ਨਿੱਕੇ ਹਾਇਕੁ ਨੇ ਐਨਕ ਨਾ ਤੋੜੀ ਹੁੰਦੀ ਤਾਂ ਪਤਾ ਹੀ ਨਾ ਲੱਗਦਾ ਕਿ ਮੋਤੀਆ ਬਿੰਦ ਐਨਾ ਵੱਧ ਗਿਆ ਹੈ। ਹੁਣ ਅੱਖ ਦਾ ਅਪ੍ਰੇਸ਼ਨ ਹੋਣਾ ਸੀ। ਚੰਗਾ ਹੋਇਆ ਕਿ ਐਨਕ ਟੁੱਟੀ ਤੇ ਅੱਖਾਂ ਦਾ ਭਰਮ ਵੀ। ਲਿਖਾ -ਪੜ੍ਹੀ ਦਾ ਸਾਰਾ ਕੰਮ ਆਪਣੇ ਸਹਿਯੋਗੀ ਨੂੰ ਕਰਨ ਲਈ ਮੇਲ ਕਰ ਦਿੱਤੀ। ਅਜੇ ਕਾਰ 'ਚ ਬੈਠ ਕੇ ਚੱਲੇ ਹੀ ਸੀ ਕਿ ਇੱਕ ਆਤਮਮੁਗਧ ਕਵੀ ਦਾ ਫੋਨ ਆ ਗਿਆ। ਉਸ ਦੀ ਜਿੱਦ ਸੀ ਕਿ ਮੈਂ ਛੇਤੀ ਤੋਂ ਛੇਤੀ ਉਸਦੀਆਂ ਕਵਿਤਾਵਾਂ 'ਤੇ ਲੇਖ ਲਿਖਕੇ ਭੇਜਾਂ। ਉਹ ਵੀ ਖੁਦ ਹੀ ਕਵਿਤਾਵਾਂ ਛਾਂਟ ਕੇ। ਉਸ ਨੂੰ ਆਪਣੇ ਬਾਰੇ ਲਿਖਵਾਉਣ ਦਾ ਬਹੁਤ ਸ਼ੌਕ ਹੈ ਪਰ ਕਿਸੇ ਹੋਰ ਦੀ ਕੋਈ ਲਿਖਤ ਪੜ੍ਹਨਾ ਜਾਂ ਓਸ ਬਾਰੇ ਦੋ ਸ਼ਬਦ ਸਾਂਝੇ ਕਰਨਾ ਆਪਣਾ ਅਪਮਾਨ ਸਮਝਦੇ ਨੇ।
ਮੇਰੀਆਂ ਅੱਖਾਂ ਦੇ ਅਪ੍ਰੇਸ਼ਨ ਬਾਰੇ ਪਤਾ ਹੋਣ ਦੇ ਬਾਵਜੂਦ ਵੀ ਉਹ ਮੈਨੂੰ ਲਿਖਣ 'ਤੇ ਜੋਰ ਦੇ ਰਿਹਾ ਸੀ। ਕੰਨਾਂ ਦਾ ਪ੍ਰਯੋਗ ਕਰਨਾ ਤਾਂ ਜਿਵੇਂ ਸਿੱਖਿਆ ਹੀ ਨਹੀਂ ਸੀ। ਸੁਣਿਆ ਸੀ ਕਿ ਸੱਪਾਂ ਦੇ ਕੰਨ ਨਹੀਂ ਹੁੰਦੇ। ਪਰ ਇੱਥੇ ਸਾਨੂੰ ਬਿਨਾਂ ਕੰਨਾਂ ਦੇ ਹਜ਼ਾਰਾਂ ਇਨਸਾਨ ਮਿਲ ਜਾਣਗੇ। ਕਿਸੇ ਬਜ਼ੁਰਗ ਲੇਖਕ ਤੋਂ ਵੀ ਇਹ ਆਪਣੇ ਬਾਰੇ ਲਿਖਾਉਣ ਤੋਂ ਗੁਰੇਜ਼ ਨਹੀਂ ਕਰਦੇ , "ਆਪਜੀ ਨੇ ਮੇਰੇ ਬਾਰੇ ਤਾਂ ਕੁਝ ਲਿਖਿਆ ਹੀ ਨਹੀਂ, ਇਸ ਤੋਂ ਬਿਨਾਂ ਆਪ ਅਮਰ ਕਿਵੇਂ ਹੋਵੋਗੇ ?" ਨਾਲ ਹੀ ਸਮਝਾਉਣਗੇ ਕਿ ਇਹਨਾਂ ਬਾਰੇ ਕੀ-ਕੀ ਤੇ ਕਿੰਨਾਂ ਲਿਖਿਆ ਜਾਵੇ। ਇਹ ਲੋਕ ਮਰਨ ਤੋਂ ਪਹਿਲਾਂ ਅਮਰ ਹੋਣਾ ਲੋਚਦੇ ਨੇ।
ਮਨ ਵਿੱਚ ਚੱਲਦੀ ਵਿਚਾਰਾਂ ਦੀ ਉਥਲ -ਪੁਥਲ ਕਾਰਨ ਪਤਾ ਹੀ ਨਾ ਲੱਗਾ ਕਦੋਂ ਮੈਨੂੰ ਅਪ੍ਰੇਸ਼ਨ ਬੈਡ 'ਤੇ ਪਾ ਲਿਆ ਗਿਆ । ਹੁਣ ਮੇਰਾ ਬੇਚੈਨੀ ਤੇ ਫਿਕਰਮੰਦੀ ਨੂੰ ਗਲੋਂ ਲਾਹੁਣਾ ਜ਼ਰੂਰੀ ਸੀ। ਅਪ੍ਰੇਸ਼ਨ ਜੋ ਸ਼ੁਰੂ ਹੋਣ ਜਾ ਰਿਹਾ ਸੀ। ਪ੍ਰਮਾਤਮਾ ਦਾ ਨਾਂ ਜਿਓਂ ਹੀ ਮਨ 'ਚ ਲਿਆ ਮੈਨੂੰ ਇਓਂ ਮਹਿਸੂਸ ਹੋਇਆ ਕਿ ਮੇਰੇ ਚਾਹੁਣ ਵਾਲੇ ਮੇਰੇ ਅਪ੍ਰੇਸ਼ਨ ਟੇਬਲ ਦੇ ਦੁਆਲੇ ਮੇਰੀ ਸੁਰੱਖਿਆ ਲਈ ਆ ਖੜ੍ਹੇ ਨੇ।
ਬੋਝਲ ਮਨ
ਭੁੱਲ ਗਿਆ ਪਲ 'ਚ
ਸਾਰੀ ਤਪਸ਼।
ਰਮੇਸ਼ਵਰ ਕੰਬੋਜ ਹਿੰਮਾਂਸ਼ੂ
(ਨਵੀਂ ਦਿੱਲੀ )
ਨੋਟ: ਇਹ ਪੋਸਟ ਹੁਣ ਤੱਕ 26 ਵਾਰ ਪੜ੍ਹੀ ਗਈ
(ਨਵੀਂ ਦਿੱਲੀ )
ਨੋਟ: ਇਹ ਪੋਸਟ ਹੁਣ ਤੱਕ 26 ਵਾਰ ਪੜ੍ਹੀ ਗਈ