ਅਡੋਲ ਥੰਮ
ਸੰਘਣੀ ਧੁੰਦ ਤੇ ਕਾਲੇ ਬੱਦਲਾਂ ਕਰਕੇ ਦਿਨੇ ਹੀ ਹਨ੍ਹੇਰਾ ਜਿਹਾ ਹੋ ਗਿਆ ਲੱਗਦਾ ਸੀ। ਕਹਿਰ ਦੇ ਛਾਏ ਬੱਦਲਾਂ ਨੇ ਸਾਰੇ ਟੱਬਰ ਦਾ ਵਜੂਦ ਹੀ ਕੁੱਬਾ ਕਰ ਦਿੱਤਾ ਸੀ। ਸਭ ਦੇ ਚਿਹਰੇ ਮੁਰਝਾਏ ਹੋਏ ਸਨ। ਉਸ ਦਾ ਜੀਵਨ ਮੌਤ ਦੇ ਮੂੰਹ ਜੋ ਪਿਆ ਦਿਖਾਈ ਦੇ ਰਿਹਾ ਸੀ। ਪਰ ਉਸ ਦਾ ਮਨੋਬਲ ਅੰਬਰਾਂ ਨੂੰ ਛੂਹ ਰਿਹਾ ਸੀ। ਕਿਸੇ ਗੰਭੀਰ ਰੋਗ ਨਾਲ ਪੀੜਤ ਅਪ੍ਰੇਸ਼ਨ ਬੈਡ 'ਤੇ ਪਿਆ ਵੀ ਉਹ ਖੁਦ ਸਾਰਿਆਂ ਦਾ ਹੌਸਲਾ ਵਧਾ ਰਿਹਾ ਸੀ।
ਓਸ ਦਿਨ ਮੇਰੀ ਰੂਹ ਵੀ ਉਸ ਦੇ ਮੰਜੇ ਦਾ ਇੱਕ ਕੋਨਾ ਮੱਲੀ ਬੈਠੀ ਸੀ ਐਨ ਕੋਲ ਜਿਹੇ। ਉਸ ਦੀ ਜ਼ਿੰਦਗੀ ਦੇ ਦਿਸਹੱਦਿਆਂ ਦੇ ਆਰ -ਪਾਰ ਤੱਕਦੀ। ਰੁੱਤਾਂ ਬਦਲੀਆਂ ਤੇ ਜ਼ਿੰਦਗੀ ਦਾ ਰਹਿਬਰ ਸਮਾਂ ਲੰਘਦਾ ਗਿਆ। ਪਰ ਸਮੇਂ ਦੀ ਨਬਜ਼ ਪਛਾਣ ਏਸ ਨੂੰ ਆਪਣੇ ਮੁਤਾਬਕ ਢਾਲਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਉਹ ਬਿਲਕੁਲ ਅਜਿਹਾ ਹੀ ਤਾਂ ਹੈ ਜੋ ਦੂਜਿਆਂ ਦੇ ਹਿਤਾਂ ਦੀ ਰਾਖੀ ਕਰਦਾ ਜ਼ਿੰਦਗੀ 'ਚ ਅਨੋਖੇ ਰੰਗ ਭਰਦਾ ਗਿਆ।
ਬਟਵਾਰੇ ਵੇਲੇ ਉਸ ਦੀ ਉਮਰ ਮਸਾਂ ਸੱਤ ਕੁ ਸਾਲਾਂ ਦੀ ਹੋਵੇਗੀ। ਹਾਏ ਕੁਰਲਾਪ ਦੇ ਕਹਿਰ ਭਰੇ ਦਿਨਾਂ ਦਾ ਅਸਰ ਉਸ ਅਨਭੋਲ ਦੇ ਮਨ 'ਤੇ ਕਿਤੇ ਗਹਿਰਾ ਉਕਰਿਆ ਗਿਆ ਸੀ। ਸਾਂਦਲ ਬਾਰ ਨੂੰ ਛੱਡਣ ਦੇ ਹਉਕੇ ਉਸ ਨੂੰ ਸੁਪਨਿਆਂ 'ਚ ਵੀ ਸੁਣਾਈ ਦਿੰਦੇ। ਜਿਨ੍ਹਾਂ 'ਚ ਉਹ ਅਕਸਰ ਉਹਨਾਂ ਖੇਤਾਂ ਦੀ ਸੈਰ ਕਰਦਾ ਜਿੱਥੇ ਬਾਪੂ ਨੇ ਕਦੇ ਹੱਲ ਵਾਹਿਆ ਸੀ। ਪਰ ਬਾਪੂ ਹਮੇਸ਼ਾਂ ਓਸ ਮਿੱਟੀ ਦੇ ਮੋਹ ਨੂੰ ਤਿਆਗ ਅੱਗੇ ਵੱਧਣ ਦੀ ਸਲਾਹ ਦਿੰਦਾ ਤੇ ਉਸ ਦੇ ਲਏ ਨਿੱਕੇ -ਨਿੱਕੇ ਫੈਸਲਿਆਂ ਦੀ ਤਰਜ਼ਮਾਨੀ ਵੀ ਕਰਦਾ। ਬਾਪੂ ਦੀ ਥਾਪੀ ਨੇ ਉਸ ਨੂੰ ਅਡਿੱਗ ਤੇ ਅਡੋਲ ਰਹਿਣ ਵਾਲਾ ਦਰਸ਼ਨੀ ਜਵਾਨ ਬਣਾ ਦਿੱਤਾ ਸੀ।
ਉਸ ਦੀ ਖੂਬਸੂਰਤ ਸਖਸ਼ੀਅਤ ਵੇਖ ਕੇ ਸਵਰਗ ਦੇ ਰੰਗ ਵੀ ਫਿੱਕੇ ਪੈ ਜਾਂਦੇ। ਉਹ ਕਦੇ ਵੀ ਪੋਚਾ ਫੇਰੂ ਗੱਲਾਂ ਨਾ ਕਰਦਾ। ਕੱਚੇ ਦੁੱਧ ਦੀ ਘੁੱਟ ਵਰਗੇ ਬੰਦੇ ਹੀ ਉਸ ਦੇ ਮਿੱਤਰ ਬਣੇ। ਪਰਿਵਾਰ ਦੇ ਹਰ ਨਿੱਕੇ -ਵੱਡੇ ਫ਼ੈਸਲੇ 'ਚ ਉਹ ਮੋਹਰੀ ਹੁੰਦਾ। ਮੁੱਢ ਤੋਂ ਹੀ ਉਹ ਦਿਲੋਂ ਦਲੇਰ ਸੀ। ਹਰ ਇੱਕ ਦੇ ਕਸ਼ਟ ਸਾਹ ਰੋਕ ਕੇ ਸੁਣਦਾ ਤੇ ਫੇਰ ਬੜੇ ਵਿਵੇਕ ਨਾਲ ਉਸਦਾ ਹੱਲ ਵੀ ਲੱਭ ਲੈਂਦਾ। ਕਈ ਵਰ੍ਹੇ ਉਹ ਪਿੰਡ ਦਾ ਸਰਪੰਚ ਵੀ ਰਿਹਾ। ਆਪਣੀ ਜਾਦੂਮਈ ਆਵਾਜ਼ ਨਾਲ ਉਹ ਸਰੋਤਿਆਂ ਨੂੰ ਕੀਲਣ ਦੀ ਸਮਰੱਥਾ ਰੱਖਦਾ ਹੈ। ਰੱਬ ਦੀ ਹੋਂਦ ਤੋਂ ਭਾਵੇਂ ਉਹ ਅੱਜ ਵੀ ਮੁਨਕਰ ਹੈ ਪਰ "ਘੱਲੇ ਆਵੇ ਨਾਨਕਾ ਸੱਦੇ ਉਠ ਜਾਏ" ਤੁਕ ਦੀ ਪ੍ਰੋੜਤਾ ਕਰਨ ਵਾਲਾ ਨਾਸਤਿਕ ਵੀ ਤਾਂ ਨਹੀਂ ਹੋ ਸਕਦਾ।
ਸਾਹਿਤ ਸਿਰਜਣਾ ਦੀ ਉੱਤਮ ਕਲਾ ਉਸ ਦੀਆਂ ਰਗਾਂ 'ਚ ਦੌੜਦੀ ਹੈ। ਉਸ ਦੀਆਂ ਸਾਰੀਆਂ ਲਿਖਤਾਂ ਅੱਜ ਵੀ ਉਸ ਦੇ ਜ਼ਿਹਨ 'ਚ ਜਿਉਂਦੀਆਂ ਨੇ। ਪਰ ਅੱਜ ਤਾਈਂ ਕਿਸੇ ਕੋਰੇ ਵਰਕੇ 'ਤੇ ਆਪਣਾ ਹੱਕ ਨਹੀਂ ਜਤਾ ਸਕੀਆਂ। ਜੇ ਕਿਧਰੇ ਕਿਸੇ ਸਫ਼ੇ 'ਤੇ ਮੋਤੀ ਬਣ ਬਿਖਰੀਆਂ ਵੀ ਤਾਂ ਜ਼ਿੰਦਗੀ ਦੀਆਂ ਤੇਜ਼ ਹਨ੍ਹੇਰੀਆਂ 'ਚ ਪਤਾ ਨਹੀਂ ਉਹ ਵਰਕੇ ਕਿਧਰੇ ਉੱਡ -ਪੁੱਡ ਗਏ। ਉਸ ਦੀ ਛੋਟੀ ਭੈਣ ਹਰ ਲਿਖਤ ਦੀ ਪਹਿਲੀ ਸਰੋਤਾ ਬਣੀ। ਪੰਜ-ਛੇ ਦਹਾਕਿਆਂ ਬਾਅਦ ਛੋਟੀ ਭੈਣ ਨੇ ਦਿਲ ਦੀਆਂ ਤੈਹਾਂ ਫਰੋਲ ਫਿਰ ਤੋਂ 'ਸਾਂਦਲ ਬਾਰ' ਲਿਖਣ ਲਈ ਕਿਹਾ। ਹੈਰਾਨੀ ਤਾਂ ਓਦੋਂ ਹੋਈ ਜਿਥੇ-ਕਿਤੇ ਲਿਖਾਰੀ ਦੀ ਕਲਮ ਉੱਕੀ,ਹਮੇਸ਼ਾਂ ਵਾਂਗ ਓਦਣ ਵੀ ਸਰੋਤਾ ਬਣੀ ਛੋਟੀ ਭੈਣ ਟੁੱਟੀਆਂ ਸਤਰਾਂ ਨੂੰ ਜੋੜਦੀ ਗਈ ਕਿਓਂ ਜੋ ਇਹ ਕਵਿਤਾ ਉਸ ਦੇ ਜ਼ਿਹਨ ‘ਚ ਵੀ ਸਾਲਾਂ ਬੱਧੀ ਘਰ ਕਰੀ ਬੈਠੀ ਸੀ।
ਅੰਦਰੋਂ ਬਾਹਰੋਂ ਉਹ ਇੱਕ ਰੂਪ ਹੈ। ਪਤਾ ਨਹੀਂ ਕਿਹੜੀਆਂ ਆਜ਼ਾਦ ਪੌਣਾਂ ਦਾ ਮਹਿਰਮ ਹੈ ਉਹ। ਉਸ ਕਦੇ ਵੀ ਬਦਤਮੀਜ਼ ਸਮਿਆਂ ਕੋਲ ਆਪਣੇ ਸਾਹਾਂ ਦੀ ਅਨਮੋਲ ਰਕਮ ਗਹਿਣੇ ਨਹੀਂ ਹੋਣ ਦਿੱਤੀ। .......ਤੇ ਓਸ ਦਿਨ ਅਪ੍ਰੇਸ਼ਨ ਤੋਂ ਕੁਝ ਘੜੀਆਂ ਪਹਿਲਾਂ ਮੌਤ ਨੂੰ ਟਿੱਚਰ ਕਰਦਾ ਉਹ ਕਹਿੰਦਾ ਹੈ ਕਿ "ਵੇਖ ਲਈ ਜ਼ਿੰਦਗੀ ਦੀ ਪ੍ਰਾਹੁਣਾਚਾਰੀ- ਮੌਤ ਮੈਨੂੰ ਸੱਦ ਰਹੀ ਜਾ ਕੇ ਵੇਖ ਲਾਂ। " ਪਰ ਸਾਡੀਆਂ ਸਭ ਦੀਆਂ ਦੁਆਵਾਂ ਦਵਾ ਬਣ ਗਈਆਂ ਤੇ ਟੱਬਰ ਦਾ ਅਡੋਲ ਥੰਮ ਕਾਲੀ ਹਨ੍ਹੇਰੀ ਰਾਤ ਤੋਂ ਬਾਅਦ ਨਵੇਂ ਸੂਰਜ ਦੀ ਲੌਅ 'ਚ ਫਿਰ ਤੋਂ ਉੱਠ ਖੜ੍ਹਾ ਹੋਇਆ।
ਚੜ੍ਹਦੀ ਟਿੱਕੀ -
ਸੰਘਣੀ ਧੁੰਦ ਪਿੱਛੋਂ
ਰੌਸ਼ਨ ਦਿਨ।
ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 81 ਵਾਰ ਪੜ੍ਹੀ ਗਈ
ਨੋਟ: ਇਹ ਪੋਸਟ ਹੁਣ ਤੱਕ 81 ਵਾਰ ਪੜ੍ਹੀ ਗਈ