ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

22 Oct 2012

ਰੁੱਖ ਇੱਕਲਾ

ਝੜਦੇ  ਪੱਤੇ
ਹੋਏ ਲਾਲ ਸੁਰਖ 
ਰੁੱਖ  ਚਿਨਾਰ 

ਰੁੱਖਾਂ ਦੀ ਜਾਤ  
ਪਹਿਲੇ ਕੁਝ ਗਵਾ 
ਫਿਰ ਨਵਾਂ ਪਾ  

ਬੇਰੀ ਦਾ ਰੁੱਖ 
ਵਿਹੜੇ ਛਾਂ ਕਰਦਾ 
ਫੱਲੋਂ  ਵਿਹੂਣਾ

ਛਾਂ ਛਾਂ ਕਰਦੇ 
ਘਰ ਦੇ ਵਿਹੜੇ 'ਚ
ਰੁੱਖ ਇੱਕਲਾ  

ਬੂਹਾ ਖੜਕੇ 
ਕੌਣ ਆਇਆ ਅੱਜ
ਮੈਂ  ਹਾਂ ਸੂਰਜ 


ਦਿਲਜੋਧ ਸਿੰਘ
(ਬਟਾਲ਼ਾ-ਦਿੱਲੀ) 

4 comments:

  1. ਰੁੱਖਾਂ ਦੀ ਜਾਤ
    ਪਹਿਲੇ ਕੁਝ ਗਵਾ
    ਫਿਰ ਨਵਾਂ ਪਾ

    achha lgga ....!!

    ReplyDelete
  2. ਝੜਦੇ ਪੱਤੇ
    ਹੋਏ ਲਾਲ ਸੁਰਖ
    ਰੁੱਖ ਚਿਨਾਰ
    ਇਸ ਹਾਇਕੁ ਨੂੰ ਵਿਗਿਆਨਕ ਨਜ਼ਰੀਏ ਨਾਲ਼ ਵੇਖਣ ਦੀ ਲੋੜ ਹੈ। ਚਿਨਾਰ ਰੁੱਖਾਂ ਦੇ ਪੱਤੇ ਝੜਨ ਤੋਂ ਪਹਿਲਾਂ ਲਾਲ ਰੰਗ ਦੇ ਹੋ ਜਾਂਦੇ ਹਨ ਕਿਉਂਕਿ ਪੱਤਝੜ 'ਚ ਪੱਤਿਆਂ ਦੀ ਕਲੋਰੋਫਿਲ (ਹਰੇ ਰੰਗ ਵਾਲਾ ਪਦਾਰਥ)ਖਤਮ ਹੋ ਜਾਂਦੀ ਹੈ ਤੇ ਲਾਲ ਰੰਗ ਪੈਦਾ ਕਰਨ ਵਾਲ਼ੇ ਪਦਾਰਥ ਦਿਖਾਈ ਦੇਣ ਲੱਗਦੇ ਹਨ।

    ReplyDelete
  3. ਰੁੱਖਾਂ ਦੀ ਜਾਤ
    ਪਹਿਲੇ ਕੁਝ ਗਵਾ
    ਫਿਰ ਨਵਾਂ ਪਾ
    ਰੁੱਖਾਂ ਦੇ ਸੁਭਾਅ ਅਤੇ ਕਿਸਮਤ ਦਾ ਵਧੀਆ ਚਿਤਰਣ।
    ਝੜਦੇ ਪੱਤੇ
    ਹੋਏ ਲਾਲ ਸੁਰਖ
    ਰੁੱਖ ਚਿਨਾਰ
    ਪਤਝੜ ਦੀ ਰੁੱਤ ਵਿਚ ਰੁੱਖ ਆਮ ਕਰਕੇ ਕਵੀਆਂ ਨੂੰ ਉਦਾਸ ਗੱਲਾਂ ਕਰਦੇ ਨਜ਼ਰ ਆਉਂਦੇ ਹਨ। ਪਰ ਅਜਿਹਾ ਨਹੀਂ ਹੈ। ਇਹ ਤਾਂ ਕੁਦਰਤ ਦਾ ਇਕ ਰੰਗ ਹੈ। ਇਸ ਸੰਦਰਭ ਵਿਚ ਮੇਰੀ ਇਕ ਤਾਜ਼ੀ ਕਵਿਤਾ ਜੋ ਕਿਰਤੀ ਦੀਆਂ ਮਹਿਨਤ ਨਾਲ ਕਮਾਈਆਂ ਖੁਸ਼ੀਆਂ ਪਤਝੜ ਨੂੰ ਆਪਣੇ ਹੀ ਅੰਦਾਜ 'ਚ ਦੇਖਦੀਆਂ ਹਨ,ਆਪ ਦੀ ਨਜ਼ਰ ਹੈ।

    ਸੋਹਣੀ ਪਤਝੜ
    ---------
    ਕਿੰਨੀ ਸੋਹਣੀ ਆਈ ਪਤਝੜ, ਖੁਸ਼ੀ ਦੇ ਰੰਗ ਲਿਆਈ ਪਤਝੜ,
    ਹਰ ਕਿਰਤੀ ਦੇ ਘਰ ਖੁਸ਼ਹਾਲੀ, ਚਾਅ-ਮਲਾਰਾਂ ਜਾਈ ਪਤਝੜ।

    ਭੂਰੇ, ਲਾਲ ‘ਤੇ ਪੀਲੇ ਪੱਤੇ, ਖੁਸ਼ੀਆਂ ਭਰੇ ਨਸ਼ੀਲੇ ਪੱਤੇ,
    ਮਟਕ-ਮਟਕ ਕੇ ਭੋਂਇ ‘ਤੇ ਡਿਗਦੇ , ਨਟਖਟ ‘ਤੇ ਫੁਰਤੀਲੇ ਪੱਤੇ।
    ਸੀਤਲ ਆਉਣ ਪੱਛੋਂ ਦੇ ਬੁਲੇ, ਟਾਹਣੀ ਜੁੜਿਆਂ ਲਾਈ ਖੜ-ਖੜ।

    ਨ੍ਰਿਤ-ਮੁਦਰਾ ਦਾ ਆਸਣ ਕਰਿਆ, ਚੁੱਪ ਸਾਧ ਇਕੋ ਰੁਖ ਧਰਿਆ,
    ਤੂਤ, ਧ੍ਰੇਕ ਸਭ ਟਾਹਲੀ, ਕਿੱਕਰ, ਰੁੱਤ ਵਰੇ ਜਿਉਂ ਲਾੜੀ ਵਰਿਆ।
    ਮਸਤੀ ਘੁੱਟ-ਘੁੱਟ ਜਾਮ ਚੜ੍ਹਾ ਕੇ, ਰੁੱਖ ਮਦਹੋਸ਼ ਹੋਏ ਨੇ ਝੜ-ਝੜ।

    ਤਿਤਲੀਆਂ, ਭੌਰੇ, ਫੁੱਲ ਤੇ ਕਲੀਆਂ, ਬਹਿਸ਼ਤ ਲੈਣ ਨਜ਼ਾਰੇ ਚੱਲੀਆਂ,
    ਪੁੰਗਰ ਦੀ ਬਹਾਰ ਨੂੰ ਮੁੜਕੇ, ਰੂਪ ਬਦਲ ਕੇ ਆਉਣਾ ਝੱਲੀਆਂ।
    ਕੁਦਰਤ ਕਾਰੀਗਰ ਫਿਰ ਲਾਉਣਾ, ਆਪੋ-ਆਪਣੀ ਜਗ੍ਹਾ ਤੇ ਘੜ-ਘੜ।

    ਧੁਆਂਖ, ਸਰਦ ਰੁੱਤ ਦੀ ਘੋਲੀ, ਸਾਰੀ ਫਿਜ਼ਾ ਚ ਪੋਲੀ-ਪੋਲੀ,
    ਸੂਰਜ ਤੇਜ ਮੁਕਾਵੇ ਪੈਂਡਾ, ਟਿਕੀ ਰਾਤ, ਚੁੱਪ ਕੁਝ ਨਾ ਬੋਲੀ।
    ਕੱਚੀ ਧੁੱਪ, ਨਿੱਘ ਪਿਆ ਖੁਰਦਾ, ਪਰਛਾਵੇਂ ਸਰਕਾਵਣ ਫੜ-ਫੜ।

    ਕਿਰਤੀ ਹੱਸਦਾ ਵਸਦਾ ਲੱਭਦਾ, ਸ਼ੁਕਰ ਗੁਜ਼ਾਰੇ ਡਾਹਢੇ ਰੱਬ ਦਾ,
    ਕਿਰਤ ਮਿਲੇ ਹਰ ਬਸ਼ਰ ਦੇ ਤਾਈਂ, ਮੁੱਕੇ ਫਾਹਾ ਭੁੱਖ ਦੇ ਜੱਭ ਦਾ।
    ਹਰ ਮੁਲਕ ਦੇ ਘਰ-ਘਰ ਹੜ੍ਹ ਜਾਣ, ਖੁਸ਼ੀਆਂ-ਖੇੜੇ ਆਵਣ ਚੜ੍ਹ-ਚੜ੍ਹ।

    ਕਿੰਨੀ ਸੋਹਣੀ ਆਈ ਪਤਝੜ, ਖੁਸ਼ੀ ਦੇ ਰੰਗ ਲਿਆਈ ਪਤਝੜ,
    ਹਰ ਕਿਰਤੀ ਦੇ ਘਰ ਖੁਸ਼ਹਾਲੀ, ਚਾਅ-ਮਲਾਰਾਂ ਜਾਈ ਪਤਝੜ।
    ----------------------------------------------
    ਆਪ ਜੀ ਦੇ ਸਾਰੇ ਹਾਇਕੁ ਵਧੀਆ ਹਨ,ਪਰ ਇਹ ਦੋ ਹਾਇਕੁ ਬਹੁਤ ਸੋਹਣੇ ਹਾਇਕੁ-ਕ੍ਰਿਤ ਹਨ।

    ReplyDelete
    Replies
    1. ਆਪ ਨੇ ਖੂਬ ਕਹੀ। ਪਤਝੜ ਨੇ ਤਾਂ ਰੌਨਕ ਹੀ ਲਾ ਦਿਤੀ ਹੈ । ਇਸਲਈ ਹੀ ਮੈਂ ਅਮੇਰਿਕਾ ਦੀ ਪਤਝੜ ਛਡ ਕੇ ਦਿੱਲੀ ਆ ਗਿਆ ਹਾਂ । ਇੱਥੇ ਅਜੇ ਪਤਝੜ ਦੂਰ ਹੈ ।

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ