ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Jun 2015

ਚਕਨਾਚੂਰ

 ਅੱਜ ਮੈਂ ਆਪਣੇ ਇੱਕ ਜਾਣੂ ਸਾਹਿਤਕਾਰ 'ਤੇ ਲੇਖ ਲਿਖਣਾ ਸੀ। ਉਸ ਦੀਆਂ  ਅੱਠ  -ਦਸ ਪੁਸਤਕਾਂ ਪੂਰੇ ਮਨ ਨਾਲ ਪੜ੍ਹ ਚੁੱਕਾ ਸਾਂ। ਕੁਝ ਗੱਲਾਂ ਮਨ 'ਚ ਸਮੇਟ ਲਈਆਂ ਤੇ ਕਈਆਂ ਦੇ ਸੰਕੇਤ ਡਾਇਰੀ ਵਿੱਚ ਲਿਖ ਲਏ। ਮੈਨੂੰ ਪੂਰੀ ਉਮੀਦ ਸੀ ਕਿ ਲੇਖ ਬਹੁਤ ਵਧੀਆ ਲਿਖਿਆ ਜਾਵੇਗਾ। ਲਿਖਣ ਬੈਠਾ ਹੀ ਸੀ ਕਿ ਇੱਕ ਜਾਣਕਾਰ ਸਾਥੀ ਆ ਧਮਕਿਆ। ਇੱਕ ਤੋਂ ਬਾਦ ਇੱਕ ਗੱਲ ਛੇੜਨ ਲੱਗਾ।ਮੈਂ ਉਸ ਦੀਆਂ ਗੱਲਾਂ ਦਾ ਸਿਰਾ ਲੱਭਣ ਦੀ ਅਣਥੱਕ ਕੋਸ਼ਿਸ਼ ਕਰ ਰਿਹਾ ਸਾਂ ਪਰ ਉਹ ਕੋਈ ਨਾ ਕੋਈ ਨਾਕਰਾਤਮਿਕ ਗੱਲ ਫਿਰ ਤੋਂ ਛੇੜ ਬਹਿੰਦਾ।ਹੁਣ ਮੈਂ ਪੂਰੀ ਤਰ੍ਹਾਂ ਥੱਕ ਚੁੱਕਿਆ ਸਾਂ। ਮੈਂ ਜੋ ਕੁਝ ਲਿਖਣਾ ਸੀ ਮੇਰੀ ਸੋਚ 'ਚੋਂ ਪੂਰੀ ਤਰ੍ਹਾਂ ਵਿਸਰ ਚੁੱਕਾ ਸੀ। ਹੁਣ ਵਾਰ -ਵਾਰ ਮੈਨੂੰ 40-50 ਸਾਲ ਪਹਿਲਾਂ ਵਾਪਰੀ ਇੱਕ ਗੱਲ ਯਾਦ ਆ ਰਹੀ ਸੀ। ਓਦੋਂ ਸਾਡੇ ਪਿੰਡ ਵਿੱਚ ਚੂੜੀਆਂ ਵੇਚਣ ਵਾਲੇ ਆਉਂਦੇ ਸਨ। ਬਹੁਤਿਆਂ ਕੋਲ ਕੋਈ ਸਾਇਕਲ ਵੀ ਨਹੀਂ ਹੁੰਦਾ ਸੀ। ਉਹ ਕਿਸੇ ਕੱਪੜੇ 'ਚ ਚੂੜੀਆਂ ਬੰਨ੍ਹ ਪੋਟਲੀ ਜਿਹੀ ਬਣਾ ਕੇ ਮੋਢੇ 'ਤੇ ਲਮਕਾਈ ਫਿਰਦੇ।ਇੱਕ ਦਿਨ ਸਾਡੇ ਕਿਸੇ ਪਿੰਡ ਵਾਲੇ ਨੇ ਉਸ ਦੀ ਪੋਟਲੀ 'ਤੇ ਡੰਡਾ ਮਾਰ ਕੇ ਉਸ ਨੂੰ ਪੁੱਛਿਆ, "ਇਸ 'ਚ ਕੀ ਹੈ?" ਚੂੜੀਆਂ ਵੇਚਣ ਵਾਲਾ ਬੋਲਿਆ, " ਪਹਿਲਾਂ ਤਾਂ ਕੁਝ ਸੀ, ਹੁਣ ਨਹੀਂ ਕਹਿ ਸਕਦਾ ਕਿ ਇਸ ਵਿੱਚ ਕੀ ਹੈ ?" ਅੱਜ ਮੇਰੀ ਹਾਲਤ ਬਿਲਕੁਲ ਵਣਜਾਰੇ ਦੀ ਓਸ ਪੋਟਲੀ ਜਿਹੀ ਸੀ। 
ਚਕਨਾਚੂਰ -
ਕੱਚ ਦੀਆਂ ਚੂੜੀਆਂ 
ਵਿਸਰੀ ਸੋਚ। 

ਰਾਮੇਸ਼ਵਰ ਕੰਮਬੋਜ 'ਹਿੰਮਾਂਸ਼ੂ'
(ਨਵੀਂ ਦਿੱਲੀ)
ਨੋਟ: ਇਹ ਪੋਸਟ ਹੁਣ ਤੱਕ 29 ਵਾਰ ਪੜ੍ਹੀ ਗਈ।

26 Jun 2015

ਤੀਜਾ ਸਾਲ

ਸਮਾਂ ਆਪਣੀ ਤੋਰ ਤੁਰਦਾ ਰਹਿੰਦਾ ਹੈ ਤੇ ਏਸ ਸਮੇਂ ਰੂਪੀ ਮੰਚ 'ਤੇ ਕਈ ਤਰ੍ਹਾਂ ਦੇ ਕਿਰਦਾਰ ਆਪਣੇ ਹਿੱਸੇ ਦੀ ਭੂਮਿਕਾ ਨਿਭਾਉਂਦੇ ਰਹਿੰਦੇ ਨੇ। ਧੁੱਪ ਹੋਵੇ ਜਾਂ ਛਾਂ, ਕਾਲੀ ਰਾਤ ਹੋਵੇ ਜਾਂ ਬਰਸਾਤ ਤੇ ਚਾਹੇ ਕੋਈ ਵੀ ਹਾਲਾਤ ਹੋਣ , ਸਮਾਂ ਕਦੇ ਨਹੀਂ ਰੁਕਦਾ ਤੇ ਇਸੇ ਲਈ ਹਮੇਸ਼ਾਂ ਜਿੱਤ ਜਾਂਦਾ ਹੈ। ਬੱਸ ਇਸੇ ਤੋਂ ਸੇਧ ਲੈ ਤੁਰਦਿਆਂ ਹਾਇਕੁ -ਲੋਕ ਨੂੰ ਪੂਰੇ ਤਿੰਨ ਵਰ੍ਹੇ ਹੋ ਗਏ ਨੇ। ਅੱਜ ਇਸ ਨੇ ਚੌਥੇ ਸਾਲ 'ਚ ਪੈਰ ਧਰਿਆ ਹੈ। ਅਸੀਂ ਆਪਣੇ ਸਫ਼ਰ 'ਚ ਸਿਰਫ਼ ਖੁਸ਼ੀ ਹੀ ਨਹੀਂ ਕਿਆਸੀ , ਸਗੋਂ ਹਨ੍ਹੇਰਾ ਵੀ ਆਇਆ। ਪਰ ਕਿਸੇ ਤਾਰੇ ਨੂੰ ਚਮਕਣ ਲਈ ਹਨ੍ਹੇਰੇ ਦੀ ਵੀ ਤਾਂ ਜ਼ਰੂਰਤ ਹੁੰਦੀ ਹੈ। ਸਾਡੇ ਸ਼ੁੱਭ -ਚਿੰਤਕ ਸਾਡੇ ਲਈ ਬਲਦੇ ਦੀਵੇ ਹੀ ਤਾਂ ਨੇ ਜਿਹਨਾਂ ਦੇ ਨਾਲ ਚੱਲਦਿਆਂ ਰਾਹ ਤਾਂ ਚਾਹੇ ਛੋਟੇ ਨਹੀਂ ਹੋਏ  ਪਰ ਇਹਨਾਂ ਦੇ ਚਾਨਣ ਨਾਲ ਸਫ਼ਰ ਸੌਖਾ ਜ਼ਰੂਰ ਹੋ ਜਾਂਦਾ ਹੈ। 
                 ਇਸ ਸਫ਼ਰ ਦੌਰਾਨ ਅਸੀਂ ਇੱਕ ਨਵੀਂ ਵਿਧਾ ਨਾਲ ਪਾਠਕਾਂ ਤੇ ਲੇਖਕਾਂ ਦੀ ਜਾਣ ਪਛਾਣ ਕਰਵਾਈ - ਹਾਇਬਨ। ਹੁਣ ਤੱਕ 46 ਹਾਇਬਨ ਪ੍ਰਕਾਸ਼ਿਤ ਹੋ ਚੁੱਕੇ ਹਨ। ਪਿਛਲੇ ਸਾਲ ਤਕਰੀਬਨ 130 ਪੋਸਟਾਂ ਪ੍ਰਕਾਸ਼ਿਤ ਹੋਈਆਂ ਤੇ ਸਾਡੇ ਪਾਠਕ ਇਹਨਾਂ ਪੋਸਟਾਂ 'ਤੇ ਆਪਣੇ ਸਾਰਥਕ ਵਿਚਾਰ ਹੁਣ ਤੱਕ 1900 ਟਿੱਪਣੀਆਂ ਰਾਹੀਂ ਭੇਜ ਚੁੱਕੇ ਹਨ। ਅੱਜ ਸਾਡੇ ਪਾਠਕਾਂ ਤੇ ਲੇਖਕਾਂ ਨੇ ਆਪਣੇ ਕੀਮਤੀ ਵਿਚਾਰਾਂ ਨਾਲ ਸਾਡੇ ਨਾਲ ਇਸ ਤਰ੍ਹਾਂ ਸਾਂਝ ਪਾਈ -

ਮੈਂ ਹਾਇਕੁ ਲੋਕ ਨਾਲ ਕੁਝ ਸਾਲ ਪਹਿਲਾਂ ਹਰਦੀਪ ਭੈਣ ਜੀ ਰਾਹੀਂ ਜੁੜੀ। ਮੈਨੂੰ ਸਭ ਤੋਂ ਵੱਧ ਹਾਇਬਨ ਵਿਧਾ ਚੰਗੀ ਲੱਗੀ। ਮਨ ਬੜਾ ਖੁਸ਼ ਹੁੰਦਾ ਹੈ ਹਾਇਬਨ ਪੜ੍ਹ ਕੇ ਜਿਸ ਵਿੱਚ ਸਭ ਆਪਣੀਆਂ ਹੱਡ ਬੀਤੀਆਂ ਇੰਨੇ ਸੋਹਣੇ ਲਫਜ਼ਾਂ 'ਚ ਬਿਆਨ ਕਰਦੇ ਨੇ। ਸਾਨੂੰ ਆਪਣੀ ਮਾਂ -ਬੋਲੀ ਨਾਲ ਜੁੜੇ ਰਹਿਣ ਦੀ ਕੋਸ਼ਿਸ਼ ਕਰਦੇ ਨੇ। ਹਰਦੀਪ ਭੈਣ ਜੀ ਦੇ ਲਿਖੇ ਹਾਇਬਨ ਬਹੁਤ  ਡੂੰਘੀ ਸੋਚ ਵਾਲੇ ਹੁੰਦੇ ਨੇ, ਜਿਨ੍ਹਾਂ ਵਿੱਚ ਸਾਦਾਪਣ ਤੇ ਜ਼ਿੰਦਗੀ ਦੀ ਅਸਲੀਅਤ ਬਿਆਨ ਕੀਤੀ ਹੁੰਦੀ ਹੈ। ਮੈਂ ਹਾਇਕੁ -ਲੋਕ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਸ ਨੇ ਸਾਨੂੰ ਮਾਂ -ਬੋਲੀ ਨਾਲ ਜੋੜੀ ਰੱਖਣ ਦਾ ਬੀੜਾ ਚੁੱਕਿਆ ਹੈ। 
ਜਸਕਿਰਨ ਥਿੰਦ 
(ਅਸਟ੍ਰੇਲੀਆ ) 
******************************************************************
ਆਪਣੀ ਭੈਣ ਹਰਦੀਪ  ਦੇ ਦੁਆਰਾ ਅਸੀਂ ਹਾਇਕੁ -ਲੋਕ ਨਾਲ ਜੁੜੇ ਤੇ ਹਾਇਕੁ -ਹਾਇਬਨ ਬਾਰੇ ਜਾਣਿਆ। ਇਸ ਨਾਲ ਸਾਂਝ ਪਾਉਣਾ ਸਾਨੂੰ ਬਹੁਤ ਹੀ ਚੰਗਾ ਲੱਗਾ। ਸਾਰੇ ਪਾਠਕ ਦਿਲ ਖੋਲ੍ਹ ਕੇ ਆਪਣੇ ਵਿਚਾਰ ਸਾਂਝੇ ਕਰਦੇ ਨੇ। ਹਾਇਕੁ -ਲੋਕ ਦੀ ਬੇਹਤਰੀ ਲਈ ਅਸੀਂ ਇਸ ਨੂੰ ਪੜ੍ਹੇ ਕੇ ਦੂਜਿਆਂ ਨੂੰ ਇਸ ਦੇ ਚੰਗੇ ਵਿਚਾਰਾਂ ਬਾਰੇ ਦੱਸਦੇ ਰਹਾਂਗੇ। ਇਸ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇੱਥੇ ਨਿੱਕੀਆਂ -ਨਿੱਕੀਆਂ ਗੱਲਾਂ ਰਾਹੀਂ  ਬਹੁਤ ਵੱਡੀ ਗੱਲ ਕਹਿ ਦਿੱਤੀ ਜਾਂਦੀ ਹੈ। ਥੋੜੇ ਸ਼ਬਦਾਂ ਰਾਹੀਂ ਵੱਡੀ ਗੱਲ ਕਹਿ ਦੇਣਾ ਹਾਇਕੁ -ਲੋਕ ਦੀ ਵੱਡੀ ਪਹਿਚਾਣ ਹੈ। ਰੱਬ ਕਰੇ ਇਹ ਇਸੇ ਤਰਾਂ ਹੀ ਚਾਨਣ ਵੰਡਦਾ ਰਹੇ। 
ਪਰਮ ਤੇ ਵਰਿੰਦਰਜੀਤ ਬਰਾੜ 
(ਬਰਨਾਲਾ) 
********************************************************************

ਹਾਇਕੁ-ਲੋਕ ਤਿੰਨ ਵਰ੍ਹਿਆਂ  ਦਾ ਹੋ ਗਿਆ ,ਚੌਥੇ ਵਰ੍ਹੇ  ਲਈ ਸ਼ੁੱਭ ਇਛਾਵਾਂ ,ਪਹਿਲੇ ਦਿਨ ਤੋਂ ਹੀ ਇਸ ਨਾਲ ਜੁੜੇ ਹਾਂ, ਹਰਦੀਪ ਕੌਰ ਨੇ ਇਸ ਨੂੰ ਸ਼ੁਰੂ ਕਰਨ ਦਾ ਉਪਰਾਲਾ ਕੀਤਾ ਅਤੇ ਉਹਨਾਂ ਦੇ ਕਾਰਣ ਇਸ ਨਾਲ ਜੁੜ ਗਏ। ਕੁਝ ਤਾਂ ਸਾਥੀ ਹੁਣ ਤੱਕ ਨਾਲ ਚੱਲ ਰਹੇ ਹਨ ,ਕਈ ਸਫਰ ਵਿੱਚ ਹੀ ਕਿਧਰੇ ਗਵਾਚ ਗਏ ,ਕਈ  ਨਵੇਂ ਵੀ ਨਾਲ ਆ ਰਲੇ , ਸਾਡੇ ਪਾਠਕਾਂ ਦੀ ਘਾਟ ਹੈ ,ਜੋ ਇਸ ਲਈ ਲਿਖਦੇ ਹਨ , ਸ਼ਾਇਦ ਓਹੀ ਪੜ੍ਹ  ਹਨ ,ਸ਼ਾਇਦ ਰਚਨਾਵਾਂ ਛੋਟੀਆਂ ਅਤੇ ਗਿਣਤੀ ਘੱਟ ਹੁੰਦੀ ਹੈ ,ਹਾਇਕੁ  ਆਦਿ ਦੀ ਵਿਧਾ ਆਮ ਲੋਕਾਂ ਵਿੱਚ ਸ਼ਾਇਦ ਜਿਆਦਾ ਮਕਬੂਲ ਨਹੀਂ। ਹਰ ਲੇਖਕ ਚਾਹੁੰਦਾ ਹੈ  ਕਿ ਉਸ ਦੀ ਰਚਨਾ ਕਾਫੀ ਪਾਠਕ ਪੜਣ ਅਤੇ ਉਸ ਨੂੰ ਥੋੜੀ ਪਹਿਚਾਨ ਮਿਲੇ ,ਹਾਇਕੁ- ਲੋਕ ਨੂੰ ਜਿਆਦਾ ਹਰਮਨ ਪਿਆਰਾ ਬਨਾਉਣ ਦੀ ਲੋੜ ਹੈ ,ਰਚਨਾਵਾਂ ਦੀ ਵੰਨਗੀ ਅਤੇ ਗਿਣਤੀ ਵਧਾਉਣ ਦੀ ਲੋੜ ਹੈ। ਮੇਰੇ ਵਿਚਾਰ ਆਪਣੇ ਨਿੱਜੀ ਹਨ ,ਮੇਰਾ ਸਿਰਫ ਸੁਝਾਓ ਹੈ ਕਿ ਇਸ ਨੂੰ ਹਫਤੇ /ਪੰਦਰਾਂ ਦਿਨਾਂ ਬਾਅਦ ਵੱਧ ਤੋਂ ਵੱਧ ਰਚਨਾਵਾਂ ਨਾਲ ਅਪਡੇਟ ਕੀਤਾ ਜਾਵੇ ਅਤੇ ਹਰ ਲੇਖਕ ਨੂੰ ਲੱਗੇ ਕਿ ਉਸ ਨੂੰ ਕੁਝ ਪਹਿਚਾਨ ਮਿਲ ਰਹੀ ਹੈ । 

ਦਿਲਜੋਧ ਸਿੰਘ 
(ਨਵੀਂ ਦਿੱਲੀ) 
********************************************************************
ਪਿੰਜਰੇ ਵਿੱਚ ਬੰਦ ਸੀ  ਲੇਖਕ -ਪੰਛੀ ਤੁਸਾਂ ਨੇ ਖੋਲ੍ਹ ਕੇ ਕੁੰਡੀ ਉਡਾਰੀ ਸਿਖਾ ਦਿੱਤੀ । ਹਾਇਕੁ -ਲੋਕ ਨਾਲ ਜੋੜ ਦਿੱਤਾ। ਉੱਡਣ ਦਾ ਚਾਅ ਹੈ ਹੁਣ ਜਾਵਾਂ ਆਕਾਸ਼ੇ ਜਾਂ ਡਿੱਗ ਪਵਾਂ ਮਰਜੀ ਰੱਬ ਦੀ। ਮੈਂ ਆਜਾਦ ਪੰਛੀ। ਉੱਡਾਂਗੀ ਉਂਗਲੀ ਫੜ੍ਹ ਕੇ ਆਪਦੀ। ਅੱਜ ਆਪਦੇ ਸਾਰੇ ਪੰਜਾਬੀ ਹਾਇਕੁ ਪੜ੍ਹੇ। ਆਪ ਦੀ ਚਾਟੀ ਵਾਲੀ ਲੱਸੀ ਨੇ ਮਨ ਲਲਚਾ ਦਿਤਾ। ਕਾੜਨੀ ਵਾਲਾ ਦੁੱਧ ਯਾਦ ਆ ਗਿਆ ਤੇ ਚੌਲਾਂ ਦੀਆਂ ਪਿੰਨੀਆਂ ਵੀ। ਆਪ ਦੀ ਹਰ ਲਿਖਤ ਮੈਨੂੰ ਅਤੀਤ ਵਿੱਚ ਲੈ ਜਾਂਦੀ ਹੈ। ਪਿੰਡ ਦੀ ਲੱਸੀ ਤੇ ਮਿੱਸੀ ਰੋਟੀ 'ਚ ਜੋ ਅੰਮ੍ਰਿਤ ਭਰਿਆ ਹੁੰਦਾ ਹੈ ਪਿਆਰ ਵਾਲਾ ਉਹ ਸ਼ਹਿਰ ਵਾਲਿਆਂ ਦੇ ਭਾਂਤ -ਭਾਂਤ ਦੇ ਪਕਵਾਨਾਂ 'ਚ ਵੀ ਨਹੀਂ ਮਿਲਦਾ ਕਿਉਂਕਿ ਉਹਨਾਂ ਵਿੱਚ ਪਿਆਰ ਦੀ ਜਗਹ ਦਿਖਾਵਾ ਹੁੰਦਾ ਹੈ, ਜੋ ਗਲੇ ਤੋਂ ਥੱਲੇ ਨਹੀਂ ਉੱਤਰਦਾ। ਹਾਇਕੁ ਲੋਕ ਨੂੰ ਪੜ੍ਹੇ ਕੇ ਮੇਰਾ ਮਨ ਵੀ ਪਿੰਡ ਬਾਰੇ ਕੁਝ ਲਿਖਣ ਲਈ ਕਰ ਆਇਆ। ਮੈਨੂੰ ਬਹੁਤ ਹੈਰਾਨੀ ਹੋਈ ਕਿ ਨੌਕਰੀ ਕਰਕੇ ਘਰ ਸੰਭਾਲ ਕੇ ਇਸ ਪਤ੍ਰਿਕਾ ਦਾ ਕੰਮ ਕਿਵੇਂ ਕਰਦੀ ਹੋ ? ਆਪ ਨੂੰ ਦੇਖ ਕੇ ਮੇਰੇ ਵਰਗਿਆਂ ਦੀ ਸਾਹਿਤ 'ਚ ਰੁਚੀ ਲੈਣ ਦੀ ਹਿੰਮਤ ਹੋਰ ਵੱਧਦੀ ਹੈ। ਭਗਵਾਨ ਆਪ ਦੀ ਇਸ ਸ਼ਕਤੀ ਨੂੰ ਬਣਾਏ ਰੱਖੇ - ਅੰਤਰਮਨੋਂ ਪ੍ਰਾਰਥਨਾ ਕਰਦੀ ਹਾਂ। 
ਕਮਲਾ ਘਟੌੜਾ 
(ਯੂ.ਕੇ.) 
*************************************************************************************
ਨਜ਼ਰ ਤੇ ਨਜ਼ਰੀਏ ਦਾ ਫ਼ਰਕ ਹੀ ਤਾਂ ਹੈ ਕਿ ਅੱਧਾ ਖਾਲੀ ਗਿਲਾਸ ਸਾਨੂੰ ਅੱਧਾ ਭਰਿਆ ਵੀ ਨਜ਼ਰ ਆ ਸਕਦਾ ਹੈ। ਆਪਣਾ ਰਾਬਤਾ ਉਸ ਫੁੱਲ ਨਾਲ ਨਹੀਂ ਸਗੋਂ ਓਸ ਰੁੱਖ ਨਾਲ ਬਣਾਓ ਜੋ ਕਿੰਨੇ ਹੀ ਮੌਸਮਾਂ ਨੂੰ ਝੱਲਦਾ ਹੋਇਆ ਸਾਡੇ 'ਤੇ ਫੁੱਲ ਵਰ੍ਹਾਉਂਦਾ ਰਹਿੰਦਾ ਹੈ। ਹਰ ਮੌਸਮ 'ਚ ਹਰ ਅਣਜਾਣ ਜਿਹੇ ਦਿਨ ਨੂੰ ਜਾਨਣ ਦੀ ਕੋਸ਼ਿਸ਼ ਕਰਦਿਆਂ ਖੁਦ - ਬ - ਖੁਦ ਆਪ ਦੇ ਤਜ਼ਰਬਿਆਂ ਦੇ ਖਜ਼ਾਨੇ ਭਰਦੇ ਰਹਿਣਗੇ। ਇਹਨਾਂ ਨੂੰ ਸ਼ਬਦੀ ਜਾਮਾ ਪੁਆ ਕੇ ਹਾਇਕੁ -ਲੋਕ ਨਾਲ ਸਾਂਝ ਬਣਾਈ ਰੱਖਣਾ। 

ਡਾ. ਹਰਦੀਪ ਕੌਰ ਸੰਧੂ 

ਨੋਟ: ਇਹ ਪੋਸਟ ਹੁਣ ਤੱਕ 51 ਵਾਰ ਪੜ੍ਹੀ ਗਈ।
15 Jun 2015

ਗਰਮੀ ਦੀ ਰੁੱਤ

 ਗਰਮੀ ਆਪਣੇ ਸਿਖ਼ਰਾਂ ‘ਤੇ ਪਹੁੰਚ ਚੁੱਕੀ ਏ, ਜੂਨ ਦਾ ਮਹੀਨਾ ਜੋ ਚੱਲ ਰਿਹਾ ਏ । ਬਾਹਰ ਮਕਾਨ ਦੀ ਛਾਵੇਂ ਮੰਜੀ ਡਾਹ ਕੇ ਲੰਮਾ ਪਿਆ ਨਾਜਰ ਮੱਖੀਆਂ ਦੀ ਸਰਸਰਾਹਟ ਤੋਂ ਤੰਗ, ਇਹਨਾਂ ਦੁਆਰਾ ਫੈਲਾਈ ਹੋਈ ਦਹਿਸ਼ਤ ਨੂੰ ਆਪਣੇ ਸਿਰ ਦੇ ਮੜਾਸੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕਰਨ ਲੱਗਾ । ਉਸਦਾ ਨਿੱਕਾ ਬਾਲ ਗਰਮੀ ਲੱਗਣ ਕਰਕੇ ...ਉਐਂ...ਉਐਂ...ਐਂ ਕਰ ਰਿਹਾ ਏ ਜਿਸ ਨੂੰ ਸੁਣ ਕੇ ਨਾਜਰ  ਦੀ ਘਰਵਾਲੀ ਹਥਲਾ ਕੰਮ ਛੱਡ ਕਾਕੇ ਨੂੰ  ਆਪਣੇ ਦੁਪੱਟੇ ਨਾਲ ਹਵਾ ਝੱਲਣ ਲੱਗੀ। ਓਟੇ ਦੀ ਛਾਵੇਂ ਬੈਠਾ ਇੱਕ ਕੁੱਤਾ ਲੰਬੀ ਜੀਭ ਕੱਢ ਕੇ ਤੇਜ਼ ਰਫ਼ਤਾਰ ਨਾਲ ਹਫ਼ ਰਿਹਾ ਏ “...ਹੈ.ਅ...ਹੈ.ਅ...ਹੈ.ਅ..!” 
ਕਾਂ ਦੀ ਅੱਖ ਕੱਢਣ ਵਾਲੀ ਸਿਖ਼ਰ ਦੁਪਿਹਰੇ ਪਿੰਡਾਂ ਦੀਆਂ ਗਲੀਆਂ ਗਲਿਆਰੇ ਕਿਸੇ ਰਾਤ ਦੇ ਸੰਨਾਟੇ ਵਾਂਗ ਸੁੰਨ-ਸਾਨ ਪਏ ਨੇ। ਨਾਜਰ ਦੇ ਰੋਕਣ ਦੇ ਬਾਵਜੂਦ ਵੀ ਉਸ ਦੇ ਵੱਡੇ ਖੇਡਣ-ਮੱਲਣ ਵਾਲੇ ਜੁਆਕ ਇਸ ਪਿੰਡੇ ਲੂਹਣੀ ਧੁੱਪ ਵਿੱਚ ਬਾਹਰ ਕਿਸੇ ਰੁੱਖ ਦੀ ਛਾਂ ਹੇਠ ਜਾ  ਖੇਡਣ ਲੱਗੇ। ਕੁਝ ਹੋਰ ਉਹਨਾਂ ਦੇ ਸਾਥੀ ਪਿੰਡ ਨੇੜੇ ਵਗਦੀ ਨਹਿਰ ਵਿੱਚ ਛਾਲ਼ਾਂ ਮਾਰਨ, ਤਾਰੀਆਂ ਲਾਉਣ ਅਤੇ ਵਗਦੇ ਸੀਤਲ ਪਾਣੀ ਨਾਲ ਅੱਠਖੇਲੀਆਂ ਕਰਨ 'ਚ ਮਸਤ ਨੇ। ਨਾਜਰ ਵੀ ਹੁਣ ਪਿੰਡ ਦੀ ਫਿਰਨੀ ‘ਤੇ ਲੱਗੇ ਸੰਘਣੇ ਰੁੱਖਾਂ ਦੀ ਛਾਂ ਹੇਠ ਬੈਠੇ ਤਾਸ਼ਾਂ ਖੇਡਦਿਆਂ, ਅਖ਼ਬਾਰਾਂ ਪੜ੍ਹਦਿਆਂ  ਅਤੇ ਪਿੰਡ ਦੀ  ਚੁੰਝ -ਚਰਚਾ 'ਚ ਜਾ ਸ਼ਾਮਿਲ ਹੋਇਆ। 
           ਸਾਹਮਣੇ ਪਿੰਡ ਵਾਲੇ ਟੋਭੇ ਦੇ ਕੰਢੇ 'ਤੇ ਪਾਣੀ ਵਿੱਚ ਤਾਰੀਆਂ ਲਾ ਕੇ ਖੰਭ ਝਾੜਦੇ ਪੰਛੀ, ਟੋਭੇ 'ਚ ਮਸਤੀ ਨਾਲ ਨਹਾਉਂਦੀਆਂ ਮੱਝਾਂ, ਗਾਵਾਂ ਤੇ  ਕੱਟਰੂ-ਵੱਛਰੂ ਆਪੋ-ਆਪਣੇ ਢੰਗ ਨਾਲ ਇਸ ਗਰਮੀ ਨੂੰ ਮਾਤ ਪਾ ਰਹੇ ਹਨ। ਕੁਝ ਚਹਿ-ਚਹਾਉਂਦੇ ਪੰਛੀ ਰੁੱਖਾਂ ‘ਤੇ ਆਲ੍ਹਣਿਆਂ ਵਿੱਚ ਬੈਠੇ ਆਪਣੇ ਬੋਟਾਂ ਨਾਲ ਕਲੋਲਾਂ ਕਰ ਰਹੇ ਨੇ । ਇਹਨਾਂ ਹੀ ਰੁੱਖਾਂ ਦੀ ਛਾਂ ਹੇਠ ਹਾਲ਼ੀ ਵਹਿੜਕੇ, ਬੌਲਦ, ਕੱਟੇ ਅਤੇ ਝੋਟੇ ਉਗਾਲ਼ੀ ਕਰਕੇ ਚਿੱਟੀ-ਚਿੱਟੀ ਝੱਗ ਸੁੱਟਦੇ ਨਜ਼ਰ ਆਉਂਦੇ ਹਨ।

ਜੂਨ ਮਹੀਨਾ  
ਗਿੱਠ ਕੁ ਲੰਬੀ ਜੀਭ
ਮਿਣਦੀ ਤਾਪ। ਭੂਪਿੰਦਰ ਸਿੰਘ 

(ਨਿਊ ਯਾਰਕ ) 
ਨੋਟ: ਇਹ ਪੋਸਟ ਹੁਣ ਤੱਕ 116 ਵਾਰ ਪੜ੍ਹੀ ਗਈ।

10 Jun 2015

ਪਰਛਾਵਾਂ

ਟੀ. ਵੀ. 'ਤੇ ਚੱਲ ਰਹੇ ਕੁਇਜ਼ ਪ੍ਰੋਗਰਾਮ ਵਿੱਚ ਬੱਚੇ ਨੂੰ ਇੱਕ ਸਵਾਲ ਕੀਤਾ ਗਿਆ, " ਘੜੀ ਦੀ ਕਾਢ ਤੋਂ ਪਹਿਲਾਂ ਸਮਾਂ ਕਿਵੇਂ ਵੇਖਿਆ ਜਾਂਦਾ ਸੀ ?" " ਪਰਛਾਵੇਂ ਨਾਲ" ਬੱਚੇ ਦਾ ਇੱਕ ਟੁੱਕ ਜਵਾਬ ਸੀ। ਸਵਾਲ -ਜਵਾਬ ਦਾ ਇਹ ਸਿਲਸਿਲਾ ਤਾਂ ਪਤਾ ਨਹੀਂ ਕਦੋਂ ਤੱਕ ਚੱਲਦਾ ਰਿਹਾ ਹੋਵੇਗਾ, ਪਰ ਇਹ ਸ਼ਬਦ 'ਪਰਛਾਵਾਂ' ਮੇਰੇ ਬੁੱਤ ਨੂੰ ਓਥੇ ਹੀ ਛੱਡ ਕੇ ਮੇਰੀ ਰੂਹ ਨੂੰ ਉਡਾਰੀ ਮਾਰ ਪਿੰਡ ਲੈ ਗਿਆ। ਹੁਣ ਮੈਂ ਓਸ ਕੰਧ ਨਾਲ ਢੋਹ ਲਾਈ ਖੜ੍ਹੀ ਸਾਂ ਜਿਸ ਦੇ ਪਰਛਾਵੇਂ ਦੀ ਮੇਰੇ ਰੰਗਲੇ ਬਚਪਨ ਨਾਲ ਇੱਕ ਮਿੱਠੜੀ ਸਾਂਝ ਹੈ। 
ਓਦੋਂ ਅਸੀਂ ਸਰਕਾਰੀ ਹਸਪਤਾਲ ਦੇ ਅਹਾਤੇ ਵਿੱਚ ਹੀ ਰਹਿੰਦੇ ਸਾਂ ਜਿੱਥੇ ਮੇਰੇ ਪਾਪਾ ਡਾਕਟਰ ਸਨ। ਮਾਂ ਨਾਲ ਦੇ ਸ਼ਹਿਰ 'ਚ ਅਧਿਆਪਕਾ ਸੀ। ਸਕੂਲੋਂ ਛੁੱਟੀ ਹੋਣ ਮਗਰੋਂ ਪਾਪਾ ਸਾਨੂੰ ਖਾਣਾ ਖੁਆ ਕੇ ਸ਼ਾਮ ਦੀ ਸ਼ਿਫਟ 'ਤੇ ਚਲੇ ਜਾਂਦੇ। ਅਸੀਂ ਆਪਣੇ ਹਾਣੀਆਂ ਨਾਲ ਖੇਡਣ 'ਚ ਮਸਤ ਹੋਏ ਕੱਪੜੇ ਵੀ ਮਿੱਟੋ -ਮਿੱਟੀ ਕਰ ਲੈਂਦੇ। ਅਸੀਂ ਹਸਪਤਾਲ ਜਾ ਕੇ ਪਾਪਾ ਤੋਂ ਵਾਰ -ਵਾਰ ਮਾਂ ਦੇ ਘਰ ਆਉਣ ਦਾ ਸਮਾਂ ਵੀ ਪੁੱਛਦੇ ਰਹਿੰਦੇ। " ਬੱਸ ਇੱਕ ਘੰਟਾ ਰਹਿ ਗਿਆ" ਪਾਪਾ ਸਾਡੀ ਉਡੀਕ ਨੂੰ ਠੁੰਮਣਾ ਲਾਉਣ ਦਾ ਅਸਫ਼ਲ ਯਤਨ ਕਰਦੇ। ਅਸੀਂ ਬਿੰਦ -ਝਟ ਟਪਾਉਂਦੇ ਤੇ ਫੇਰ ਪੁੱਛਣ ਚਲੇ ਜਾਂਦੇ, " ਹੁਣ ਇੱਕ ਘੰਟਾ ਹੋ ਗਿਆ ਕਿ ਨਹੀਂ ?" ਸ਼ਾਇਦ ਓਦੋਂ ਸਾਨੂੰ ਲੰਘਦੇ ਪਲਾਂ ਨੂੰ ਮਾਪਣ ਦੀ ਜਾਂਚ ਨਹੀਂ ਸੀ। ਇਸ ਤਰਾਂ ਪਾਪਾ ਦੇ ਕੰਮ 'ਚ ਵਿਘਨ ਪੈਂਦਾ। 
         ਵਿਹੜੇ ਦੀ ਕੰਧ ਕੋਲ਼ ਜ਼ਮੀਨ 'ਤੇ ਇੱਕ ਲਕੀਰ ਉਲੀਕ, ਇੱਕ ਪੱਕੀ ਇੱਟ ਰੱਖਦਿਆਂ ਪਾਪਾ ਨੇ ਕਿਹਾ, " ਜਦੋਂ ਕੰਧ ਦੀ ਛਾਂ ਏਸ ਇੱਟ 'ਤੇ ਪਵੇਗੀ..... ਮਾਂ ਤੁਹਾਡੇ ਕੋਲ਼ ਹੋਵੇਗੀ। ਪਰ ਹਾਂ ...ਮਾਂ ਦੇ ਆਉਣ ਤੋਂ ਪਹਿਲਾਂ -ਪਹਿਲਾਂ ਨਹਾ -ਧੋ ਕੇ ਸਕੂਲ ਦੇ ਕੰਮ 'ਚ ਜੁੱਟ ਜਾਣਾ ਹੈ। " ਏਸ ਅਖੀਰਲੀ ਗੱਲ 'ਚ ਇੱਕ ਹੁਕਮ ਵਰਗੀ ਮਿੱਠੀ ਹਦਾਇਤ ਹੁੰਦੀ । ਪਾਪਾ ਦੀ ਤਰਕੀਬ ਰੰਗ ਲਿਆਈ ਸੀ। 
            ਆਥਣ ਵੇਲੇ ਇੱਕ ਦੂਜੇ ਦੀਆਂ ਸ਼ਕਾਇਤਾਂ ਲਾਉਂਦੇ ਚਾਹੇ ਮਾਂ ਤੋਂ ਹੀ ਝਿੜਕਾਂ ਖਾਂਦੇ ਪਰ ਸਾਡੀਆਂ ਉਡੀਕਣਹਾਰ ਅੱਖਾਂ ਪਤਾ ਨਹੀਂ ਕਿਓਂ ਓਸ ਕੰਧ ਦੇ ਪਰਛਾਵੇਂ ਵੱਲ ਹੀ ਲੱਗੀਆਂ ਰਹਿੰਦੀਆਂ। ਏਸ ਕਿਓਂ ਦਾ ਜਵਾਬ ਜ਼ਿੰਦਗੀ ਦੇ ਗੁੰਝਲ ਰਾਹਵਾਂ 'ਤੇ ਚੱਲਦਿਆਂ ਹੌਲੀ -ਹੌਲੀ ਆਪੇ ਮਿਲ਼ਣ ਲੱਗਾ ਜਦੋ ਕੜਕਦੀਆਂ ਧੁੱਪਾਂ 'ਚ ਮਾਂ ਗੁਲਮੋਹਰ ਦੀ ਛਾਂ ਬਣ ਖਲੋਈ ਤੇ ਕੜਾਕੇ ਦੀ ਠੰਢ 'ਚ ਹੱਥੀਂ ਸੂਰਜ ਲੈ ਬਹੁੜੀ ਮਾਂ। 

ਢਲਦੀ ਸ਼ਾਮ 
ਕੰਧ ਦਾ ਪਰਛਾਵਾਂ 
ਮਾਂ ਦੀ ਆਮਦ। 

ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 55 ਵਾਰ ਪੜ੍ਹੀ ਗਈ।

3 Jun 2015

ਸ਼ਾਮਾਂ ਢਲੀਆਂ

1.

ਕੁੱਤੇ ਭੌਂਕਦੇ 
ਗਊਆਂ ਦਾ ਇੱਜੜ 
ਗਲੀ 'ਚੋਂ ਲੰਘੇ। 


2.
ਸ਼ਾਮਾਂ ਢਲੀਆਂ 
ਇੱਜੜਾਂ ਦੇ ਇੱਜੜ 
ਘਰਾਂ ਨੂੰ ਮੁੜੇ। 

ਜਰਨੈਲ ਸਿੰਘ ਭੁੱਲਰ 
(ਮੁਕਤਸਰ) 

ਨੋਟ: ਇਹ ਪੋਸਟ ਹੁਣ ਤੱਕ 44 ਵਾਰ ਪੜ੍ਹੀ ਗਈ।

1 Jun 2015

ਬਟਵਾਰੇ ਦੇ ਦਿਨ

‘47 ਦੇ ਦੌਰ 'ਚ ਬਟਵਾਰੇ ਸਮੇਂ ਮੈਂ ਆਪਣੇ ਨਾਨਕੇ ਗਈ ਹੋਈ ਸਾਂ। ਬਟਵਾਰੇ ਦੀਆਂ ਅਫਵਾਹਾਂ ਜੰਗਲ ਦੀ ਅੱਗ ਵਾਂਗ ਚਾਰੇ ਪਾਸੇ ਫੈਲ ਚੁੱਕੀਆਂ ਸਨ....ਕਿ ਲੋਕਾਂ ਨੂੰ ਘਰ ਛੱਡ ਕੇ ਜਾਣਾ ਪਵੇਗਾ। ਫੈਸਲਾ ਹੋ ਚੁੱਕਿਆ ਸੀ। ਹਿੰਦੂਆਂ ਨੂੰ ਪਾਕਿਸਤਾਨ ਤੋਂ ਭਾਰਤ ਆਉਣਾ ਹੋਵੇਗਾ ਤੇ ਮੁਸਲਮਾਨਾਂ ਨੂੰ ਪਾਕਿਸਤਾਨ ਜਾਣਾ ਪਵੇਗਾ। ਇੱਕ -ਦੁੱਕਾ ਘਟਨਾਵਾਂ ਵੀ ਵੇਖਣ ਨੂੰ ਆ ਰਹੀਆਂ ਸਨ। ਨਾਨਕੇ ਘਰ 'ਚ ਮਰਦਾਂ ਨੇ ਜਦੋਂ ਚੁਬਾਰੇ ਦੀ ਛੱਤ ਤੋਂ ਦੂਰ -ਦੁਰਾਡੇ ਦੇ ਪਿੰਡਾਂ 'ਚੋਂ ਧੂੰਆਂ ਨਿਕਲਦਾ ਦੇਖਿਆ ਤੇ ਉੱਠਦੀਆਂ ਅੱਗ ਦੀਆਂ ਲਪਟਾਂ ਨਜ਼ਰ ਆਈਆਂ। ਉਹਨਾਂ ਨੂੰ ਫਿਕਰ ਲੱਗਣ ਲੱਗਾ ਕਿ ਕਿਸੇ ਵੀ ਹਾਲਤ 'ਚ ਸ਼ਾਦੀਸ਼ੁਦਾ ਬੇਟੀ ਸਹੀ ਸਲਾਮਤ ਆਪਣੇ ਬੱਚਿਆਂ ਸੰਗ ਆਪਣੇ ਘਰ ਚੱਲੀ ਜਾਵੇ। ਜਦੋਂ ਤੱਕ ਘਰ ਤੋਂ ਕੋਈ ਲੈਣ ਵਾਲਾ ਨਹੀਂ ਆ ਜਾਂਦਾ, ਉਹਨਾਂ ਆਪਣੀ ਸੁਰੱਖਿਆ ਲਈ ਸਭ ਨੂੰ ਸਾਵਧਾਨ ਕਰ ਦਿੱਤਾ। 
ਨਾਨਾ ਜੀ ਸ਼ਾਂਤ ਸੁਭਾਅ ਦੇ ਸਨ। ਚਿੰਤਾ ਦੀਆਂ ਲਕੀਰਾਂ ਨੇ ਉਹਨਾਂ ਨੂੰ ਹੋਰ ਖਾਮੋਸ਼ ਕਰ ਦਿੱਤਾ। ਘਰ ਤੋਂ ਦੂਰ ਹਵੇਲੀ ਜਾਣ ਦੀ ਬਜਾਏ ਹੁਣ ਉਹ ਘਰ 'ਚ ਹੀ ਰਹਿੰਦੇ। ਸੁਰੱਖਿਆ ਦੇ ਲਈ ਘਰ ਦੀ ਉੱਪਰ ਦੀ ਮੰਜ਼ਿਲ 'ਤੇ ਕੰਧ ਦੇ ਨਾਲ -ਨਾਲ ਖਿੜਕੀਆਂ ਦੇ ਨੇੜੇ ਵੱਡਿਆਂ ਤੇ ਬੱਚਿਆਂ ਨੇ ਮਿਲ ਕੇ ਇੱਟਾਂ ਦਾ ਢੇਰ ਲਾ ਲਿਆ ਤਾਂ ਕਿ ਆਪਣਾ ਬਚਾਉ ਕੀਤਾ ਜਾ ਸਕੇ।
ਬੱਚਿਆਂ ਨੂੰ ਇਹ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਉਹਨਾਂ ਦੇ ਮਨ 'ਚ ਤਾਂ ਸ਼ਾਇਦ ਕਿਸੇ ਤਰਾਂ ਦਾ ਡਰ ਵੀ ਨਾ ਹੋਵੇ। ਬੱਚਿਆਂ ਨੂੰ ਤਾਂ ਇਹ ਸਭ ਕੁਝ ਇੱਕ ਖੇਲ ਹੀ ਲੱਗਦਾ ਹੋਣਾ। ਡਰ ਤੇ ਚਿੰਤਾ ਤਾਂ ਵੱਡਿਆਂ ਨੂੰ ਸੀ ਆਪਣੇ ਪਰਿਵਾਰ ਦੀ ਸੁਰੱਖਿਆ ਦੀ। ਬੱਚੇ ਤਾਂ ਬਹਾਦਰ ਸਿਪਾਹੀ ਬਣੇ ਹਥਿਆਰਾਂ ਨਾਲ ਲੈਸ ਖੜੇ ਸਨ। ਜਿਵੇਂ ਕਹਿ ਰਹੇ ਹੋਣ -

ਨਿੱਕੇ ਸਿਪਾਹੀ
ਘਰ ਦੇ ਰਖਵਾਲੇ
ਖੜੇ ਤਿਆਰ।

ਕਮਲਾ ਘਟਾਔਰਾ 
(ਯੂ.ਕੇ.)

ਨੋਟ: ਇਹ ਪੋਸਟ ਹੁਣ ਤੱਕ 48 ਵਾਰ ਪੜ੍ਹੀ ਗਈ।