ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Feb 2017

ਮੇਰੀ ਖਮੋਸ਼ ਮੁਹੱਬਤ

Image may contain: 1 person, selfie and closeup
ਮੈਂ  ਕਿਹਾ ,ਖਮੋਸ਼ ਕਿਓ ਹੈਂ !!!
ਜਵਾਬ ਮਿਲਦਾ !!!
..ਬੇਸ਼ੱਕ ਦੂਰ ਹਾਂ .. ਖਾਮੋਸ਼ ਹਾਂ !!!
ਪਰ ਸੋਚਾਂ 'ਚ ਤੇਰੀਆਂ ਮਦਹੋਸ਼ ਹਾਂ !!!
ਕਹਿ ਜਾਣਾ !!!
....ਬੜਾ ਚੰਗਾ ਲੱਗਦੈ !!!
ਇੰਝ ਚੁੱਪ ਚੁਪੀਤੇ ਮੁਹੱਬਤ ਹੋ ਜਾਣਾ !!!
....ਬਿਨਾ ਗੁਫ਼ਤਗੂ ਦੇ !!!
ਸੁਪਨਿਆਂ  'ਚ ਉੱਗ ਆਉਣਾ !!!
......ਬੜਾ ਚੰਗਾ 
ਲੱਗਦੈ !!!
ਅਜੀਬ  ਇਤਫ਼ਾਕ ਏ !!!
ਤੇਰੀ ਮੇਰੀ ਮੁਹੱਬਤ !!!
ਰੂਹ ਦਾ ਰੂਹ ਨਾਲ ਮੇਲ !!!
ਤੇ ਵਿਚਾਰਾਂ ਦਾ ਟਕਰਾਅ ਜਾਣਾ !!!
......ਬੜਾ ਚੰਗਾ 
ਲੱਗਦੈ !!!
ਅਜੀਬ ਹੈ ਕਸ਼ਮਕਸ਼ ਦੋਸਤਾ !!!
ਤੇਰਾ ਨਾ ਮਿਲ ਕੇ !!!
ਮਿਲ ਜਾਣਾ !!!
......ਬੜਾ ਚੰਗਾ 
ਲੱਗਦੈ !!!
ਸੁਤੀ ਹੈ ਲੁਕਾਈ !!!
ਹੈ ਕਵਿਤਾ ਜਾਗਦੀ !!!
ਮਿੱਠਾ ਦਰਦ ਛੁਪਾ ਜਾਣਾ !!!
......ਬੜਾ ਚੰਗਾ 
ਲੱਗਦੈ !!!
ਤੂੰ ਮਿਲੇ ਤਾਂ ਰੂਹ ਏ ਸਕੂਨ !!!
ਨਿਰਮਲ ਅਮ੍ਰਿਤ ਹੋ ਜਾਣਾ !!!
......ਬੜਾ ਚੰਗਾ 
ਲੱਗਦੈ !!!
ਇੰਝ ਚੁਪ ਚੁਪੀਤੇ ਮੁਹੱਬਤ ਹੋ ਜਾਣਾ !!!
.......ਬੜਾ ਚੰਗਾ 
ਲੱਗਦੈ !!!
ਨਿਰਮਲ ਕੋਟਲਾ

ਨੋਟ : ਇਹ ਪੋਸਟ ਹੁਣ ਤੱਕ 127 ਵਾਰ ਪੜ੍ਹੀ ਗਈ ਹੈ।

27 Feb 2017

ਫੁੱਲਾਂ ਦੇ ਸੰਗ (ਤਾਂਕਾ)

1.
ਇਹ ਜ਼ਿੰਦਗੀ
ਮੇਰਾ ਈ ਪਰਛਾਵਾਂ
ਕਰੇ ਸਵਾਲ
ਸਮਾਂ ਫੇਰ ਨਾ ਮਿਲੇ
ਕਰ ਲੈ ਸੁਆਗਤ
2.
ਨੀਲਾ ਆਕਾਸ਼
ਸੁਪਨੇ ਦੀ ਉਡਾਰੀ
ਜਿਵੇਂ ਪਤੰਗ
ਮਹਿਕੀ ਫੁੱਲਵਾੜੀ
ਹੁਣ ਫੁੱਲਾਂ ਦੇ ਸੰਗ 

ਕਸ਼ਮੀਰੀ ਲਾਲ ਚਾਵਲਾ

ਨੋਟ : ਇਹ ਪੋਸਟ ਹੁਣ ਤੱਕ 32 ਵਾਰ ਪੜ੍ਹੀ ਗਈ ਹੈ।

23 Feb 2017

ਯਾਦ ਹੁੰਗਾਰੇ


ਸਿਆਲ ਦੀ ਮਹਿਕਾਂ ਗੜੁੱਚੀ ਰੁੱਤੇ ਚਾਂਦੀ ਰੰਗਾ ਦਿਨ ਆਥਣ ਦੀ ਸਰਦਲ ਵੱਲ ਵਧ ਰਿਹਾ ਸੀ। ਹਲਕੀ ਧੁੰਦ ਨਾਲ ਲੁੱਕਣ-ਮੀਟੀ ਖੇਡਦਾ ਸੂਰਜ ਕਦੇ ਕਦੇ ਬੱਦਲਾਂ ਤੋਂ ਪਾਰ ਲਿਸ਼ਕਾਂ ਮਾਰਦਾ ਦਿਖਾਈ ਦੇ ਜਾਂਦਾ ਸੀ। ਸਾਡੇ ਪਿੰਡ ਦੀ ਗੁੱਠ 'ਚੋਂ ਆਉਂਦੀਆਂ ਹਵਾਵਾਂ ਨੇ ਸ਼ਾਇਦ ਉਸ ਨੂੰ ਸਾਡੇ ਆਉਣ ਦਾ ਸੁਨੇਹਾ ਪਹਿਲਾਂ ਹੀ ਦੇ ਦਿੱਤਾ ਹੋਣਾ। ਕਹਿੰਦੇ ਨੇ ਕਿ ਦੂਰੋਂ ਆਉਂਦੇ ਸੱਜਣਾਂ ਦੀ ਪੈੜਚਾਲ ਮਨ ਦੇ ਬੂਹੇ ਚਾਵਾਂ ਦੇ ਦੀਵੇ ਧਰ ਜਾਂਦੀ ਹੈ, ਤਾਹੀਓਂ ਖੁਸ਼ ਆਮਦੀਦ ਕਹਿਣ ਲਈ ਆਪਣਾ ਆਪਾ ਸਾਡੇ ਕਦਮਾਂ 'ਚ ਵਿਛਾਈ ਉਹ ਬੂਹੇ 'ਤੇ ਸ਼ਗਨਾਂ ਦਾ ਤੇਲ ਚੋਣ ਲਈ ਖੜ੍ਹੀ ਸੀ। 
           ਗਲਵਕੜੀਆਂ ਤੇ ਹੱਥ ਘੁੱਟਣੀਆਂ ਦੇ ਪ੍ਰਵਾਹ 'ਚ ਵਗਦੀ ਠੰਡੀ ਸੀਤ ਹਵਾ ਵੀ ਜਿਵੇਂ ਨਿੱਘੀ ਹੋ ਗਈ ਜਾਪਦੀ ਸੀ। ਉਸ ਦੀ ਬਗੀਚੀ 'ਚ ਲੱਗੇ ਫੁੱਲ -ਬੂਟਿਆਂ ਨੇ ਕੁਦਰਤ ਦੀ ਰੂਹ 'ਤੇ ਸਰੂਰ ਲਿਆਉਣ ਲਈ ਇੱਕ ਖ਼ਾਸ ਗੁਲਦਸਤਾ ਸਜਾਇਆ ਹੋਇਆ ਸੀ। ਉਸ ਦੇ ਚਿਹਰੇ ਤੋਂ ਖੁਸ਼ੀ ਤੇ ਚਾਅ ਦੇ ਫੁਹਾਰੇ ਫੁੱਟ ਰਹੇ ਸਨ। ਉਸ ਦੇ ਮੋਹਵੰਤੇ ਸ਼ਫਾਫ ਬੋਲ ਫਿਜ਼ਾ 'ਚ ਖਿਲਰ ਕਿਸੇ ਸੰਗੀਤਕ ਰਹਿਬਰੀ ਨੂੰ ਛੋਹ ਰਹੇ ਸਨ।ਨੈਣਾਂ 'ਚ ਤੈਰਦਾ ਹਾਸਾ ਫੁੱਲ ਕੇਰਦਾ ਲੱਗਿਆ। ਫਿਰ ਉਸ ਦੀ ਸੰਗਤ 'ਚ ਕੋਈ ਉਦਾਸ ਜਾਂ ਮੁਰਝਾਇਆ ਜਿਹਾ ਕਿਵੇਂ ਰਹਿ ਸਕਦੈ। 
          ਕਹਿੰਦੇ ਨੇ ਕਿ ਘਰ ਸਾਡੀਆਂ ਭਾਵਨਾਵਾਂ ਦਾ ਰਾਜ਼ਦਾਰ ਵੀ ਹੁੰਦੈ। ਉਸ ਦੇ ਘਰ ਦੀ ਦਹਿਲੀਜ਼ ਅੰਦਰ ਪੈਰ ਧਰਦਿਆਂ ਹੀ ਮੈਂ ਕਈ ਦਹਾਕੇ ਪਿਛਾਂਹ ਪਰਤ ਗਈ ਸੀ। ਓਥੇ ਪਈ ਹਰ ਵਸਤ ਸੁਚੱਜਤਾ ਨਾਲ ਸ਼ਿੰਗਾਰੀ ਸੰਵਾਰੀ ਕਿਸੇ ਅਜਾਇਬ ਘਰ ਦਾ ਨਜ਼ਾਰਾ ਪੇਸ਼ ਕਰ ਰਹੀ ਸੀ। ਪੁਸ਼ਤੈਨੀ ਵਿਰਾਸਤ ਦਾ ਪ੍ਰਤੀਰੂਪ ਸਾਂਭੀ ਬੀਤੇ ਕੱਲ ਦਾ ਹੁੰਗਾਰਾ ਭਰ ਰਹੀ ਸੀ। ਹਮੇਸ਼ਾਂ ਵਾਂਗ ਹਵਾ ਦੀ ਰੁਮਕਣੀ ਨਾਲ ਰਸੋਈ 'ਚੋਂ ਆਉਂਦੀ ਕੋਸੀ ਤੇ ਸੁਆਦ ਸੁਗੰਧ ਵਿਹੜਾ ਭਰ ਰਹੀ ਸੀ। ਇਹ ਮਹਿਕ ਤਾਂ ਮੇਰੇ ਜ਼ਿਹਨ 'ਚ ਓਦੋਂ ਦੀ ਘੁਲ਼ੀ ਹੋਈ ਹੈ ਜਦੋਂ ਅਸੀਂ ਇੱਕੋ ਸੰਸਥਾ 'ਚ ਕਾਰਜਸ਼ੀਲ ਸਾਂ। ਓਦੋਂ ਹੀ ਸਾਡੀ ਦੁਨਿਆਵੀ ਰਿਸ਼ਤੇ ਦੀ ਸਾਂਝ ਉਮਰਾਂ ਦੀ ਹੱਦ ਪਾਰ ਕਰਦੀ ਉਮਰੋਂ ਲੰਮੇਰੀ ਹੋ ਗਈ ਸੀ। ਕਹਿੰਦੇ ਨੇ ਕਿ ਰੂਹ ਦੀ ਬੱਤੀ ਨਾਲ ਦਿਲਾਂ 'ਚ ਚਿਰਾਗ ਜਗਾਉਣ ਵਾਲੇ ਆਪਣੇ ਸੁੱਚੇ ਚਾਨਣ ਨਾਲ ਦਿਲਾਂ 'ਚ ਸਾਂਝ ਦੇ ਪੁਲ ਉਸਾਰ ਲੈਂਦੇ ਨੇ। ਪਰ ਜੀਵਨ ਸਫ਼ਰ ਦੀ ਸਾਰਥਿਕਤਾ ਨੂੰ ਵਿਸਥਾਰਨ ਦੇ ਵੇਗ ਨੇ ਸਾਡੀਆਂ ਰਾਹਾਂ ਅੱਡੋ ਅੱਡਰੀਆਂ ਕਰ ਦਿੱਤੀਆਂ ਤੇ ਮੁੜ ਓਸ ਸਾਂਝੇ ਪੁਲ ਤੋਂ ਗੁਜ਼ਰਨਾ ਹੀ ਨਾ ਹੋਇਆ। 
     ਮਿੱਠੀਆਂ ਯਾਦਾਂ ਦੀ ਵਾੜ ਕਰਕੇ ਬਣਾਈ ਉਸ ਦੀ ਅਰਾਮ ਬਗੀਚੀ 'ਚ ਬੈਠ ਫਿਰ ਸ਼ੁਰੂ ਹੋਇਆ ਸਾਡੀਆਂ ਅਣਕਹੀਆਂ ਗੱਲਾਂ ਦਾ ਅਮੁੱਕ ਸਫ਼ਰ। ਉਸ ਦੇ ਬੋਲਾਂ 'ਚ ਤੇਜ਼ੀ ਤੇ ਸੁਰ ਸੁਭਾਵਿਕ ਨਾਲੋਂ ਉੱਚਾ ਸੀ। ਇਓਂ ਲੱਗਦਾ ਸੀ ਕਿ ਜਿਵੇਂ ਉਹ ਹਵਾ ਨੂੰ ਸ਼ਬਦਾਂ ਅਰਥਾਂ 'ਚ ਢਾਲਦੀ ਢਾਈ ਦਹਾਕਿਆਂ ਦੀ ਦਾਸਤਾਨ ਕੁਝ ਪਲਾਂ 'ਚ ਬਿਆਨ ਕਰ ਦੇਣ ਦੀ ਕੋਸ਼ਿਸ਼ 'ਚ ਹੋਵੇ। ਅਸੀਂ ਇੱਕ ਦੂਜੇ ਦੇ ਚੇਤਿਆਂ ਤੇ ਦੁਆਵਾਂ 'ਚ ਹਮੇਸ਼ਾਂ ਹੀ ਵੱਸੇ ਰਹੇ। ਆਪਣੇ ਆਪੇ ਨਾਲ ਤਾਂ ਇੱਕ ਦੂਜੇ ਦੀਆਂ ਬਾਤਾਂ ਪਾਉਂਦੇ ਰਹੇ ਪਰ ਇਹ ਮੋਹਵੰਤੇ ਅਹਿਸਾਸਾਂ ਨੂੰ ਕਦੇ ਸਾਂਝੇ ਨਾ ਕੀਤਾ । ਅੱਜ ਨਿੱਘ ਮਿਲਣੀ ਦੀ ਇਹ ਸੱਦ ਮੋਹ ਵਿਗੁੱਤੀ ਰੂਹ 'ਚੋਂ ਉੱਠ ਫਿਜ਼ਾ ਦੀ ਤਲੀ 'ਤੇ ਇੱਕ ਮੂਕ ਸੁਨੇਹਾ ਧਰ ਆਈ ਸੀ ਤੇ ਵਕਤੋਂ ਬੇ ਵਕਤ ਹੋਏ ਪਲਾਂ ਨੂੰ ਮੋੜ ਲਿਆਈ ਸੀ। 
       ਕਿਸੇ ਕਿਸੇ ਸਵਾਣੀ ਦੇ ਹੱਥਾਂ 'ਚ ਤਾਂ ਜਾਦੂਈ ਸਵਾਦ ਲਰਜ਼ਦੈ। ਉਨ੍ਹਾਂ ਹੱਥਾਂ ਨੂੰ ਚੁੰਮ ਮੱਥੇ ਲਾਈਏ ਜਿੰਨ੍ਹਾਂ ਹੱਥੀਂ ਮਿਲੇ ਸੁਆਦ। ਮੋਹ ਤੇ ਅਪਣੱਤ ਦਾ ਮਿੱਠਾ ਪਾ ਬਣਾਇਆ ਕੇਕ ਖਾਂਦਿਆਂ ਪਤਾ ਹੀ ਨਾ ਲੱਗਾ ਹਵਾਵਾਂ ਨੇ ਕਦੋਂ ਆਪਣਾ ਸਫ਼ਰ ਰੋਕ ਅੰਬਰ ਦੇ ਹਨ੍ਹੇਰੇ ਗੁੰਬਦ 'ਚ ਨਿੱਕੇ ਨਿੱਕੇ ਛੇਕ ਕਰ ਦਿੱਤੇ ਸਨ ਜਿੱਥੋਂ ਤਾਰੇ ਕਿਰਦੇ ਰਹੇ ਤੇ ਅਸੀਂ ਅਰਸਿਆਂ ਲੰਮੀ ਚੁੱਪ ਤੋੜਦਿਆਂ ਆਪਣੇ ਵਲਵਲਿਆਂ ਤੇ ਭਾਵਨਾਵਾਂ ਦੇ ਅਬੋਲ ਬੋਲਾਂ ਨਾਲ ਅਕੀਦਤੀ -ਇਬਾਦਤਾਂ ਸੰਗ ਝੋਲੀਆਂ ਭਰਦੇ ਰਹੇ। 

ਪੋਹ ਦੀ ਰਾਤ 
ਤਾਰਿਆਂ ਦੀ ਲੋਅ 'ਚ 
ਯਾਦ ਹੁੰਗਾਰੇ। 

ਡਾ ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 188 ਵਾਰ ਪੜ੍ਹੀ ਗਈ ਹੈ।

22 Feb 2017

ਗਜ਼ਲ

ਮੇਰੇ ਜਖਮਾਂ ਨੂੰ ਛੋਹ ਛੋਹ, ਵੇਖਣ ਦੀ ਕੀ ਲੋੜ ਏ 
ਸਾਰੀ ਉਮਰ ਅਜ਼਼ਮਾਇਆ ਪਰਖਣ ਦੀ ਕੀ ਲੋੜ ਏ

ਬਰੂਹਾਂ 'ਚ ਖਲੋ ਖਲੋ ਕੇ,ਉਡੀਕਦੇ ਸੀ ਜਿਹੜੇ
ਜਦ ਪਰਾਏ ਹੋ ਹੀ ਗਏ ਤਾਂ ਭੜਕਣ ਦੀ ਕੀ ਲੋੜ ਏ

ਜਦੋਂ ਰਾਜ਼ ਖੁੱਲ੍ਹ ਹੀ ਗਏ , ਮੁਹੱਬਤਾਂ ਦੇ ਬਹਿਕਾਂ 'ਚ
ਫਿਰ ਚੋਰੀ ਚੋਰੀ ਬੁੱਲਾਂ ਨੂੰ,ਫੜਕਣ ਦੀ ਕੀ ਲੋੜ ਏ

ਪਰਵਾਨੇ ਨੂੰ ਪਤਾ ਏ ਕਿ, ਮਰਨਾ ਏ ਆਖਰ ਸੜ ਕੇ
ਠੱਲ ਜਾ ਤੁਫਾਨਾਂ 'ਚ ਹੁਣ,ਜਰਕਣ ਦੀ ਕੀ ਲੋੜ ਏ

ਫੁੱਲਾਂ ਦਾ ਕੀ ਏ ਇਹ ਤਾਂ,ਘੜੀ ਪਲ ਦੇ ਪ੍ਰਾਹੁਣੇ 
ਬਦਨਾਮ ਹੁੰਦੇ ਕੰਡਿਆਂ ਨੂੰ ਰੜਕਣ ਦੀ ਕੀ ਲੋੜ ਏ 

ਜੋ ਆਉਂਦੇ ਨੇ ਖਾਬਾਂ 'ਚ,ਕਦੀ ਤਾਂ ਪਰਤਣਗੇ ਓਹ
"ਥਿੰਦ"  ਤੈਨੂੰ ਖਮਖਾ ,  ਭੜਕਣ ਦੀ ਕੀ ਲੋੜ ਏ

ਇੰਜ:ਜੋਗਿੰਦਰ ਸਿੰਘ "ਥਿੰਦ"
(ਸਿਡਨੀ)


ਨੋਟ : ਇਹ ਪੋਸਟ ਹੁਣ ਤੱਕ 35 ਵਾਰ ਪੜ੍ਹੀ ਗਈ ਹੈ।

21 Feb 2017

ਪੰਜਾਬੀ ਬੋਲੀ

Image may contain: textਕਿਵੇਂ ਭੁੱਲ ਸਕਦੇ ਹਾਂ ਅਸੀਂ ਆਪਣੀ ਮਾਂ ਨੂੰ ,
ਆਖਿਰ ਪੰਜਾਬੀ ਸਾਡੀ ਮਾਂ ਬੋਲੀ ਹੈ ।
ਆਓ ਪੰਜਾਬੀਓ ਆਪਣੀ ਮਾਂ ਬੋਲੀ ਦੇ ਹੱਕ 'ਚ ਪਹਿਰਾ ਦੇਈਏ, 

ਨਾ ਭੁੱਲਿਓ ਮਾਂ ਬੋਲੀ ਨੂੰ 
ਇਹ ਹੋਕਾ ਦੇਈਏ !
ਜਗਰੂਪ ਕੌਰ ਖ਼ਾਲਸਾ 
****************************************

ਪੰਜਾਬੀ ਬੋਲੀ ਦੇ ਹੱਕ 'ਚ ਪਹਿਰਾ ਦੇਣ ਵਾਲੇ ਇਹ ਹਨ ਜਗਰੂਪ ਕੌਰ ਖ਼ਾਲਸਾ ਭੈਣ ਜੀ। 
ਆਪ ਕੋਲ ਮੋਹ ਤੇ ਅਪਣੱਤ ਨਾਲ ਰਿਸ਼ਤਿਆਂ ਦੀ ਤੰਦ ਜੋੜਨ ਦੀ ਕਲਾ ਹੈ, ਤਾਹੀਓਂ ਤਾਂ ਆਪ ਨੇ ਸਾਡੀ ਇੱਕ ਸੁਭਾਵਿਕ ਜਿਹੀ ਗੱਲਬਾਤ ਨੂੰ ਐਨਾ ਮਹੱਤਵ ਦਿੱਤਾ ਕਿ ਮੈਨੂੰ ਨਿਸ਼ਬਦ ਕਰ ਦਿੱਤਾ। ਕੋਈ ਕਿਸੇ ਨੂੰ ਬਿਨਾਂ ਮਿਲੀਆਂ ਐਨਾ ਮੋਹ ਤੇ ਸਤਿਕਾਰ ਦੇ ਸਕਦੈ ਇਹ ਕਲਾ ਕੋਈ ਆਪ ਤੋਂ ਸਿੱਖੇ। ਮੇਰੇ ਸ਼ਬਦਾਂ ਨੂੰ ਐਨਾ ਮਾਣ ਦਿੱਤਾ ਜਿਸ ਸਾਹਵੇਂ ਧੰਨਵਾਦ ਜਿਹਾ ਸ਼ਬਦ ਬੌਣਾ ਜਾਪਦੈ। ਰੱਬ ਕਰੇ ਸਾਡੀ ਇਹ ਸਾਂਝ ਇੰਝ ਹੀ ਬਣੀ ਰਹੇ ਬੱਸ ਇਹੋ ਦੁਆ ਹੈ। 


ਹਰਦੀਪ 
ਨੋਟ : ਇਹ ਪੋਸਟ ਹੁਣ ਤੱਕ 174 ਵਾਰ ਪੜ੍ਹੀ ਗਈ ਹੈ।

19 Feb 2017

ਮਾਂ

ਰਾਤੀਂ ਸੁਪਨੇ 'ਚ 
ਮਾਂ ਮਿਲੀ !!!
ਤਲ਼ੀ 'ਤੇ 
ਕੁਝ ਪੈਸੇ ਰੱਖ ਬੋਲੀ !!
ਧੀਏ !!
ਸਿਆਣੀ ਬਣ 
ਧੀਆਂ ਦੀ ਮਾਂ ਐਂ !!
ਪੱਲਾ ਨਾ ਗੁਆਇਆ ਕਰ !!
ਕੁਝ ਪਰਦਾ ਵੀ ਰੱਖਿਆ ਕਰ !!
ਤੇ ਫਿਰ ਅਲੋਪ ਹੋ ਗਈ !!!
ਨਿਰਮਲ ਕੋਟਲਾ
ਨੋਟ : ਇਹ ਪੋਸਟ ਹੁਣ ਤੱਕ 160 ਵਾਰ ਪੜ੍ਹੀ ਗਈ ਹੈ।

18 Feb 2017

ਧਰਮ ਦਾ ਸੰਕਲਪ

Image may contain: one or more people, flower, nature and outdoor
ਧਰਮ ਦਾ ਸੰਕਲਪ ਦੋ ਤਰਾਂ ਨਾਲ ਪੀੜ੍ਹੀ ਦਰ ਪੀੜ੍ਹੀ ਅਪਣਾਇਆ ਜਾਂਦਾ ਹੈ। ਪਹਿਲਾ ਰਾਹ ਸਾਨੂੰ ਵਿਰਾਸਤ ਵਿੱਚੋਂ ਮਿਲਦਾ ਹੈ। ਇਸ ਰਾਹ ਦੀ ਜਾਗ ਸਾਨੂੰ ਮਾਪਿਆਂ ਅਤੇ ਚੌਗਿਰਦੇ ਨੇ ਲਾਈ ਹੁੰਦੀ ਹੈ ਅਤੇ ਇਸਦਾ ਮੁੱਖ ਅਧਾਰ ਵਿਸ਼ਵਾਸ਼ ਜਾਂ ਬੇਬਸੀ ਹੁੰਦਾ ਹੈ। ਉਸਦਾ ਸਰੋਤ ਜਾਂ ਤੇ ਪ੍ਰੇਰਨਾ ਹੁੰਦਾ ਹੈ ਜਾਂ ਠੋਸੀ ਗਈ ਸਮਾਜਿਕ ਜਾਂ ਧਾਰਮਿਕ ਪ੍ਰਵਿਰਤੀ ਹੁੰਦੀ ਹੈ। ਦੋਹਾਂ ਹਾਲਤਾਂ ਵਿੱਚ ਇਸ ਅਮਲ ਵਿੱਚ ਸਾਡੀ ਆਪਣੀ ਸੋਚ ਅਤੇ ਸੋਝੀ ਦੀ ਸਾਂਝ ਨਾ-ਮਾਤਰ ਹੀ ਹੁੰਦੀ ਹੈ। ਅਸੀਂ ਇਸ ਰੂਹਾਨੀ ਵਰਤਾਰੇ ਨੂੰ ਸਮਾਜਿਕ ਫ਼ਰਜ ਸਮਝ ਕੇ ਮੰਨ ਤੇ ਲੈਂਦੇ ਹਾਂ, ਪਰ ਸ਼ਾਇਦ ਉਹ ਕਦੇ ਵੀ ਸਾਡੀ ਰੂਹ ਦੀ ਭਾਵਨਾਂ ਅਤੇ ਮਾਨਸਿਕ ਪ੍ਰਾਪਤੀ ਦਾ ਹਿੱਸਾ ਨਹੀਂ ਬਣਦਾ । ਕਿਉਂਕਿ ਉਸਦਾ ਸਰੋਤ ਸਾਡਾ ਚਿੰਤਨ ਨਹੀਂ, ਸਗੋਂ ਬੇਹਾ ਅਨੁਭਵ ਹੁੰਦਾ ਹੈ, ਭਾਵੇਂ ਉਹ ਸਾਡੇ ਮਾਪਿਆਂ ਦਾ ਹੀ ਅਨੁਭਵ ਕਿਉਂ ਨਾ ਹੋਵੇ। ਇਸ ਮਾਰਗ ਦੇ ਮੁੱਲ ਦਾ ਅਹਿਸਾਸ ਬੜਾ ਘੱਟ ਹੁੰਦਾ ਹੈ, ਕਿਉਂਕਿ ਇਹ ਸਾਨੂੰ ਮੁਫ਼ਤ ਜਾਂ ਮੁਫ਼ਤ ਦੇ ਭਾਅ ਮਿਲਿਆ ਲੱਗਦਾ ਹੈ। ਇਹ ਸੰਭਵ ਹੈ ਕਿ ਕਿਸੇ ਹੋਰ ਸ਼ਖ਼ਸ ਨੇ ਉਸਦਾ ਬਹੁਤ ਹੀ ਮਹੱਤਵਪੂਰਨ ਮੁੱਲ ਤਾਰਿਆ ਹੋਵੇ, ਪਰ ਸਾਡਾ ਸਿੱਟਾ ਬਹੁਤੀ ਵਾਰੀ ਨਿੱਜ ਤੇ ਹੀ ਅਧਾਰਿਤ ਹੁੰਦਾ ਹੈ। ਦੂਜਾ ਰਾਹ ਸਾਡੇ ਆਪਣੇ ਅਨੁਭਵ, ਗਿਆਨ, ਖ਼ੋਜ ਅਤੇ ਚੋਣ ਦਾ ਨਤੀਜਾ ਹੁੰਦਾ ਹੈ। ਉਸ ਰਾਹ ਨੂੰ ਅਸੀਂ ਆਮ ਤੌਰ ਤੇ ਬਾਲਗ਼ ਉਮਰ ਜਾਂ ਪ੍ਰੋੜ ਅਵਸਥਾ ਵਿੱਚ ਚੁਣਦੇ ਹਾਂ। ਉਸਦਾ ਪ੍ਰੇਰਨਾ ਸਰੋਤ ਕੋਈ ਮਹਾਂਪੁਰਸ਼, ਨਿੱਜੀ ਖ਼ੋਜ, ਗੁਰੂ, ਫ਼ਲਸਫਾ ਜਾਂ ਰੂਹਾਨੀ ਅਨੁਭਵ ਵੀ ਹੋ ਸਕਦਾ ਹੈ । ਇਸ ਰਾਹ ਅਤੇ ਪਹਿਲੇ ਰਾਹ ਦਾ ਬੁਨਿਆਦੀ ਫ਼ਰਕ ਇਹ ਹੈ ਕਿ ਅਸੀਂ ਇਸ ਚੋਣ ਦੇ ਫ਼ੈਸਲੇ ਲਈ ਪ੍ਰਤੀਬੱਧਤਾ ਦੇ ਨਾਲ਼ ਨਾਲ਼ ਆਪਣੀ ਜ਼ੁੰਮੇਵਾਰੀ ਨੂੰ ਵੀ ਪ੍ਰਵਾਨ ਕਰਦੇ ਹਾਂ। ਇਸ ਮਾਰਗ ਦੀ ਚੋਣ ਕਰਨ ਵਾਲ਼ਾ ਬਹੁਤੀ ਵਾਰੀ ਸਮਾਜਿਕ ਪ੍ਰਵਾਨਗੀ ਦੀ ਪ੍ਰਵਾਹ ਨਹੀਂ ਕਰਦਾ। ਕਿਉਂਕਿ ਇਸ ਮਾਰਗ ਦਾ ਸੰਕਲਪ ਹੀ ਸਮਾਜਿਕ ਰਹੁ ਰੀਤਾਂ ਦੇ ਵਿਰੋਧ ਵਿੱਚੋਂ ਪੈਦਾ ਹੁੰਦਾ ਹੈ। ਇਸ ਸਫ਼ਰ ਦਾ ਪਾਂਧੀ ਸਮਾਜਿਕ ਮੁੱਖ ਧਾਰਾ ਨਾਲੋਂ ਟੁੱਟ ਕੇ ਵੀ ਆਪਣੇ ਆਪ ਨੂੰ ਅੱਧਾ ਜਾਂ ਅਧੂਰਾ ਨਹੀਂ ਸਮਝਦਾ ਬਲਕਿ ਆਪਣੇ ਫ਼ੈਸਲੇ ਉੱਤੇ ਤਸੱਲੀ ਅਤੇ ਫ਼ਖਰ ਮਹਿਸ਼ੂਸ ਕਰਦਾ ਹੈ। ਕਿਉਂਕਿ ਇਸ ਚੋਣ ਲਈ ਅਤੇ ਚੋਣ ਦੇ ਸਿੱਟਿਆਂ ਲਈ ਸਿਰਫ਼ ਅਤੇ ਸਿਰਫ਼ ਉਸਦੀ ਆਪਣੀ ਜ਼ੁੰਮੇਵਾਰੀ ਹੁੰਦੀ ਹੈ। ਦੁਨੀਆਂ ਦੇ ਬਹੁਤ ਸਾਰੇ ਹਿੰਮਤੀ ਇੰਨਸਾਨਾਂ ਨੇ ਇਸ ਦੂਜੇ ਰਾਹ ਦੀ ਚੋਣ ਕਰਕੇ ਬਹੁਤ ਹੀ ਨਵੇਂ ਨਰੋਏ, ਵਿਗਿਆਨਿਕ, ਵਿਵਹਾਰਿਕ ਅਤੇ ਮਾਨਵੀ ਕਲਿਆਣ ਵਾਲ਼ੇ ਕੀਰਤੀਮਾਨ ਸਿਰਜੇ ਹਨ।
ਅਮਰੀਕ ਪਲਾਹੀ 

ਨੋਟ : ਇਹ ਪੋਸਟ ਹੁਣ ਤੱਕ 48 ਵਾਰ ਪੜ੍ਹੀ ਗਈ ਹੈ।

15 Feb 2017

ਪੈਰਾਂ ਦਾ ਸਫ਼ਰ


ਕੁੱਕੜ ਬਾਂਗ ਨਾਲ ਹੀ ਉਹ ਉੱਠ ਖੜੋਂਦਾ। ਸਿਲਵਰ ਦੇ ਡੋਲੂ 'ਚ ਬੱਕਰੀਆਂ ਦਾ ਦੁੱਧ ਚੋਂਦਾ ਤੇ ਫੇਰ ਚਿੱਬੀ ਜਿਹੀ ਪਤੀਲੀ 'ਚ ਚਾਹ ਧਰ ਆਪਣੇ ਬੇਲੀ ਨੂੰ ਜਗਾਉਂਦਾ।ਰਾਤ ਦੀ ਬਚੀ ਮਿੱਸੀ ਰੋਟੀ ਬੇਬੇ ਪਰਨੇ ਦੇ ਲੜ ਬੰਨ੍ਹ ਦਿੰਦੀ। ਜਦੋਂ ਨੱਤੀਆਂ ਵਾਲਾ ਗੱਭਰੂ ਮੋਢੇ 'ਤੇ ਢਾਂਗੀ ਧਰ ਲੈਂਦਾ ਤਾਂ ਖੁੱਲ੍ਹੇ ਅੰਬਰ ਥੱਲੇ ਬਣੇ ਵਾੜੇ 'ਚ ਫਿਰਦੀਆਂ ਬੱਕਰੀਆਂ ਨੂੰ ਵੀ ਜਿਵੇਂ ਸੂਹ ਜਿਹੀ ਲੱਗ ਜਾਂਦੀ ਕਿ ਹੁਣ ਤੁਰਨ ਦਾ ਵੇਲ਼ਾ ਹੋ ਗਿਆ। ਬੱਕਰੀਆਂ ਵਾਹੋ -ਧਾਹੀ ਕਦੇ ਜ਼ਮੀਨ 'ਚ ਗੱਡੇ ਕੰਡਿਆਲੇ ਝਾਫਿਆਂ ਵਾਲੀ ਕੰਧ ਵੱਲ ਭੱਜਦੀਆਂ ਤੇ ਕਦੇ ਵਾੜੇ ਨੂੰ ਲੱਗੇ ਫਾਟਕ ਵੱਲ। ਉਹ ਦੋਵੇਂ ਟੁਅਰਰਰ- ਟੁਅਰਰਰ ਬੋਲਦੇ ਬੱਕਰੀਆਂ ਨੂੰ ਚਾਰਨ ਤੁਰ ਪੈਂਦੇ। ਸੂਰਜ ਦੀ ਟਿੱਕੀ ਚੜ੍ਹਨ ਤੱਕ ਉਹ ਕਈ ਕੋਹਾਂ ਦਾ ਪੈਂਡਾ ਮਾਰ ਲੈਂਦੇ। ਕਹਿੰਦੇ ਨੇ ਕਿ ਜਿਵੇਂ ਕੋਈ ਵੀ ਪੰਛੀ ਦਿਨ ਵੇਲ਼ੇ ਆਪਣੇ ਆਲ੍ਹਣੇ 'ਚ ਟਿਕਿਆ ਬੈਠਾ ਨਹੀਂ ਰਹਿੰਦਾ ਸਗੋਂ ਚੋਗੇ ਦੀ ਭਾਲ 'ਚ ਧਰਤੀ ਗਾਹ ਮਾਰਦੈ। ਇਸੇ ਤਰਾਂ ਉਹ ਦੋਵੇਂ ਵੀ ਸਾਰਾ ਦਿਨ ਛੜੱਪੇ ਮਾਰਦੇ ਨਿਰਛੱਲ ਹਾਸਾ ਹੱਸਦੇ ਬੱਕਰੀਆਂ ਨੂੰ ਉਜਾੜਾਂ, ਸ਼ਾਮਲਾਟਾਂ,ਰੋਹੀਆਂ, ਝਿੜੀਆਂ ਤੇ ਵਣ -ਵਣ ਚਾਰਨ ਲਈ ਲੈ ਜਾਂਦੇ ਤੇ ਆਥਣੇ ਘਰ ਮੁੜਦੇ। 
     ਸਿਖਰ ਦੁਪਹਿਰੇ ਨਹਿਰ ਜਾਂ ਕਿਸੇ ਸੂਏ ਦੇ ਕੰਢੇ ਰੁੱਖ ਦੀ ਸੰਘਣੀ ਛਾਂ ਥੱਲੇ ਬਹਿ ਰੋਟੀ ਖਾ ਲੈਂਦੇ। ਡੇਕਾਂ, ਕਿੱਕਰਾਂ ,ਬੇਰੀਆਂ ਜਾਂ ਤੂਤਾਂ ਦੀਆਂ ਲਗਰਾਂ ਵੱਢ ਕੇ ਮੇਮਣਿਆਂ ਨੂੰ ਪਾਉਣਾ ਉਹਨਾਂ ਦਾ ਨਿੱਤ ਦਾ ਕਰਮ ਸੀ। ਬੱਕਰੀਆਂ ਆਪੇ ਹੀ ਲੁੰਗ ਨੂੰ ਮੂੰਹ ਮਾਰਨ ਲੱਗ ਜਾਂਦੀਆਂ। ਓਥੇ ਹੀ ਇੱਟਾਂ ਦਾ ਚੁੱਲ੍ਹਾ ਬਣਾ ਚਾਹ ਧਰ ਲੈਂਦੇ। ਮੇਮਣਿਆਂ ਨੂੰ ਬੱਕਰੀਆਂ ਤੋਂ ਪਰਾਂ ਧਕੇਲਦਾ ਆਪਣੇ ਹੀ ਲੋਰ 'ਚ ਗੱਲਾਂ ਕਰਦਾ ਕਦੇ ਕਦੇ ਉਹ ਕਹਿੰਦਾ, "ਐਵੇਂ ਸੁੰਘ -ਸੁੰਘ ਢਿੱਡ ਨੀ ਭਰਨਾ ਥੋਡਾ ! ਓਏ ਮਾਰ ਲਓ ਲੁੰਗ ਨੂੰ ਮੂੰਹ ਹੁਣ ਤਾਂ , ਫੇਰ ਆਖੋਂਗੇ ਬਈ ਸਾਡੇ ਵੰਡੇ ਦੇ ਦੁੱਧ ਦੀ ਚਾਹ ਆਪ ਈ ਡੱਫਗੇ।" ਜਦੋਂ ਸਾਰਾ ਇੱਜੜ ਸੁਸਤਾਉਣ ਲਈ ਬਹਿ ਜਾਂਦਾ ਤਾਂ ਉਹ ਤੱਤੀ -ਤੱਤੀ ਚਾਹ ਦੇ ਸੜਾਕੇ ਮਾਰ ਮੁੜ ਚੁਸਤੀ ਫ਼ੜ ਲੈਂਦੇ। ਕਹਿੰਦੇ ਨੇ ਕਿ ਬੱਕਰੀ ਦੇ ਤਾਜ਼ੇ ਦੁੱਧ ਦੀ ਗੁੜ ਵਾਲੀ ਚਾਹ ਦਾ ਸੁਆਦ ਵੀ ਵੱਖਰਾ ਹੀ ਹੁੰਦੈ ਜਦੋਂ ਬਾਟੀਆਂ 'ਚ ਪਾ ਕੇ ਸੜਾਕੇ ਮਾਰ -ਮਾਰ ਪੀਤੀ ਜਾਵੇ। 
    ਤਿੱਖੀ ਧੁੱਪ ਨਾਲ ਉਨ੍ਹਾਂ ਦੇ ਸੰਵਲਾਏ ਰੰਗ ਟੋਬੇ ਦੇ ਘਸਮੈਲੇ ਪਾਣੀਆਂ 'ਚ ਘੁਲ ਅਠਖੇਲੀਆਂ ਕਰਦੇ ਜਿਵੇਂ ਕਹਿ ਰਹੇ ਹੋਣ, " ਇਹ ਬੱਕਰੀਆਂ ਦਾ ਇੱਜੜ ਨਹੀਂ ਸਾਡੇ ਟੱਬਰ ਦੇ ਜੀਅ ਨੇ, ਤਾਹੀਓਂ ਤਾਂ ਅਸੀਂ ਇਨ੍ਹਾਂ ਨੂੰ ਕਦੇ ਬੰਨਦੇ ਨਹੀਂ। ਸਾਡੇ ਪਿੰਡੇ ਦੀ ਗੰਧ ਤੋਂ ਚੰਗੀ ਤਰ੍ਹਾਂ ਜਾਣੂ ਨੇ ਇਹ ਪਠੋਰ ਤੇ ਅਸੀਂ ਇਨ੍ਹਾਂ ਤੋਂ।  ਇਹ ਸਾਡੇ ਨਾਲ ਹੀ ਜੇਠ -ਹਾੜ ਦੀਆਂ ਧੁੱਪਾਂ ਤੇ ਪੋਹ -ਮਾਘ ਦੇ ਕੱਕਰਾਂ ਨੂੰ ਹੰਢਾਉਂਦੀਆਂ  ਨੇ। ਜਾਣੋ ਸਾਡੇ ਨਾਲ ਈ ਰਹਿੰਦੀਆਂ ਨੇ, ਜਿਉਂਦੇ ਜਗਤ ਦਾ ਪਸਾਰਾ ਨੇ। ਪੈਰਾਂ ਦੇ ਸਫ਼ਰ ਦੇ ਰਾਹੀ ਆਪਣੇ ਅਮੁੱਕ ਸਫ਼ਰ ਦੀ ਉਘੜਵੀਂ ਲਕੀਰ ਉਮਰਾਂ ਦੀ ਵਹੀ 'ਤੇ ਪਾਉਂਦੇ ਇਹ ਦਰਵੇਸ਼ ਕੁਦਰਤ ਦੀ ਚਿਰ ਸਥਾਈ ਹੋਂਦ ਦਾ ਅੱਜ ਵੀ ਮੰਗਦੇ ਨੇ ਵਰਦਾਨ। 

ਛਿਪਦੀ ਟਿੱਕੀ 
ਬੱਕਰੀਆਂ ਤੇ ਅਸੀਂ 
ਘਰ ਨੂੰ ਮੁੜੇ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 195 ਵਾਰ ਪੜ੍ਹੀ ਗਈ ਹੈ।

14 Feb 2017

ਜ਼ਿੰਦਗੀ

ਕਿਹੜੇ ਲਫ਼ਜ਼ੀਂ ਗੱਲ ਕਰਾਂ ਮੈਂ 
ਤੇਰੇ ਮਨ ਨੂੰ ਭਾਵੇ ।
ਕਿਹੜੀ ਤੱਕਣੀ ਤੱਕਾਂ ਤੈਨੂੰ
ਤੇਰੇ ਧੁਰ ਅੰਦਰ ਲਹਿ ਜਾਵੇ ।
ਸੱਜ ਸੰਵਰ ਕੇ ਬੈਠੀ ਹਾਂ ਮੈਂ
ਕਈ ਨਜ਼ਰਾਂ ਤੋਂ ਬਚਦੀ ,
ਗਲੀ ਮੇਰੀ 'ਚੋਂ ਲੰਘੇ ਜੇ ਤੂੰ ,
ਨਜ਼ਰ ਤੇਰੀ ਪੈ ਜਾਵੇ ।
ਤਿੰਨ ਪਹਿਰ ਦੀ ਜ਼ਿੰਦਗੀ ਗੁਜ਼ਰੀ
ਤੇਰੇ ਚਿੱਤ ਨਾ ਆਈ ,
ਚੌਥੇ ਪਹਿਰ ਦੀ ਜ਼ਿੰਦਗੀ ਔਖੀ
ਆਉਂਦੀ ਰਾਤ ਡਰਾਵੇ ।
ਚਿੜੀਆਂ ਨੇ ਸਭ ਚੋਗਾ ਚੁਗ ਕੇ
ਗਈਆਂ ਮਾਰ ਉਡਾਰੀ ,
ਖਾਲੀ ਧੁੱਪ ਨੇ ਚੁੱਪ ਖਿਲਾਰੀ
ਪਿੰਡਾ ਮੇਰਾ ਖਾਵੇ ।
ਪਾਟੀ ਚੁੰਨੀ ਕਿੰਝ ਮੈਂ ਸੀਵਾਂ
ਥਾਂ ਥਾਂ ਤੋਂ ਹੈ ਪਾਟੀ ,
ਪੱਤ ਢੱਕਣ ਲਈ ਸੂਹਾ ਸਾਲੂ
ਸਿਰ ਦਾ ਸਾਈਂ ਲਿਆਵੇ ।
ਚਲੋ ਚੱਲੀ ਦੇ ਮੇਲੇ ਅੰਦਰ
ਮੇਰੀ ਜ਼ਿੰਦ  ਇੱਕਲੀ ,
ਕੋਠੇ ਚੜ ਕੇ ਝਾਤੀ ਮਾਰਾਂ
ਤਨ ਨੂੰ ਮਨ ਜਦ ਖਾਵੇ ।
ਸਬਕ ਜੀਉਣ ਦਾ ਕਿੱਥੋਂ ਪੜ ਲਾਂ
ਕਿਹੜੀ ਪੁਸਤਕ ਲਿਖਿਆ ,
ਸੱਚ ਜ਼ਿੰਦਗੀ ਦਾ ਜ਼ਿੰਦਗੀ ਜਾਣੇ
ਜਿਹੜੀ ਸੱਚ ਹੰਢਾਵੇ ।


ਦਿਲਜੋਧ ਸਿੰਘ 
(ਯੂ ਐਸ ਏ )
ਨੋਟ : ਇਹ ਪੋਸਟ ਹੁਣ ਤੱਕ 80 ਵਾਰ ਪੜ੍ਹੀ ਗਈ ਹੈ।

12 Feb 2017

ਤੇਰੀ ਖ਼ੁਸ਼ੀ ਲਈ

Surjit Bhullar's Profile Photo, Image may contain: 1 personਮੇਰੀ ਜਾਨ ਤੋਂ ਪਿਆਰੇ,
ਤੂੰ ਤੇ ਮੁਨਾਦੀ ਕਰ ਕੇ,
ਆਪਣੇ ਮਨ ਦਾ ਭਾਰ ਹੌਲਾ ਕਰ ਲਿਆ।
ਆਪਣੇ ਮੋਹ ਭਰੇ ਰਿਸ਼ਤੇ ਦੀ
ਅਧਿਕਾਰਤ ਦਸਤਾਵੇਜ਼ੀ ਗੰਢ ਖ਼ੋਲ ਕੇ।
ਖ਼ੁਦ ਨੂੰ ਨਾਇਕ ਬਣਾ ਕੇ,ਜੱਗ ਨੂੰ ਦਿਖਾ ਕੇ।
.
ਮੈਂ ਤੇਰੀ ਖ਼ੁਸ਼ੀ ਲਈ,ਤਸੱਲੀ ਲਈ
ਆਪਣੇ ਕੰਬਦੇ ਹੱਥਾਂ ਦੀਆਂ ਅਭਾਗੀਆਂ
ਕਿਸਮਤ ਲਕੀਰਾਂ ਨੂੰ ਛੁਹ ਕੇ
ਸਭ ਸਵੀਕਾਰ ਕਰ ਲਿਆ।
ਦਿਲ ਤੇ ਪੱਥਰ ਧਰ ਲਿਆ।
.
ਇਹ ਠੀਕ ਹੈ,
ਤੂੰ ਨਹੀਂ ਸੀ ਮੰਨਿਆ, ਜੋ ਮੈਂ ਚਾਹਿਆ।
ਅੰਤ ਮੈਂ ਹੀ ਮੰਨਿਆ, ਜੋ ਤੂੰ ਚਾਹਿਆ।
ਤੇਰੀ ਖ਼ੁਸ਼ੀ ਲਈ,ਆਪਣੇ ਪਿਆਰ ਲਈ।
ਜੇ ਆਪਸੀ ਸਹਿਮਤੀ ਨਾ ਤਿੜਕਦੀ
ਤਾਂ ਆਪਣਾ ਇਹ ਰਿਸ਼ਤਾ
ਕਾਗ਼ਜ਼ ਦੇ ਪੰਨੇ ਤੇ
ਅੱਜ ਸਿਸਕਦਾ,ਸਹਿਕਦਾ ਤੇ ਤੜਪਦਾ ਨਾ ਮਰਦਾ।
.
ਹੁਣ ਆਪਾਂ ਦੋਵੇਂ ਹੀ ਅਜਨਬੀ ਹੋ ਚੁੱਕੇ ਹਾਂ।
ਇੱਕ ਦੂਜੇ ਤੋਂ ਅਣਜਾਣ।
ਕਾਗ਼ਜ਼ ਤੇ ਕੀਤੇ ਆਪਣੇ ਹਸਤਾਖ਼ਰ
ਟੁੱਟੇ ਰਿਸ਼ਤੇ ਦਾ ਇਜ਼ਹਾਰ ਕਰਦੇ ਨੇ।
.
ਮੇਰੇ ਹਮਰਾਜ਼!
ਮੇਰੀ ਨਿਗਾਹ ਤਾਂ ਹੁਣ ਵੀ ਹਮੇਸ਼ਾ
ਉੁਸੇ ਥਾਂ 'ਤੇ ਹੀ ਟਿਕੀ ਰਿਹਾ ਕਰੂ
ਜਿੱਥੇ ਕਦੇ ਤੂੰ ਕੋਹ-ਏ-ਤੂਰ ਤੇ ਜਲਵਾ ਦਿਖਾ
ਮੇਰਾ ਰੱਬ ਬਣ ਦਿਸਿਆ ਸੀ।
ਅੱਜ ਵੀ ਤੇਰੇ ਉਹ ਪੈਰ ਚਿੰਨ੍ਹ
ਮੇਰੇ ਦੁਖੀ ਦਿਲ ਲਈ ਤਸਕੀਨ ਨੇ।
ਮੇਰੇ ਭਰੇ ਮਨ ਦੇ ਯਕੀਨ ਨੇ।

ਮੇਰੀ ਜਾਨ ਤੋਂ ਪਿਆਰੇ !
ਤੇਰੀ ਖ਼ੁਸ਼ੀ ਲਈ।

-0-
ਸੁਰਜੀਤ ਸਿੰਘ ਭੁੱਲਰ

ਨੋਟ : ਇਹ ਪੋਸਟ ਹੁਣ ਤੱਕ 69 ਵਾਰ ਪੜ੍ਹੀ ਗਈ ਹੈ।

10 Feb 2017

ਜੁਗਨੂੰਆਂ ਦੀ ਉਡੀਕ

Surjit Bhullar's Profile Photo, Image may contain: 1 personਮਨ ਬਹੁਤ ਖ਼ੁਸ਼ ਸੀ-

ਜਿਸ ਦਿਨ ਉਸ ਮੇਰੀਆਂ  ਅੱਖਾਂ ਵਿਚਲੇ ਜੁਗਨੂੰਆਂ ਨਾਲ ਨੱਚ ਨੱਚ

ਮੇਰੇ ਦਿਲ ਦੀ ਬੰਜਰ ਧਰਤੀ ਉੱਤੇ ਪਿਆਰ ਦੇ ਬੀ ਖਿਲਾਰੇ ਸਨ।

.

ਮੈਂ ਪਿਆਰ ਦੇ ਫੁੱਲਾਂ ਦੀ ਆਮਦ ਦੀ ਆਸ ਲਾ

ਦਿਨ ਰਾਤ ਮੁਹੱਬਤ ਦੇ ਗੀਤ ਲਿਖਦਾ ਰਹਿੰਦਾ ਸੀ ।

.
ਇੱਕ ਦਿਨ ਉਸ ਨੇ ਪੁੱਛ ਹੀ ਲਿਆ -
'ਝੱਲਿਆਂ,ਤੈਨੂੰ ਪਿਆਰ ਦਾ ਐਨਾ ਝੱਲ ਕਿਵੇਂ ਚੜ੍ਹਿਆ?'
.
ਮੈਂ ਹੱਸਦਿਆਂ ਕਿਹਾ ਸੀ -
'ਝੱਲੀਏ!ਜਿਸ ਦਿਨ ਤੂੰ ਮੇਰੀਆਂ ਅੱਖਾਂ ਦੇ ਜੁਗਨੂੰਆਂ ਸੰਗ ਨੱਚੀ ਸੀ।'

ਉਹ ਝੇਪ ਕੇ ਬੋਲੀ-'ਭੋਲਿਆ,ਕੀ ਤੂੰ ਇਹ ਜੁਗਨੂੰ ਮੈਨੂੰ ਦੇ ਸਕਦਾ?'
.
'ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਲੈ ਜਾ।' ਮੇਰਾ ਅੰਦਰਲਾ ਰਾਂਝਾ ਬੋਲਿਆ ਸੀ।
.
ਸ਼ਰਮ ਭਰੀ ਤੱਕਣੀ ਦੀ ਜੁਗਨੂੰਆਂ ਸੰਗ ਮਿਲਣੀ ਹੋਈ।
.
ਖੀਵੇ ਦਿਲ ਨੇ ਜੁਗਨੂੰਆਂ ਨੂੰ ਹੀ ਨਹੀਂ, ਆਪਾ ਵੀ ਅਰਪਿਤ ਕਰ ਦਿੱਤਾ ਸੀ।
- -

ਹੁਣ ਮਨ ਬਹੁਤ ਉਦਾਸ ਰਹਿੰਦਾ।
ਦਿਨ ਰਾਤ ਉਡੀਕਦਾ ਰਹਿੰਦਾ।
'ਉਹ ਨੂੰ'
ਆਪਣੇ ਦਿਲ ਨੂੰ,
ਅਤੇ ਜੁਗਨੂੰਆਂ ਨੂੰ।

ਸੁਰਜੀਤ ਸਿੰਘ ਭੁੱਲਰ-09-02-2016/17

ਨੋਟ : ਇਹ ਪੋਸਟ ਹੁਣ ਤੱਕ 89 ਵਾਰ ਪੜ੍ਹੀ ਗਈ ਹੈ।

8 Feb 2017

ਸਰਦਲ

Image result for mum and daughter sketchਮਾਂ 
ਤੇਰੇ ਮਨ ਦੀ ਸਰਦਲ 'ਤੇ 
ਬਲਦੇ ਦੀਵਿਆਂ 'ਚੋਂ
ਬੋਚ ਬੋਚ ਕੁਝ ਦੀਵੇ
ਧਰ ਲਏ ਅਸਾਂ ਵੀ 

ਸਾਡੀ ਹਨ੍ਹੇਰੀ ਸਰਦਲ 'ਤੇ
ਤੇਰੀ ਸਰਦਲ ਦੇ ਅੰਦਰ
ਸੱਤਰੰਗੀਆਂ ਰਿਸ਼ਮਾਂ ਬਿਖਰੀਆਂ ਨੇ 

ਸਹਿਜ ਸੁਹਜ ਸੁਹਿਰਦਤਾ
ਸੰਜਮ ਸੰਤੋਖ ਸਲੀਕਾ
ਅਤੇ ਤੇਰੀ ਸਹਿਣਸ਼ੀਲਤਾ ਦੀ ਛੋਹ ਨਾਲ 

ਧੁਰ ਅੰਦਰ ਕੋਈ
ਰਾਹ ਇਲਾਹੀ ਛਿੜਿਆ ਏ 

ਤੇਰੀਆਂ ਅਸੀਸਾਂ ਦੀ ਆਬਸ਼ਾਰ ਸਾਹਵੇਂ
ਨਤਮਸਤਕ ਹੋ ਹੋ
ਅਸਾਂ ਸੱਖਣੀਆਂ ਝੋਲੀਆਂ ਭਰ ਲਈਆਂ !


ਡਾ ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 103 ਵਾਰ ਪੜ੍ਹੀ ਗਈ ਹੈ।

7 Feb 2017

ਸਫਰ

ਰਾਜਸਥਾਨ ਰਾਜਿਆਂ ਦੀ ਧਰਤੀ। ਇਸ ਧਰਤੀ ਲਈ ਮੇਰੇ ਦਿਲ ‘ਚ ਮੋਹ ਤੇ ਸਤਿਕਾਰ ਏ ਇਸ ਲਈ ਨਹੀਂ ਕਿ ਇਹ ਧਰਤ ਕਦੇ ਰਾਜਿਆਂ ਦਾ ਸਥਾਨ ਸੀ ਸਗੋਂ ਇਸ ਲਈ ਕਿ ਇੱਥੋਂ ਦੇ ਲੋਕ ਬਹੁਤ ਸਹਿਜ ਤੁਰਦੇ ਨੇ। ਜਿੰਦਗੀ ਜਿਵੇਂ ਮਟਕ ਮਟਕ ਤੁਰਦੀ ਹੋਵੇ ਇਹਨਾਂ ਨਾਲ । 
ਮੈਂ ਇਹਨਾਂ ਟਿੱਬਿਆਂ ਕਰੀਰਾਂ ਨੂੰ ਮਿਲ ਖੁਸ਼ੀ ਨਾਲ ਭਰ ਜਾਂਦਾ, ਵਿਸਮਾਦ ਨਾਲ ਭਰ ਜਾਂਦਾ । ਰੇਤੀਲੇ ਰਾਵਾਂ ‘ਤੇ ਉੱਗੇ ਵਣ, ਕਰੀਰ, ਝਾੜੀਆਂ ਜਿਵੇਂ ਜੀ ਆਇਆ ਨੂੰ ਆਖਦੇ ਹੋਣ। ਟਿੱਬਿਆਂ ਦੇ ਵਿਚਕਾਰ ਇੱਕ ਦੂਜੀਆਂ ਤੋਂ ਦੂਰ ਦੂਰ ਕੱਲਮ-ਕੱਲੀਆਂ ਢਾਣੀਆਂ (ਘਰਾਂ) ਨੂੰ ਵੇਖ ਹੈਰਾਨ ਹੁੰਦਾ ਆਪਣੇ ਆਪ ਨੂੰ ਆਖਦਾ,"ਕਿਹੋ ਜਿਹੇ ਲੋਕ ਨੇ,ਨਾ ਰੱਬ ਨਾਲ ਤੇ ਨਾ ਹੀ ਕੁਦਰਤ ਨਾਲ ਕੋਈ ਸ਼ਿਕਵਾ ।” 

ਸਰ੍ਹੋਂ ਦੇ ਖੇਤ ਸੱਜ ਸਵਰ ਗਏ ਨੇ।  'ਕੱਲੇ 'ਕੱਲੇ ਸਰ੍ਹੋਂ ਦੇ ਬੂਟੇ ਨੇ ਮੱਥੇ ਫੁੱਲ ਸਜਾ ਲਏ ਨੇ । ਰੇਤ ‘ਚ ਦੱਬੇ ਛੋਲਿਆਂ ਦੇ ਬੀਆਂ ਨੇ ਵੀ ਹਰੇ ਭਰੇ ਬੂਟਿਆਂ ਦਾ ਰੂਪ ਧਾਰ ਸਿਰ ‘ਤੇ ਫੁੱਲਾਂ ਦਾ ਤਾਜ ਸਜਾ ਲਿਆ। ਬੱਸ ਇੱਕ ਮੀਂਹ ਤੇ ਫੇਰ ਅਨੰਦ ਹੀ ਅਨੰਦ , ਸਿਖਰਲਾ ਅਨੰਦ । ਕਿਰਸਾਣ ਦੀ ਮਿਹਨਤ ਤੇ ਸਬਰ ਨੂੰ ਮੇਰਾ ਸਜਦਾ। 

ਆਪਣੇ ਘਰ ਸੁੱਖਾਂ ਦੀ ਕੁੱਲੀ ਵੱਲ ਵਾਪਸ ਪਰਤ ਰਿਹਾ ਰੇਲ ਗੱਡੀ ‘ਚ। ਪਰ ਅਜੇ ਵੀ ਰੇਤ ਦੇ ਟਿੱਬੇ, ਕਰੀਰ, ਝਾੜੀਆਂ ਜਿਵੇਂ ਮੇਰੇ ਨਾਲ ਨਾਲ ਤੁਰ ਰਹੇ ਹੋਣ। ਗੱਡੀ ਦੇ ਨਾਲ ਨਾਲ ਭੱਜ ਰਹੇ ਹੋਣ। ਰੇਲ ਗੱਡੀ ਤੋਂ ਬਾਹਰ ਵੇਖ ਮੈਂ ਤਾਂ ਇੰਝ ਹੀ ਮਹਿਸੂਸ ਕਰ ਰਿਹਾ ਸੀ । ਮੇਰੇ ਆਪਣੇ ਦਿਲੋਂ ਮੇਰੇ ਆਪਣੇ ਆਪ ਲਈ ਇਹੀ ਅਸੀਸ, ‘ ਪੈਰਾਂ ਨੂੰ ਨਵੇਂ ਨਵੇਂ ਸਫਰ ਮੁਬਾਰਕ ਹੋਣ।"

ਰੇਤ ਦੇ ਟਿੱਬੇ 
ਅੱਕ ਕਰੀਰ ਵਣ 
ਤੁਰਨ ਨਾਲ ! 

       
  ਬਾਜਵਾ ਸੁਖਵਿੰਦਰ
  ਪਿੰਡ- ਮਹਿਮਦ ਪੁਰ 
 ਪਟਿਆਲਾ 

ਨੋਟ : ਇਹ ਪੋਸਟ ਹੁਣ ਤੱਕ 155 ਵਾਰ ਪੜ੍ਹੀ ਗਈ ਹੈ।

ਨਵਾਂ ਸਾਲ ਮੁਬਾਰਕ !

Image result for 2017
ਸਫ਼ਰਸਾਂਝ ਵੱਲੋਂ ਆਪਣੇ ਸਾਰੇ ਪਾਠਕਾਂ ਨੂੰ ਨਵਾਂ ਸਾਲ ਮੁਬਾਰਕ ! ਸਾਲ 2017 ਨੇ ਤਾਂ  ਸਾਡੇ ਬੂਹੇ ਕਦੋਂ ਦੀ ਦਸਤਕ ਦੇ ਦਿੱਤੀ ਹੈ। ਨਵੇਂ ਸਾਲ ਦੇ ਸੂਹੇ ਸੂਰਜ ਦੀਆਂ ਕਿਰਨਾਂ ਤੁਹਾਡੇ ਵਿਹੜਿਆਂ 'ਚ ਘਰ ਚਾਨਣ ਖਿਲਾਰ ਰਹੀਆਂ ਨੇ ।ਬਦਲਾਅ ਕੁਦਰਤ ਦਾ ਨਿਯਮ ਹੈ ਤੇ ਸਾਨੂੰ ਚੰਗਾ ਵੀ ਲੱਗਦਾ ਹੈ। ਪ੍ਰਕਿਰਤੀ ਅੰਦਰ ਹਰ ਸ਼ੈ ਨਿਰੰਤਰ ਗਤੀ ਦੇ ਅਮਲ ਵਿਚੋਂ ਲੰਘ ਰਹੀ ਹੈ ਜਿਵੇਂ ਪੱਤਝੜ ਪਿੱਛੋਂ ਬਹਾਰ ਦਾ ਆਉਣਾ। ਅਸੀਂ ਹਮੇਸ਼ਾਂ ਇਹੀ ਉੁਮੀਦ ਕਰਦੇ ਹਾਂ ਕਿ ਨਵੇਂ ਸਾਲ 'ਚ ਆਉਣ ਵਾਲਾ ਹਰ ਦਿਨ ਸਾਡੀ ਜ਼ਿੰਦਗੀ 'ਚ ਖੁਸ਼ੀਆਂ ਲਿਆਵੇ ! 

ਨੋਟ : ਇਹ ਪੋਸਟ ਹੁਣ ਤੱਕ 70 ਵਾਰ ਪੜ੍ਹੀ ਗਈ ਹੈ।