ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Oct 2017

ਵਰਤ (ਮਿੰਨੀ ਕਹਾਣੀ)

Related image
ਅੱਜ ਵੱਡੇ ਤੜਕੇ ਉੱਠ ਮਾਂ ਨੇ ਕੇਸੀ ਨਹਾ ਕੇ ਤਾਰਿਆਂ ਦੀ ਛਾਵੇਂ ਸਰਘੀ ਖਾ ਕਰੂਏ ਦਾ ਨਿਰਜਲਾ ਵਰਤ ਰੱਖ ਲਿਆ ਸੀ। ਹਲਕੇ ਹਰੇ -ਗੁਲਾਬੀ ਰੰਗ ਦੀ ਭਾਅ ਮਾਰਦਾ ਨਿੱਕੀਆਂ ਬੂਟੀਆਂ ਵਾਲਾ ਪਾਇਆ ਸੂਟ ਮਾਂ ਦੇ ਬਹੁਤ ਫਬ ਰਿਹਾ ਸੀ। ਲੱਗਦਾ ਸੀ ਕਿ ਮਾਂ ਨੇ ਅੱਜ ਆਪਣੇ ਆਪੇ ਨੂੰ ਬੜੀ ਰੀਝ ਨਾਲ਼ ਸ਼ਿੰਗਾਰਿਆ ਸੰਵਾਰਿਆ ਸੀ।ਹਰ ਗੱਲ 'ਚ ਨੁਕਸ ਕੱਢਣ ਵਾਲ਼ੀ ਦਾਦੀ ਨੂੰ ਵੀ ਅੱਜ ਮਾਂ ਦੀ ਫ਼ਿਕਰ ਹੋ ਰਹੀ ਸੀ,"ਕੁੜੇ ਲੀੜਿਆਂ ਨੂੰ ਅੱਜ ਰਹਿਣ ਦਿੰਦੀ।ਅਜੇ ਹੁਣੇ ਤਾਂ ਤੂੰ ਸੰਭਰ ਕੇ ਹਟੀ ਏਂ।ਫੇਰ ਕਹੇਂਗੀ ਬਈ ਕਾਲਜਾ ਖੁੱਸਦੈ। ਢੂਈ ਸਿੱਧੀ ਕਰ ਲਾ ਬਿੰਦ, ਕਹਾਣੀ ਵੇਲ਼ੇ ਠਾਲ਼ ਦੂੰ ਤੈਨੂੰ।" ਪਰ ਭੁੱਖੀ -ਤਿਹਾਈ ਮਾਂ ਫੇਰ ਵੀ ਕਿਸੇ ਪਿੰਜਰੇ 'ਚ ਫਸੀ ਗਲਹਿਰੀ ਵਾਂਗ ਇਧਰ ਉਧਰ ਨੱਠਦੀ ਬੇਰੋਕ ਕੰਮ ਕਰੀ ਜਾ ਰਹੀ ਸੀ। 
ਵਰਤ ਦੀਆਂ ਕਰੜੀਆਂ ਤਾਕੀਦਾਂ ਜਾਰੀ ਕਰਨ ਵਾਲ਼ੀ ਦਾਦੀ ਨੂੰ ਮੈਂ ਕਦੇ ਵਰਤ ਰੱਖਦਿਆਂ ਨਹੀਂ ਵੇਖਿਆ ਸੀ ਕਿਉਂਕਿ ਮਾਂ ਦੇ ਪਹਿਲੇ ਕਰੂਏ ਨਾਲ਼ ਦਾਦੀ ਦਾ ਆਖ਼ਿਰੀ ਕਰੂਆ ਸੀ। ਏਹੋ ਗੱਲ ਤਾਂ ਮਾਂ ਨੂੰ ਪ੍ਰੇਸ਼ਾਨ ਕਰੀ ਰੱਖਦੀ ਸੀ ਕਿ ਆਖਿਰ ਦਾਦੀ ਦੇ ਵਰਤਾਂ ਨਾਲ਼ ਸਾਡੇ ਦਾਦੇ ਦੀ ਉਮਰ ਲੰਮੇਰੀ ਕਿਉਂ ਨਾ ਹੋਈ ? ਮੈਂ ਆਪਣੇ ਤਰਕ ਨਾਲ਼ ਦਾਦੀ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ ਸੀ। ਪਰ ਅੱਜ ਮਾਂ ਨਾਲ਼ ਆਪਣੇ ਮਨ ਦੇ ਵਲੇਵੇਂ ਸਾਂਝੇ ਕਰਨ ਨੂੰ ਚਿੱਤ ਕਰ ਆਇਆ," ਮਾਂ !ਮੈਨੂੰ ਤਾਂ ਲੱਗਦੈ ਕਿ ਨਿੱਤ ਦੇ ਕੰਮਾਂ ਤੋਂ ਅੱਕੀਆਂ ਨੂੰਹਾਂ -ਧੀਆਂ ਨੇ ਸ਼ਾਇਦ ਇਹ ਦਿਨ ਆਪਣੇ ਲਈ ਸਜਣ -ਸੰਵਰਨ ਲਈ ਰੱਖ ਲਿਆ ਹੋਣਾ। ਫੇਰ ਸਮਾਜ ਦੇ ਠੇਕੇਦਾਰਾਂ ਤੋਂ ਸਹੀ ਪੁਆਉਣ ਲਈ ਏਸ ਨੂੰ ਥੋੜੀ ਜਿਹੀ ਧਰਮ ਦੀ ਰੰਗਤ ਦੇ ਕੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਨਾਲ ਸਹਿਜੇ ਹੀ ਜੋੜ ਦਿੱਤਾ ਹੋਣਾ।"  
ਮਾਂ ਦੀ ਤੱਕਣੀ ਸਭ ਕੁਝ ਆਪਣੇ ਕਲਾਵੇ 'ਚ ਲੈ ਰਹੀ ਸੀ ਤੇ ਉਸ ਦੀਆਂ ਅੱਖਾਂ ਦੀ ਲਿਸ਼ਕ ਮੇਰੇ ਬੋਲਾਂ ਨੂੰ ਨਿੱਘ ਦੇ ਗਈ," ਦਫ਼ਤਰਾਂ ਦੀ ਹਫ਼ਤੇਵਾਰੀ ਛੁੱਟੀ ਵਾਂਗ ਪੇਟ ਨੂੰ ਅਰਾਮ ਦਵਾਉਣਾ ਮਾੜਾ ਨਹੀਂ । ਪਰ ਵਰਤ ਦੇ ਨਾਂ 'ਤੇ ਖੁਦੀ ਨੂੰ ਕਿਉਂ ਮਾਰਨਾ ? ਏਹੋ ਜਏ ਵਰਤ ਮਾਂ ਤੂੰ ਆਪਣੀ ਸਿਹਤ ਲਈ ਰੱਖਿਆ ਕਰ ! ਨਾਲ਼ੇ ਮੈਂ ਤਾਂ ਓਹ ਦਿਨ 'ਡੀਕਦੀ ਆਂ ਜਿਦੇਂ ਏਸ ਕਰੂਏ ਦੇ ਵਰਤ ਨੂੰ ਮਾਂ ਤੂੰ ਆਪਣੇ ਨਾਂ ਕਰ ਲਿਆ । 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 1735 ਵਾਰ ਪੜ੍ਹੀ ਗਈ ਹੈ।
ਲਿੰਕ 1             ਲਿੰਕ 2

3 comments:

  1. ਬਹੁਤ ਸੁੰਦਰ ਕਹਾਣੀ .ਲਗਦਾ, ਸਾਡੇ ਸਮਾਜ ਨੇ ਸਭ ਬੰਦਸ਼ਾਂ ਔਰਤ ਵਾਸਤੇ ਹੀ ਮੁਕਰਰ ਕੀਤੀਆਂ ਹੋਇਆਂ ਹਨ . ਸਿਹਤ ਵਾਸਤੇ ਆਪਣੇ ਆਪ ਵਰਤ ਰਖਣਾ ਤਾਂ ਕੋਈ ਮਾੜਾ ਨਹੀਂ ਲੇਕਿਨ ਕਿਸੇ ਬੰਦਸ਼ ਅਧੀਨ ਰਖਿਆ ਵਰਤ ਕੋਈ ਮਾਨੇ ਨਹੀਂ ਰਖਦਾ . ਕਿਨੀਆਂ ਸਦੀਆਂ ਔਰਤ ਨੂੰ ਘੁੰਡ ਵਿਚ ਹੀ ਲਕੋਈ ਰਖਿਆ . ਪਤੀ ਨੂੰ ਕੁਛ ਹੋ ਜਾਵੇ ਤਾਂ ਬਲੇਮ ਪਤਨੀ ਨੂੰ ਹੀ ਦੇ ਦਿੰਦੇ ਹਨ ਕਿ ਇਸ ਨੇ ਵਰਤ ਨਹੀਂ ਸੀ ਰਖਿਆ . ਕਹਾਨੀ ਬਹੁਤ ਅਛੀ ਲਗੀ ਕਿਓਂਕਿ ਇਹ ਸਮਾਜ ਦੇ ਗਲਤ ਵਿਚਾਰਾਂ ਦੀ ਇੱਕ ਪਰਤ ਖੋਲਦੀ ਹੈ .

    ReplyDelete
  2. ਸੁੰਦਰ ਵਰਣਨ ਕੀਤਾ ਏਸ ਕਰੂਏ ਦਾ। ਜਿਸਦੀ ਗੁਰਬਾਣੀ ਅਨੁਸਾਰ ਕਤਈ ਜ਼ਰੂਰਤ ਨਹੀਂ।

    ReplyDelete
  3. ਸਿਖ ਧਰਮ ਵਿਚ, ਅੰਧਵਿਸ਼ਵਾਸਾਂ ਤੇ ਫਜੂਲ ਰਸਮਾ ਲਈ ਕੋਈ ਜਗਾਹ ਨਹੀਂ . ਸਾਡੇ ਸਾਰੇ ਘਰ ਵਿਚ ਨਾ ਕੋਈ ਜੋਤਸ਼ੀ ਦੇ ਕਦੇ ਗਿਆ ,ਨਾ ਹੀ ਕਿਸੇ ਬਾਬੇ ਨੂੰ ਕੁਛ ਦਿੱਤਾ ਅਤੇ ਨਾ ਹੀ ਕੋਈ ਫਜੁਲ ਰਸਮ ਕੀਤੀ . ਮਾਂ ਕੁਛ ਵਹ੍ਮੀ ਸੀ ਤੇ ਬਾਬਾ ਜੀ ਭੀ ਕੁਛ ਕੁਛ ਵਹ੍ਮੀ ਸਨ ਲੇਕਿਨ ਅਸੇੰ ਪਤੀ ਪਤਨੀ ਬਸ ਇੱਕ ਪਰਮਾਤਮਾ ਦੇ ਭਾਣੇ ਨੂੰ ਮਨ ਕੇ ਜਿੰਦਗੀ ਬਸਰ ਕਰਦੇ ਹਾਂ .

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ