
ਮੇਰੀ ਮਾਂ ਦਾ ਪਹਿਰਾਵਾ ਹਮੇਸ਼ਾਂ ਹੀ ਵੰਨ -ਸੁਵੰਨਤਾ ਵਾਲਾ ਰਿਹਾ ਸੀ। ਉਸ ਕੋਲ ਕੱਪੜਿਆਂ ਦੇ ਅੰਬਾਰ ਸਨ ਤੇ ਹੁਣ ਵੀ ਟਰੰਕ 'ਚ ਸੌ ਤੋਂ ਜ਼ਿਆਦਾ ਸਾੜੀਆਂ ਪਈਆਂ ਸਨ। ਮਾਂ ਦੀ ਅੰਤਿਮ ਇੱਛਾ ਅਨੁਸਾਰ ਮੈਂ ਇਹ ਸਾੜੀਆਂ ਲੋੜਵੰਦਾਂ ਨੂੰ ਦਾਨ ਕਰਨੀਆਂ ਸਨ । ਇਹ ਕੱਪੜੇ ਮਾਨਸਿਕ ਰੋਗੀ ਮਹਿਲਾਵਾਂ ਨੂੰ ਦਾਨ ਕੀਤੇ ਜਾਣ ਦਾ ਫ਼ੈਸਲਾ ਹੋਇਆ। ਮਿਥੇ ਸਮੇਂ ਅਨੁਸਾਰ ਮੈਂ ਲੋੜੀਂਦੇ ਕੱਪੜੇ ਲੈ ਕੇ ਓਸ ਸੰਸਥਾ ਪਹੁੰਚ ਗਿਆ। ਆਪਣੀ ਤਸੱਲੀ ਲਈ ਮੈਂ ਹਰ ਮਹਿਲਾ ਦੇ ਇਹ ਸਾੜੀ ਪਾਈ ਹੋਈ ਵੀ ਵੇਖਣਾ ਚਾਹੁੰਦਾ ਸੀ।
ਮੇਰੇ ਨਾਲ਼ ਆਈ ਇੱਕ ਸਹਾਇਕ ਬੀਬੀ ਤੇ ਓਥੋਂ ਦੇ ਸਟਾਫ਼ ਨੇ ਮੇਰੇ ਉਲੀਕੇ ਕਾਰਜ ਨੂੰ ਨੇਪਰੇ ਚਾੜ੍ਹਨ 'ਚ ਮੇਰੀ ਮਦਦ ਕੀਤੀ। ਰੰਗ -ਪਰੰਗ ਸਾੜੀਆਂ ਪਾਉਂਦਿਆਂ ਹੀ ਹਰ ਪੀੜਿਤ ਮਹਿਲਾ ਦੀ ਦਿੱਖ ਦੀ ਪ੍ਰੀਭਾਸ਼ਾ ਹੀ ਬਦਲ ਗਈ ਸੀ। ਉਨ੍ਹਾਂ ਦਾ ਆਪਾ ਆਪ ਮੁਹਾਰੇ ਉਘੜ ਕੇ ਸਾਹਮਣੇ ਆਣ ਖਲ੍ਹੋਇਆ। ਬੁਝੀਆਂ ਅੱਖਾਂ ਚਮ ਉਠੀਆਂ ਤੇ ਚੋਰੀ ਹੋਏ ਨਿੰਮੇ ਹਾਸੇ ਪਰਤ ਆਏ ਸਨ। ਖੁਦ 'ਚੋਂ ਖੁਦੀ ਦਾ ਝਲਕਾਰਾ ਤੇ ਤੋਰ 'ਚ ਹੁਲਾਰਾ ਸੀ। ਚਿਹਰੇ 'ਤੇ ਖੇੜਾ ਤੇ ਸ਼ੋਖ ਅਦਾਵਾਂ ਸਭ ਦਾ ਧਿਆਨ ਖਿੱਚ ਰਹੀਆਂ ਸਨ। ਹੁਣ ਮਾਂ ਦੀ ਹਰ ਸਾੜੀ ਨੂੰ ਨਵ-ਜੀਵਨ ਤੇ ਇੱਕ ਨਵਾਂ ਸਾਥੀ ਮਿਲ ਗਿਆ ਸੀ। ਡਾ. ਹਰਦੀਪ ਕੌਰ ਸੰਧੂ