱਗੇ, ਜਿਨ੍ਹਾਂ ਨੂੰ ਉਹ ਆਪਣੇ ਚੇਤਿਆਂ ਵਿਚੋਂ ਅਜੇ ਤਕ ਵੀ ਵਿਸਾਰ ਨਹੀਂ ਸਕੀ। ਜਿਵੇਂ -'ਉਹ ਤਾਂ ਰੋਣਹਾਕੀ ਹੋ ਜਾਂਦੀ ਸੀ, ਜਦ ਉਸ ਦੀ ਆਪਣੀ ਰੰਗੀ ਚਿੜੀ ਨੂੰ ਉਡੀਕ ਕਰਦੀ ਹੋਰ ਹੋਰ ਚਿੜ੍ਹੀਆਂ , ਕਾਂ, ਕਬੂਤਰ, ਘੁੱਗੀਆਂ ਤੇ ਕਾਟੋਆਂ ਆ ਵਿਹੜੇ ਖਿੱਲਰਿਆ ਚੋਗ ਚੁਗ ਜਾਂਦੀਆਂ।

      ਮੈਂ ਤਾਂ ਉਸ ਉਮਰੇ ਦੀ ਬਾਲੜੀ ਲੇਖਕਾ ਨੂੰ ਜੀਵਾਂ ਦੇ ਮਾਧਿਅਮ ਰਾਹੀਂ ਅਧਿਆਤਮਕ ਪ੍ਰੀਤ ਨੂੰ ਰੂਪਮਾਨ ਕਰਨ ਵਾਲੀ ਮੰਨਦਾ ਹਾਂ, ਜਿਸ ਨੇ ਪੰਛੀਆਂ ਪ੍ਰਤੀ ਏਨਾ ਮੋਹ ਅੱਜ ਤਕ ਵੀ ਕਾਇਮ ਰੱਖਿਆ ਹੈ।ਇਸ ਮੋਹ ਨੂੰ ਇਹਨਾਂ ਸੁੰਦਰ ਵਾਕਾਂ ਰਾਹੀਂ  ਪ੍ਰਗਟਾ ਕੇ ਤਾਂ ਕਮਾਲ ਕਰ ਦਿਖਾਈ ਹੈ," ਪੰਖੇਰੂਆਂ ਦੀਆਂ ਕਲਾਤਮਿਕ ਛੋਹਾਂ ਨਾਲ ਬਣਾਏ ਆਲ੍ਹਣੇ ਮੈਨੂੰ ਬੜੇ ਸੋਹਣੇ ਲੱਗਦੇ ਸਨ। ਪੰਛੀਆਂ ਦੇ ਰੰਗ -ਬਿਰੰਗੇ ਆਂਡੇ ਵੇਖ ਕੇ ਮਨ ਨੂੰ ਧੂਹ ਜਿਹੀ ਪੈਂਦੀ ਸੀ।" ਅਸਲ ਵਿੱਚ ਉਹ ਤਾਂ ਇਨ੍ਹਾਂ ਰਾਹੀਂ "ਬਲਿਹਾਰੀ ਕੁਦਰਤ ਵੱਸਿਆ, ਤੇਰਾ ਅੰਤੁ ਨਾ ਜਾਏ ਲੱਖਿਆ" ਦੇ ਮਹਾਂਵਾਕ ਅਨੁਸਾਰ ਕਾਦਰ ਨਾਲ ਆਪਣੀ ਸਾਂਝ ਪਾਉਣਾ ਲੋਚਦੀ ਰਹਿੰਦੀ ਹੈ। 
     
     ਇਹ ਦਾਲਚੀਨੀ ਜਾਂ ਸੁਰਮਈ ਜਿਹੇ ਰੰਗ ਵੀ ਸਾਡੀ ਜ਼ਿੰਦਗੀ ਵਿੱਚ ਨਿੱਤ ਪ੍ਰਤੀ ਉਤਰਾਓ ਚੜ੍ਹਾਓ ਤੇ ਆਉਣ ਵਾਲੀਆਂ ਘਟਨਾਵਾਂ ਵੱਲ ਸੰਕੇਤ ਕਰਦੇ ਹਨ।ਇਸੇ ਸਿਲਸਿਲੇ ਵਿੱਚ ਜਦ ਉਸ ਦੀ ਬਿਰਤੀ ਇੱਕ ਪਾਸੇ ਇਕੱਲੀ ਬੈਠੀ ਘੁੱਗੀ ਦੀ ਘੁੱਗੂ-ਘੂੰ ਵੱਲ ਜਾਂਦੀ ਹੈ,ਤਾਂ ਉਹ ਉਸ ਨੂੰ ਕਿਸੇ ਪਹੁੰਚੇ ਹੋਏ ਫ਼ਕੀਰ ਵਾਂਗ ਪਾਲਣਹਾਰ ਦੀ ਇਬਾਦਤ ਕਰਦੀ ਮਹਿਸੂਸ ਹੁੰਦੀ ਹੈ।ਅਸਲ ਵਿੱਚ ਇਹ ਲੇਖਕਾ ਦੀ ਮਾਨਸਿਕ ਸਥਿਤੀ ਹੈ,ਜੋ ਉਹਦੇ ਮਨ ਦੀ ਸੱਖਣਤਾ ਨੂੰ ਕਾਦਰ ਦੀ ਸਾਜੀ ਤੇ ਨਿਵਾਜੀ ਇਸ ਕੁਦਰਤ ਦੀ ਵਿਸ਼ਾਲਤਾ ਦਾ ਅਨੰਦ ਲੈਣ ਲਈ ਨੇੜਤਾ ਬਣਾਉਣ ਦਾ ਕਲਾਤਮਕ ਉਪਰਾਲਾ ਕਰਵਾ ਰਹੀ ਜਾਪਦੀ ਹੋਵੇ; ਇੱਕ ਸਾਂਝ ਪਾਉਂਦੀ ਲੱਗਦੀ ਹੋਵੇ।ਇਸੇ ਲਈ ਪੰਛੀਆਂ ਦੇ ਸੰਗੀਤ ਨਾਲ ਇੱਕ ਮਿੱਕ ਹੋਇਆਂ,ਸਵੇਰ ਦੇ ਵੇਲੇ ਦੇ ਕੁਦਰਤੀ ਹੁਸਨ ਤੇ ਸੁਹਾਵਣੇ ਪਲ ਜੀਵਨ ਨੂੰ ਉਤਸ਼ਾਹ,ਉਮਾਹ ਤੇ ਖ਼ੁਸ਼ੀ ਖੇੜਿਆਂ ਦਾ ਕਾਰਨ ਬਣਦੇ ਹਨ ਤੇ ਜੀਵਨ 'ਚ ਨਵਾਂ ਜੋਸ਼ ਭਰਦੇ ਹਨ।
ਡਾ:ਹਰਦੀਪ ਕੌਰ ਸੰਧੂ ਹੋਰਾਂ ਦੀ ਲਿਖਤ ਵਿਚਲੇ ਅਹਿਸਾਸ ਮਖ਼ਮਲੀ ਤੇ ਨਵੀਨਤਾਕਾਰੀ ਹਨ,ਜੋ ਆਪਣੇ ਚੌਗਿਰਦੇ ਵਿੱਚੋਂ ਵਿਚਰਦੀਆਂ ਮਾਮੂਲੀ ਤੇ ਨਿੱਕੀਆਂ ਘਟਨਾਵਾਂ ਨੂੰ ਆਪਣੀ ਕਾਵਿਕ ਸ਼ਕਤੀ ਨਾਲ ਸਜਾ ਕੇ ਪਾਠਕਾਂ ਦੇ ਮਨਾਂ ਨੂੰ ਟੁੰਬਣ ਦੀ ਸਮਰੱਥਾ ਰੱਖਦੇ ਹਨ। 
- ਸੁਰਜੀਤ ਸਿੰਘ ਭੁੱਲਰ-21-05-2016


ਸੁਰਜੀਤ ਸਿੰਘ ਭੁੱਲਰ ਇੱਕ ਬਹੁ -ਪੱਖੀ ਸ਼ਕਸੀਅਤ ਦੇ ਮਾਲਕ ਨੇ। ਇੱਕ ਕਵੀ ਵਜੋਂ ਸਥਾਪਤ ਨਾਂ ਹੈ। ਪੰਜਾਬੀ ਸਾਹਿਤ ਦੇ ਖੇਤਰ ਵਿੱਚ ਸੁਰਜੀਤ ਸਿੰਘ ਭੁੱਲਰ ਹੋਣਾਂ ਦਾ ਨਾਂ ਇੱਕ ਚੰਗੇ ਆਲੋਚਕ ਵਜੋਂ ਜ਼ਰੂਰ ਦਰਜ ਹੋਵੇਗਾ। ਅਜਿਹਾ ਮੇਰਾ ਮੰਨਣਾ ਹੈ। ਆਸ ਕਰਦੀ ਹਾਂ ਕਿ ਸਾਡੇ ਪਾਠਕ ਵੀ ਇਸ ਗੱਲ ਨਾਲ ਸਹਿਮਤ ਹੋਣਗੇ। 


ਡਾ .ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 74 ਵਾਰ ਪੜ੍ਹੀ ਗਈ 

21 May 2016

ਰੁਣ ਝੁਣ

                                                                           Image result for birds


ਮਾਘ ਮਹੀਨੇ ਦਾ ਚੜ੍ਹਦਾ ਸੂਰਜ ਰੁੱਖਾਂ ਦੇ ਉਹਲੇ ਰਿਸ਼ਮਾਂ ਦੀ ਲਾਬ ਲਾ ਰਿਹਾ ਸੀ। ਕੋਸੀ -ਕੋਸੀ ਜਿਹੀ ਧੁੱਪੜੀ ਬਨ੍ਹੇਰਿਆਂ 'ਤੇ ਚਾਨਣ ਬਿਖੇਰ ਰਹੀ ਸੀ। ਨਿੱਘਾ -ਨਿੱਘਾ ਜਿਹਾ ਦਿਨ ਸੀ। ਨਰਗਸ  ਦੇ ਫੁੱਲਾਂ ਨੂੰ ਛੂਹ ਕੇ ਆਉਣ ਵਾਲੀ ਸੁਗੰਧੀਆਂ ਬਿਖੇਰਦੀ ਪੌਣ ਕਦੇ ਕਦੇ ਹਲਕੀ ਜਿਹੀ ਚੌਰ ਕਰਦੀ ਜਾਪਦੀ ਸੀ। ਅੱਜ ਜਦ ਅੱਖ ਖੁੱਲ੍ਹੀ ਤਾਂ ਵਿਹੜੇ ਵਿੱਚ ਚਹਿਕ ਰਹੇ ਪੰਛੀਆਂ ਦੀਆਂ ਆਵਾਜ਼ਾਂ ਨੇ ਪੌਣਾਂ ਦੀ ਝਾਂਜਰ ਸੰਗ ਰਲ ਕੇ ਸੁਰਾਂ ਦੀ ਛਹਿਬਰ ਲਾਈ ਹੋਈ ਸੀ।      
     ਮੈਂ ਖਿੜਕੀ 'ਚੋਂ ਬਾਹਰ ਤੱਕਿਆ। ਵਿਹੜੇ 'ਚ ਪਏ ਵੱਡੇ ਭਾਂਡੇ ਦੁਆਲੇ ਗੁਟਾਰਾਂ, ਚਿੜੀਆਂ ਤੇ ਘੁੱਗੀਆਂ ਚਹਿਕਦੀਆਂ ਖੰਭ ਫੜ-ਫੜਾ ਰਹੀਆਂ ਸਨ। ਮੈਂ ਹਰ ਰੋਜ਼ ਇੱਕ ਰੋਟੀ ਚਿੜੀਆਂ ਦੇ ਨਾਂ ਦੀ ਪਕਾਉਂਦੀ ਹਾਂ। ਆਥਣ ਵੇਲੇ ਓਸ ਭਾਂਡੇ 'ਚ ਰੋਟੀ ਭੋਰ ਕੇ ਪਾਣੀ ਪਾ ਦਿੰਦੀ ਹਾਂ। ਹੁਣ ਇਹਨਾਂ ਪੰਖੇਰੂਆਂ ਨੂੰ ਸਾਡੇ ਵਿਹੜੇ ਦੀ ਪਛਾਣ ਹੋ ਗਈ ਹੈ। ਜੇ ਕਿਤੇ ਮੈਂ ਰੋਟੀ ਪਾਉਣ ਤੋਂ ਖੁੰਝ ਵੀ ਜਾਵਾਂ ਤਾਂ ਇਹ ਸਾਰੇ ਪੰਖੇਰੂ ਨਿੱਤ ਸਵੇਰ ਸਾਡੇ ਘਰ ਦੇ ਆਲੇ -ਦੁਆਲੇ ਦੇ ਘਰਾਂ ਦੀਆਂ ਛੱਤਾਂ 'ਤੇ ਲੱਗੇ ਐਨਟੀਨਿਆਂ, ਰੁੱਖਾਂ ਜਾਂ ਕੰਧਾਂ 'ਤੇ ਬੈਠ ਚਰਪ -ਚਰਪ ਦਾ ਰਾਗ ਛੇੜ ਮੈਨੂੰ ਚੇਤਾ ਕਰਵਾ ਦਿੰਦੇ ਨੇ।
        ਹੁਣ ਪੀਲੀ ਚੁੰਝ ਵਾਲੀਆਂ ਦਾਲਚੀਨੀ ਰੰਗ ਦੀਆਂ ਪੰਜ -ਛੇ ਗੁਟਾਰਾਂ ਭੋਰੀ ਰੋਟੀ ਦੇ ਛੋਟੇ -ਛੋਟੇ ਟੁਕੜਿਆਂ ਨੂੰ ਚੁੱਕ ਇੱਕ ਪਾਸੇ ਲਿਜਾ ਕੇ ਠੁੰਗਾਂ ਮਾਰ ਰਹੀਆਂ ਨੇ । ਦੋ ਹੋਰ ਪੀਲੀ ਚੁੰਝ ਵਾਲੀਆਂ  ਸੁਰਮਈ ਜਿਹੇ ਰੰਗ ਦੀਆਂ ਨਿੱਕੀਆਂ ਚਿੜੀਆਂ ਡਰਦੀਆਂ ਜਿਹੀਆਂ ਇੱਕ ਪਾਸਿਓਂ ਮਲਕ ਜਿਹੇ ਆਉਂਦੀਆਂ ਨੇ ਤੇ ਰੋਟੀ ਚੁੱਕ ਦੂਰ ਕੰਧ 'ਤੇ ਜਾ ਬਹਿੰਦੀਆਂ ਨੇ। ਵੇਖਦਿਆਂ ਹੀ ਵੇਖਦਿਆਂ ਗੁਟਾਰਾਂ ਦੇ ਦੋ ਹੋਰ ਜੋੜੇ ਆ ਰਲੇ ਨੇ । ਏਸ ਝੁਰਮਟ ਦੇ ਐਨ ਮੱਧ -ਵਿਚਕਾਰ ਬੈਠਾ ਘੁੱਗੀਆਂ ਦਾ ਇੱਕ ਜੋੜਾ ਬੜੇ ਹੀ ਸਹਿਜੇ ਜਿਹੇ ਰੋਟੀ ਦੀਆਂ ਬੁਰਕੀਆਂ ਨੂੰ ਠੁੰਗਾਂ ਮਾਰ  ਰਿਹਾ ਏ । ਅੱਜ ਕਾਲੀ ਤੇ ਚਿੱਟੇ ਰੰਗ ਦੀ ਡੱਬਖੜਬੀ ਮੈਨਾ ਵੀ ਆ ਰਲ਼ੀ ਹੈ। ਇਹ ਕਦੇ -ਕਦੇ ਹੀ ਫੇਰਾ ਪਾਉਂਦੀ ਹੈ ਤੇ ਇੱਕਲੀ ਹੀ ਆਉਂਦੀ ਹੈ। ਮਨਮੋਹਣੇ ਜਿਹੇ ਰੰਗ -ਪਰੰਗ ਇੱਕ ਤੋਤੇ ਨੇ ਵੀ ਆਪਣੀ ਹਾਜ਼ਰੀ ਲੁਆ ਦਿੱਤੀ ਹੈ। ਅਛੋਪਲੇ ਹੀ  ਸਿਰ 'ਤੇ ਕਲਗੀ ਸਜਾਈ ਭੂਰੇ ਤੇ ਹਲਕੇ ਸਲੇਟੀ ਰੰਗੇ ਦੋ ਜੋੜੇ ਕਬੂਤਰਾਂ ਦੇ ਆ ਰਲੇ ਨੇ ਗੁਟਕਣ ਲਈ।             

       ਪੰਖੇਰੂਆਂ ਦੀ ਰੁਣ ਝੁਣ ਨਾਲ ਮੇਰਾ ਮਨ ਆਪ ਮੁਹਾਰੇ ਗੁਣਗੁਣਾਉਣ ਲੱਗਾ, "ਬਲਿਹਾਰੀ ਕੁਦਰਤ ਵੱਸਿਆ, ਤੇਰਾ ਅੰਤੁ ਨਾ ਜਾਏ ਲੱਖਿਆ। "ਮੈਂ ਸੋਚ ਰਹੀ ਸਾਂ ਕਿ ਜੇ ਸਵੇਰ ਨਾ ਹੁੰਦੀ ਤਾਂ ਪੰਛੀਆਂ ਦਾ ਚਹਿਚਹਾਉਣਾ ਇਕ ਮੂਕ ਵੇਦਨਾ ਬਣ ਜਾਣਾ ਸੀ ਤੇ ਰੁੱਖਾਂ ਨੇ ਘੋਰ ਉਦਾਸੀ ਦੀ ਜੂਨ ਹੰਢਾਉਣ ਲਈ ਮਜਬੂਰ ਹੋ ਜਾਣਾ ਸੀ। ਹੁਣ ਮੇਰੀ ਸੋਚ ਦਾ ਪੰਛੀ ਉਡਾਰੀ ਮਾਰ ਮੇਰੇ ਬਚਪਨ ਦੀ ਰੰਗਲੀ ਬਗੀਚੀ 'ਚ ਜਾ ਬੈਠਾ ਸੀ। ਪੰਖੇਰੂਆਂ ਦੀਆਂ ਕਲਾਤਮਿਕ ਛੋਹਾਂ ਨਾਲ ਬਣਾਏ ਆਲ੍ਹਣੇ ਮੈਨੂੰ ਬੜੇ ਸੋਹਣੇ ਲੱਗਦੇ ਸਨ। ਪੰਛੀਆਂ ਦੇ ਰੰਗ -ਬਿਰੰਗੇ ਆਂਡੇ ਵੇਖ ਕੇ ਮਨ ਨੂੰ ਧੂਹ ਜੇਹੀ ਪੈਂਦੀ ਸੀ। ਅਸੀਂ ਟੋਕਰਾ ਲਾ ਕੇ ਚਿੜੀਆਂ ਫੜ੍ਹ ਖੰਭ ਰੰਗਣ ਵਾਲੀਆਂ ਸੁਆਦਲੀਆਂ ਖੇਡਾਂ ਖੇਡਦੇ ਸਾਂ । ਵਿਹੜੇ 'ਚ ਬੇਹੀ ਰੋਟੀ ਤੇ ਦਾਣਿਆਂ ਦੀ ਮੁੱਠੀ ਖਿਲਾਰ ਨਿੱਤ ਆਪਣੀ -ਆਪਣੀ ਰੰਗੀ ਚਿੜੀ ਨੂੰ ਉਡੀਕਣ ਬੈਠ ਜਾਂਦੇ। ਜਦੋਂ ਹੋਰ ਚਿੜੀਆਂ , ਕਾਂ, ਕਬੂਤਰ, ਘੁੱਗੀਆਂ ਤੇ ਕਾਟੋਆਂ ਆ ਵਿਹੜੇ ਖਿਲਰਿਆ ਚੋਗ ਚੁਗ ਜਾਂਦੀਆਂ ਤਾਂ ਅਸੀਂ ਰੋਣਹਾਕੇ ਹੋ ਜਾਂਦੇ। ਮਾਂ ਤੋਂ ਹੋਰ ਰੋਟੀ ਲੈ ਭੋਰ ਕੇ ਪਾਉਂਦੇ ਤੇ ਮੁੜ ਤੋਂ ਉਹੀਓ ਉਡੀਕ ਸ਼ੁਰੂ ਹੋ ਜਾਂਦੀ।              
    ਇੱਕ ਪਾਸੇ ਇੱਕਲੀ ਬੈਠੀ ਇੱਕ ਘੁੱਗੀ ਦੀ ਘੁੱਗੂ - ਘੂੰ ਨੇ ਮੇਰੀ ਬਿਰਤੀ ਤੋੜੀ। ਮੈਨੂੰ ਉਹ ਕਿਸੇ ਪਹੁੰਚੇ ਹੋਏ ਫ਼ਕੀਰ ਵਾਂਗ ਪਾਲਣਹਾਰ ਦੀ ਇਬਾਦਤ ਕਰਦੀ ਮਹਿਸੂਸ ਹੋਈ। ਅੱਖਾਂ ਮੂੰਦ ਕਿਸੇ ਬੰਦਗੀ 'ਚ ਲੀਨ ਹੋਇਆ ਉਸ ਦਾ ਆਪਾ ਦੁਨਿਆਵੀ ਝਮੇਲਿਆਂ 'ਚ ਉਲਝੇ ਮਨ ਨੂੰ ਓਸ ਰੱਬ ਦੀ ਸਿਫ਼ਤ ਸਾਲਾਹ ਕਰਨ 'ਚ ਰੱਤੇ ਜਾਣ ਦਾ ਅਨੁਭਵ ਕਰਾਉਂਦਾ ਹੈ। ਬਾਕੀ ਪੰਖੇਰੂਆਂ ਦਾ ਅਗੰਮੀ ਤੇ ਅਤਿਅੰਤ ਸੁਰੀਲਾ ਚਹਿਕਾ ਉਸੇ ਤਰਾਂ ਜਾਰੀ ਹੈ ਤੇ ਮੇਰੇ ਮਨ ਨੂੰ ਨਵੀਆਂ ਤਰੰਗਾਂ ਨਾਲ ਭਰਦਾ ਜਾ ਰਿਹਾ ਹੈ। ਡੂੰਘੀ ਚੁੱਪ 'ਚ ਸੰਗੀਤ ਤਾਰੀ ਹੋ ਮਨ ਦੀ ਸੱਖਣਤਾ ਨੂੰ ਭਰ ਰਿਹਾ ਜਾਪਦਾ ਹੈ।  

ਮਾਘ ਦੀ ਧੁੱਪ 

ਪੰਖੇਰੂ ਰੁਣ ਝੁਣ 
ਚੋਗ -ਚੁਗਣ । 


ਡਾ. ਹਰਦੀਪ ਕੌਰ ਸੰਧੂ 


ਨੋਟ: ਇਹ ਪੋਸਟ ਹੁਣ ਤੱਕ 381 ਵਾਰ ਪੜ੍ਹੀ ਗਈ 

20 May 2016

ਗੋਰੇ ਦਾ ਕਾਕਾ (ਚੋਕਾ)

ਕਾਕੇ ਦੇ ਨਾਲ
ਗੋਰਾ ਗਿਆ ਬਾਜ਼ਾਰ
ਮੁੜਿਆ 'ਕੱਲਾ 
ਕਿੱਥੇ ਛੱਡਿਆ ਕਾਕਾ
ਗੋਰੀ ਦਹਾੜੀ 
ਖੜ੍ਹਾ ਗੋਰਾ ਹੈਰਾਨ 
ਬੈਠਾ ਸੀ ਨਾਲ 
ਕਦੋਂ ਹੋਇਆ ਦੂਰ
ਕਿਸ ਨੂੰ ਪੁੱਛਾਂ 
ਮਿਲੀ ਨਾ ਉਗ -ਸੁੱਗ 
ਘੁਮਾਏ ਫੋਨ
ਹੁਣ ਘਰ ਵੀ ਖਾਲੀ 
ਰਾਤ ਪਈ ਤਾਂ 
ਚੱਲਾ ਪਿਆ ਲੱਭਣ 
ਚਲਾਈ ਕਾਰ
ਸੁੱਤਾ ਉਠਿਆ ਕਾਕਾ 
ਕਰਰ ਸੁਣ 
ਉੱਚੀ ਮਾਰੀ ਆਵਾਜ਼ 
ਡੈਡ ਚੱਲੋ ਵੀ
ਭੁੱਖ ਬੜੀ ਲੱਗੀਆ 
ਡੈਡ ਸੁਣ ਹੱਸਿਆ। 

ਕਮਲਾ ਘਟਾਔਰਾ 
ਯੂ. ਕੇ.
ਨੋਟ: ਇਹ ਪੋਸਟ ਹੁਣ ਤੱਕ 26 ਵਾਰ ਪੜ੍ਹੀ ਗਈ 


15 May 2016

ਗੁਲਜ਼ਾਰ ਜ਼ਿੰਦਗੀ

Surjit Bhullar's Profile Photoਅੱਜ ਸਾਡੇ ਨਾਲ ਇੱਕ ਹੋਰ ਨਵਾਂ ਨਾਂ ਜੁੜ ਚੁੱਕਾ ਹੈ - ਸੁਰਜੀਤ ਸਿੰਘ ਭੁੱਲਰ। ਆਪ ਮਿਲਕਫੈਡ ਪੰਜਾਬ ਦੇ ਵੇਰਕਾ ਮਿਲਕ ਪਲਾਂਟਾਂ  ਤੋਂ ਬਤੌਰ ਐਮ. ਡੀ. ਰਿਟਾਇਰ ਹੋਏ ਹਨ। ਹੁਣ ਆਪ ਯੂ. ਐਸ. ਏ. ਨਿਵਾਸ ਕਰ ਰਹੇ ਹਨ। ਪੰਜਾਬ ਵਿੱਚ ਮਿਲਕ ਪਲਾਂਟ ਇੰਡਸਟਰੀ ਨੂੰ ਪ੍ਰਫੁਲੱਤ ਕਰਨ ਵਾਲੇ ਮੋਢੀਆਂ 'ਚ ਆਪ ਦਾ ਨਾਂ ਸ਼ੁਮਾਰ ਹੈ। ਆਪ ਜੀ ਦਾ ਜਨਮ 1934 'ਚ ਹੋਇਆ ਤੇ ਆਪ ਨੇ ਪੰਜਾਬੀ ਤੇ ਅੰਗਰੇਜ਼ੀ 'ਚ  ਐਮ. ਏ. ਕੀਤੀ। ਕਾਲਜ 'ਚ ਪੜ੍ਹਦਿਆਂ ਆਪ ਨੇ ਉਰਦੂ 'ਚ ਲਿਖਣਾ ਸ਼ੁਰੂ ਕੀਤਾ। ਆਪ ਦੀ ਪਹਿਲੀ ਕਾਵਿ ਪੁਸਤਕ 'ਆਕਾਰ ਸਾਕਾਰ' (ਗਜ਼ਲਾਂ /ਚੌਵਰਗਾ ) 1975 'ਚ ਪ੍ਰਕਾਸ਼ਿਤ ਹੋਈ ਜਿਸ ਦੀਆਂ ਬਹੁਤੀਆਂ ਰਚਨਾਵਾਂ ਉਰਦੂ ਤੋਂ ਪੰਜਾਬੀ  'ਚ ਅਨੁਵਾਦ ਕੀਤੀਆਂ ਗਈਆਂ ਸਨ। ਇੱਕ ਸਿਫ਼ਰ -ਸਿਫ਼ਰ (ਕਹਾਣੀਆਂ) 1981, ਮੋਹ -ਵੈਰਾਗ(ਨਜ਼ਮਾਂ )1983, ਗੁੰਗੀਆਂ ਸੈਨਤਾਂ (ਕਹਾਣੀਆਂ ) 1988 ਵਿੱਚ  ਪ੍ਰਕਾਸ਼ਿਤ ਹੋਈ। ਆਪ ਦੇ ਲਿਖੇ ਗੀਤਾਂ ਦੀ ਆਡੀਓ ਕੈਸਿਟ  'ਝਾਂਜਰ ਦੀ ਛਣਕਾਰ' 1989 'ਚ ਆਈ। ਆਪ ਸਮੇਂ -ਸਮੇਂ 'ਤੇ ਟੈਲੀਵਿਜ਼ਨ ਤੇ ਰੇਡੀਓ ਦੇ ਸਾਹਿਤਕ ਪ੍ਰੋਗਰਾਮਾਂ 'ਚ ਵੀ ਹਿੱਸਾ ਲੈਂਦੇ ਰਹੇ। ਆਪ ਦੀ ਲਿਖੀ ਕਹਾਣੀ 'ਲਕੀਰ' ਦਾ ਪਲਾਟ ਕਿਸੇ ਡੇਰੇ ਦੀ ਜ਼ਮੀਨ 'ਤੇ ਜਬਰੀ ਕਬਜ਼ਾ ਕਰਨ ਵਾਲਿਆਂ ਤੋਂ ਪ੍ਰਭਾਵਿਤ ਹੈ। ਇਹ ਕਹਾਣੀ 'ਮਹਿਰਮ' ਦੇ ਮਈ 1986 ਦੇ ਅੰਕ 'ਚ ਪ੍ਰਕਾਸ਼ਿਤ ਹੋਈ ਸੀ। ਸੁਭਾਗ ਨਾਲ ਇਹ ਕਹਾਣੀ ਡਾਇਰੈਕਟਰ ਜਨਰਲ ਦੂਰਦਰਸ਼ਨ ਨਵੀਂ ਦਿੱਲੀ ਨੂੰ ਪਸੰਦ ਆ ਗਈ। ਸੁਰੇਸ਼ ਪੰਡਤ (ਅੰਮ੍ਰਿਤਸਰ ਥਿਏਟਰ) ਦੇ ਨਿਰਦੇਸ਼ਨ ਹੇਠ ਟੈਲੀਫਿਲਮ ਬਣੀ ਜੋ  ਦੂਰਦਰਸ਼ਨ ਕੇਂਦਰ ਜਲੰਧਰ ਤੋਂ ਪ੍ਰਸਾਰਿਤ ਹੋਈ। 
ਸਾਹਿਤਕ ਪਿੜ 'ਚ ਵਿਚਰਦਿਆਂ ਆਪ ਨਾਲ ਭੇਂਟ ਹੋਈ। ਆਪ ਪੰਜਾਬੀ ਸਾਹਿਤ ਨਾਲ ਅੱਜ ਵੀ ਬੜੀ ਸ਼ਿੱਦਤ ਨਾਲ ਜੁੜੇ ਹੋਏ ਹਨ। ਆਪ ਸਾਹਿਤ ਦੀਆਂ ਕਈ ਵਿਧਾਵਾਂ ਜਿਵੇਂ ਕਹਾਣੀ, ਗਜ਼ਲ ਤੇ ਚੌਵਰਗਾ ਨਾਲ ਪਾਠਕਾਂ ਨਾਲ ਸਾਂਝ ਪਾਉਂਦੇ ਰਹਿੰਦੇ ਹਨ। ਆਪ ਦਾ ਕਹਿਣਾ ਹੈ, " ਰਚਨਾਵਾਂ ਮਿੱਸੀ ਰੋਟੀ ਵਰਗੀਆਂ ਹਨ -ਕਦੇ ਹਲਕੀ -ਫੁਲਕੀ  ਰਚਨਾ ਤੇ ਕਦੇ ਦਾਰਸ਼ਨਿਕ ਵਿਚਾਰਾਂ ਵਾਲੀ। ਹੁਣ ਕੁਝ ਨਾ ਕੁਝ ਲਿਖਣਾ ਮੇਰੀ ਆਦਤ 'ਚ ਸ਼ੁਮਾਰ ਹੋ ਗਿਆ ਗਿਆ ਹੈ।ਮੈਂ  ਕਲਮ ਦੀ ਨੋਕ ਨੂੰ ਮਨੁੱਖਤਾ ਦੀ ਜ਼ੁਬਾਨ ਸਮਝਦਾਹਾਂ । ਮੇਰੀ ਲਿਖਤ ' ਚ ਮੇਰੇ ਪੈਰ ਭੂਤਕਾਲ ਦੀ ਸੁਨਹਿਰੀ ਧੂੜ 'ਚ ਧਸੇ ਹੋਏ ਨੇ ਤੇ ਸਿਰ ਭਵਿੱਖ ਦੀਆਂ ਚਮਤਕਾਰ ਖਲਾਵਾਂ 'ਚ ਘੁੰਮਦਾ ਕੁਝ ਟੋਲਦਾ ਰਹਿੰਦਾ ਹੈ।ਇਸੇ ਲਈ ਮੇਰੀ ਕਵਿਤਾ 'ਚ ਦੋਹਾਂ ਸਮਿਆਂ ਦਾ ਸੰਵਾਦ ਮਿਲ ਸਕਦਾ ਹੈ।"
                ਅੱਜ ਸਫ਼ਰਸਾਂਝ ਆਪ ਦੇ ਚੌਵਰਗਾ ਨੂੰ ਪਾਠਕਾਂ ਨਾਲ ਸਾਂਝੇ ਕਰਨ ਦਾ ਸੁਭਾਗ ਪ੍ਰਾਪਤ ਕਰ ਰਿਹਾ ਹੈ। ਆਸ ਕਰਦੇ ਹਾਂ ਕਿ ਸਾਡੇ ਪਾਠਕ ਪਸੰਦ ਕਰਨਗੇ । 


ਚੌਵਰਗਾ 

1.
ਤੁਸੀਂ ਨਾਲ ਹੋ ਤਾਂ ਮਾਰੂਥਲ ਵੀ ਗੁਲਜ਼ਾਰ ਹੈ। 
ਪੱਤਝੜ  ਵੀ ਦਿਸਣ ਲੱਗੇ ਜਿਵੇਂ ਬਹਾਰ ਹੈ।
ਛੋਹ ਇੱਕੋ ਦੀ ਕਰਾਮਾਤ ਦਾ ਕ੍ਰਿਸ਼ਮਾ ਦੇਖੋ,
ਬੁਝੀ ਜ਼ਿੰਦਗੀ 'ਚ ਵੀ ਆ ਗਿਆ ਨਿਖਾਰ ਹੈ।


2.

ਉਦ੍ਹਾ ਖ਼ਿਆਲ ਆਉਂਦਾ,ਕਹਾਣੀ ਬਣ ਕੇ।
ਦਿਲ ਵਿਚ ਸਮਾਉਂਦਾ,ਨਿਸ਼ਾਨੀ ਬਣ ਕੇ।
ਮੈਂ ਲਕੋਇਆ ਸੀ ਉਹਨੂੰ ਪਲਕਾਂ ਦੇ ਥੱਲੇ,
ਨਿਕਲ ਗਿਆ ਪਰ ਉਹ, ਪਾਣੀ ਬਣ ਕੇ?ਸੁਰਜੀਤ ਸਿੰਘ ਭੁੱਲਰ 
(ਯੂ. ਐਸ. ਏ। ) 

ਨੋਟ: ਇਹ ਪੋਸਟ ਹੁਣ ਤੱਕ 90 ਵਾਰ ਪੜ੍ਹੀ ਗਈ 

13 May 2016

ਗਲਵੱਕੜੀ

ਪੱਤਝੜੀ 'ਵਾ ਚੱਲ ਰਹੀ ਸੀ। ਤਿੱਖੀ ਧੁੱਪ ਰੁੱਖਾਂ ਦੇ ਪੱਤਿਆਂ 'ਚੋਂ ਪੁਣ -ਪੁਣ ਲੰਘਦੀ ਹੁਣ ਕੂਲੀ ਜਿਹੀ ਹੋ ਗਈ ਲੱਗਦੀ ਸੀ। ਖੜ ਖੜ ਕਰਦੇ ਸੋਨੇ ਰੰਗੇ ਪੱਤੇ ਝਾਂਜਰ ਜਿਹੀ ਛਣਕਾਉਂਦੇ ਜਾਪਦੇ ਸਨ। ਹਵਾ ਦੀ ਸਰਸਰਾਹਟ ਟੂਣੇਹਾਰੀ  ਲੱਗਦੀ ਸੀ। ਕੁਦਰਤ ਦੇ ਨਜ਼ਾਰਿਆਂ ਨਾਲ ਅਚੰਭਿਤ ਹੋਇਆ ਮੇਰਾ ਮਨ ਖਿੜ ਉਠਿਆ ਸੀ। ਆਲ਼ੇ -ਦੁਆਲ਼ੇ ਨੂੰ ਆਪਣੇ ਆਪੇ 'ਚ ਸਮੇਟਦੀ ਪਤਾ ਹੀ ਨਾ ਲੱਗਾ ਕਦੋਂ ਮੈਂ ਸ਼ਾਪਿੰਗ ਸੈਂਟਰ ਪਹੁੰਚ ਗਈ। ਸਟੋਰ 'ਚ ਵੜਦਿਆਂ ਹੀ ਉਸ ਮੈਨੂੰ ਵੇਖ ਲਿਆ ਸੀ ਤੇ ਖੁਸ਼ੀ ਡੋਲ੍ਹਦੀਆਂ ਅੱਖੀਆਂ ਨਾਲ ਮੇਰਾ ਸੁਆਗਤ ਕੀਤਾ ਸੀ। ਇਹ ਓਹਿਓ ਮਲੂਕ ਜਿਹੀ ਕੁੜੀ ਸੀ ਜੋ ਪਿਛਲੀਂ ਦਿਨੀਂ ਮੈਨੂੰ ਪੱਤਝੜ 'ਚ ਬਹਾਰ ਬਣ ਮਿਲੀ ਸੀ। ਅੱਜ ਉਸ ਨੂੰ ਇਸ ਤਰਾਂ ਲੱਗਦਾ ਸੀ ਕਿ ਜਿਵੇਂ ਬਹਾਰ ਉਸ ਦੇ ਬੂਹੇ ਆ ਕੇ ਨੱਚਣ ਲੱਗ ਪਈ ਹੋਵੇ | ਖੁਸ਼ੀ ਵਿੱਚ ਖੀਵੀ ਹੋਈ ਉਹ ਤਾਂ ਨੱਚਦੀ ਹੋਈ ਮੋਰ ਵਾਂਗ ਪੈਲਾਂ ਹੀ ਪਾਉਣ ਲੱਗ ਪਈ ਸੀ | 
            ਉਸ ਨੂੰ ਵੇਖ ਕੇ ਮੈਂ ਮਨ ਦੇ ਡੂੰਘੇ ਪਾਣੀਆਂ 'ਚ ਉੱਤਰ ਗਈ ਸਾਂ , " ਉਹ ਤਾਂ ਹਰ ਮਿਲਣੀ ਤੋਂ ਬਾਦ ਮੇਰੇ ਨਾਲ ਹੀ ਤੁਰ ਆਉਂਦੀ ਸੀ ਮੇਰੇ ਖਿਆਲਾਂ 'ਚ। ਅਚਾਨਕ ਇੱਕ ਦਿਨ ਮੈਂ ਉਸ ਦੀ ਮਿਲਣੀ ਉਸ ਦੇ ਆਪੇ ਨਾਲ ਕਰਵਾ ਦਿੱਤੀ ਸੀ । ਉਹ ਨਹੀਂ ਜਾਣਦੀ ਸੀ ਕਿ ਸੁਬਕ ਜਿਹੀ ਉਸ ਦੀ ਮੁਸਕਾਨ ਜ਼ਿੰਦਗੀ ਦੀਆਂ ਤੱਤੀਆਂ ਤੇਜ਼ ਹਵਾਵਾਂ 'ਚ ਠੰਡੀ ਹਵਾ ਦਾ ਬੁੱਲ੍ਹਾ ਹੈ। ਬਾਬੁਲ ਦੀਆਂ ਥੱਕੀਆਂ ਝੁਰੜੀਆਂ ਲਈ ਜਿਉਣ ਵਰਗਾ ਅਹਿਸਾਸ ਤੇ ਅੰਮੜੀ ਦੇ ਕਾਲਜੇ ਦੀ ਠਾਰੀ ਹੈ। ਉਹ ਖੁਦ ਨੂੰ ਮਿਲ ਕੇ ਬਹੁਤ ਹੈਰਾਨ ਹੋਈ ਸੀ ਤੇ ਓਸ ਦਿਨ ਤੋਂ ਬਾਅਦ ਮੈਂ ਉਸ ਦੀ ਬਹੁਤ ਆਪਣੀ ਬਣ ਗਈ ਸਾਂ। "
         ਅੱਜ ਉਸ ਦੀਆਂ ਅੱਖਾਂ ਵਿਚਲੇ ਖੁਸ਼ੀ ਤੇ ਬੇਚੈਨੀ ਦੇ ਰਲੇ -ਮਿਲੇ ਭਾਵ ਵੇਖ ਕੇ ਲੱਗਦਾ ਸੀ ਕਿ ਜਿਵੇਂ ਉਹ ਮੈਨੂੰ ਹੀ ਉਡੀਕ ਰਹੀ ਹੋਵੇ।  ਉਸ ਮੇਰਾ ਹੱਥ ਫੜ੍ਹਦਿਆਂ ਆਪਣੀ ਵਿਆਕੁਲਤਾ ਜ਼ਾਹਿਰ ਕੀਤੀ, " ਮੈਂ ਤੁਹਾਨੂੰ ਉਡੀਕ ਰਹੀ ਸਾਂ । ਮੈਂ ਤੁਹਾਨੂੰ ਗਲਵਕੜੀ ਪਾਉਣਾ ਚਾਹੁੰਦੀ ਹਾਂ ਪਰ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਕੀ ਕਰਾਂ।" ਕਦੇ ਫ਼ੇਰ  ਮਿਲਣ ਦਾ ਵਾਅਦਾ ਕਰਕੇ ਮੈਂ ਹੋਰ ਸਮਾਨ ਖਰੀਦਣ 'ਚ ਵਿਅਸਤ ਹੋ ਗਈ। 
          ਸਟੋਰ ਦੇ ਵੱਖੋ -ਵੱਖਰੇ ਭਾਗਾਂ 'ਚ ਮੈਨੂੰ ਲੱਭਦੀ -ਲਭਾਉਂਦੀ ਕੁਝ ਕੁ ਪਲਾਂ ਬਾਅਦ ਉਹ ਮੇਰੇ ਸਾਹਮਣੇ ਖੜ੍ਹੀ ਸੀ। ਆਪਣੇ ਸਹਿ ਕਰਮੀ ਨੂੰ ਕੋਈ ਬਹਾਨਾ ਕਰਕੇ ਉਹ ਮੈਨੂੰ ਮਿਲਣ ਆਈ ਸੀ। ਉਸ ਨੇ ਮੈਨੂੰ ਆ ਧਾਹ ਗਲਵਕੜੀ ਪਾਈ।ਅੱਜ ਉਹ ਮੈਨੂੰ ਪਹਿਲਾਂ ਨਾਲੋਂ ਵੀ ਵੱਧ ਮਾਸੂਮ ਤੇ ਅਨਭੋਲ ਲੱਗੀ ਸੀ ।ਇੱਕ ਪਲ ਲਈ ਮੈਨੂੰ ਲੱਗਾ ਕਿ ਜਿਵੇਂ ਉਹ ਲੋਕਾਂ ਦੀ ਭੀੜ 'ਚ ਡਾਰ ਤੋਂ ਵਿਛੜੀ ਹੋਈ ਕੂੰਜ ਵਾਂਗ ਇੱਕਲੀ ਤੇ ਮਾਯੂਸ ਹੋਵੇ । ਪਰ ਦੂਜੇ ਹੀ ਪਲ ਇਸ ਗਲਵਕੜੀ ਵਿੱਚ ਉਹ ਸਰਸ਼ਾਰ ਹੋ ਗਈ ਜਾਪਦੀ ਸੀ। ਕੋਈ ਆਤਮਿਕ ਖਿੜਾਉ ਉਸ ਦੀ ਰੂਹ ਨੂੰ ਤਰਾਵਤ ਦਿੰਦਾ ਜਾਪਿਆ। ਹੁਣੇ -ਹੁਣੇ ਪੁੰਗਰੀ ਜ਼ਿੰਦਗੀ 'ਚ ਉਸ ਦੇ ਮਨ ਦਾ ਮੌਸਮ ਖੁਸ਼ ਮਿਜਾਜ਼ ਹੋ ਗਿਆ ਸੀ। ਮੈਨੂੰ ਵੀ ਇਸ ਗਲਵੱਕੜੀ ਵਿੱਚ ਕੋਈ ਇਲਾਹੀ ਝੂਟਾ ਮਿਲ ਗਿਆ ਸੀ। 

ਗਲਵੱਕੜੀ - 
ਖਿੱਲਰੇ ਸੁੱਕੇ ਪੱਤੇ 
ਸਾਵੇ ਘਾਹ 'ਤੇ। 
ਡਾ. ਹਰਦੀਪ ਕੌਰ ਸੰਧੂ 
ਇਸ ਲੜੀ ਦਾ ਪਹਿਲਾ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ 

ਨੋਟ: ਇਹ ਪੋਸਟ ਹੁਣ ਤੱਕ 197 ਵਾਰ ਪੜ੍ਹੀ ਗਈ 

12 May 2016

ਝਾਤੀਆਂ (ਹਾਇਬਨ )

ਸਾਹਮਣੇ ਮਕਾਨ ਦੀ ਝੋਂਪੜੀ -ਨੁਮਾ ਛੱਤ 'ਤੇ ਇਕੱਲਾ ਕਾਂ  ਬੈਠਾ ਕਾਂ -ਕਾਂ  ਕਰੀ ਜਾ ਰਿਹਾ ਏ। ਇਹ ਅਮਰੀਕੀ -ਕਾਂ ਸਿਆਹ ਕਾਲਾ  , ਸਾਡੇ ਭਾਰਤੀ -ਕਾਂ ਤੋਂ  ਜ਼ਿਆਦਾ ਕਾਲਾ , ਮੋਟਾ -ਭਾਰਾ , ਭਾਰੀ ਆਵਾਜ਼ ਨਾਲ ਇਕੱਲਾ ਹੀ ਕਾਂ - ਕਾਂ  ਕਰੀ ਜਾ ਰਿਹਾ ਏ। ਹੋਰ ਕੋਈ ਕਾਂ  ਇਸ ਦੇ ਨੇੜੇ ਨਜ਼ਰ ਨਹੀਂ ਆ ਰਿਹਾ ਅਤੇ ਨਾ ਹੀ ਇਸ ਦੀ ਆਵਾਜ਼ ਸੁਣ  ਕੇ  ਕੋਈ ਹੋਰ ਆਇਆ  ਅਤੇ ਮੈਂ ਜਾਣਦਾ  ਹਾਂ  ਨਾ ਹੀ ਕੋਈ ਆਏਗਾ। ਆਪਣੇ ਦੇਸ 'ਚ ਇੱਕ ਕਾਂ ਦੀ ਆਵਾਜ਼ ਸੁਣ  ਕੇ ਹੁਣ ਤਕ 50 ਕਾਂ  ਇੱਕਠੇ  ਹੋ ਜਾਣੇ ਸਨ ਅਤੇ ਸਭ ਨੇ ਮਿਲ ਕੇ ਕਾਵਾਂ ਰੌਲੀ ਸ਼ੁਰੂ ਕਰ ਦੇਣੀ ਸੀ। ਇਹ ਵੀ ਇੱਕ ਦੋਵੇਂ ਦੇਸ਼ਾਂ ਦਾ  ਬੁਨਿਆਦੀ ਫ਼ਰਕ  ਹੈ। 

ਜਿਸ ਮਕਾਨ ਦੀ ਛੱਤ 'ਤੇ ਇਹ ਕਾਂ  ਬੈਠਾ ਆਪਣੀ ਇੱਕਲਤਾ ਗਾ ਰਿਹਾ ਹੈ ,ਉਸ ਮਕਾਨ ਵਿੱਚ ਇੱਕ ਅਮਰੀਕੀ  ਬਜ਼ੁਰਗ ਜੋੜਾ ਰਹਿੰਦਾ ਹੈ। ਉਮਰ 70- 80 ਦੇ ਵਿਚਕਾਰ ਹੋਵੇਗੀ। ਮਕਾਨ ਕਾਫੀ ਵੱਡਾ ਹੈ | ਲਆਨ ਮਿਲਾ ਕੇ ਕੋਈ ਹਜ਼ਾਰ ਗਜ ਤੋਂ ਜ਼ਿਆਦਾ ਹੀ ਜਗਾ ਹੋਵੇਗੀ ।ਪੂਰੇ ਮਕਾਨ ਥੱਲੇ ਬੇਸਮੈਂਟ ਵੀ ਹੈ ਜਿੱਥੇ ਸ਼ਾਇਦ ਕਦੀ ਹੀ ਬੱਤੀ ਜਲੀ ਹੋਵੇ। ਲਆਨ ਨੂੰ ਬੜੀ ਚੰਗੀ ਤਰਾਂ ਰੱਖਿਆ ਹੋਇਆ ਹੈ । ਬੜੀ ਸੋਹਣੀ  ਲੈਂਡ-ਸਕੇਪਿੰਗ , ਫੁੱਲਾਂ ਅਤੇ  ਸਜਾਵਟ ਦੇ  ਸਭ  ਬੂਟੇ ਹਨ । ਨਾ ਇਹਨਾ ਨੂੰ ਕੋਈ ਪਿਆਰ ਨਾਲ ਦੇਖਦਾ ਹੈ ,ਨਾ ਇੱਥੇ ਕੋਈ ਖੇਡਦਾ ਹੈ , ਨਾ ਕੋਈ ਘਾਹ  'ਤੇ ਬੈਠਦਾ ਹੈ ਨਾ ਸੈਰ ਕਰਦਾ  ਹੈ ।ਸਰਦੀਆਂ  ਵਿੱਚ ਸਭ ਸੁੱਕ -ਸੜ ਜਾਂਦਾ ਹੈ ਅਤੇ ਗਰਮੀਆਂ  ਵਿੱਚ ਫਿਰ ਹਰਾ ਹੋ ਜਾਂਦਾ ਹੈ ਅਤੇ ਕਿਸੇ ਕੰਪਨੀ ਦੇ ਆਦਮੀ ਆ ਕੇ ਕਾਂਟ-ਛਾਂਟ ਕਰ ਜਾਂਦੇ  ਨੇ ।

ਮਕਾਨ ਦੇ ਪਿਛਲੇ ਪਾਸੇ ਇੱਕ  ਕਮਰਾ ਹੈ ,ਜੋ ਮਕਾਨ ਦਾ ਹੀ  ਹਿੱਸਾ ਹੈ। ਬਜ਼ੁਰਗ ਜੋੜਾ ਸਾਰਾ ਦਿਨ ਇਸੇ ਕਮਰੇ ਵਿੱਚ ਹੀ ਬੈਠਾ ਦਿਖਾਈ ਦਿੰਦਾ ਹੈ ।ਇਹ ਕਮਰਾ  ਸੰਨ -ਰੂਮ ਦੀ ਤਰਾਂ ਹੈ । ਇਸ ਨੂੰ ਤਿੰਨ ਪਾਸੇ ਵੱਡੇ -ਵੱਡੇ ਸ਼ੀਸ਼ੇ ਲੱਗੇ ਹਨ ਅਤੇ ਰੋਸ਼ਨੀ ਧੁੱਪ ਖੂਬ ਆਉਂਦੀ ਹੈ । ਬਾਕੀ ਮਕਾਨ ਤਾਂ ਫਾਲਤੂ  ਭਾਰ ਹੀ ਲਗਦਾ ਹੈ । ਇਸ ਮਕਾਨ ਵੱਲ ਦੇਖ ਦੇਖ ਮੇਰਾ ਦਿਲ ਕਾਹਲਾ ਪੈ  ਰਿਹਾ ਹੈ ।

ਕੁੱਤੇ ਦੀ ਆਵਾਜ਼ ਮੇਰਾ ਧਿਆਨ ਖਿੱਚਦੀ ਹੈ। ਸੜਕ ਤੋਂ ਪਾਰ ,ਸਾਹਮਣੇ ਮਕਾਨ ਦੀ ਖਿੜਕੀ ਦੇ ਸ਼ੀਸ਼ੇ ਵਿੱਚੋਂ ਬਾਹਰ ਦੇਖ ਕੇ ਕੁੱਤਾ ਭੌਂਕ ਰਿਹਾ ਹੈ ।  ਮਕਾਨ ਦੇ ਮਾਲਕ ਸਵੇਰੇ ਕੰਮ ਤੇ ਚਲੇ ਜਾਂਦੇ ਹਨ ਅਤੇ ਕੁੱਤੇ ਨੂੰ ਅੰਦਰ ਬੰਦ ਕਰ ਜਾਂਦੇ ਹਨ । ਇਹ ਭੌਂਕ ਕਿਸ ਨੂੰ ਰਿਹਾ ਹੈ । ਸੜਕ ਵੀ ਸੁੰਨਸਾਨ ਹੈ ਅਤੇ ਮਕਾਨ ਦੇ ਦੁਵਾਲੇ ਵੀ ਸੰਨਾਟਾ ਹੈ ।ਸ਼ਾਇਦ ਆਪਣੀ ਬੋਰੀਅਤ ਦੂਰ ਕਰਣ ਲਈ ਭੌਂਕ ਰਿਹਾ ਹੈ ।

 ਹਾਂ,  ਸੜਕ 'ਤੇ ਕੋਈ ਹੋਲੀ ਹੋਲੀ ਆ ਰਿਹਾ ਹੈ । ਇੱਕ ਕਮਜ਼ੋਰ ਜਿਹੀ ਬਜ਼ੁਰਗ ਕਾਲੀ ਅਮਰੀਕਨ ਸੈਰ ਕਰ ਰਹੀ ਲੱਗਦੀ ਹੈ। ਢਿੱਲੀ ਜਿਹੀ ਪੈਂਟ ਅਤੇ ਜੈਕਟ ,ਸਿਰ 'ਤੇ ਕਪੜੇ ਦਾ ਬਣਿਆ ਹੈਟ । ਹੌਲੀ -ਹੌਲੀ ਤੁਰ ਰਹੀ ਹੈ , ਜ਼ਮੀਨ ਵੱਲ ਦੇਖ ਰਹੀ ਹੈ । ਇਸ ਸੜਕ ਦੇ ਕੋਨੇ ਵਾਲੇ ਮਕਾਨ 'ਚ ਰਹਿੰਦੀ ਹੈ  ਇਕ ਦਿਨ ਉਸ ਮਕਾਨ 'ਚ ਵੜਦੇ ਦੇਖਿਆ ਸੀ ।ਕਦੀ ਕਿਸੇ ਹੋਰ ਨੂੰ ਉਸ ਮਕਾਨ ਵਿੱਚ ਨਹੀਂ ਦੇਖਿਆ। ਹਾਂ ਇਕ  ਦਿਨ  ਪੁਰਾਣੇ ਮਾਡਲ ਦੀ ਅਮਰੀਕਨ ਕਾਰ ਗੈਰਾਜ ਸਾਹਮਣੇ ਖੜੀ ਦੇਖੀ  ਸੀ । ਮਕਾਨ ਦੀ ਕਦੇ  ਕੋਈ ਬੱਤੀ ਜਲਦੀ ਨਹੀਂ ਦੇਖੀ । ਪਤਾ ਨਹੀਂ ਇਹ ਔਰਤ ਮਕਾਨ ਦੇ ਕਿਸ ਕਮਰੇ ਵਿਚ ਹੁੰਦੀ ਹੈ। ਇਸ ਔਰਤ ਦੀ ਰੌਣਕ ਉਡਾਰੀਆਂ ਮਾਰ ਗਈ ਲੱਗਦੀ ਹੈ ।

ਮੇਰੇ ਆਲੇ -ਦੁਆਲੇ ਮਕਾਨ ਹੀ ਮਕਾਨ ਹਨ। ਸੋਚਦਾ ਹਾਂ ਮਕਾਨ ਨੂੰ ਸਿਰਫ ਭੋਗਣ ਦੀ ਵਸਤੂ ਸਮਝਣ ਵਾਲੇ ਸੁਖੀ ਹਨ ਜਾਂ ਭਾਰਤੀ ਲੋਕ  ਜੋ ਹਰ ਮਕਾਨ ਨੂੰ ਘਰ ਬਨਾਉਣ ਵਿੱਚ ਲੱਗੇ ਰਹਿੰਦੇ ਹਨ । ਇੱਥੇ  ਜੇ ਆਮਦਨ ਵਧੀ -ਘਟੀ, ਝੱਟ ਮਕਾਨ ਤਬਦੀਲ , ਬੱਚੇ ਦਾ ਸਕੂਲ ਬਦਲੀ , ਮਕਾਨ ਬਦਲੀ , ਨੌਕਰੀ 'ਚ ਕੋਈ ਤਬਦੀਲੀ -ਮਕਾਨ ਦੀ ਵੀ ਤਬਦੀਲੀ। ਮੀਆਂ  ਬੀਵੀ ਦਾ ਝਗੜਾ - ਮਕਾਨ ਗਿਆ , ਬੱਚੇ ਮਾਂ- ਬਾਪ ਤੋਂ ਅਲਗ - ਮਕਾਨ ਵੀ ਬਦਲੀ  ।

ਮੇਰੀ ਸੋਚ ਟੁੱਟੀ , ਕਾਂ ਫਿਰ ਸਾਹਮਣੇ ਮਕਾਨ ਦੀ ਛੱਤ 'ਤੇ ਆ ਬੈਠਾ ਅਤੇ ਕਾਂ -ਕਾਂ ਫਿਰ ਸ਼ੁਰੂ । ਇਸ ਵਾਰ ਲੱਗਦਾ ,ਸਿਰਫ ਮੈਨੂੰ ਚਿੜਾਉਣ ਵਾਸਤੇ  ਮੇਰੇ ਵੱਲ ਮੂੰਹ ਕਰਕੇ ਕਹਿ ਰਿਹਾ ਸੀ - "' ਤੂੰ ਖਿੜਕੀ ਕੋਲ ਬੈਠ ਕੇ ਕੀ ਰਿਹਾ ਏਂ , ਦੂਸਰਿਆਂ ਦੇ ਘਰਾਂ ਵਿੱਚ ਝਾਤੀਆਂ ਮਾਰ ਕੇ ਸਮਾਂ ਲੰਘਾ ਰਿਹਾ ਏਂ ,ਮੈਂ  ਤਾਂ ਉੱਡ ਸਕਦਾ ਹਾਂ , ਤੂੰ ਕੀ ਇਹ ਕੰਮ ਕਰ ਸਕਦਾ ਏਂ ?"

ਖੁੱਲ੍ਹੀ ਖਿੜਕੀ  
ਦੇਖਾਂ ਮਕਾਨਾਂ ਵੱਲ 
ਲੱਭਦਾ ਘਰ  |

ਦਿਲਜੋਧ ਸਿੰਘ
ਵਿਸਕੋਨਸਿਨ  
ਯੂ ਐਸ ਏ 

ਨੋਟ: ਇਹ ਪੋਸਟ ਹੁਣ ਤੱਕ 64 ਵਾਰ ਪੜ੍ਹੀ ਗਈ 


2 May 2016

ਗਿਆਨ ਜੋਤ


         ਅਰਸੇ ਬਾਦ ਮੇਰਾ ਉਸ ਸ਼ਹਿਰ ਦੇ ਉਸ ਮੁਹੱਲੇ 'ਚੋਂ ਗੁਜ਼ਰਨਾ ਹੋਇਆ ਜਿੱਥੇ ਬਟਵਾਰੇ ਤੋਂ ਬਾਅਦ ਮੈਂ ਆਪਣੇ ਪਰਿਵਾਰ ਨਾਲ ਰਹਿੰਦੀ ਸੀ। ਐਨੇ ਸਮੇਂ ਬਾਦ ਸ਼ਹਿਰ ਦਾ ਕਾਇਆ -ਕਲਪ ਹੋ ਚੁੱਕਾ ਸੀ। ਘਰ ਕੋਠੀਆਂ 'ਚ ਵਟ ਚੁੱਕੇ ਸਨ। ਕੁਝ ਘਰ ਆਪਣੇ ਲੁੱਟੇ -ਪੁੱਟੇ ਦਿਨਾਂ ਦੀ ਗਾਥਾ ਸਮੇਟੇ ਉਸੇ ਤਰਾਂ ਖੜ੍ਹੇ ਸਨ।ਮੈਂ  ਉਸ ਵਕਤ ਦੇ ਆਪਣੇ ਆਂਡ -ਗੁਆਂਢ ਦੇ ਬਜ਼ੁਰਗਾਂ ਨੂੰ ਯਾਦ ਕਰ ਰਹੀ ਸਾਂ । ਉਹਨਾਂ ਨੂੰ ਲੱਭ ਰਹੀ ਸਾਂ । ਉਹਨਾਂ ਨਾਲ ਗੱਲਾਂ ਕਰਕੇ ਆਪਣੇ ਬਚਪਨ ਦੇ ਦਿਨਾਂ ਨੂੰ ਮੁੜ ਤਾਜ਼ਾ ਕਰਨ ਲਈ। ਪਰ ਉਹ ਤਾਂ ਹੁਣ ਤੱਕ ਕਦੋਂ ਦੇ ਏਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਪਤਾ ਨਹੀਂ ਹਰੇ - ਭਰੇ ਬਾਗ ਨੂੰ ਕਿਸ ਦੀ ਨਜ਼ਰ ਲੱਗ ਗਈ ਸੀ। ਹੱਸਦੇ -ਖੇਲਦੇ ਪਿਆਰ ਵੰਡਦੇ ਪਰਿਵਾਰ ਪਤਾ ਨਹੀਂ ਕਿੱਥੇ ਤਿਣਕਾ -ਤਿਣਕਾ ਹੋ ਬਿਖਰ ਗਏ ਸਨ। ਮੁਹੱਲੇ ਸੁੰਨਸਾਨ ਹੋ ਗਏ ਸਨ। ਬਟਵਾਰੇ ਦੀ ਸੁਨਾਮੀ ਨੇ ਐਸਾ ਝਾੜੂ ਫੇਰਿਆ ਸੀ  ਕਿ ਸਭ ਕੁਝ ਉੱਡ -ਉਡਾ ਗਿਆ ਸੀ। ਵਕਤ ਵੀ ਪੱਥਰ ਬਣ ਚੁਪ -ਚਾਪ ਖਿਸਕਦਾ ਰਿਹਾ। 
            ਹੁਣ ਮੈਂ  ਆਪਣੇ ਅਤੀਤ ਦੇ ਪੰਨੇ ਪਲਟ ਰਹੀ ਸਾਂ ਤਾਂ ਮੈਨੂੰ ਸੁਣਾਈ ਦੇ ਰਹੀਆਂ ਸਨ ਕੁਝ ਆਵਾਜ਼ਾਂ ਜੋ ਹੁਣ ਤੱਕ ਮੇਰੇ  ਨਾਲ -ਨਾਲ ਹੀ ਚੱਲਦੀਆਂ ਆ ਰਹੀਆਂ ਸਨ। ਕਦੇ -ਕਦੇ ਘਰ 'ਚ ਵੱਡਿਆਂ ਨੂੰ ਦੂਜਿਆਂ ਸੰਗ ਗੱਲਾਂ ਕਰਦੇ ਸੁਣਿਆ ਕਰਦੀ ਸਾਂ , "ਜਾਣਦੀ ਹਾਂ ਭੈਣੇ , ਦੇਸ਼ ਛੱਡ ਕੇ ਜਾਣ ਵਾਲੇ ਕਿਸ ਤਰਾਂ ਮਿੰਨਤਾਂ ਕਰਦੇ ਸਨ ਕਿ ਉਹਨਾਂ ਦੇ ਘਰ ਦੀਆਂ ਚੀਜ਼ਾਂ ਕੋਈ ਖਰੀਦ ਲਵੇ। ਉਸ ਵਕਤ ਵਿਪਤਾ ਦੇ ਮਾਰਿਆਂ ਦੀ ਕੋਈ ਮਦਦ ਨਹੀਂ ਕਰ ਸਕੇ ਅਸੀਂ। ਪਤਾ ਨਹੀਂ ਕਿਸ ਨੂੰ ਕਿਧਰ ਜਾਣਾ ਪਵੇ, ਬੱਸ ਇਹੀ ਚਿੰਤਾ ਸੀ ਸਭ ਨੂੰ। ਇਸ ਤੂਫ਼ਾਨ ਤੋਂ ਬਾਦ ਲੁਟੇਰਿਆਂ ਨੇ ਇੱਕ ਹੀ ਰਾਤ 'ਚ ਘਰਾਂ ਦਾ ਇੱਕੋ -ਇੱਕ ਸਮਾਨ ਚੋਰੀ ਕਰ ਲਿਆ। ਭਗਵਾਨ ਏਹੋ ਜਿਹੇ ਦਿਨ ਕਿਸੇ ਨੂੰ ਨਾ ਦਿਖਾਏ ਕੌਣ ਨਾਲ ਲੈ ਕੇ ਗਿਆ ਇੱਥੋਂ ? ਲਾਲਚੀ ਦੁਨੀਆਂ ਕਿਓਂ ਨਹੀਂ ਸਮਝਦੀ ?"
              ਫਿਰ ਮੈਨੂੰ ਯਾਦ ਆਇਆ ਕਿ ਓਦੋਂ ਚੰਗੇ ਲੋਕ ਵੀ ਸਨ ਜਿੰਨਾ ਨੇ ਕਾਫਲਿਆਂ 'ਚ ਜਾਣ ਵਾਲਿਆਂ ਲਈ ਲੰਗਰ ਬਣਵਾ ਕੇ ਪਹੁੰਚਦਾ ਕੀਤਾ। ਭੁੱਖਿਆਂ -ਪਿਆਸਿਆਂ ਨੂੰ ਅੰਨ -ਪਾਣੀ ਪਹੁੰਚਾਇਆ। ਫਿਰ ਉਹ ਯਾਦ ਆਇਆ ਜੋ ਅੱਜ ਵੀ ਮੈਨੂੰ  ਸਾਫ਼ ਦਿਖਾਈ ਤੇ ਸੁਣਾਈ ਦੇ ਰਿਹਾ ਸੀ। "ਉਹ ਸਫ਼ੈਦ ਕੱਪੜਿਆਂ ਵਿੱਚ ਸਜੀ ਜਦ ਜਾਂਦੀ ਤਾਂ ਮੈਂ ਆਪਣੀ ਡਿਓੜੀ ਦੀ ਖਿੜਕੀ 'ਚ ਖੜ੍ਹ ਕੇ ਦੇਖਦੀ ਸੀ। ਉਸ ਦੇ ਬਾਰੇ 'ਚ ਮੈਂ ਕਦੇ ਕਿਸੇ ਤੋਂ ਪੁੱਛਿਆ ਨਹੀਂ ਸੀ। ਮੈਨੂੰ ਤਾਂ ਬੱਸ ਉਸ ਦਾ ਜਪ ਕਰਨਾ ਸੁਣਨਾ ਤੇ ਸਮਝਣ ਦੀ ਕੋਸ਼ਿਸ਼ ਕਰਨਾ ਚੰਗਾ ਲੱਗਦਾ ਸੀ। ਜਿਵੇਂ ਉਸ ਦੇ ਸ਼ਬਦਾਂ 'ਚ ਗੁਪਤ ਸੰਦੇਸ਼ ਛੁਪਿਆ ਹੋਵੇ ਲੋਕਾਂ ਲਈ। ਉਸ ਦਾ ਜਪ ਹਰਦਮ ਆਉਂਦੇ -ਜਾਂਦੇ ਚੱਲਦਾ ਰਹਿੰਦਾ। ਉਸੇ ਮੁਹੱਲੇ 'ਚ ਹੀ ਅੱਗੇ ਜਾ ਕੇ ਕਿਤੇ ਉਹ ਰਹਿੰਦੀ ਸੀ। ਥੋੜੀ ਵੱਡੀ ਹੋਈ ਤਾਂ ਉਸ ਸਾਧਵੀ ਦੇ ਜਪ ਦੇ ਬੋਲ ਮੇਰੇ ਕੰਨਾਂ 'ਚ ਸਾਫ਼ ਗੂੰਜਣ ਲੱਗੇ ਅਰਥਾਂ ਦੇ ਸੰਗ- ਕਰ ਕਾਰ ਬਲ ਮਨ ਯਾਰ ਬਲ। ਉਸ ਦੇ ਇਹ ਬੋਲ ਜਿਵੇਂ ਲੋਕਾਂ 'ਚ ਮੰਤਰ ਵੰਡਦੇ ਕਹਿ ਰਹੇ ਹੋਣ ਕਿ ਸੰਕਟ 'ਚ ਘਬਰਾਓ ਨਾ , ਆਪਣਾ ਮਨ ਪ੍ਰਭੁ ਭਗਤੀ 'ਚ ਲਾਈ ਰੱਖੋ। ਆਪਣਾ ਕੰਮ ਕਰਦੇ ਰਹੋ , ਮੁਸ਼ਕਿਲ ਮਹਿਸੂਸ ਹੀ ਨਹੀਂ ਹੋਵੇਗੀ। ਮੈਂ  ਵੀ ਇਸ ਗੱਲ ਦਾ ਅਨੁਭਵ ਕੀਤਾ ਤਾਂ ਉਹ ਸਾਧਵੀ ਮੇਰੇ ਮਨ 'ਚੋਂ ਕਦੇ ਦੂਰ ਗਈ ਹੀ ਨਹੀਂ। ਉਸ ਦੇ ਜਪ ਦੀ ਗਹਿਰਾਈ 'ਚ ਜਾ ਕੇ ਜਦ ਮੇਰਾ ਮਨ ਪ੍ਰਭੁ ਨੂੰ ਯਾਦ ਕਰਦਾ ਤਾਂ ਇੱਕ ਹੌਸਲਾ ਮਹਿਸੂਸ ਕਰਦੀ ਤੇ ਉਸ ਨੂੰ ਗੁਰੂ ਰੂਪ ਮੰਨ ਕੇ ਮਨ ਹੀ ਮਨ ਪ੍ਰਣਾਮ ਕਰਦੀ ਹੈ। 

ਗਿਆਨ ਜੋਤ  -
ਜਲਦਾ ਦੀਵਾ ਦੀਵਾ 
ਭੱਜੇ ਹਨ੍ਹੇਰਾ। 

ਕਮਲਾ ਘਟਾਔਰਾ 
(ਯੂ. ਕੇ )

ਨੋਟ: ਇਹ ਪੋਸਟ ਹੁਣ ਤੱਕ 64 ਵਾਰ ਖੋਲ੍ਹੀ ਗਈ